23 ਮਈ ਯਾਦ ਸਮਾਗਮ ਮੌਕੇ ਵਿਸ਼ੇਸ਼
ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੀ ਘਾਲਣਾ
ਲੋਕ ਲਹਿਰਾਂ ਦੀ ਇਤਿਹਾਸਕ ਖੋਜ ਦਾ ਪ੍ਰੇਰਨਾਮਈ ਕੰਮ
ਅਮੋਲਕ ਸਿੰਘ
ਜ਼ਿੰਦਗੀ ਦੇ ਸਫ਼ਰ ਤੇ ਚੱਲਦਿਆਂ ਅਜਿਹੇ ਮੋੜ ਵੀ ਆਉਂਦੇ ਨੇ ਜਦੋਂ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਵਰਗੇ ਇਨਸਾਨ ਆਪਣੇ ਇਰਦ ਗਿਰਦ ਵਾਪਰਦੀਆਂ ਘਟਨਾਵਾਂ ਤੋਂ ਐਨੇ ਹਲੂਣੇ ਜਾਂਦੇ ਹਨ ਕਿ ਉਹ ਅਰੁੱਕ ਅਤੇ ਅਮੁੱਕ ਸਫ਼ਰ ਦੇ ਪਾਂਧੀ ਹੋ ਜਾਂਦੇ ਹਨ। ਉਹ ਆਪਣੀ ਅਕਾਦਮਿਕ ਵਿੱਦਿਆ ਤੋਂ ਅਗਲੇ ਵਿਸ਼ਾਲ ਖੋਜ ਖੇਤਰਾਂ ਵੱਲ ਨਿੱਕਲ ਤੁਰਦੇ ਹਨ। ਉਹ ਭਾਵੇਂ ਪਹਿਲਾਂ ਹੀ ਇਤਿਹਾਸ ਦੀਆਂ ਪੈੜਾਂ ਨੱਪਣ ਲਈ ਸਫ਼ਰ ਤੇ ਸਨ ਪਰ ਕਈ ਹਲੂਣਵੀਆਂ ਘਟਨਾਵਾਂ ਨੇ ਉਹਨਾਂ ਦੀ ਜ਼ਿੰਦਗੀ ਨੂੰ ਨਵੇਂ ਅਰਥ ਅਤੇ ਖੋਜ ਭਰਪੂਰ ਮਾਰਗ ਦਿੱਤੇ।
ਹੋਇਆ ਇਹ ਕਿ ਉਹ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਪ੍ਰੋਫ਼ੈਸਰ ਸਨ। ਇਸ ਕਾਲਜ ਦਾ ਹੋਣਹਾਰ ਵਿਦਿਆਰਥੀ ਸੀ ਬਖ਼ਸ਼ੀਸ਼ ਸਿੰਘ ਮੋਰ ਕਰੀਮਾਂ। ਜਿਸਦੀ ਮਾਂ ਖੇਤਾਂ ਦੇ ਵੱਟਾਂ ਬੰਨਿਆਂ, ਰਾਹਾਂ ਤੋਂ ਘਾਹ ਖੋਤ ਕੇ ਲਵੇਰਾ ਪਾਲਕੇ ਗੁਜ਼ਾਰਾ ਕਰਦੀ ਅਤੇ ਮਜ਼ਦੂਰ ਪੁੱਤ ਨੂੰ ਇੰਜਨੀਅਰ ਬਣਾਉਣ ਲਈ ਸਖ਼ਤ ਮੁਸ਼ੱਕਤ ਕਰਦੀ ਸੀ। ਇਸ ਮਾਂ ਜਾਇਆ ਬਖਸ਼ੀਸ਼, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੀਆਂ ਕਲਾਸਾਂ ਛੱਡ ਕੇ ਲੋਕ ਮੁਕਤੀ ਲਹਿਰ ਦੀ ਯੂਨੀਵਰਸਿਟੀ ਵਿੱਚ ਜਾ ਦਾਖ਼ਲ ਹੋਇਆ। ਅਜੇਹੀ ਅੱਖ, ਵਹਿਸ਼ੀ ਨਿਜ਼ਾਮ ਦੇ ਰਖੇਲਾਂ ਦੀਆਂ ਅੱਖਾਂ 'ਚ ਰੜਕਣ ਲੱਗੀ।
ਉਹਨਾਂ ਦਿਨਾਂ 'ਚ ਹਰ ਚੜ੍ਹਦੇ ਸੂਰਜ, ਕੰਮੀਆਂ ਦੇ ਵਿਹੜੇ ਦੇ ਸੂਰਜ ਕਤਲ ਕੀਤੇ ਜਾ ਰਹੇ ਸਨ। ਹਰ ਰਾਤ, ਲੋਕਾਂ ਦੇ ਮਨਾਂ ਅੰਦਰ ਚੇਤਨਾ ਦੀ ਰੌਸ਼ਨੀ ਕਰਨ ਵਾਲੇ ਚੰਨ ਕਤਲ ਕਰਨ ਦੇ ਹੁਕਮ ਲੈ ਕੇ ਆਉਂਦੀ। ਇਸ ਲੜੀ ਵਿੱਚ ਹੀ ਵਿਦਿਆਰਥੀ ਬਖਸ਼ੀਸ਼ ਮੋਰਕਰੀਮਾਂ ਚੰਦਰੀ ਹਨੇਰੀ ਨੇ ਖੋਹ ਲਿਆ। ਬਖਸ਼ੀਸ਼ ਨੂੰ ਨਵਾਂ ਸ਼ਹਿਰ ਰੇਲਵੇ ਸਟੇਸ਼ਨ 'ਤੇ ਜੱਫਾ ਮਾਰਕੇ ਜਦੋਂ ਪੁਲਸ ਫੜ੍ਹਨ ਲੱਗੀ ਤਾਂ ਉਸਨੇ ਅੱਖ ਝਪਕਣ ਜਿੰਨੇ ਪਲਾਂ 'ਚ ਹੀ ਆਪਣੇ ਲੱਕ ਨਾਲ ਬੰਨ੍ਹੇ ਬੰਬ ਦੀ ਪਿੰਨ ਖਿੱਚ ਦਿੱਤੀ। ਅੱਧੀ ਦਰਜਣ ਦੇ ਕਰੀਬ ਪੁਲਸ ਮੁਲਾਜ਼ਮ ਥਾਏਂ ਮਾਰੇ ਗਏ। ਬਖਸ਼ੀਸ਼ ਦੇ ਜਿਸਮ ਦੇ ਚੀਥੜੇ ਉੱਡ ਗਏ। ਇਉਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਵਿਦਿਆਰਥੀ ਬਖਸ਼ੀਸ਼ ਨੇ ਬੱਬਰ ਅਕਾਲੀ ਲਹਿਰ ਦੇ ਸ਼ਹੀਦ ਧੰਨਾ ਸਿੰਘ ਬਹਿਬਲਪੁਰ (ਹੁਸ਼ਿਆਰਪੁਰ) ਵੱਲੋਂ ਵੀਹਵੀਂ ਸਦੀ ਦੇ ਮੁਢਲੇ ਦੌਰ ਵਿੱਚ ਅਜੇਹੀ ਹੀ ਲਾਸਾਨੀ ਸ਼ਹਾਦਤ ਦੇ ਵਰਕੇ ਤਾਜ਼ਾ ਕਰ ਦਿੱਤੇ।
ਬਖਸ਼ੀਸ਼ ਨੇ ਬਬਰ ਅਕਾਲੀ ਲਹਿਰ ਦੇ ਇਤਿਹਾਸ ਨੂੰ ਤਾਜ਼ਾ ਕਰਦਿਆਂ ਪ੍ਰੋ.ਮਲਵਿੰਦਰਜੀਤ ਸਿੰਘ ਵੜੈਚ ਵਰਗੇ ਬੁੱਧੀਮਾਨ ਚਿੰਤਕਾਂ ਅਤੇ ਲੋਕ ਦਰਦੀਆਂ ਨੂੰ ਗਹਿਰ ਗੰਭੀਰ ਵਿਚਾਰਾਂ ਵਿੱਚ ਪਾ ਦਿੱਤਾ ਕਿ ਇਹ ਮਹਿਜ਼ ਸੂਰਮਗਤੀ ਭਰੀ ਘਟਨਾ ਨਹੀਂ ਸੀ ਸਗੋਂ ਇਹ ਦਰਸਾਉਣਾ ਸੀ ਕਿ ਪੰਜਾਬ ਅੰਦਰ ਬੱਬਰਾਂ, ਗ਼ਦਰੀਆਂ, ਭਗਤ, ਸਰਾਭੇ ਵਰਗੇ ਇਨਕਲਾਬੀਆਂ ਦੇ ਸੁਪਨੇ ਪੂਰੇ ਕਰਨ ਤੁਰੇ ਚਾਨਣ ਦੇ ਵਣਜਾਰਿਆਂ ਨੂੰ ਸੁੰਨੇ ਪੁਲਾਂ 'ਤੇ ਲਿਜਾ ਕੇ, ਝੂਠੇ ਪੁਲਸ ਮੁਕਾਬਲੇ ਦੀ ਕਹਾਣੀ ਘੜ ਕੇ ਮਾਰ ਮੁਕਾਇਆ ਜਾ ਰਿਹਾ ਤਾਂ ਇਹ ਸਾਰੇ ਇਤਿਹਾਸਕ ਘਟਨਾ ਕ੍ਰਮ ਦੇ ਡੂੰਘੇ ਪਤਾਲ਼ ਵਿੱਚ ਕਿਹੜੇ ਕਾਰਨ ਕੰਮ ਕਰਦੇ ਹਨ।
ਮੈਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਵਿਦਿਆਰਥੀ ਹੋਣ ਕਰਕੇ ਪ੍ਰੋ.ਮਲਵਿੰਦਰਜੀਤ ਸਿੰਘ ਦੇ ਵਿਦਿਆਰਥੀਆਂ ਨਾਲ਼ ਰਿਸ਼ਤੇ ਤੋਂ ਬੇਹੱਦ ਪ੍ਰਭਾਵਿਤ ਸੀ ਉਹ ਵਿਦਿਆਰਥੀਆਂ ਦੇ ਇਨਕਲਾਬੀ ਲਹਿਰਾਂ ਵੱਲ ਖਿੱਚੇ ਜਾਣ ਨੂੰ ਇਤਿਹਾਸਕ ਵਰਤਾਰਿਆਂ ਅਤੇ ਆਜ਼ਾਦੀ, ਜਮਹੂਰੀਅਤ, ਸਮਾਜਿਕ ਆਰਥਿਕ ਬਰਾਬਰੀ ਦੇ ਜੁਮਰੇ ਵਿਚ ਰੱਖ ਕੇ ਅਧਿਐਨ ਕਰਿਆ ਕਰਦੇ ਸਨ। ਇਹਨਾਂ ਦਿਨਾਂ ਵਿੱਚ ਇੰਜਨੀਅਰਿੰਗ ਕਾਲਜ ਦੀਆਂ ਦੀਵਾਰਾਂ ਅਤੇ ਹੋਸਟਲ 'ਚੋਂ ਹਕੂਮਤੀ ਜਬਰ ਖ਼ਿਲਾਫ਼ ਨਾਅਰਿਆਂ ਦੀ ਗੂੰਜ ਪਿਆ ਕਰਦੀ ਸੀ। ਇਸ਼ਤਿਹਾਰਾਂ, ਹੱਥ ਪਰਚਿਆਂ ਨੇ ਬਖਸ਼ੀਸ਼ ਦੀ ਸ਼ਹਾਦਤ ਦੇ ਮਾਅਨੇ ਵਿਦਿਆਰਥੀਆਂ ਦੇ ਮਨ ਦੀ ਡਾਇਰੀ ਉਪਰ ਉੱਕਰ ਦਿੱਤੇ। ਅਜੇਹੇ ਮਾਹੌਲ 'ਚ ਵਿਦਿਆਰਥੀ ਮਰਨ ਮਾਰਨ ਲਈ ਲਟ ਲਟ ਬਲ਼ਦੀ ਭਾਵਨਾ ਨਾਲ਼ ਬਲ਼ ਉੱਠੇ। ਬਖਸ਼ੀਸ਼ ਦੀ ਸ਼ਹਾਦਤ ਦਾ ਕਾਲਜ ਦੀਆਂ ਹਵਾਵਾਂ ਵਿੱਚ ਗੂਹੜਾ ਅਸਰ ਅਗਲੇ ਵਰ੍ਹਿਆਂ ਤੱਕ ਦਿਖਾਈ ਦਿੰਦਾ ਰਿਹਾ।
ਇਹ ਦੌਰ ਸੀ, ਜੋਸ਼ ਅਤੇ ਹੋਸ਼ ਨੂੰ ਸੰਤੁਲਤ ਰੱਖਣਾ ਬਹੁਤ ਹੀ ਜ਼ਰੂਰੀ ਸੀ। ਬੀਤੇ ਇਤਿਹਾਸ ਦੀਆਂ ਕੁਰਬਾਨੀਆਂ ਅਤੇ ਲਹੂ ਸੰਗ ਲਿਖੇ ਇਤਿਹਾਸ ਤੋਂ ਅਮੁੱਲੜੇ ਸਬਕ ਹਾਸਲ ਕਰਕੇ, ਪੱਲੇ ਬੰਨ੍ਹਣਾ ਉਸ ਵੇਲੇ ਦੀ ਲੋੜ ਸੀ। ਇਨਕਲਾਬੀ ਰਾਹ ਦੀਆਂ ਲੀਹਾਂ ਅਤੇ ਸੇਧ ਨੂੰ ਪਰਪੱਕ ਕਰਨਾ ਇਤਿਹਾਸਕ ਕਾਰਜ ਸੀ। ਇਸ ਉੱਸਲਵੱਟੇ ਲੈਂਦੇ ਅਤੇ ਰੋਹ ਭਰੇ ਵਾਤਾਵਰਣ ਵਿੱਚ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਬੁੱਧੀਮਾਨ ਚਿੰਤਕ, ਦੂਰ ਅੰਦੇਸ਼ ਕਰਾਂਤੀਕਾਰੀ ਵਿਦਵਾਨ ਬਣਨ ਦੇ ਸਫ਼ਰ ਦਾ ਸੁਘੜ ਸਿਆਣਾ ਇਤਿਹਾਸਕਾਰ, ਬੌਧਿਕ ਅਤੇ ਇਨਕਲਾਬੀ ਇਤਿਹਾਸ ਦੀ ਟੁੱਟੀ ਤੰਦ ਗੰਢਣ ਵਾਲਾ ਕਾਰੀਗਰ ਕਾਮਾ ਬਣਕੇ ਸਾਹਮਣੇ ਆਇਆ। ਉਸਨੇ ਬਲ਼ਦੇ ਮਾਰੂਥਲ ਅੰਦਰ ਠੰਢੇ ਮਤੇ,ਸੂਝ ਬੂਝ ਅਤੇ ਲੋਕਾਂ ਨੂੰ ਨਾਲ ਲੈਕੇ ਤੁਰਨ ਲਈ ਇਤਿਹਾਸ ਦਾ ਪੱਲਾ ਫੜਨ ਦਾ ਇਮਤਿਹਾਨ ਪਾਸ ਕੀਤਾ। ਪ੍ਰੋ . ਮਲਵਿੰਦਰਜੀਤ ਹੋਰਾਂ ਦੇ ਮਨ ਦੀ ਕਿਸੇ ਨਾ ਕਿਸੇ ਨੁੱਕਰ ਵਿੱਚ ਚਿੰਤਨ ਦੀ ਇਹ ਅੰਕੁਰ, ਲਗਰ ਫੁੱਟ ਰਹੀ ਸੀ ਕਿ ਇਨਕਲਾਬੀ ਸਮਾਜਕ ਤਬਦੀਲੀ ਲਈ ਕੀ ਕਰਨਾ ਲੋੜੀਏ? ਇਤਿਹਾਸ ਤੋਂ ਸਬਕ ਗ੍ਰਹਿਣ ਕਰੀਏ। ਮੰਜ਼ਲ ਪਾਉਣ ਲਈ ਕਿਹੜਾ ਰਾਹ ਸੁਵੱਲੜਾ ਹੈ।
ਮਨ ਮਸਤਕ 'ਚ ਇਹ ਸੁਆਲ ਸੁਲਘਦੇ, ਬੁਝਦੇ, ਬਲ਼ਦੇ ਰਹਿੰਦੇ ਸਨ ਕਿ ਗ਼ਦਰ ਲਹਿਰ , ਬੱਬਰ ਅਕਾਲੀ ਲਹਿਰ, ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਨੌਜਵਾਨ ਭਾਰਤ ਸਭਾ ਲਹਿਰ ਨੇ ਵੀ ਲੋਕ-ਦੋਖੀ ਪ੍ਰਬੰਧ ਨਾਲ਼ ਟੱਕਰਾਂ ਲਈਆਂ। ਅਥਾਹ ਕੁਰਬਾਨੀਆਂ ਕੀਤੀਆਂ ਪਰ ਸਫ਼ਲਤਾ ਨੇ ਇਨਕਲਾਬੀ ਲਹਿਰਾਂ ਦਾ ਮੱਥਾ ਕਿਉਂ ਨਹੀਂ ਚੁੰਮਿਆਂ ? ਉਹ ਔਝੜੇ ਰਾਹਾਂ ਵਿਚੀਂ ਤੁਰਦਿਆਂ ਪਗਡੰਡੀਆਂ ਅਤੇ ਰਾਹਾਂ ਦੀ ਭਾਲ ਕਰਨ ਲਈ ਇਤਿਹਾਸ ਦੀਆਂ ਪੈੜਾਂ ਦਾ ਗਹਿਰਾ ਚਿਤੰਨ ਕਰਨ ਨਿਕਲ ਤੁਰੇ।
