ਪੰਜਾਬ ਦੇ ਮੌਜੂਦਾ ਹਾਲਾਤਾਂ 'ਚ ਲੋਕਾਂ ਦੇ ਨੁਕਤਾ ਨਜ਼ਰ ਤੋਂ ਦੋ ਇਨਕਲਾਬੀ ਜਥੇਬੰਦੀਆਂ ਦਾ ਇਕ ਮਹੱਤਵਪੂਰਨ ਬਿਆਨ
ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਨੇ ਪੰਜਾਬ ਦੇ ਲੋਕਾਂ ਨੂੰ ਹਾਕਮ ਜਮਾਤੀ ਪਾਰਟੀਆਂ ਦੀ ਭਟਕਾਊ, ਪਾਟਕ ਪਾਊ, ਫ਼ਿਰਕੂ ਸਿਆਸਤ ਤੋਂ ਸੁਚੇਤ ਰਹਿ ਕੇ ਆਪਣੇ ਅਸਲੀ ਮੁੱਦਿਆਂ ਤੇ ਜੱਦੋਜਹਿਦ ਤੇਜ ਕਰਦੇ ਹੋਏ ਬੁਨਿਆਦੀ ਇਨਕਲਾਬੀ ਤਬਦੀਲੀ ਦੇ ਰਾਹ 'ਤੇ ਅੱਗੇ ਵਧਣ ਦਾ ਸੱਦਾ ਦਿੱਤਾ ਹੈ। ਇਨ੍ਹਾਂ ਹਾਲਾਤਾਂ 'ਤੇ ਚਰਚਾ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣ ਲਈ ਮਈ ਮਹੀਨੇ ਦੇ ਅੰਤ ਵਿੱਚ ਦੋਹਾਂ ਜਥੇਬੰਦੀਆਂ ਦੀ ਸੂਬਾਈ ਕਨਵੈਨਸ਼ਨ ਜਥੇਬੰਦ ਕੀਤੀ ਜਾਵੇਗੀ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਇਹਨਾਂ ਜਥੇਬੰਦੀਆਂ ਦੇ ਸੂਬਾ ਆਗੂਆਂ ਕੰਵਲਜੀਤ ਖੰਨਾ, ਨਰਾਇਣ ਦੱਤ, ਜਗਮੇਲ ਸਿੰਘ ਅਤੇ ਸ਼ੀਰੀਂ ਨੇ ਕਿਹਾ ਕਿ ਦੇਸ਼ ਅੰਦਰ ਫਿਰਕਾਪ੍ਰਸਤੀ ਵਾਲੀ ਪਾਟਕ ਪਾਊ ਸਿਆਸਤ ਰਾਹੀਂ ਤੇਜ਼ ਹੋ ਰਹੇ ਫ਼ਿਰਕੂ ਫਾਸ਼ੀ ਹਮਲੇ ਦਰਮਿਆਨ ਪੰਜਾਬ ਅੰਦਰ ਵੀ ਅਜਿਹੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਵਿਸ਼ੇਸ਼ ਕਰਕੇ ਪੰਜਾਬ ਵਿਧਾਨ ਸਭਾ ਦੀਆਂ ਨਜ਼ਦੀਕ ਆ ਰਹੀਆਂ ਚੋਣਾਂ ਕਾਰਨ ਨਕਲੀ, ਭੜਕਾਊ ਤੇ ਫਿਰਕੂ ਮੁੱਦੇ ਉਭਾਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਬੰਗਾਲ ਅੰਦਰ ਫਿਰਕੂ ਫਾਸ਼ੀ ਹੱਥ ਕੰਡੇ ਅਪਣਾਉਣ ਰਾਹੀਂ ਤੇ ਮਮਤਾ ਸਰਕਾਰ ਦੇ 15 ਵਰ੍ਹਿਆਂ ਦੇ ਲੋਕ ਦੋਖੀ ਜਾਬਰ ਰਾਜ ਦੇ ਅਕੇਵੇਂ ਦਾ ਲਾਹਾ ਲੈਣ ਰਾਹੀਂ ਭਾਜਪਾ ਸੱਤਾ ਹਥਿਆਉਣ ਮਗਰੋਂ ਹੁਣ ਪੰਜਾਬ 'ਚ ਵੀ ਅਜਿਹੀ ਖੇਡ ਖੇਡਣਾ ਚਾਹੁੰਦੀ ਹੈ। ਸੂਬੇ ਦੇ ਲੋਕ ਪਹਿਲਾਂ ਹੀ ਆਪ ਹਕੂਮਤ ਤੇ ਕੇਂਦਰੀ ਹਕੂਮਤ, ਦੋਹਾਂ ਦੀਆਂ ਲੋਕ ਦੋਖੀ ਤੇ ਕਾਰਪੋਰੇਟ ਪੱਖੀ ਨੀਤੀਆਂ ਹੇਠ ਪਿਸ ਰਹੇ ਹਨ। ਅਜਿਹੀ ਹਾਲਤ 'ਚ ਲੋਕਾਂ 'ਚ ਰੋਹ ਤੇ ਬੇਚੈਨੀ ਤਿੱਖੀ ਹੋ ਰਹੀ ਹੈ। ਸਭ ਹਾਕਮ ਪਾਰਟੀਆਂ ਇਸ ਰੋਹ ਤੇ ਬੇਚੈਨੀ ਨੂੰ ਵੋਟਾਂ 'ਚ ਢਾਲ ਕੇ ਗੱਦੀ ਤੱਕ ਪਹੁੰਚਣ ਲਈ ਪਿਛਾਖੜੀ ਹੱਥਕੰਡੇ ਅਪਣਾਉਣ 'ਤੇ ਉਤਾਰੂ ਹਨ।
ਮੁਲਕ ਦੀ ਸਭ ਤੋਂ ਵੱਡੀ ਹਾਕਮ ਜਮਾਤੀ ਪਾਰਟੀ ਅਤੇ ਕੇਂਦਰੀ ਸੱਤਾ 'ਤੇ ਕਾਬਜ ਭਾਜਪਾ ਇਸ ਵੇਲੇ ਫਿਰਕੂ ਰਾਸ਼ਟਰਵਾਦੀ ਫਾਸ਼ੀ ਹੱਲੇ 'ਤੇ ਸਵਾਰ ਹੈ। ਕੇਂਦਰੀ ਰਾਜ ਮਸ਼ੀਨਰੀ ਤੇ ਕਾਬਜ ਹੋਣ ਕਰਕੇ ਸਭਨਾਂ ਸੰਸਥਾਵਾਂ 'ਤੇ ਆਪਣੇ ਕੰਟਰੋਲ ਰਾਹੀਂ ਉਨ੍ਹਾਂ ਦੀ ਵੋਟ ਸਿਆਸਤੀ ਮੰਤਵਾਂ ਲਈ ਖੁੱਲ੍ਹਮ ਖੁੱਲ੍ਹੀ ਤੇ ਥੋਕ ਵਰਤੋਂ ਕਰ ਰਹੀ ਹੈ। ਵੋਟਾਂ ਹਥਿਆਉਣ ਲਈ ਫ਼ਿਰਕੂ ਫਾਸ਼ੀ ਲਾਮਬੰਦੀਆਂ ਸਮੇਤ ਸਭ ਤਰ੍ਹਾਂ ਦੇ ਘੋਰ ਪਿਛਾਖੜੀ ਹੱਥਕੰਡੇ ਅਖਤਿਆਰ ਕਰਨ 'ਚ ਮੋਹਰੀ ਬਣੀ ਹੋਈ ਹੈ। ਦੇਸ਼ ਅੰਦਰ ਉੱਠਦੇ ਲੋਕ ਸੰਘਰਸ਼ਾਂ ਨੂੰ ਕੁਚਲਣ ਤੇ ਲੋਕਾਂ ਦੀ ਜ਼ੁਬਾਨਬੰਦੀ ਕਰਨ ਲਈ ਕਾਲੇ ਕਾਨੂੰਨਾਂ ਦੀ ਥੋਕ ਵਰਤੋਂ ਕਰ ਰਹੀ ਹੈ ਤੇ ਕਾਲੇ ਕਾਨੂੰਨਾਂ ਦੇ ਦੰਦ ਹੋਰ ਤਿੱਖੇ ਕਰ ਰਹੀ ਹੈ। ਹਕੂਮਤੀ ਨੀਤੀਆਂ ਦਾ ਵਿਰੋਧ ਕਰਦੇ ਦਰਜਨਾਂ ਬੁੱਧੀਜੀਵੀਆਂ, ਪੱਤਰਕਾਰਾਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨ ਜੇਲ੍ਹਾਂ 'ਚ ਡੱਕੇ ਹੋਏ ਹਨ। ਹੁਣ ਤਾਜ਼ਾ ਜਾਬਰ ਹੱਲਾ ਵੱਡੇ ਸਰਮਾਏਦਾਰਾਂ ਦੀ ਅੰਨ੍ਹੀ ਲੁੱਟ ਖਿਲਾਫ ਆਵਾਜ਼ ਉਠਾ ਰਹੇ ਸਨਅਤੀ ਮਜ਼ਦੂਰਾਂ 'ਤੇ ਬੋਲਿਆ ਗਿਆ ਹੈ। ਦੇਸ਼ ਅੰਦਰ ਸੈਂਕੜੇ ਮਜ਼ਦੂਰ ਆਗੂ ਤੇ ਸਿਆਸੀ/ਸਮਾਜਿਕ ਕਾਰਕੁੰਨ ਝੂਠੇ ਕੇਸ ਮੜ੍ਹ ਕੇ ਜੇਲ੍ਹੀਂ ਡੱਕ ਦਿੱਤੇ ਗਏ ਹਨ।
ਦੂਸਰੀਆਂ ਹਾਕਮ ਪਾਰਟੀਆਂ ਵੀ ਭਾਜਪਾ ਨਾਲ ਵੋਟਾਂ ਦੇ ਅਖਾੜੇ 'ਚ ਭਿੜਨ ਵੇਲੇ ਆਪੋ ਆਪਣੇ ਵੋਟ ਆਧਾਰ ਦੀਆਂ ਲੋੜਾਂ ਅਨੁਸਾਰ ਪਿਛਾਖੜੀ ਤੇ ਪਾਟਕਪਾਊ ਤਰੀਕਿਆਂ ਦੀ ਦੌੜ 'ਚ ਸ਼ਾਮਲ ਹਨ। ਵੋਟ ਪਾਰਟੀਆਂ ਦਾ ਇਹ ਵੋਟ ਸਿਆਸਤੀ ਭੇੜ ਨਕਲੀ ਤੇ ਭਰਮਾਊ ਮੁੱਦਿਆਂ ਨੂੰ ਮੂਹਰੇ ਲਿਆਉਣ ਰਾਹੀਂ ਲੋਕਾਂ ਦੇ ਅਸਲੀ ਹੱਕੀ ਮੁੱਦਿਆਂ ਨੂੰ ਰੋਲਣ ਦਾ ਜ਼ਰੀਆ ਬਣ ਰਿਹਾ ਹੈ। ਕੇਂਦਰੀ ਹਕੂਮਤ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਮੰਤਰੀਆਂ ਨੂੰ ਅਤੇ ਹੋਰਨਾਂ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਡਰਾਉਣ ਦਬਕਾਉਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਇਸੇ ਆਪਸੀ ਕੁੱਕੜ ਖੋਹੀ ਦਾ ਨਤੀਜਾ ਹੈ। ਭਾਜਪਾ ਦਾ ਫ਼ਿਰਕੂ ਪ੍ਰਚਾਰ ਮੋੜਵੇਂ ਰੂਪ 'ਚ ਪੰਜਾਬ ਦੇ ਸਿੱਖ ਫਿਰਕੇ ‘ਚੋਂ ਵੋਟਾਂ ਵਟੋਰਨ ਵਾਲੇ ਫਿਰਕੂ ਸਿਆਸਤਦਾਨਾਂ ਨੂੰ ਤਕੜਾਈ ਦਿੰਦਾ ਹੈ, ਜਿਹੜੇ ਪਹਿਲਾਂ ਹੀ ਫ਼ਿਰਕੂ ਪ੍ਰਚਾਰ ਜ਼ਰੀਏ ਸਿੱਖ ਵੋਟਾਂ ਭੁਗਤਾ ਕੇ ਗੱਦੀ ਤੇ ਪਹੁੰਚਣ ਲਈ ਤਰਲੋਮੱਛੀ ਹੋ ਰਹੇ ਹਨ। ਇਸ ਵੋਟ ਸਿਆਸਤੀ ਭੇੜ ਦੌਰਾਨ ਪਰਵਾਸੀ ਮਜ਼ਦੂਰਾਂ ਖਿਲਾਫ਼ ਜ਼ਹਿਰੀਲੇ ਭੜਕਾਊ ਪ੍ਰਚਾਰ, ਧਾਰਮਿਕ ਬੇਅਦਬੀ, ਧਰਮ ਬਦਲੀ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਬਿਰਤਾਂਤ ਸਿਰਜੇ ਅਤੇ ਵਰਤਾਏ ਜਾ ਰਹੇ ਹਨ।
ਇਹ ਨਕਲੀ ਤੇ ਭਰਮਾਊ ਬਿਰਤਾਂਤ ਅਖੌਤੀ ਆਰਥਿਕ ਸੁਧਾਰਾਂ ਦੇ ਨਿੱਜੀਕਰਨ ਵਪਾਰੀਕਰਨ ਵਾਲੇ ਹੱਲੇ ਦੀ ਹਕੀਕਤ ਢੱਕਣ ਦਾ ਸਾਧਨ ਵੀ ਬਣਾਏ ਜਾਂਦੇ ਹਨ, ਜਿਸ ਹਮਲੇ ਨੂੰ ਸੂਬਾਈ ਤੇ ਕੇਂਦਰੀ ਹਕੂਮਤਾਂ ਇੱਕ ਦੂਜੇ ਤੋਂ ਵੱਧ ਕੇ ਲਾਗੂ ਕਰਨ ਲਈ ਜੁਟੀਆਂ ਹੋਈਆਂ ਹਨ। ਇਸ ਹੱਲੇ ਦਾ ਸਿੱਟਾ ਦਿਨੋਂ ਦਿਨ ਵਧ ਰਹੀ ਮਹਿੰਗਾਈ, ਕਿਰਤੀਆਂ ਦੀ ਤਿੱਖੀ ਹੋ ਰਹੀ ਲੁੱਟ, ਮਨਰੇਗਾ ਵਰਗੀਆਂ ਵਕਤੀ ਰਾਹਤ ਸਕੀਮਾਂ ਦਾ ਸੁੰਗੇੜਾ, ਨਿੱਜੀਕਰਨ ਦਾ ਹੋ ਰਿਹਾ ਪਸਾਰਾ, ਮਹਿੰਗੀ ਹੁੰਦੀ ਸਿੱਖਿਆ, ਇਲਾਜ ਤੇ ਹੋਰ ਸਹੂਲਤਾਂ, ਤੇਜ਼ੀ ਨਾਲ ਵੱਧਦੀ ਬੇਰੁਜ਼ਗਾਰੀ, ਕਿਰਤੀ ਮਜ਼ਦੂਰ ਕਿਸਾਨਾਂ ਸਿਰ ਵਧਦਾ ਕਰਜ਼ਿਆਂ ਦਾ ਭਾਰ, ਗ਼ਰੀਬ ਕਿਸਾਨੀ ਦੀਆਂ ਖੁਰਦੀਆਂ ਜ਼ਮੀਨਾਂ ਆਦਿ ਵਜੋਂ ਨਿੱਕਲ ਰਿਹਾ ਹੈ। ਹਾਕਮ ਪਾਰਟੀ ਦੇ ਵੋਟ ਬਿਰਤਾਂਤ ਇਨ੍ਹਾਂ ਅਸਲ ਮੁੱਦਿਆਂ ਦੀ ਚਰਚਾ ਤੱਕ ਨੂੰ ਵੀ ਪਿੱਛੇ ਧੱਕ ਰਹੇ ਹਨ। ਇਨ੍ਹਾਂ ਮੁੱਦਿਆਂ ਪਿਛਲੀਆਂ ਨੀਤੀਆਂ 'ਤੇ ਚਰਚਾ ਕਰਨੀ ਤਾਂ ਉਂਝ ਹੀ ਦੂਰ ਦੀ ਗੱਲ ਹੈ ਕਿਉਂਕਿ ਇਨ੍ਹਾਂ ਨੀਤੀਆਂ 'ਤੇ ਇਹ ਸਾਰੀਆਂ ਪਾਰਟੀਆਂ ਸਹਿਮਤ ਹਨ ਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਭਰਮਾਊ ਹਥਿਆਰਾਂ ਵਜੋਂ ਵਰਤੇ ਜਾਂਦੇ ਹੱਥਕੰਡਿਆਂ ਤੋਂ ਕਿਸੇ ਨੂੰ ਕੋਈ ਗੁਰੇਜ਼ ਨਹੀਂ ਹੈ। ਪੰਜਾਬ ਦੀ ਆਪ ਸਰਕਾਰ ਵੀ ਸਾਮਰਾਜੀ ਨੀਤੀਆਂ ਦੇ ਧਾਵੇ ਨੂੰ ਅੱਗੇ ਵਧਾਉਣ 'ਚ ਭਾਜਪਾ ਤੋਂ ਪਿੱਛੇ ਨਹੀਂ ਰਹਿ ਰਹੀ ਹੈ। ਇਸੇ ਕਰਕੇ ਪੰਜਾਬ ਦੇ ਸਾਰੇ ਮਿਹਨਤਕਸ਼ ਵਰਗ ਇਸ ਹਕੂਮਤ ਖਿਲਾਫ਼ ਸੰਘਰਸ਼ਾਂ ਦੇ ਮੋਰਚੇ ਮੱਲ ਰਹੇ ਹਨ ਤੇ ਇਹ ਸਰਕਾਰ ਵੀ ਪੱਤਰਕਾਰਾਂ ਦੀ ਜ਼ੁਬਾਨਬੰਦੀ ਕਰਨ ਲਈ ਝੂਠੇ ਕੇਸ ਬਣਾਉਣ, ਲੇਖਕਾਂ ਖਿਲਾਫ਼ 295-ਏ ਵਰਗੀ ਧਾਰਾ ਦੀ ਵਰਤੋਂ ਕਰਨ ਤੋਂ ਲੈ ਕੇ ਲੋਕਾਂ ਦੇ ਸੰਘਰਸ਼ਾਂ ਨੂੰ ਡੱਕਣ 'ਚ ਲੱਗੀ ਹੋਈ ਹੈ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਕਾਨੂੰਨ ਲਿਆਉਣ ਰਾਹੀਂ ਵੀ ਇਹ ਪਿਛਾਖੜੀ ਹੱਥ ਕੰਡੇ ਅਪਣਾਉਣ 'ਚ ਭਾਜਪਾ ਨੂੰ ਟੱਕਰ ਦੇਣਾ ਚਾਹੁੰਦੀ ਹੈ।
