ਇਰਾਨ 'ਤੇ ਅਮਰੀਕੀ ਹਮਲਾ-
ਕੌਮੀ ਟਾਕਰੇ ਮੂਹਰੇ ਪੁੱਠੀਆਂ ਪੈਂਦੀਆਂ ਸਾਮਰਾਜੀ ਗਿਣਤੀਆਂ
-ਜਸਵਿੰਦਰ
ਇਸ ਸਾਲ 28 ਫਰਵਰੀ 2026 ਨੂੰ ਅਮਰੀਕਾ-ਇਜ਼ਰਾਇਲ ਜੰਗਬਾਜ਼ ਗੁੱਟ ਵੱਲੋਂ ਧੋਖੇ ਭਰੇ ਢੰਗ ਨਾਲ ਇਰਾਨ ਉੱਪਰ ਮੜ੍ਹੀ ਭਿਆਨਕ ਜੰਗ ਨੂੰ ਚੱਲਦਿਆਂ ਤਿੰਨ ਮਹੀਨੇ ਹੋਣ ਵਾਲੇ ਹਨ। ਅਮਰੀਕਨ ਸਾਮਰਾਜੀ ਮਹਾਂਸ਼ਕਤੀ ਮੱਧ-ਪੂਰਬ ਦੇ ਇਸ ਖਿੱਤੇ 'ਚ ਆਪਣੀ ਕਿੰਤੂ-ਰਹਿਤ ਚੌਧਰ ਸਥਾਪਤ ਕਰਨ ਲਈ ਯਤਨਸ਼ੀਲ ਹੈ। ਇਜ਼ਰਾਇਲ ਇਸ ਖੇਤਰ 'ਚ ਇਸਦਾ ਬੁੱਲੀ ਕੁੱਤਾ ਹੈ। ਖਾੜੀ ਖੇਤਰ ਦੇ ਲਗਭਗ ਬਾਕੀ ਸਭ ਦੇਸ਼ ਸਾਊਦੀ ਅਰਬ, ਕੁਵੈਤ, ਕਤਰ, ਬਹਿਰੀਨ, ਯੂ.ਏ.ਈ, ਓਮਾਨ ਆਦਿਕ ਅਤੇ ਮੱਧ ਪੂਰਬ ਦੇ ਦੇਸ਼ ਇਰਾਕ, ਜਾਰਡਨ, ਲੈਬਲਾਨ, ਸੀਰੀਆ ਅਤੇ ਇਸ ਤੋਂ ਅੱਗੇ ਮਿਸਰ, ਤੁਰਕੀ ਆਦਿਕ ਅਮਰੀਕਨ ਸਾਮਰਾਜ ਦੀ ਸ਼ਾਹਦੀ ਭਰਦੇ ਹਨ, ਇਸਦੀ ਸੁਰੱਖਿਆ ਛੱਤਰੀ ਹੇਠ ਇਸਦੀ ਰਜ਼ਾ 'ਚ ਚੱਲਦੇ ਹਨ। ਈਰਾਨ ਹੀ ਖਾੜੀ ਖੇਤਰ ਦਾ, ਇਸ ਮੱਧ-ਪੂਰਬ ਦੇ ਖਿੱਤੇ ਦਾ, ਅਜਿਹਾ ਦੇਸ਼ ਹੈ ਜੋ ਅਮਰੀਕਨ ਸਾਮਰਾਜ ਦੀ ਤਾਬਿਆ 'ਚ ਰਹਿ ਕੇ ਚੱਲਣ ਤੋਂ ਇਨਕਾਰੀ ਹੈ। ਇਸੇ ਕਰਕੇ ਇਸਦੀ ਅੱਖ ਦਾ ਰੋੜ ਹੈ। ਆਪਣੀਆਂ ਸੰਸਾਰ ਯੁੱਧਨੀਤਿਕ ਵਿਉਂਤਾਂ ਦੀ ਪੂਰਤੀ ਲਈ ਅਮਰੀਕਨ ਸਾਮਰਾਜ ਇਰਾਨ ਦੀ ਇਸ ਨਾਬਰ ਹਕੂਮਤ ਨੂੰ ਜਿੱਥੇ 1979 'ਚ ਹੋਏ ਕੌਮੀ ਇਨਕਲਾਬ ਵੇਲੇ ਤੋਂ ਹੀ ਤਰ੍ਹਾਂ-ਤਰ੍ਹਾਂ ਨਾਲ ਅਨੇਕ ਕਿਸਮ ਦੀਆਂ ਆਰਥਿਕ-ਵਪਾਰਕ ਰੋਕਾਂ ਅਤੇ ਹੋਰ ਸਾਜਿਸ਼ਾਂ ਨਾਲ ਅਸਥਿਰ ਕਰਨ ਤੇ ਇੱਥੋਂ ਤੱਕ ਕਿ ਚੱਲਦਾ ਕਰਨ ਲਈ ਲਗਾਤਾਰ ਯਤਨ ਕਰਦਾ ਆ ਰਿਹਾ ਹੈ, ਹੁਣ ਆਪਣੀ ਮਹਾਂਸ਼ਕਤੀ ਵਜੋਂ ਹਸਤੀ ਦੀ ਹੋਂਦ ਬਚਾਈ ਰੱਖਣ ਦੀਆਂ ਤਿੱਖੀਆਂ ਹੋਈਆਂ ਲੋੜਾਂ 'ਚੋਂ ਇਹ ਉੱਥੇ ਆਪਣੀ ਵਫ਼ਾਦਾਰ ਹਕੂਮਤ ਸਥਾਪਤ ਕਰਨ ਅਤੇ ਇਰਾਨ ਦੇ ਵੱਡੇ-ਵੱਡੇ ਤੇਲ ਸੋਮਿਆਂ ਨੂੰ ਹਥਿਆਉਣ ਲਈ ਜੰਗ ਲਾਉਣ 'ਤੇ ਉਤਾਰੂ ਹੋ ਗਿਆ ਹੈ। ਇਸ ਕਰਕੇ ਤਿੱਖੇ ਸੰਕਟ ਦੀਆਂ ਲੋੜਾਂ 'ਚੋਂ, ਅਮਰੀਕਨ ਸਾਮਰਾਜੀ ਪ੍ਰਸ਼ਾਸ਼ਨ ਕੌਮਾਂਤਰੀ ਕਾਇਦੇ-ਕਾਨੂੰਨਾਂ ਅਤੇ ਜਮਹੂਰੀ ਬੁਰਕੇ ਨੂੰ ਵਗਾਹ ਕੇ ਸ਼ਰੇਆਮ ਇਰਾਨ 'ਚ ਨਿਜ਼ਾਮ-ਬਦਲੀ ਕਰਨ ਅਤੇ ਇਰਾਨੀ ਤੇਲ 'ਤੇ ਕਬਜ਼ਾ ਕਰਨ ਦੇ ਐਲਾਨ ਕਰ ਰਿਹਾ ਹੈ। ਇਜ਼ਰਾਇਲ ਦੀ ਘੋਰ ਨਸਲਪ੍ਰਸਤ ਤੇ ਫਾਸ਼ਿਸਟ ਸਰਕਾਰ ਮਹਾਂ-ਇਜ਼ਰਾਇਲ ਸਥਾਪਤ ਕਰਨ ਦੇ ਸੁਪਨੇ ਪਾਲ ਰਹੀ ਹੈ। ਇਹ ਪਸਾਰਵਾਦੀ ਯਹੂਦੀਵਾਦ ਸਰਕਾਰ ਗਾਜ਼ਾ ਨੂੰ ਹੜੱਪਣ ਅਤੇ ਲੈਬਨਾਨ, ਜੌਰਡਨ, ਇਰਾਕ ਆਦਿਕ ਦੇ ਪਹਿਲਾਂ ਹੜੱਪੇ ਇਲਾਕਿਆਂ ਤੋਂ ਇਲਾਵਾ ਹੋਰ ਵੱਡੇ ਖੇਤਰ ਹੜੱਪਣ ਦੀ ਲਾਲਸਾ ਪਾਲ ਰਹੀ ਹੈ। ਆਪਣੇ ਇਹਨਾਂ ਮਨਸੂਬਿਆਂ ਦੀ ਪੂਰਤੀ 'ਚ ਇਸ ਲਈ ਵੀ ਸਭ ਤੋਂ ਵੱਡਾ ਅੜਿੱਕਾ ਇਰਾਨੀ ਨਿਜ਼ਾਮ ਹੈ। ਹੁਣ ਇਹ ਅਮਰੀਕਨ ਸਾਮਰਾਜ ਨੂੰ ਪਤਿਆ ਕੇ, ਉਸ ਨਾਲ ਸਾਂਝਾ ਹੱਲਾ ਵਿੱਢ ਕੇ, ਇਰਾਨੀ ਨਿਜ਼ਾਮ ਨੂੰ ਅਤੀਅੰਤ ਨਿਤਾਣਾ ਬਨਾਉਣਾ ਚਾਹੁੰਦੀ ਹੈ ਤਾਂ ਕਿ ਉਹ ਇਜ਼ਰਾਇਲੀ ਮਨਸੂਬਿਆਂ ਦੀ ਪੂਰਤੀ ਦੇ ਰਾਹ 'ਚ ਕੋਈ ਚੁਣੌਤੀ ਨਾ ਬਣ ਸਕੇ। ਜੂਨ 2025 'ਚ ਅਮਰੀਕਨ ਸਾਮਰਾਜੀਆਂ ਦੀ ਸ਼ਹਿ ਅਤੇ ਹਮਾਇਤ ਨਾਲ ਇਜ਼ਰਾਇਲ ਨੇ ਇਰਾਨ ਉੱਪਰ ਵੱਡਾ ਜੰਗੀ ਹਮਲਾ ਕੀਤਾ ਸੀ ਅਤੇ ਇਰਾਨ ਦੇ ਕਈ ਸਾਰੇ ਚੋਟੀ ਦੇ ਫੌਜੀ ਜਰਨੈਲਾਂ, ਐਟਮੀ ਸਾਇੰਸਦਾਨਾਂ, ਸਿਆਸਤਦਾਨਾਂ ਅਤੇ ਅਫਸਰਾਂ ਨੂੰ ਮਾਰ ਦਿੱਤਾ ਸੀ। ਪਰ ਅਣਕਿਆਸੇ ਜ਼ੋਰਦਾਰ ਇਰਾਨੀ ਜੁਆਬੀ ਹਮਲੇ ਨੇ ਸਿਰਫ 12 ਦਿਨਾਂ 'ਚ ਹੀ ਇਜ਼ਰਾਇਲੀ ਲੀਡਰਸ਼ਿਪ ਦੀਆਂ ਚੀਕਾਂ ਕਢਵਾ ਦਿੱਤੀਆਂ ਸਨ। ਉਲਟਾ, ਉਹਨਾਂ ਨੂੰ ਇੱਕਪਾਸੜ ਤੌਰ 'ਤੇ ਜੰਗ ਬੰਦ ਕਰਨੀ ਪਈ ਸੀ।
ਜੰਗ ਦੇ ਮੌਜੂਦਾ ਗੇੜ੍ਹ ਤੋਂ ਪਹਿਲਾਂ, ਇਰਾਨ ਨੇ ਅਮਰੀਕਾ ਅਤੇ ਉਸਦੇ ਖਾੜੀ ਖੇਤਰ 'ਚ ਮੌਜੂਦ ਜੀ-ਹਜ਼ੂਰੀਏ ਹਕੂਮਤੀ ਟੋਲਿਆਂ ਨੂੰ ਭਲੀਭਾਂਤ ਚੇਤਾਵਾਨੀ ਦੇ ਦਿੱਤੀ ਸੀ ਕਿ ਜੇ ਅਮਰੀਕਾ ਜਾਂ ਉਸਦੇ ਜੋਟੀਦਾਰਾਂ ਨੇ ਇਰਾਨ ਉੱਪਰ ਹਮਲਾ ਕਰਨ ਦੀ ਹਿਮਾਕਤ ਕੀਤੀ ਤਾਂ ਇਰਾਨ ਖਾੜੀ ਖੇਤਰ 'ਚ ਅਮਰੀਕਨ ਫੌਜੀ ਅੱਡਿਆਂ, ਅਸਾਸਿਆਂ ਆਦਿਕ ਨੂੰ ਜਵਾਬੀ ਹਮਲਿਆਂ ਦੀ ਮਾਰ ਹੇਠ ਲਿਆਏਗਾ। ਜੇ ਇਹਨਾਂ ਦੇਸ਼ਾਂ ਦੀ ਧਰਤੀ ਨੂੰ ਇਰਾਨ ਉੱਪਰ ਹਮਲਿਆਂ ਲਈ ਵਰਤਿਆ ਗਿਆ ਤਾਂ ਇਰਾਨ ਉਹਨਾਂ ਦੇਸ਼ਾਂ ਨੂੰ ਹਮਲਾਵਰ ਸਮਝ ਕੇ ਵਾਜਬ ਕਾਰਵਾਈ ਕਰੇਗਾ।
ਦਸੰਬਰ-ਜਨਵਰੀ ਮਹੀਨੇ 'ਚ ਅਮਰੀਕਨ ਸੀ.ਆਈ.ਏ ਅਤੇ ਇਜ਼ਰਾਇਲੀ ਸੂਹੀਆ ਏਜੰਸੀ ਮੌਸਾਦ ਵੱਲੋਂ ਭੜਕਾਏ ਇਰਾਨੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਇਜ਼ਰਾਇਲੀ ਹੁਕਮਰਾਨਾਂ ਨੂੰ ਲੱਗਣ ਲੱਗ ਪਿਆ ਸੀ ਕਿ ਜੇਕਰ ਇਰਾਨੀ ਹਕੂਮਤ ਦਾ ਵਿਰੋਧ ਕਰ ਰਹੇ ਹਿੱਸਿਆਂ ਨੂੰ ਉਤਸ਼ਾਹਤ ਕੀਤਾ ਜਾਵੇ ਅਤੇ ਊਰਜਾ ਨੂੰ ਲਾਲਚ ਤੇ ਹਮਾਇਤ ਦਿੱਤੀ ਜਾਵੇ, ਪ੍ਰਮੁੱਖ ਆਗੂਆਂ ਅਤੇ ਅਫਸਰਾਂ ਦੇ ਕਤਲ ਕਰਕੇ ਅਫਰਾ-ਤਫਰੀ ਪੈਦਾ ਕੀਤੀ ਜਾ ਸਕੇ ਤਾਂ ਇਰਾਨੀ ਸਰਕਾਰ ਨੂੰ ਅੰਦਰੋਂ ਬਗ਼ਾਵਤ ਕਰਾ ਕੇ ਉਲਟਾਇਆ ਜਾ ਸਕਦਾ ਹੈ। ਇਹਨਾਂ ਪ੍ਰਦਰਸ਼ਨਾਂ ਦੌਰਾਨ ਖੁਦ ਟਰੰਪ ਨੇ ਇਰਾਨੀ ਪ੍ਰਦਰਸ਼ਨਕਾਰੀਆਂ ਨੂੰ ਡਟੇ ਰਹਿਣ ਲਈ ਥਾਪੀ ਦਿੰਦਿਆਂ “ਮੱਦਦ ਆ ਰਹੀ ਹੈ” ਦੇ ਲਾਰੇ ਲਾਏ। ਮੀਡੀਆ ਖਬਰਾਂ ਅਨੁਸਾਰ ਅਮਰੀਕਾ ਨੇ ਕਈ ਕਰੋੜਾਂ ਡਾਲਰ ਨਕਦੀ ਅਤੇ ਹਥਿਆਰ ਵੀ ਭੇਜੇ। ਪਰ ਇਰਾਨ ਸਰਕਾਰ ਇਹਨਾਂ ਦਿਖਾਵਿਆਂ ਨੂੰ ਦਬਾਉਣ 'ਚ ਛੇਤੀ ਹੀ ਕਾਮਯਾਬ ਹੋ ਗਈ।
ਸੌਖੀ ਜਿੱਤ ਦਾ ਭਰਮ
ਇਜ਼ਰਾਇਲ ਸਰਕਾਰ ਨੇ ਟਰੰਪ ਪ੍ਰਸ਼ਾਸ਼ਨ ਨੂੰ ਇਹ ਜਚਾ ਦਿੱਤਾ ਸੀ ਕਿ ਉਸਦਾ ਇਰਾਨੀ ਜਨਤਾ 'ਚ ਵਿਆਪਕ ਨੈੱਟਵਰਕ ਹੈ ਅਤੇ ਜੇਕਰ ਅਮਰੀਕਾ ਅਤੇ ਇਜ਼ਰਾਇਲੀ ਸੈਨਾਵਾਂ ਵੱਲੋਂ ਇਰਾਨ ਉੱਪਰ ਭਰਵਾਂ ਤੇ ਤਾਬੜਤੋੜ ਹੱਲਾ ਕੀਤਾ ਜਾਵੇ, ਚੋਟੀ ਦੀ ਸਿਆਸੀ ਤੇ ਫੌਜੀ ਲੀਡਰਸ਼ਿਪ ਦਾ ਸਫ਼ਾਇਆ ਕਰ ਦਿੱਤਾ ਜਾਵੇ, ਸੁਰੱਖਿਆ ਤੰਤਰ ਨਕਾਰਾ ਕਰ ਦਿੱਤਾ ਜਾਵੇ ਤਾਂ ਤਿੰਨ ਚਾਰ ਦਿਨਾਂ 'ਚ ਹੀ ਇਰਾਨ ਗੋਡੇ ਟੇਕ ਦੇਵੇਗਾ ਅਤੇ ਉੱਥੇ ਸਰਕਾਰ ਬਦਲੀ ਕੀਤੀ ਜਾ ਸਕੇਗੀ। ਇਰਾਨ 'ਚ ਪਿਛਲੇ ਸਮੇਂ 'ਚ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੇ ਅਤੇ ਵੈਨਜ਼ੁਏਲਾ 'ਚ ਬਿਨਾਂ ਕਿਸੇ ਜਾਨ-ਮਾਲ ਦੀ ਵੱਡੀ ਕੀਮਤ ਦੇ ਸਿਰਫ਼ ਘੰਟੇ ਭਰ ਦੇ ਤਤਕਾਲੀ ਅਪ੍ਰੇਸ਼ਨ ਰਾਹੀਂ ਕੀਤੇ ਤਖਤ ਪਲਟੇ ਨੇ ਉਪਰੋਕਤ ਸੋਚ ਨੂੰ ਹੋਰ ਬਲ ਬਖਸ਼ਿਆ। ਗੱਲਬਾਤ ਦੇ ਚੱਲ ਰਹੇ ਅਮਲ ਦੌਰਾਨ ਜਦ ਅਮਰੀਕਾ-ਇਰਾਨ ਸਮਝੌਤਾ ਹੋਣ ਦੇ ਕਾਫੀ ਰੌਸ਼ਨ ਆਸਾਰ ਪ੍ਰਗਟ ਹੋ ਰਹੇ ਸਨ ਤਾਂ ਅਮਰੀਕਾ-ਇਜ਼ਰਾਇਲ ਜੰਗਬਾਜ਼ ਗੱਠਜੋੜ ਨੇ ਅਮਰੀਕਨ ਸਹਿਯੋਗੀ ਖਾੜੀ ਦੇਸ਼ਾਂ ਨੂੰ ਵੀ ਭਰੋਸੇ 'ਚ ਲਏ ਬਗੈਰ ਅਚਨਚੇਤੀ ਤੇ ਧੋਖੇ ਭਰੇ ਢੰਗ ਨਾਲ ਇਰਾਨ ਉੱਪਰ ਫੌਜੀ ਚੜ੍ਹਾਈ ਕਰ ਦਿੱਤੀ। ਮਿਥੀ ਵਿਉਂਤ ਅਨੁਸਾਰ, ਇਰਾਨ ਦੀ ਅਵੇਸਲੀ ਹੋਈ ਚੋਟੀ ਦੀ ਧਾਰਮਿਕ, ਸਿਆਸੀ ਤੇ ਫੌਜੀ ਲੀਡਰਸ਼ਿਪ ਦਾ ਪਹਿਲੇ ਹੱਲੇ ਹੀ ਬਹੁਤ ਭਾਰੀ ਨੁਕਸਾਨ ਕਰ ਦਿੱਤਾ। ਫ਼ੌਜੀ ਅਤੇ ਸਿਵਲ ਤਾਣੇ-ਬਾਣੇ ਨੂੰ ਤਹਿਸ-ਨਹਿਸ ਕਰ ਦਿੱਤਾ। ਇੰਨੇ ਭਾਰੀ ਨੁਕਸਾਨ ਦੇ ਬਾਵਜੂਦ ਹਮਲੇ ਦੇ 20 ਮਿੰਟਾਂ ਬਾਅਦ ਹੀ ਇਰਾਨੀ ਰੱਖਿਆ ਅਤੇ ਹਮਲਾਵਰ ਪ੍ਰਣਾਲੀ ਹਰਕਤ 'ਚ ਆ ਗਈ। ਇਸ ਵੱਲੋਂ ਅਜਿਹਾ ਠੋਕਵਾਂ ਜਵਾਬੀ ਹੱਲਾ ਵਿੱਢਿਆ ਗਿਆ ਜੋ ਸਮਾਂ ਪੈਣ ਨਾਲ ਵਧੇਰੇ ਘਾਤਕ ਤੇ ਪ੍ਰਚੰਡ ਹੁੰਦਾ ਗਿਆ। ਦੁਸ਼ਮਣ ਦੇ ਮਹਿੰਗੇ ਹਥਿਆਰਾਂ ਦੇ ਭੰਡਾਰਾਂ ਨੂੰ ਖਰਚਾਉਣ ਲਈ ਸਸਤੇ ਡਰੋਨਾਂ ਅਤੇ ਮਿਜ਼ਾਇਲਾਂ ਦੀ ਵਰਤੋਂ ਕੀਤੀ ਗਈ। ਚਤੁਰਾਈ ਭਰੇ ਅਨੇਕ ਗੁਰ ਵਰਤ ਕੇ ਦੁਸ਼ਮਣ ਦੇ ਹਥਿਆਰਾਂ ਦਾ ਨਾਸ਼ ਕਰਵਾਇਆ ਗਿਆ।
ਹਮਲਾਵਰਾਂ ਦਾ ਦਾਅ ਪੁੱਠਾ ਪਿਆ
ਇਰਾਨੀ ਸਰਵਉੱਚ ਧਾਰਮਿਕ ਆਗੂ ਆਇਆਤੁਲਾ ਖਾਮੇਨਾਈ ਤੇ ਹੋਰ ਸਿਆਸੀ, ਫ਼ੌਜੀ ਤੇ ਉੱਚ ਅਫਸਰਾਂ ਦੇ ਅਮਰੀਕੀ-ਇਜ਼ਰਾਇਲੀ ਸੈਨਾ ਵੱਲੋਂ ਕੀਤੇ ਕਤਲਾਂ ਅਤੇ ਮੀਨਾਬ 'ਚ 165 ਸਕੂਲੀ ਬੱਚੀਆਂ ਦੇ ਕਤਲਾਂ ਨੇ ਇਰਾਨੀ ਲੋਕਾਂ ਦੇ ਮਨਾਂ 'ਚ ਦਹਿਲ ਬਿਠਾਉਣ ਦੀ ਥਾਂ, ਉਹਨਾਂ ਅੰਦਰ ਕੌਮੀ ਅਣਖ ਅਤੇ ਗੈਰਤ ਨੂੰ ਜਰਬਾਂ ਦੇ ਦਿੱਤੀਆਂ। ਲੋਕਾਂ ਅੰਦਰ ਸਾਮਰਾਜ-ਵਿਰੋਧੀ ਰੋਹ ਦਾ ਪ੍ਰਚੰਡ ਤੂਫ਼ਾਨ ਉੱਠ ਖੜ੍ਹਾ ਹੋਇਆ ਅਤੇ ਉਹ ਇਰਾਨੀ ਲੀਡਰਸ਼ਿਪ ਦੁਆਲੇ ਡਟ ਕੇ ਜੁਟ ਗਏ। ਉਹ ਸਾਮਰਾਜੀ ਬੰਬਾਂ ਅਤੇ ਮਿਜ਼ਾਇਲਾਂ ਤੋਂ ਡਰ ਕੇ ਇਜ਼ਰਾਇਲੀਆਂ ਵਾਂਗ ਤਹਿਖਾਨਿਆਂ 'ਚ ਲੁਕਣ ਦੀ ਥਾਂ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਸੜਕਾਂ ਉੱਤੇ ਨਿਕਲਣ ਲੱਗੇ। ਅਮਰੀਕਨ-ਇਜ਼ਰਾਇਲੀ ਹਮਲਾਵਰਾਂ ਦੇ ਸਿਆਪੇ ਕਰਨ ਲੱਗੇ। ਹਮਲੇ ਹੋਣ ਦੇ ਖਦਸ਼ੇ ਵਾਲੀਆਂ ਥਾਵਾਂ ਜਿਵੇਂ ਪੁਲਾਂ, ਬਿਜਲੀ ਘਰਾਂ, ਕਾਰਖਾਨਿਆਂ ਆਦਿਕ ਦੁਆਲੇ ਮਨੁੱਖੀ ਲੜੀਆਂ ਬਨਾਉਣ ਲੱਗੇ। ਸ਼ਹਾਦਤ ਦੇ ਰੰਗ 'ਚ ਰੰਗੇ ਗਏ। ਮੌਤ ਦਾ ਡਰ ਕਿਧਰੇ ਉੱਡ-ਪੁੱਡ ਗਿਆ। ਕੇਹਾ ਅਜਬ ਨਜ਼ਾਰਾ ਸੀ ਕਿ ਵਰ੍ਹਦੇ ਬੰਬਾਂ ਤੋਂ ਬੇਖੌਫ ਇਰਾਨੀ ਲੋਕਾਂ ਦੀਆਂ ਭੀੜਾਂ ਇਰਾਨੀ ਲੀਡਰਸ਼ਿਪ ਦੁਆਲੇ ਜੁੜ ਰਹੀਆਂ ਸਨ। ਉੱਧਰ, ਅਮਰੀਕਾ ਅਤੇ ਪੱਛਮੀ ਸਾਮਰਾਜੀ ਮੁਲਕਾਂ 'ਚ ਉੱਥੋਂ ਦੇ ਲੋਕਾਂ ਦੀਆਂ ਭੀੜਾਂ ਅਮਰੀਕੀ ਹਾਕਮਾਂ ਨੂੰ ਲਾਹਨਤਾਂ ਪਾ ਰਹੇ ਸੀ ਅਤੇ ਜੰਗ ਬੰਦ ਕਰਨ ਲਈ ਮੁਜ਼ਾਹਰੇ ਕਰ ਰਹੀਆਂ ਸਨ।
ਇਰਾਨੀ ਸਰਕਾਰ ਅਤੇ ਲੋਕਾਂ ਨੇ ਆਪਣੀ ਕੌਮੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਬਹੁਤ ਹੀ ਲਮਕਵੀਂ ਤੇ ਸੁਘੜ ਤਿਆਰੀ ਦਾ ਅਮਲ ਜਾਰੀ ਰੱਖਿਆ ਹੋਇਆ ਸੀ। ਉਹਨਾਂ ਨੇ ਆਪਣੇ ਕੌਮੀ ਸਾਧਨਾਂ ਅਤੇ ਤਕਨੀਕ ਉੱਤੇ ਅਧਾਰਤ ਸਸਤੇ ਡਰੋਨਾਂ ਅਤੇ ਮਿਜ਼ਾਇਲਾਂ 'ਤੇ ਅਧਾਰਤ ਵਿਸ਼ਾਲ ਰੱਖਿਆ ਸਨਅਤ ਦੀ ਉਸਾਰੀ ਜਾਰੀ ਰੱਖੀ ਹੋਈ ਸੀ। ਸਾਮਰਾਜੀ ਹਮਲਿਆਂ ਤੋਂ ਬਚਣ ਲਈ ਪਥਰੀਲੇ ਪਹਾੜਾਂ ਅੰਦਰ ਡੂੰਘੀਆਂ ਖੁੰਦਕਾਂ ਅਤੇ ਤਹਿਖਾਨੇ ਖੋਦ ਕੇ ਇਹਨਾਂ ਅੰਦਰ ਇਸ ਰੱਖਿਆ ਸਨਅਤ ਨੂੰ ਮਹਿਫੂਜ਼ ਕੀਤਾ ਹੋਇਆ ਸੀ। ਲੱਖਾਂ ਦੀ ਗਿਣਤੀ 'ਚ ਨੌਜਵਾਨ ਮਰਦ ਔਰਤਾਂ ਇਸ ਸੁਰੱਖਿਆ ਸਨਅਤ ਅਤੇ ਸੁਰੱਖਿਆ ਫੋਰਸਾਂ ਦੀ ਉਸਾਰੀ 'ਚ ਸਿਦਕਦਿਲੀ ਨਾਲ ਲੱਗੇ ਹਏ ਸਨ। ਦੇਸ਼ ਨੂੰ ਤੀਹ ਤੋਂ ਉੱਪਰ ਜੋਨਾਂ 'ਚ ਵੰਡ ਕੇ ਵਿਕੇਂਦਰਤ ਸੁਰੱਖਿਆ ਵਿਵਸਥਾ ਕਾਰਨ ਇਰਾਨ ਨੇ ਅਤਿ-ਆਧੁਨਿਕ ਅਤੇ ਅਜਿੱਤ ਕਹਾਉਂਦੀ ਅਮਰੀਕੀ ਇਜ਼ਰਾਇਲੀ ਜੰਗੀ ਪ੍ਰਣਾਲੀ ਦਾ ਅਜਿਹਾ ਸ਼ਾਨਦਾਰ ਟਾਕਰਾ ਕੀਤਾ ਕਿ ਦੁਨੀਆਂ ਭਰ ਦੇ ਲੋਕ ਦੰਗ ਹੋ ਕੇ ਰਹਿ ਗਏ ਅਤੇ ਅਸ਼-ਅਸ਼ ਕਰ ਉੱਠੇ।
