Friday, June 5, 2026

ਸਾਥੀ ਹਰਭਜਨ ਮਲਸੀਆਂ ਨੂੰ ਯਾਦ ਕਰਦਿਆਂ

 ਸਾਥੀ ਹਰਭਜਨ ਮਲਸੀਆਂ ਨੂੰ ਯਾਦ ਕਰਦਿਆਂ 

ਹਰਮੇਸ਼ ਮਾਲੜੀ

ਇਨਕਲਾਬੀ ਜਮਹੂਰੀ ਲਹਿਰ ਦੇ ਕਾਫ਼ਲੇ 'ਚੋਂ ਵਿਛੜੇ ਸਾਥੀ ਦੀ ਫਖ਼ਰਯੋਗ ਕਰਨੀ 'ਤੇ ਹਮੇਸ਼ਾ ਮਾਣ ਰਹੇਗਾ। 

6 ਫ਼ਰਵਰੀ 2026 ਨੂੰ ਜਾਨਲੇਵਾ ਲੰਮੀ ਬਿਮਾਰੀ ਨਾਲ ਘੋਲ਼ ਕਰਦਿਆਂ ਅੰਤ ਸਾਥੀ ਹਰਭਜਨ ਮਲਸੀਆਂ , ਸਦਾ ਲਈ ਇਨਕਲਾਬੀ ਕਾਫ਼ਲੇ ਨੂੰ ਅਲਵਿਦਾ ਕਹਿ ਗਿਆ। ਉਸੇ ਦਿਨ ਹੀ ਉਹਨਾਂ ਦੇ ਸੰਗੀ ਸਾਥੀਆਂ ਅਤੇ ਪਰਿਵਾਰ ਵਲੋਂ ਇਨਕਲਾਬੀ ਨਾਹਰਿਆਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਸਾਥੀ ਹਰਭਜਨ ਮਲਸੀਆਂ ਉਨ੍ਹਾਂ ਸਾਥੀਆਂ 'ਚ ਸ਼ੁਮਾਰ ਹਨ ਜਿਨ੍ਹਾਂ ਨੂੰ ਅੰਤਿਮ ਵੇਲੇ ਲਾਲ ਝੰਡਾ ਨਸੀਬ ਹੋਇਆ। ਅੰਤਿਮ ਵਿਦਾਇਗੀ ਮੌਕੇ ਖੇਤ ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਨੇ ਆਪੋ ਆਪਣੀਆਂ ਜਥੇਬੰਦੀਆਂ ਦੇ ਝੰਡੇ ਲਹਿਰਾਉਂਦੇ ਹੋਏ,ਘਰ ਤੋਂ ਸ਼ਮਸ਼ਾਨ ਘਰ ਤੱਕ ਸਾਥੀ  ਹਰਭਜਨ ਮਲਸੀਆਂ ਦੀ ਤਾਅ ਉਮਰ ਘਾਲੀ਼ ਇਨਕਲਾਬੀ ਕਰਨੀ 'ਤੇ ਫ਼ਖਰ ਮਹਿਸੂਸ ਕਰਦਿਆਂ ਉਸਦੇ ਅਧੂਰੇ ਕਾਰਜ ਨੂੰ ਪੂਰਿਆਂ ਕਰਨ ਦਾ ਅਹਿਦ ਲਿਆ ।

