Sunday, June 7, 2026

ਕਾਮਰੇਡ ਹਰਭਜਨ ਸੋਹੀ ਦੀ ਮੁੱਲਵਾਨ ਵਿਰਸਾਤ

  ਕਾਮਰੇਡ ਹਰਭਜਨ ਸੋਹੀ ਦੀ ਮੁੱਲਵਾਨ ਵਿਰਸਾਤ  

15 ਜੂਨ, ਮਰਹੂਮ ਕਮਿਊਨਿਸਟ ਇਨਕਲਾਬੀ ਆਗੂ ਕਾਮਰੇਡ ਹਰਭਜਨ ਸੋਹੀ ਦੀ ਬਰਸੀ ਹੈ। ਇਸ ਦਿਹਾੜੇ 'ਤੇ ਉਹਨਾਂ ਨੂੰ ਯਾਦ ਕਰਦਿਆਂ ਅਸੀਂ ਸੁਰਖ਼ ਲੀਹ ਦੀਆਂ ਪੁਰਾਣੀਆਂ ਫਾਇਲਾਂ 'ਚੋਂ ਉਹਨਾਂ ਨੂੰ ਸ਼ਰਧਾਂਜਲੀ ਦੇ ਕੁੱਝ ਪੰਨੇ ਸਾਂਝੇ ਕਰ ਰਹੇ ਹਾਂ। ਉਹਨਾਂ ਦੀ ਜਥੇਬੰਦੀ ਦੇ ਉਸ ਵੇਲੇ ਦੇ ਸ਼ੋਕ ਸੁਨੇਹੇ ਦਾ ਸਿਰਲੇਖ ਅਸੀਂ ਦਿੱਤਾ ਹੈ- ਸੰਪਾਦਕ

ਕਾਮਰੇਡ ਹਰਭਜਨ ਸੋਹੀ ਭਾਰਤ ਅੰਦਰ ਕਮਿਊਨਿਸਟ ਇਨਕਲਾਬੀ ਖੇਮੇ ਦਾ ਇੱਕ ਸਿਰਕੱਢ ਆਗੂ ਸੀ, ਜਿਹੜਾ 1960ਵਿਆਂ ਦੇ ਪਿਛਲਿਆਂ ਵਰ੍ਹਿਆਂ 'ਚ ਉੱਭਰਿਆ ਸੀ। ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਮੱਧ ਜੂਨ 2009 ਨੂੰ ਹੋਈ। ਸਾਡੀ ਜਥੇਬੰਦੀ ਨੂੰ ਅਤੇ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਵੀ ਵੱਡਾ ਹਰਜਾ ਹੋਇਆ ਹੈ। ਫੇਰ ਵੀ, ਸਾਡੀ ਲੀਹ ਅਤੇ ਸਮਝਦਾਰੀ ਨੂੰ ਵਿਕਸਤ ਕਰਨ ਵਿੱਚ ਆਪਣੀਆਂ ਅਦੁੱਤੀ ਦੇਣਾਂ ਨੂੰ ਉਹ ਵਿਰਸੇ ਦੇ ਰੂਪ ਵਿੱਚ ਸਾਡੇ ਕੋਲ ਛੱਡ ਗਿਆ ਹੈ, ਜਿਸ ਦੇ ਅਸੀਂ ਪਾਬੰਦ ਹਾਂ। ਇਹਨਾਂ ਦੇਣਾਂ 'ਤੇ ਅਭਿਆਸ ਅਤੇ ਅਧਿਐਨ ਰਾਹੀਂ ਪਕੜ ਬਣਾਉਣ ਦੀ ਜ਼ਰੂਰਤ ਹੈ। ਜਿਉਂ-ਜਿਉਂ ਅਸੀਂ ਆਪਣੇ ਇਨਕਲਾਬੀ ਕਾਰਜਾਂ ਨੂੰ ਪੂਰਾ ਕਰਨ ਲਈ ਅੱਗੇ ਵਧਦੇ ਹਾਂ, ਇਹ ਲਾਜ਼ਮੀ ਹੀ ਸਾਡੀ ਅਗਵਾਈ ਕਰਨਗੀਆਂ। 

