Sunday, June 7, 2026

ਸਪੋਰਟਕਿੰਗ ਫੈਕਟਰੀ ਜੀਦਾ ਦੇ ਕਾਮਿਆਂ ਦਾ ਜੇਤੂ ਸੰਘਰਸ਼


 ਸਪੋਰਟਕਿੰਗ ਫੈਕਟਰੀ ਜੀਦਾ ਦੇ ਕਾਮਿਆਂ ਦਾ ਜੇਤੂ ਸੰਘਰਸ਼ 




ਸਾਡੇ ਦੇਸ਼ ਦੇ ਸਨਅਤੀ ਕਾਮੇ ਕਿਰਤੀਆਂ ਦੀ ਸਭ ਤੋਂ ਵੱਧ ਲੁੱਟੀ ਜਾਣ ਵਾਲੀ ਜਮਾਤ ਹਨ। ਸਿਰੇ ਦੀਆਂ ਅਣਮਨੁੱਖੀ,ਸਖਤ ਜਾਨ ਅਤੇ ਖਤਰਨਾਕ ਕੰਮ ਹਾਲਤਾਂ, ਮਾਮੂਲੀ ਉਜਰਤਾਂ, ਪੂਰੀ ਤਰ੍ਹਾਂ ਅਸੁਰੱਖਿਅਤ ਰੋਜ਼ਗਾਰ, ਠੇਕੇਦਾਰਾਂ ਅਤੇ ਫੈਕਟਰੀ ਮਾਲਕਾਂ ਵੱਲੋਂ ਥੋਕ ਵਰਤਾਈ ਜਾਂਦੀ ਜ਼ਲਾਲਤ ਅਤੇ ਸਿਰੇ ਦਾ ਦਾਬਾ ਆਦਿ ਉਹਨਾਂ ਦੇ ਕੰਮ ਨੂੰ ਪਰਿਭਾਸ਼ਿਤ ਕਰਦੀਆਂ ਆਮ ਹਾਲਤਾਂ ਹਨ। ਇਹਨਾਂ ਅਣਮਨੁੱਖੀ ਕੰਮ ਹਾਲਤਾਂ ਨੂੰ ਬਦਲਣ ਲਈ ਖਾਸ ਤੌਰ  'ਤੇ ਅਤੇ ਅਜਿਹੇ ਦਾਬੇ ਅਤੇ ਲੁੱਟ ਦੀ ਪੁਸ਼ਤ ਪਨਾਹੀ ਕਰਦੇ ਪ੍ਰਬੰਧ ਨੂੰ ਬਦਲਣ ਲਈ ਆਮ ਤੌਰ  'ਤੇ ਲੋਕ ਸੰਘਰਸ਼ ਦੀਆਂ ਮੋਹਰੀ ਕਤਾਰਾਂ ਵਿੱਚ ਆਉਣਾ ਇਹਨਾਂ ਕਾਮਿਆਂ ਦੀ ਅਣਸਰਦੀ ਲੋੜ ਹੈ। ਪਰ ਹਕੀਕਤ ਇਹ ਹੈ ਕਿ ਲੋਕ ਸੰਘਰਸ਼ਾਂ ਦੀ ਮੋਹਰੀ ਟੁਕੜੀ ਬਣਨ ਪੱਖੋਂ ਹੀ ਨਹੀਂ, ਸਗੋਂ ਆਪਣੇ ਹੱਕਾਂ ਲਈ ਜਥੇਬੰਦ ਹੋਣ ਪੱਖੋਂ ਵੀ ਅਜੇ ਸਨਅਤੀ ਕਾਮਿਆਂ ਦੀ ਲਹਿਰ ਬਹੁਤ ਪਿੱਛੇ ਖੜ੍ਹੀ ਹੈ। ਵੱਖ ਵੱਖ ਮੌਕਿਆਂ ਉੱਤੇ ਦੇਸ਼ ਦੇ ਵੱਖ-ਵੱਖ ਕੇਂਦਰਾਂ ਅੰਦਰ ਸਨਅਤੀ ਮਜ਼ਦੂਰਾਂ ਦੇ ਵੱਡੇ ਛੋਟੇ ਸੰਘਰਸ਼ ਲਗਾਤਾਰ ਫੁੱਟਦੇ ਰਹੇ ਹਨ ਅਤੇ ਫੁੱਟ ਰਹੇ ਹਨ, ਪਰ ਇੱਕਜੁੱਟ, ਜੁਝਾਰ ,ਇਨਕਲਾਬੀ ਮਜ਼ਦੂਰ ਲਹਿਰ ਵਿੱਚ ਵਟਣ ਪੱਖੋਂ ਹਾਲੇ ਵੱਡੀ ਚੁਣੌਤੀ ਦਰਪੇਸ਼ ਹੈ। ਹਕੂਮਤ ਵੱਲੋਂ ਕਿਰਤ ਕੋਡਾਂ ਦੀ ਅਮਲਦਾਰੀ ਦਾ ਵੱਡਾ ਵਾਰ ਅਤੇ ਲਗਾਤਾਰ ਮਜ਼ਦੂਰ ਵਿਰੋਧੀ ਫੈਸਲਿਆਂ ਨੇ ਇਸ ਲਹਿਰ ਦੀ ਲੋੜ ਹੋਰ ਵੀ ਤਿੱਖੀ ਕਰ ਦਿੱਤੀ ਹੈ। ਇਹਨਾਂ ਨਵੇਂ ਫ਼ੈਸਲਿਆਂ ਅਤੇ ਪਹਿਲਾਂ ਤੋਂ ਲਾਗੂ ਮਜ਼ਦੂਰ ਵਿਰੋਧੀ ਨੀਤੀਆਂ ਦੇ ਕੁਲ ਭਾਰ ਨੇ ਸਨਅਤੀ ਮਜ਼ਦੂਰਾਂ ਅੰਦਰ ਬੇਚੈਨੀ ਨੂੰ ਨਵੀਆਂ ਜਰਬਾਂ ਦਿੱਤੀਆਂ ਹਨ ਅਤੇ ਹੁਣ ਇਹ ਬੇਚੈਨੀ ਥਾਂ ਥਾਂ ਤੇ ਫੁੱਟ ਰਹੀ ਹੈ। ਦਿੱਲੀ ਐਨ.ਸੀ.ਆਰ ਖੇਤਰ ਅੰਦਰ ਇਹ ਬੇਚੈਨੀ ਝੰਜੋੜਾ ਬਣ ਕੇ ਫੁੱਟੀ ਹੈ ਅਤੇ ਇਸ ਖੇਤਰ ਦੇ ਮਜ਼ਦੂਰਾਂ ਦੇ ਸੰਘਰਸ਼ ਨੇ ਦੇਸ਼ ਭਰ ਦੇ ਸਨਅਤੀ  ਮਜ਼ਦੂਰਾਂ ਅੰਦਰ ਸੰਘਰਸ਼ੀ ਊਰਜਾ ਦਾ ਸੰਚਾਰ ਕੀਤਾ ਹੈ। ਇਸ ਊਰਜਾ ਦੀਆਂ ਤਰੰਗਾਂ ਪੰਜਾਬ ਅੰਦਰ ਵੀ ਪੁੱਜੀਆਂ ਹਨ। ਬਠਿੰਡਾ ਜ਼ਿਲ੍ਹੇ ਅੰਦਰ ਜੀਦਾ ਦੀ ਸਪੋਰਟਕਿੰਗ ਫੈਕਟਰੀ ਦੇ ਵਰਕਰਾਂ ਦਾ ਸੰਘਰਸ਼ ਇਸ ਦੀ ਇੱਕ ਮਿਸਾਲ ਬਣਿਆ ਹੈ।       