ਇਨ੍ਹਾਂ ਦਿਨਾਂ 'ਚ ਮੋਦੀ ਹਕੂਮਤ ਵੱਲੋਂ ਲੋਕਾਂ ਸਿਰ ਮਹਿੰਗਾਈ ਦਾ ਭਾਰ ਪਾਉਣ ਦਾ ਨਵਾਂ ਹੱਲਾ ਹੋ ਰਿਹਾ ਹੈ। ਤੇਲ, ਰਸੋਈ ਗੈਸ ਤੇ ਹੋਰ ਜ਼ਰੂਰੀ ਚੀਜ਼ਾਂ ਦੀਆ ਕੀਮਤਾਂ ਦੇ ਵਾਧਿਆਂ ਨੂੰ ਅਮਰੀਕਾ ਇਰਾਨ ਜੰਗ ਦੇ ਖਾਤੇ ਪਾ ਕੇ ਸਰਕਾਰ ਲੋਕਾਂ ਦੀ ਲੁੱਟ ਦੇ ਨਵੇਂ ਕਦਮ ਲੈ ਰਹੀ ਹੈ। ਵੱਡੇ ਸਰਮਾਏਦਾਰਾਂ ਤੇ ਕੰਪਨੀਆਂ ਦੇ ਆਰਥਿਕ ਸੰਕਟਾਂ ਦਾ ਭਾਰ ਲੋਕਾਂ 'ਤੇ ਲੱਦਣ ਤੇ ਉਨ੍ਹਾਂ ਦੇ ਕਾਰੋਬਾਰਾਂ ਦੇ ਮੁਨਾਫ਼ਿਆਂ ਨੂੰ ਕਾਇਮ ਰੱਖਣ ਤੇ ਵਧਾਉਣ ਲਈ ਕੌਮਾਂਤਰੀ ਜੰਗੀ ਮਹੌਲ ਦੀ ਓਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਦਾ ਮੱਥਾ ਹਕੂਮਤੀ ਨੀਤੀਆਂ ਕਾਰਨ ਪੈਦਾ ਹੋਏ ਆਰਥਿਕ ਸੰਕਟ ਦੇ ਅਗਲੇ ਗੇੜ ਨਾਲ ਲੱਗਣ ਜਾ ਰਿਹਾ ਹੈ।
ਇਨ੍ਹਾਂ ਹਾਲਾਤਾਂ 'ਚ ਲੋਕਾਂ ਦਾ ਪਹਿਲਾ ਸਰੋਕਾਰ ਬਣਦਾ ਹੈ ਕਿ ਆਪਣੀ ਜਮਾਤੀ ਤਬਕਾਤੀ ਏਕਤਾ ਦੀ ਰਾਖ਼ੀ ਕੀਤੀ ਜਾਵੇ। ਇਸ ਨੂੰ ਮੌਕਾਪ੍ਰਸਤ ਵੋਟ ਪਾਰਟੀਆਂ ਤੇ ਸਿਆਸਤਦਾਨਾਂ ਦੇ ਪਾਟਕਪਾਊ ਪੈਂਤੜਿਆਂ ਤੋਂ ਬਚਾਇਆ ਜਾਵੇ। ਇਸ ਲੋਕ ਦੋਖੀ ਪ੍ਰਦੂਸ਼ਿਤ ਮਾਹੌਲ ਦਰਮਿਆਨ ਆਪਣੇ ਹੱਕੀ ਮੁੱਦਿਆਂ ਦੀ ਚਰਚਾ ਰੁਲਣ ਨਾ ਦਿੱਤੀ ਜਾਵੇ,ਸਗੋਂ ਹਰ ਤਰ੍ਹਾਂ ਦੇ ਭਟਕਾਊ ਤੇ ਪਾਟਕਪਾਊ ਬਿਰਤਾਂਤਾਂ ਨੂੰ ਰੱਦ ਕਰਦੇ ਹੋਏ ਆਪਣੇ ਅਸਲੀ ਮੁੱਦਿਆਂ ਨੂੰ ਉਭਾਰਨ ਤੇ ਇਨ੍ਹਾਂ ਲਈ ਸੰਘਰਸ਼ ਤੇਜ਼ ਕਰਨ ਉੱਤੇ ਜ਼ੋਰ ਲਗਾਇਆ ਜਾਵੇ।