1960ਵਿਆਂ ਦੇ ਪਿਛਲੇ ਵਰ੍ਹਿਆਂ ਵਿੱਚ, ਨਕਸਲਬਾੜੀ ਦੀ ਹਥਿਆਰਬੰਦ ਬਗ਼ਾਵਤ ਅਤੇ ਪਿੱਛੋਂ ਨਿਕਲੇ ਇਸਦੇ ਸਿੱਟਿਆਂ ਨੇ ਮੁਲਕ ਅੰਦਰ ਕਮਿਊਨਿਸਟ ਇਨਕਲਾਬੀ ਧਾਰਾ ਨੂੰ ਜਨਮ ਦਿੱਤਾ। ਬੁਨਿਆਦੀ ਤੌਰ 'ਤੇ ਦਰੁਸਤ ਜਨਤਕ ਇਨਕਲਾਬੀ ਲੀਹ ਦੀ ਸਿਰਜਣਾ ਅਤੇ ਇਸ ਅਧਾਰ 'ਤੇ ਕਮਿਊਨਿਸਟ ਪਾਰਟੀ ਨੂੰ ਮੁੜ ਜਥੇਬੰਦ ਕਰਨਾ ਸਮੇਂ ਦੀ ਲੋੜ ਸੀ, ਇਸ ਨਿਰਣਾਇਕ ਮੋੜ 'ਤੇ, ਕਮਿਊਨਿਸਟ ਇਨਕਲਾਬੀ ਲਹਿਰ ਦਾ ਵੱਡਾ ਹਿੱਸਾ ਖੱਬੀ ਮਾਅਰਕੇਬਾਜ਼ੀ ਦੇ ਵਹਿਣ 'ਚ ਵਹਿ ਗਿਆ। ਸਾਰੇ ਦੇਸ਼ ਅੰਦਰ ਜਿਹਨਾਂ ਮਹੱਤਵਪੂਰਨ ਸ਼ਕਤੀਆਂ ਨੇ ਖੱਬੀ ਮਾਰਅਕੇਬਾਜ਼ੀ ਅਤੇ ਸੱਜੀ ਮੌਕਾਪ੍ਰਸਤੀ ਤੋਂ ਇਸ ਮੋੜ 'ਤੇ ਨਿਖੇੜਾ ਕੀਤਾ, ਉਹਨਾਂ ਵਿੱਚ ਕਾਮਰੇਡ ਹਰਭਜਨ ਸੋਹੀ ਦੀ ਅਗਵਾਈ ਹੇਠ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ਸੀ। ਇਸਨੇ ਵਿਅਕਤੀਗਤ ਸਫ਼ਾਏ ਦੀ ਲੀਹ ਦਾ ਵਿਰੋਧ ਕੀਤਾ ਅਤੇ ਰੱਟੇ ਵਾਲੇ ਵੱਡੇ ਮਸਲਿਆਂ 'ਤੇ ਦਰੁਸਤ ਪੁਜੀਸ਼ਨਾਂ ਲਈਆਂ ਜਿਵੇਂ ਜਨਤਕ ਜਥੇਬੰਦੀਆਂ ਅਤੇ ਆਰਥਿਕ/ਅੰਸ਼ਿਕ ਘੋਲਾਂ ਦਾ ਰੋਲ, ਹਥਿਆਰਬੰਦ ਘੋਲ ਦੀ ਸ਼ੁਰੂਆਤ ਅਤੇ ਵਿਕਾਸ, ਪਾਰਟੀ ਦੀ ਮੁੜ-ਜਥੇਬੰਦੀ ਅਤੇ ਮਜ਼ਦੂਰ ਜਮਾਤ ਦੀ ਅਗਵਾਈ ਆਦਿ। 

ਉਹਨਾਂ ਵਰ੍ਹਿਆਂ 'ਚ ਖੱਬੀ ਤੰਗਨਜ਼ਰ ਲੀਹ ਨਾਲੋਂ ਨਿਵੇਕਲੀ, ਤਸ਼ੱਦਦ ਵਿਰੁੱਧ ਧੜੱਲੇਦਾਰ ਜਨਤਕ ਟਾਕਰੇ ਦੀ ਲੀਹ ਵਿਕਸਤ ਕੀਤੀ। ਬਹਾਦਰਾਨਾ ਮੋਗਾ ਘੋਲ ਨੂੰ ਅਗਵਾਈ ਦੇਣ ਲਈ ਇਨਕਲਾਬੀ ਵਿਦਿਆਰਥੀ ਅਤੇ ਨੌਜਵਾਨ ਲਹਿਰ ਨੂੰ ਪੈਰਾਂ-ਸਿਰ ਕਰਕੇ ਅਤੇ ਅਗਵਾਈ ਦੇ ਕੇ, ਇਸਨੇ ਇਸ ਲੀਹ ਦੀ ਦਰੁਸਤੀ ਨੂੰ ਅਭਿਆਸ ਰਾਹੀਂ ਦਰਸਾਇਆ। ਪਿੱਛੋਂ 1974 ਦੀ ਹਾਕਮ ਜਮਾਤਾਂ ਦੀ “ਜੇ.ਪੀ.ਲਹਿਰ” ਦੇ ਸਨਮੁੱਖ ਅਤੇ ਐਸ.ਐਨ. ਸਿੰਘ ਦੀ ਸੱਜੀ ਮੌਕਾਪ੍ਰਸਤੀ ਦੇ ਘੋਲ ਦੌਰਾਨ ਪੀ.ਸੀ.ਆਰ.ਸੀ. ਨੇ ਬਿਨਾਂ ਜਮਕਿਆਂ ਆਪਣੀ ਪ੍ਰੋਲੇਤਾਰੀ ਦਿਸ਼ਾ ਨੂੰ ਉਚਿਆਇਆ। ਪੀ.ਸੀ.ਆਰ.ਸੀ. ਦੇ ਪ੍ਰਭਾਵ ਹੇਠਲੀਆਂ ਸ਼ਕਤੀਆਂ ਨੇ ਜਨਤਾ ਦੇ ਵੱਖ-ਵੱਖ ਇਨਕਲਾਬੀ ਜਮਹੂਰੀ ਹਿੱਸਿਆਂ ਦੀ ਵੱਡੀ “ਸੰਗਰਾਮ ਰੈਲੀ” ਜਥੇਬੰਦ ਕੀਤੀ, ਜਿਸ ਵਿੱਚ ਇਹਨਾਂ ਨੇ “ਸੰਕਟ ਮਾਰੀ ਕੌਮ ਲਈ ਮੁਕਤੀ ਦਾ ਰਾਹ” ਪੇਸ਼ ਕੀਤਾ। ਇਸ ਵਿੱਚ ਇਨਕਲਾਬੀ ਜਮਹੂਰੀ ਪ੍ਰੋਗਰਾਮ ਦੇ ਖਾਕੇ ਨੂੰ ਲੋਕ-ਬੋਲੀ ਵਿੱਚ ਬਿਆਨ ਕੀਤਾ ਗਿਆ ਸੀ। 