ਇਹ ਫੈਕਟਰੀ ਲੁਧਿਆਣਾ ਦੇ ਓਸਵਾਲ ਗਰੁੱਪ ਵੱਲੋਂ ਚਲਾਈ ਜਾ ਰਹੀ ਹੈ। ਇਸ ਅੰਦਰ ਪੰਜ ਹਜ਼ਾਰ ਤੋਂ ਵਧੇਰੇ ਵਰਕਰ ਕੰਮ ਕਰਦੇ ਹਨ। ਇਹਨਾਂ ਵਿੱਚੋਂ ਵਧੇਰੇ ਵਰਕਰ ਆਸ ਪਾਸ ਦੇ ਪਿੰਡਾਂ ਤੋਂ ਹਨ ਪਰ ਇੱਕ ਗਿਣਨਯੋਗ ਹਿੱਸਾ ਪ੍ਰਵਾਸੀ ਮਜ਼ਦੂਰਾਂ ਦਾ ਵੀ ਹੈ। ਸਥਾਨਕ ਵਰਕਰ ਮੁੱਖ ਤੌਰ  'ਤੇ ਖੇਤ ਮਜ਼ਦੂਰ ਪਰਿਵਾਰਾਂ ਵਿੱਚੋਂ ਹਨ, ਇਹਨਾਂ ਵਿੱਚੋਂ ਵੀ ਅੱਗੇ ਵੱਡੀ ਗਿਣਤੀ ਔਰਤ ਵਰਕਰਾਂ ਦੀ ਹੈ। ਫੈਕਟਰੀ ਅੰਦਰ ਕੰਮ ਹਾਲਤਾਂ ਪੱਖੋਂ ਸਥਿਤੀ ਬੇਹੱਦ ਮਾੜੀ ਹੈ ਅਤੇ ਉਜਰਤਾਂ ਬਹੁਤ ਘੱਟ ਹਨ।ਪਰ ਗੰਭੀਰ ਹੋਏ ਖੇਤੀ ਸੰਕਟ ਅਤੇ ਗੈਰ ਯੋਜਨਾਬੱਧ ਖੇਤੀ ਮਸ਼ੀਨੀਕਰਨ ਦੇ ਖੇਤ ਮਜ਼ਦੂਰਾਂ ਦੇ ਰੁਜ਼ਗਾਰ  'ਤੇ ਪਏ ਅਸਰ,ਮਗਨਰੇਗਾ ਸਕੀਮ ਦੀ ਤਰਸਯੋਗ ਹਾਲਤ ਅਤੇ ਮਾਈਕ੍ਰੋਫਾਈਨਾਂਸ ਕੰਪਨੀਆਂ ਦੇ ਕਰਜ਼ੇ ਦੀ ਖੇਤ ਮਜ਼ਦੂਰ ਪਰਿਵਾਰਾਂ ਦੁਆਲੇ ਪੀਡੀ ਹੋਈ ਗ੍ਰਿਫਤ ਜਿਹੇ ਕਈ ਕਾਰਨਾਂ ਸਦਕਾ ਵੱਡੀ ਪੱਧਰ ਉੱਤੇ ਖੇਤ ਮਜ਼ਦੂਰ ਪਰਿਵਾਰ ਇਸ ਨਿਗੂਣੀ ਪਰ ਬੱਝਵੀਂ ਆਮਦਨ ਦਾ ਆਸਰਾ ਤੱਕਦੇ ਹਨ ਅਤੇ ਅਜਿਹੀਆਂ ਫੈਕਟਰੀਆਂ ਅੰਦਰ ਕੰਮ ਹਾਸਿਲ ਕਰਨ ਖਾਤਰ ਜ਼ੋਰ ਲਾਉਂਦੇ ਹਨ ਅਤੇ ਅਜਿਹੀਆਂ ਕੰਮ ਹਾਲਤਾਂ ਵਿੱਚ ਵੀ ਕੰਮ ਕਰਦੇ ਹਨ।           

