Tuesday, June 9, 2026

ਕਾ. ਸੁਰਿੰਦਰ ਤਿਵਾੜੀ ਸ਼ਰਧਾਂਜਲੀ ਸਮਾਗਮ ਲਈ ਸੀ.ਪੀ.ਆਰ.ਸੀ.ਆਈ.(ਮ.ਲ.) ਦੀ ਪੰਜਾਬ ਸੂਬਾ ਕਮੇਟੀ ਦਾ ਸੰਦੇਸ਼

 ਕਾ. ਸੁਰਿੰਦਰ ਤਿਵਾੜੀ ਸ਼ਰਧਾਂਜਲੀ ਸਮਾਗਮ ਲਈ 
ਸੀ.ਪੀ.ਆਰ.ਸੀ.ਆਈ.(ਮ.ਲ.) ਦੀ ਪੰਜਾਬ ਸੂਬਾ ਕਮੇਟੀ ਦਾ ਸੰਦੇਸ਼ 



ਅਸੀਂ ਸੀ.ਪੀ.ਆਰ.ਸੀ.ਆਈ.(ਮ.ਲ.) ਦੀ ਪੰਜਾਬ ਸੂਬਾ ਕਮੇਟੀ ਵੱਲੋਂ ਤੁਹਾਡੇ ਸਭਨਾਂ ਨਾਲ ਤੇ ਸਮੁੱਚੀ ਕਮਿਊਨਿਸਟ ਇਨਕਲਾਬੀ ਲਹਿਰ ਨਾਲ ਆਪਣੇ  ਪਿਆਰੇ ਸਾਥੀ ਸੁਰਿੰਦਰ ਤਿਵਾੜੀ ਦੇ ਬੇ-ਵਕਤ ਵਿਛੋੜੇ ਦਾ ਡੂੰਘਾ ਦੁੱਖ ਸਾਂਝਾ ਕਰਦੇ ਹਾਂ। ਸਾਥੀ ਦਾ ਵਿਛੋੜਾ ਸਾਡੀ ਜਥੇਬੰਦੀ ਤੇ ਸਮੁੱਚੀ ਕਮਿਊਨਿਸਟ ਇਨਕਲਾਬੀ ਲਹਿਰ ਲਈ ਵੱਡਾ ਘਾਟਾ ਹੈ। ਇਸ ਘਾਟੇ ਨੂੰ ਪੂਰਨ ਦੀ ਜੁਝਾਰ ਭਾਵਨਾ ਪ੍ਰਗਟ ਕਰਦਿਆਂ ਅਸੀਂ ਆਪਣੇ ਵਿਛੜੇ ਸਾਥੀ ਵੱਲੋਂ ਇਨਕਲਾਬ ਲਈ ਘਾਲੀ ਘਾਲਣਾ 'ਤੇ ਮਾਣ ਮਹਿਸੂਸ ਕਰਦੇ ਹਾਂ । ਕਾਮਰੇਡ ਸੁਰਿੰਦਰ ਤਿਵਾੜੀ ਦਹਾਕਿਆਂ ਬੱਧੀ ਇੱਕ ਵਿਚਾਰਵਾਨ ਤੇ ਨਿਹਚਾਵਾਨ ਕਮਿਊਨਿਸਟ ਇਨਕਲਾਬੀ ਵਜੋਂ ਲਹਿਰ ਦੀਆਂ ਆਗੂ ਸਫਾਂ 'ਚ ਰਿਹਾ ਤੇ ਇੱਕ ਸ਼ਾਨਦਾਰ ਕਮਿਊਨਿਸਟ ਇਨਕਲਾਬੀ ਵਜੋਂ ਉਸਨੇ ਮਿਸਾਲੀ ਜ਼ਿੰਦਗੀ ਗੁਜਾਰੀ। ਦਹਾਕਿਆਂ ਲੰਮੇ ਇਸ ਅਜਮਾਇਸ਼ੀ ਸਫ਼ਰ 'ਚ ਉਹ ਡੂੰਘੀ ਸਿਧਾਂਤਕ ਪਕੜ ਨਾਲ ਤੇ ਇਨਕਲਾਬੀ ਸਿਦਕ, ਸਬਰ ਤੇ ਦ੍ਰਿੜਤਾ ਦੇ ਜ਼ੋਰ ਸਾਬਤ ਕਦਮੀਂ ਡਟਿਆ ਰਿਹਾ। ਲਹਿਰ ਦੇ ਸੰਕਟਾਂ, ਉਤਰਾਵਾਂ-ਚੜਾਵਾਂ 'ਚ ਉਸ ਨੇ ਕਮਿਊਨਿਸਟ ਵਿਚਾਰਧਾਰਾ ਤੇ ਲੋਕ ਇਨਕਲਾਬ ਨਾਲ ਵਫ਼ਾ ਦੀ ਮਿਸਾਲ ਪੇਸ਼ ਕੀਤੀ। ਇਸ ਵੇਲੇ ਉਹ ਸਾਡੀ ਜਥੇਬੰਦੀ ਦੀ ਪੰਜਾਬ ਸੂਬਾ ਕਮੇਟੀ ਅਤੇ ਕੇਂਦਰੀ ਕਮੇਟੀ ਦਾ ਮੈਂਬਰ ਸੀ। ਸਮੁੱਚੀ ਕਮਿਊਨਿਸਟ ਇਨਕਲਾਬੀ ਲਹਿਰ ਤੇ ਸਾਡੀ ਜਥੇਬੰਦੀ 'ਚ ਉਸ ਵੱਲੋਂ ਪਾਇਆ ਯੋਗਦਾਨ ਬਹੁਤ ਮੁੱਲਵਾਨ ਹੈ ਤੇ ਸਾਡਾ ਫ਼ਖਰਯੋਗ ਵਿਰਸਾ ਹੈ। ਅਸੀਂ ਇਸ ਵਿਰਸੇ ਦੀ ਵਿਰਾਸਤ ਨੂੰ ਬਲੁੰਦ ਕਰਨਾ ਹੈ  ਤੇ ਇਸ ਤੋਂ ਪ੍ਰੇਰਨਾ ਲੈ ਕੇ  ਇਨਕਲਾਬ ਦੇ ਰਾਹ 'ਤੇ ਪੂਰੀ ਸ਼ਾਨ ਨਾਲ ਅੱਗੇ ਵਧਣਾ ਹੈ। ਅਸੀ ਸਾਡੇ ਵਿਛੜੇ ਸਾਥੀ ਨੂੰ ਅਜਿਹੀ ਜਨਤਕ ਸ਼ਰਧਾਂਜਲੀ ਦੇਣ ਦਾ ਉੱਦਮ ਕਰਨ ਵਾਲੇ ਸਾਥੀਆਂ ਦੇ ਬਹੁਤ ਧੰਨਵਾਦੀ ਹਾਂ ਜਿੰਨ੍ਹਾਂ ਨੇ ਉਸਦੀ ਇਨਕਲਾਬੀ ਕਰਨੀ ਨੂੰ ਲੋਕਾਂ ਸਾਹਮਣੇ ਉਭਾਰਨ ਰਾਹੀਂ ਉਸਨੂੰ ਸੂਹੀ ਸਲਾਮ ਕਹਿਣ ਲਈ ਇਹ ਸਮਾਗਮ ਜਥੇਬੰਦ ਕੀਤਾ ਹੈ। ਅਸੀਂ ਇਸ ਸਮਾਗਮ 'ਚ ਪੁੱਜਣ ਵਾਲੇ ਤੇ ਇਸਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦੇਣ ਵਾਲੇ ਸਾਥੀਆਂ ਦੇ ਸ਼ੁਕਰਗੁਜ਼ਾਰ ਹਾਂ। ਉਸ ਵੱਲੇਂ ਲਹਿਰ 'ਚ ਪਾਏ ਯੋਗਦਾਨ ਦੀ ਹੋਰ ਭਰਵੀਂ ਚਰਚਾ ਕਰਨ  ਲਈ ਅਸੀਂ ਆਉਣ ਵਾਲੇ ਸਮੇਂ 'ਚ ਸਾਥੀ ਸੁਰਿੰਦਰ ਤਿਵਾੜੀ ਦੇ ਰੋਲ ਤੇ ਦੇਣਾ ਬਾਰੇ ਸਮੱਗਰੀ ਤਿਆਰ ਕਰਕੇ ਤੁਹਾਡੇ ਤੱਕ ਪੁੱਜਦੀ ਕਰਾਂਗੇ। ਅਸੀਂ ਤੁਹਾਨੂੰ ਸਭਨਾਂ ਨੂੰ ਆਪਣੇ ਵੱਲੋਂ ਲਾਲ ਸਲਾਮ ਭੇਜਦੇ ਹਾਂ।

ਸਾਥੀ ਸੁਰਿੰਦਰ ਤਿਵਾੜੀ ਦੀ ਇਨਕਲਾਬ ਕਰਨੀ-ਜ਼ਿੰਦਾਬਾਦ

ਇਨਕਲਾਬ–ਜ਼ਿੰਦਾਬਾਦ

ਸੰਸਾਰ ਕਮਿਊਨਿਸਟ ਲਹਿਰ-ਜ਼ਿੰਦਾਬਾਦ

ਸੂਬਾ ਕਮੇਟੀ, ਪੰਜਾਬ

ਕਮਿਊਨਿਸਟ ਪਾਰਟੀ ਮੁੜ ਜਥੇਬੰਦੀ ਕੇਂਦਰ, ਭਾਰਤ 

(ਮਾਰਕਸਵਾਦੀ- ਲੈਨਿਨਵਾਦੀ)  

No comments:

Post a Comment