1972 'ਚ ਵਿਦਿਆਰਥੀਆਂ ਦੇ ਘੋਲ ਸਮੇਂ ਵਾਪਰੇ ਮੋਗਾ ਗੋਲੀ ਕਾਂਡ ਮੌਕੇ ਇਸਦਾ ਮੈਨੂੰ ਵੀ ਗਹਿਰਾ ਅਹਿਸਾਸ ਹੋਇਆ ਜਦੋਂ ਪੜ੍ਹਨ ਵਿਚਾਰਨ, ਗੁਰਸ਼ਰਨ ਭਾਅ ਜੀ ਦੇ ਨਾਟਕ ਕਾਲਜ ਵਿੱਚ ਕਰਾਉਣ ਲਈ ਉਹ ਵਿਦਿਆਰਥੀਆਂ ਨੂੰ ਸਹਿਯੋਗ ਦਿਆ ਕਰਦੇ ਸਨ। ਮੋਗਾ ਗੋਲੀ ਕਾਂਡ ਮੌਕੇ ਸਾਹਮਣੇ ਆਏ ਜਨਤਕ ਪ੍ਰਤੀਰੋਧ ਨੇ ਉਹਨਾਂ ਦੇ ਮੁੱਖੜੇ ਤੇ ਨੂਰ ਲਿਆਂਦਾ। ਵਰ੍ਹਿਆਂ ਦੇ ਕਹਿਰ ਪਿੱਛੋਂ ਉੱਠੀ ਜਨਤਕ ਲਹਿਰ ਨੇ ਉਮੀਦ ਦੀ ਨਵੀਂ ਕਿਰਨ ਸਾਹਮਣੇ ਲਿਆਂਦੀ। ਉਹਨਾਂ ਨੂੰ ਮਹਿਸੂਸ ਹੋਇਆ ਕਿ ਕੁਝ ਇੱਕ ਸਮ੍ਹਾਂ ਦੇ ਪਰਵਾਨੇ ਅਥਾਹ ਕੁਰਬਾਨੀਆਂ ਦੇ ਬਾਵਜੂਦ ਵੀ ਸਮਾਜ ਨਹੀਂ ਬਦਲ ਸਕਦੇ। ਸਮਾਜ ਬਦਲਣ ਅਤੇ ਨਵਾਂ ਸਮਾਜ ਸਿਰਜਣ ਲਈ ਲੋਕ ਲਹਿਰ ਲਾਜ਼ਮੀ ਹੈ। ਮੋਗਾ ਗੋਲੀ ਕਾਂਡ ਖ਼ਿਲਾਫ਼ ਜਨਤਕ ਉਭਾਰ ਅਤੇ ਪ੍ਰਤੀਰੋਧ ਲਾ ਮਿਸ਼ਾਲ ਤਾਂ ਹੈ ਹੀ ਸੀ ਇਸਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਇਹ ਵਿਅਕਤੀਗਤ ਕਾਰਵਾਈਆਂ ਦੀ ਬਜਾਏ ਜਨਤਕ ਸਮਰਥਨ ਵਾਲਾ ਲੋਕ ਅੰਦੋਲਨ ਬਣ ਕੇ ਸਾਹਮਣੇ ਆਇਆ। ਝੂਠੇ ਪੁਲਿਸ ਮੁਕਾਬਲਿਆਂ ਨਾਲ਼ ਫੈਲੀ ਦਹਿਸ਼ਤ, ਸਹਿਮ ਅਤੇ ਸਟੇਟ ਦਾ ਦਾਬਾ, ਮੋਗਾ ਗੋਲੀ ਕਾਂਡ ਖ਼ਿਲਾਫ਼ ਉੱਠੇ ਰੋਹ ਨੇ ਪੈਰਾਂ ਹੇਠ ਮਲ਼ ਦਿੱਤਾ। ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ ਕਵੀਆਂ ਨੂੰ ਇਸ ਘਟਨਾ ਕ੍ਰਮ ਨੇ ਆਪਣਾ ਇਤਿਹਾਸਕ ਅਤੀਤ, ਵਰਤਮਾਨ ਅਤੇ ਭਵਿੱਖ਼ ਸਮਝਣ ਵੱਲ ਤੋਰਿਆ।
ਜ਼ਿਕਰਯੋਗ ਹੈ ਕਿ ਇੱਕ ਦਿਨ ਅਜੇਹਾ ਆਇਆ ਜਦੋਂ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਅਤੇ ਗੁਰੂ ਨਾਨਕ ਇੰਜ਼ਨੀਅਰਿੰਗ ਕਾਲਜ ਦੇ ਹੀ ਵਿਦਿਆਰਥੀ ਪ੍ਰੋ. ਜਗਮੋਹਣ ਸਿੰਘ (ਸ਼ਹੀਦ ਭਗਤ ਸਿੰਘ ਦੇ ਭਾਣਜੇ) ਲੁਧਿਆਣਾ ਤੋਂ ਸਾਇਕਲਾਂ 'ਤੇ ਹੀ ਅੰਮ੍ਰਿਤਸਰ ਜਿਲ੍ਹੇ 'ਚ ਪੈਂਦੇ ਪਿੰਡ ਭਕਨੇ ਨੂੰ ਸਫ਼ਰ 'ਤੇ ਨਿੱਕਲ ਪਏ। ਉਹਨਾਂ ਦੇ ਮਨ ਅੰਦਰ ਤੜਫ਼ ਅਤੇ ਗਹਿਰੀ ਨੀਝ ਸੀ ਕਿ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ ਜਾ ਕੇ ਮਿਲਿਆ ਜਾਵੇ। ਉਹਨਾਂ ਨਾਲ ਵਾਰਤਾਲਾਪ ਕਰਕੇ ਇਹਨਾ ਉਲਝੇ ਸੁਆਲਾਂ ਦੇ ਜਵਾਬ ਤਲਾਸ਼ੇ ਜਾਣ ਕਿ ਜਿਨ੍ਹਾਂ ਕੋਲ ਸਰਵੋਤਮ ਵਿਚਾਰਧਾਰਾ, ਸਮਰਪਣ ਦੀ ਭਾਵਨਾ ਹੈ ਜਿਹੜੇ ਕੁਰਬਾਨੀਆਂ ਦਾ ਇਤਿਹਾਸ, ਆਪਣੇ ਲਹੂ ਸੰਗ ਸਮੇਂ ਸਮੇਂ ਸਿਰਜਦੇ ਰਹਿੰਦੇ ਨੇ ਪਰ ਉਹ ਮੰਜ਼ਲਾਂ 'ਤੇ ਕਿਉਂ ਨਹੀਂ ਪਹੁੰਚ ਪਾਉਂਦੇ ?