    ਇਸ ਫੈਕਟਰੀ ਦੇ ਇਲਾਕੇ ਅੰਦਰ ਹੋਰਨਾਂ ਜਥੇਬੰਦ ਲੋਕ ਹਿੱਸਿਆਂ ਦੀ ਮੌਜੂਦਗੀ ਹੈ ਅਤੇ ਇਸ ਪੱਖੋਂ ਸਨਅਤੀ ਕਾਮਿਆਂ ਦੀ ਹਮਾਇਤੀ ਧਿਰ ਬਣਨ ਪੱਖੋਂ ਹਾਲਤ ਸਾਜਗਾਰ ਹੈ। ਪਰ ਲੰਬੇ ਸਮੇਂ ਤੋਂ ਏਥੇ ਸਨਅਤੀ ਕਾਮਿਆਂ ਦੀ ਗੈਰ ਜਥੇਬੰਦੀ ਅਤੇ ਗੈਰ ਸਰਗਰਮੀ ਦੀ ਆਮ ਹਾਲਤ ਦੇ ਚੱਲਦੇ ਇਸ ਫੈਕਟਰੀ ਅੰਦਰੋਂ ਮਾੜੀਆਂ ਕੰਮ ਹਾਲਤਾਂ ਅਤੇ ਦਾਬੇ ਦੇ ਖਿਲਾਫ਼ ਕੋਈ ਜ਼ੋਰਦਾਰ ਸੰਘਰਸ਼ ਆਵਾਜ਼ ਨਹੀਂ ਸੀ ਉੱਠੀ। ਇਲਾਕੇ ਅੰਦਰ ਸਰਗਰਮ ਨੌਜਵਾਨ ਭਾਰਤ ਸਭਾ(ਅਸ਼ਵਨੀ ਘੁੱਦਾ) ਵੱਲੋਂ ਪਿਛਲੇ ਸਮੇਂ ਅੰਦਰ ਇਸ ਸਬੰਧੀ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਸਨ ਅਤੇ ਫੈਕਟਰੀ ਮਜ਼ਦੂਰਾਂ ਨੂੰ ਮਿਲ ਕੇ ਉਹਨਾਂ ਦੀਆਂ ਕੰਮ ਹਾਲਤਾਂ ਸਬੰਧੀ ਕਾਫ਼ੀ ਜਾਣਕਾਰੀ ਇਕੱਤਰ ਕੀਤੀ ਗਈ ਸੀ। ਇਸ ਜਾਣਕਾਰੀ ਵਿੱਚ ਜੋ ਤਸਵੀਰ ਸਾਹਮਣੇ ਆਈ ਸੀ ਉਸ ਤੋਂ ਫੈਕਟਰੀ ਵਰਕਰਾਂ ਦੀ ਲੁੱਟ ਅਤੇ ਦਾਬੇ ਦੀਆਂ ਹਾਲਤਾਂ ਉਘੜਦੀਆਂ ਸਨ।     ਇਸ ਫੈਕਟਰੀ ਅੰਦਰ ਕੰਮ ਦੀਆਂ ਹਾਲਤਾਂ ਵਿਸ਼ੇਸ਼ ਤੌਰ ਉੱਤੇ ਸਖ਼ਤ ਹਨ। ਇਸ ਅੰਦਰ ਧਾਗਾ ਬਣਾਇਆ ਜਾਂਦਾ ਹੈ। ਰੂੰ ਤੋਂ ਧਾਗਾ ਬਣਾਉਣ ਦੇ ਅਨੇਕਾਂ ਪੜਾਅ ਹਨ ਅਤੇ ਹਰ ਪੜਾਅ ਅੰਦਰ ਮਜ਼ਦੂਰਾਂ ਨੂੰ ਰੂੰ ਅਤੇ ਰੇਸ਼ੇ ਦੀ ਹਵਾ ਵਿੱਚ ਘੁਲੀ ਧੂੜ ਅੰਦਰ ਸਾਹ ਲੈਣਾ ਪੈਂਦਾ ਹੈ। ਇਹ ਹਵਾ ਫੇਫੜਿਆਂ ਲਈ ਬੇਹਦ ਘਾਤਕ ਹੁੰਦੀ ਹੈ ਅਤੇ ਇਸ ਫੈਕਟਰੀ ਦੇ ਮਜ਼ਦੂਰ ਅਕਸਰ ਹੀ ਸਾਹ ਨਾਲ ਸੰਬੰਧਿਤ ਗੰਭੀਰ ਰੋਗਾਂ ਦੇ ਸ਼ਿਕਾਰ ਹੋਏ ਰਹਿੰਦੇ ਹਨ। ਇਹ ਧੂੜ ਸਿਰਫ਼ ਸਾਹ ਰਾਹੀਂ ਹੀ ਨਹੀਂ, ਕੰਨਾਂ ਅਤੇ ਇਥੋਂ ਤੱਕ ਕੇ ਅੱਖਾਂ ਰਾਹੀਂ ਵੀ ਸਰੀਰ ਵਿੱਚ ਜਾਂਦੀ ਹੈ। ਧਾਗੇ ਦੀ ਗੁਣਵੱਤਾ ਯਕੀਨੀ ਕਰਨ ਲਈ ਫੈਕਟਰੀ ਦੇ ਅੰਦਰਲਾ ਤਾਪਮਾਨ ਲਗਾਤਾਰ 45 ਡਿਗਰੀ ਸੈਂਟੀਗ੍ਰੇਡ ਰੱਖਿਆ ਜਾਂਦਾ ਹੈ ਅਤੇ ਮਜ਼ਦੂਰਾਂ ਨੂੰ ਇਸ ਸਿਰੇ ਦੀ ਗਰਮੀ ਵਿੱਚ ਕੰਮ ਕਰਨਾ ਪੈਂਦਾ ਹੈ। ਮਸ਼ੀਨਾਂ ਦਾ ਸ਼ੋਰ ਬੇਹੱਦ ਉੱਚਾ ਹੁੰਦਾ ਹੈ ਅਤੇ ਮਜ਼ਦੂਰਾਂ ਦੇ ਦੱਸਣ ਮੁਤਾਬਕ ਬਹੁਤ ਵਾਰੀ ਜੇ ਕੋਈ ਲੋੜ ਪੈਣ  'ਤੇ  ਰੌਲਾ ਵੀ ਪਾਵੇ ਤਾਂ ਦੂਜਿਆਂ ਨੂੰ ਆਵਾਜ਼ ਨਹੀਂ ਸੁਣਦੀ। ਇਹ ਸ਼ੋਰ ਕੰਨਾਂ ਉੱਤੇ ਬੇਹੱਦ ਖਤਰਨਾਕ ਅਸਰ ਕਰਦਾ ਹੈ ਅਤੇ ਮਜ਼ਦੂਰਾਂ ਦੀ ਸੁਣਨ ਸ਼ਕਤੀ ਕੁਝ ਸਾਲਾਂ ਅੰਦਰ ਹੀ ਅਧਰੰਗੀ ਜਾਂਦੀ ਹੈ। ਕਾਨੂੰਨ ਮੁਤਾਬਕ ਸਿਹਤ ਲਈ ਅਜਿਹੀਆਂ ਖਤਰਨਾਕ ਕੰਮ ਹਾਲਤਾਂ ਵਿੱਚ ਮਜ਼ਦੂਰੀ ਕਰਨ ਵਾਲੇ ਕਾਮਿਆਂ ਨੂੰ  ਨਾ ਸਿਰਫ ਹਰ ਪ੍ਰਕਾਰ ਦੇ ਅਸਰਦਾਰ ਸੁਰੱਖਿਆ ਉਪਕਰਨ ਮੁਹੱਈਆ ਕਰਵਾਉਣੇ ਜ਼ਰੂਰੀ ਹੁੰਦੇ ਹਨ, ਉਹਨਾਂ ਦੇ ਮੈਡੀਕਲ ਚੈੱਕ ਅੱਪ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣੇ ਜ਼ਰੂਰੀ ਹੁੰਦੇ ਹਨ ਸਗੋਂ ਅਜਿਹੀਆਂ ਖਤਰਨਾਕ ਸਨਅਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮਜ਼ਦੂਰੀ ਵੀ ਆਮ ਮਜ਼ਦੂਰਾਂ ਨਾਲੋਂ ਵਧੇਰੇ ਹੁੰਦੀ ਹੈ। ਪਰ ਇਸ ਫੈਕਟਰੀ ਅੰਦਰ ਮਜ਼ਦੂਰਾਂ ਨੂੰ 434  ਰੁਪਏ ਦਿਹਾੜੀ ਦਾ ਰੇਟ ਦਿੱਤਾ ਜਾਂਦਾ ਸੀ ਜੋ ਕਿ ਆਮ ਦਿਹਾੜੀਦਾਰ ਨਾਲੋਂ ਵੀ ਘੱਟ ਹੈ। ਮੈਡੀਕਲ ਸਹੂਲਤਾਂ ਪੱਖੋਂ ਹਾਲਤ ਇਹ ਹੈ ਕਿ ਵਿਸ਼ੇਸ਼ ਮੈਡੀਕਲ ਸਹੂਲਤਾਂ ਤਾਂ ਦੂਰ, ਬਹੁਤੇ ਮਜ਼ਦੂਰਾਂ ਦੇ ਈ.ਐਸ.ਆਈ ਕਾਰਡ ਵੀ ਬਣਾਏ ਨਹੀਂ ਸਨ ਗਏ ਜਾਂ ਬਣੇ ਹੋਏ ਵੀ ਫੈਕਟਰੀ ਅਧਿਕਾਰੀਆਂ ਦੇ ਕਬਜ਼ੇ ਵਿੱਚ ਹੀ ਸਨ। ਨਾ ਸਿਰਫ਼ ਮਜ਼ਦੂਰਾਂ ਨੂੰ ਓਵਰ ਟਾਈਮ ਦਾ ਬਣਦਾ ਰੇਟ ਨਹੀਂ ਸੀ ਦਿੱਤਾ ਜਾਂਦਾ ਸਗੋਂ  ਲਗਵਾਏ ਗਏ ਓਵਰ ਟਾਈਮ ਦਾ ਵੀ ਉਹਨਾਂ ਨੂੰ ਕਦੇ ਹਿਸਾਬ ਨਹੀਂ ਸੀ ਦਿੱਤਾ ਜਾਂਦਾ। ਇਥੋਂ ਤੱਕ ਕਿ ਓਵਰ ਟਾਈਮ ਦੇ ਸਮੇਂ ਵਿੱਚ ਹੇਰਾ ਫੇਰੀ ਕਰਨ ਲਈ ਮਜ਼ਦੂਰਾਂ ਨੂੰ ਸੈਲਰੀ ਸਲਿਪ ਵੀ ਨਹੀਂ ਸੀ ਦਿੱਤੀ ਜਾਂਦੀ। ਦੂਜੇ ਪਾਸੇ ਲੋੜ ਨਾਲੋਂ ਘੱਟ ਮਜ਼ਦੂਰਾਂ ਤੋਂ ਕੰਮ ਲੈਣ ਦੀ ਵਜ੍ਹਾ ਕਰਕੇ ਓਵਰ ਟਾਈਮ ਮਜ਼ਦੂਰਾਂ ਉੱਤੇ ਧੱਕੇ ਨਾਲ ਮੜ੍ਹਿਆ ਜਾ ਰਿਹਾ ਸੀ ਅਤੇ ਇਸ ਬਾਰੇ ਵੀ ਮਜ਼ਦੂਰਾਂ ਨੂੰ ਐਨ ਮੌਕੇ ਉੱਤੇ ਹੀ ਸੂਚਿਤ ਕੀਤਾ ਜਾਂਦਾ ਸੀ। ਪੂਰੀ ਦੀ ਪੂਰੀ ਸ਼ਿਫਟ ਨੂੰ ਬਿਨਾਂ ਪਹਿਲਾਂ ਸੂਚਿਤ ਕੀਤੇ ਓਵਰ ਟਾਈਮ ਕਰਵਾਉਣ ਲਈ ਰੋਕ ਲਿਆ ਜਾਂਦਾ ਸੀ ਅਤੇ ਇਸ ਸਦਕਾ ਸਭਨਾਂ ਨੂੰ ਘਰਾਂ ਦੇ ਰੁਝੇਵਿਆਂ ਅਤੇ ਜਾਣ ਆਉਣ ਦੀਆਂ ਸਕੀਮਾਂ ਵਿੱਚ ਵੱਡੇ ਉਖੜੇਵਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਿਉਂਕਿ ਇਹ ਮਜ਼ਦੂਰ ਪਿੰਡਾਂ ਤੋਂ ਫੈਕਟਰੀ ਦੀਆਂ ਬੱਸਾਂ ਉੱਤੇ ਆਉਂਦੇ ਹਨ ਇਸ ਕਰਕੇ ਜਦੋਂ ਕੋਈ ਸ਼ਿਫਟ ਰੋਕ ਲਈ ਜਾਂਦੀ ਹੈ ਤਾਂ ਓਵਰ ਟਾਈਮ ਨਾ ਕਰਨ ਦਾ ਮਤਲਬ ਵੀ ਫੈਕਟਰੀ ਤੋਂ ਟੁੱਟਵੀਆਂ ਬੱਸਾਂ ਜਾਂ ਹੋਰਨਾਂ ਸਾਧਨਾਂ ਰਾਹੀਂ ਖੱਜਲ ਖੁਆਰ ਹੁੰਦੇ ਪਿੰਡਾਂ ਵਿੱਚ ਪਹੁੰਚਣਾ ਬਣ ਜਾਂਦਾ ਹੈ। ਇਸ ਕਰਕੇ ਓਵਰ ਟਾਈਮ ਲਾਉਣਾ ਔਰਤਾਂ ਲਈ ਮਜ਼ਬੂਰੀ ਬਣਿਆ ਹੋਇਆ ਸੀ। ਨਾ ਸਿਰਫ ਓਵਰ ਟਾਈਮ ਕਟਾਉਣ ਲਈ, ਸਗੋਂ ਕਦੇ ਐਮਰਜੰਸੀ ਦੀ ਹਾਲਤ ਵਿੱਚ ਛੁੱਟੀ ਲੈਣ ਲਈ ਵੀ ਵਰਕਰਾਂ ਨੂੰ ਬੇਹੱਦ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ। ਛੁੱਟੀ ਲਈ ਇੱਕ ਅਧਿਕਾਰੀ ਤੋਂ ਦੂਜੇ ਤੱਕ ਗੇੜੇ ਲਗਵਾ ਕੇ ਹੀ ਬੱਸ ਲੰਘਣ ਦਾ ਟਾਈਮ ਟਪਾ ਦਿੱਤਾ ਜਾਂਦਾ ਸੀ। ਹੋਸਟਲ ਵਿੱਚ ਰਹਿਣ ਵਾਲੀਆਂ ਕੁੜੀਆਂ ਲਈ ਖਾਣੇ ਅਤੇ ਰਿਹਾਇਸ਼ ਦੇ ਬਹੁਤ ਮਾੜੇ ਇੰਤਜ਼ਾਮ ਸਨ ਅਤੇ ਇੱਕ ਇੱਕ ਕਮਰੇ ਵਿੱਚ ਅੱਠ ਅੱਠ ਕੁੜੀਆਂ ਨੂੰ ਤੂੜਿਆ ਹੋਇਆ ਸੀ। ਖਾਣੇ ਦਾ ਮਿਆਰ ਇੰਨਾ ਮਾੜਾ ਸੀ ਕਿ ਉਹ ਅਕਸਰ ਹੀ ਪਿੰਡਾਂ ਵਿੱਚੋਂ ਆਉਣ ਵਾਲੀਆਂ ਵਰਕਰ ਸਾਥਣਾਂ ਤੋਂ ਆਪਣੇ ਲਈ ਖਾਣਾ ਮੰਗਵਾਉਂਦੀਆਂ ਸਨ। ਫੈਕਟਰੀ ਵਿੱਚ ਵਰਕਰ ਔਰਤਾਂ ਨੂੰ ਫ਼ੋਨ ਲਿਜਾਣ ਦੀ ਮੁਕੰਮਲ ਮਨਾਹੀ ਸੀ।     

ਮਜ਼ਦੂਰਾਂ ਦੀ ਇਸ ਪੱਧਰ ਦੀ ਲੁੱਟ ਸਦਕਾ ਹੀ ਫੈਕਟਰੀ ਮਾਲਕਾਂ ਨੇ ਪਿਛਲੇ ਸਮੇਂ ਅੰਦਰ ਆਪਣੇ ਕੰਮ ਦਾ ਕਾਫ਼ੀ ਵਿਸਥਾਰ ਕੀਤਾ ਸੀ। ਨਵੀਆਂ ਜ਼ਮੀਨਾਂ, ਨਵੇਂ ਯੂਨਿਟ ਤੇ ਨਵੀਆਂ ਮਸ਼ੀਨਾਂ ਇਸ ਫੈਕਟਰੀ ਵਿੱਚ ਸ਼ਾਮਿਲ ਹੋਈਆਂ ਸਨ। ਪਰ ਵਰਕਰਾਂ ਦੀ ਘੱਟ ਗਿਣਤੀ ਤੋਂ ਹੀ ਇਹਨਾਂ ਮਸ਼ੀਨਾਂ ਉੱਤੇ ਕੰਮ ਲਿਆ ਜਾ ਰਿਹਾ ਸੀ। ਇੱਕ ਵਰਕਰ ਨੂੰ ਇਕੱਲੇ ਹੀ ਕਈ ਕਈ ਪੱਲਿਆਂ ਉੱਤੇ ਕੰਮ ਕਰਨਾ ਪੈ ਰਿਹਾ ਸੀ। ਫੈਕਟਰੀ ਅਧਿਕਾਰੀਆਂ ਅਤੇ ਕੰਮ ਦੀ ਨਿਗਰਾਨੀ ਲਈ ਰੱਖੇ ਸੁਪਰਵਾਈਜ਼ਰਾਂ, ਜੌਬਰਾਂ ਦਾ ਵਰਕਰਾਂ ਪ੍ਰਤੀ ਵਤੀਰਾ ਬੇਹੱਦ ਮਾੜਾ ਸੀ।ਇਹਨਾਂ ਹਾਲਤਾਂ ਅੰਦਰ ਵਰਕਰਾਂ ਅੰਦਰ ਰੋਸ ਲੰਬੇ ਸਮੇਂ ਤੋਂ ਵੱਧਦਾ ਜਾ ਰਿਹਾ ਸੀ। ਪਿਛਲੇ ਸਮੇਂ ਅੰਦਰ ਅਧਿਕਾਰੀਆਂ ਨਾਲ ਬਹਿਸ ਮੁਬਾਹਸੇ ਦੀਆਂ ਟਾਵੀਆਂ ਟੱਲੀਆਂ ਘਟਨਾਵਾਂ ਵੀ ਵਾਪਰਦੀਆਂ ਰਹੀਆਂ ਸਨ। ਪਿਛਲੇ ਕੁਝ ਸਮੇਂ ਤੋਂ ਛੇ ਨੰਬਰ ਖਾਤੇ ਦੇ ਮਜ਼ਦੂਰਾਂ ਦਾ ਵੱਧ ਪੱਲਿਆਂ ਉੱਤੇ ਕੰਮ ਕਰਾਉਣ ਖਿਲਾਫ਼ ਅਧਿਕਾਰੀਆਂ ਨਾਲ ਟਕਰਾਅ ਚੱਲ ਰਿਹਾ ਸੀ। 19 ਤਰੀਕ ਨੂੰ ਇਸ ਖਾਤੇ ਦੇ ਕਾਮਿਆਂ ਵੱਲੋਂ ਹੀ ਫੈਕਟਰੀ ਗੇਟ ਉੱਤੇ ਇਕੱਠੇ ਹੋਇਆ ਗਿਆ ਅਤੇ ਬਾਕੀ ਖਾਤਿਆਂ ਦੇ ਵਰਕਰ ਆਪ ਮੁਹਾਰੇ ਹੀ ਬੱਸਾਂ ਤੋਂ ਉਤਰ ਕੇ ਇਹਨਾਂ ਵਿੱਚ ਸ਼ਾਮਿਲ ਹੁੰਦੇ ਗਏ। ਇਹਨਾਂ ਵਰਕਰਾਂ ਨੇ ਫੈਕਟਰੀ ਗੇਟ ਉੱਤੇ ਧਰਨਾ ਸ਼ੁਰੂ ਕਰ ਲਿਆ।       

ਇਸ ਧਰਨੇ ਦੀ ਖਬਰ ਸੁਣਦੇ ਹੀ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਦੇ ਆਗੂ ਅਤੇ ਕਾਰਕੁੰਨ ਇਹਨਾਂ ਕਾਮਿਆਂ ਦੀ ਹਿਮਾਇਤ ਵਿੱਚ ਫੈਕਟਰੀ ਗੇਟ ਉੱਤੇ ਪੁੱਜਣੇ ਸ਼ੁਰੂ ਹੋ ਗਏ।ਮੈਨੇਜਮੈਂਟ ਨੂੰ ਫੈਕਟਰੀ ਕਾਮਿਆਂ ਨੂੰ ਗੱਲਬਾਤ ਦਾ ਸੱਦਾ ਦੇਣਾ ਪਿਆ। ਫੈਕਟਰੀ ਕਾਮਿਆਂ ਦੇ ਨਾਲ ਮੌਕੇ ਉੱਤੇ ਪੁੱਜੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਸੁਖਵੀਰ ਸਿੰਘ ਖੇਮੂਆਣਾ ਵੀ ਗਏ। ਮੈਨੇਜਮੈਂਟ ਨੇ ਇੱਕ ਹਫਤੇ ਦੇ ਅੰਦਰ ਮੰਗਾਂ ਹੱਲ ਕਰਨ ਦਾ ਲਿਖਤੀ ਭਰੋਸਾ ਦਿੱਤਾ। ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਜਨਤਕ ਜਥੇਬੰਦੀਆਂ ਦੀ ਹਮਾਇਤ ਨਾਲ ਇੱਕ ਹਫਤੇ ਬਾਅਦ 26 ਤਰੀਕ ਨੂੰ ਮੁੜ ਵੱਡੀ ਤਿਆਰੀ ਨਾਲ ਮੁਕੰਮਲ ਹੜਤਾਲ ਅਤੇ ਧਰਨੇ ਦਾ ਪ੍ਰੋਗਰਾਮ ਉਲੀਕ ਲਿਆ ਗਿਆ।      





ਇਸ ਤੋਂ ਅਗਲੇ ਦਿਨਾਂ ਅੰਦਰ ਹਾਲਾਤ ਦੀ ਲੋੜ, ਸੰਘਰਸ਼ ਦੀ ਆਪ ਮੁਹਾਰਤਾ ਵਾਲੀ ਸਥਿਤੀ ਅਤੇ ਇਸ ਸੰਘਰਸ਼ ਦੌਰਾਨ ਉੱਭਰ ਕੇ ਆਏ ਮਜ਼ਦੂਰ ਆਗੂਆਂ ਦੀ ਅਣਜਾਣਤਾ ਵਾਲੀ ਹਾਲਤ ਨੂੰ ਬੁੱਝਦੇ ਹੋਏ ਅਤੇ ਇਸ ਹਾਲਤ ਅੰਦਰ ਹਕੀਕੀ ਮਦਦ ਪ੍ਰਦਾਨ ਕਰਨ ਲਈ ਅੱਗੇ ਆਉਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਲੋਕ ਮੋਰਚਾ ਪੰਜਾਬ ਅਤੇ ਨੌਜਵਾਨ ਭਾਰਤ ਸਭਾ(ਅਸ਼ਵਨੀ ਘੁੱਦਾ) ਜਥੇਬੰਦੀਆਂ ਵੱਲੋਂ ਫੈਕਟਰੀ ਮਜ਼ਦੂਰਾਂ ਦੀ ਵੱਡੀ ਗਿਣਤੀ ਵਾਲੇ ਪਿੰਡਾਂ ਅੰਦਰ ਇਸ ਹੜਤਾਲ ਦੀ ਤਿਆਰੀ ਲਈ ਅਸਰਦਾਰ ਮੁਹਿੰਮ ਚਲਾਈ ਗਈ। ਹਾਲਾਤ ਅੰਦਰ ਕੀਤੇ ਜਾਣ ਵਾਲੇ ਕੰਮਾਂ, ਮੌਜੂਦ ਖਤਰਿਆਂ, ਯੂਨੀਅਨ ਬਣਾਉਣ ਦੀਆਂ ਲੋੜਾਂ ਆਦਿ ਪੱਖਾਂ ਨੂੰ ਜ਼ੋਰਦਾਰ ਤਰੀਕੇ ਨਾਲ ਉਭਾਰਿਆ ਗਿਆ। ਪ੍ਰਵਾਸੀ ਮਜ਼ਦੂਰਾਂ ਅਤੇ ਸਥਾਨਕ ਕਾਮਿਆਂ ਅੰਦਰ ਇੱਕ ਦੂਜੇ ਪ੍ਰਤੀ ਬਣੇ ਤੁਅੱਸਬਾਂ ਦੀ ਕਾਟ ਨੂੰ ਵਿਸ਼ੇਸ਼ ਤੌਰ ਤੇ ਸੰਬੋਧਿਤ ਹੋਇਆ ਗਿਆ।ਕਾਮਿਆਂ ਵਿੱਚ ਪਾਟਕ ਪਾਉਣ ਅਤੇ ਉੱਭਰ ਕੇ ਆਏ ਆਗੂਆਂ ਨੂੰ ਚੋਣਵਾਂ ਨਿਸ਼ਾਨਾ ਬਣਾਉਣ ਤੋਂ ਮੈਨੇਜਮੈਂਟ ਦੇ ਹੱਥ ਰੋਕਣ ਲਈ ਤਿਆਰੀ ਉੱਤੇ ਜ਼ੋਰ ਦਿੱਤਾ ਗਿਆ। ਇਹਨਾਂ ਜਥੇਬੰਦੀਆਂ ਵੱਲੋਂ ਦਰਜਨ ਤੋਂ ਵਧੇਰੇ ਪਿੰਡਾਂ ਵਿੱਚ ਤਿਆਰੀ ਕੀਤੀ ਗਈ। ਇਸ ਤਿਆਰੀ ਮੁਹਿੰਮ ਦੌਰਾਨ ਵੀ ਕਾਮਿਆਂ ਦਾ ਧਰਨੇ ਪ੍ਰਤੀ ਜ਼ੋਰਦਾਰ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਇਹਨਾਂ ਜਥੇਬੰਦੀਆਂ ਵੱਲੋਂ ਕਰਵਾਈਆਂ ਜਾ ਰਹੀਆਂ ਮੀਟਿੰਗਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਸਮਝਿਆ ਗਿਆ।        ਅਜਿਹੀ ਤਿਆਰੀ ਦੀ ਭਿਣਕ ਮੈਨੇਜਮੈਂਟ ਤੱਕ ਵੀ ਪਹੁੰਚੀ ਅਤੇ ਉਸਨੇ ਇਸ ਧਰਨੇ ਨੂੰ ਫੇਲ੍ਹ ਕਰਨ ਲਈ ਪੂਰਾ ਜ਼ੋਰ ਲਾਇਆ। ਪਿੰਡਾਂ ਦੇ ਮੋਹਤਬਰਾਂ, ਪੰਚਾਇਤ ਮੈਂਬਰਾਂ ਅਤੇ ਸਥਾਨਕ ਸਿਆਸੀ ਆਗੂਆਂ ਰਾਹੀਂ ਕਾਮਿਆਂ ਨੂੰ ਡਰਾਉਣ ਧਮਕਾਉਣ ਦੇ ਯਤਨ ਕੀਤੇ ਗਏ ਅਤੇ ਉਹਨਾਂ ਨੂੰ ਇਹਨਾਂ ਮੀਟਿੰਗਾਂ ਦਾ ਹਿੱਸਾ ਬਣਨ ਤੋਂ ਰੋਕਿਆ ਗਿਆ। ਫੈਕਟਰੀ ਵੱਲੋਂ ਪਿੰਡਾਂ ਵਿੱਚ ਕਰਵਾਏ ਗਏ ਨਿਗੂਣੇ ਤੇ ਮਸ਼ਹੂਰੀਨੁਮਾ ਵਿਕਾਸ ਕਾਰਜਾਂ ਦਾ ਹਵਾਲਾ ਦੇਣ ਜਾਂ ਹੋਰ ਮਜ਼ਦੂਰਾਂ ਨੂੰ ਫੈਕਟਰੀ ਅੰਦਰ ਨੌਕਰੀ ਉੱਤੇ ਰਖਵਾਉਣ ਦਾ ਲਾਲਚ ਦੇਣ ਤੋਂ ਲੈ ਕੇ ਸਿੱਧੀਆਂ ਧਮਕੀਆਂ ਦੇਣ ਤੱਕ ਹਰ ਹਰਬਾ ਵਰਤਿਆ ਗਿਆ।ਇੱਕ ਥਾਂ ਉੱਤੇ ਤਾਂ ਚਲਦੀ ਮੀਟਿੰਗ ਦੌਰਾਨ ਹੀ ਇੱਕ ਸਥਾਨਕ ਆਗੂ ਨੇ ਮੀਟਿੰਗ ਦਾ ਪ੍ਰਬੰਧ ਕਰਨ ਲਈ ਪਿੰਡ ਦੇ ਫੈਕਟਰੀ ਕਾਮੇ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ। ਪਰ ਕਾਮਿਆਂ ਦੇ ਰੌਂਅ ਅੱਗੇ ਇਹ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਸਾਬਤ ਹੋਈਆਂ। ਫੈਕਟਰੀ ਦੇ ਅੰਦਰ ਵੀ ਅਤੇ ਬਾਹਰ ਪਿੰਡਾਂ ਵਿੱਚ ਵੀ ਧਰਨੇ ਦੀਆਂ ਜ਼ੋਰਦਾਰ ਤਿਆਰੀਆਂ ਚਲਦੀਆਂ ਰਹੀਆਂ।       