ਇਸ ਤਰ੍ਹਾਂ, ਖਾੜਕੂ ਸੰਘਰਸ਼ਾਂ ਰਾਹੀਂ ਜਨਤਕ ਇਨਕਲਾਬੀ ਅਭਿਆਸ ਨੂੰ ਸਥਾਪਤ ਕਰਨ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਕਰਦਿਆਂ, ਪੀ.ਸੀ.ਆਰ.ਸੀ. ਨੇ ਉਹਨਾਂ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦਾ ਪਤਾ ਲਾਉਣ ਦੀਆਂ ਗੰਭੀਰ ਕੋਸ਼ਿਸ਼ਾਂ ਕੀਤੀਆਂ ਜਿਹੜੀਆਂ ਕਮਿਊਨਿਸਟ ਇਨਕਲਾਬੀ ਜਨਤਕ ਲੀਹ ਖਾਤਰ ਜੂਝ ਰਹੀਆਂ ਸਨ। ਇਹਨਾਂ ਵਿੱਚੋਂ ਸਭ ਤੋਂ ਅਹਿਮ ਸੀ ਕਮਿਊਨਿਸਟ ਇਨਕਲਾਬੀਆਂ ਦੀ ਆਂਧਰਾ ਪ੍ਰਦੇਸ਼ ਕਮੇਟੀ। ਏ.ਪੀ.ਸੀ.ਸੀ.ਆਰ ਨਾਲ ਜਥੇਬੰਦਕ ਤੌਰ 'ਤੇ ਸੰਪਰਕ ਕਰ ਸਕਣ ਤੋਂ ਪਹਿਲਾਂ ਪੀ.ਸੀ.ਆਰ.ਸੀ. ਅਜ਼ਾਦ ਰੂਪ ਵਿੱਚ ਇਨਕਲਾਬੀ ਲੀਹ 'ਤੇ ਚੱਲ ਰਹੀ ਸੀ ਜੋ ਏ.ਪੀ.ਸੀ.ਸੀ.ਆਰ.  ਲੀਹ ਨਾਲ ਮਿਲਦੀ ਜੁਲਦੀ ਸੀ। 1976 ਵਿੱਚ ਅਸੂਲੀ ਮਿਹਨਤੀ ਪ੍ਰਕਿਰਿਆ ਰਾਹੀਂ ਪੀ.ਸੀ.ਆਰ.ਸੀ. ਦੀ ਯੂ.ਸੀ.ਸੀ.ਆਰ.ਆਈ. (ਐਮ.ਐਲ) ਨਾਲ ਏਕਤਾ ਹੋ ਗਈ। 

ਇਸ ਮੋੜ 'ਤੇ, ਇਸ ਏਕਤਾ ਤੋਂ ਐਨ ਪਹਿਲਾਂ ਅਗਸਤ 1976 ਵਿੱਚ ਕਾਮਰੇਡ ਮਾਓ ਦੀ ਮੌਤ ਨਾਲ ਅਤੇ ਚੀਨ ਅੰਦਰ ਪੂੰਜੀਪਤ ਮਾਰਗੀਆਂ ਵੱਲੋਂ ਸਿਆਸੀ ਸੱਤਾ 'ਤੇ ਕਬਜ਼ਾ ਕਰ ਲੈਣ ਨਾਲ ਕੌਮਾਂਤਰੀ ਕਮਿਊਨਿਸਟ ਲਹਿਰ ਨੂੰ ਜਬਰਦਸਤ ਸੱਟ ਵੱਜੀ। ਇਸ ਪਿੱਛਲਮੋੜੇ ਨੇ ਖਰੀਆਂ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਅੰਦਰ ਵੀ ਵੱਡਾ ਭੰਬਲਭੂਸਾ ਪੈਦਾ ਕਰ ਦਿੱਤਾ, ਜਿਹਨਾਂ ਵਿੱਚੋਂ ਵੱਡੀ ਬਹੁਗਿਣਤੀ ਤਿੰਗ-ਹੂਆ ਜੁੰਡਲੀ ਦੇ ਫਰੇਬੀ ਦਾਅਪੇਚਾਂ ਦੇ ਵਕਤੀ ਤੌਰ 'ਤੇ ਝਾਂਸੇ ਵਿੱਚ ਆ ਗਈ। ਇਸ ਤੋਂ ਬਿਲਕੁਲ ਐਨ ਪਹਿਲਾਂ ਜੁਲਾਈ 1976 ਵਿੱਚ ਯੂ.ਸੀ.ਸੀ.ਆਰ.ਆਈ (ਐਮ.ਐਲ) ਨੂੰ ਕਾਮਰੇਡ ਟੀ.ਨਾਗੀ ਰੈਡੀ ਦੇ ਵਿਛੜ ਜਾਣ ਨਾਲ ਵੱਡਾ ਹਰਜਾ ਹੋਇਆ। 

ਇਹਨਾਂ ਚੁਣੌਤੀਆਂ ਭਰੇ ਸਮਿਆਂ ਨੇ ਕਾਮਰੇਡ ਹਰਭਜਨ ਦੀ ਅਸਲ ਵਿਚਾਰਧਾਰਕ ਤਾਕਤ ਨੂੰ ਸਾਹਮਣੇ ਲਿਆਂਦਾ। ਜਦੋਂ ਚੀਨ ਦੀ ਤੈਂਗ-ਹੂਆ ਜੁੰਡਲੀ ਦੀ ਸੋਧਵਾਦੀ ਕੌਮਾਂਤਰੀ ਲੀਹ ਪੀਪਲਜ਼ ਡੇਲ੍ਹੀ (ਲੋਕ-ਦੈਨਿਕ) ਵਿੱਚ ਛਪੇ ਲੇਖ “ਚੇਅਰਮੈਨ ਮਾਓ ਦਾ ਤਿੰਨ ਸੰਸਾਰਾਂ ਦਾ ਸਿਧਾਂਤ” ਨਾਲ ਪੂਰੇ ਸੂਰੇ ਰੂਪ ਵਿੱਚ ਸਾਹਮਣੇ ਆ ਗਈ ਤਾਂ ਕਾਮਰੇਡ ਸੋਹੀ ਇਸ ਲੀਹ ਖ਼ਿਲਾਫ਼ ਡਟ ਕੇ ਖੜ੍ਹ ਗਿਆ ਅਤੇ ਕੌਮਾਂਤਰੀ ਪ੍ਰੋਲੇਤਾਰੀ ਦੀ ਯੁੱਧਨੀਤੀ ਅਤੇ ਦਾਅਪੇਚਾਂ ਦੇ ਸੱਜਰੇ ਅਧਿਐਨ ਦੇ ਕੰਮ ਨੂੰ ਹੱਥ ਲਿਆ। ਉਸ ਵੱਲੋਂ ਤਿਆਰ ਕੀਤੀ ਦਸਤਾਵੇਜ਼ ਕੌਮਾਂਤਰੀ ਕਮਿਊਨਿਸਟ ਲਹਿਰ ਦੀ ਯੁੱਧਨੀਤੀ ਅਤੇ ਦਾਅਪੇਚਾਂ ਦੀ ਰਹਿਨੁਮਾਈ ਕਰਦੇ ਅਸੂਲਾਂ ਨੂੰ ਦੁਬਾਰਾ ਬਿਆਨ ਕਰਨ ਲਈ ਇਸਦੇ ਸਬਕਾਂ ਨੂੰ ਸਾਹਮਣੇ ਲਿਆਉਂਦੀ ਹੈ। ਇਸ ਅਧਾਰ 'ਤੇ ਪੀਪਲਜ਼ ਡੇਲ੍ਹੀ ਦੇ ਸੋਧਵਾਦੀ “ਤਿੰਨ ਸੰਸਾਰੀ ਸਿਧਾਂਤ” ਦਾ ਖੰਡਨ ਕਰਦੀ ਹੈ। ਇਸ ਅਰਸੇ ਅੰਦਰ ਹੀ ਉਸਨੇ “ਮਾਓ ਵਿਚਾਰਧਾਰਾ ਬਾਰੇ” ਲੇਖ ਰਾਹੀਂ ਵਿਸ਼ੇਸ਼ ਯੋਗਦਾਨ ਪਾਇਆ, ਜਿਸ ਵਿੱਚ ਉਸਨੇ ਮਾਰਕਸਵਾਦ-ਲੈਨਿਨਵਾਦ ਦੇ ਵਿਕਾਸ ਵਿੱਚ ਮਾਓ-ਜੇ-ਤੁੰਗ ਦੀਆਂ ਨਿਵੇਕਲੀਆਂ ਦੇਣਾਂ ਨੂੰ ਵਰਣਨ ਕੀਤਾ। ਇੱਕ ਹੋਰ ਪੰਜਾਬੀ ਵਿੱਚ ਲਿਖੀ ਦਸਤਾਵੇਜ “ਚੀਨ ਅੰਦਰਲੀਆਂ ਘਟਨਾਵਾਂ ਬਾਰੇ” ਅੰਦਰ ਉਸਨੇ ਪੂੰਜੀਪਤ ਮਾਰਗੀਆ ਜੁੰਡਲੀ ਵੱਲੋਂ ਚੀਨ ਅੰਦਰ ਲਾਗੂ ਕੀਤੀ ਜਾ ਰਹੀ ਸੋਧਵਾਦੀ ਲੀਹ ਦਾ ਪਰਦਾਚਾਕ ਕੀਤਾ। ਉਸ ਵੇਲੇ, ਉਸਨੇ ਦੂਸਰੇ ਖੱਬੇ ਮੌਕਾਪ੍ਰਸਤ ਰੁਝਾਨਾਂ (ਐਨਵਰ ਹੌਜ਼ਾ ਅਤੇ ਆਰ.ਸੀ.ਪੀ-ਅਮਰੀਕਾ) ਨੂੰ ਵੀ ਨਹੀਂ ਬਖਸ਼ਿਆ ਜੋ ਤਿੰਨ ਸੰਸਾਰੀ ਸਿਧਾਂਤ ਅਤੇ ਤੈਂਗ ਜੁੰਡਲੀ ਦਾ ਵਿਰੋਧ ਕਰਨ ਦੇ ਫੱਟੇ ਹੇਠ ਸਾਹਮਣੇ ਆਏ। 

ਕਾਮਰੇਡ ਹਰਭਜਨ ਅਤੇ ਕਮਿਊਨਿਸਟ ਲਹਿਰ ਨੇ ਪੰਜਾਬ ਅੰਦਰ ਅਗਲੇ ਵਰ੍ਹਿਆਂ ਵਿੱਚ ਵੱਡੀਆਂ ਅਜ਼ਮਾਇਸ਼ਾਂ ਦਾ ਸਾਹਮਣਾ ਕੀਤਾ। ਇੱਕ ਪਾਸੇ ਯੂ.ਸੀ.ਸੀ.ਆਰ.ਆਈ. ਵਿੱਚ ਫੁੱਟ ਪੈਣ ਕਰਕੇ ਕਮਿਊਨਿਸਟ ਇਨਕਲਾਬੀ ਲਹਿਰ ਅਤੇ ਪੰਜਾਬ ਅੰਦਰ ਇਨਕਲਾਬੀ ਜਮਹੂਰੀ ਲਹਿਰ ਅੰਦਰ ਤਿੱਖੀ ਗਿਰਾਵਟ ਆਈ। ਦੂਜੇ ਪਾਸੇ, ਫ਼ਿਰਕੂ ਫਾਸ਼ੀਵਾਦ ਅਤੇ ਹਕੂਮਤੀ ਦਹਿਸ਼ਦਗਰਦੀ ਦੇ ਜੌੜੇ ਰਾਖਸ਼ਾਂ ਦੇ ਉੱਭਰਨ ਨੇ ਪੰਜਾਬ ਨੂੰ ਦਹਿਸ਼ਤ ਦੀ ਕਾਲੀ-ਬੋਲੀ ਰਾਤ ਵਿੱਚ ਸੁੱਟ ਦਿੱਤਾ। ਇਸ ਹਾਲਤ ਵਿੱਚ, ਕਾਮਰੇਡ ਹਰਭਜਨ ਦੀ ਅਗਵਾਈ ਹੇਠ ਯੂ.ਸੀ.ਸੀ.ਆਰ.ਆਈ. (ਐਮ.ਐਲ) ਦੀ ਮੁਕਾਬਲਤਨ ਛੋਟੀ ਸ਼ਕਤੀ ਨੇ ਸਾਰੀਆਂ ਹਾਕਮ ਜਮਾਤੀ ਸ਼ਕਤੀਆਂ ਤੋਂ ਆਪਣੀ ਦ੍ਰਿੜ ਅਜ਼ਾਦ ਹੈਸੀਅਤ ਬਰਕਰਾਰ ਰੱਖੀ। ਇਸਨੇ ਭਾਰਤ ਵਿੱਚ ਕੌਮੀਅਤ ਦੇ ਸਵਾਲ ਬਾਰੇ, ਖਾਲਿਸਤਾਨੀ ਫਿਰਕੂ ਫਾਸ਼ੀਵਾਦ  ਅਤੇ ਰਾਜਕੀ ਦਹਿਸ਼ਤਗਰਦੀ ਦੇ ਵਰਤਾਰੇ ਬਾਰੇ ਦਰੁਸਤ ਪਹੁੰਚ ਧਾਰਨ ਕੀਤੀ। ਇਸਨੇ ਪਿਛਾਖੜੀ ਦਹਿਸ਼ਤਗਰਦੀ ਦੀਆਂ ਸਾਰੀਆਂ ਸ਼ਕਲਾਂ ਖ਼ਿਲਾਫ਼ ਘੋਲ ਦੀ ਤਿੱਖੀ ਧਾਰ ਬਰਕਰਾਰ ਰੱਖੀ ਅਤੇ ਜਨਤਕ ਟਾਕਰਾ ਘੋਲ ਦੀ ਲੀਹ ਨੂੰ ਧੜੱਲੇ ਨਾਲ ਅੱਗੇ ਵਧਾਇਆ। ਦਰੁਸਤ ਸਮਝਦਾਰੀ ਦੀ ਇਹ ਜੜੁੱਤ ਵਿਚਾਰਧਾਰਕ-ਸਿਆਸੀ ਅਤੇ ਅਮਲੀ ਰਾਖੀ ਪੰਜਾਬ ਅੰਦਰ ਦਰੁਸਤ ਦਿਸ਼ਾ ਵਾਲੀਆਂ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਅਤੇ ਇਨਕਲਾਬੀ ਜਮਹੂਰੀ ਜਨਤਕ ਲਹਿਰ ਲਈ ਇਕੱਠੇ ਹੋਣ ਦਾ ਬਿੰਦੂ ਬਣ ਗਈ। 

