Thursday, September 8, 2016

27. ਕਿਸਾਨ ਔਰਤਾਂ ਦੇ ਮੂੰਹੋਂ ਫੁਰਦੇ ਸੰਗਰਾਮੀ ਟੋਟਕੇ



‘‘ਮੋਢੇ ਤੇ ਝੰਡਾ ਰੱਖ ਵੇ, ਧਰਨੇ ਤੇ ਚੱਲੀਏ’’

ਪੰਜਾਬ ਦੀ ਅਜੋਕੀ ਇਨਕਲਾਬੀ ਕਿਸਾਨ ਲਹਿਰ ਵਿੱਚ ਜੇ ਪੇਂਡੂ ਕਿਸਾਨ ਅਤੇ ਖੇਤ ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਭਰਪੂਰ ਯੋਗਦਾਨ ਪਾ ਰਹੀਆਂ ਹਨ ਤਾਂ ਇਸਦਾ ਸਿਹਰਾ ਮੁੱਖ ਤੌਰ ਤੇ ਦੋ ਇਨਕਲਾਬੀ ਜਥੇਬੰਦੀਆਂ-ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸਿਰ ਬੱਝਦਾ ਹੈ। ਇਹਨਾਂ ਦੋਨਾਂ ਕਿਸਾਨ ਜਥੇਬੰਦੀਆਂ ਨੇ ਇਨਕਲਾਬੀ ਕਿਸਾਨ ਲਹਿਰ ਅੰਦਰ ਕਿਸਾਨ ਔਰਤਾਂ ਦੀ ਸ਼ਮੂਲੀਅਤ ਨੂੰ ਅਣਸਰਦੀ ਲੋੜ ਅਤੇ ਇਕ ਅਹਿਮ ਮਸਲਾ ਸਮਝਦਿਆਂ, ਪਿਛਲੇ ਲੰਮੇ ਅਰਸੇ ਦੌਰਾਨ ਚੇਤੰਨ ਜ਼ੋਰਦਾਰ ਅਤੇ ਸਿਰੜੀ ਕੋਸ਼ਿਸ਼ਾਂ ਕੀਤੀਆਂ। ਇਸ ਨੀਤੀ ਅਤੇ ਨੀਅਤ ਦਾ ਹੀ ਸਿੱਟਾ ਹੈ ਕਿ ਅੱਜ ਕਿਸਾਨ ਤੇ ਖੇਤ ਮਜਦੂਰ ਔਰਤਾਂ ਪੰਜਾਬ ਦੀ ਇਨਕਲਾਬੀ ਕਿਸਾਨ ਲਹਿਰ ਦਾ ਜਾਨਦਾਰ ਤੇ ਸ਼ਾਨਦਾਰ ਅਨਿੱਖੜਵਾਂ ਅੰਗ ਬਣੀਆਂ ਹੋਈਆਂ ਹਨ ਤੇ ਇਹ ਵਰਤਾਰਾ ਹੋਰਨਾ ਕਿਸਾਨ ਜਥੇਬੰਦੀਆਂ ਤੱਕ ਵੀ ਫੈਲ ਰਿਹਾ ਹੈ। ਕਿਸਾਨ ਲਹਿਰ ਅੰਦਰ ਔਰਤਾਂ ਦੀ ਇਸ ਵਧ ਰਹੀ  ਹਿੱਸੇਦਾਰੀ ਨੇ ਨਾ ਸਿਰਫ ਇਸ ਨੂੰ ਮਿਕਦਾਰੀ ਤੌਰ ਤੇ ਤਕੜਾ ਕੀਤਾ ਹੈ ਸਗੋਂ ਸਿਫਤੀ ਪੱਖੋਂ ਵੀ ਇਸ ਵਿੱਚ ਗਹਿਰ-ਗੰਭੀਰਤਾ ਤੇ ਟਿਕਾਊਪਣਾ ਲਿਆਂਦਾ ਹੈ। ਉਧਰ ਇਨਕਲਾਬ ਕਿਸਾਨ ਲਹਿਰ ਨੇ ਇਹਨਾਂ ਕਿਸਾਨ ਔਰਤਾਂ ਨੂੰ ਘਰਾਂ ਦੀਆਂ ਤੰਗ ਵਲਗਣਾਂ ਚੋਂ ਧੂਹ ਕੇ ਕਿਸਾਨ ਸੰਘਰਸ਼ਾਂ ਦੀ ਕੁਠਾਲੀ ਵਿਚ ਪਾ ਦਿੱਤਾ ਹੈ। ਅਤੇ ਇਹਨਾਂ ਲਈ ਇਨਕਲਾਬੀ ਚੇਤਨਾ ਦੇ ਲੜ ਲੱਗਣ ਤੇ ਆਪਣਾ ਵਿਕਾਸ ਤੇ ਕਾਇਆਕਲਪ ਕਰਨ ਦਾ ਮਹਾਂਦੁਆਰ ਖੋਲ੍ਹ ਦਿੱਤਾ ਹੈ।
ਮਰਦ ਪ੍ਰਧਾਨ ਪੇਂਡੂ ਸਮਾਜ ਵਿਚ ਔਰਤ ਨੂੰ ਮਰਦ ਦੇ ਮੁਕਾਬਲੇ ਕਮਜ਼ੋਰ ਨਿਰਭਰ ਤੇ ਡਰੂ ਸਮਝਿਆ ਜਾਂਦਾ ਹੈ। ਪਰ ਕਿਸਾਨ ਸੰਘਰਸ਼ਾਂ ਦੀ ਹੰਗਾਲ ਸਭ ਡਰ ਭਓ ਨਿਤਾਣੇਪਣ ਜਾਂ ਨਿਰਭਰਤਾ ਦੇ ਅਹਿਸਾਸਾਂ ਨੂੰ ਛੰਡ ਰਹੀ ਹੈ ਤੇ ਉਹਨਾਂ ਚ ਸਾਹਸ ਧੜੱਲਾ ਤੇ ਆਤਮਵਿਸ਼ਵਾਸ਼ ਭਰ ਰਹੀ ਹੈ। ਪੰਜਾਬ ਦੀ ਅਜੋਕੀ ਇਨਕਲਾਬੀ ਕਿਸਾਨ ਲਹਿਰ ਚ ਔਰਤ ਘੁਲਾਟੀਆਂ ਦੀ ਕਾਫੀ ਵੱਡੀ ਗਿਣਤੀ ਆਪਣੇ ਮਰਦ ਸਾਥੀਆਂ ਨਾਲ ਬਰਾਬਰ ਮੜਿੱਕ ਰਹੀ ਹੈ - ਮਸਲਾ ਚਾਹੇ ਯੂਨੀਅਨ ਸਰਗਰਮੀ ਲਈ ਸਮਾਂ ਦੇਣ ਦਾ ਹੋਵੇ, ਲਾਮਬੰਦੀ ਦਾ ਹੋਵੇ, ਸਰਕਾਰੀ ਅਫਸਰਾਂ ਜਾਂ ਪੁਲਸ ਨਾਲ ਝੜੱਪ ਲੈਣ ਦਾ ਹੋਵੇ, ਅਸੂਲੀ ਦ੍ਰਿੜ੍ਹਤਾ ਦਾ ਹੋਵੇ ਜਾਂ ਇਥੋਂ ਤੱਕ ਕਿ ਜੇਲ੍ਹ ਜਾਣ ਦਾ ਹੋਵੇ। ਇਨਕਲਾਬੀ ਕਿਸਾਨਾ ਔਰਤਾਂ ਹੁਣ ਨਿਝੱਕ ਹੋ ਕੇ ਹਜ਼ਾਰਾਂ ਦੇ ਇਕੱਠ ਮੂਹਰੇ ਭਾਸ਼ਣ ਦੇਣ ਲੱਗੀਆਂ ਹਨ, ਖੱਬੀ ਖਾਨ ਕਹਾਉਂਦੇ ਅਫਸਰਾਂ ਨਾਲ ਬਹਿਸ ਕਰਨ ਲੱਗੀਆਂ ਹਨ। ਸੁਰਖ ਲੀਹ ਦੀ ਇੱਕ ਪਾਠਕ ਪੱਤਰਕਾਰ ਵੱਲੋਂ ਇਹਨਾਂ ਕਿਸਾਨ ਔਰਤਾਂ ਦੇ ਬਾਰੇ ਕੁੱਝ ਖਬਰੀ ਟੋਟਕੇ ਭੇਜੇ ਹਨ ਜੋ ਉਹਨਾਂ ਦੇ ਕਿਸਾਨ ਲਹਿਰ ਨਾਲ ਲਗਾਅ, ਉਹਨਾਂ ਦੀ ਦਿਲਚਸਪੀ, ਦ੍ਰਿੜ੍ਹਤਾ , ਉਹਨਾਂ ਦੇ ਮੂੰਹੋਂ ਫੁਰਦੇ ਸੰਗਰਾਮੀ ਟੋਟਕਿਆਂ ਆਦਿਕ ਬਾਰੇ ਜਾਣਕਾਰੀ ਦਿੰਦੇ ਹਨ।