ਅਮਰੀਕਾ-ਇਰਾਨੀ ਜੰਗ ਦੇ ਬੰਬਾਂ, ਮਿਜ਼ਾਇਲਾਂ, ਡਰੋਨਾਂ ਅਤੇ ਹੋਰ ਮਾਰੂ ਹਥਿਆਰਾਂ ਦੀ ਵਰਤੋਂ ਅਧਾਰਤ ਪਹਿਲੇ 40 ਦਿਨਾਂ ਦੇ ਝੁੱਟ ਤੋਂ ਬਾਅਦ ਅਮਰੀਕਨ ਸਾਮਰਾਜੀਆਂ ਨੂੰ ਆਪਣੀ ਨਾਕਾਮੀ ਪ੍ਰਤੱਖ ਹੋ ਗਈ ਸੀ। ਇਰਾਨ ਨੇ ਖਾੜੀ ਖੇਤਰ 'ਚ ਅਮਰੀਕਾ ਦੇ ਦਰਜਨ ਤੋਂ ਵੱਧ ਜੰਗੀ ਅੱਡਿਆਂ ਨੂੰ ਪੂਰੀ ਤਰ੍ਹਾਂ ਨਕਾਰਾ ਕਰ ਦਿੱਤਾ ਸੀ। ਇਰਾਨੀ ਡਰੋਨਾਂ ਅਤੇ ਮਿਜ਼ਾਇਲਾਂ ਨੇ ਇਜ਼ਰਾਇਲ ਦੇ ਆਇਰਨ ਡੋਮ ਅਤੇ ਪੈਂਟਰੀਆਟ, ਥਾਡ ਜਿਹੀਆਂ ਜ਼ੋਰਾਵਰ ਅਮਰੀਕੀ ਰੱਖਿਆ ਪ੍ਰਣਾਲੀਆਂ ਦੇ ਤੂੰਬੇ ਉਡਾ ਦਿੱਤੇ ਸਨ। ਅਦਿੱਖ (ਸਟੀਲਥ) ਦੱਸੇ ਜਾਂਦੇ ਅਮਰੀਕਾ ਦੇ ਹਵਾਈ ਜਹਾਜ਼ਾਂ ਦੇ ਨਿਸ਼ਾਨੇ ਲਾਏ ਜਾ ਰਹੇ ਸਨ। ਖਾੜੀ ਦੇ ਦੇਸ਼ਾਂ ਅਤੇ ਇਜ਼ਰਾਇਲ 'ਚ ਇਰਾਨੀ ਡਰੋਨਾਂ ਅਤੇ ਮਿਜ਼ਾਇਲਾਂ ਨੇ ਤਾਬੜਤੋੜ ਹਮਲੇ ਕਰਕੇ ਤੇ ਜੰਗੀ ਮਸ਼ੀਨ ਨੂੰ ਨਕਾਰਾ ਕਰਕੇ ਅਮਰੀਕਾ ਲਈ ਜੰਗ ਜਾਰੀ ਰੱਖਣੀ ਮੁਹਾਲ ਬਣਾ ਦਿੱਤੀ ਸੀ। ਉਸਦਾ ਗੋਲਾ ਬਾਰੂਦ ਅਤੇ ਹੋਰ ਅਹਿਮ ਰੱਖਿਆ ਸਾਜ਼ੋ-ਸਮਾਨ ਲਗਭਗ ਮੁੱਕਣ ਕਿਨਾਰੇ ਸੀ। ਉੱਧਰ ਅਮਰੀਕੀ ਪ੍ਰਸ਼ਾਸ਼ਨ, ਸੁਰੱਖਿਆ ਤੰਤਰ 'ਚ ਉੱਭਰੇ ਜੰਗ-ਵਿਰੋਧ, ਦੁਨੀਆਂ ਭਰ 'ਚ ਅਮਰੀਕੀ ਹਮਲੇ ਦੇ ਵਿਆਪਕ ਜਨਤਕ ਵਿਰੋਧ ਤੇ ਹੋਰ ਕਾਰਨਾਂ ਕਰਕੇ ਛਿੱਥੇ ਪਏ ਪਰ ਫੋਕੀਆਂ ਬੜ੍ਹਕਾਂ ਤੇ ਘੁਰਕੀਆਂ ਮਾਰਦੇ ਟਰੰਪ ਨੂੰ 40 ਦਿਨਾਂ ਬਾਅਦ ਆਪ ਹੀ ਜੰਗ 'ਚ ਆਰਜ਼ੀ ਗੋਲੀਬੰਦੀ ਕਰਨੀ ਪਈ ਜਦਕਿ ਇਰਾਨ ਇਸ ਜੰਗ 'ਚ ਪੂਰੀ ਤਰ੍ਹਾਂ ਅਲਿਫ ਰਹਿ ਕੇ ਥਾਪੀਆਂ ਮਾਰਦਾ ਰਿਹਾ। ਦੂਜੇ ਪਾਸੇ, ਇਰਾਨ ਹਮੇਸ਼ਾਂ ਦੀ ਤਰ੍ਹਾਂ, ਐਂਤਕੀ ਵੀ ਡਿਪਲੋਮੇਸੀ ਅਤੇ ਗੱਲਬਾਤ ਰਾਹੀ ਮਸਲਾ ਹੱਲ ਕਰਨ ਦਾ ਹਮੇਸ਼ਾਂ ਪੱਖੀ ਰਿਹਾ ਅਤੇ ਉਸਨੇ ਇਹਨਾਂ ਯਤਨਾਂ ਨੂੰ ਪੂਰਾ ਹੁੰਗਾਰਾ ਦਿੱਤਾ। ਪਰ ਅਮਰੀਕੀ ਸਾਮਰਾਜੀਆਂ ਦੇ ਧੋਖੇ ਭਰੇ ਅਤੇ ਬੇਪ੍ਰਤੀਤੇ ਵਿਹਾਰ ਕਾਰਨ ਇਰਾਨ ਅਮਰੀਕਾ ਨਾਲ ਸਿੱਧਮ-ਸਿੱਧੇ ਗੱਲਬਾਤ ਕਰਨ ਤੋਂ ਇਨਕਾਰੀ ਰਿਹਾ। ਗੱਲਬਾਤ ਦੀ ਮੇਜ਼ ਹੋਵੇ, ਚਾਹੇ ਜੰਗ ਦਾ ਮੈਦਾਨ, ਇਰਾਨ ਦੀ ਪਹਿਲੇ ਦਿਨ ਤੋਂ ਹੀ ਇਹ ਪੁਜ਼ੀਸ਼ਨ ਰਹੀ ਹੈ ਕਿ ਉਹ ਕਦੇ ਵੀ ਕਿਸੇ ਘੁਰਕੀ, ਦਬਾਅ ਜਾਂ ਹਿੰਸਾ ਮੂਹਰੇ ਲਿਫ ਕੇ ਇਰਾਨ ਦੇ ਕੌਮੀ ਹਿਤਾਂ ਅਤੇ ਸਵੈਮਾਨ ਨਾਲ ਕੋਈ ਸਮਝੌਤਾ ਨਹੀਂ ਕਰੇਗਾ।
ਨਿਹੱਕੀ ਬਨਾਮ ਹੱਕੀ ਜੰਗ
ਅਮਰੀਕੀ ਸਾਮਰਾਜੀਏ ਮਹਾਂਸ਼ਕਤੀ ਹੋਣ ਦੇ ਨਸ਼ੇ 'ਚ ਚੂਰ, ਇਰਾਨ ਵਿਰੁੱਧ ਛੇੜੀ ਜੰਗ ਦਾ ਮਕਸਦ ਉੱਥੇ ਅਮਰੀਕਾ ਨੂੰ ਭਾਉਂਦੀ ਨਿਜ਼ਾਮ ਬਦਲੀ ਕਰਨਾ, ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਮੁਕੰਮਲ ਖਾਤਮਾ ਕਰਨਾ, ਮਿਜ਼ਾਇਲ-ਵਿਕਾਸ ਪ੍ਰੋਗਰਾਮ 'ਤੇ ਬੰਦਸ਼ਾਂ ਲਾਉਣਾ ਅਤੇ ਇਰਾਨੀ ਤੇਲ ਹਥਿਆਉਣਾ ਆਦਿਕ ਐਲਾਨਦੇ ਆ ਰਹੇ ਹਨ। ਟਰੰਪ ਸ਼ਰੇਆਮ ਇਹ ਧਮਕੀਆਂ ਦਿੰਦਾ ਆ ਰਿਹਾ ਹੈ ਕਿ ਜੇ ਇਰਾਨ ਨੇ ਅਮਰੀਕੀ ਸਾਮਰਾਜ ਅੱਗੇ ਮੁਕੰਮਲ ਗੋਡੇ ਨਾ ਟੇਕੇ ਤਾਂ ਉਹ ਇਰਾਨ ਨੂੰ ਮਲੀਆਮੇਟ ਕਰ ਦੇਵੇਗਾ, ਉਸ ਨੂੰ ਪੱਥਰ-ਯੁੱਗ 'ਚ ਭੇਜ ਦੇਵੇਗਾ, ਇਰਾਨੀ ਸੱਭਿਅਤਾ ਨੂੰ ਮਿੱਟੀ 'ਚ ਮਿਲਾ ਦੇਵੇਗਾ। ਇਹ ਨੰਗੀ ਚਿੱਟੀ ਵੱਡ-ਤਾਕਤੀ ਹੈਂਕੜ ਅਤੇ ਧੌਂਸ ਹੈ ਜੋ ਅਮਰੀਕਨ ਸਾਮਰਾਜੀਆਂ ਦੇ ਸਿਰ ਚੜ੍ਹ ਬੋਲ ਰਹੀ ਹੈ। ਅਮਰੀਕਨ ਸਾਮਰਾਜੀਆਂ ਵੱਲੋਂ ਇਰਾਨ ਉੱਪਰ ਨਵਬਸਤੀਵਾਦੀ ਧੌਂਸ ਅਤੇ ਗੁਲਾਮੀ ਮੜ੍ਹਣ ਲਈ ਥੋਪੀ ਗਈ ਇਹ ਜੰਗ ਪੂਰੀ ਤਰ੍ਹਾਂ ਨਿਹੱਕੀ ਅਤੇ ਅਨਿਆਈਂ ਹੈ। ਇਹ ਇਰਾਨੀ ਪ੍ਰਭੂਸੱਤਾ ਅਤੇ ਗੌਰਵ ਤੇ ਕੌਮਾਂਤਰੀ ਕਾਇਦੇ-ਕਾਨੂੰਨਾਂ ਦਾ ਖੁੱਲ੍ਹਾ ਉਲੰਘਣ ਹੈ। ਇਹ 'ਸਕਤੇ ਦਾ ਸੱਤੀਂ ਵੀਹੀਂ ਸੌ'ਵਾਲਾ ਜੰਗਲ ਰਾਜ ਥੋਪਣ ਦੀ ਭੁੱਲ ਹੈ।