ਇਹ ਦ੍ਰਿੜ ਸਿਧਾਂਤਕ ਬੁਨਿਆਦਾਂ ਸਨ, ਜਿਹਨਾਂ ਨੇ ਉਸਨੂੰ ਘਟਨਾਵਾਂ ਦਾ ਵੀ ਧੀਰਜ ਅਤੇ ਦਿਲ-ਜ਼ਮੀ ਨਾਲ ਸਾਹਮਣਾ ਕਰਨ ਦੇ ਕਾਬਲ ਬਣਾਇਆ ਅਤੇ ਸਾਥੀਆਂ ਦੇ ਮਨਾਂ ਵਿੱਚ ਭਰੋਸਾ ਭਰਿਆ। 

ਇਸੇ ਤਰ੍ਹਾਂ, ਬਹਿਸ-ਭੇੜ ਅੰਦਰ ਜਾਂ ਫੁੱਟ ਪਿੱਛੋਂ ਦੀ ਹਾਲਤ ਵਿੱਚ, ਉਹ ਜਾਤੀ ਹਮਲੇ ਕਰਨ ਜਾਂ ਕਮੀਨੀਆਂ ਗੱਲਾਂ ਕਰਨ ਦੀ ਪੱਧਰ ਤੱਕ ਕਦੇ ਵੀ ਨੀਵਾਂ ਨਹੀਂ ਡਿੱਗਿਆ ਸੀ। ਉਹ ਸਟਾਲਿਨ ਦੀ ਟਿੱਪਣੀ ਦਾ ਜ਼ਿਕਰ ਕਰਿਆ ਕਰਦਾ ਸੀ ਕਿ ਸਿਆਸੀ ਮਾਮਲਿਆਂ 'ਚ ਫੌਜੀ ਦੇ ਬਿਲਕੁਲ ਹੀ ਉਲਟ ਹੁੰਦਾ ਹੈ, ਅਸੀਂ ਦੁਸ਼ਮਣ ਉੱਤੇ ਉਸਦੀ ਸਭ ਤੋਂ ਕਮਜ਼ੋਰ ਥਾਂ 'ਤੇ ਹਮਲਾ ਨਹੀਂ ਕਰਦੇ, ਸਗੋਂ ਉਸਦੇ ਸਭ ਤੋਂ ਮਜ਼ਬੂਤ ਨੁਕਤੇ 'ਤੇ ਹਮਲਾ ਕਰਦੇ ਹਾਂ।

ਕਾਮਰੇਡ ਹਰਭਜਨ ਨੇ ਹਮੇਸ਼ਾਂ ਹੀ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵੱਖੋ-ਵੱਖ ਕਮਿਊਨਿਸਟ ਇਨਕਲਾਬੀ ਸ਼ਕਤੀਆਂ, ਜੋ ਅੱਜ ਵੱਖ-ਵੱਖ ਧਾਰਾਵਾਂ ਵਿੱਚ ਵੰਡੀਆਂ ਹੋਈਆਂ ਹਨ, ਮੁੜ ਜਥੇਬੰਦ ਕੀਤੀ ਜਾਣ ਵਾਲੀ ਪਾਰਟੀ ਦੀਆਂ ਅੰਗ ਹਨ। ਇਸ ਤਰ੍ਹਾਂ, ਭਾਵੇਂ ਉਸਨੇ ਦਰੁਸਤ ਲੀਹ ਨੂੰ ਸਥਾਪਤ ਕਰਨ ਲਈ ਖੇਮੇ ਅੰਦਰ ਗਲਤ ਰੁਝਾਨਾਂ ਦੇ ਖ਼ਿਲਾਫ਼ ਘੋਲ ਦੀ ਲੋੜ 'ਤੇ ਜ਼ੋਰ ਦਿੱਤਾ, ਉਸਨੇ ਦੁਸ਼ਮਣ ਜਮਾਤ ਖ਼ਿਲਾਫ਼ ਸਮੁੱਚੇ ਕਮਿਊਨਿਸਟ ਇਨਕਲਾਬੀ ਖੇਮੇ ਦੀ ਏਕਤਾ ਨੂੰ ਉਚਿਆਉਣ ਅਤੇ ਉਭਾਰਨ ਦੀ ਮਹੱਤਤਾ 'ਤੇ ਬਰਾਬਰ ਦਾ ਜ਼ੋਰ ਦਿੱਤਾ। 