ਸਾਥੀ ਹਰਭਜਨ ਮਲਸੀਆਂ ਮੌਜੂਦਾ ਸਮੇਂ ਭਾਵੇਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕੇ ਪੱਧਰੇ ਆਗੂ ਦਾ ਰੋਲ ਨਿਭਾਅ ਰਹੇ ਸਨ ਪਰ ਉਂਨ੍ਹਾਂ ਦੀ ਸਮੁੱਚੀ ਜ਼ਿੰਦਗੀ ਦਾ ਅਮਲ ਅਤੇ ਅਭਿਆਸ, ਸਮਾਜਿਕ ਤਬਦੀਲੀ ਦੇ ਉੱਚੇ ਆਦਰਸ਼ ਨੂੰ ਪਰਨਾਇਆ ਹੋਇਆ ਸੀ । ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ 'ਚ ਕੰਮ ਕਰਦਿਆਂ ਉਹ "ਇਨਕਲਾਬੀ ਜਮਹੂਰੀ ਫਰੰਟ" ਨਾਲ ਜੁੜੇ ਅਤੇ ਆਰਥਿਕਵਾਦੀ ਟਰੇਡ ਯੂਨੀਅਨ ਸਰਗਰਮੀ ਤੋਂ ਅੱਗੇ ਉਹ ਆਪਣੇ ਮੁਲਾਜ਼ਮ ਸਾਥੀਆਂ ਨੂੰ, ਇਨਕਲਾਬੀ ਸਮਾਜਿਕ ਤਬਦੀਲੀ ਦੀ ਸਰਗਰਮੀ ਲਈ ਪ੍ਰੇਰਦੇ ਰਹੇ। ਅਜਿਹਾ ਕਰਦਿਆਂ ਉਨ੍ਹਾਂ  ਕਦੇ ਵੀ ਨੌਕਰੀ ਦੀ ਪ੍ਰਵਾਹ ਨਹੀਂ ਸੀ ਕੀਤੀ। ਪੰਜਾਬ ਅੰਦਰ ਫ਼ਿਰਕੂ ਅਤੇ  ਹਕੂਮਤੀ ਦਹਿਸ਼ਤਗਰਦੀ ਦੇ ਦੌਰ ਦੌਰਾਨ ਵੀ ਸਾਥੀ ਹਰਭਜਨ ਬੇਖੌਫ਼ ਹੋ ਕੇ ਵਿਚਰਦਾ ਰਿਹਾ। ਜਦੋਂ ਜਬਰ ਤੇ ਫ਼ਿਰਕਾਪ੍ਰਸਤੀ ਵਿਰੋਧੀ ਫਰੰਟ ਦੀ ਸਥਾਪਨਾ ਹੋਈ ਤਾਂ ਸਾਥੀ ਹਰਭਜਨ ਮਲਸੀਆਂ ਉਸਦੇ ਮੈਂਬਰ ਬਣੇ,  ਜਦੋਂ ਸਾਥੀ ਲਾਲਇੰਦਰ ਲਾਲੀ ਦੀ ਦਹਿਸ਼ਤਗਰਦਾਂ ਵਲੋਂ ਕੀਤੀ ਹੱਤਿਆ ਖ਼ਿਲਾਫ਼ ਮੋਗਾ ਦੀ ਦਾਣਾ ਮੰਡੀ ਵਿਖੇ ਰੈਲੀ ਕੀਤੀ ਗਈ ਤਾਂ ਸਾਥੀ ਹਰਭਜਨ ਨਾ ਸਿਰਫ਼ ਇਲਾਕੇ ਦੇ ਸਾਥੀਆਂ ਦੇ ਵੱਡੇ ਕਾਫ਼ਲੇ ਨਾਲ  ਸ਼ਾਮਲ ਹੋਏ ਸਗੋਂ ਉੱਥੇ  ਉਨ੍ਹਾਂ ਵਲੰਟੀਅਰ  ਵਜੋਂ ਪੂਰੀ ਮੁਸਤੈਦੀ ਨਾਲ  ਡਿਊਟੀ ਵੀ ਨਿਭਾਈ। ਉਹ ਦੋਰਾਹੇ ਵਿਖੇ ਸ਼ਹੀਦ ਤਰਸੇਮ ਬਾਵੇ ਦੇ ਹੁੰਦੇ ਸਮਾਗਮ ਮੌਕੇ ਆਪਣੇ ਸਾਥੀਆਂ ਸਮੇਤ ਜਾਂਦੇ ਰਹੇ ਤੇ ਪਿੱਛੋਂ 9 ਅਪ੍ਰੈਲ 1991 ਨੂੰ ਸੇਵੇਵਾਲਾ ਕਾਂਡ ਤੋਂ ਬਾਅਦ ਹੋਏ ਜੈਤੋ ਸੂਬਾਈ ਸਮਾਗਮ ਵੇਲੇ ਜਲੰਧਰ ਜ਼ਿਲ੍ਹੇ ਦੇ ਸੈਂਕੜੇ ਸਾਥੀਆਂ ਨਾਲ ਸ਼ਾਮਲ ਹੋਏ। ਜਦੋਂ ਲੋਕ ਮੋਰਚਾ ਪੰਜਾਬ ਦੀ ਸਥਾਪਨਾ ਹੋਈ ਤਾਂ ਸਾਥੀ ਹਰਭਜਨ ਨਾ ਸਿਰਫ਼ ਉਸਦੇ ਮੁਢਲੇ ਮੈਂਬਰਾਂ 'ਚੋਂ ਸਨ ਬਲਕਿ ਨਕੋਦਰ -ਸ਼ਾਹਕੋਟ ਇਕਾਈ ਦੇ ਸਰਗਰਮ ਮੈਂਬਰ ਵਜੋਂ ਉਨ੍ਹਾਂ ਲੋਕ ਮੁਕਤੀ ਲਈ ਜੂਝਣ ਦਾ ਨਿੱਠ ਕੇ ਪ੍ਰਚਾਰ ਕੀਤਾ। ਪਿਛਲੇ ਕੁਝ ਅਰਸੇ ਤੋਂ ਉਹ, ਪਾਸ਼ ਹੰਸਰਾਜ ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਨਕੋਦਰ ਦੇ ਮੈਂਬਰ  ਵੀ ਸਨ। ਉਨ੍ਹਾਂ ਦੀ ਇਨਕਲਾਬੀ ਨਿਹਚਾ ਹੀ ਸੀ ਕਿ ਉਨ੍ਹਾਂ ਬਿਜਲੀ ਬੋਰਡ ਤੋਂ ਸੇਵਾ ਮੁਕਤ ਹੋਣ ਉਪਰੰਤ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੇ ਔਖੇ ਕਾਰਜ ਨੂੰ ਚੁਣਿਆ ਤੇ 2006 'ਚ ਰਿਟਾਇਰਮੈਂਟ ਤੋਂ ਬਾਅਦ ਉਹ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਦੇ ਤੌਰ 'ਤੇ ਕੰਮ ਕਰ ਰਹੇ ਸਨ। ਪਿਛਲੇ ਕਰੀਬ ਸਾਢੇ ਪੰਜ ਸਾਲਾਂ ਤੋਂ ਉਹ ਅਧਰੰਗ ਦੇ ਕਾਰਨ ਮੰਜੇ 'ਤੇ ਸਨ, ਸਾਥੀ ਦੇ ਪਰਿਵਾਰ ਅਤੇ ਸੰਗੀ ਸਾਥੀਆਂ ਵਲੋਂ ਉਨ੍ਹਾਂ ਦੀ ਸਿਹਤਯਾਬੀ ਲਈ ਸਿਰਤੋੜ ਯਤਨ ਕੀਤੇ ਗਏ ਪਰ ਅੰਤ ਬਿਮਾਰੀ ਜਾਨਲੇਵਾ ਸਾਬਤ ਹੋਈ ਅਤੇ 6 ਫ਼ਰਵਰੀ ਨੂੰ ਸਾਥੀ ਹਰਭਜਨ ਸਦਾ ਲਈ ਵਿਛੜ ਗਏ। ਸਾਥੀ ਹਰਭਜਨ ਮਲਸੀਆਂ ਦਾ ਜੀਵਨ ਆਮ ਲੋਕਾਂ ਵਰਗਾ ਨਹੀਂ ਸੀ, ਲੋਕ ਸੇਵਾ, ਸੰਘਰਸ਼ ਅਤੇ ਮੁਕਤੀ ਦਾ ਸਿਧਾਂਤ ਹਰ ਵਕਤ ਉਹਨਾਂ ਦੇ ਮਨ ਮਸਤਕ 'ਤੇ ਤਰੋ ਤਾਜ਼ਾ ਰਹਿੰਦਾ ਸੀ, ਆਪਣੇ ਮੁਲਾਜ਼ਮ ਸਾਥੀਆਂ ਦੇ ਹੱਕਾਂ ਲਈ ਲੜਦਿਆਂ ਉਹ ਉਹਨਾਂ ਦੇ ਪਰਿਵਾਰਕ ਅਤੇ ਸਮਾਜਿਕ ਮਸਲਿਆਂ ਨੂੰ  ਵੀ ਪੂਰੀ ਸ਼ਿੱਦਤ ਨਾਲ ਲੈਂਦਾ ਅਤੇ ਜਮਾਤੀ ਸੂਝ ਨਾਲ ਨਜਿੱਠਦਾ। ਮਸਲਾ ਚਾਹੇ ਦੁਕਾਨਦਾਰਾਂ ਦਾ ਹੋਏ , ਚਾਹੇ ਸਮਾਜਿਕ ਜਬਰ ਦਾ, ਕਿਸਾਨਾਂ ਦੀ ਮੰਡੀਏਂ ਰੁਲ਼ਦੀ ਫ਼ਸਲ ਦਾ ਹੋਏ ਜਾਂ ਵਧੇ ਬੱਸ ਕਿਰਾਇਆਂ ਦਾ ਹੋਏ, ਹਰਭਜਨ ਹਰ ਥਾਂ ਡਟ ਜਾਂਦਾ । ਹਰਭਜਨ ਮਲਸੀਆਂ ਉਨ੍ਹਾਂ ਸਾਥੀਆਂ 'ਚ ਸ਼ੁਮਾਰ ਹੈ ਜਿਹਨਾਂ ਨੂੰ ਲੋਕ ਆਗੂ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ, ਕਿਸੇ ਵੀ ਕਿਸਮ ਦਾ ਸਮਾਗਮ ਹੋਏ, ਹਰਭਜਨ ਮਲਸੀਆਂ ਨੂੰ ਫੰਡ ਤੋਂ ਕੋਈ ਨਾਂਹ ਨਹੀਂ ਸੀ ਕਰਦਾ, ਚਾਹੇ ਗੁਰਸ਼ਰਨ ਭਾਅ ਜੀ ਦਾ ਸਨਮਾਨ ਸਮਾਗਮ ਹੋਏ ਜਾਂ ਸੁਰਜੀਤ ਪਾਤਰ ਤੇ ਪ੍ਰੋ.ਅਜਮੇਰ ਔਲਖ ਦਾ, ਗ਼ਦਰੀ ਬਾਬਿਆਂ ਦਾ ਮੇਲਾ ਹੋਵੇ ਜਾਂ ਪਲਸ ਮੰਚ ਦਾ ਪਹਿਲੀ ਮਈ ਪੰਜਾਬੀ ਭਵਨ, ਜਾਂ 25 ਜਨਵਰੀ ਜਲੰਧਰ ,ਨਕਸਲਵਾੜੀ ਸ਼ਹੀਦਾਂ  ਦਾ ਕੋਈ ਸਮਾਗਮ ਹੋਏ, ਇਹ ਉਸਦੀ ਲੋਕ ਆਗੂ ਵਜੋਂ ਮਾਨਤਾ ਦਾ ਹੀ ਪ੍ਰਮਾਣ ਹੈ ਕਿ  ਹਰ ਤਬਕਾ ਫੰਡ ਦਿੰਦਾ ਅਤੇ ਨੌਜਵਾਨ ਉਹਨਾਂ ਦੇ ਨਾਲ ਤੁਰ ਪੈਂਦੇ। ਦਲਿਤਾਂ 'ਤੇ ਜਬਰ ਵਿਰੋਧੀ ਰੈਲੀਆਂ ਸਮੇਂ, ਬਠਿੰਡੇ ਤੋਂ ਬਾਅਦ ਜਦੋਂ ਦੁਆਬੇ 'ਚ ਰੈਲੀ ਕਰਨ ਦਾ ਪੰਜਾਬ ਕਮੇਟੀ ਨੇ ਵਿਚਾਰ ਰੱਖਿਆ ਤਾਂ ਹਰਭਜਨ ਨੇ ਆਪਣੇ ਪਿੰਡ ਮਲਸੀਆਂ ਵਿਖੇ ਅੱਗੇ ਲੱਗ ਕੇ ਰੈਲੀ ਕਰਵਾਈ, ਵਿਸ਼ੇਸ਼ ਜ਼ਿਕਰਯੋਗ ਹੈ ਕਿ ਰੈਲੀ ਵਾਲੇ ਦਿਨ ਤੋਂ ਇਕ ਦਿਨ ਪਹਿਲਾਂ ਏਨੀ ਭਰਵੀਂ ਬਾਰਸ਼ ਹੋਈ ਕਿ ਰੈਲੀ ਵਾਸਤੇ ਲਾਇਆ ਟੈਂਟ ਭਿੱਜ ਗਿਆ, ਮੌਕੇ 'ਤੇ ਸੰਕਟ ਖੜ੍ਹਾ ਹੋ ਗਿਆ ਕਿ ਹੁਣ ਕੀ ਕਰੀਏ? ਇਥੇ ਵੀ ਸਾਥੀ ਹਰਭਜਨ ਦੀ ਲੋਕ ਮਕਬੂਲੀਅਤ ਨੇ ਰੋਲ਼ ਨਿਭਾਇਆ , ਐਨ ਸਵੇਰ ਦੇ ਵਕਤ ਉਹਨਾਂ ਮਲਸੀਆਂ ਦੇ ਇੱਕ ਵੱਡੇ ਮੈਰਿਜ ਪੈਲੇਸ ਦੇ ਮਾਲਕ ਨੂੰ ਜਾ ਫੋਨ ਖੜਕਾਇਆ, ਜਿਹੜੇ ਪੈਲੇਸ ਦੀ ਘੱਟੋ ਘੱਟ ਬੁਕਿੰਗ ਚਾਲ਼ੀ ਹਜ਼ਾਰ ਰੁਪਏ ਸੀ ਉਹਨਾਂ ਸਿਰਫ਼ ਬਾਰਾਂ ਹਜ਼ਾਰ ਵਿਚ ਪੈਲੇਸ ਦੇਣਾ ਮੰਨ ਲਿਆ ਤੇ ਵੱਡੇ ਇਕੱਠ ਨਾਲ ਸਫ਼ਲ ਰੈਲੀ ਹੋਈ। ਪਿੰਡ ਦੇ ਵੱਡੇ ਜਾਗੀਰਦਾਰਾਂ ਖਿਲਾਫ਼ ਅਜਿਹੇ ਕਈ ਘੋਲ਼ ਹਨ, ਜਿਨ੍ਹਾਂ ਚ ਨਜ਼ਾਇਜ ਕਬਜ਼ੇ ਛੁਡਵਾਉਣ ਤੋਂ ਲੈਕੇ ਮਜ਼ਦੂਰਾਂ 'ਤੇ ਜਬਰ ਦੇ ਮਸਲੇ ਵੀ ਹਨ, ਨੌਕਰੀ ਦੀ ਪ੍ਰਵਾਹ ਕਰੇ ਬਿਨਾਂ, ਹਰਭਜਨ  ਜਬਰਦਸਤ ਸਟੈਂਡ ਲੈਂਦਾ ਰਿਹਾ, ਲੋਕ ਮੋਰਚਾ ਪੰਜਾਬ ਵੱਲੋਂ ਜਦੋਂ ਪੰਜਾਬ ਅੰਦਰ "ਬਸੰਤੀ ਮਾਰਚ" ਕੱਢੇ ਗਏ ਤਾਂ  ਇਲਾਕਾ ਨਕੋਦਰ ਅੰਦਰ  ਇਕ ਸੌ ਦੇ ਕਰੀਬ ਨੌਜਵਾਨਾਂ ਨੇ ਬਸੰਤੀ ਪੱਗਾਂ ਬੰਨ੍ਹ ਕੇ  ਸ਼ਾਨਦਾਰ ਮਾਰਚ ਕੀਤਾ, ਇਹ ਉਦੋਂ ਦੀ ਗੱਲ ਹੈ ਜਦੋਂ ਅਜੇ ਕਿਸਾਨ ਯੂਨੀਅਨ ਵਾਲੇ ਬਸੰਤੀ ਪੱਗਾਂ ਨਹੀਂ ਸੀ ਬੰਨ੍ਹਣ ਲੱਗੇ, ਨਕੋਦਰ ਇਲਾਕੇ ਅੰਦਰ ਇਸ ਨਿਵੇਕਲੇ ਮਾਰਚ ਦੀ ਬਹੁਤ ਚਰਚਾ ਹੋਈ ਸੀ, ਸਾਥੀ ਹਰਭਜਨ ਮੋਹਰੀਆਂ 'ਚ ਸ਼ਾਮਲ ਸਨ, ਪਿੱਛੋਂ ਇਹ ਪੱਕਾ ਹੀ ਹੋ ਗਿਆ ਕਿ , 23 ਮਾਰਚ ਨੂੰ, ਤਲਵੰਡੀ ਸਲੇਮ ਵਿਖੇ ਹਰ ਸਾਲ ਹੁੰਦੇ ਪਾਸ਼ - ਹੰਸਰਾਜ ਦੇ ਸ਼ਹੀਦੀ ਸਮਾਗਮ  ਮੌਕੇ, ਜੋ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਵੀ ਸਮਰਪਿਤ ਹੁੰਦਾ ਹੈ, ਕਿ ਸਾਰੇ ਸਾਥੀ ਬਸੰਤੀ ਪੱਗਾਂ ਬੰਨ੍ਹ ਕੇ ਆਉਣ ,....ਇਹ ਜ਼ਿਕਰ ਤਾਂ ਕੀਤਾ ਗਿਆ ਹੈ ਕਿ ਅਧਰੰਗ ਦੀ ਬਿਮਾਰੀ ਸਮੇਂ ਜਦੋਂ ਸਾਥੀ ਹਰਭਜਨ ਲਾਚਾਰੀ ਦੀ ਸਥਿਤੀ ਵਿਚ ਸੀ ਤਾਂ ਆਪਣੇ ਪਰਿਵਾਰ ਨੂੰ ਹਰ ਸਾਲ ,ਪਾਸ਼ ਹੰਸਰਾਜ ਸਮਾਗਮ 'ਤੇ ਤੋਰਨ ਮੌਕੇ ਉਹ ਬੱਚਿਆਂ ਤੋਂ ਆਪਣੇ ਸਿਰ 'ਤੇ ਬਸੰਤੀ ਪੱਗ ਬੰਨ੍ਹਾਉਂਦਾ ਅਤੇ ਆਪਣੇ ਖੱਬੇ ਹੱਥ, ਜਿਹੜਾ ਕੁਝ ਹਰਕਤ ਕਰਦਾ ਸੀ, ਨੂੰ ਉਤਾਂਹ ਚੁੱਕ ਕੇ ਗੂੰਗੀ ਜ਼ੁਬਾਨ ਨਾਲ ਨਾਹਰਾ ਲਾਉਂਦਾ, ਉਸਦੇ ਇਸ ਅੰਦਾਜ਼ ਵਾਲੀਆਂ ਫੋਟੋਆਂ  ਕਈ ਵਾਰੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ । ਅਜਿਹਾ ਸੀ ਹਰਭਜਨ ਮਲਸੀਆਂ!

ਉਹ ਕਿਤੇ ਨਹੀਂ ਗਿਆ!!

ਉਹ ਸਾਡੇ ਸੰਗਰਾਮੀ ਰਾਹਾਂ ਅਤੇ ਸਾਹਾਂ ਵਿੱਚ ਸਮੋਇਆ ਰਹੇਗਾ।  

No comments:

Post a Comment