ਦੂਜੇ ਪਾਸੇ, ਇਰਾਨ ਦੀ ਮੰਗ ਹੈ ਕਿ ਅਮਰੀਕਨ ਸਾਮਰਾਜ ਵਾਰ-ਵਾਰ ਇਰਾਨ ਉੱਪਰ ਜੋ ਹਮਲੇ ਕਰ ਰਿਹਾ, ਉਸ ਤੋਂ ਰਾਖੀ ਦੀ ਜ਼ਾਮਨੀ ਕਰੇ, ਇਰਾਨ ਉੱਪਰ ਥੋਪੀ ਜੰਗ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ, ਇਰਾਨ ਦੇ ਜ਼ਬਤ ਕੀਤੇ ਪੈਸੇ ਅਤੇ ਅਸਾਸੇ ਵਾਪਸ ਇਰਾਨ ਨੂੰ ਦੇਵੇ, ਹਰ ਕਿਸਮ ਦੀਆਂ ਗੈਰ-ਕਾਨੂੰਨੀ ਪਾਬੰਦੀਆਂ ਖਤਮ ਕੀਤੀਆਂ ਜਾਣ ਅਤੇ ਇਰਾਨ ਦੀ ਪ੍ਰਭੂਸੱਤਾ ਦਾ ਸਤਿਕਾਰ ਕਰਦਿਆਂ ਇਰਾਨ ਨੂੰ ਪੁਰਅਮਨ ਮਕਸਦਾਂ ਲਈ ਪ੍ਰਮਾਣੂ ਪ੍ਰੋਗਰਾਮ ਅਤੇ ਸੁਰੱਖਿਆ ਪ੍ਰਣਾਲੀ ਵਿਕਸਤ ਕਰਨ ਦਾ ਹੱਕ ਦਿੱਤਾ ਜਾਵੇ, ਗਾਜ਼ਾ, ਲੈਬਨਾਨ, ਇਰਾਕ ਅਤੇ ਯਮਨ ਜਿਹੇ ਦੇਸ਼ਾਂ 'ਚ ਉਸਦੇ ਸਹਿਯੋਗੀਆਂ ਵਿਰੁੱਧ ਜੰਗ ਬੰਦ ਕੀਤੀ ਜਾਵੇ ਆਦਿਕ। ਇਰਾਨ ਦਾ ਤਰਕ ਹੈ ਕਿ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਦੁਨੀਆਂ 'ਚ ਇੱਕੋ ਇੱਕ ਦੇਸ਼ ਹੈ ਜਿਸਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਾਲ ਲੱਖਾਂ ਜਾਪਾਨੀ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਦਹਿ-ਲੱਖਾਂ ਹੋਰਾਂ ਨੂੰ ਨਕਾਰਾ ਕਰਕੇ ਨਰਕੀ ਜੂਨ ਭੋਗਣ ਲਈ ਸਰਾਪ ਦਿੱਤਾ ਸੀ। ਇਸ ਖੂੰਖਾਰ ਸਾਮਰਾਜੀ ਦੈਂਤ ਦੇ ਹੱਥ ਹਿੰਦ-ਚੀਨੀ ਦੇਸ਼ਾਂ, ਇਰਾਕ, ਅਫ਼ਗਾਨਿਸਤਾਨ, ਗਾਜ਼ਾ ਅਤੇ ਹੋਰ ਥਾਵਾਂ 'ਤੇ ਲੱਖਾਂ ਲੋਕਾਂ ਦੇ ਖੂਨ ਸੰਗ ਰੰਗੇ ਹੋਏ ਹਨ। ਇੰਨੇ ਭਾਰੇ ਕੁਕਰਮਾਂ ਦੇ ਬਾਵਜੂਦ, ਜੇ ਇਹ ਨਿੱਤ ਨਵੇਂ ਐਟਮੀ ਹਥਿਆਰ ਬਣਾ ਸਕਦਾ ਹੈ ਤਾਂ ਫਿਰ ਇਰਾਨ ਨੂੰ ਪੁਰਅਮਨ ਮਕਸਦਾਂ ਲਈ ਆਟੋਮਿਕ ਊਰਜਾ ਦੇ ਵਿਕਾਸ ਤੋਂ ਕਿਉਂ ਰੋਕਿਆ ਜਾ ਰਿਹਾ ਹੈ? ਅਮਰੀਕਾ ਨੂੰ ਕਿਸਨੇ ਇਹ ਅਧਿਕਾਰ ਦਿੱਤਾ ਹੈ ਕਿ ਉਹ ਪ੍ਰਭੂਸੱਤਾ-ਸੰਪੰਨ ਇਰਾਨ ਵਰਗੇ ਮੁਲਕ ਉੱਪਰ ਮਨ-ਮਰਜ਼ੀ ਮੁਤਾਬਕ ਆਰਥਿਕ, ਵਪਾਰਕ ਜਾਂ ਸੈਨਿਕ ਪਾਬੰਦੀਆਂ ਮੜ੍ਹੇ ਅਤੇ ਇਹਨਾਂ ਦੀ ਪਾਲਣਾ ਕਰਾਉਣ ਲਈ ਧਮਕੀਆਂ, ਧੌਂਸ ਅਤੇ ਹਥਿਆਰਬੰਦ ਹਮਲਿਆਂ ਦੀ ਵਰਤੋਂ ਕਰੇ? ਇਰਾਨ ਉਸ ਉੱਪਰ ਅਮਰੀਕਾ ਵੱਲੋਂ ਠੋਸੀ ਜੰਗ 'ਚ ਆਪਣੀ ਕੌਮੀ ਪ੍ਰਭੂਸੱਤਾ, ਸਵੈਮਾਣ ਅਤੇ ਇਲਾਕਾਈ ਅਖੰਡਤਾ ਲਈ ਲੜ ਰਿਹਾ ਹੈ। ਇਸ ਲਈ ਉਸਦੀ ਇਹ ਲੜਾਈ ਪੂਰੀ ਤਰ੍ਹਾਂ ਹੱਕੀ ਹੈ। ਇਸ ਕਰਕੇ ਉਸਨੂੰ ਅਮਰੀਕਾ ਸਮੇਤ ਦੁਨੀਆਂ ਭਰ ਦੇ ਲੋਕਾਂ ਦੀ ਭਾਰੀ ਹਮਾਇਤ ਮਿਲ ਰਹੀ ਹੈ।
ਹਾਰਮੋਜ਼ ਲਾਂਘੇ ਦੀ ਨਮੋਸ਼ੀ
ਚੱਲਦੀ ਅਮਰੀਕਾ-ਇਰਾਨ ਜੰਗ ਦੌਰਾਨ ਆਪਣੀ ਸਥਿੱਤੀ ਨੂੰ ਮਜ਼ਬੂਤ ਕਰਨ ਲਈ ਇਰਾਨ ਨੇ ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਨਾਲ ਜੋੜਦੇ ਹਾਰਮੋਜ਼ ਲਾਂਘੇ ਉੱਪਰ ਆਪਣੀ ਪਕੜ ਮਜ਼ਬੂਤ ਕਰ ਲਈ ਅਤੇ ਇਸ ਤੰਗ ਲਾਂਘੇ ਅੰਦਰ ਸਮੁੰਦਰ 'ਚ ਬਾਰੂਦੀ ਸੁਰੰਗਾਂ ਵਿਛਾ ਕੇ ਇੱਥੋਂ ਲੰਘਣ ਵਾਲੇ ਤੇਲ ਟੈਂਕਰਾਂ ਅਤੇ ਮਾਲ ਵਾਹਕ ਜਹਾਜ਼ਾਂ ਲਈ ਇਰਾਨੀ ਪ੍ਰਵਾਨਗੀ ਲੈਣੀ ਲਾਜ਼ਮੀ ਕਰ ਦਿੱਤੀ। ਇਹ ਲਗਭਗ 30 ਕਿਲੋਮੀਟਰ ਚੌੜਾ ਫਾਰਸ ਦੀ ਖਾੜੀ 'ਚ ਪਹੁੰਚਣ ਦਾ ਇੱਕੋ ਇੱਕ ਲਾਂਘਾ ਇਰਾਨ ਅਤੇ ਓਮਾਨ ਦਾ ਅਧਿਕਾਰਤ ਖੇਤਰ ਹੈ। ਕੌਮਾਂਤਰੀ ਸਮੁੰਦਰੀ ਕਾਨੂੰਨਾਂ ਮੁਤਾਬਕ 12 ਨਾਟੀਕਲ ਮੀਲ (ਕੋਈ 22 ਕਿਲੋਮੀਟਰ) ਦੀ ਦੂਰੀ ਤਕ ਸਮੁੰਦਰੀ ਖੇਤਰ ਤੱਟ-ਵਰਤੀ ਦੇਸ਼ਾਂ ਦਾ ਰਾਖਵਾਂ ਸਮੁੰਦਰੀ ਖੇਤਰ ਹੁੰਦਾ ਹੈ। ਇੱਕ ਪਾਸੇ ਇਰਾਨ ਤੇ ਦੂਜੇ ਪਾਸੇ ਓਮਾਨ ਦੇ ਤਟ ਹੋਣ ਕਰਕੇ ਇਹ ਰਾਖਵੀਂ ਸੀਮਾ 44-45 ਕਿਲੋਮੀਟਰ ਬਣਦੀ ਹੈ ਜਦਕਿ ਹਾਰਮੋਜ਼ ਲਾਘਾਂ ਮਸਾਂ 30-35 ਕਿਲੋਮੀਟਰ ਚੌੜਾ ਹੈ। ਇਰਾਨ ਵੱਲੋਂ ਇਸ ਲਾਂਘੇ ਦੀ ਕੀਤੀ ਨਾਕਾਬੰਦੀ ਨਾਲ ਫਾਰਸ ਦੀ ਖਾੜੀ ਖੁੱਲ੍ਹੇ ਸਮੁੰਦਰੀ ਖੇਤਰ ਨਾਲੋਂ ਕੱਟੀ ਗਈ। ਖਾੜੀ ਦੇ ਦੇਸ਼ਾਂ ਤੋਂ ਤੇਲ ਦੀ ਸਪਲਾਈ, ਖੇਤੀ ਖਾਦਾਂ, ਬਾਲਣ ਗੈਸਾਂ ਅਤੇ ਹੋਰ ਜ਼ਰੂਰੀ ਸਾਜ਼ੋ ਸਮਾਨ ਦੀ ਆਮਦ-ਰਫਤ ਪੂਰੀ ਤਰ੍ਹਾਂ ਰੁਕ ਗਈ। ਹਜ਼ਾਰਾਂ ਤੇਲ ਟੈਂਕਰ ਤੇ ਕਾਰਗੋ-ਜਹਾਜ਼ ਖਾੜੀ 'ਚ ਫਸ ਗਏ। ਇਰਾਨ ਨੇ ਹਮਲਾਵਰ ਦੇਸ਼ਾਂ ਜਾਂ ਉਹਨਾਂ ਦੇ ਸਰਗਰਮ ਸਹਿਯੋਗੀ ਮੁਲਕਾਂ ਨੂੰ ਛੱਡ ਕੇ ਬਾਕੀ ਸਭ ਮੁਲਕਾਂ ਲਈ ਇਰਾਨੀ ਫੌਜ ਦੀ ਪ੍ਰਵਾਨਗੀ ਅਤੇ ਸੁਰੱਖਿਆ ਤਹਿਤ ਲਾਂਘਾ ਦੇਣ ਦਾ ਐਲਾਨ ਕਰ ਦਿੱਤਾ। ਨਾਲ ਹੀ ਪ੍ਰਤੀ ਬੈਰਲ 2 ਡਾਲਰ ਦੀ ਚੁੰਗੀ ਲਾ ਦਿੱਤੀ। ਖਾੜੀ ਮੁਲਕਾਂ ਦਾ ਤੇਲ ਵਪਾਰ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ।
ਅਮਰੀਕਨ ਸਾਮਰਾਜੀਆਂ ਨੇ ਹਾਰਮੋਜ਼ ਲਾਂਘਾ ਖੁੱਲਾਉਣ ਲਈ ਵਾਰ-ਵਾਰ ਕਈ ਹੱਥਕੰਡੇ ਅਜ਼ਮਾਏ ਤੇ ਇਰਾਨ ਨੂੰ ਤਹਿਸ-ਨਹਿਸ ਕਰਨ ਦੀਆਂ ਧਮਕੀਆਂ ਦਿੱਤੀਆਂ ਪਰ ਸਭ ਨਿਹਫ਼ਲ ਰਹੀਆਂ। ਅਮਰੀਕੀ ਨੇਵੀ ਨੇ ਵਪਾਰਕ ਜਹਾਜ਼ਾਂ ਨੂੰ ਆਪਣੀ ਸੁਰੱਖਿਆ ਹੇਠ ਲਾਂਘਾ ਪਾਰ ਕਰਾਉਣ ਦੇ ਦਾਅਵੇ ਕੀਤੇ ਪਰ ਨੇਵੀ ਦੇ ਹਮਲਿਆਂ ਮੂਹਰੇ ਉਹਨਾਂ ਨੂੰ ਪੁੱਠ-ਪੈਂਰੀ ਛੂਟ ਵੱਟਣੀ ਪਈ। ਜੰਗੀ ਬੇੜੇ ਅਬਰਾਹਮ ਲਿੰਕਨ ਦੇ ਇਰਾਨੀ ਹਮਲੇ ਨਾਲ ਹੋਏ ਭਾਰੀ ਨੁਕਸਾਨ ਤੋਂ ਬਾਅਦ ਸਾਰੇ ਅਮਰੀਕਨ ਬੇੜੇ ਇਰਾਨ ਤੋਂ ਸੈਂਕੜੇ ਮੀਲ ਦੂਰ ਡੂੰਘੇ ਸਮੁੰਦਰ ਵੱਲ ਕੂਚ ਕਰ ਗਏ। ਅਮਰੀਕਾ ਵੱਲੋਂ ਦੁਨੀਆਂ ਭਰ ਦੇ ਮੁਲਕਾਂ ਨੂੰ ਹਾਰਮੂਜ਼ ਲਾਂਘਾ ਖੁੱਲ੍ਹਵਾਉਣ ਲਈ ਆਪਣੇ ਜੰਗੀ ਜਹਾਜ਼ ਭੇਜਣ ਤੇ ਅਮਰੀਕਾ ਨਾਲ ਰਲ ਕੇ ਉੱਦਮ ਕਰਨ ਦਾ ਕਿਸੇ ਨੇ ਵੀ ਹੁੰਗਾਰਾ ਨਹੀਂ ਭਰਿਆ। ਕਈ ਹੋਰ ਅਜਿਹੇ ਯਤਨਾਂ ਦੇ ਬਾਵਜੂਦ ਛਿੱਥੇ ਪਏ ਅਮਰੀਕਾ ਨੂੰ ਇਹ ਕਹਿਣਾ ਪਿਆ ਕਿ ਉਸਦੀ ਇਹ ਕੋਈ ਲੋੜ ਨਹੀਂ, ਜੀਹਦੀ ਹੈ, ਉਹ ਖੁੱਲ੍ਹਵਾ ਲਵੇ। ਤੇਲ ਦੀ ਖਾੜੀ 'ਚੋਂ ਢੋਅ-ਢੁਆਈ ਬੰਦ ਹੋਣ ਨਾਲ ਦੁਨੀਆਂ ਭਰ ਅੰਦਰ ਤੇਲ ਪਦਾਰਥਾਂ ਦੀਆਂ ਕੀਮਤਾਂ ਵਧਣ ਲੱਗੀਆਂ। ਅਮਰੀਕਾ 'ਤੇ ਕੁੱਝ ਕਰਨ ਲਈ ਦਬਾਅ ਪੈਣ ਲੱਗਿਆ। ਅਮਰੀਕਨ ਨੇਵੀ ਨੇ ਹਾਰਮੋਜ਼ ਲਾਘਾਂ ਖੁੱਲਵਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ। ਹਾਰਮੋਜ਼ ਅਮਰੀਕਾ ਦੇ ਗਲੇ ਦੀ ਹੱਡੀ ਬਣ ਗਿਆ ਜਿਸਨੂੰ ਛਿੱਥੇ ਪਏ ਅਮਰੀਕਾ ਨੇ ਹਾਰਮੋਜ਼ ਲਾਂਘੇ ਤੋਂ ਦੂਰ ਖੁੱਲ੍ਹੇ ਸਮੁੰਦਰ 'ਚ ਅਮਰੀਕੀ ਨੇਵੀ ਦਾ ਨਾਕਾ ਲਗਾ ਦਿੱਤਾ ਅਤੇ ਐਲਾਨ ਕਰ ਦਿੱਤਾ ਕਿ ਇਰਾਨ ਦੀਆਂ ਬੰਦਰਗਾਹਾਂ ਤੋਂ ਹੋ ਕੇ ਆਉਣ ਵਾਲੇ ਜਹਾਜ਼ਾਂ ਜਾਂ ਟੋਲ ਦੇ ਕੇ ਲੰਘਣ ਵਾਲੇ ਜਹਾਜ਼ਾਂ ਨੂੰ ਰੋਕਿਆ ਜਾਵੇਗਾ। ਚੀਨੀ ਟੈਂਕਰਾਂ ਤੇ ਮਾਲਵਾਹਕ ਜਹਾਜ਼ਾਂ ਦੀ ਨਿਰਵਿਘਨ ਆਮਦੋ-ਰਫਤ ਨੇ ਅਮਰੀਕੀ ਨਾਕੇ ਤੇ ਅਮਰੀਕੀ ਮਹਾਂਸ਼ਕਤੀ ਦੇ ਵਕਾਰ ਦੀ ਮਿੱਟੀ ਪਲੀਤ ਕਰਕੇ ਰੱਖ ਦਿੱਤੀ ਹੈ। ਕੌਮਾਂਤਰੀ ਮੰਡੀ 'ਚ ਤੇਲ ਅਤੇ ਰਸਾਇਣਕ ਖਾਦਾਂ ਦੀ ਵਧ ਰਹੀ ਕਿੱਲ੍ਹਤ ਤੇ ਚੜ੍ਹ ਰਹੇ ਭਾਅ ਅਤੇ ਸਨਅਤੀ ਮੰਦੀ ਦੇ ਛਾ ਰਹੇ ਬੱਦਲ ਅਮਰੀਕਾ ਦੀ ਛਟਪਟਾਹਟ ਨੂੰ ਵਧਾ ਰਹੇ ਹਨ। ਹਾਰਮੂਜ਼ ਜਲਡਮਰੂ ਦੀ ਬੰਦੀ ਨੇ ਅਤੇ ਇਸ ਨੂੰ ਖੁੱਲ੍ਹਵਾ ਨਾ ਸਕਣ ਦੀ ਅਮਰੀਕਨ ਅਸਮਰੱਥਾ ਨੇ ਅਮਰੀਕੀ ਮਹਾਂਸ਼ਕਤੀ ਦੀ ਸਾਖ਼ ਨੂੰ ਵੱਡੀ ਠੇਸ ਪਹੁੰਚਾਈ ਹੈ।
