Thursday, September 8, 2016

10. ਕਸ਼ਮੀਰ ਮਸਲੇ ਦਾ ਹੱਲ



ਕਸ਼ਮੀਰ ਮਸਲੇ ਦਾ ਦਰੁਸਤ ਹੱਲ

ਹੁਣ ਸਾਡੇ ਵਿਚਾਰ ਗੋਚਰੇ ਇਹ ਸਵਾਲ ਹੈ ਕਿ ਫਰਜ਼ ਕਰੋ ਕਸ਼ਮੀਰ ‘‘ਆਜ਼ਾਦ ਤੇ ਨਿਰਪੱਖ’’ ਜਨਮੱਤ ਕਰਵਾ ਵੀ ਦਿੱਤਾ ਜਾਂਦਾ ਹੈ ਜਾਂ ਅੱਜ ਦੀਆਂ ਹਾਲਤਾਂ ਵਿਚ ਇਉਂ ਕਰ ਲਿਆ ਜਾਵੇ ਤੇ ਕਸ਼ਮੀਰ ਦੇ ਲੋਕ ਇਧਰ ਜਾਂ ਉਧਰ ਇਲਹਾਕ ਕਰਨ ਜਾਂ ਆਜ਼ਾਦ ਰਹਿਣ ਲਈ ਫਤਵਾ ਦੇ ਦਿੰਦੇ ਹਨ ਤਾਂ ਕੀ ਇਸਦਾ ਇਹ ਅਰਥ ਹੋਵੇਗਾ ਕਿ ਉਹ ਆਪਣੇ ਕੌਮੀ ਜੀਵਨ ਦੇ ਭਵਿੱਖ ਦੇ ਮਾਲਕ ਆਪ ਹੋਣਗੇ? ਕੀ ਉਹ ਆਪਾ ਨਿਰਣੇ  ਤੇ ਖੁਦਮੁਖਤਿਆਰੀ ਦੇ ਹੱਕ ਨੂੰ ਮਾਣ ਸਕਣਗੇ? ਇਹਨਾਂ ਸਵਾਲਾਂ ਦਾ ਜਵਾਬ ਜਾਨਣ ਤੋਂ ਭਾਵ ‘‘ਕੌਮਾਂ ਦੇ ਆਪਾ ਨਿਰਣੇ ਦੇ ਹੱਕ’’ ਦੇ ਅਸਲੀ ਅਰਥ ਤੇ ਉਹਨਾਂ ਦੀ ਪ੍ਰਾਪਤੀ ਕਿਵੇਂ ਹੋਵੇਗੀ, ਜਾਨਣ ਤੋਂ ਹੈ। ਅਸੀਂ ਸਮਝਦੇ ਹਾਂ ਕਿ ਕਿਸੇ ਕੌਮ ਦੀ ਖੁਦਮੁਖਤਿਆਰੀ ਦਾ ਅਰਥ ਕਿਸੇ ਤਰ੍ਹਾਂ ਵੀ ਤੇ ਕਿਸੇ ਵੀ ਕਿਸਮ ਦੇ ਸਾਮਰਾਜੀ ਦਾਬੇ ਤੋਂ ਮੁਕਤ ਹੋਣਾ ਹੈ ਭਾਵ ਕਿਸੇ ਵੀ ਕੌਮ ਨੂੰ ਆਪਣੇ ਆਰਥਿਕ, ਸਮਾਜਿਕ ਤੇ ਸਭਿਆਚਾਰਕ ਜੀਵਨ ਨੂੰ ਆਪਣੀ ਇੱਛਾ ਮੁਤਾਬਕ ਬਣਾਉਣ ਤੇ ਵਿਕਸਤ ਕਰਨ ਦਾ ਅਧਿਕਾਰ ਹੋਵੇ। ਇਸ ਦੇ ਵੀ ਦੋ ਜੁੜਵੇਂ ਅਰਥ ਹਨ, ਜਿਥੇ ਇੱਕ ਪਾਸੇ ਇਸਦਾ ਅਰਥ ਇੱਕ ਕੌਮ ਦਾ ਕਿਸੇ ਹੋਰ ਬਾਹਰਲੀ ਕੌਮ ਦੇ ਦਾਬੇ ਤੋਂ ਆਜ਼ਾਦ ਹੋਣਾ ਹੈ, ਉਥੇ ਕੌਮ ਦੇ ਅੰਦਰਲੇ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ਾਂ ਦੀ ਵਿਸ਼ਾਲ ਬਹੁਗਿਣਤੀ ਦੀ ਆਰਥਿਕ, ਸਮਾਜਿਕ ਤੇ ਸਭਿਆਚਾਰਕ ਪ¤ਖੋਂ ਮੁਕਤੀ ਤੋਂ ਵੀ ਹੈ। ਭਾਵ ਕੋਈ ਵੀ ਸਮੁੱਚੀ ਕੌਮ ਆਪਣੀ ਖੁਦਮੁਖਤਿਆਰੀ ਦੇ ਹੱਕ ਨੂੰ ਤਾਂ ਹੀ ਮਾਣ ਸਕਦੀ ਹੈ, ਜੇਕਰ ਅੰਦਰੂਨੀ ਤੇ ਬਾਹਰੀ- ਕਿਸੇ ਵੀ ਤਰ੍ਹਾਂ ਦੀ ਲੁੱਟ ਦੇ ਦਾਬੇ ਤੋਂ ਆਜ਼ਾਦ ਹੋਵੇ। ਅੱਜ ਦੇ ਸੰਸਾਰ ਵਿਆਪੀ ਸਾਮਰਾਜੀ ਪ੍ਰਬੰਧ ਅੰਦਰ, ਦੱਬੀਆਂ ਕੁਚਲੀਆਂ ਕੌਮਾਂ ਤੇ ਲੋਕ, ਸਾਮਰਾਜੀ ਤਾਕਤਾਂ ਅਤੇ ਇਹਨਾਂ ਦੀਆਂ ਵਫਾਦਾਰ, ਵੱਖ ਵੱਖ ਦੇਸ਼ਾਂ ਦੀਆਂ ਸਰਮਾਏਦਾਰ-ਜਗੀਰਦਾਰ ਹਕੂਮਤਾਂ ਦੀ ਦੂਹਰੀ ਲੁੱਟ ਦਾ ਸ਼ਿਕਾਰ ਹਨ। ਇਸ ਤਰ੍ਹਾਂ ਅੱਜ ਦੇ ਯੁੱਗ ਵਿਚ ਦੱਬੀਆਂ-ਕੁਚਲੀਆਂ ਕੌਮਾਂ ਦੀ ਵਿਸ਼ਾਲ ਬਹੁਗਿਣਤੀ ਜਨਤਾ ਦੀ ਦੇਸੀ ਲੁਟੇਰਿਆਂ ਅਤੇ ਉਹਨਾਂ ਦੇ ਸਰਪ੍ਰਸਤ ਸਾਮਰਾਜੀਆਂ ਦੀ ਲੁੱਟ-ਖਸੁੱਟ ਤੋਂ ਮੁਕੰਮਲ ਆਜ਼ਾਦੀ ਨਾਲ ਜੁੜਿਆ ਹੋਇਆ ਹੈ। ਭਾਵ ਲੁੱਟ ਪ੍ਰਧਾਨ ਪ੍ਰਬੰਧ ਦੀ ਥਾਂ ਜਿੰਨਾ ਚਿਰ ਮਿਹਨਤਕਸ਼ ਜਨਤਾ ਦਾ ਰਾਜ ਸਥਾਪਤ ਨਹੀਂ ਹੋ ਜਾਂਦਾ ਓਨਾ ਚਿਰ ਕੋਈ ਕੌਮ ਆਪਾ ਨਿਰਣੇ ਦੇ ਹੱਕ ਨੂੰ ਮਾਣ ਨਹੀਂ ਸਕਦੀ। ਇਸ ਲਈ ਅੱਜ ਦੱਬੀਆਂ ਕੁਚਲੀਆਂ ਕੌਮਾਂ ਦੇ ਲੋਕਾਂ ਦੀ ਖੁਦਮੁਖਤਿਆਰੀ ਲਈ ਜ¤ਦੋਜਹਿਦ, ਸਾਮਰਾਜੀਆਂ ਅਤੇ ਉਹਨਾਂ ਦੇ ਦੇਸੀ ਭਾਈਵਾਲਾਂ ਦੇ ਖਿਲਾਫ ਲੜੀਆਂ ਜਾਣ ਵਾਲੀਆਂ ਜਮਾਤੀ ਜ¤ਦੋਜਹਿਦਾਂ ਤੇ ਇਨਕਲਾਬੀ ਲਹਿਰਾਂ ਦਾ ਵੀ ਇੱਕ ਜੁੜਵਾਂ ਅੰਗ ਹੈ। ਅਜਿਹੀ ਸੇਧ ਦੀ ਅਣਹੋਂਦ ਤੇ ਜਮਾਤੀ ਜ¤ਦੋਜਹਿਦਾਂ ਤੋਂ ਟੁੱਟੀ ਹੋਈ ਕੋਈ ਲਹਿਰ ਭਟਕਣ ਵਿਚ ਪਵੇਗੀ ਤੇ ਆਪਾ-ਨਿਰਣੇ ਦੇ ਹੱਕ ਮਾਨਣ ਲਈ ਸਾਧਨ ਨਹੀਂ ਬਣੇਗੀ।
ਕਸ਼ਮੀਰ ਮਸਲੇ ਨੂੰ ਇਉਂ ਵੀ ਲੈਣਾ ਚਾਹੀਦਾ ਹੈ। ਭਾਵ ਭਾਰਤੀ ਲੁਟੇਰਿਆਂ ਅਤੇ ਉਹਨਾਂ ਦੀਆਂ ਮਾਲਕ ਦਿਓ ਤਾਕਤਾਂ ਦੀ ਲੁੱਟ-ਖਸੁੱਟ ਖਤਮ ਕਰਕੇ ਇੱਕ ਸੱਚੀ ਲੋਕਾਸ਼ਾਹੀ ਸਥਾਪਤ ਕਰਨ ਲਈ ਦੇਸ਼ ਭਰ ਦੀ ਇਨਕਲਾਬੀ ਲਹਿਰ ਦਾ ਇੱਕ ਅੰਗ ਬਣਿਆਂ ਹੀ ਕਸ਼ਮੀਰੀ ਲੋਕ ਆਪਣੀ ਖੁਦਮੁਖਤਿਆਰੀ ਦੇ ਹੱਕ ਨੂੰ ਹਾਸਲ ਕਰਨ ਤੇ ਮਾਨਣ ਦੇ ਯੋਗ ਹੋ ਸਕਣਗੇ।
(ਸੁਰਖ਼ ਰੇਖਾ ਵੱਲੋਂ 2010 ’ਚ ਛਾਪੇ
ਪੈਂਫਲਿਟ ਦੀਆਂ ਲਿਖਤਾਂ ਤੇ ਅਧਾਰਤ)

No comments:

Post a Comment