  ਫੈਕਟਰੀ ਦੀ ਪਹਿਲੀ ਸ਼ਿਫਟ ਸਵੇਰੇ 6 ਵਜੇ ਸ਼ੁਰੂ ਹੁੰਦੀ ਹੈ। 26 ਤਰੀਕ ਨੂੰ ਸਵੇਰੇ ਲਗਭਗ ਚਾਰ ਵਜੇ ਦੇ ਕਰੀਬ ਹੀ ਭਰਾਤਰੀ ਜਥੇਬੰਦੀਆਂ ਦੇ ਆਗੂ,ਵਰਕਰ ਅਤੇ ਕੁਝ ਫੈਕਟਰੀ ਕਾਮੇ ਪਹੁੰਚਣੇ ਸ਼ੁਰੂ ਹੋ ਗਏ। ਬਠਿੰਡਾ ਦਾ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੈਨੇਜਮੈਂਟ ਦੀ ਹਿਮਾਇਤ ਉੱਤੇ ਸੀ ਅਤੇ ਵਰਕਰਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਵੱਡੀ ਪੱਧਰ ਉੱਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਸੀ। ਪਰ ਇਸ ਦੇ ਬਾਵਜੂਦ ਭਰਾਤਰੀ ਜਥੇਬੰਦੀਆਂ ਦੇ ਕਾਰਕੁਨ ਅਤੇ ਫੈਕਟਰੀ ਕਾਮੇ ਇਕੱਠੇ ਹੋ ਗਏ ਤੇ ਧਰਨਾ ਸ਼ੁਰੂ ਹੋ ਗਿਆ। ਇਸ ਇਕੱਠ ਵਿੱਚ ਸਪੋਰਟਕਿੰਗ ਵਰਕਰ ਯੂਨੀਅਨ ਜੀਦਾ ਚੁਣੀ ਗਈ। ਸਿਰੇ ਦੀ ਕੜਕਦੀ ਧੁੱਪ ਦੇ ਬਾਵਜੂਦ ਸਾਰਾ ਦਿਨ ਧਰਨਾ ਚੱਲਦਾ ਰਿਹਾ। ਭਰਾਤਰੀ ਜਥੇਬੰਦੀਆਂ ਵੱਲੋਂ ਪੀਣ ਦੇ ਪਾਣੀ, ਚਾਹ, ਸਟੇਜ ਲਈ ਟੈਂਟ ਆਦਿ ਦਾ ਪ੍ਰਬੰਧ ਕੀਤਾ ਗਿਆ। ਜੀਦਾ ਟੋਲ ਪਲਾਜ਼ਾ ਵਰਕਰ ਯੂਨੀਅਨ ਵੀ ਕਾਫ਼ੀ ਵੱਡੇ ਜੱਥੇ ਨਾਲ ਇਸ ਇਕੱਠ ਵਿੱਚ ਸ਼ਾਮਿਲ ਹੋਈ ਅਤੇ ਇਹਨਾਂ ਪ੍ਰਬੰਧਾਂ ਪੱਖੋਂ ਵੀ ਉਸ ਨੇ ਕਾਫੀ ਮਦਦ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਖੇਤ ਮਜ਼ਦੂਰ ਯੂਨੀਅਨ,ਨੌਜਵਾਨ ਭਾਰਤ ਸਭਾ(ਅਸ਼ਵਨੀ ਘੁੱਦਾ), ਨੌਜਵਾਨ ਭਾਰਤ ਸਭਾ (ਮੰਗਾ ਆਜ਼ਾਦ), ਕਿਰਤੀ ਕਿਸਾਨ ਯੂਨੀਅਨ ਆਦਿ ਜਥੇਬੰਦੀਆਂ ਦੇ ਆਗੂਆਂ ਨੇ ਇਸ ਧਰਨੇ ਨੂੰ ਸੰਬੋਧਨ ਕੀਤਾ। ਫੈਕਟਰੀ ਕਾਮਿਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਸਾਂਝੇ ਵਫ਼ਦ ਦੇ ਮੈਨੇਜਮੈਂਟ ਨਾਲ ਗੱਲਬਾਤ ਦੇ ਲੰਬੇ ਦੌਰ ਚੱਲੇ। ਇਸ ਗੱਲਬਾਤ ਦੌਰਾਨ ਲੇਬਰ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਸ਼ਰ੍ਹੇਆਮ ਮੈਨੇਜਮੈਂਟ ਦਾ ਪੱਖ ਪੂਰਦੇ ਦੇਖੇ ਗਏ। ਪਰ ਭਰਾਤਰੀ ਜਥੇਬੰਦੀ ਦੇ ਆਗੂਆਂ ਅਤੇ ਫੈਕਟਰੀ ਕਾਮਿਆਂ ਦੀਆਂ ਗੱਲਾਂ ਅੱਗੇ ਨਿਰਉੱਤਰ ਹੁੰਦੇ ਹੋਏ ਉਹਨਾਂ ਨੂੰ ਕਈ ਮੰਗਾਂ ਮੰਨਣ ਲਈ ਮਜ਼ਬੂਰ ਹੋਣਾ ਪਿਆ, ਜਿਹਨਾਂ ਵਿੱਚ ਬਕਾਇਦਾ ਸੈਲਰੀ ਸਲਿਪ ਦੇਣਾ, ਗੈਰ ਹੁਨਰਮੰਦ ਕਾਮਿਆਂ ਦੀ ਦਿਹਾੜੀ 481 ਰੁਪਏ ਅਤੇ ਅਰਧ ਹੁਨਰਮੰਦ ਕਾਮਿਆਂ ਦੀ ਦਿਹਾੜੀ 511 ਰੁਪਏ ਕਰਨਾ , ਰਾਤ ਦੀ ਸ਼ਿਫਟ ਲਾਉਣ ਵਾਲਿਆਂ ਨੂੰ ਦਿਨ ਦੀ ਸ਼ਿਫਟ ਨਾਲੋਂ 12 ਰੁਪਏ ਵਧੇਰੇ ਦੇਣਾ, ਹੋਸਟਲ ਵਿਚ ਰਹਿਣ ਵਾਲੀਆਂ ਕੁੜੀਆਂ ਨੂੰ ਸਹੀ ਖਾਣਾ ਦੇਣਾ , ਜਬਰੀ ਰੱਖੇ ਈ.ਐਸ.ਆਈ ਕਾਰਡ ਵਾਪਸ ਦੇਣਾ ਅਤੇ ਗੁੰਮੇ ਹੋਏ ਅਤੇ ਨਵੇਂ ਕਾਰਡ ਬਣਾਉਣਾ, ਓਵਰ ਟਾਈਮ ਦੀ ਦਿਹਾੜੀ ਲਈ ਵੱਖਰੇ ਤੌਰ  'ਤੇ ਜਲਦੀ ਹੀ ਗੱਲਬਾਤ ਕਰਨਾ ਅਤੇ ਇਸ ਹੜਤਾਲ ਵਿੱਚ ਸ਼ਾਮਿਲ ਹੋਏ ਅਤੇ ਮੂਹਰੇ ਲੱਗੇ ਕਾਮਿਆਂ ਵਿੱਚੋਂ ਕਿਸੇ ਖਿਲਾਫ਼ ਵੀ ਕਾਰਵਾਈ ਨਾ ਕਰਨਾ ਆਦਿ ਸ਼ਾਮਿਲ ਸਨ। ਇਹਨਾਂ ਗੱਲਾਂ ਉੱਤੇ ਕਾਮਿਆਂ ਦੀ ਮੁੱਖ ਤੌਰ ਉੱਤੇ ਸਹਿਮਤੀ ਸੀ ਪਰ ਤਨਖਾਹ ਵਾਧੇ ਵਾਲੀ ਗੱਲ ਅਜੇ ਵੀ ਅੜੀ ਹੋਈ ਸੀ ਅਤੇ ਮੈਨੇਜਮੈਂਟ ਵੱਲੋਂ ਕੀਤਾ ਗਿਆ ਵਾਧਾ ਤਸੱਲੀ ਨਹੀਂ ਸੀ ਕਰਵਾ ਰਿਹਾ । ਇਸ ਕਰਕੇ ਇਹ ਸੰਘਰਸ਼ ਜਾਰੀ ਰੱਖਣ ਦਾ ਐਲਾਨ ਹੋਇਆ ਅਤੇ ਅਗਲੇ ਦਿਨ ਦੁਬਾਰਾ ਇਕੱਠੇ ਹੋਣ ਦੇ ਐਲਾਨ ਨਾਲ ਰਾਤ ਨੂੰ ਕਾਮੇ ਘਰੋ ਘਰੀ ਚਲੇ ਗਏ। ਜਥੇਬੰਦੀਆਂ ਦੇ ਮੰਗ ਉੱਤੇ ਪੁਲਿਸ ਵੱਲੋਂ ਕਾਮਿਆਂ ਨੂੰ ਆਪਣੀਆਂ ਬੱਸਾਂ ਵਿੱਚ ਉਹਨਾਂ ਦੇ ਪਿੰਡਾਂ ਵਿੱਚ ਪਹੁੰਚਾਇਆ ਗਿਆ।        