ਕਾਮਰੇਡ ਹਰਭਜਨ ਸ਼ੋਹੀ ਨੇ, 1988 ਦੇ ਪਿਛਲੇ ਮਹੀਨਿਆਂ 'ਚ, ਭਾਰਤ ਦੇ ਕਮਿਊਨਿਸਟ ਇਨਕਲਾਬੀਆਂ ਦਾ ਕੇਂਦਰ (ਸੀ.ਸੀ.ਆਰ.ਆਈ.) ਬਣਾਉਣ ਵਿੱਚ ਕੁੰਜੀਵਤ ਰੋਲ ਨਿਭਾਇਆ। ਇਹ ਭਾਰਤ ਪੱਧਰੀ ਜਥੇਬੰਦੀ ਸੀ। ਇਸਨੇ ਦਰੁਸਤ ਰੁਝਾਨ ਦੁਆਲੇ ਜਥੇਬੰਦ ਮੌਜੂਦ ਸ਼ਕਤੀਆਂ ਨੂੰ ਸਿਆਸੀ ਤੌਰ 'ਤੇ ਪੱਕੇ ਪੈਰੀਂ ਕਰਨ ਵਿੱਚ ਮੱਦਦ ਕੀਤੀ। ਇਸਨੇ ਫਿਰ ਕਮਿਊਨਿਸਟ ਇਨਕਲਾਬੀਆਂ ਦੀ ਵਡੇਰੀ ਏਕਤਾ ਬਣਾਉਣ ਵਿੱਚ ਵੱਡਾ ਰੋਲ ਅਦਾ ਕੀਤਾ। ਇਸ ਇੱਕਮੁੱਠ ਹੋਈ ਜਥੇਬੰਦੀ ਦਾ ਨਾਂ ਕਮਿਊਨਿਸਟ ਪਾਰਟੀ ਮੁੜ-ਜਥੇਬੰਦੀ ਕੇਂਦਰ, ਭਾਰਤ (ਮ.ਲ) (ਸੀ.ਪੀ.ਆਰ.ਸੀ.ਆਈ.ਐਮ.ਐਲ) ਰੱਖਿਆ ਗਿਆ। 1995 ਵਿੱਚ ਇਸਦੀ ਉਦਘਾਟਨੀ ਕਾਨਫਰੰਸ ਵਿੱਚ ਨਵੀਂ ਚੁਣੀ ਕੇਂਦਰੀ ਕਮੇਟੀ ਨੇ ਕਾਮਰੇਡ ਹਰਭਜਨ ਸੋਹੀ ਨੂੰ ਆਪਣਾ ਸਕੱਤਰ ਚੁਣਿਆ। ਉਹ ਇਸ ਮੋਰਚੇ 'ਤੇ 14 ਸਾਲ ਡਟਿਆ ਰਿਹਾ। 

ਕੌਮੀ ਅਤੇ ਕੌਮਾਂਤਰੀ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਸਮੇਂ, ਉਹ ਵਰਤਾਰੇ ਦੇ ਪਦਾਰਥਕ ਅਧਾਰ ਦੀ, ਇਸਦੇ ਆਪਸ 'ਚ ਵਿਰੋਧੀ ਪੱਖਾਂ ਦੀ ਅਤੇ ਇਸਦੀ ਗਤੀ ਦੀ ਯਾਨੀ ਕਿ ਵਰਤਾਰੇ ਦੀਆਂ ਵਿਰੋਧਤਾਈਆਂ ਦੇ ਵਿਕਾਸ ਦੀ ਘੋਖ ਕਰਨ ਸਮੇਂ ਵਿਰੋਧ-ਵਿਕਾਸੀ ਪਦਾਰਥਵਾਦੀ ਢੰਗ ਨੂੰ ਲਾਗੂ ਕਰਨ ਲਈ ਜ਼ੋਰਦਾਰ ਮਿਹਨਤ ਕਰਦਾ ਸੀ। 

ਕਾਮਰੇਡ ਹਰਭਜਨ ਸੋਹੀ ਦੀ ਤਾਕਤ ਇਸ ਗੱਲ ਵਿੱਚ ਸੀ ਕਿ ਉਸਨੇ ਮਾਰਕਸੀ-ਲੈਨਿਨੀ ਵਿਚਾਰਧਾਰਾ ਨੂੰ ਕੇਂਦਰੀ ਮਹੱਤਤਾ ਦਿੱਤੀ। ਲਹਿਰ ਦੀਆਂ ਸਮੱਸਿਆਵਾਂ ਦੇ ਵਿਸ਼ਲੇਸ਼ਣ ਸਮੇਂ ਉਹ ਸਿਧਾਂਤਕ ਕਾਰਜਾਂ ਨੂੰ ਅਤੇ ਮੁੱਖ ਕਾਰਜ ਨੂੰ ਟਿੱਕਣ ਲਈ ਜੂਝਦਾ ਸੀ, ਜਿਹਨਾਂ ਨੂੰ ਪੂਰਾ ਕਰਨਾ ਜ਼ਰੂਰੀ ਹੁੰਦਾ ਸੀ ਤਾਂ ਕਿ ਇਨਕਲਾਬੀ ਲਹਿਰ ਦੀ ਪੇਸ਼ਕਦਮੀ ਨੂੰ ਜਾਰੀ ਰੱਖਿਆ ਜਾ ਸਕੇ। ਇਸ ਸਿਧਾਂਤਕ ਪਹੁੰਚ ਦੇ ਅਧਾਰ 'ਤੇ ਹੀ, ਉਹ ਉਹਨਾਂ ਦੇ ਪੇਸ਼ਾਵਰ ਇਨਕਲਾਬੀ ਜੀਵਨ ਦੌਰਾਨ ਉੱਭਰੇ ਸਾਰੇ ਵੱਡੇ ਕੁਰਾਹਿਆਂ ਦਾ ਮੁਕਾਬਲਾ ਕਰਨ ਦੇ ਕਾਬਲ ਨਿੱਬੜਦਾ। 

