ਮਜ਼ਦੂਰ ਸੰਘਰਸ਼ ਅੰਗੜਾਈ ਦਾ ਸੰਕੇਤ
ਅਪ੍ਰੈਲ ਮਹੀਨੇ ਕੌਮੀ ਰਾਜਧਾਨੀ ਖੇਤਰ 'ਚ ਸਨਅਤੀ ਮਜ਼ਦੂਰ ਜਮਾਤ 'ਚ ਹੱਕੀ ਮੁੱਦਿਆਂ ਲਈ ਹੋਈ ਰੋਸ ਭਰੀ ਹਿਲ-ਜੁਲ ਚਿਰਾਂ ਤੋਂ ਉਡੀਕਿਆ ਜਾ ਰਿਹਾ ਸਵਾਗਤਯੋਗ ਵਰਤਾਰਾ ਹੈ। ਇਸ ਹਿਲਜੁਲ ਨੇ ਮੁਲਕ ਅੰਦਰਲੇ ਸਨਅਤੀਕਰਨ ਦੇ ਇਸ ਮਾਡਲ ਦੀ ਤਹਿ ਹੇਠਲੀ ਹਕੀਕਤ ਮੁੜ ਉਘਾੜੀ ਹੈ ਕਿ ਇਹ 'ਤੇਜ਼ ਵਿਕਾਸ' ਮਜ਼ਦੂਰ ਜਮਾਤ ਦੀ ਕਿਰਤ ਦੀ ਅੰਨ੍ਹੀ ਲੁੱਟ 'ਤੇ ਟਿਕਿਆ ਹੋਇਆ ਹੈ ਅਤੇ ਮਜ਼ਦੂਰਾਂ ਨੂੰ ਘੋਰ ਅਣ-ਮਨੁੱਖੀ ਹਾਲਤਾਂ 'ਚ ਰੱਖ ਕੇ ਉਹਨਾਂ ਦੀ ਕਿਰਤ ਨਿਚੋੜਦਾ ਹੈ। ਇਹਨਾਂ ਵੱਡੇ ਕਾਰੋਬਾਰੀਆਂ ਦੇ ਉਦਯੋਗਾਂ 'ਚ ਇਸ 'ਤੇਜ਼ ਵਿਕਾਸ' ਦਾ ਵਰਤਾਰਾ ਮਜ਼ਦੂਰ ਜਮਾਤ ਦੇ ਜਥੇਬੰਦ ਹੋਣ ਦੇ ਹੱਕ ਨੂੰ ਕੁਚਲ ਕੇ ਰੱਖਣ ਦੇ ਵਰਤਾਰੇ ਨਾਲ ਹੀ ਗੁੰਦਿਆ ਹੋਇਆ ਹੈ। ਇਹਨਾਂ ਬਰਾਮਦਾਂ ਅਧਾਰਿਤ ਸਨਅਤਾਂ ਜਾਂ ਮੁਲਕ ਦੀ ਉੱਪਰਲੀ ਤੇ ਉੱਚ-ਮੱਧਵਰਗੀ ਜਮਾਤਾਂ ਨੂੰ ਮੁਖਾਤਿਬ ਉਤਪਾਦਨ, ਭਾਰਤੀ ਕਿਰਤ ਮੰਡੀ 'ਚ ਸਰਮਾਏਦਾਰਾਂ ਦੀ ਮਨ-ਮਰਜ਼ੀ ਪੁੱਗ ਸਕਣ ਨਾਲ ਹੀ ਵਧ ਫੁਲ ਰਹੀਆਂ ਹਨ। ਭਾਰਤੀ ਹਾਕਮ ਜਮਾਤਾਂ ਲਈ ਵਿਦੇਸ਼ੀ ਪੂੰਜੀ ਵਾਸਤੇ ਭਾਰਤੀ ਧਰਤੀ ਨੂੰ ਖਿੱਚ-ਪਾਊ ਬਣਾਉਣ 'ਚ ਹੋਰਨਾਂ ਲੁਭਾਉਣੀਆਂ ਛੋਟਾਂ ਦੇ ਨਾਲ ਨਾਲ ਕਿਰਤ ਦੀ ਅਜਿਹੀ ਲੁੱਟ ਕੀਤੀ ਜਾ ਸਕਣ ਦੀ ਗਾਰੰਟੀ ਦੇਣਾ ਸ਼ਾਮਿਲ ਹੈ। ਨਵੇਂ ਕਿਰਤ ਕੋਡ ਪਹਿਲੀ ਅਪ੍ਰੈਲ ਤੋਂ ਲਾਗੂ ਹੋਏ ਹਨ ਤੇ ਇਹਨਾਂ ਦਾ ਮਕਸਦ ਵੀ ਇਸ ਵੱਡੀ ਪੂੰਜੀ ਲਈ ਕਾਰੋਬਾਰਾਂ ਨੂੰ ਅਸਾਨ ਬਣਾਉਣਾ ਹੈ ਜਿਸਦਾ ਇੱਕ ਭਾਵ ਸਨਅਤੀ ਮਜ਼ਦੂਰ ਜਮਾਤ ਨੂੰ ਨਾਮ ਨਿਹਾਦ ਤੇ ਰਸਮੀ ਸੁਰੱਖਿਆ ਦੇ ਹੱਕਾਂ ਵਾਅਦਿਆਂ ਤੋਂ ਵੀ ਵਾਂਝੇ ਕਰਨਾ ਹੈ।
ਇਹ ਹੋਰ ਵੀ ਤਲਖ ਹਕੀਕਤ ਹੈ ਕਿ ਅਜੇ ਤਾਂ ਕਿਰਤ ਕੋਡ ਲਾਗੂ ਹੋਣ ਦਾ ਅਮਲ ਤੁਰਿਆ ਹੀ ਹੈ। ਇਹ ਬੇਚੈਨੀ ਤੇ ਰੋਸ ਤਾਂ ਪਹਿਲੇ ਕਿਰਤ ਕਾਨੂੰਨਾਂ ਦੇ ਲਾਗੂ ਹੋਣ ਦੇ ਦੌਰ 'ਚ ਹੀ ਉਪਜਿਆ ਹੈ ਜਿਸਦਾ ਸਪੱਸ਼ਟ ਭਾਵ ਹੈ ਕਿ ਉਹ ਸਭ ਕਾਨੂੰਨ ਵੀ ਸਿਰਫ਼ ਕਾਗਜ਼ਾਂ ਦਾ ਸ਼ਿੰਗਾਰ ਹਨ ਤੇ ਸਨਅਤੀ ਮਜ਼ਦੂਰਾਂ ਦੇ ਹਿਤਾਂ 'ਚ ਭੁਗਤਣ ਦੀ ਥਾਂ ਸਰਮਾਏਦਾਰਾਂ ਵੱਲੋਂ ਮਰਜ਼ੀ ਨਾਲ ਦਰਕਿਨਾਰ ਕੀਤੇ ਜਾ ਸਕਦੇ ਹਨ। ਯੂਨੀਅਨਾਂ ਤਾਂ ਉਹਨਾਂ ਕਾਨੂੰਨਾਂ ਦੇ ਹੁੰਦਿਆਂ ਨਹੀਂ ਬਣਨ ਦਿੱਤੀਆਂ ਗਈਆਂ, ਜਦੋਂ ਰਸਮੀ ਤੌਰ 'ਤੇ ਸਪਸ਼ਟਤਾ ਨਾਲ ਯੂਨੀਅਨ ਬਣਾਉਣ ਦਾ ਅਧਿਕਾਰ ਕਾਨੂੰਨ ਤਹਿਤ ਦਿੱਤਾ ਹੋਇਆ ਸੀ। ਹੁਣ ਜਦੋਂ ਇਹ ਕਾਨੂੰਨੀ ਹੱਕ ਵੀ ਕਾਗਜ਼ਾਂ 'ਚੋਂ ਪਾਸੇ ਕਰ ਦਿੱਤਾ ਗਿਆ ਹੈ ਜਾਂ ਬਹੁਤ ਕਮਜ਼ੋਰ ਕਰ ਦਿੱਤਾ ਗਿਆ ਹੈ ਤਾਂ ਫਿਰ ਮਜ਼ਦੂਰਾਂ ਦੇ ਜਥੇਬੰਦ ਹੋਣ ਦੇ ਹੱਕ ਦਾ ਕੁਚਲਿਆ ਜਾਣਾ ਹੋਰ ਵੀ ਜ਼ਿਆਦਾ ਯਕੀਨੀ ਕਰ ਦਿੱਤਾ ਗਿਆ ਹੈ।