ਸੱਪ ਦੇ ਮੂੰਹ 'ਚ ਕੋਹੜ ਕਿਰਲੀ
ਇਰਾਨ ਉੱਤੇ ਹਮਲਾ ਕਰਕੇ ਅਮਰੀਕਾ ਨੇ ਅਜਿਹੇ ਭੂੰਡਾਂ ਦੇ ਖੱਖਰ 'ਚ ਹੱਥ ਪਾ ਲਿਆ ਹੈ, ਜਿਸ ਤੋਂ ਖਹਿੜਾ ਛੁਡਾਉਣਾ ਔਖਾ ਹੋਇਆ ਪਿਆ ਹੈ। ਹਾਰਮੋਜ਼ ਲਾਘਾਂ ਜੰਗ ਤੋਂ ਪਹਿਲਾਂ ਖੁੱਲ੍ਹਾ ਸੀ, ਕੋਈ ਮਸਲਾ ਹੀ ਨਹੀਂ ਸੀ। ਹੁਣ ਇਹ ਅਮਰੀਕਾ ਦੀ ਦੁੱਖਦੀ ਰਗ ਬਣ ਗਿਆ ਹੈ। ਪ੍ਰਮਾਣੂ ਮਸਲੇ ਦੇ ਮਾਮਲੇ 'ਚ ਬਰਾਕ ਓਬਾਮਾ ਵੱਲੋਂ ਕੀਤੇ ਜਿਸ ਸਮਝੌਤੇ ਨੂੰ ਟਰੰਪ ਨੇ ਹਕਾਰਤ ਨਾਲ ਇੱਕਪਾਸੜ ਤੌਰ 'ਤੇ ਠੁਕਰਾ ਦਿੱਤਾ ਸੀ ਅਤੇ ਮੌਜੂਦਾ ਹਮਲੇ ਤੋਂ ਪਹਿਲਾਂ ਚੱਲਦੀ ਗੱਲਬਾਤ 'ਚ ਜੋ ਛੋਟਾਂ ਇਰਾਨ ਦੇਣ ਲਈ ਸਹਿਮਤ ਦੱਸਿਆ ਜਾਂਦਾ ਹੈ, ਹੁਣ ਇਰਾਨ ਉਹ ਕੁੱਝ ਦੇਣ ਲਈ ਵੀ ਤਿਆਰ ਨਹੀਂ। ਇਰਾਨ ਨਾ ਸੋਧਿਆ ਹੋਇਆ ਯੂਰੇਨੀਅਮ ਅਮਰੀਕਾ ਨੂੰ ਦੇਣ ਲਈ ਤਿਆਰ ਹੈ, ਨਾ ਯੂਰੇਨੀਅਮ-ਸੁਧਾਈ ਦਾ ਹੱਕ ਛੱਡਣ ਲਈ ਤਿਆਰ ਹੈ। ਨਾ ਹੀ ਆਪਣਾ ਮਿਜ਼ਾਇਲ ਪ੍ਰੋਗਰਾਮ ਪੋਲਾ-ਪਤਲਾ ਪਾਉਣ ਲਈ ਤਿਆਰ ਹੈ।
ਦੂਜੇ ਪਾਸੇ, ਜੰਗ ਹੁਣ ਨਾ ਕੋਈ ਅਸਰਦਾਰ 'ਤੇ ਨਾ ਹੀ ਪੁੱਗਣਯੋਗ ਬਦਲ ਲੱਗਦਾ ਹੈ। ਆਪਣੀ ਸਿਰੇ ਦੀ ਟਿੱਲ ਲਾ ਕੇ ਭੋਰਾ-ਭਰ ਵੀ ਪੋਲਾ ਨਾ ਕਰ ਸਕੇ ਹਨ, ਨਾ ਹਫਾਅ ਸਕੇ ਹਨ। ਸਗੋਂ ਖੁਦ ਹੰਭੇ-ਹਾਰੇ ਸਾਰੀ ਦੁਨੀਆਂ ਨੂੰ ਦਿਖ ਰਹੇ ਹਨ। ਜ਼ਮੀਨੀ ਲੜਾਈ ਲਈ ਅਮਰੀਕੀ ਜਨਰਲ ਪੈਰ ਨਹੀਂ ਲਾ ਰਹੇ। ਅਮਰੀਕੀ ਫ਼ੌਜੀਆਂ ਦੀਆਂ ਹੋਣ ਵਾਲੀਆਂ ਮੌਤਾਂ ਦਾ ਭੂਤ ਉਹਨਾਂ ਨੂੰ ਡਰਾ ਰਿਹਾ ਹੈ। ਟਰੰਪ ਵੱਲੋਂ ਇਰਾਨੀ ਹਵਾਈ ਸੈਨਾ, ਇਰਾਨੀ ਸੁਰੱਖਿਆ ਪ੍ਰਣਾਲੀ ਅਤੇ ਇਰਾਨੀ ਨੇਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਜਾਣ ਦੇ ਦਾਅਵਿਆਂ ਦੀ ਲਗਭਗ 42 ਦੇ ਕਰੀਬ ਅਮਰੀਕੀ ਹਵਾਈ ਜਹਾਜ਼ਾਂ ਦੇ ਤਬਾਹ ਹੋਣ ਦੀਆਂ ਹਕੀਕਤਾਂ ਦੀ ਖਿੱਲੀ ਉਡਾ ਰਹੀਆਂ ਹਨ। ਡਰਾਉਣੇ ਅਮਰੀਕੀ ਬੇੜੇ ਆਪਣੀ ਰੱਖਿਆ ਲਈ ਡੂੰਘੇ ਸਮੁੰਦਰਾਂ ਦੀ ਸ਼ਰਨ ਲੈਣ ਲਈ ਮਜ਼ਬੂਰ ਹੋ ਚੁੱਕੇ ਹਨ। ਜੰਗ ਦਾ ਹੋਰ ਲਮਕਾਅ ਨਾ ਸਿਰਫ ਟਰੰਪ ਦੀ ਪਹਿਲਾਂ ਹੀ ਡਿੱਗ ਚੁੱਕੀ ਸਾਖ਼ ਨੂੰ ਹੋਰ ਨਿਘਾਰ ਵੱਲ ਲਿਜਾਵੇਗਾ ਅਤੇ ਮੱਧਕਾਲੀ ਚੋਣਾਂ 'ਚ ਰੀਪਬਲਕਿਨ ਪਾਰਟੀ ਦੀ ਹਾਰ ਨੂੰ ਹੋਰ ਵੇਗ ਦੇਵੇਗਾ ਸਗੋਂ ਲਗਭਗ 45 ਬਿਲੀਅਨ ਡਾਲਰ ਦੇ ਹੋ ਚੁੱਕੇ ਖਰਚਿਆਂ 'ਚ ਹੋਰ ਵਾਧਾ ਕਰਕੇ ਅਮਰੀਕੀ ਅਰਥਚਾਰੇ ਦਾ ਹੋਰ ਦਿਵਾਲਾ ਕੱਢੇਗਾ। ਟਰੰਪ ਤੇ ਉਸਦੇ ਨੇੜਲੇ ਸਹਿਯੋਗੀਆਂ ਉੱਪਰ ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਹਨਾਂ ਨੇ ਸਟਾਕ ਐਕਸਚੇਂਜ ਹੇਰ-ਫੇਰ ਰਾਹੀਂ ਜੰਗ ਦੌਰਾਨ ਹੀ 850 ਕਰੋੜ ਰੁਪਏ ਕਮਾਏ ਹਨ।
ਸੋ ਟਰੰਪ ਪ੍ਰਸ਼ਾਸ਼ਨ ਦੀ ਦੁਬਿਧਾ ਇਹ ਹੈ ਕਿ ਜੇ ਉਹ ਜੰਗ ਹੋਰ ਅੱਗੇ ਵਧਾਉਂਦਾ ਤਾਂ ਇਸ ਨਾਲ ਕੌਮਾਂਤਰੀ ਮੰਡੀ 'ਚ ਅਸਥਰਿਤਾ ਅਤੇ ਮੰਦੀ ਦਾ ਅਮਲ ਅੱਗੇ ਵਧਣਾ ਹੈ, ਅਮਰੀਕਾ ਦਾ ਅੰਦਰੂਨੀ ਸੰਕਟ ਤਿੱਖਾ ਹੋਣਾ ਹੈ, ਅਮਰੀਕੀ ਮਹਾਂਸ਼ਕਤੀ ਦੇ ਇਰਾਨੀ ਦਲਦਲ 'ਚ ਫਸਕੇ ਰਹਿ ਜਾਣ ਦਾ ਭਾਰੀ ਖਤਰਾ ਹੈ। ਇਸ ਜੰਗ ਦੇ ਉਲਝਾਅ ਅਤੇ ਭਾਰ ਨੇ ਅਮਰੀਕੀ ਅਰਥ ਵਿਵਸਥਾ ਅਤੇ ਨਾਲ ਹੀ ਅਮਰੀਕਾ ਦੇ ਤਪ-ਤੇਜ਼ ਅਤੇ ਵੱਕਾਰ ਨੂੰ ਖੋਰਾ ਲਾਉਣਾ ਹੈ। ਜੇ ਅਮਰੀਕਾ ਜੰਗ ਤੋਂ ਪਿੱਛੇ ਹਟ ਕੇ ਮੁੱਖ ਮੱਦਾਂ 'ਤੇ ਸਮਝੌਤਾ ਹੋਣਾ ਯਕੀਨੀ ਬਨਾਉਣ ਲਈ ਕੋਈ ਅਹਿਮ ਰਿਆਇਤਾਂ ਦਿੰਦਾ ਹੈ ਤਾਂ ਇਹ ਟਰੰਪ ਦੇ ਸਿਆਸੀ ਕਰੀਅਰ, ਰੀਪਬਲੀਕਨ ਪਾਰਟੀ ਦੇ ਚੋਣ ਅਸਰਾਂ ਨੂੰ ਮਾੜੇ ਰੁਖ ਪ੍ਰਭਾਵਤ ਕਰਨ ਦੇ ਨਾਲ-ਨਾਲ ਅਮਰੀਕਾ ਦੇ ਵਕਾਰ ਨੂੰ ਵੀ ਫੇਟ ਪੁਚਾਏਗਾ।