ਪਰ ਗੱਲਬਾਤ ਦਾ ਇੱਕ ਦੌਰ ਚਲਾ ਕੇ ਅਗਲੇ ਦਿਨ ਮੈਨੇਜਮੈਂਟ ਅਤੇ ਉਹਨਾਂ ਦੀ ਪਿੱਠ ਉੱਤੇ ਖੜਾ ਸਥਾਨਕ ਪ੍ਰਸ਼ਾਸਨ ਅਤੇ ਅਧਿਕਾਰੀ ਮੁੜ ਸਖਤੀ ਦੇ ਪੈਂਤੜੇ ਉੱਤੇ ਆ ਗਏ।ਅਗਲੇ ਦਿਨ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਪੁਲਿਸ ਨੇ ਸਵੇਰੇ ਹੀ ਫੈਕਟਰੀ ਕਾਮਿਆਂ ਦੀ ਫੜ੍ਹੋ ਫੜਾਈ ਸ਼ੁਰੂ ਕਰ ਦਿੱਤੀ। ਪਿੰਡਾਂ ਵਿੱਚੋਂ ਕਾਮਿਆਂ ਨੂੰ ਲੈ ਕੇ ਜਿਹੜੀਆਂ ਵੀ ਬੱਸਾਂ ਫੈਕਟਰੀ ਗੇਟ ਉੱਤੇ ਪਹੁੰਚ ਰਹੀਆਂ ਸਨ ,ਉਹਨਾਂ ਵਿੱਚੋਂ ਉਤਰਨ ਵਾਲੇ ਕਾਮਿਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਕੇ ਵੱਖ ਵੱਖ ਥਾਣਿਆਂ ਵਿੱਚ ਲਿਜਾਇਆ ਜਾ ਰਿਹਾ ਸੀ। ਸਵਾ ਸੌ ਦੇ ਕਰੀਬ ਫੈਕਟਰੀ ਵਰਕਰ ਮੁੰਡੇ ਅਤੇ ਕੁੜੀਆਂ, ਜਿਹਨਾਂ ਵਿੱਚ ਨੌਜਵਾਨ ਭਾਰਤ ਸਭਾ ਦੇ ਆਗੂ ਸੁਖਬੀਰ ਖੇਮੂਆਣਾ ਅਤੇ ਦੂਸਰੀ ਨੌਜਵਾਨ ਭਾਰਤ ਸਭਾ ਦੇ ਆਗੂ ਮੰਗਾ ਆਜ਼ਾਦ ਵੀ ਸ਼ਾਮਿਲ ਸਨ, ਨੂੰ ਗ੍ਰਿਫ਼ਤਾਰ ਕਰਕੇ ਕਿਲੀ ਨਿਹਾਲ ਸਿੰਘ, ਨੰਦਗੜ੍ਹ ਅਤੇ ਨੇਹੀਆਂ ਵਾਲਾ ਦੇ ਥਾਣਿਆਂ ਵਿੱਚ ਰੱਖਿਆ ਗਿਆ। ਇਹਨਾਂ ਦੀ ਗ੍ਰਿਫ਼ਤਾਰੀ ਦੀ ਖਬਰ ਸੁਣਦੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੂੰ ਇਹਨਾਂ ਥਾਣਿਆ ਅੱਗੇ ਪੁੱਜਣ ਦੇ ਸੁਨੇਹੇ ਮਿਲ ਗਏ । ਇਹਨਾਂ ਜਥੇਬੰਦੀਆਂ ਦੇ ਵਰਕਰ ਕੁਝ ਸਮੇਂ ਅੰਦਰ ਹੀ ਥਾਣਿਆਂ ਅੱਗੇ ਜਾ ਪਹੁੰਚੇ। ਦੋ ਥਾਣਿਆਂ ਅੰਦਰ ਤਾਂ ਉਹ ਅੰਦਰ ਜਾ ਕੇ ਵੀ ਫੈਕਟਰੀ ਕਾਮਿਆਂ ਨੂੰ ਮਿਲੇ,ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ। ਨਾਲ ਹੀ ਇਸ ਜਬਰ ਦੇ ਵਿਰੋਧ ਵਿੱਚ ਜਾਮ ਲਗਾਉਣ ਦਾ ਐਲਾਨ ਹੋ ਗਿਆ। ਜਥੇਬੰਦੀਆਂ ਦੇ ਵਰਕਰ ਅਤੇ ਫੈਕਟਰੀ ਕਾਮੇ ਪਹਿਲਾਂ ਜੀਦੇ ਪਿੰਡ ਅੰਦਰ ਇਕੱਠੇ ਹੋਏ ਅਤੇ ਉਥੋਂ ਮਾਰਚ ਕਰਦੇ ਹੋਏ ਆ ਕੇ ਬਠਿੰਡਾ ਅੰਮ੍ਰਿਤਸਰ ਮੁੱਖ ਸੜਕ ਉੱਤੇ ਅਣਮਿਥੇ ਸਮੇਂ ਲਈ ਜਾਮ ਲਗਾ ਦਿੱਤਾ। ਸਿਰੇ ਦੀ ਗਰਮੀ ਅੰਦਰ ਨੰਗੀ ਸੜਕ ਉੱਤੇ ਲੋਕ ਜੰਮ ਕੇ ਬੈਠ ਗਏ । ਹਾਲਾਤ ਦੇ ਮੋੜਾ ਖਾ ਜਾਣ ਨੇ ਪ੍ਰਸ਼ਾਸਨ ਦੀਆਂ ਗਿਣਤੀਆਂ ਮਿਣਤੀਆਂ ਉਲਟਾ ਦਿੱਤੀਆਂ  ਅਤੇ ਉਨਾਂ ਨੂੰ ਦੁਬਾਰਾ ਗੱਲਬਾਤ ਦਾ ਸੱਦਾ ਦੇਣ ਲਈ ਮਜ਼ਬੂਰ ਹੋਣਾ ਪਿਆ। ਆਗੂਆਂ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਜਦ ਤੱਕ ਸਾਰੇ ਵਰਕਰ ਛੱਡੇ ਨਹੀਂ ਜਾਂਦੇ, ਉਦੋਂ ਤੱਕ ਪ੍ਰਸ਼ਾਸਨ ਜਾਂ ਮੈਨੇਜਮੈਂਟ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਇਸ ਕਰਕੇ ਪ੍ਰਸ਼ਾਸਨ ਨੂੰ ਇਹਨਾਂ ਵਰਕਰਾਂ ਨੂੰ ਰਿਹਾਅ ਕਰਨ ਦੇ ਕਦਮ ਚੱਕਣੇ ਪਏ। ਇਹ ਵਰਕਰ ਨਾਅਰਿਆਂ ਦੀ ਗੂੰਜ ਵਿੱਚ ਇਕੱਠ ਵਿੱਚ ਸ਼ਾਮਿਲ ਹੋਏ ਅਤੇ ਆਗੂ ਟੀਮ ਹੋਰਨਾਂ ਭਰਾਤਰੀ ਜਥੇਬੰਦੀਆਂ ਸਮੇਤ ਦੁਬਾਰਾ ਗੱਲਬਾਤ ਲਈ ਗਈ। ਇਸ ਗੱਲਬਾਤ ਵਿੱਚ ਉਹਨਾਂ ਨੂੰ ਪਹਿਲਾਂ ਮੰਨੀਆਂ ਮੰਗਾਂ ਤੋਂ ਇਲਾਵਾ ਗੈਰ ਹੁਨਰਮੰਦ ਕਾਮਿਆਂ ਦੀ ਦਿਹਾੜੀ 500 ਰੁਪਏ ਤੇ ਅਰਧ ਹੁਨਰਮੰਦ ਕਾਮਿਆਂ ਦੀ ਦਿਹਾੜੀ  520 ਰੁਪਏ ਕਰਨੀ ਪਈ। ਇਸ ਖਿੱਚਧੂਹ ਦੌਰਾਨ ਇੱਕ ਕੁੜੀ ਦੇ ਤੋੜੇ ਗਏ ਮੋਬਾਇਲ ਦੀ ਭਰਪਾਈ ਕਰਨੀ ਮੰਨੀ ਗਈ। ਕੁੜੀਆਂ ਨਾਲ ਖਿੱਚਧੂਹ ਕਰਨ ਵਾਲੇ ਗਾਰਡ ਖਿਲਾਫ ਕਾਰਵਾਈ ਕਰਨੀ ਮੰਨੀ ਗਈ। ਅਧਿਕਾਰੀਆਂ ਅਤੇ ਜੌਬਰਾਂ ਦਾ ਰਵੱਈਆ ਸਹੀ ਰਹਿਣ ਦੀ ਗਰੰਟੀ ਕੀਤੀ ਗਈ।    

