ਬੰਗਾਲ ਚੋਣ ਨਤੀਜਿਆਂ ਬਾਰੇ
ਪੰਜ ਸੂਬਿਆਂ ਦੀਆਂ ਚੋਣਾਂ ਦੇ ਨਤੀਜਿਆਂ ਦੇ ਅਰਥ ਪੱਖੋਂ ਸਭ ਤੋਂ ਮਹੱਤਵਪੂਰਨ ਪੱਛਮੀ ਬੰਗਾਲ ਬਣਿਆ ਹੋਇਆ ਸੀ ਜਿੱਥੇ ਭਾਜਪਾ ਵੱਲੋਂ ਜੇਤੂ ਝੰਡਾ ਲਹਿਰਾਏ ਜਾਣ ਲਈ ਦਹਾਕੇ ਭਰ ਤੋਂ, ਖਾਸ ਕਰਕੇ 6-7 ਸਾਲਾਂ ਤੋਂ ਸਿਰ ਤੋੜ ਯਤਨ ਕੀਤੇ ਜਾ ਰਹੇ ਸਨ। ਲਗਾਤਾਰ ਤੀਜੀ ਵਾਰ ਕੇਂਦਰੀ ਹਕੂਮਤੀ ਸੱਤਾ 'ਤੇ ਕਾਬਜ਼ ਹੋਈ, ਵੱਡੀ ਗਿਣਤੀ ਸੂਬਿਆਂ ਦੀਆਂ ਸਰਕਾਰਾਂ ਬਣਾਉਣ 'ਚ ਕਾਮਯਾਬ ਰਹਿ ਰਹੀ ਤੇ ਫ਼ਿਰਕੂ ਫਾਸ਼ੀ ਹਮਲੇ 'ਤੇ ਸਵਾਰ ਹੋ ਕੇ ਲੋਕਾਂ ਖ਼ਿਲਾਫ਼ ਆਰਥਿਕ ਸੁਧਾਰਾਂ ਦਾ ਰੋਲਰ ਚਲਾ ਰਹੀ ਭਾਜਪਾ ਦੀ ਬੰਗਾਲ ਅੰਦਰ ਕਾਮਯਾਬੀ ਪੱਖੋਂ ਇਹ ਨਤੀਜੇ ਵਿਸ਼ੇਸ਼ ਕਰਕੇ ਮਹੱਤਵਪੂਰਨ ਸਨ। ਇੱਥੇ ਭਾਜਪਾ ਨੇ ਆਖਿਰ ਕਾਮਯਾਬੀ ਹਾਸਲ ਕਰ ਲਈ ਅਤੇ 294 ਸੀਟਾਂ ਵਾਲੀ ਅੰਸੈਂਬਲੀ 'ਚ 207 ਸੀਟਾਂ ਹਾਸਿਲ ਕਰਕੇ ਵੱਡੀ ਜਿੱਤ ਦਰਜ ਕੀਤੀ। ਪੰਦਰਾਂ ਸਾਲ ਤੋਂ ਰਾਜ ਕਰ ਰਹੀ ਟੀ.ਐਮ.ਸੀ. 80 ਸੀਟਾਂ 'ਤੇ ਸਿਮਟ ਗਈ। ਇੱਥੇ ਮੁਕਾਬਲਾ ਇਹਨਾਂ ਦੋਹਾਂ ਦਰਮਿਆਨ ਹੀ ਸੀ ਜਦਕਿ ਕਾਂਗਰਸ ਤੇ ਖੱਬਾ ਮੋਰਚਾ ਇਸ ਦੌੜ 'ਚੋਂ ਬਾਹਰ ਹੀ ਸਨ।
ਬੰਗਾਲ 'ਚ ਭਾਜਪਾ ਦੀ ਜਿੱਤ 'ਚ ਤਿੱਖੀ ਫ਼ਿਰਕੂ ਪਾਲਾਬੰਦੀ, ਟੀ.ਐਮ.ਸੀ. ਦੇ ਜਾਬਰ ਤੇ ਧੱਕੜ ਰਾਜ ਤੋਂ ਲੋਕਾਂ ਦਾ ਅਕੇਵਾਂ ਤੇ ਐਸ.ਆਈ.ਆਰ ਦੇ ਹੱਥਕੰਡੇ ਵਰਗੇ ਕਾਰਕਾਂ ਦਾ ਰਲਵਾਂ ਮਿਲਵਾਂ ਰੋਲ ਬਣਿਆ ਹੈ ਤੇ ਇਹਨਾਂ ਸਭਨਾਂ ਦੇ ਜੋੜ ਮੇਲ ਦੀ ਅਸਰਦਾਰ ਵਰਤੋਂ ਰਾਹੀਂ ਭਾਜਪਾ ਬੰਗਾਲ ਦੀ ਕੁਰਸੀ ਕਬਜ਼ਾਉਣ'ਚ ਕਾਮਯਾਬ ਹੋ ਗਈ ਹੈ।
ਬੰਗਾਲ ਅੰਦਰ ਫ਼ਿਰਕੂ ਧਰੁਵੀਕਰਨ ਦਾ ਇਹ ਸਿਲਸਿਲਾ ਪਿਛਲੇ ਦਹਾਕੇ ਤੋਂ ਕਾਫੀ ਤੇਜ਼ ਕੀਤਾ ਹੋਇਆ ਸੀ ਤੇ ਭਾਜਪਾ ਸਾਲਾਂ ਤੋਂ ਇਸ ਨੂੰ ਮਿਸ਼ਨ ਵਜੋਂ ਲੈ ਕੇ ਲੱਗੀ ਹੋਈ ਸੀ। 