ਇਉਂ ਇਹ ਨਵੇਂ ਕਿਰਤ ਕੋਡ ਉਸ ਉਸਲਵੱਟੇ ਲੈ ਰਹੀ ਬੈਚੈਨੀ ਤੇ ਰੋਹ ਨੂੰ ਡੱਕਣ ਤੇ ਕੁਚਲਣ ਲਈ ਲਿਆਂਦੇ ਗਏ ਹਨ, ਜਿਹੜੀ ਬੇਚੈਨੀ ਪਹਿਲੇ ਕਾਨੂੰਨਾਂ ਦੇ ਹੁੰਦਿਆਂ ਹੀ ਪਨਪ ਰਹੀ ਹੈ। ਉਂਝ ਸਾਡੇ ਮੁਲਕ 'ਚ ਝੂਠੀ ਜਮਹੂਰੀਅਤ ਹੈ ਤੇ ਕਾਨੂੰਨ ਦੇ ਰਾਜ ਦੀ ਥਾਂ ਆਪਾਸ਼ਾਹ ਰਾਜ ਹੈ ਭਾਵ ਹਾਕਮ ਜਮਾਤਾਂ ਦੀ ਮਨਮਰਜ਼ੀ ਦਾ ਰਾਜ ਹੈ। ਇਹਨਾਂ ਹਾਲਤਾਂ 'ਚ ਕਿਰਤੀਆਂ ਦੇ ਹੱਕਾਂ ਦੀ ਰਾਖੀ ਦੇ ਰਸਮੀ ਦਾਅਵਿਆਂ ਲਈ ਲਿਆਂਦੇ ਹੋਏ ਕਾਨੂੰਨ ਵੀ ਹਕੂਮਤਾਂ ਨੂੰ ਅੜਿੱਕਾ ਜਾਪ ਰਹੇ ਹਨ। ਖਾਸ ਕਰਕੇ ਸੰਸਾਰ ਸਾਮਰਾਜੀ ਪੂੰਜੀ ਤੇ ਭਾਰਤੀ ਵੱਡੇ ਸਰਮਾਏਦਾਰਾਂ ਦੇ ਸੰਕਟਾਂ ਦਾ ਭਾਰ ਲੋਕਾਂ 'ਤੇ ਸੁੱਟ ਦੇਣ ਲਈ ਜੋ ਕਦਮ ਲੈਣ ਦੀ ਲੋੜ ਬਣ ਰਹੀ ਹੈ, ਉਹ ਕਦਮ ਲੈਣ 'ਚ ਹਰ ਛੋਟੇ ਤੋਂ ਛੋਟਾ ਅੜਿੱਕਾ ਵੀ ਦੂਰ ਕੀਤਾ ਜਾ ਰਿਹਾ ਹੈ।
ਪਰ ਇਹ ਜੋ ਮਜ਼ਦੂਰ ਮਨਾਂ 'ਚ ਪਲ ਰਹੇ ਰੋਹ ਦਾ ਪ੍ਰਗਟਾਵਾ ਹੋਇਆ ਹੈ, ਇਹ ਸਿਰਫ਼ ਹਾਲਤ ਦਾ ਟਰੇਲਰ ਹੈ। ਮਜ਼ਦੂਰਾਂ ਦੀ ਤਿੱਖੀ ਕੀਤੀ ਜਾ ਰਹੀ ਲੁੱਟ ਤੇ ਨਾਲ ਹੀ ਰੋਹ ਨੂੰ ਕੁਚਲਣ ਲਈ ਕੀਤਾ ਜਾ ਰਿਹਾ ਜਬਰ ਹਾਲਤ ਨੂੰ ਹੋਰ ਵਿਸਫੋਟਕ ਬਣਾਉਣ ਜਾ ਰਹੇ ਹਨ। ਇਹ ਵਰਤਾਰਾ ਇਸ ਇੱਕ ਵਾਰ ਦੇ ਇਜ਼ਹਾਰ ਨਾਲ ਥੰਮੇ ਜਾਣ ਵਾਲਾ ਨਹੀਂ ਹੈ। ਜਿੰਨ੍ਹਾਂ ਹਾਲਤਾਂ ਨੇ ਇਹ ਪੈਦਾ ਕੀਤਾ ਹੈ, ਉਹ ਤਾਂ ਹੋਰ ਜਿਆਦਾ ਡੂੰਘੇ ਸੰਕਟਾਂ ਦਾ ਰੂਪ ਲੈ ਕੇ ਆ ਰਹੇ ਹਨ। ਇੱਕ ਪਾਸੇ ਕਿਰਤ ਕੋਡ ਤੇ ਜਾਬਰ ਕਦਮ ਤੇ ਦੂਜੇ ਪਾਸੇ ਆਰਥਿਕ ਸੰਕਟਾਂ ਦਾ ਮਹਿੰਗਾਈ ਦੇ ਰੂਪ 'ਚ ਕਿਰਤੀਆਂ 'ਤੇ ਪੈਣ ਵਾਲਾ ਬੋਝ, ਇਹ ਦੋਹੇਂ ਜੜੁੱਤ ਵਰਤਾਰੇ ਇਸ ਮਜ਼ਦੂਰ ਹਲਚਲ ਲਈ ਅਧਾਰ ਮੁਹੱਈਆ ਕਰਵਾਉਣ ਵਾਲੇ ਹਨ। ਮਜ਼ਦੂਰ ਜਮਾਤ ਦੀਆਂ ਅਗਵਾਨੂੰ ਸ਼ਕਤੀਆਂ ਕਮਿਊਨਿਸਟ ਇਨਕਲਾਬੀ ਤਾਕਤਾਂ ਨੂੰ ਇਸ ਹਾਲਤ 'ਚ ਮਜ਼ਦੂਰ ਜਮਾਤ ਦੇ ਰੋਹ ਨੂੰ ਇਨਕਲਾਬੀ ਦਿਸ਼ਾ 'ਚ ਸੇਧਤ ਕਰਨ ਲਈ ਜ਼ੋਰਦਾਰ ਯਤਨ ਜੁਟਾਉਣ ਦੀ ਲੋੜ ਹੈ। ਮਜ਼ਦੂਰ ਰੋਸ ਫੁਟਾਰਿਆਂ ਦਾ ਇਹ ਇਜ਼ਹਾਰ ਮਜ਼ਦੂਰਾਂ ਦੇ ਗੈਰ ਜਥੇਬੰਦ ਹੋਣ ਦੀ ਹਾਲਤ ਦਰਮਿਆਨ ਆਇਆ ਹੈ। ਇਹਨਾਂ ਉਦਯੋਗਾਂ 'ਚ ਰਸਮੀ ਟਰੇਡ ਯੂਨੀਅਨ ਸਰਗਰਮੀ ਵੀ ਗੈਰ ਹਾਜ਼ਰ ਹੈ। ਹਰ ਤਰ੍ਹਾਂ ਦੀ ਜਥੇਬੰਦ ਸਰਗਰਮੀ ਵਰਜਿਤ ਹੈ। ਮਜ਼ਦੂਰਾਂ ਦੀ ਗੈਰ-ਜਥੇਬੰਦੀ ਵਾਲੀ ਹਾਲਤ ਇਸ ਰੋਸ ਫੁਟਾਰੇ ਦੀ ਵੱਡੀ ਸੀਮਤਾਈ ਬਣੀ ਹੈ। ਇਸਨੂੰ ਸਰ ਕਰਨ ਤੇ ਇਸ ਵੱਡੇ ਖੇਤਰ 'ਚ ਮਜ਼ਦੂਰ ਜਮਾਤ ਦੇ ਜਥੇਬੰਦ ਹੋਣ ਦੀ ਚੁਣੌਤੀ ਮਜ਼ਦੂਰ ਜਮਾਤ ਦੀ ਅਗਵਾਨੂੰ ਸ਼ਕਤੀ ਦੇ ਸਾਹਮਣੇ ਹੈ।
