Thursday, September 8, 2016

23. ਮਹਾਸ਼ਵੇਤਾ ਦੇਵੀ



ਬਹੁ-ਮੁੱਲੀ ਸਾਹਿਤਕ ਪ੍ਰਤਿਭਾ ਤੇ ਦੱਬੇ-ਕੁਚਲਿਆਂ ਦੀ 

ਆਵਾਜ਼ ਦਾ ਸੰਗਮ ਸੀ

ਮਹਾਸ਼ਵੇਤਾ ਦੇਵੀ

- ਦੀਪ

ਲੰਘੀ 23 ਜੁਲਾਈ ਨੂੰ ਇਸ ਜਹਾਨੋਂ ਕੂਚ ਕਰ ਗਈ ਬੰਗਾਲੀ ਲੇਖਿਕਾ ਮਹਾਸ਼ਵੇਤਾ ਦੇਵੀ ਇੱਕ ਬਹੁਮੁੱਲੀ ਸਾਹਿਤਕ ਪ੍ਰਤਿਭਾ ਤੇ ਦੱਬੇ ਕੁਚਲਿਆਂ ਦੀ ਆਵਾਜ਼ ਦਾ ਨਿਵੇਕਲਾ ਸੰਗਮ ਸੀ। 1926 ਨੂੰ ਬੰਗਾਲ ਦੇ ਸਾਹਿਤਕ ਪਰਿਵਾਰ ਚ ਪੈਦਾ ਹੋਈ ਮਹਾਸ਼ਵੇਤਾ ਦੇਵੀ ਨੇ 90 ਵਰ੍ਹੇ ਦੀ ਅਰਥ ਭਰਪੂਰ ਜ਼ਿੰਦਗੀ ਗੁਜ਼ਾਰੀ ਤੇ ਬੰਗਾਲੀ ਸਾਹਿਤ ਜਗਤ ਦੇ ਅੰਬਰਾਂ ਤੇ ਧਰੂ ਤਾਰੇ ਵਾਂਗ ਚਮਕਦੀ ਰਹੀ। ਉਹਨੇ ਚੜ੍ਹਦੀ ਜਵਾਨੀ ਚ ਰਵਿੰਦਰ ਨਾਥ ਟੈਕੋਰ ਦੇ ਸ਼ਾਂਤੀ ਨਿਕੇਤਨ ਚ ਵਿੱਦਿਆ ਹਾਸਲ ਕੀਤੀ ਪਰ ਇੱਕ ਨਵੇਂ ਬੌਧਿਕ ਤੇ ਸਾਹਿਤਕ ਸੰਸਾਰ ਨਾਲ ਉਸਦਾ ਵਾਹ ਉਦੋਂ ਪਿਆ ਜਦੋਂ ਉਹ ਬੰਗਾਲੀ ਨਾਟਕਕਾਰ ਤੇ ਐਕਟਰ ਬਿਜੋਨ ਭੱਟਾਚਾਰੀਆ ਨਾਲ ਵਿਆਹੀ ਗਈ। ਉਹਨੇ ਸਮਾਜ ਚ ਪਸਰੀ ਗਰੀਬੀ ਤੇ ਇਹਦੇ ਚ ਸੰਘਰਸ਼ ਕਰਦੀ ਜ਼ਿੰਦਗੀ ਨੂੰ ਘੋਖਣਾ-ਵਾਚਣਾ ਸ਼ੁਰੂ ਕੀਤਾ। ਉਹਨੇ ਵਿਆਹੁਤਾ ਜ਼ਿੰਦਗੀ ਦੇ ਸ਼ੁਰੂਆਤੀ ਵਰ੍ਹਿਆਂ ਚ ਜੀਵਨ ਨਿਰਬਾਹ ਲਈ ਵੀ ਸਖ਼ਤ ਮਿਹਨਤ ਕੀਤੀ ਤੇ ਤਰ੍ਹਾਂ ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ। ਏਸ ਅਰਸੇ ਦੌਰਾਨ ਹੀ ਉਹ ਕਮਿਊਨਿਸਟ ਲਹਿਰ ਦੇ ਵਾਹ ਚ ਆਈ। ਉਹਦੀ ਪਹਿਲੀ ਛਪੀ ਪੁਸਤਕ ਝਾਂਸੀ ਦੀ ਰਾਣੀਸੀ ਜਿਸ ਲਈ ਉਹਨੇ ਉੱਤਰ ਪ੍ਰਦੇਸ਼ ਦੇ ਕਈ ਦੌਰੇ ਕੀਤੇ ਤੇ ਭਰਪੂਰ ਜਾਣਕਾਰੀ ਹਾਸਲ ਕੀਤੀ।
