Thursday, September 8, 2016

13. ਸੁਨੇਹਾ



ਕਸ਼ਮੀਰੀ ਲੋਕਾਂ ਉੱਪਰ ਭਾਰਤੀ ਫੌਜੀ ਵਹਿਸ਼ੀ ਜਬਰ ਖਿਲਾਫ਼ ਕਨਵੈਨਸ਼ਨ ਦੇ ਜਥੇਬੰਦਕਾਂ ਦੇ ਨਾਂ ਸੁਨੇਹਾ

ਸਾਥੀਓ,
ਤੁਹਾਡੇ ਵੱਲੋਂ ਸੰਘਰਸ਼ਸ਼ੀਲ ਕਸ਼ਮੀਰੀ ਲੋਕਾਂ ਦੇ ਪੱਖ ਵਿੱਚ ਅਤੇ ਭਾਰਤੀ ਹਾਕਮਾਂ ਵੱਲੋਂ ਕਸ਼ਮੀਰੀ ਲੋਕਾਂ ਤੇ ਕੀਤੇ ਜਾ ਰਹੇ ਖੂਨੀ ਫੌਜੀ ਹਮਲੇ ਵਿਰੁੱਧ ਸੱਦੀ ਗਈ ਕਨਵੈਨਸ਼ਨ ਇੱਕ ਚੰਗਾ ਕਦਮ ਹੈ। ਇਹ ਹੋਰ ਵੀ ਸਲਾਹੁਣਯੋਗ ਹੈ ਕਿ ਇਹ ਪੰਜਾਬ ਚ ਸਰਗਰਮ ਤਿੰਨ ਇਨਕਲਾਬੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਉੱਦਮ ਹੈ। ਸਾਡੀ ਜਥੇਬੰਦੀ, ਸੀ. ਪੀ. ਆਰ. ਸੀ. ਆਈ. (ਐਮ. ਐਲ.), ਅੱਜ ਦੀ ਕਨਵੈਨਸ਼ਨ ਦੇ ਕਾਜ ਸੰਗ ਦ੍ਰਿੜਤਾ ਨਾਲ ਖੜ੍ਹੀ ਹੈ। ਅਸੀਂ ਭਾਰਤੀ ਹਾਕਮ ਜਮਾਤਾਂ ਦੇ ਫੌਜੀ ਜਬਰ-ਜੁਲਮ ਵਿਰੁੱਧ ਹੱਕ-ਇਨਸਾਫ਼ ਲਈ ਦਲੇਰਾਨਾ ਅਤੇ ਜਾਨ-ਹੂਲਵਾਂ ਸੰਘਰਸ਼ ਕਰ ਰਹੇ ਕਸ਼ਮੀਰੀ ਲੋਕਾਂ ਨਾਲ ਯੱਕਯਹਿਤੀ ਪ੍ਰਗਟਾਉਂਦੇ ਹਾਂ ਅਤੇ ਉਹਨਾਂ ਨੂੰ ਇਨਕਲਾਬੀ ਸਲਾਮ ਭੇਜਦੇ ਹਾਂ। ਤੁਹਾਡੇ ਰਾਹੀਂ ਕਨਵੈਨਸ਼ਨ ਵਿੱਚ ਹਾਜਰ ਸਾਥੀਆਂ/ਦੋਸਤਾਂ ਨਾਲ ਜਿੱਥੇ ਅਸੀਂ ਆਪਣੀ ਭਾਵਨਾ ਸਾਂਝੀ ਕਰਦੇ ਹਾਂ ਉੱਥੇ ਅਸੀਂ ਆਪਣਾ ਪੱਕਾ ਵਿਸ਼ਵਾਸ ਦੁਹਰਾਉਂਦੇ ਹਾਂ ਕਿ ਕਸ਼ਮੀਰੀ ਲੋਕਾਂ ਨਾਲ ਯਕਯਹਿਤੀ ਖਾਤਰ ਹੋਰ ਵੀ ਚੌੜੇਰੇ ਹੁੰਗਾਰੇ ਦੀ ਸੰਭਾਵਨਾ ਮੌਜੂਦ ਹੈ। (ਸਿਰਫ਼ ਕਸ਼ਮੀਰੀ ਲੋਕਾਂ ਦੇ ਪੱਖ ਵਿੱਚ ਹੀ ਨਹੀਂ, ਸਗੋਂ ਇਨਕਲਾਬੀ/ ਲੋਕ ਪੱਖੀ ਕਾਜ ਦੇ ਹੋਰਨਾਂ ਅਨੇਕਾਂ ਮੁੱਦਿਆਂ ਤੇ ਵੀ)। ਸਾਨੂੰ ਆਸ ਹੈ ਕਿ ਅਸੀਂ ਸਾਰੇ ਲਚਕੀਲੀ ਪਰ ਅਸੂਲੀ ਪਹੁੰਚ ਅਪਣਾਉਂਦਿਆਂ ਤਾਲਮੇਲਵੇਂ/ਸਾਂਝੇ ਉੱਦਮਾਂ ਦੇ ਰਾਹ ਹੋਰ ਵੀ ਅੱਗੇ ਕਦਮ ਵਧਾਵਾਂਗੇ।
1947 ਦੀ ਭਾਰਤ ਵੰਡ ਸਮੇਂ ਤੋਂ ਹੀ ਕਸ਼ਮੀਰ ਚ ਆਜ਼ਾਦੀ ਦਾ ਮੁੱਦਾ ਉੱਭਰਿਆ ਹੋਇਆ ਹੈ। ਕਸ਼ਮੀਰ ਨੂੰ ਫੌਜਾਂ ਦੇ ਜ਼ੋਰ ਵੰਡਕੇ ਇੱਕ ਪਾਸੇ ਭਾਰਤੀ ਹਾਕਮ ਅਤੇ ਦੂਜੇ ਪਾਸੇ ਪਾਕਿਸਤਾਨੀ ਹਾਕਮ ਕਾਬਜ਼ ਹੋ ਗਏ ਸਨ। ਕੋਈ ਢਾਈ ਦਹਾਕਿਆਂ ਤੋਂ ਹਾਲਤ ਵਿਸਫੋਟਕ ਚੱਲੀ ਆ ਰਹੀ ਹੈ। ਇੱਕ ਲੱਖ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ; ਜ਼ਖਮੀਆਂ ਦੀ, ਲਾਪਤਾ ਹੋਇਆਂ ਦੀ ਅਤੇ ਪੁਲਸੀ ਫੌਜੀ ਕੈਂਪਾਂ ਵਿੱਚ ਤਸੀਹੇ ਝੱਲਣ ਵਾਲਿਆਂ ਦੀ ਗਿਣਤੀ ਇਸਤੋਂ ਕਿਤੇ ਵੱਧ ਹੈ। .....
ਕਸ਼ਮੀਰੀ ਲੋਕਾਂ ਦੀ ਆਜ਼ਾਦੀ ਅਤੇ ਜਮਹੂਰੀਅਤ ਲਈ ਲੜਾਈ ਵਿੱਚ, ਕਸ਼ਮੀਰੀ ਕੌਮੀਅਤ ਦੇ ਆਪਾ-ਨਿਰਣੇ ਦੇ ਹੱਕ, ਸਮੇਤ ਵੱਖ ਹੋਣ ਦੇ ਹੱਕ ਲਈ ਲੜਾਈ ਵਿੱਚ, ਕਸ਼ਮੀਰੀ ਲੋਕਾਂ ਦੀ ਭਾਰਤੀ ਹਾਕਮਾਂ ਦੇ ਫੌਜੀ ਜਬਰ-ਜ਼ੁਲਮ ਦੇ ਰਾਜ ਵਿਰੁੱਧ ਲੜਾਈ ਵਿੱਚ, ਆ. ਫੋ. ਸ. ਪ. ਐਕਟ (ਅਫਸਪਾ) ਸਮੇਤ ਦੂਸਰੇ ਕਾਲੇ ਕਾਨੂੰਨਾਂ ਸਹਾਰੇ ਕਸ਼ਮੀਰ ਤੇ ਕਾਬਜ਼ ਭਾਰਤੀ ਹਾਕਮਾਂ ਵਿਰੁੱਧ ਲੜਾਈ ਵਿੱਚ ਅਸੀਂ ਕਸ਼ਮੀਰੀ ਲੋਕਾਂ ਦੇ ਨਾਲ ਖੜ੍ਹੇ ਹਾਂ ਅਤੇ ਜਗੀਰੂ-ਦਲਾਲ ਭਾਰਤੀ ਹਾਕਮਾਂ ਦੇ ਵਿਰੁੱਧ ਖੜ੍ਹੇ ਹਾਂ।
ਅਸੀਂ ਸਮੁੱਚੀਆਂ ਕਮਿਊਨਿਸਟ ਇਨਕਲਾਬੀ ਅਤੇ ਇਨਕਲਾਬੀ ਜਮਹੂਰੀ ਸ਼ਕਤੀਆਂ ਦੇ ਸਾਂਝੇ ਉੱਦਮ ਦੀ ਵਕਾਲਤ ਕਰਦੇ ਹਾਂ, ਅਤੇ ਇਸ ਉੱਦਮ ਵਿੱਚ ਸ਼ਾਮਲ ਹਾਂ। ਇਹ ਸਾਂਝਾ ਉੱਦਮ ਹੈ ਸਮੁੱਚੇ ਭਾਰਤੀ ਲੋਕਾਂ ਨੂੰ ਸੰਘਰਸ਼ਸ਼ੀਲ ਕਸ਼ਮੀਰੀ ਲੋਕਾਂ ਨਾਲ ਯਕਯਹਿਤੀ ਲਈ ਉਭਾਰਨ ਦਾ ਉੱਦਮ! ਇਸ ਤਰ੍ਹਾਂ ਕਰਦਿਆਂ ਸਮੁੱਚੇ ਭਾਰਤੀ ਲੋਕਾਂ ਦਾ ਅਜਿਹਾ ਏਕਾ ਉਸਾਰਨ ਦੇ ਰਾਹ ਅੱਗੇ ਵਧਣਾ ਤਾਂ ਜੋ, ਲੁਟੇਰੇ, ਜਾਬਰ ਅਤੇ ਸਾਮਰਾਜੀਆਂ ਦੇ ਪਿੱਠੂ ਭਾਰਤੀ ਹਾਕਮਾਂ ਨੂੰ ਮਾਤ ਦਿੱਤੀ ਜਾ ਸਕੇ ਅਤੇ ਇਸ ਲੋਕ ਵਿਰੋਧੀ ਰਾਜ ਦਾ ਅੰਤ ਕੀਤਾ ਜਾ ਸਕੇ।
- ਸਮੁੱਚੀਆਂ ਹਾਕਮ ਜਮਾਤਾਂ ਅਤੇ ਇਨ੍ਹਾਂ ਦੀਆਂ ਪਾਰਟੀਆਂ ਦਾ ਅੰਨ੍ਹਾ ਕੌਮੀ-ਸ਼ਾਵਨਵਾਦ ਅਤੇ ਪਸਾਰਵਾਦ - ਮੁਰਦਾਬਾਦ!
- ਅਖੰਡ ਭਾਰਤ ਦੇ ਨਾਂ ਹੇਠ ਵੱਖ ਵੱਖ ਕੌਮੀਅਤਾਂ ਨੂੰ ਲਤਾੜਦੇ ਭਾਰਤੀ ਹਾਕਮ - ਮੁਰਦਾਬਾਦ!
- ਦੇਸ਼ ਭਰ ਵਿੱਚ ਸਮੂਹ ਮਿਹਨਤਕਸ਼ ਅਤੇ ਨਪੀੜੇ ਲੋਕਾਂ ਤੇ ਲੁੱਟ-ਜਬਰ ਦਾ ਕੁਹਾੜਾ ਵਾਹੁੰਦੇ ਭਾਰਤੀ ਹਾਕਮ - ਮੁਰਦਾਬਾਦ!
- ਆਰ. ਐਸ. ਐਸ. - ਭਾਜਪਾ ਹਿੰਦੂ ਫਿਰਕੂ ਫਾਸ਼ੀ ਰੁਝਾਨ  ਮੁਰਦਾਬਾਦ!
- ਜਗੀਰੂ ਤੇ ਦਲਾਲ-ਸਰਮਾਏਦਾਰ ਭਾਰਤੀ ਹਾਕਮਾਂ ਵਿਰੁੱਧ ਸਮੂਹ ਦਾ ਲੋਕ ਜਮਹੂਰੀ ਏਕਾ - ਜਿੰਦਾਬਾਦ!
ਇਨਕਲਾਬੀ ਸ਼ੁੱਭ ਇੱਛਾਵਾਂ ਸਹਿਤ,
ਜਗਤ ਸਿੰਘ, ਸਕੱਤਰ,
 ਆਗੂ ਕਮੇਟੀ ਪੰਜਾਬ, ਸੀ. ਪੀ. ਆਰ. ਸੀ. ਆਈ (ਐਮ. ਐਲ.), 03.08.2016
(ਸੰਖੇਪ)

No comments:

Post a Comment