ਸਾਈਕਲਾਂ ਤੇ ਜਾਂਦਿਆਂ ਉਹ ਰਾਹ ਵਿੱਚ ਸੋਚਦੇ ਗਏ ਕਿ ਐਡਾ ਵੱਡਾ ਆਗੂ ਸਾਨੂੰ ਮਿਲਣ ਲਈ ਸਮਾਂ ਵੀ ਦੇ ਦੇਵੇਗਾ, ਉਹਨਾਂ ਕੋਲ਼ ਤਾਂ ਮਿਲਣ ਵਾਲਿਆਂ ਦਾ ਮੇਲਾ ਲੱਗਾ ਹੋਵੇਗਾ। ਪਰ ਜੋ ਉਹਨਾਂ ਜਾ ਕੇ ਅੱਖੀਂ ਡਿੱਠਾ ਉਹਨਾਂ ਦੀਆਂ ਕਿਆਸ ਅਰਾਈਆਂ ਨਾਲੋਂ ਹਕੀਕਤ ਕੁੱਝ ਹੋਰ ਹੀ ਸੀ। ਬਾਬਾ ਸੋਹਣ ਸਿੰਘ ਭਕਨਾ ਕੁੱਲੀ ਨੁਮਾ ਰਿਹਾਇਸ਼ ਵਿੱਚ ਕੱਲ-ਮ-ਕੱਲਾ ਸੀ। ਬਾਬੇ ਨੇ ਆਪ ਹੀ ਦੁੱਧ ਗਰਮ ਕਰਕੇ ਇਹਨਾਂ ਨੌਜਵਾਨਾ ਨੂੰ ਦਿੱਤਾ। ਇਹ ਸਾਰਾ ਦ੍ਰਿਸ਼ ਇਹਨਾਂ ਬੁੱਧੀਮਾਨਾਂ ਲਈ ਇਤਿਹਾਸ ਅਤੇ ਲਹਿਰਾਂ ਦੀ ਝੰਜੋੜਵੀਂ ਝਲਕ ਸੀ ਕਿ ਇਸ ਮੁਲਕ ਅੰਦਰ ਮੂੜ ਮੱਤ ਅਤੇ ਪੁੱਠੀਆਂ ਪੱਟੀਆਂ ਪੜ੍ਹਾਉਣ ਵਾਲੇ ਬਾਬਿਆਂ ਦੇ ਜਿਉਂਦੇ ਜੀਅ ਅਤੇ ਮੋਇਆਂ ਤੇ ਮੇਲੇ ਲੱਗਦੇ ਨੇ ਉੱਥੇ ਦੇਸ਼ ਭਗਤਾਂ ਖਾਸ ਕਰਕੇ ਬਾਬਾ ਸੋਹਣ ਸਿੰਘ ਭਕਨਾ ਵਰਗੀਆਂ ਸਖਸ਼ੀਅਤਾ ਦੀ ਜ਼ਿੰਦਗੀ 'ਚ ਇਹ ਇਕੱਲਤਾ ਕਿਸੇ ਵਿਅਕਤੀ ਦੀ ਇਕੱਲਤਾ ਦੀ ਕਹਾਣੀ ਨਹੀਂ ਇਹ ਲਹਿਰ ਦੀ ਇਕੱਲਤਾ ਨੂੰ ਸਮਝਣ ਦਾ ਗਹਿਰਾ ਸੁਆਲ ਹੈ। ਇਹਨਾਂ ਸੁਆਲਾਂ ਦੇ ਝੁਰਮਟ ਨੇ ਪ੍ਰੋਫ਼ੈਸਰ ਹੋਰਾਂ ਦੇ ਮਨ ਅੰਦਰ ਹਲਚਲ ਪੈਦਾ ਕਰ ਦਿੱਤੀ।
ਉਸ ਉਪਰੰਤ ਹੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ ਮਨ ਹੀ ਮਨ ਜ਼ਿੰਦਗੀ ਦੇ ਵੱਡੇ ਫ਼ੈਸਲੇ ਲਏ। ਬਾਬਾ ਜੀ ਨਾਲ ਵਾਰਤਾਲਾਪ ਉਪਰੰਤ ਤਾਂ ਜ਼ਿੰਦਗੀ ਬੱਸ ਚੱਲ ਸੋ ਚੱਲ। ਬਾਬਾ ਸੋਹਣ ਸਿੰਘ ਭਕਨਾ, ਉਰਦੂ ਵਿੱਚ ਲਿਖੇ ਵਰਕੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੂੰ ਦੇਣ ਲੱਗੇ। ਉਹ ਪੰਜਾਬੀ ਵਿਚ ਅਨੁਵਾਦ ਕਰਨ ਲੱਗੇ। ਕਿਤਾਬ ਦੇ ਰੂਪ ਵਿੱਚ ਛਪੀ ਪਲੇਠੀ ਕਿਤਾਬ ਕਾਰਨ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਖੁਸ਼ੀ 'ਚ ਖੀਵੇ ਹੋ ਗਏ। ਉਹ ਆਪਣੀ ਧੀ ਦੇ ਜਨਮ 'ਤੇ ਜਿੰਨਾ ਖੁਸ਼ ਹੋਏ ਇਉਂ ਹੀ ਪਹਿਲੀ ਕਿਤਾਬ ਦੇ ਜਨਮ 'ਤੇ ਖਿੜ ਉੱਠੇ।
ਬਾਬਾ ਸੋਹਣ ਸਿੰਘ ਭਕਨਾ ਨਾਲ਼ ਪਿੰਡ ਭਕਨਾ ਮੁਲਾਕਾਤ ਉਪਰੰਤ ਤਾਂ ਉਹ ਪਿੰਡ ਬੱਦੋਵਾਲ, ਨਾਰੰਗਵਾਲ, ਸਰਾਭਾ, ਚਮਿੰਡਾ, ਗ਼ਦਰੀ ਬਾਬਿਆਂ,ਕੂਕਾ ਲਹਿਰ,ਬਬਰ ਅਕਾਲੀਆਂ ਦੇ ਪਿੰਡਾਂ, ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਸੰਗਰਾਮੀ ਪੈੜਾਂ ਦੀ ਖੋਜ ਕਰਨ ਨਿਕਲ ਤੁਰੇ। ਉਹਨਾਂ ਨੇ ਕਾਲਜ ਪ੍ਰੋ. ਦੀਆਂ ਸੇਵਾਵਾਂ ਤੋਂ ਵਿਦਾਇਗੀ ਉਪਰੰਤ ਵਕਾਲਤ ਕੀਤੀ। ਉਹਨਾਂ ਨੇ ਵਕਾਲਤ ਧੰਨ ਦੌਲਤ ਇਕੱਠੀ ਕਰਨ ਲਈ ਨਹੀਂ ਸਗੋਂ ਆਪਣੀ ਇਤਿਹਾਸਕ ਖੋਜ ਦੇ ਕਾਰਜ ਲਈ ਇਸਨੂੰ ਜ਼ਰੂਰੀ ਸਮਝਿਆ। ਇਤਿਹਾਸ ਦੇ ਅਣਛੋਹੇ ਵਰਕੇ ਖੋਜਣ ਲਈ ਉਹਨਾਂ ਨੇ ਵਕਾਲਤ ਦੇ ਇਸ ਪ੍ਰੋਜੈਕਟ ਨੂੰ ਹੱਥ ਲਿਆ। ਕਾਨੂੰਨੀ ਨੁਕਤਾ ਨਜ਼ਰ ਤੋਂ ਮੁਕੱਦਮਿਆਂ, ਕੇਸਾਂ, ਫਾਂਸੀਆਂ, ਜੇਲ੍ਹਾਂ , ਉਮਰ ਕੈਦ, ਜੂਹਬੰਦੀਆਂ, ਕੁਰਕੀਆਂ ਅਤੇ ਇਤਿਹਾਸ ਅੰਦਰ ਇਨਕਲਾਬੀ ਲਹਿਰਾਂ ਨੂੰ ਮਾਣਮੱਤਾ ਸਥਾਨ ਦਿਵਾਉਣ ਲਈ, ਹਾਈਕੋਰਟ ਦੇ ਚੱਕਰ ਕੱਟਣ, ਕੇਸ ਲੜਨ, ਕੂਕਾ ਲਹਿਰ, ਗ਼ਦਰ ਲਹਿਰ, ਕਾਮਾਗਾਟਾ ਮਾਰੂ ਲਹਿਰ, ਬਜਬਜ ਘਾਟ, ਜਲ੍ਹਿਆਂਵਾਲਾ ਬਾਗ, ਆਜ਼ਾਦ ਹਿੰਦ ਫੌਜ ਆਦਿ ਦੇ ਸ਼ਹੀਦਾਂ ਨੂੰ ਸ਼ਹੀਦੀ ਰੁਤਬਾ ਦਿਵਾਉਣਾ, ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਕੌਮੀ ਸ਼ਹੀਦਾਂ ਦਾ ਮਾਣ ਮੱਤਾ ਸਥਾਨ ਦਿਵਾਉਣ ਲਈ ਦ੍ਰਿੜਤਾ ਨਾਲ ਲੜੇ। ਗ਼ਦਰੀ ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ ਵਰਗੇ ਅਨੇਕਾਂ ਦੀ ਜ਼ਮੀਨ ਜਾਇਦਾਦ ਦੀ ਕੁਰਕੀ ਰੱਦ ਕਰਾਉਣ ਨਿਕਲ ਪਏ।
ਗ਼ਦਰੀ ਬਾਬਾ ਹਰਨਾਮ ਸਿੰਘ ਕਾਲ਼ਾ ਸੰਘਿਆ ਦੀ ਜ਼ਮੀਨ ਜਾਇਦਾਦ ਦੀ ਕੁਰਕੀ ਰੱਦ ਕਰਵਾ ਲੈਣ ਦੇ ਹਵਾਲੇ ਨਾਲ ਅਦਾਲਤ ਨੂੰ ਇਹ ਪ੍ਰਵਾਨ ਕਰਨਾ ਪਿਆ ਕਿ ਮੁਲਕ ਵਿੱਚ ਹੋਰ ਜਿੱਥੇ ਵੀ ਅਜੇਹੇ ਕੇਸ ਹਨ ਸਭ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਜਾਇਦਾਦ ਵਾਰਸਾਂ ਹਵਾਲੇ ਕੀਤੀ ਜਾਏ ।
ਆਮ ਤੌਰ 'ਤੇ ਸਾਡੇ ਸਮਾਜ ਵਿੱਚ ਕਿਹਾ ਜਾਂਦਾ ਹੈ ਕਿ ਬਰੋਟੇ ਹੇਠਾਂ ਹੋਰ ਬੂਟੇ ਨਹੀਂ ਹੋ ਸਕਦੇ। ਗ਼ਦਰੀ ਬਾਬਿਆਂ ਦੇ ਇਤਿਹਾਸ ਦੇ ਖੋਜੀ ਵਿਦਵਾਨ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਅਜੇਹੇ ਸਥਾਪਤ ਬਰੋਟੇ ਸਨ ਜਿਨ੍ਹਾ ਦੀ ਛਾਵੇਂ ਅਨੇਕਾ ਹੀ ਬੂਟੇ ਉੱਗੇ, ਮੌਲਰੇ ਅਤੇ ਉਹਨਾਂ ਨੂੰ ਲੋੜੀਂਦੀ ਖਾਧ ਖੁਰਾਕ ਮੁਹੱਈਆ ਕਰਨ ਲਈ ਪ੍ਰੋ. ਮਲਵਿੰਦਰਜੀਤ ਜੀ ਨੇ ਅਥਾਹ ਲਗਨ ਨਾਲ ਇਤਿਹਾਸਕ ਮਾਲੀ ਦਾ ਕੰਮ ਕੀਤਾ। ਜਿਸ ਕਿਸੇ ਨੂੰ ਸਮੱਗਰੀ ਲੋੜੀਂਦੀ ਹੋਵੇ ਉਹਨਾਂ ਨੇ ਤੇਰਾ ਤੇਰਾ ਕਰਕੇ ਲੁਟਾਈ।