ਇਸ ਤੋਂ ਉਸਦਾ ਦੱਬੇ ਕੁਚਲੇ ਲੋਕਾਂ ਦੀ ਜ਼ਿੰਦਗੀ ਨਾਲ ਲਗਾਅ ਦਾ ਅਜਿਹਾ ਸਫ਼ਰ ਸ਼ੁਰੂ ਹੋਇਆ ਜੋ ਆਖ਼ਰੀ ਸਾਹਾਂ ਤੱਕ ਨਿਭਿਆ। ਉਹਨੇ ਆਦਿਵਾਸੀਆਂ, ਬੇ-ਜ਼ਮੀਨੇ ਗਰੀਬਾਂ ਤੇ ਹਰ ਪੱਖੋਂ ਹਾਸ਼ੀਏ ਤੇ ਧੱਕੇ ਲੋਕਾਂ ਦੀ ਜ਼ਿੰਦਗੀ ਦਾ ਬਹੁਤ ਨੇੜਿਉਂ ਅਧਿਐਨ ਕੀਤਾ ਤੇ ਇਹਨਾਂ ਹਿੱਸਿਆਂ ਦੀਆਂ ਵੱਖ ਵੱਖ ਲਹਿਰਾਂ ਤੇ ਅੰਦੋਲਨਾਂ ਨਾਲ ਜੁੜੀ ਰਹੀ। ਉਹ ਕਿਹਾ ਕਰਦੀ ਸੀ ਕਿ ਇਹਨਾਂ ਕਿਰਤੀ ਲੋਕਾਂ ਚ ਆ ਕੇ ਹੀ ਉਹ ਬਹੁਤ ਸਹਿਜ ਤੇ ਸਕੂਨ ਮਹਿਸੂਸ ਕਰਦੀ ਹੈ। ਇਹ ਹਿੱਸੇ ਹੀ ਉਹਦੀ ਸਾਹਿਤ ਰਚਨਾ ਦਾ ਕੇਂਦਰ ਰਹੇ। ਉਸਦਾ ਕਹਿਣਾ ਸੀ ਕਿ ਸਮਾਜਿਕ ਸਰਗਰਮੀ ਹੀ ਉਸਦੀ ਸਾਹਿਤ ਰਚਨਾ ਦੀ ਚਾਲਕ ਸ਼ਕਤੀ ਹੈ। ਉਹਨੇ ਸਾਹਿਤ ਰਚਨਾ ਨੂੰ ਦੱਬੇ ਕੁਚਲਿਆਂ ਦੀ ਜਦੋਜਹਿਦ ਲਈ ਹਥਿਆਰ ਬਣਾਇਆ। ਉਹਨੇ ਲਗਭਗ 100 ਨਾਵਲ ਤੇ ਕਹਾਣੀਆਂ ਦੀਆਂ 20 ਕਿਤਾਬਾਂ ਲਿਖੀਆਂ। ਬੰਗਾਲ ਚੋਂ ਉੱਠੀ ਨਕਸਲਬਾੜੀ ਲਹਿਰ ਮੌਕੇ ਉਸਦਾ ਲਿਖਿਆ ਨਾਵਲ ‘1084 ਵੇਂ ਦੀ ਮਾਂਮੁਲਕ ਭਰ ਚ ਬਹੁਤ ਮਕਬੂਲ ਹੋਇਆ ਜਿਹੜਾ ਪੁਲਿਸ ਵੱਲੋਂ ਝੂਠੇ ਮੁਕਾਬਲੇੈ ਚ ਮਾਰੇ ਗਏ ਨੌਜਵਾਨ ਦੀ ਮਾਂ ਦੇ ਨਜ਼ਰੀਏ ਤੋਂ ਸਿਰਜਣਾ ਹੈ। ਅਜਿਹੇ ਸਮੇਂ ਚ ਅਜਿਹੀ ਜਾਨਦਾਰ ਤੇ ਧੜੱਲੇਦਾਰ ਰਚਨਾ ਰਚ ਕੇ ਉਹ ਸਾਹਿਤਕਾਰ ਵਜੋਂ ਆਪਣੇ ਸਮਾਜਿਕ ਸਿਆਸੀ ਸਰੋਕਾਰ ਪਹਿਚਾਨਣ ਲਈ ਹੋਰਨਾਂ ਵਾਸਤੇ ਪ੍ਰੇਰਣਾ ਬਣੀ। ਨਕਸਲਬਾੜੀ ਲਹਿਰ ਬਾਰੇ ਉਹਨੇ ਕਈ ਪ੍ਰਸਿੱਧ ਕਹਾਣੀਆਂ ਵੀ ਲਿਖੀਆਂ। ਆਦਿਵਾਸੀਆਂ ਵੱਲੋਂ ਅੰਗਰੇਜ਼ੀ ਸਾਮਰਾਜ ਖਿਲਾਫ਼ ਕੀਤੀ ਇਤਿਹਾਸਕ ਬਗਾਵਤ ਦੇ ਨਾਇਕ ਬਿਰਸਾ ਮੁੰਡਾ ਬਾਰੇ ਵੀ ਉਸਨੇ ਮਸ਼ਹੂਰ ਨਾਵਲ ਅਰਿਆਨ ਅਧਿਕਾਰ (ਜੰਗਲ ਦਾ ਅਧਿਕਾਰ) ਲਿਖਿਆ। ਉਹ ਆਪ ਆਦਿਵਾਸੀਆਂ ਚੋ ਨਾ ਹੋ ਕੇ ਵੀ ਅਜਿਹਾ ਨਾਵਲ ਤਾਂ ਲਿਖ ਸਕੀ ਕਿਉਂਕਿ ਉਹ ਬੰਗਾਲ, ਬਿਹਾਰ ਤੇ ਉੜੀਸਾ ਦੇ ਜੰਗਲੀ ਇਲਾਕਿਆਂ ਡੂੰਘਾਉਤਰਦੀ ਰਹੀ ਸੀ। ਉਸਦੀਆਂ ਕਈ ਕਹਾਣੀਆਂ, ਨਾਵਲਾਂ ਤੇ ਕਲਾਤਮਕ ਫਿਲਮਾਂ ਵੀ ਸਿਰਜੀਆਂ ਗਈਆਂ ਜਿਨ੍ਹਾਂ ਚ ਰੁਦਾਲੀ, ਸੰਘਰਸ਼, ਹਜ਼ਾਰ ਚੌਰਾਸੀਵੇਂ ਦੀ ਮਾਂ, ਗੁਡੀਆ, ਗੰਗੋਰ ਸ਼ਾਮਲ ਹਨ। ਉਹਨੇ ਵੱਖ ਵੱਖ ਮੈਗਜ਼ੀਨਾਂ, ਅਖਬਾਰਾਂ ਲਈ ਅਹਿਮ ਸਮਾਜਿਕ ਮੁੱਦਿਆਂ ਤੇ ਲੋਕ ਪੱਖੀ ਨਜ਼ਰੀਏ ਤੋਂ ਸਮਾਜ ਦੇ ਸਭ ਤੋਂ ਦਬਾਏ ਹਿੱਸਿਆਂ ਦੇ ਮਸਲੇ ਉਠਾਏ। ਵੱਖ ਵੱਖ ਭਖਦੇ ਮਸਲਿਆਂ ਨੂੰ ਉਹਦੀ ਕਲਮ ਸੰਬੋਧਤ ਹੋਈ ਤੇ ਅਜਿਹੀਆਂ ਕਈ ਕਹਾਣੀਆਂ ਦੀ ਸਿਰਜਣਾ ਕੀਤੀ ਜਿਨ੍ਹਾਂ ਨੇ ਔਖੇ ਵੇਲਿਆਂ ਚ ਪੀੜਤਾਂ ਦੇ ਜ਼ਖਮਾਂ ਤੇ ਮੱਲ੍ਹਮ ਲਾਉਣ ਅਤੇ ਬਾਕੀ ਸਮਾਜ ਨੂੰ ਹਲੂਣਾ ਦੇਣ ਦੀ ਭੂਮਿਕਾ ਅਦਾ ਕੀਤੀ। ‘6 ਦਸੰਬਰ ਮਗਰੋਂਤੇ ਸ਼ਿਕਾਰੀ ਦੀ ਕਿਤਾਬਉਸਦੀਆਂ ਅਜਿਹੀਆਂ ਹੀ ਕਹਾਣੀਆਂ ਹਨ।