                        - ਸੰਪਾਦਕ

ਯੁੱਗਾਂ ਤੋਂ ਜਿਹੜੀਆਂ ਔਰਤਾਂ ਨੂੰ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਤਾਂ ਗੁੱਤ ਪਿੱਛੇ ਮੱਤ ਹੁੰਦੀ ਹੈ, ਇਹਨਾਂ ਨੂੰ ਜੱਗ ਜਹਾਨ ਦਾ ਕੀ ਪਤੈ, ਉਹਨਾਂ ਔਰਤਾਂ ਨੂੰ ਜਦੋਂ ਵੀ ਘਰ ਤੋਂ ਬਾਹਰ ਨਿੱਕਲਣ ਦਾ ਮੌਕਾ ਮਿਲਦੈ ਤੇ ਖਾਸ ਤੌਰ ਤੇ ਜਦੋਂ ਉਹ ਸੰਘਰਸ਼ਾਂ ਦੇ ਪਿੜ ਦੀ ਖੁੱਲ੍ਹੀ ਹਵਾ ਚ ਆਪਣੇ ਸੰਘਰਸ਼ਸ਼ੀਲ ਮਰਦ ਸਾਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੈਠਦੀਆਂ, ਸਰਗਰਮੀਆਂ ਚ ਲਗਾਤਾਰ ਤੁਰਦੀਆਂ ਹਨ ਤਾਂ ਉਹਨਾਂ ਨੂੰ ਆਪਣੀ ਜਿੰਦਗੀ ਤੇ ਆਪਣੇ ਪਰਿਵਾਰਾਂ ਦੀ ਨਰਕ ਬਣੀ ਜਿੰਦਗੀ ਦੇ ਜੁੰਮੇਵਾਰ ਕੌਣ ਨੇ, ਦਾ ਪਤਾ ਲੱਗਦਾ ਹੈ। ਆਪਣੇ ਹੱਕਾਂ ਬਾਰੇ ਸੋਝੀ ਆਉਂਦੀ ਹੈ। ਏਸ ਚੋਂ ਝੰਡੇ ਮੋਢੇ ਤੇ ਰੱਖ ਕੇ ਸ਼ਾਨ ਨਾਲ ਤੇ ਸਿਰ ਉੱਚਾ ਚੁੱਕ ਕੇ ਤੁਰਨ ਦਾ ਵੱਲ ਸਿੱਖਦੀਆਂ ਹਨ ਤਾਂ ਉਹੀ ਮੱਤ ਉਹਨਾਂ ