ਕਾ. ਸੁਰਿੰਦਰ ਤਿਵਾੜੀ ਦੀ ਜੀਵਨ ਘਾਲਣਾ ਦੇ ਪੰਨੇ
ਹਾਕਮ ਜਮਾਤਾਂ ਨਾਲ ਸਾਂਝ ਭਿਆਲੀ ਖ਼ਿਲਾਫ ਅਸੂਲੀ ਪੁਜੀਸ਼ਨ
ਕਾ. ਸੁਰਿੰਦਰ ਤਿਵਾੜੀ ਹਾਕਮ ਜਮਾਤਾਂ ਨਾਲ ਗੱਠਜੋੜਾਂ ਰਾਹੀਂ ਸਾਂਝ ਭਿਆਲੀ ਵਾਲੀ ਨੀਤੀ ਤੋਂ ਸਦਾ ਇਨਕਾਰੀ ਰਹੇ ਅਤੇ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਵੱਲੋਂ ਹਾਕਮ ਜਮਾਤਾਂ ਨਾਲ ਗੱਠਜੋੜ ਬਣਾਉਣ ਦੇ ਰੁਝਾਨਾਂ ਖਿਲਾਫ਼ ਡਟਵੇਂ ਸਿਆਸੀ ਵਿਚਾਰਧਾਰਕ ਸੰਘਰਸ਼ 'ਚ ਹਿੱਸਾ ਲਿਆ। 1974 'ਚ ਜਦੋਂ ਇੰਦਰਾ ਗਾਂਧੀ ਦੇ ਫਾਸ਼ੀ ਜਬਰ ਖਿਲਾਫ਼ ਹਾਕਮ ਜਮਾਤਾਂ ਦੇ ਦੂਸਰੇ ਧੜੇ ਵੱਲੋਂ ਸ਼ੁਰੂ ਕੀਤੇ ਜੇ.ਪੀ. ਅੰਦੋਲਨ ਨਾਲ ਕਮਿਊਨਿਸਟ ਇਨਕਲਾਬੀਆਂ ਦੇ ਇੱਕ ਹਿੱਸੇ ਵੱਲੋਂ ਗੱਠਜੋੜ ਕਰਨ ਦਾ ਰੁਝਾਨ ਉੱਭਰਿਆ ਤਾਂ ਉਹ ਇਸਦੇ ਖਤਰਿਆਂ ਤੋਂ ਚੌਕਸ ਕਰਨ ਵਾਲਿਆਂ 'ਚ ਸ਼ੁਮਾਰ ਸਨ। ਉਹਨਾਂ ਨੇ ਇਸਦੇ ਜਮਾਤੀ ਭਿਆਲੀ ਤੱਕ ਜਾਣ ਤੇ ਇਨਕਲਾਬੀ ਲੀਹ ਤੋਂ ਲਹਿ ਜਾਣ ਦੇ ਫ਼ਿਕਰ ਦਰਸਾਏ। ਉਸ ਵੇਲੇ ਉਹਨਾਂ ਨੇ ਕਾਮਰੇਡ ਸੋਹੀ ਦੀ ਅਗਵਾਈ ਹੇਠ ਇਸ ਸੇਧ ਦਾ ਸੰਚਾਰ ਕਰਨ 'ਚ ਅਹਿਮ ਹਿੱਸਾ ਪਾਇਆ ਕਿ ਕਮਿਊਨਿਸਟ ਇਨਕਲਾਬੀ ਤਾਕਤਾਂ ਨੂੰ ਹਾਕਮਾਂ ਦੇ ਇੱਕ ਜਾਂ ਦੂਜੇ ਧੜੇ ਨਾਲ ਟੋਚਨ ਹੋਣ ਦੀ ਥਾਂ ਲੋਕਾਂ ਸਾਹਮਣੇ ਮੁਕਤੀ ਦਾ ਬਦਲਵਾਂ ਆਰਥਿਕ ਸਿਆਸੀ ਪ੍ਰੋਗਰਾਮ ਤੇ ਰਾਹ ਉਭਾਰਨਾ ਚਾਹੀਦਾ ਹੈ। ਉਹਨਾਂ ਦੀ ਇਸ ਵਿਚਾਰਧਾਰਕ ਸੰਘਰਸ਼ ਦੀ ਮਹੱਤਤਾ ਮੋਦੀ ਹਕੂਮਤ ਦੇ ਫਾਸ਼ੀ ਹਮਲੇ ਦੇ ਦੌਰ 'ਚ ਮੁੜ ਉਜਾਗਰ ਹੋ ਰਹੀ ਹੈ ਤੇ ਇਸ ਹਮਲੇ ਖਿਲਾਫ਼ ਸੰਘਰਸ਼ ਦੀ ਸਹੀ ਪਹੁੰਚ 'ਤੇ ਖੜ੍ਹਨ ਦਾ ਮਹੱਤਵ ਦਰਸਾ ਰਹੀ ਹੈ।
ਇਸ ਵਿਚਾਰ ਨੂੰ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦੇ ਹੋਣਹਾਰ ਤੇ ਗਿਣਨਯੋਗ ਹਿੱਸੇ ਨੇ ਗ੍ਰਹਿਣ ਕੀਤਾ। ਵੱਖ ਵੱਖ ਵਰਗਾਂ ਦੀਆਂ ਜਥੇਬੰਦੀਆਂ ਨੇ ਮੋਗੇ 'ਚ ਸੰਗਰਾਮ ਰੈਲੀ ਜਥੇਬੰਦ ਕਰਕੇ ਲੋਕਾਂ ਸਾਹਮਣੇ ਕੌਮ ਦੇ ਕਲਿਆਣ ਦਾ ਬਦਲਵਾਂ ਰਾਹ ਤੇ ਪ੍ਰੋਗਰਾਮ ਰੱਖਿਆ।
ਐਮਰਜੈਂਸੀ ਹਟਣ ਬਾਅਦ 1977 'ਚ ਭਾਰਤੀ ਰਾਜ ਨੇ ਜਨਤਾ ਸਰਕਾਰ ਰਾਹੀਂ ਕਮਿਊਨਿਸਟ ਇਨਕਲਾਬੀਆਂ ਨੂੰ ਪਲੋਸਵੀਂ ਛੋਹ ਨਾਲ ਰਾਹੋਂ ਥਿੜਕਾਉਣ ਦੀ ਚਾਲ ਚੱਲੀ। ਹਕੂਮਤ ਵੱਲੋਂ ਇਨਕਲਾਬੀਆਂ 'ਤੇ ਪਾਏ ਕੇਸ ਰੱਦ ਕਰਨ ਤੇ ਇਨਕਲਾਬੀਆਂ ਨੂੰ ਹਥਿਆਰਬੰਦ ਸੰਘਰਸ਼ ਦਾ ਰਾਹ ਤਿਆਗ ਕੇ 'ਮੁੱਖ-ਧਾਰਾ’ ਦੇ ਪਾਰਲੀਮਾਨੀ ਰਾਹ 'ਚ ਆਉਣ ਦੀਆਂ ਪੇਸ਼ਕਸ਼ਾਂ ਕੀਤੀਆਂ ਗਈਆਂ। ਕਮਿਊਨਿਸਟ ਇਨਕਲਾਬੀ ਲਹਿਰ ਦਾ ਇੱਕ ਹਿੱਸਾ ਇਸ ਥਿੜਕਣ ਦਾ ਸ਼ਿਕਾਰ ਵੀ ਹੋਇਆ। ਪਰ ਹੋਰਨਾਂ ਕਿੰਨੇ ਹੀ ਇਨਕਲਾਬੀਆਂ ਵਾਂਗ ਕਾ. ਸੁਰਿੰਦਰ ਤਿਵਾੜੀ ਨੇ ਇਹਨਾਂ ਪੇਸ਼ਕਸ਼ਾਂ ਨੂੰ ਠੁਕਰਾਉਂਦਿਆਂ ਇਨਕਲਾਬੀ ਲੋਕ ਯੁੱਧ ਦੀ ਤਿਆਰੀ 'ਚ ਡਟੇ ਰਹਿਣ ਦਾ ਰਾਹ ਚੁਣਿਆ ਤੇ ਗੁਪਤਵਾਸ ਰਹਿੰਦਿਆਂ ਹੀ ਸਰਗਰਮੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਇਹ ਨਕਸਲਬਾੜੀ ਦੇ ਰਾਹ 'ਚ ਉਹਨਾਂ ਦੀ ਅਡੋਲ ਨਿਹਚਾ ਸੀ ਕਿ ਉਹ ਜ਼ਿੰਦਗੀ ਭਰ ਪਾਰਲੀਮਾਨੀ ਰਾਹ ਦੇ ਭਰਮ ਭੁਲੇਖੇ ਤੋਂ ਮੁਕਤ ਰਹੇ ਅਤੇ ਅੰਤ ਤੱਕ ਗੁਪਤਵਾਸ ਰਹਿੰਦਿਆਂ ਇਨਕਲਾਬੀ ਲੋਕ ਯੁੱਧ ਦੀ ਤਿਆਰੀ 'ਚ ਜੁਟੇ ਰਹੇ।
ਪਾਰਲੀਮਾਨੀ ਰਾਹ ਦੀ ਦਲਦਲ 'ਚ ਜਾਣ ਤੋਂ ਇਨਕਾਰੀ
ਕਾ. ਸੁਰਿੰਦਰ ਤਿਵਾੜੀ ਪਾਰਲੀਮਾਨੀ ਸਿਆਸਤ ਦੀ ਦਲਦਲ ਤੋਂ ਸਦਾ ਮੁਕਤ ਰਹੇ। ਉਹ ਮੁਲਕ ਅੰਦਰ ਜਮਹੂਰੀ ਇਨਕਲਾਬ ਦੇ ਮਿਸ਼ਨ ਨੂੰ ਪ੍ਰਣਾਏ ਰਹੇ। ਉਹਨਾਂ ਦਾ ਪੱਕਾ ਵਿਚਾਰ ਸੀ ਕਿ 1947 'ਚ ਦੇਸ਼ ਅੰਦਰ ਸਿਰਫ਼ ਸੱਤਾ ਬਦਲੀ ਹੋਈ ਸੀ ਤੇ ਅੰਗਰੇਜ਼ ਸਾਮਰਾਜੀਆਂ ਦੇ ਸਿੱਧੇ ਰਾਜ ਦੀ ਥਾਂ ਇੱਥੋਂ ਦੇ ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ ਨੇ ਰਾਜ ਭਾਗ ਸਾਂਭਿਆ ਸੀ ਅਤੇ ਸਾਮਰਾਜੀ ਲੁੱਟ ਤੇ ਦਾਬੇ ਦੇ ਸਿਰਫ਼ ਢੰਗ ਬਦਲੇ ਸਨ। ਭਾਰਤ ਦੇਸ਼ ਇੱਕ ਸਾਮਰਾਜੀ ਮੁਲਕ ਦੀ ਥਾਂ ਕਈ ਸਾਮਰਾਜੀ ਮੁਲਕਾਂ ਦੀ ਲੁੱਟ ਦੀ ਥਾਂ ਬਣ ਗਿਆ ਸੀ। ਸਾਮਰਾਜੀ ਤੇ ਜਗੀਰੂ ਲੁੱਟ ਤੇ ਦਾਬੇ ਤੋਂ ਮੁਕੰਮਲ ਮੁਕਤੀ ਲਈ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ, ਛੋਟੇ ਵਪਾਰੀਆਂ/ਕਾਰੋਬਾਰੀਆਂ ਤੇ ਕੌਮੀ ਸਰਮਾਏਦਾਰਾਂ ਨੂੰ ਕੌਮੀ ਮੁਕਤੀ ਦੇ ਪ੍ਰੋਗਰਾਮ ਦੁਆਲੇ ਇੱਕਜੁੱਟ ਹੋ ਕੇ ਜੂਝਣ ਦੀ ਜ਼ਰੂਰਤ ਹੈ। ਇਸ ਸਮੁੱਚੇ ਕਾਰਜ ਦੀ ਅਗਵਾਈ ਮਜ਼ਦੂਰ ਜਮਾਤ ਦੀ ਪਾਰਟੀ ਹੀ ਕਰ ਸਕਦੀ ਹੈ ਤੇ ਇਹ ਸੰਘਰਸ਼ ਜ਼ਮੀਨ ਦੀ ਵੰਡ ਦੁਆਲੇ ਉਸਰ ਰਹੇ ਸੰਘਰਸ਼ ਨਾਲ, ਮੁਕਾਬਲੇ ਦੀ ਲੋਕ ਸੱਤਾ ਉਸਾਰਦਿਆਂ ਅੱਗੇ ਵਧੇਗਾ। ਉਹਨਾਂ ਦਾ ਦ੍ਰਿੜ੍ਹ ਵਿਚਾਰ ਸੀ ਕਿ ਦੇਸ਼ ਅੰਦਰਲਾ ਪਾਰਲੀਮਾਨੀ ਢਾਂਚਾ ਇਸ ਉਦੇਸ਼ ਦਾ ਸਾਧਨ ਨਹੀਂ ਬਣ ਸਕਦਾ। ਇਹ ਪਾਰਲੀਮਾਨੀ ਢਾਂਚਾ ਤੇ ਇਸਦੀਆਂ ਸੰਸਥਾਵਾਂ ਮੁਲਕ ਦੀਆਂ ਹਾਕਮ ਜਮਾਤਾਂ ਵੱਲੋਂ ਜਮਹੂਰੀਅਤ ਦੇ ਨਾਂ 'ਤੇ ਰਚਿਆ ਗਿਆ ਡਰਾਮਾ ਹੈ। ਇਹ ਜਮਹੂਰੀਅਤ ਝੂਠੀ ਹੈ ਤੇ ਲੋਕਾਂ ਸਾਹਮਣੇ ਖਰੀ ਲੋਕ ਜਮਹੂਰੀਅਤ ਦੀ ਸਿਰਜਣਾ ਦਾ ਕਾਰਜ ਹੈ। ਇਸ ਕਾਰਜ ਲਈ ਲੋਕ ਸੰਘਰਸ਼ਾਂ ਨੂੰ ਇਨਕਲਾਬੀ ਸੇਧ 'ਚ ਅੱਗੇ ਵਧਾਉਣ ਲਈ ਉਹਨਾਂ ਅਣਥੱਕ ਘਾਲਣਾ ਘਾਲੀ। ਇਸ ਸੇਧ ਨੂੰ ਪ੍ਰਚਾਰਿਆ ਤੇ ਲੋਕਾਂ ਦੇ ਆਗੂਆਂ ਨੂੰ ਸਿੱਖਿਅਤ ਕਰਨ 'ਚ ਅਹਿਮ ਹਿੱਸਾ ਪਾਇਆ । ਇਸ ਬਾਰੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਲਿਖਤਾਂ ਲਿਖੀਆਂ। ਉਹਨਾਂ ਦੀਆਂ ਲਿਖਤਾਂ ਵੱਖ-ਵੱਖ ਇਨਕਲਾਬੀ ਪਰਚਿਆਂ 'ਚ ਪ੍ਰਕਾਸ਼ਿਤ ਹੋਈਆਂ।
(ਕਾਮਰੇਡ ਸੁਰਿੰਦਰ ਤਿਵਾੜੀ ਸ਼ਰਧਾਂਜਲੀ ਸਮਾਗਮ ਕਮੇਟੀ ਵੱਲੋਂ ਪ੍ਰਕਾਸ਼ਿਤ ਹੱਥ ਪਰਚੇ 'ਚੋਂ)
No comments:
Post a Comment