ਉਹ ਗੁਜਰਾਤ ਚ ਨਰਮਦਾ ਬਚਾਉ ਅੰਦੋਲਨ ਤੇ ਬੰਗਾਲ ਚ ਚੱਲੇ ਵੱਡੇ ਜਨਤਕ ਅੰਦੋਲਨਾਂ ਨੰਦੀਗ੍ਰਾਮ ਤੇ ਸਿੰਗੂਰ ਨਾਲ ਵੀ ਜੁੜੀ ਰਹੀ ਤੇ ਕਿਸਾਨਾਂ ਦੇ ਹੱਕ ਚ ਡਟ ਕੇ ਸਟੈਂਡ ਲਿਆ।
ਮਹਾਸ਼ਵੇਤਾ ਦੇਵੀ ਨੇ ਬੰਗਾਲੀ ਸਾਹਿਤ ਦੀ ਅਮੀਰ ਲੋਕ ਪੱਖੀ ਪ੍ਰੰਪਰਾ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਇਆ। ਉਹ ਆਧੁਨਿਕ ਬੰਗਾਲੀ ਲੋਕ ਪੱਖੀ ਸਾਹਿਤ ਧਾਰਾ ਦਾ ਥੰਮ੍ਹ ਸੀ। ਉਹਨੇ ਜੋ ਲਿਖਿਆ, ਉਹੀ ਜਿਉਂਇਆ। ਉਹਦੀ ਸਿਰਜਣਾ ਸਿਰਫ਼ ਪੁਸਤਕਾਂ ਤੱਕ ਸੀਮਤ ਨਹੀਂ ਹੈ, ਉਹਨੇ ਜੋ ਸਿਰਜਿਆ ਉਹ ਧੜਕਦੀ ਜ਼ਿੰਦਗੀ ਦਾ ਅੰਗ ਬਣਿਆ ਕਿਉਂਕਿ ਉਹਦੇ ਤੇ ਸਾਹਿਤ ਸਿਰਜਣਾ ਦਰਮਿਆਨ ਕੋਈ ਵਿੱਥ ਮੌਜੂਦ ਨਹੀਂ ਸੀ। ਸਥਾਪਤੀ ਵੱਲੋਂ ਮਿਲੇ ਐਵਾਰਡ ਤੇ ਮਾਣ ਸਨਮਾਨ ਉਹਨੂੰ ਗਰੀਬ ਆਦਿਵਾਸੀਆਂ ਦਾ ਦਰਦ ਭੁਲਾ ਨਾ ਸਕੇ ਕਿਉਂਕਿ ਇਹ ਦਰਦ ਉਸਦੇ ਸਾਹੀਂ ਵਸਦਾ ਸੀ। ਉਹ ਧੁਰੋਂ ਧੁਰ ਇੱਕ ਲੋਕ ਪੱਖੀ ਤੇ ਜਮਹੂਰੀ ਸਖਸ਼ੀਅਤ ਤੇ ਉੱਚ ਕੋਟੀ ਦੀ ਸਾਹਿਤਕ ਪ੍ਰਤਿਭਾ ਸੀ।
ਮੁਲਕ ਭਰ ਦੇ ਗਰੀਬ ਲੋਕਾਂ ਨੇ ਆਪਣੀ ਸਾਹਿਤਕਾਰ ਤੇ ਸੰਗੀ ਸਾਥੀ ਗੁਆ ਲਈ ਹੈ ਤੇ ਆਦਿਵਾਸੀ ਆਪਣੇ ਹੱਕਾਂ ਦੀ ਆਵਾਜ਼ ਬਣਕੇ ਗੂੰਜਣ ਵਾਲੀ ਸਖਸ਼ੀਅਤ ਦੇ ਸਾਥ ਤੋਂ ਸੱਖਣੇ ਹੋ ਗਏ ਹਨ। ਉਹ ਆਪਣੇ ਕੀਤੇ ਕੰਮਾਂ ਅਤੇ ਅਮਰ ਰਚਨਾਵਾਂ ਰਾਹੀਂ ਸਦਾ ਕਿਰਤੀਆਂ ਦੇ ਅੰਗ ਸੰਗ ਰਹੇਗੀ।

No comments:

Post a Comment