2021 ਦੀ ਚੋਣ ਵੇਲੇ ਵੀ ਭਾਜਪਾ ਵੱਲੋਂ ਪੂਰ ਤਾਣ ਜੁਟਾ ਕੇ ਲੜਿਆ ਗਿਆ ਸੀ, ਤਾਣ ਜੁਟਾਉਣ ਦਾ ਅਰਥ ਕੇਂਦਰੀ ਹਕੂਮਤੀ ਤਾਕਤ ਝੋਕ ਕੇ ਲੜਿਆ ਗਿਆ ਸੀ, ਪਰ ਉਦੋਂ ਦਾਅ ਪੂਰਾ ਫੁਰ ਨਹੀਂ ਸਕਿਆ ਸੀ। ਹੁਣ ਮਮਤਾ ਦੇ ਦੁਰ-ਰਾਜ ਤੋਂ ਬਦਜ਼ਨੀ ਤੇ ਐਸ.ਆਈ.ਆਰ. ਦੇ ਜੁੜਵੇਂ ਮੇਲ ਰਾਹੀਂ ਇਹ ਦਾਅ ਕਾਮਯਾਬ ਹੋ ਨਿਬੜਿਆ ਹੈ। ਮੌਜੂਦਾ ਚੋਣਾਂ 'ਚ ਵੀ ਕੇਂਦਰੀ ਰਿਆਇਤੀ ਸਕੀਮਾਂ ਦਾ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਸੀ ਜਦਕਿ ਸੂਬਾਈ ਸਕੀਮਾਂ 'ਚ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਸਨ। ਈ.ਡੀ., ਸੀ.ਬੀ.ਆਈ. ਤੇ ਹੋਰਨਾਂ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਕੇ ਟੀ.ਐਮ.ਸੀ. ਹਕੂਮਤ ਦੇ ਭ੍ਰਿਸ਼ਟਾਚਾਰ ਨੂੰ ਨਸ਼ਰ ਕਰਨ ਤੋਂ ਲੈ ਕੇ, ਇਸਦੇ ਮੰਤਰੀਆਂ ਤੇ ਨੇਤਾਵਾਂ ਨੂੰ ਧਮਕਾਉਣ-ਡਰਾਉਣ, ਤ੍ਰਿਣਮੂਲ ਕਾਂਗਰਸ ਪਾਰਟੀ ਤੋਂ ਭਾਜਪਾ 'ਚ ਸਿਫ਼ਟ ਕਰਵਾਉਣ ਦੇ ਢੰਗ ਅਖਤਿਆਰ ਕੀਤੇ ਗਏ। ਫਿਰਕੂ ਪਾਲਾਬੰਦੀ ਲਈ ਮੁਸਲਿਮ ਆਬਾਦੀ ਨੂੰ ਬੰਗਲਾਦੇਸ਼ੀ ਘੁਸਪੈਠੀਏ ਐਲਾਨਣ ਦਾ ਬਿਰਤਾਂਤ ਸਿਰਜਿਆ ਗਿਆ। ਬੰਗਾਲ ਤੋਂ ਭਜਾ ਦੇਣ ਦੇ ਐਲਾਨ ਕੀਤੇ ਗਏ।
ਬਾਕੀ ਰਹਿੰਦੀ ਕਸਰ ਚੋਣਾਂ ਤੋਂ ਐਨ ਪਹਿਲਾਂ ਵੋਟਾਂ ਦੀ ਸੁਧਾਈ ਦਾ ਵਿਆਪਕ ਅਮਲ ਸ਼ੁਰੂ ਕਰਕੇ ਪੂਰੀ ਕੀਤੀ ਗਈ। ਇਹ ਸੂਬਾਈ ਭਾਜਪਾ ਦੀਆਂ ਵਿਉਂਤਾਂ ਅਨੁਸਾਰ ਤ੍ਰਿਣਮੂਲ ਕਾਂਗਰਸ ਦੇ ਵੋਟ ਅਧਾਰ ਦੀਆਂ ਵੋਟਾਂ ਕੱਟਣ ਦੀ ਵੱਡੀ ਵਿਉਂਤ ਦਾ ਪ੍ਰੋਜੈਕਟ ਸੀ। ਤਿੱਖੀ ਹੋਈ ਫ਼ਿਰਕੂ ਪਾਲਾਬੰਦੀ 'ਚ ਭਾਜਪਾ ਲਈ ਤਾਂ ਸਹੀ ਟੇਕ ਹਿੰਦੂ ਧਰਮ ਅਧਾਰਿਤ ਵੋਟ ਬੈਂਕ 'ਤੇ ਸੀ ਜਦਕਿ ਉਮੀਦ ਕੀਤੀ ਜਾਂਦੀ ਸੀ ਕਿ ਆਮ ਰਵਾਇਤ ਅਨੁਸਾਰ ਮੁਸਲਿਮ ਵੋਟ ਟੀ.ਐਮ.ਸੀ. ਵੱਲ ਭੁਗਤਣੀ ਸੀ। ਤ੍ਰਿਣਮੂਲ ਕਾਂਗਰਸ ਨੇ ਵੀ ਪਿਛਲੇ ਸਾਲਾਂ 'ਚ ਭਾਜਪਾ ਦੇ ਹਿੰਦੂਤਵੀ ਏਜੰਡੇ ਖ਼ਿਲਾਫ਼ ਪ੍ਰਚਾਰ ਕਰਕੇ ਮੁਸਲਿਮ ਵੋਟ ਅਧਾਰ ਦਾ ਪਸਾਰਾ ਕਰਿਆ ਸੀ। ਇਸ ਹਾਲਤ 'ਚ ਇਹ ਤੈਅ ਸੀ ਮੁਸਲਿਮ ਵੋਟਾਂ ਕੱਟੀਆਂ ਜਾਣੀਆਂ ਸਨ। ਹੁਣ ਨਤੀਜਿਆਂ ਮਗਰੋਂ ਵੀ ਇਹੀ ਤਸਵੀਰ ਉੱਘੜੀ ਹੈ ਕਿ ਭਾਜਪਾ ਦੀ ਜਿੱਤ ਵਾਲੀਆਂ ਸੀਟਾਂ 'ਤੇ ਐਸ.ਆਈ.ਆਰ ਦਾ ਅਸਰ ਜ਼ਾਹਰਾ ਦਿਖਾਈ ਦਿੱਤਾ ਹੈ। ਮੁਸਲਿਮ ਬਹੁ-ਗਿਣਤੀ ਵਾਲੇ 12 ਜ਼ਿਲ੍ਹਿਆਂ 'ਚ ਐਸ.ਆਈ.ਐਰ ਨਾਲ ਕੱਟੀਆਂ ਵੋਟਾਂ ਦੀ ਗਿਣਤੀ ਕਾਫ਼ੀ ਵੱਡੀ ਹੈ। ਇਹਨਾਂ ਜ਼ਿਲ੍ਹਿਆਂ ਦੇ ਬਾਰਡਰ ਵੀ ਬੰਗਲਾਦੇਸ਼ ਨਾਲ ਨਹੀਂ ਲੱਗਦੇ ਜਿੱਥੋਂ ਭਾਜਪਾ ਵੱਲੋਂ 'ਘੁਸਪੈਠੀਆਂ' ਦਾ ਹਵਾਲਾ ਦੇ ਕੇ ਐਸ.ਆਈ.ਆਰ. 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਸੀ। ਬੰਗਾਲ ਦੇ ਆਰਥਿਕ ਮਾਹਰ ਪ੍ਰਸੇਨਜੀਤ ਬੌਸ ਨੇ 'ਦ ਹਿੰਦੂ' 'ਚ ਪੇਸ਼ ਕੀਤੇ ਹਲਕਾ ਅਨੁਸਾਰ ਵਿਸ਼ਲੇਸ਼ਣ 'ਚ ਕਿਹਾ ਹੈ ਕਿ ਅੰਸਬੈਂਲੀ ਹਲਕਿਆਂ ਵਾਰ ਨਤੀਜਿਆਂ ਦਾ ਵਿਸ਼ਲੇਸ਼ਣ ਇਹ ਤਸਵੀਰ ਉਘਾੜਦਾ ਹੈ ਕਿ ਭਾਜਪਾ ਵੱਲੋਂ ਜਿੱਤੀਆਂ ਗਈਆਂ 207 ਸੀਟਾਂ 'ਚੋਂ 82 ਸੀਟਾਂ 'ਤੇ ਐਸ.ਆਈ.ਆਰ. 'ਚ ਕੀਤੀ ਕਾਂਟ ਛਾਂਟ ਦੀ ਗਿਣਤੀ ਭਾਜਪਾ ਦੇ ਜੇਤੂ ਫ਼ਰਕ ਤੋਂ ਜ਼ਿਆਦਾ ਹੈ। ਇਹਨਾਂ 'ਚੋਂ 70 ਸੀਟਾਂ ਮੁਸਲਿਮ ਘਣਤਾ ਵਾਲੇ ਜ਼ਿਲ੍ਹਿਆਂ 'ਚ ਸਥਿਤ ਹਨ। 2021 'ਚ ਇਹਨਾਂ ਜ਼ਿਲ੍ਹਿਆਂ ਦੇ 82 ਹਲਕਿਆਂ 'ਚੋਂ ਭਾਜਪਾ ਸਿਰਫ 9 ਸੀਟਾਂ ਜਿੱਤ ਸਕੀ ਸੀ। ਇਉਂ ਕਿਹਾ ਜਾ ਸਕਦਾ ਹੈ ਕਿ ਐਸ.ਆਈ.ਆਰ. ਤਹਿਤ ਹੋਈ ਕਟੌਤੀ ਨੇ ਭਾਜਪਾ ਦੀ ਜਿੱਤ 'ਚ ਅਹਿਮ ਰੋਲ ਅਦਾ ਕੀਤਾ ਹੈ। ਮੁਸਲਿਮ ਵੋਟਾਂ ਦੇ ਮਮਤਾ ਦੀ ਪਾਰਟੀ ਤੋਂ ਮੋਹ ਭੰਗ ਹੋਣ ਦੀ ਚਰਚਾ ਵੀ ਹੋਈ ਹੈ ਕਿਉਂ ਕਿ ਭਾਜਪਾ ਦੇ ਫਿਰਕੂ ਹੱਲੇ ਖਿਲਾਫ ਹਕੀਕੀ ਤੌਰ ਤੇ ਡਟਣ ਦੀ ਥਾਂ ਮਮਤਾ ਬੈਨਰਜੀ ਵੋਟ ਗਿਣਤੀਆਂ ਅਨੁਸਾਰ ਆਪਣਾ ਵਿਹਾਰ ਤੈਅ ਕਰਦੀ ਰਹੀ ਹੈ, ਸਿਰਫ਼ ਕਾਰਵਾਈਆਂ ਐਲਾਨਾਂ ਤੱਕ ਸੀਮਤ ਰਹੀ ਹੈ, ਹਿੰਦੂ ਵੋਟ ਬੈਂਕ ਦੀ ਨਾਰਾਜ਼ਗੀ ਦੇ ਖਤਰੇ ਤੋਂ ਘਬਰਾ ਕੇ ਸਪਸ਼ਟ ਪੈਂਤੜੇ ਤੋਂ ਪਰਹੇਜ ਕਰਦੀ ਰਹੀ ਹੈ। ਇਸ ਹਾਲਤ ਨੇ ਵੀ ਮੁਸਲਿਮ ਵੋਟਰਾਂ ਨੂੰ ਕੁਝ ਨਾ ਕੁਝ ਹੋਰਨਾਂ ਪਾਰਟੀਆਂ ਵੱਲ ਮੋੜਿਆ ਹੈ|
ਇਉਂ ਬੰਗਾਲ ਚੋਣਾਂ 'ਚ ਚੋਣ ਕਮਿਸ਼ਨ ਵੱਲੋਂ ਸਿੱਧੇ ਤੌਰ 'ਤੇ ਹੀ ਭਾਜਪਾ ਦਾ ਹੱਥ-ਠੋਕਾ ਬਣਕੇ ਚੱਲਣ ਅਤੇ ਮਨਚਾਹੀ ਗਿਣਤੀ 'ਚ ਵੋਟਾਂ ਕਟੌਤੀ ਕਰਨ ਦਾ ਸਿਰੇ ਦਾ ਧੱਕੜ ਕਦਮ ਲੈਣ ਰਾਹੀਂ ਭਾਜਪਾ ਨੇ ਇਹਨਾਂ ਚੋਣ ਨਤੀਜਿਆਂ ਨੂੰ ਆਪਣੇ ਪੱਖ 'ਚ ਕੀਤਾ ਹੈ। ਵਿਰੋਧੀ ਪਾਰਟੀਆਂ ਦੇ ਵੋਟ ਅਧਾਰ 'ਚੋਂ ਵੋਟਾਂ ਕੱਟ ਕੇ ਚੋਣਾਂ ਨੂੰ ਅਗਵਾ ਕਰ ਲੈਣ ਦਾ ਇਹ ਭਾਜਪਾਈ ਢੰਗ ਘੋਰ ਪਿਛਾਖੜੀ ਤੇ ਧੱਕੜ ਢੰਗ ਹੈ ਜਿਹੜਾ ਵੋਟ ਦੇ ਹੱਕ ਦੀ ਪਹਿਲਾਂ ਹੀ ਬੇਹੱਦ ਨਿਗੂਣੀ ਤੇ ਰਸਮੀ ਹੈਸੀਅਤ ਨੂੰ ਵੀ ਬੇਪ੍ਰਵਾਹ ਹੋ ਕੇ ਕੁਚਲ ਰਿਹਾ ਹੈ। ਇਹਦੇ ਲਈ ਮੁਸਲਿਮ ਆਬਾਦੀ ਨੂੰ ਵੋਟ ਦੇ ਹੱਕ ਤੋਂ ਹੀ ਵਾਂਝੇ ਕਰ ਦੇਣ ਦਾ ਗੈਰ-ਜਮਹੂਰੀ ਅਮਲ ਚਲਾਇਆ ਗਿਆ। ਆਬਾਦੀ ਦੇ ਇੱਕ ਹਿੱਸੇ ਨੂੰ ਵੋਟਰਾਂ ਵਜੋਂ ਹੀ ਰੱਦ ਕਰਕੇ ਤੇ ਅਗਾਂਹ ਉਹਨਾਂ ਦੀ ਨਾਗਰਿਕਤਾ 'ਤੇ ਹੀ ਸਵਾਲ ਖੜ੍ਹੇ ਕਰਕੇ ਉਹਨਾਂ ਨੂੰ ਮੁਲਕ ਅੰਦਰ ਹੀ ਬੇ-ਵਤਨ ਕਰ ਦੇਣ ਦੇ ਕਦਮ ਲਏ ਜਾ ਰਹੇ ਹਨ। ਇਸ ਸਮੁੱਚੇ ਧੱਕੜ ਅਮਲ ਨੂੰ ਫਿਰਕੂ ਰੰਗਤ ਨਾਲ ਵਾਜਬੀਅਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਜਪਾ ਦਾ ਇਹ ਤਰੀਕਾਕਾਰ ਅਖੌਤੀ ਭਾਰਤੀ ਜਮਹੂਰੀਅਤ ਦੀ ਪਰਦਾਦਾਰੀ ਦੇ ਸਭ ਤਕਾਜ਼ਿਆਂ ਨੂੰ ਵੀ ਉਲੰਘਣ ਵਾਲਾ ਹੈ ਜਿਹੜਾ ਪਹਿਲਾਂ ਹੀ ਇਸ “ਪਾਰਲੀਮਾਨੀ ਜਮਹੂਰੀਅਤ” ਬਾਰੇ ਖੁਰਦੇ ਆ ਰਹੇ ਭਰਮ ਭੁਲੇਖਿਆਂ ਨੂੰ ਹੋਰ ਖੋਰਾ ਲਾਉਣ 'ਚ ਹਿੱਸੇਦਾਰ ਬਣਨਾ ਹੈ। ਇਹ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਦੀ ਨਿਰਪੱਖਤਾ ਦੇ ਦਾਅਵਿਆਂ ਨੂੰ ਵੀ ਸੱਟ ਮਾਰਨ ਦਾ ਜ਼ਰੀਆ ਬਣਦਾ ਹੈ। ਹਾਕਮ ਜਮਾਤੀ ਪਾਰਟੀਆਂ ਦੀ ਆਪਸੀ ਮੁਕਾਲੇਬਾਜ਼ੀ 'ਚ ਦੂਸਰਿਆਂ ਨੂੰ ਚਿੱਤ ਕਰਨ ਲਈ ਰਾਜਕੀ ਸੰਸਥਾਵਾਂ ਦੀ ਅਜਿਹੀ ਵਰਤੋਂ ਰੱਟੇ ਦਾ ਕਾਰਨ ਬਣ ਰਹੀ ਹੈ। ਹੋਰਨਾਂ ਹਾਕਮ ਜਮਾਤੀ ਧੜਿਆਂ ਵੱਲੋਂ ਇਸ ਰੱਟੇ ਨੂੰ ਭਾਰਤੀ ਜਮਹੂਰੀਅਤ ਦੀ ਰਾਖੀ ਦੀ ਜੱਦੋਜਹਿਦ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਜਦਕਿ ਹਕੀਕਤ 'ਚ ਇਹ 'ਸੰਵਿਧਾਨਕ ਸੰਸਥਾਵਾਂ' ਇਹਨਾਂ ਸਭਨਾਂ ਪਾਰਟੀਆਂ ਲਈ ਸੌਖਿਆਂ ਹੀ ਜੇਬ 'ਚ ਪਾ ਲੈਣ ਦੇ ਖਿਡੌਣੇ ਬਣੀਆਂ ਹੋਈਆਂ ਹਨ।
ਉਂਝ ਭਾਜਪਾ ਦੀ ਇਸ ਜਿੱਤ 'ਚ ਇੱਕ ਅਹਿਮ ਕਾਰਨ ਮਮਤਾ ਰਾਜ ਤੋਂ ਲੋਕਾਂ ਦਾ ਅਕੇਵਾਂ ਵੀ ਬਣਿਆ ਹੈ ਜਿਹੜਾ ਲੋਕਾਂ ਨੇ ਪਿਛਲੇ 15 ਸਾਲ 'ਚ ਹੰਢਾਇਆ ਹੈ। ਇਹ ਰਾਜ ਦੀ ਜਾਬਰ ਫਾਸ਼ੀ ਹੱਥਕੰਡਿਆਂ ਦੀ ਖੁੱਲ੍ਹੀ ਵਰਤੋਂ ਨਾਲ ਚਲਾਇਆ ਗਿਆ ਹੈ। ਮਮਤਾ ਸਰਕਾਰ ਦੇ ਤੌਰ ਤਰੀਕਿਆਂ 'ਚ ਵੀ ਜਾਬਰ-ਫਾਸ਼ੀ ਅਮਲਾਂ ਦੀ ਭਰਮਾਰ ਸੀ। ਉਸ ਵੱਲੋਂ ਭਾਜਪਾ ਦੇ ਹਿੰਦੂਤਵੀ ਫਾਸ਼ੀ ਲਾਮਬੰਦੀਆਂ ਦੇ ਟਾਕਰੇ ਲਈ ਬੰਗਾਲੀ ਮਾਣ ਦੇ ਫਾਸ਼ੀ ਨਾਅਰੇ 'ਤੇ ਟੇਕ ਰੱਖੀ ਜਾ ਰਹੀ ਸੀ। ਟੀ ਐਮ ਸੀ ਦੇ ਕਾਰਕੁੰਨਾਂ ਦੇ ਆਗੂਆਂ ਦੀ ਗੁੰਡਾਗਰਦੀ ਭਰੇ ਕਾਰਿਆਂ ਖ਼ਿਲਾਫ਼ ਕਿਰਤੀ ਲੋਕਾਂ 'ਚ ਰੋਹ ਦੇ ਝਲਕਾਰੇ ਮਿਲ ਰਹੇ ਸਨ। ਆਰ ਜੀ ਕਰ ਸੰਘਰਸ਼ ਇਸ ਹਕੂਮਤ ਖ਼ਿਲਾਫ਼ ਲੋਕ ਮਨਾਂ 'ਚ ਜਮ੍ਹਾਂ ਹੋਏ ਰੋਸ ਦਾ ਜ਼ੋਰਦਾਰ ਇਜ਼ਹਾਰ ਬਣਿਆ ਸੀ ਖਾਸ ਕਰਕੇ ਮੱਧ-ਵਰਗੀ ਹਿੱਸਿਆਂ ਤੱਕ। ਇਉਂ ਭਾਜਪਾ ਦੀ ਜਿੱਤ ਦੇ ਅਰਥ ਪੱਖੋਂ ਮਮਤਾ ਰਾਜ ਨੂੰ ਦੁਰਕਾਰੇ ਜਾਣ ਤੇ ਇਸ ਖ਼ਿਲਾਫ਼ ਰੋਸ ਜ਼ਾਹਿਰ ਹੋਣ 'ਚ ਦੇਖੇ ਜਾਣੇ ਚਾਹੀਦੇ ਹਨ। ਭਾਵ ਕਿ ਭਾਜਪਾ ਦੀ ਜਿੱਤ ਨਾਲੋਂ ਜਿਆਦਾ ਮਮਤਾ ਦੀ ਹਾਰ ਹੈ। ਇਹਦਾ ਅਰਥ ਏਨਾ ਕੁ ਬਣਦਾ ਹੈ ਕਿ ਇੱਕ ਸਥਾਨਕ ਪੱਧਰੀ ਤਾਕਤ ਵਾਲੀ ਫਾਸ਼ੀ ਹੱਥਕੰਡਿਆਂ ਦੀ ਵਰਤੋਂ ਵਾਲੀ ਹਕੂਮਤ ਦੀ ਥਾਂ ਇੱਕ ਵੱਡ-ਅਕਾਰੀ ਤੇ ਵਧੇਰੇ ਹਮਲਾਵਰ ਫਾਸ਼ੀ ਤਾਕਤ ਬੰਗਾਲ ਦੀ ਗੱਦੀ 'ਤੇ ਕਾਬਜ਼ ਹੋ ਗਈ ਹੈ। ਇਉਂ ਵੀ ਕਿਹਾ ਜਾ ਸਕਦਾ ਹੈ ਕਿ ਹਾਕਮ ਜਮਾਤੀ ਵੋਟ ਸਿਆਸਤ 'ਚ ਵਧ ਰਹੇ ਫਾਸ਼ੀ ਰੁਝਾਨਾਂ ਦਰਮਿਆਨ ਦੋ ਪਾਰਟੀਆਂ ਦਾ ਭੇੜ ਹੋਇਆ ਹੈ ਤੇ ਮੁਲਕ 'ਚ ਉੱਪਰ ਦੀ ਰਹਿ ਰਿਹਾ ਹਿੰਦੂਤਵਾ ਫਾਸ਼ੀਵਾਦੀ ਰੁਝਾਨ ਦਾ ਹੱਥ ਇਸ ਭੇੜ 'ਚ ਵੀ ਉੱਪਰ ਰਿਹਾ ਹੈ।
ਭਾਜਪਾ ਲਈ ਇਸ ਜਿੱਤ ਦੇ ਅਰਥ ਉਸਦੇ ਮੁਲਕ ਵਿਆਪੀ ਤਾਕਤ ਪਸਾਰ ਰਾਹੀਂ ਤੇ ਫ਼ਿਰਕੂ ਰਾਸ਼ਟਰਵਾਦੀ ਫਾਸ਼ੀ ਹਮਲੇ ਤੇ ਆਰਥਿਕ ਸੁਧਾਰਾਂ ਦੇ ਹੱਲੇ ਦੀ ਧਾਰ ਹੋਰ ਤੇਜ਼ ਤੇ ਤਿੱਖੀ ਕਰਨ ਖਾਤਰ ਵਧੇਰੇ ਭਰੋਸੇ ਨਾਲ ਅੱਗੇ ਵਧਾਉਣ ਦਾ ਹੌਂਸਲਾ ਦੇਣ ਪੱਖੋਂ ਅਹਿਮ ਹਨ। ਜਿਹਨਾਂ ਭਟਕਾਉ ਤੇ ਪਾਟਕਪਾਊ ਹਥਿਆਰਾਂ ਰਾਹੀਂ ਤੇ ਰਾਜ ਮਸ਼ਨੀਰੀ ਦੀ ਧੱਕੜ ਤੇ ਬੇਦਰੇਗ਼ ਵਰਤੋਂ ਰਾਹੀਂ ਇਹ ਕਾਮਯਾਬੀ ਹਾਸਿਲ ਹੋਈ ਹੈ, ਉਹਨਾਂ 'ਤੇ ਟੇਕ ਹੋਰ ਜ਼ਿਆਦਾ ਵਧਣੀ ਹੈ। ਉਸਦੇ ਹੋਰ ਜ਼ਿਆਦਾ ਹਮਲਾਵਰ ਹੋ ਕੇ ਚੱਲਣ ਦੀਆਂ ਗੁੰਜਾਇਸ਼ਾਂ ਬਣਨੀਆਂ ਹਨ। ਹਿੰਦੂਤਵਾ ਫ਼ਿਰਕੂ ਫਾਸ਼ੀ ਰਾਜ ਦੇ ਕਾਰਨਾਮਿਆਂ ਪੱਖੋਂ ਹੁਣ ਬੰਗਾਲ ਦੀ ਧਰਤੀ ਨੇ ਭਾਜਪਾ ਹਕੂਮਤ ਦੇ ਹੋਰ ਨਵੇਂ ਫਾਸ਼ੀ ਪ੍ਰਯੋਗ ਹੰਢਾਉਣੇ ਹਨ। ਘੁਸਪੈਠੀਏ ਕਰਾਰ ਦੇ ਕੇ ਲੋਕਾਂ ਨੂੰ ਡਿਟੈਂਸ਼ਨ ਸੈਂਟਰਾਂ 'ਚ ਸੁੱਟਣ ਲਈ ਅਜਿਹੇ ਸੈਂਟਰ ਬਣਾਉਣ ਦਾ ਅਮਲ ਸਰਕਾਰ ਬਣਨ ਸਾਰ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਜਿੱਤ ਨੇ ਭਾਜਪਾ 'ਚ ਵਕਤੀ ਤੌਰ 'ਤੇ ਉਤਸ਼ਾਹ ਦਾ ਸੰਚਾਰ ਕੀਤਾ ਹੈ। ਖਾਸ ਕਰਕੇ ਮੋਦੀਨੁਮਾ ਗੁਬਾਰੇ 'ਚੋਂ ਨਿਕਲਦੀ ਫੂਕ ਨਾਲ ਫੈਲਦੀ ਘਬਰਾਹਟ ਨੂੰ ਇਸ ਜਿੱਤ ਨਾਲ ਕੁੱਝ ਰਾਹਤ ਹਾਸਲ ਹੋਈ ਹੈ। ਪਰ ਇਹ ਰਾਹਤ ਵਕਤੀ ਵਰਤਾਰਾ ਹੀ ਸਾਬਿਤ ਹੋਣੀ ਹੈ। ਤਿੱਖੇ ਹੋ ਰਹੇ ਆਰਥਿਕ ਸੰਕਟਾਂ ਤੇ ਇਹਨਾਂ ਦਾ ਭਾਰ ਲੋਕਾਂ 'ਤੇ ਪਾਉਣ ਜਾ ਰਹੀ ਮੋਦੀ ਸਰਕਾਰ ਦਾ ਇਹ ਅਸਲ ਚਿਹਰਾ ਮੁਲਕ ਦੇ ਲੋਕਾਂ ਸਾਹਮਣੇ ਨਸ਼ਰ ਹੋ ਰਿਹਾ ਹੈ, ਬੰਗਾਲ 'ਚ ਵੀ ਉਹ ਤੇਜ਼ੀ ਨਾਲ ਨਸ਼ਰ ਹੋਣਾ ਹੈ।
