ਬੇ-ਅਦਬੀ ਦੀ ਸਿਆਸਤ
ਅੰਨ੍ਹੀ ਸ਼ਰਧਾ ਵਾਲੀ ਜੋ ਸਿਆਸਤ ਮੁਲਕ ਅੰਦਰ ਹੋ ਰਹੀ ਹੈ, ਪੰਜਾਬ ਦੀ ਸਿਆਸਤ 'ਚ ਵੀ ਚਾਲਾਂ ਉਸੇ ਬਿਸਾਤ 'ਤੇ ਚੱਲੀਆਂ ਜਾ ਰਹੀਆਂ ਹਨ। ਇਸ ਸਿਆਸਤ ਦਾ ਹੀ ਸਿੱਟਾ ਹੈ ਕਿ ਮੁਲਕ ਅੰਦਰ ਬਹੁ ਗਿਣਤੀ ਹਿੰਦੂ ਧਰਮ ਨੂੰ ਖਤਰੇ ਦੀ ਦੁਹਾਈ ਹੈ ਤੇ ਪੰਜਾਬ ਅੰਦਰ ਬਹੁ ਗਿਣਤੀ ਸਿੱਖ ਧਰਮ ਨੂੰ ਖਤਰੇ ਦੀ ਦੁਹਾਈ ਹੈ। ਕਿੰਨਾ ਦਿਲਚਸਪ ਦ੍ਰਿਸ਼ ਹੈ ਕਿ ਦੋਵੇਂ ਥਾਵਾਂ ਦੀਆਂ ਧਾਰਮਿਕ ਘੱਟ ਗਿਣਤੀਆਂ 'ਬੇ-ਫ਼ਿਕਰ' ਹਨ। ਇਸ ਦ੍ਰਿਸ਼ ਦਰਮਿਆਨ ਪੰਜਾਬ ਦੀ ਹਾਕਮ ਜਮਾਤੀ ਸਿਆਸਤ ਅੰਦਰ ਲੋਕਾਂ ਦੇ ਨੱਕੋਂ ਬੁੱਲ੍ਹੋਂ ਲਹਿ ਚੁੱਕੇ ਰਵਾਇਤੀ ਵੋਟ ਸਿਆਸਤਦਾਨਾਂ ਤੇ ਫਿਰ ਉਸਦਾ ਬਦਲ ਬਣ ਕੇ ਆਏ ਆਪ ਦੇ "ਇਨਕਲਾਬੀ" ਸਿਆਸਤਦਾਨਾਂ ਦਾ ਹੀਜ ਪਿਆਜ ਨੰਗਾ ਹੋ ਜਾਣ ਮਗਰੋਂ ਹੁਣ ਕੋਈ ਹੋਰ ਇਸ ਸਿਆਸਤ ਦੇ ਵਾਰਿਸ ਬਣਨ ਲਈ ਲਟਾ ਪੀਂਘ ਹੋ ਰਹੇ ਹਨ। ਗੁਰੂ ਗਰੰਥ ਸਾਹਿਬ ਦੀ ਬੇ-ਅਦਬੀ ਦੀਆਂ ਘਟਨਾਵਾਂ ਰੋਕਣ ਦੇ ਹਵਾਲੇ ਨਾਲ ਪੰਜਾਬ ਸਰਕਾਰ ਨੇ ਨਵਾਂ ਕਾਨੂੰਨ ਪਾਸ ਕੀਤਾ ਹੈ। ਇਹ ਸਿੱਖ ਧਾਰਮਿਕ ਭਾਵਨਾਵਾਂ ਨੂੰ ਟੁੰਬ ਕੇ ਵੋਟਾਂ ਵਟੋਰਨ ਦਾ ਸਿੱਧਾ ਹੀ ਤੀਰ ਚਲਾਉਣਾ ਹੈ।
ਜਿਨਾਂ ਦਾ ਗੁਰਬਾਣੀ ਦੇ ਤੱਤ ਨਾਲ ਦੁਸ਼ਮਣੀ ਦਾ ਰਿਸ਼ਤਾ ਹੈ, ਪੰਜਾਬ ਦੇ ਉਹਨਾਂ ਵੋਟ ਸਿਆਸਤਦਾਨਾਂ ਨੂੰ ਦਹਾਕੇ ਭਰ ਤੋਂ ਬੇ-ਅਦਬੀ ਦਾ ਮੁੱਦਾ ਥਿਆ ਗਿਆ ਹੈ। ਕੋਈ ਗੱਦੀ 'ਤੇ ਆਉਣ ਲਈ ਇਸ ਨਾਲ ਜੁੜੀਆਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕੋਈ ਮਿਲੀ ਹੋਈ ਗੱਦੀ ਬਚਾਉਣ ਲਈ। ਜੇ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਹੁੰਦੀ ਰਹਿਣ ਨਾਲ ਵੋਟ ਸਿਆਸਤਦਾਨਾਂ ਨੂੰ ਸਿਆਸੀ ਸਾਹ ਆਉਂਦਾ ਰਹੇ, ਇਕ ਦੂਜੇ ਨੂੰ ਸਿਆਸੀ ਠਿੱਬੀ ਲਾਉਣ ਦੇ ਮੌਕੇ ਮਿਲਦੇ ਰਹਿਣ ਤੇ ਲੋਕਾਂ ਦੇ ਜੂਨ ਗੁਜ਼ਾਰੇ ਦੇ ਮਸਲਿਆਂ ਨਾਲ ਉੱਠਦੇ ਰੋਹ 'ਚੋਂ ਫਸਦਾ ਗਲ਼ ਕਢਵਾਉਣ ਦਾ ਰਾਹ ਲੱਭਦਾ ਰਹੇ ਜਿਵੇਂ 2015 ਦੇ ਅਕਤੂਬਰ ਵੇਲੇ ਬਾਦਲਕਿਆਂ ਨੂੰ ਕਿਸਾਨੀ ਰੋਹ ਦੇ ਸੇਕ ਤੋਂ ਬਚਣ ਵੇਲੇ ਮਿਲਿਆ ਸੀ ਤਾਂ ਭਲਾ ਇਹਨਾਂ ਵੋਟ ਸਿਆਸਤਦਾਨਾਂ ਨੂੰ ਹੋਰ ਕੀ ਚਾਹੀਦਾ ਹੈ। ਇਹ ਕਾਨੂੰਨ ਤੇ ਕਾਨੂੰਨ ਬਣਾਉਂਦੇ ਰਹਿਣਗੇ ਤੇ ਇਹ ਸਿਲਸਿਲਾ ਚੱਲਦਾ ਰਹੇਗਾ। ਇਕ ਦੂਜੇ ਤੋਂ ਵੱਧ ਕੇ ਮਜ਼ਬੂਤ ਕਾਨੂੰਨ ਬਣਾਉਣ ਦੇ ਦਾਅਵੇ ਕਰਕੇ ਗੁਰੂ ਦੇ ਨਿਹਚਾਵਾਨ ਸੇਵਕ ਹੋਣ ਦਾ ਸਬੂਤ ਦਿੰਦੇ ਰਹਿਣਗੇ। ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਕਾਨੂੰਨ ਪਹਿਲਾਂ ਵੀ ਹਨ ਪਰ ਉਹਨਾਂ ਦੇ ਹੁੰਦਿਆਂ ਵੀ ਵਾਪਰਦੀਆਂ ਘਟਨਾਵਾਂ ਦਾ ਜਵਾਬ ਇਹ ਸਿਆਸਤਦਾਨ ਨਹੀਂ ਦੇਣਗੇ। ਲੋਕ ਵੀ ਅਜੇ ਇਹ ਜਵਾਬ ਧਰਮ ਤੇ ਸਿਆਸਤ ਦੇ ਰਿਸ਼ਤੇ ਚੋਂ ਲੱਭਣਾ ਨਹੀਂ ਸਿੱਖੇ। ਜਦਕਿ ਇਹ ਵੋਟ ਸਿਆਸਤਦਾਨ ਤਾਂ ਖੁਦ ਜਾਣਦੇ ਹਨ ਕਿ ਧਰਮ ਤੇ ਸਿਆਸਤ ਦਾ ਗੱਠਜੋੜ ਬੇਅਦਬੀ ਦੀਆਂ ਘਟਨਾਵਾਂ ਦਾ ਆਧਾਰ ਬਣਿਆ ਰਹਿਣਾ ਹੈ।
ਉਂਝ ਇਹ ਇਕ ਵੱਖਰੀ ਚਰਚਾ ਦੀ ਮੰਗ ਕਰਦਾ ਪਹਿਲੂ ਹੈ ਕਿ ਅਜਿਹੇ ਮਜਬੂਤ ਕਾਨੂੰਨਾਂ ਦੀ ਲੋਕਾਂ ਖਿਲਾਫ ਦੁਰਵਰਤੋਂ ਦਾ ਪਹਿਲਾਂ ਹੀ ਕਿਵੇਂ ਜਾਣਿਆ ਪਛਾਣਿਆ ਇਤਿਹਾਸ ਹੈ। ਅਜਿਹਾ ਇਤਿਹਾਸ ਮੁੜ ਮੁੜ ਦੁਹਰਾਏ ਜਾਣ ਦੀਆਂ ਸੰਭਾਵਨਾਵਾਂ ਹੀ ਸੰਭਾਵਨਾਵਾਂ ਹਨ।
ਮੁਕਦੀ ਗੱਲ, ਇਹ ਬੇ-ਅਦਬੀ ਦੀ ਸਿਆਸਤ ਹੈ ਤੇ ਇਸ ਦੀਆਂ ਜੜ੍ਹਾਂ ਅੰਨੀ ਸ਼ਰਧਾ ਦੀ ਜ਼ਮੀਨ 'ਚ ਹਨ। ਹਾਕਮ ਜਮਾਤਾਂ ਦੀਆਂ ਵੋਟ ਸਿਆਸਤੀ ਖੇਡਾਂ ਇਸ ਸ਼ਰਧਾ ਦੀ ਜ਼ਮੀਨ ਦਾ ਹੋਰ ਪਸਾਰਾ ਕਰਦੀਆਂ ਹਨ ਤੇ ਫਿਰ ਇਸ ਫੈਲੀ ਜ਼ਮੀਨ 'ਚ ਤਖਤਾਂ ਦੇ ਪਾਵੇ ਗੱਡਦੀਆਂ ਹਨ। ਇਸੇ ਜਮੀਨ 'ਤੇ ਹਾਕਮ ਜਮਾਤਾਂ ਦੇ ਫਾਸ਼ੀ ਰੁਝਾਨ ਉੱਗਦੇ ਹਨ। ਕੱਲ ਪੰਜਾਬ ਵਿਧਾਨ ਸਭਾ ਅੰਦਰ ਕਾਨੂੰਨ ਪਾਸ ਕਰਨ ਵੇਲੇ ਸਿਰਜੇ ਗਏ ਦ੍ਰਿਸ਼ ਨੂੰ ਦੇਖਣ ਦਾ ਇਹੀ ਪ੍ਰਸੰਗ ਹੈ।
No comments:
Post a Comment