ਭਾਜਪਾ ਦੇ ਫ਼ਿਰਕੂ ਫਾਸ਼ੀ ਹਮਲੇ ਦੇ ਟਾਕਰੇ ਲਈ ਕਿਸੇ ਇੱਕ ਜਾਂ ਦੂਜੀ ਬਦਲਵੀਂ ਵੋਟ ਪਾਰਟੀ ਤੋਂ ਉਮੀਦਾਂ ਦਾ ਭਰਮ ਰੱਖਣ ਦੀ ਥਾਂ ਆਪਣੀ ਜਥੇਬੰਦ ਲੋਕ ਤਾਕਤ ਅਤੇ ਸੰਘਰਸ਼ ਤੇ ਟੇਕ ਰੱਖਣ ਦੀ ਪਹੁੰਚ ਅਪਣਾਈ ਜਾਵੇ। ਇਸ ਲਈ ਜ਼ਰੂਰੀ ਹੈ ਕਿ ਪੰਜਾਬ ਦੇ ਲੋਕ ਦੋਹਾਂ ਹਕੂਮਤਾਂ ਦੇ ਲੋਕ ਦੋਖੀ ਜਾਬਰ ਕਦਮਾਂ ਖਿਲਾਫ਼ ਆਵਾਜ਼ ਉਠਾਉਂਦਿਆਂ ਅਖੌਤੀ ਆਰਥਿਕ ਸੁਧਾਰਾਂ ਦਾ ਹਮਲਾ ਰੱਦ ਕਰਨ, ਸਾਮਰਾਜੀ ਮੁਲਕਾਂ ਨਾਲ ਅਣਸਾਵੀਆਂ ਵਪਾਰਕ ਤੇ ਫ਼ੌਜੀ ਸੰਧੀਆਂ ਰੱਦ ਕਰਨ, ਜਮਹੂਰੀ ਹੱਕਾਂ 'ਤੇ ਹਮਲੇ ਬੰਦ ਕਰਨ ਤੇ ਜਾਬਰ ਕਾਲੇ ਕਾਨੂੰਨ ਰੱਦ ਕਰਨ, ਨਿੱਜੀਕਰਨ ਵਪਾਰੀਕਰਨ ਦੇ ਸਾਰੇ ਕਦਮ ਫੌਰੀ ਰੋਕਣ ਤੇ ਵਾਪਸ ਕਰਨ, ਗੁਜ਼ਾਰੇ ਲਾਇਕ ਤੇ ਮਾਨ ਸਨਮਾਨ ਯੋਗ ਜ਼ਿੰਦਗੀ ਲਈ ਘੱਟੋ ਘੱਟ ਉਜਰਤਾਂ ਤੈਅ ਕਰਕੇ ਲਾਗੂ ਕਰਨ, ਮਹਿੰਗਾਈ ਦੇ ਕਦਮ ਰੋਕਣ, ਵੱਡੇ ਸਰਮਾਏਦਾਰ ਤੇ ਸਾਮਰਾਜੀ ਕੰਪਨੀਆਂ 'ਤੇ ਟੈਕਸ ਲਾਕੇ ਸਰਕਾਰੀ ਖ਼ਜ਼ਾਨਾ ਭਰਨ ਤੇ ਲੋਕਾਂ ਤੋਂ ਟੈਕਸਾਂ ਦਾ ਬੋਝ ਘੱਟ ਕਰਨ ਵਰਗੇ ਮੁੱਦਿਆਂ ਲਈ ਸੰਘਰਸ਼ ਤੇਜ਼ ਕਰਨ।
ਭਾਰਤੀ ਰਾਜ ਦੀਆਂ ਹਾਕਮ ਜਮਾਤਾਂ ਦੇ ਵਧ ਰਹੇ ਜਾਬਰ ਤੇ ਫਾਸ਼ੀ ਰੁਝਾਨਾਂ ਅਤੇ ਇਨ੍ਹਾਂ ਦੀ ਝੰਡਾਬਰਦਾਰ ਬਣ ਕੇ ਉਭਰੀ ਅਤੇ ਲੋਕਾਂ ਖਿਲਾਫ਼ ਸਾਮਰਾਜੀ ਨੀਤੀਆਂ ਦੇ ਧਾਵੇ ਨੂੰ ਫਾਸ਼ੀ ਹੱਲੇ ਨਾਲ ਜੋੜ ਕੇ ਅੱਗੇ ਵਧਾ ਰਹੀ ਭਾਜਪਾ ਹਕੂਮਤ ਦੇ ਟਾਕਰੇ ਦਾ ਰਾਹ ਇਨਕਲਾਬ ਦਾ ਰਾਹ ਹੈ। ਇਹ ਫਾਸ਼ੀ ਹੱਲਾ ਅਖੌਤੀ ਜਮਹੂਰੀਅਤ ਨੂੰ ਹੋਰ ਵਧੇਰੇ ਜਾਬਰ ਤੇ ਖੂੰਖਾਰ ਬਣਾਉਣ ਦੇ ਰੂਪ 'ਚ ਸਾਹਮਣੇ ਆ ਰਿਹਾ ਹੈ। ਇਸ ਲਈ ਖਰੀ ਲੋਕ ਜਮਹੂਰੀਅਤ ਦੀ ਸਿਰਜਣਾ ਲਈ ਲੋਕ ਸੰਘਰਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਹੀ ਇਸ ਜਾਬਰ ਫ਼ਿਰਕੂ ਫਾਸ਼ੀ ਹਮਲੇ ਦਾ ਟਾਕਰਾ ਕੀਤਾ ਜਾ ਸਕਦਾ ਹੈ। ਇਸ ਲਈ ਸਭਨਾਂ ਧਰਮ ਨਿਰਪੱਖ, ਜਮਹੂਰੀ,ਲੋਕ ਪੱਖੀ, ਦੇਸ਼ ਭਗਤ ਤਾਕਤਾਂ ਦਾ ਵਿਸ਼ਾਲ ਏਕਾ ਉਸਾਰਿਆ ਜਾਣਾ ਚਾਹੀਦਾ ਹੈ। ਇਸ ਵਿਸ਼ਾਲ ਏਕੇ ਦੇ ਜ਼ੋਰ ਸੰਸਾਰ ਸਾਮਰਾਜੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੇ ਹੱਲੇ ਖਿਲਾਫ਼ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਫਿਰਕੂ ਫਾਸ਼ੀ ਹਮਲੇ ਦਾ ਟਾਕਰਾ ਕੀਤਾ ਜਾ ਸਕਦਾ ਹੈ।
ਅਸੀਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਹਾਕਮ ਜਮਾਤੀ ਪਾਰਟੀਆਂ ਦੀ ਇਸ ਪਿਛਾਖੜੀ ਤੇ ਲੋਕ ਦੋਖੀ ਵੰਡ ਪਾਊ ਸਿਆਸਤ ਦਰਮਿਆਨ, ਆਪਣੀ ਹਕੀਕੀ ਇਨਕਲਾਬੀ ਸਿਆਸਤ ਦੀ ਪਛਾਣ ਕਰਨ, ਤਰ੍ਹਾਂ ਤਰ੍ਹਾਂ ਦੇ ਬਿਰਤਾਂਤਾਂ ਦਰਮਿਆਨ ਆਪਣੇ ਹੱਕੀ ਜਮਾਤੀ ਮੁੱਦਿਆਂ ਦੇ ਸੰਘਰਸ਼ਾਂ ਨੂੰ ਵਿਸ਼ਾਲ ਕਰਨ ਤੇ ਇਨ੍ਹਾਂ ਨੂੰ ਇਨਕਲਾਬੀ ਤਬਦੀਲੀ ਦੀ ਸੇਧ 'ਚ ਅੱਗੇ ਵਧਾਉਣ। ਸਾਂਝੇ ਮੁੱਦਿਆਂ ਵਾਲੇ ਕਿਰਤੀ ਵਰਗਾਂ ਦੇ ਸਾਂਝੇ ਸੰਘਰਸ਼ਾਂ ਦੀ ਗੂੰਜ ਉੱਚੀ ਕਰਨ।
No comments:
Post a Comment