ਇਹਨਾਂ ਚੋਣਾਂ ਦੇ ਨਤੀਜਿਆਂ ਨੇ ਇਹ ਮੁੜ ਸਾਬਿਤ ਕੀਤਾ ਹੈ ਕਿ ਭਾਜਪਾ ਦੇ ਫ਼ਿਰਕੂ ਰਾਸ਼ਟਰਵਾਦੀ ਹੱਲੇ ਦਾ ਟਾਕਰਾ ਭਾਰਤੀ ਰਾਜ ਵੱਲੋਂ ਮੁਹੱਈਆ ਕਰਵਾਏ ਜਾਂਦੇ ਵੋਟ ਅਖਾੜੇ ਰਾਹੀਂ ਨਹੀਂ ਕੀਤਾ ਜਾ ਸਕਦਾ। ਇਸ ਅਖਾੜੇ ਦੀ ਖੇਡ ਕਿਸੇ ਵੀ ਤਰ੍ਹਾਂ ਫ਼ਿਰਕੂ ਫਾਸ਼ੀ ਨਾਅਰਿਆਂ ਦੀ ਲਾਮਬੰਦੀ, ਤਰ੍ਹਾਂ-ਤਰ੍ਹਾਂ ਦੇ ਭਟਕਾਊ ਹੱਥਕੰਡਿਆਂ, ਵੋਟਾਂ ਦੀ ਵੇਚ ਵੱਟਤ ਤੇ ਐਸ.ਆਈ.ਐਰ. ਵਰਗੇ ਕਾਰਿਆਂ ਰਾਹੀਂ ਹਥਿਆਈ ਜਾ ਸਕਦੀ ਹੈ ਤੇ ਹਥਿਆਈ ਜਾਂਦੀ ਰਹੀ ਹੈ। ਇਹ ਚੋਣਾਂ ਤੇ ਨਤੀਜੇ ਲੋਕਾਂ ਦੀ ਹਕੀਕੀ ਰਜ਼ਾ ਦੇ ਪ੍ਰਗਟਾਵਿਆਂ ਨਾਲੋਂ ਰਜਾ ਨੂੰ ਉਧਾਲ ਲੈਣ, ਭਰਮਾ ਲੈਣ ਅਤੇ ਕਿਸੇ ਵੀ ਹੱਥਕੰਡੇ ਨਾਲ ਜੇਬ 'ਚ ਪਾ ਲੈਣ ਦੀ ਹਾਕਮ ਜਮਾਤੀ ਪਾਰਟੀ ਦੀ ਯੋਗਤਾ 'ਤੇ ਨਿਰਭਰ ਕਰਦੇ ਹਨ। ਹੁਣ ਪੱਛਮੀ ਬੰਗਾਲ 'ਚ ਭਾਜਪਾ ਨੇ ਇਹ ਯੋਗਤਾ ਸਾਬਿਤ ਕਰਕੇ ਗੱਦੀ ਹਥਿਆਈ ਹੈ।
ਇਹਨਾਂ ਨਤੀਜਿਆਂ ਨੇ ਇਸ ਹਕੀਕਤ ਦੀ ਵੀ ਪੁਸ਼ਟੀ ਕੀਤੀ ਹੈ ਕਿ ਭਾਜਪਾ ਦੇ ਫ਼ਿਰਕੂ ਫਾਸ਼ੀ ਹੱਲੇ ਦੇ ਟਾਕਰੇ ਲਈ ਬਦਲ ਇਹ ਮੌਕਾਪ੍ਰਸਤ ਵੋਟ ਪਾਰਟੀਆਂ ਨਹੀਂ ਹਨ ਤੇ ਨਾ ਹੀ ਇਹਨਾਂ 'ਤੇ ਟੇਕ ਰੱਖ ਕੇ ਇਹ ਟਾਕਰਾ ਕੀਤਾ ਜਾ ਸਕਦਾ ਹੈ। ਭਲਾ ਲੋਕ ਇਹਨਾਂ ਮੌਕਾਪ੍ਰਸਤ ਨੇਤਾਵਾਂ ਤੋਂ ਇਸ ਟਾਕਰੇ ਦੀ ਕੀ ਉਮੀਦ ਕਰਨਗੇ ਜਿਹੜੇ ਕਦੋਂ ਵੀ ਜਾ ਭਾਜਪਾ ਜੁਆਇੰਨ ਕਰਦੇ ਹਨ। ਭਾਜਪਾ ਵੱਲੋਂ ਥਾਪਿਆ ਮੁੱਖ ਮੰਤਰੀ ਸਵੇਂਦੂ ਅਧਿਕਾਰੀ ਮਮਤਾ ਬੈਨਰਜੀ ਦਾ ਹੀ ਖਾਸਮ ਖਾਸ ਰਿਹਾ ਸੀ ਤੇ 6 ਵਰ੍ਹੇ ਪਹਿਲਾਂ ਟੀ ਐਮ ਸੀ 'ਚੋਂ ਹੀ ਭਾਜਪਾ 'ਚ ਗਿਆ ਸੀ ਤੇ ਸਭ ਮੌਕਾਪ੍ਰਸਤ ਵੋਟ ਸਿਆਸਤਦਾਨ ਇਹ ਸਭ ਸੰਭਾਵਨਾਵਾਂ ਖੁੱਲ੍ਹੀਆਂ ਰੱਖ ਕੇ ਚੱਲ ਰਹੇ ਹਨ ਜਿਹੜੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਖੜ੍ਹਨ ਤੇ ਸੱਤਾ 'ਚ ਆਉਣ ਦਾ ਦਾਅਵਾ ਕਰਦੇ ਹਨ।