70ਵਿਆਂ ਤੋਂ ਹੀ ਕਮਿਊਨਿਸਟ ਪਾਰਟੀ ਨੂੰ ਮੁੜ-ਜਥੇਬੰਦ ਕਰਨ ਦਾ ਮੁੱਖ ਕਾਰਜ ਸਾਡੇ ਸਾਹਮਣੇ ਰਿਹਾ ਹੈ। ਨੇੜਲੇ ਬੀਤੇ ਸਮੇਂ ਵਿੱਚ, ਕਾਮਰੇਡ ਹਰਭਜਨ ਸੋਹੀ ਨੇ ਭਾਰਤ ਦੀ ਇਨਕਲਾਬੀ ਲਹਿਰ ਦੇ ਮੌਜੂਦਾ ਦੌਰ ਅੰਦਰ ਪਾਰਟੀ ਨੂੰ ਮੁੜ-ਜਥੇਬੰਦ ਕਰਨ ਦੇ ਭਵਿੱਖ-ਨਕਸ਼ੇ ਨਾਲ (ਅਮਲ ਅਤੇ ਵਿਚਾਰ-ਵਟਾਂਦਰੇ ਦੇ ਦੋਹਾਂ ਖੇਤਰਾਂ 'ਚ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦਰਮਿਆਨ ਘੋਲ-ਏਕਤਾ-ਘੋਲ ਦੀ ਪ੍ਰਕਿਰਿਆ ਰਾਹੀਂ) ਪਾਰਟੀ ਉਸਾਰੀ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਸੀ। 

ਆਪਣੀ ਪਹਿਲੀ ਗ੍ਰਿਫ਼ਤਾਰੀ ਸਮੇਂ ਉਸਨੇ ਅੰਮ੍ਰਿਤਸਰ 'ਚ ਵਿਸ਼ੇਸ਼ ਇੰਟੈਰੋਗੇਸ਼ਨ ਸੈਂਟਰ 'ਚ ਤਸ਼ੱਦਦ ਦਾ ਦਲੇਰੀ ਨਾਲ ਸਾਹਮਣਾ ਕੀਤਾ। ਦੂਸਰੀ ਗ੍ਰਿਫ਼ਤਾਰੀ ਪਿੱਛੋਂ ਉਹ ਜਮਾਨਤ 'ਤੇ ਆਉਣ ਪਿੱਛੋਂ ਮਫ਼ਰੂਰ ਹੋ ਗਿਆ ਅਤੇ ਆਪਣੇ ਜੀਵਨ ਦੇ ਅੰਤ ਤੱਕ, ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਉਹ ਅੰਡਰਗਰਾਊਂਡ ਰਿਹਾ। ਉਸਦੀ ਮੌਤ ਨਾਲ ਸਾਡੀ ਪਾਰਟੀ ਜਥੇਬੰਦੀ ਨੂੰ, ਇਨਕਲਾਬੀ ਕੈਂਪ ਅਤੇ ਮੁੜ-ਜਥੇਬੰਦ ਕੀਤੀ ਜਾਣ ਵਾਲੀ ਪਾਰਟੀ ਨੂੰ ਵੀ ਹਰਜਾ ਹੋਇਆ1 ਹੈ। ਆਓ, ਆਪਾਂ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦੇ ਗੰਭੀਰ ਅਧਿਐਨ ਅਤੇ ਭਾਰਤੀ ਇਨਕਲਾਬ ਦੇ ਅਭਿਆਸ ਵਿੱਚ ਖੁੱਭਦੇ ਹੋਏ ਕਾਮਰੇਡ ਹਰਭਜਨ ਸੋਹੀ ਨੂੰ ਸ਼ਰਧਾਂਜਲੀ ਦੇਈਏ। 

   ਕੇਂਦਰੀ ਕਮੇਟੀ,

             ਸੀ.ਪੀ.ਆਰ.ਸੀ.ਆਈ. (ਐਮ.ਐਲ)

ਕਾ: ਹਰਭਜਨ ਸੋਹੀ


· ਮਾਓ-ਵਿਚਾਰਧਾਰਾ ਦੇ ਬੇਹਤਰੀਨ ਰਖਵਾਲਿਆਂ 'ਚੋਂ ਸੀ
· ਕੱਦਾਵਰ ਮੌਲਿਕ ਕਮਿਊਨਿਸਟ ਪ੍ਰਤਿਭਾ ਦੀ ਮਿਸਾਲੀ ਵੰਨਗੀ ਸੀ
· ਸਿਧਾਂਤ ਅਤੇ ਅਮਲ ਦੇ ਸੰਜੋਗ ਦਾ ਲਿਸ਼ਕਾਰਾ ਸੀ
· ਗਲਤ ਰੁਝਾਨਾਂ ਦੇ ਵਹਾਅ ਅੱਗੇ ਖੜ੍ਹਨ ਦੀ ਅਡੋਲ ਸ਼ਕਤੀ ਦਾ ਝਲਕਾਰਾ ਸੀ
(ਸ਼ਰਧਾਂਜਲੀ ਸਮਾਗਮ ਲਈ ਜਾਰੀ ਪੋਸਟਰ ਦਾ ਅੰਸ਼)


No comments:

Post a Comment