ਇੱਕ ਵਾਰ ਲੋਕਾਂ ਦੀ ਸਾਂਝੀ ਤਾਕਤ ਦੇ ਜ਼ੋਰ ਇਹ ਸੰਘਰਸ਼ ਜਿੱਤ ਲਿਆ ਗਿਆ ਹੈ। ਇਸ ਸੰਘਰਸ਼ ਦੀ ਵੱਡੀ ਪ੍ਰਾਪਤੀ ਇਹ ਹੈ ਕਿ ਬਕਾਇਦਾ ਤੌਰ  'ਤੇ ਸਪੋਰਟਕਿੰਗ ਵਰਕਰ ਯੂਨੀਅਨ ਹੋਂਦ ਵਿੱਚ ਆ ਚੁੱਕੀ ਹੈ। ਪਰ ਇਸ ਯੂਨੀਅਨ ਸਾਹਮਣੇ ਅਜੇ ਔਖਾ ਪੈਂਡਾ ਬਾਕੀ ਹੈ।ਮੰਨੇ ਗਏ ਸਮਝੌਤੇ ਦੀ ਅਮਲਦਾਰੀ ਲਈ ਵੀ ਤਿਆਰੀ ਦੀ ਲੋੜ ਹੈ ਅਤੇ ਆਉਂਦੇ ਸਮੇਂ ਵਿੱਚ ਯੂਨੀਅਨ ਅਤੇ ਆਗੂ ਟੀਮ ਦੀ ਰਾਖੀ ਲਈ ਵੀ ਤਿਆਰੀ ਦੀ ਲੋੜ ਹੈ। ਆਪਣੇ ਦਮ ਦੇ ਜ਼ੋਰ ਮੈਨੇਜਮੈਂਟ ਨਾਲ ਭਿੜ ਸਕਣ ਦੀ ਸਮਰੱਥਾ ਉਸਾਰਨ ਦਾ ਅਣਸਰਦਾ ਕਾਰਜ ਵੀ ਦਰਪੇਸ਼ ਹੈ।      

ਇਸਦੇ ਨਾਲ ਹੀ ਬੇਗਰਜ਼ ਹਿਮਾਇਤ ਉੱਤੇ ਆਈਆਂ ਭਰਾਤਰੀ ਜਥੇਬੰਦੀਆਂ ਨਾਲ ਸਾਂਝ ਨੂੰ ਪਛਾਨਣ ਅਤੇ ਪੀਡੇ ਕਰਨ ਦੀ ਲੋੜ ਵੀ ਹੈ।ਇਹ ਸਾਂਝ ਹੀ ਅਗਲੇ ਸਮੇਂ ਅੰਦਰ ਫੈਕਟਰੀ ਕਾਮਿਆਂ ਦਾ ਸੰਘਰਸ਼ੀ ਸਹਾਰਾ ਬਣ ਸਕਦੀ ਹੈ ਅਤੇ ਦੂਜੇ ਪਾਸੇ ਇਹ ਸਾਂਝ ਹੀ ਵੱਡੀਆਂ ਅਤੇ ਅਸਰਦਾਰ ਪ੍ਰਾਪਤੀਆਂ ਲਈ ਲੋੜੀਂਦੀ ਕਿਸਾਨ ਮਜ਼ਦੂਰ ਜੋਟੀ ਵਲ ਵਧ ਸਕਦੀ ਹੈ।

--0--

No comments:

Post a Comment