ਅਮਰੀਕਾ-ਇਰਾਨ ਜੰਗ ਦੇ ਨਿਬੇੜੇ ਦੀ ਅਨਿਸ਼ਚਿਤਤਾ ਦੇ ਬਾਵਜੂਦ ਇਸ ਜੰਗ ਦੀਆਂ ਡੂੰਘੀਆਂ ਅਰਥ-ਸੰਭਾਵਨਾਵਾਂ ਦਿਖਾਈ ਦੇ ਰਹੀਆਂ ਹਨ। ਇੱਕ ਦਿਓ-ਤਾਕਤ ਦੇ ਰੂਪ 'ਚ ਅਮਰੀਕਾ ਦੇ ਪਤਨ ਦੇ ਅਮਲ ਨੂੰ ਹੋਰ ਅੱਡੀ ਲੱਗੇਗੀ ਅਤੇ ਅੰਤਰ ਸਾਮਰਾਜੀ ਵਿਰੋਧਤਾਈਆ ਦਾ ਅਮਲ ਵੀ ਹੋਰ ਤੇਜ਼ੀ ਫੜ੍ਹੇਗਾ।
ਇਰਾਨ ਨੇ ਅਮਰੀਕਨ ਮਹਾਂ-ਸ਼ਕਤੀ ਦੀ ਧੌਂਸ ਦਾ ਜੋ ਸ਼ਾਨਦਾਰ ਟਾਕਰਾ ਕੀਤਾ ਹੈ, ਜਿਵੇਂ ਉਸਦੀਆਂ ਜੀਭਾਂ ਕਢਾਈਆਂ ਹਨ, ਉਸ ਨਾਲ ਦੁਨੀਆਂ ਭਰ ਦੇ ਦੱਬੇ-ਕੁਚਲੇ ਤੇ ਮਿਹਨਤਕਸ਼ ਲੋਕਾਂ ਨੂੰ ਬੇਹੱਦ ਉਤਸ਼ਾਹ ਤੇ ਹੌਂਸਲਾ ਮਿਲਿਆ ਹੈ। ਇਰਾਨ ਦੇ ਆਉਂਦੇ ਸਮੇਂ 'ਚ ਸੰਸਾਰ ਪੱਧਰ 'ਤੇ ਆਮ ਕਰਕੇ ਤੇ ਮੱਧ-ਪੂਰਬ 'ਚ ਖਾਸ ਕਰਕੇ ਅਹਿਮ ਇਲਾਕਾਈ ਤਾਕਤ ਬਣਕੇ ਉੱਭਰਨ ਦੇ ਰੌਸ਼ਨ ਆਸਾਰ ਹਨ। ਖਾੜੀ ਦੇਸ਼ਾਂ ਦੀ ਸੁਰੱਖਿਆ ਕਰਨ 'ਚ ਅਮਰੀਕੀ ਸਾਮਰਾਜ ਦੀ ਨਾਕਾਮੀ ਵੀ ਖਾੜੀ ਖੇਤਰ 'ਚ ਨਵੇਂ ਸਮੀਕਰਨ ਉੱਭਰਨ ਵੱਲ ਲਿਜਾ ਸਕਦੀ ਹੈ। ਸਮੁੱਚੇ ਮੱਧ-ਪੂਰਬ 'ਚ ਤਾਕਤ-ਤਵਾਜ਼ਨ 'ਚ ਅਹਿਮ ਤਬਦੀਲੀਆਂ ਆ ਸਕਦੀਆਂ ਹਨ।
ਇਰਾਨ 'ਚ ਸਾਮਰਾਜ-ਵਿਰੋਧੀ ਕੌਮੀ ਭਾਵਨਾਵਾਂ ਦਾ ਜ਼ੋਰਦਾਰ ਉਭਾਰ ਇਸ ਗੱਲ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਤੀਜੀ ਦੁਨੀਆਂ ਦੇ ਦੇਸ਼ਾਂ ਦੀ ਸਾਮਰਾਜੀ ਦਾਬੇ ਅਤੇ ਆਰਥਿਕ ਲੁੱਟ ਵਿਰੁੱਧ ਲੋਕਾਂ ਦੀ ਲਹਿਰ ਵੇਲੇ ਦੇ ਇਤਿਹਾਸਕ ਵਹਿਣ ਨੂੰ ਪ੍ਰਭਾਵਿਤ ਕਰਨ 'ਚ ਸਭ ਤੋਂ ਅਹਿਮ ਭੂਮਿਕਾ ਨਿਭਾ ਰਹੀ ਹੈ। ਇਰਾਨ ਅੰਦਰਲੇ ਘਟਨਾ-ਵਿਕਾਸ ਨੇ ਇੱਕ ਵਾਰ ਫਿਰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੋਈ ਵੱਡੀ ਆਰਥਿਕ ਸ਼ਕਤੀ ਜਾਂ ਫੌਜੀ ਤਾਕਤ ਫੈਸਲਾਕੁੰਨ ਨਹੀਂ ਹੁੰਦੀ, ਅੰਤਿਮ ਰੂਪ 'ਚ ਲੋਕ ਹੀ ਇਤਿਹਾਸ ਦੇ ਅਸਲ ਸਿਰਜਣਹਾਰ ਹੁੰਦੇ ਹਨ।
ਇਸ ਜੰਗ ਨੇ ਸਾਮਰਾਜੀ ਸ਼ਕਤੀਆਂ ਵਿਚਕਾਰ ਰੱਟਿਆਂ ਅਤੇ ਪਾੜਿਆਂ 'ਚ ਵਾਧਾ ਕੀਤਾ ਹੈ ਅਤੇ ਅੰਤਰ-ਸਾਮਰਾਜੀ ਵਿਰੋਧਾਂ ਨੂੰ ਤਿੱਖੇ ਕੀਤਾ ਹੈ ਤੇ ਹੋਰ ਕਰਨਾ ਹੈ। ਪੱਛਮੀ ਸਾਮਰਾਜੀ ਗੁੱਟ ਕਮਜ਼ੋਰ ਹੋਇਆ ਖਿੰਡਾਅ ਵੱਲ ਵਧਦਾ ਜਾਪਦਾ ਹੈ। ਮੌਜੂਦਾ ਜੰਗ ਨੇ ਰੂਸੀ ਸਾਮਰਾਜੀ ਸ਼ਕਤੀ ਲਈ ਤੇਲ ਵਿਕਰੀ ਦੇ ਵਧੇਰੇ ਮੌਕੇ ਪੈਦਾ ਕਰਕੇ ਉਸਦੇ ਆਰਥਿਕ ਸੰਭਾਲੇ 'ਚ ਮੱਦਦ ਕੀਤੀ ਹੈ ਅਤੇ ਰੂਸ-ਯੂਕੇਰਨ ਜੰਗ 'ਚ ਉਸ 'ਤੇ ਦਬਾਅ ਘਟਾਇਆ ਹੈ। ਇਸ ਨਾਲ ਯੂਰਪ 'ਚ ਨਵੇਂ ਸਮੀਕਰਨ ਉੱਭਰ ਸਕਦੇ ਹਨ।
ਜੇ ਜੰਗ 'ਚ ਹੋਰ ਲਮਕਾਅ ਹੁੰਦਾ ਹੈ ਤਾਂ ਸਾਮਰਾਜੀ ਪ੍ਰਬੰਧ ਦਾ ਸੰਕਟ ਹੋਰ ਤਿੱਖਾ ਹੋ ਕੇ ਦੁਨੀਆਂ ਭਰ 'ਚ ਮੰਦੀ ਦੇ ਸੰਕਟ ਨੂੰ ਜਨਮ ਦੇ ਸਕਦਾ ਹੈ। ਇਸ ਨਾਲ ਕਾਰੋਬਾਰਾਂ ਦੇ ਡੁੱਬਣ ਤੇ ਰੁਜ਼ਗਾਰ ਦੇ ਉਜਾੜੇ ਨਾਲ ਲੋਕ ਬੇਚੈਨੀ ਤੇ ਅਸਥਿਰਤਾ 'ਚ ਭਾਰੀ ਵਾਧਾ ਹੋ ਸਕਦਾ ਹੈ।
ਅੰਤ 'ਚ, ਹਾਲ ਤੱਕ ਅਮਰੀਕਾ-ਇਰਾਨ ਜੰਗ ਦੇ ਚੱਲਣ ਤੋਂ ਇਹੀ ਸੰਭਾਵਨਾ ਉੱਭਰਦੀ ਦਿਖਾਈ ਦਿੰਦੀ ਹੈ ਕਿ ਅਮਰੀਕਾ ਲਈ ਇਸ ਜੰਗ 'ਚੋਂ ਖੱਟਣ ਲਈ ਬਹੁਤਾ ਕੁੱਝ ਦਿਖਾਈ ਨਹੀਂ ਦਿੰਦਾ, ਗੁਆਉਣ ਦੀਆਂ ਸੰਭਾਵਨਾਵਾਂ ਕਿਤੇ ਜ਼ਿਆਦਾ ਪ੍ਰਬਲ ਦਿਖਾਈ ਦਿੰਦੀਆਂ ਹਨ।
-23 ਮਈ 2026
No comments:
Post a Comment