ਵੱਡੀਆਂ ਸਨਅਤਾਂ 'ਚ ਵੱਡਾ ਹਿੱਸਾ ਮਜ਼ਦੂਰ, ਕੱਚੇ ਕਾਮਿਆਂ ਜਾਂ ਦਿਹਾੜੀਦਾਰ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ ਜਦਕਿ ਬਹੁਤ ਛੋਟੀ ਪਰਤ ਰੈਗੂਲਰ ਕਾਮਿਆਂ ਦੀ ਹੈ। ਰਵਾਇਤੀ ਟਰੇਡ ਯੂਨੀਅਨਾਂ ਸਿਰਫ਼ ਇਸ ਰੈਗੂਲਰ ਪਰਤ ਤੱਕ ਸੀਮਤ ਹਨ ਜਿਹੜੀ ਪਰਤ ਮੁਕਬਾਲਤਨ ਸਹੂਲਤ-ਯਾਫ਼ਤਾ ਵੀ ਹੈ। ਮੈਨਜੇਮੈਂਟ ਇਸ ਛੋਟੀ ਪਰਤ ਜ਼ਰੀਏ ਵੱਡੀ ਗਿਣਤੀ ਦਿਹਾੜੀਦਾਰ ਕਾਮਿਆਂ ਦੀ ਲੁੱਟ ਦਾ ਰਾਹ ਵੀ ਬਣਾਉਂਦੇ ਹਨ। ਇਸ ਲਈ ਇਸ ਵੇਲੇ ਇਹਨਾਂ ਕੱਚੇ/ਦਿਹਾੜੀਦਾਰ ਮਜ਼ਦੂਰਾਂ ਦੇ ਹੱਕਾਂ ਦਾ ਸਵਾਲ ਪ੍ਰਮੁੱਖ ਸਵਾਲ ਬਣਿਆ ਹੋਇਆ ਹੈ। ਜਿਵੇਂ ਕਿ ਹੁਣ ਦੇ ਤਾਜ਼ਾ ਰੋਸ ਉਭਾਰ ਨੇ ਵੀ ਦਰਸਾਇਆ ਹੈ ਕਿ ਇਹਨਾਂ ਮਜ਼ਦੂਰਾਂ ਦੀ ਸੰਘਰਸ਼ ਲਲਕਾਰ ਹੀ ਸਨਅਤੀ ਮਜ਼ਦੂਰ ਜਮਾਤ ਦੀ ਇਸ ਸਥਿਲਤਾ ਵਾਲੀ ਹਾਲਤ ਨੂੰ ਸੰਨ੍ਹ ਲਾ ਸਕਦੀ ਹੈ ਤੇ ਮਜ਼ਦੂਰ ਜਮਾਤ ਲਹਿਰ ਦੇ ਨਵੇਂ ਵੇਗ ਦਾ ਅਧਾਰ ਬਣ ਸਕਦੀ ਹੈ। ਇਸ ਰੋਸ ਉਭਾਰ ਨੇ ਮੁਲਕ ਦੀ ਮਜ਼ਦੂਰ ਜਮਾਤ ਲਹਿਰ ਦੀ ਲੀਡਰਸ਼ਿਪ 'ਤੇ ਕਾਬਜ਼ ਸੋਧਵਾਦੀ, ਸੁਧਾਰਵਾਦੀ ਤੇ ਆਰਥਿਕਤਾਵਾਦੀ ਲੀਡਰਸ਼ਿਪਾਂ ਦੀ ਹਕੀਕਤ ਫਿਰ ਉਘਾੜ ਕੇ ਸਾਹਮਣੇ ਲਿਆਂਦੀ ਹੈ। ਇਹਨਾਂ ਲੀਡਰਸ਼ਿਪਾਂ ਵਾਲੀਆਂ ਟਰੇਡ ਯੂਨੀਅਨਾਂ ਨਾ ਸਿਰਫ਼ ਇਹਨਾਂ ਤੂਫਾਨੀ ਕੇਂਦਰਾਂ ਤੋਂ ਪਾਸੇ ਹੀ ਹਨ ਸਗੋਂ ਇਸ ਉਭਾਰ ਦੀ ਹਾਲਤ 'ਤੇ ਵੀ ਕੋਈ ਇੱਕਮੁੱਠਤਾ ਜਾਹਰ ਕਰਨ ਦੀ ਜਨਤਕ ਲਾਮਬੰਦੀ ਤੋਂ ਵੀ ਨਿਰਲੇਪ ਹੀ ਰਹੀਆਂ ਹਨ। ਰਸਮੀ ਬਿਆਨਬਾਜੀ ਤੋਂ ਅੱਗੇ ਜਨਤਕ ਲਾਮਬੰਦੀ ਤੇ ਰੋਹ ਨੂੰ ਜਥੇਬੰਦ ਕਰਨ ਦੇ ਕਦਮਾਂ ਤੋਂ ਦੂਰ ਹੀ ਰਹੀਆਂ ਹਨ। ਇਸ ਹਾਲਤ ਨੇ ਇੱਕ ਵਾਰ ਫਿਰ ਇਹਨਾਂ ਸੁਧਾਰਵਾਦੀ ਤੇ ਆਰਥਿਕਤਾਵਾਦੀ ਲੀਡਰਸ਼ਿਪਾਂ ਖਿਲਾਫ਼ ਸੰਘਰਸ਼ ਰਾਹੀਂ ਇਹਨਾਂ ਦੀ ਜਕੜ ਤੋੜਨ ਦੇ ਕਾਰਜ ਦੀ ਤੱਦੀ ਉਭਾਰੀ ਹੈ।
ਇਹਨਾਂ ਵੱਡੀ ਗਿਣਤੀ ਸਨਅਤੀ ਮਜ਼ਦੂਰਾਂ ਨੇ ਚਾਹੇ ਫੌਰੀ ਮੰਗ ਵਜੋਂ ਘੱਟੋ-ਘੱਟ ਉਜ਼ਰਤਾਂ ਦੇ ਵਾਧੇ ਤੇ ਹੋਰ ਸਹੂਲਤਾਂ ਦੇ ਮੁੱਦਿਆਂ ਲਈ ਆਵਾਜ਼ ਉਠਾਈ ਹੈ ਪਰ ਵਧਦੀ ਮਹਿੰਗਾਈ ਤੇ ਘਰਾਂ ਦੇ ਕਿਰਾਇਆਂ ਦਾ ਭਾਰ ਇਹਨਾਂ ਦੇ ਰੋਹ ਨੂੰ ਫੌਰੀ ਪਲੀਤਾ ਲਾਉਣ ਦਾ ਕਾਰਨ ਬਣਿਆ ਹੈ। ਇਹ ਹਾਲਤ ਦਰਸਾਉਂਦੀ ਹੈ ਕਿ ਇਹਨਾਂ ਦੇ ਜਥੇਬੰਦ ਹੋਣ ਤੇ ਸੰਘਰਸ਼ਾਂ ਲਈ ਸਿਰਫ਼ ਫੈਕਟਰੀਆਂ ਨਾਲ ਸੰਬੰਧਿਤ ਮੰਗਾਂ 'ਤੇ ਹੀ ਗੁੰਜਾਇਸ਼ਾਂ ਮੌਜੂਦ ਨਹੀਂ ਹਨ ਸਗੋਂ ਰਿਹਾਇਸ਼ੀ ਇੰਤਜ਼ਾਮਾਂ ਤੇ ਜ਼ਰੂਰੀ ਲੋੜਾਂ ਦੀ ਪੂਰਤੀ ਦੇ ਮੁੱਦਿਆਂ 'ਤੇ ਵੀ ਲਾਮਬੰਦੀ ਦੀਆਂ ਅਥਾਹ ਸੰਭਾਵਨਾਵਾਂ ਹਨ। ਇਸ ਲਈ ਜ਼ਰੂਰਤ ਇਹਨਾਂ ਸਨਅਤੀ ਮਜ਼ਦੂਰਾਂ ਨੂੰ ਜਥੇਬੰਦ ਹੋਣ ਦੀ ਚੇਤਨਾ ਦੇਣ ਤੇ ਜਥੇਬੰਦ ਸੰਘਰਸ਼ਾਂ ਦੇ ਮਹੱਤਵ ਨਾਲ ਕਾਇਲ ਕਰਨ ਲਈ ਇੱਥੇ ਖੁੱਭ ਕੇ ਡੂੰਘਾ ਕੰਮ ਕਰਨ ਦੀ ਹੈ। ਵੱਡੇ ਕਾਰਪੋਰੇਟਾਂ ਦੀ ਸਨਅਤ 'ਚ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੇ ਪੱਖ ਤੋਂ ਮੌਜੂਦਾ ਦੌਰ ਅੰਦਰ ਮਾਨੇਸਰ ਖੇਤਰ 'ਚ ਮਾਰੂਤੀ ਕੰਪਨੀ ਦੇ ਮਜ਼ਦੂਰਾਂ 'ਚ ਜਥੇਬੰਦੀ ਉਸਾਰਨ ਦੇ ਹੋਏ ਯਤਨਾਂ ਦਾ ਤਜਰਬਾ ਮਹੱਤਵਪੂਰਨ ਹੈ। ਇਸ ਤਜਰਬੇ ਨੂੰ ਘੋਖਣ ਤੇ ਹਾਂ ਪੱਖੀ ਤੇ ਨਾਂਹ ਪੱਖੀ ਭਾਵ ਹਰ ਤਰ੍ਹਾਂ ਦੇ ਤਜਰਬੇ ਦੇ ਸਬਕ ਲੈਣ ਪੱਖੋਂ ਇਹ ਕੰਮ ਇਨਕਲਾਬੀ ਸ਼ਕਤੀਆਂ ਲਈ ਮਹੱਤਵਪੂਰਨ ਸਮੱਗਰੀ ਬਣਦਾ ਹੈ।
ਮੁਲਕ ਅੰਦਰ ਸਾਮਰਾਜੀ ਹੱਲੇ ਦੇ ਟਾਕਰੇ ਤੇ ਇਨਕਲਾਬੀ ਜਮਾਤੀ ਘੋਲਾਂ ਦੀ ਅਸਲ ਤਕੜਾਈ ਸਨਅਤੀ ਮਜ਼ਦੂਰ ਜਮਾਤ ਵੱਲੋਂ ਸੰਘਰਸ਼ਾਂ ਦੇ ਪਿੜ 'ਚ ਆਉਣ ਨਾਲ ਹੋਣੀ ਹੈ। ਸਨਅਤੀ ਮਜ਼ਦੂਰ ਜਮਾਤ ਨਾਲ ਕਿਸਾਨੀ ਦਾ ਗੱਠਜੋੜ ਹੀ ਸਭਨਾਂ ਜਮਾਤੀ ਘੋਲਾਂ ਦੀ ਤਕੜਾਈ ਦਾ ਅਧਾਰ ਬਣਦਾ ਹੈ। ਇਸ ਸਨਅਤੀ ਮਜ਼ਦੂਰ ਜਮਾਤ ਦੀਆਂ ਸੁਭਾਵਿਕ ਤੰਦਾਂ ਪੇਂਡੂ ਮਜ਼ਦੂਰਾਂ ਤੇ ਕਿਸਾਨਾਂ ਨਾਲ ਗੱਠਜੋੜ ਪੱਖੋਂ ਸੁਭਾਵਿਕ ਕਾਰਕ ਵੀ ਬਣ ਜਾਂਦਾ ਹੈ ਤੇ ਇਹ ਹੁਣ ਵੀ ਇਹਨਾਂ ਪੇਂਡੂ ਪਿਛੋਕੜ ਥਾਵਾਂ ਨਾਲੋਂ ਟੁੱਟੇ ਹੋਏ ਨਹੀਂ ਹਨ ਸਗੋਂ ਡੂੰਘੀ ਤਰ੍ਹਾਂ ਜੁੜੇ ਹੋਏ ਹਨ। ਕਰੋਨਾ ਸੰਕਟ ਵਾਂਗ ਹੁਣ ਵੀ ਮਹਿੰਗਾਈ ਦੀ ਮਾਰ ਨੇ ਇੱਕ ਹਿੱਸੇ ਨੂੰ ਵਾਪਿਸ ਉਹਨਾਂ ਪੇਂਡੂ ਖੇਤਰਾਂ ਵੱਲ ਮੁੜਨ ਲਈ ਮਜ਼ਬੂਰ ਕੀਤਾ ਹੈ। ਪੇਂਡੂ ਖੇਤਰਾਂ ਨਾਲ ਅਜਿਹੀਆਂ ਤੰਦਾਂ ਸਾਡੇ ਮੁਲਕ ਦੀ ਸਨਅਤੀ ਮਜ਼ਦੂਰ ਜਮਾਤ ਦਾ ਅਹਿਮ ਲੱਛਣ ਹਨ ਤੇ ਇਹ ਕਿਸਾਨੀ ਨਾਲ ਹੈ। ਸਨਅਤੀ ਮਜ਼ਦੂਰ ਜਮਾਤ ਦੀ ਇਸ ਬੇਚੈਨੀ ਨੂੰ ਭਟਕਾਊ ਲੀਹਾਂ 'ਤੇ ਵਗਾਉਣ ਰਾਹੀਂ ਖਾਰਜ ਕਰਨ ਲਈ ਕੇਂਦਰੀ ਹਕੂਮਤ ਤੇ ਰਾਜ ਕੋਲ ਬਹੁਤ ਫਾਸ਼ੀ ਪ੍ਰੋਜੈਕਟ ਹਨ। ਇਸ ਲਈ ਇਨਕਲਾਬੀ ਸ਼ਕਤੀਆਂ ਮੂਹਰੇ ਇਸ ਬੇਚੈਨੀ ਤੇ ਰੋਹ ਨੂੰ ਜਥੇਬੰਦ ਕਰਨ ਤੇ ਸਹੀ ਸੰਘਰਸ਼ ਰਾਹ ਤੋਰਨ ਦੀ ਚੁਣੌਤੀ ਹੋਰ ਵੀ ਵੱਡੀ ਹੈ।
ਸਨਅਤੀ ਮਜ਼ਦੂਰ ਜਮਾਤ ਨੇ ਇਸ ਸੰਘਰਸ਼ ਰਾਹੀਂ ਅਥਾਹ ਸੰਭਾਵਨਾਵਾਂ ਪੇਸ਼ ਕੀਤੀਆਂ ਹਨ ਜਿੰਨ੍ਹਾਂ ਨੂੰ ਹਕੀਕੀ ਇਨਕਲਾਬੀ ਜਮਾਤੀ ਸੰਘਰਸ਼ 'ਚ ਪਲਟਣ ਲਈ ਸਹੀ ਨੀਤੀ ਨਾਲ ਲੈਸ ਹੋ ਕੇ ਤਨਦੇਹੀ ਨਾਲ ਜੁਟਣ ਦੀ ਜ਼ਰੂਰਤ ਹੈ। ਨਵ-ਜਮਹੂਰੀ ਇਨਕਲਾਬ ਦੀ ਆਗੂ ਜਮਾਤ ਵਜੋਂ ਸਨਅਤੀ ਮਜ਼ਦੂਰ ਜਮਾਤ ਦਾ ਖੁੱਦ ਜਮਾਤ ਦੇ ਤੌਰ 'ਤੇ ਸੰਘਰਸ਼ਾਂ ਦੇ ਦ੍ਰਿਸ਼
'ਤੇ ਉੱਭਰ ਕੇ ਆਉਣਾ ਬੇਹੱਦ ਲੋੜੀਂਦਾ ਵਰਤਾਰਾ ਹੈ। ਕਿਉਂ ਕਿ ਹੋਰਨਾਂ ਇਨਕਲਾਬੀ ਜਮਾਤਾਂ ਦੇ ਘੋਲਾਂ ਦੀ ਕਾਮਯਾਬੀ ਇਸਦੀ ਅਗਵਾਈ ਨਾਲ ਬੱਝੀ ਹੋਈ ਹੈ।
--0–
No comments:
Post a Comment