ਮਰਹੂਮ ਕਮਿਊਨਿਸਟ ਇਨਕਲਾਬੀ ਆਗੂ ਕਾ. ਸੁਰਿੰਦਰ ਤਿਵਾੜੀ ਨੂੰ
ਜਨਮ ਭੂਮੀ ਸਮਰਾਲਾ 'ਚ ਲੋਕ ਸ਼ਰਧਾਂਜਲੀ
ਹਜ਼ਾਰਾਂ ਲੋਕਾਂ ਨੇ ਕਾਮਰੇਡ ਤਿਵਾੜੀ ਦੀ ਅਮਰ ਘਾਲਣਾ ਨੂੰ ਜ਼ਿੰਦਾਬਾਦ ਕਿਹਾ
ਮਰਹੂਮ ਕਮਿਊਨਿਸਟ ਇਨਕਲਾਬੀ ਆਗੂ ਕਾਮਰੇਡ ਸੁਰਿੰਦਰ ਤਿਵਾੜੀ ਨੂੰ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਲੋਕ ਪੰਜਾਬ ਦੇ ਕੋਨੇ ਕੋਨੇ 'ਚੋਂ ਅੱਜ ਉਹਨਾਂ ਦੀ ਜਨਮ ਭੂਮੀ ਸਮਰਾਲਾ ਵਿਖੇ ਪਹੁੰਚੇ। 56 ਵਰ੍ਹੇ ਇਨਕਲਾਬੀ ਲਹਿਰ 'ਚ ਆਪਣੀ ਜ਼ਿੰਦਗੀ ਦਾ ਪਲ ਪਲ ਲਾਉਣ ਵਾਲੇ ਕਾਮਰੇਡ ਤਿਵਾੜੀ ਦੀ ਅਮਰ ਘਾਲਣਾ ਨੂੰ ਲੋਕਾਂ ਨੇ ਸੰਗਰਾਮੀ ਨਾਅਰਿਆ ਨਾਲ ਸਿਜਦਾ ਕੀਤਾ। ਦਾਣਾ ਮੰਡੀ 'ਚ ਸਜੇ ਪੰਡਾਲ 'ਚ ਸਮਾਗਮ ਦੀ ਸ਼ੁਰੂਆਤ ਵਿਛੜੇ ਸਾਥੀ ਦੀ ਤਸਵੀਰ ਨੂੰ ਕਮੇਟੀ ਮੈਂਬਰਾਂ ਤੇ ਹੋਰਨਾਂ ਆਗੂਆਂ ਵੱਲੋਂ ਫੁੱਲ ਭੇਂਟ ਕਰਨ ਨਾਲ ਹੋਈ। ਇਸ ਮੌਕੇ ਸਮੁੱਚੇ ਇਕੱਠ ਨੇ ਖੜ੍ਹੇ ਹੋ ਕੇ ਕੌਮਾਂਤਰੀ ਗੀਤ ਦੀ ਧੁਨ 'ਤੇ ਕਾਮਰੇਡ ਤਿਵਾੜੀ ਦੇ ਕਿਰਤ ਦੀ ਮੁਕਤੀ ਦੇ ਅਕੀਦੇ ਨੂੰ ਬੁਲੰਦ ਕੀਤਾ। ਇਸ ਤੋਂ ਪਹਿਲਾਂ ਲੋਕ ਸੰਗੀਤ ਮੰਡਲੀ ਭਦੌੜ ਦੇ ਕਲਾਕਾਰਾਂ ਵੱਲੋਂ ਸ਼ਰਧਾਂਜਲੀ ਗੀਤਾਂ ਦੀ ਇੱਕ ਲੜੀ ਨਾਲ ਸਮਾਗਮ ਦਾ ਆਗਾਜ਼ ਕੀਤਾ ਗਿਆ।
ਸ਼ਰਧਾਂਜਲੀਆਂ ਦੀ ਸ਼ੁਰੂਆਤ ਕਮੇਟੀ ਮੈਂਬਰ ਪਾਵੇਲ ਕੁੱਸਾ ਨੇ ਕਰਦਿਆਂ ਇਨਕਲਾਬੀ ਲਹਿਰ ਅੰਦਰ ਡਟਣ ਲਈ ਕਾਮਰੇਡ ਤਿਵਾੜੀ ਦੇ ਲੰਮੇ ਅਣਥੱਕ ਸਫ਼ਰ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। ਸੀਪੀਆਈ ਐਮਐਲ ਐਨ ਡੀ ਦੇ ਆਗੂ ਕਾਮਰੇਡ ਦਰਸ਼ਨ ਖਟਕੜ ਨੇ ਸੁਰਿੰਦਰ ਤਿਵਾੜੀ ਨਾਲ ਆਪਣੀਆਂ ਮਿਲਣੀਆਂ ਨੂੰ ਯਾਦ ਕਰਦਿਆਂ ਉਸ ਨੂੰ ਇਰਾਦੇ ਦਾ ਪੱਕਾ ਸਾਥੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕਾਮਰੇਡ ਸੁਰਿੰਦਰ ਤਿਵਾੜੀ ਨੇ ਨਕਸਲਵਾੜੀ ਲਹਿਰ ਦੀ ਸਹੀ ਭਾਵਨਾ ਨੂੰ ਬੁੱਝਦਿਆਂ ਲਹਿਰ ਅੰਦਰ ਲੋਕਾਂ ਦੀ ਸ਼ਮੂਲੀਅਤ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਸਾਥੀ ਤਿਵਾੜੀ ਲੋਕਾਂ ਦੀ ਲਹਿਰ 'ਤੇ ਆਪਣੀ ਛਾਪ ਛੱਡ ਕੇ ਗਏ ਹਨ। ਕਾਮਰੇਡ ਮੁਖਤਿਆਰ ਪੂਹਲਾ ਨੇ ਸਾਥੀ ਤਿਵਾੜੀ ਦੀ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ 'ਤੇ ਡੂੰਘੀ ਪਕੜ ਬਾਰੇ ਚਰਚਾ ਕੀਤੀ। ਉਹਨਾਂ ਨੇ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੀ ਏਕਤਾ ਦੀ ਲੋੜ ਉਭਾਰਦਿਆਂ ਲੋਕ ਇਨਕਲਾਬ ਦੇ ਰਾਹ 'ਤੇ ਅੱਗੇ ਵਧਣ ਦਾ ਸੱਦਾ ਦਿੱਤਾ।
ਸ਼ਰਧਾਂਜਲੀ ਸਮਾਗਮ ਕਮੇਟੀ ਦੇ ਕਨਵੀਨਰ ਜਸਪਾਲ ਜੱਸੀ ਨੇ ਕਾ. ਤਿਵਾੜੀ ਵੱਲੋਂ ਕਮਿਊਨਿਸਟ ਇਨਕਲਾਬੀ ਲਹਿਰ ਅਤੇ ਲੋਕ ਸੰਘਰਸ਼ਾਂ ਦੀ ਲਹਿਰ ਅੰਦਰ ਪਾਏ ਯੋਗਦਾਨ ਦੇ ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕੀਤੀ। ਉਹਨਾਂ ਕਿਹਾ ਕਿ ਅੱਜ ਫੌਰੀ ਪ੍ਰਸੰਗ ਅੰਦਰ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਉੱਚਾ ਕਰਨਾ ਤੇ ਇਸ ਏਕਤਾ ਨੂੰ ਸਾਕਾਰ ਕਰਨ ਲਈ ਅਮਲੀ ਤੌਰ 'ਤੇ ਕੰਮ ਕਰਨਾ ਹੀ ਕਾਮਰੇਡ ਤਿਵਾੜੀ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਮੁਕਤੀ ਸੰਗਰਾਮ ਮਜ਼ਦੂਰ ਮੰਚ ਵੱਲੋਂ ਕਾਮਰੇਡ ਨਮਿਤਾ ਨੇ ਸੁਰਿੰਦਰ ਤਿਵਾੜੀ ਵੱਲੋਂ ਇਨਕਲਾਬੀ ਜਨਤਕ ਲੀਹ ਦੀ ਸਥਾਪਤੀ ਲਈ ਘਾਲੀ ਘਾਲ਼ਣਾ ਨੂੰ ਉਚਿਆਇਆ। ਉਨ੍ਹਾਂ ਨੇ ਵੀ ਕਮਿਊਨਿਸਟ ਇਨਕਲਾਬੀਆਂ ਦੀ ਆਪਸੀ ਏਕਤਾ ਤੇ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ। ਮੁੰਬਈ ਤੋ ਆਏ ਕਮਿ. ਇਨਕਲਾਬੀ ਲਹਿਰ ਦੇ ਪੱਤਰਕਾਰ ਵਜੋਂ ਆਨਲਾਈਨ ਮੰਚਾਂ 'ਤੇ ਲਿਖਦੇ ਹਰਸ਼ ਠਾਕੁਰ ਨੇ ਵੀ ਕੁਝ ਸ਼ਰਧਾਂਜਲੀ ਸ਼ਬਦ ਕਹੇ। ਉਹਨਾਂ ਕਿਹਾ ਕਿ ਸੁਰਿੰਦਰ ਤਿਵਾੜੀ ਦਾ ਕੀਤਾ ਕੰਮ ਸਦਾ ਅਮਰ ਰਹੇਗਾ। ਕਮੇਟੀ ਮੈਂਬਰ ਹਰਜਿੰਦਰ ਸਿੰਘ ਨੇ ਮੰਚ ਸੰਚਾਲਨ ਕੀਤਾ। ਵਿਛੜੇ ਸਾਥੀ ਦੀ ਜਥੇਬੰਦੀ ਸੀ.ਪੀ.ਆਰ.ਸੀ.ਆਈ. (ਐਮ ਐਲ) ਵੱਲੋਂ ਲੋਕਾਂ ਨਾਲ ਦੁੱਖ ਸਾਂਝਾ ਕਰਦਾ ਤੇ ਸਮਾਗਮ ਜਥੇਬੰਦ ਕਰਨ ਵਾਲੀ ਕਮੇਟੀ ਦਾ ਧੰਨਵਾਦ ਕਰਦਾ ਸੰਦੇਸ਼ ਮੰਚ ਤੋਂ ਪੜ੍ਹਿਆ ਗਿਆ। ਇਸ ਸੰਦੇਸ਼ ਵਿੱਚ ਜਥੇਬੰਦੀ ਨੇ ਕਾਮਰੇਡ ਤਿਵਾੜੀ ਨੂੰ ਸਮਰਪਿਤ ਕਮਿ. ਇਨਕਲਾਬੀ ਆਗੂ ਕਰਾਰ ਦਿੱਤਾ ਤੇ ਉਸਦਾ ਫ਼ਖਰਯੋਗ ਵਿਰਸਾ ਬੁਲੰਦ ਕਰਨ ਦਾ ਸੱਦਾ ਦਿੱਤਾ। ਲੋਕ ਸੰਗਰਾਮ ਮੋਰਚਾ ਦੇ ਸੂਬਾਈ ਪ੍ਰਧਾਨ ਤਾਰਾ ਸਿੰਘ ਵੱਲੋਂ ਵੀ ਸ਼ੋਕ ਸੰਦੇਸ਼ ਭੇਜਿਆ ਗਿਆ ।
ਇਸ ਸਮਾਗਮ ਵਿੱਚ ਵਿਛੜੇ ਸਾਥੀ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸ਼ਹਿਰ ਨਿਵਾਸੀਆਂ ਸਮੇਤ ਪੰਜਾਬ ਦੀ ਇਨਕਲਾਬੀ ਲਹਿਰ ਤੇ ਜਮਹੂਰੀ ਲਹਿਰ ਦੇ ਆਗੂ-ਕਾਰਕੁਨ, ਲੋਕ ਜਮਹੂਰੀ ਸ਼ਖਸ਼ੀਅਤਾਂ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ। ਪੰਡਾਲ ਵਿੱਚ ਕਾਮਰੇਡ ਤਿਵਾੜੀ ਦੇ ਆਦਰਸ਼ਾਂ ਤੇ ਸੋਚਾਂ ਨੂੰ ਪ੍ਰਗਟਾਉਂਦੇ ਨਾਅਰਿਆਂ ਦੇ ਬੈਨਰ ਮੌਜੂਦ ਸਨ।
No comments:
Post a Comment