ਇਸ ਲਈ ਭਾਜਪਾ ਦੇ ਫ਼ਿਰਕੂ ਫਾਸ਼ੀ ਹੱਲੇ ਦਾ ਟਾਕਰਾ ਲੋਕਾਂ ਦੀ ਆਪਣੀ ਜਥੇਬੰਦ ਤਾਕਤ 'ਤੇ ਟੇਕ ਰੱਖ ਕੇ ਹੀ ਹੋ ਸਕਦਾ ਹੈ। ਬੰਗਾਲ ਨਤੀਜੇ ਫਾਸ਼ੀਵਾਦ ਦੀ ਜਿੱਤ ਤੇ ਜਮਹੂਰੀਅਤ ਦੀ ਹਾਰ ਦੇ ਅਰਥਾਂ 'ਚ ਨਹੀਂ ਦੇਖੇ ਜਾਣੇ ਚਾਹੀਦੇ। ਇਹ ਹਾਕਮ ਜਮਾਤਾਂ ਦੇ ਫਾਸ਼ੀ ਰੁਝਾਨਾਂ ਦਰਮਿਆਨ ਹਿੰਦੂਤਵ ਫਾਸ਼ੀਵਾਦੀ ਪੈਂਤੜੇ ਦੇ ਪੁੱਗ ਜਾਣ ਦੇ ਰੂਪ 'ਚ ਦੇਖੇ ਜਾਣੇ ਚਾਹੀਦੇ ਹਨ। ਹਿੰਦੂਤਵ ਫਾਸ਼ੀਵਾਦੀ ਵੰਨਗੀ ਇਸ ਵੇਲੇ ਵਧੇਰੇ ਹਮਲਾਵਰ ਹੈ ਤੇ ਉਸਦਾ ਪੈਂਤੜਾ ਲੋਕਾਂ ਨੂੰ ਭਰਮਾਉਣ ਤੇ ਫਾਸ਼ੀ ਲਾਮਬੰਦੀਆਂ ਪੱਖੋ ਅਸਰਦਾਰ ਹਥਿਆਰ ਬਣਿਆ ਹੋਇਆ ਹੈ। ਉਂਝ ਸਾਰੀਆਂ ਹਾਕਮ ਜਮਾਤੀ ਮੌਕਾਪ੍ਰਸਤ ਪਾਰਟੀਆਂ ਹੀ ਫਾਸ਼ੀ ਢੰਗਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀਆਂ। ਫ਼ਰਕ ਏਨਾ ਹੀ ਹੈ ਕਿ ਕਿਹੜੀ ਪਾਰਟੀ ਕਿਸ ਹੈਸੀਅਤ 'ਚ ਹੈ, ਸੱਤਾ ਦੀ ਕਿਹੜੀ ਕਲਾ 'ਤੇ ਕਾਬਜ਼ ਹੈ ਤੇ ਉਸਦੇ ਵੋਟ ਅਧਾਰ ਦੀ ਨਿਸਬਤ ਉਸਦੇ ਪੈਂਤੜੇ ਦੀ ਅਸਰਕਾਰੀ ਕਿਹੋ ਜਿਹੀ ਹੈ। ਇਸ ਪੱਖੋਂ ਭਾਜਪਾ ਇਸ ਵੇਲੇ ਹਿੰਦੂਤਵਾ ਫਾਸ਼ੀ ਹਮਲੇ ਨਾਲ ਸਭ ਤੋਂ ਜ਼ਿਆਦਾ ਹਮਲਾਵਰ ਹੈ ਤੇ ਉਸਦੇ ਫਾਸ਼ੀ ਹੱਥਕੰਡਿਆਂ ਦਾ ਜ਼ੋਰ ਫੁਰ ਰਿਹਾ ਹੈ। ਇਹ ਹਕੂਮਤ ਲੋਕਾਂ ਦੇ ਰੋਹ ਦਾ ਵਿਸ਼ੇਸ਼ ਨਿਸ਼ਾਨਾ ਬਣਦੀ ਹੈ ਤੇ ਲੋਕ ਸੰਘਰਸ਼ਾਂ ਦੀ ਧਾਰ ਇਸਦੇ ਖ਼ਿਲਾਫ਼ ਸੇਧਤ ਕਰਨ ਦੀ ਲੋੜ ਹੈ ਪਰ ਨਾਲ ਹੀ ਹੋਰਨਾਂ ਪਾਰਟੀਆਂ ਦੇ ਪਰਦਾਚਾਕ ਦੀ ਵੀ ਜ਼ਰੂਰਤ ਹੈ। ਉਹਨਾਂ ਦੇ ਲੋਕ ਦੋਖੀ ਅਮਲਾਂ ਨੂੰ ਵੀ ਨਸ਼ਰ ਕਰਨ ਦੀ ਲੋੜ ਹੈ। ਉਹਨਾਂ ਪਾਰਟੀਆਂ ਦੀਆਂ ਹਕੂਮਤਾਂ ਨਾਲ ਵੀ ਲੋਕਾਂ ਦਾ ਸੰਘਰਸ਼ ਵਾਲਾ ਰਿਸ਼ਤਾ ਬਣਦਾ ਹੈ ਤੇ ਭਾਜਪਾ ਦੇ ਹਮਲੇ ਦਾ ਟਾਕਰਾ ਕਰਦਿਆਂ ਇਹ ਰਿਸ਼ਤਾ ਵੀ ਨਿਭਾਇਆ ਜਾਣਾ ਚਾਹੀਦਾ ਹੈ।
No comments:
Post a Comment