ਮੈਂ ਵੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਜੀ ਦੇ ਥਾਪੜੇ ਸਦਕਾ ਬਾਬਾ ਸੋਹਣ ਸਿੰਘ ਭਕਨਾ ਨੂੰ ਕਿਤਾਬ ਦੇ ਰੂਪ ਵਿੱਚ ਸੰਗਰਾਮੀ ਸਫ਼ਰ ਪਾਠਕਾਂ ਦੇ ਰੂਬਰੂ ਕੀਤਾ।
ਹਥਲੀ ਨਿੱਕੜੀ ਜਿਹੀ ਲਿਖਤ ਵਿੱਚ ਕਿਤਾਬਾਂ ਦੇ ਲੰਮੇ ਵਿਸਥਾਰ ਵਿੱਚ ਨਾ ਜਾਂਦੇ ਹੋਏ ਸਿਰਫ਼ ਐਨਾ ਹੀ ਕਹਾਂਗਾ ਕਿ ਉਹਨਾਂ ਨੇ 62 ਤੋਂ ਵੱਧ ਕਿਤਾਬਾਂ, ਦਸ ਹਜ਼ਾਰ ਸਫ਼ਾ ਦਸਤਾਵੇਜ਼ੀ ਰੂਪ ਛਾਪਕੇ ਪਾਠਕਾਂ ਦੀ ਝੋਲੀ ਪਾਇਆ ।
ਸੀਤਾ ਰਾਮ ਬਾਂਸਲ ਅਤੇ ਬਲਵਿੰਦਰ ਕੌਰ ਬਾਂਸਲ ਉਹਨਾਂ ਦੇ ਅਮੁੱਲੇ ਕੰਮ ਨੂੰ ਸਾਂਭਣ ਵਿੱਚ ਯਾਦਗਾਰੀ ਭੂਮਿਕਾ ਨਿਭਾ ਰਹੇ ਹਨ। ਇਉਂ ਹੀ ਹਰੀਸ਼ ਜੈਨ, ਪ੍ਰੋ. ਜਗਮੋਹਣ ਸਿੰਘ, ਸ਼ਹੀਦ ਭਗਤ ਸਿੰਘ ਦੀ ਭੈਣ ਬੀਬੀ ਅਮਰ ਕੌਰ, ਗੁਰਸ਼ਰਨ ਸਿੰਘ, ਐਡਵੋਕੇਟ ਰਾਜਿੰਦਰ ਸਿੰਘ ਚੀਮਾ,ਗੁਰਭਜਨ ਗਿੱਲ ਵਰਗਿਆਂ ਦੇ ਯਤਨਾਂ ਨਾਲ਼ ਬਹੁਤ ਸਾਰੀਆਂ ਪੈੜਾਂ ਅਲੱਗ ਅਲੱਗ ਵਿਧਾਵਾਂ ਵਿਚ ਸਾਂਭਣ ਦਾ ਕੰਮ ਕੀਤਾ।
ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹਦੇ ਸਮੇਂ ਮੈਂ ਦੇਖਿਆ ਖਾਸ ਕਰਕੇ ਮੋਗਾ ਗੋਲੀ ਕਾਂਡ ਅਤੇ ਹੋਰ ਕਈ ਮੌਕਿਆਂ ਅਤੇ ਗੁਰਸ਼ਰਨ ਭਾਅ ਜੀ ਦੇ ਨਾਟਕ ਕਰਵਾਉਣ, ਸੈਮੀਨਾਰ ਆਦਿ ਮੌਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਸਦਾ ਥਾਪੀ ਦਿੱਤੀ। ਉਹਨਾਂ ਦੀ ਜੀਵਨ ਸਾਥਣ ਰਾਜਿੰਦਰ ਕੌਰ ਵੜੈਚ ਜੋ ਕਿ 19 ਅਗਸਤ 2014 ਸਦੀਵੀ ਵਿਛੋੜਾ ਦੇ ਗਏ ਉਹਨਾਂ ਦੇ ਯਾਦਗਾਰੀ ਸਮਾਗਮ ਮੌਕੇ 31 ਅਗਸਤ 2014 ਨੂੰ ਉਹਨਾਂ ਮੈਨੂੰ ਬੁੱਕਲ ਵਿਚ ਲੈ ਕੇ ਕਿਹਾ ਕਿ, 'ਮੇਰੇ ਲਈ ਮਾਣ ਹੈ ਕਿ ਗੁਰੂ ਨਾਨਕ ਇੰਜੀਨਿਅਰਿੰਗ ਕਾਲਜ ਦਾ ਵਿਦਿਆਰਥੀ ਲੋਕਾਂ ਦਾ ਵਫ਼ਾਦਾਰ ਪੁੱਤ ਬਣਕੇ ਸਰਗਰਮੀ ਨਾਲ ਸਫ਼ਰ 'ਤੇ ਹੈ। ਮੇਰੇ ਕੋਲ ਪੜ੍ਹੇ ਕੁਝ ਨਲਾਇਕ ਵੀ ਸਾਬਤ ਹੋਏ ਹਨ। ਉਹਨਾਂ ਦੇ ਇਹਨਾਂ ਬੋਲਾਂ ਵਿਚ ਵਿਸ਼ੇਸ਼ ਸੈਨਤ ਸੀ ਅਜਿਹੇ ਵਿਅਕਤੀਆਂ ਬਾਰੇ ਜਿਹੜੇ ਗ਼ਦਰੀ ਅਤੇ ਇਨਕਲਾਬੀ ਤਵਾਰੀਖ਼ ਵਿਚ ਖੋਟ ਰਲਾਉਣ ਦਾ ਕੰਮ ਕਰਨ ਦਾ ਕੁਕਰਮ ਕਰ ਰਹੇ ਹਨ।
ਆਪਣੇ ਆਪ ਨੂੰ ਗ਼ਦਰੀ ਬਾਬਿਆਂ ਦੇ ਮੁਨਸ਼ੀ ਕਹਾਉਣ ਵਾਲੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦਾ ਸ਼ਰਧਾਂਜਲੀ ਸਮਾਗਮ 23 ਮਈ 2026 ਨੂੰ ਚੰਡੀਗੜ੍ਹ ਵਿੱਚ ਹੋ ਰਿਹੈ। ਇਹ ਵੀ ਮੌਕਾ ਮੇਲ ਹੀ ਹੈ ਕਿ 23 ਮਈ 1914 ਨੂੰ ਕਾਮਾਗਾਟਾਮਾਰੂ ਜਹਾਜ਼ ਦੀ ਇਤਿਹਾਸਿਕ ਘਟਨਾ ਵਾਪਰੀ ਸੀ। ਜਿਸਦੇ ਸ਼ਹੀਦਾਂ ਨੂੰ ਸ਼ਹੀਦੀ ਰੁਤਬਾ ਦਿਵਾਉਣ ਲਈ ਉਹਨਾਂ ਅਥਾਹ ਮਿਹਨਤ ਕੀਤੀ।
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਲਈ ਇਹ ਮਾਣ ਮੱਤੀ ਇਤਿਹਾਸਕ ਘਟਨਾ ਹੈ ਕਿ ਪ੍ਰੋ. ਮਲਵਿੰਦਰਜੀਤ ਆਮ ਕਰਕੇ ਕਦੇ ਵੀ ਮਾਣ ਸਨਮਾਨ ਨਹੀਂ ਸੀ ਲਿਆ ਕਰਦੇ ਉਹਨਾਂ ਨੇ 1 ਮਈ 2015 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਨਾਟਕਾਂ ਅਤੇ ਗੀਤਾਂ ਭਰੀ ਰਾਤ ਮੌਕੇ ਪਲਸ ਮੰਚ ਵੱਲੋਂ ਕਿਰਤੀ ਲੋਕਾਂ ਦੁਆਰਾ ਦਿੱਤਾ ਸਨਮਾਨ ਹਾਸਲ ਕਰਕੇ ਗੁਰਸ਼ਰਨ ਭਾਅ ਜੀ ਦੀ ਸੰਸਥਾ ਪਲਸ ਮੰਚ ਨੂੰ ਮਾਣ ਦਿੱਤਾ। ਇਹ ਮਾਣ ਅਸੀਂ ਸਦਾ ਸੰਭਾਲ ਕੇ ਰੱਖਾਂਗੇ ਅਤੇ ਉਹਨਾਂ ਦੇ ਅਧੂਰੇ ਕਾਜ ਦੀ ਪੂਰਤੀ ਲਈ ਦ੍ਰਿੜਤਾ ਨਾਲ਼ ਸਫ਼ਰ ਜਾਰੀ ਰੱਖਾਂਗੇ।
ਉਹਨਾਂ ਦੀ ਸਖ਼ਤ ਘਾਲਣਾ ਤੋਂ ਸਬਕ ਹਾਸਲ ਕਰਨ ਦਾ ਅਹਿਦ ਲੈਣ ਲਈ ਬੁੱਧੀਜੀਵੀਆਂ ਅਤੇ ਮਿਹਨਤਕਸ਼ ਲੋਕਾਂ ਦੀ 23 ਮਈ 2026 ਨੂੰ ਪੀਪਲਜ਼ ਕਨਵੈਨਸ਼ਨ ਸੈਂਟਰ ਸੈਕਟਰ 36 ਬੀ ਚੰਡੀਗੜ੍ਹ ਜੁੜ ਰਹੀ ਯਾਦਗਾਰੀ ਵਿਚਾਰ ਇਕੱਤਰਤਾ ਇਸ ਜੋਟੀ ਨੂੰ ਮਜ਼ਬੂਤ ਕਰਨ ਦਾ ਅਹਿਦ ਲੈਂਦੇ ਹੋਏ ਆਪਣੇ ਮਹਿਬੂਬ ਵਿਦਵਾਨ ਖ਼ੋਜੀ ਇਤਿਹਾਸਕਾਰ ਨੂੰ ਸਿਜਦਾ ਕਰੇਗੀ। ਉਹਨਾਂ ਦਾ ਅਥਾਹ ਖੋਜ ਭਰਪੂਰ ਇਤਿਹਾਸਕ ਸਾਹਿਤਕ ਕਾਰਜ਼, ਲਹਿਰਾਂ ਨੂੰ ਤੱਤੇ, ਠੰਢੇ ਹਰ ਮੌਸਮ ਵਿਚ ਔਝੜੇ ਰਾਹਾਂ ਅੰਦਰ ਗਹਿਰ ਗੰਭੀਰ ਵਿਚਾਰਵਾਨ ਅਤੇ ਸਿਰੜੀ ਕਾਮੇਂ ਬਣ ਕੇ ਤੁਰਨ ਲਈ ਰੌਸ਼ਨੀ ਦਾ ਚਾਨਣ ਮੁਨਾਰਾ ਬਣਕੇ ਕੰਮ ਕਰਦਾ ਰਹੇਗਾ।

No comments:
Post a Comment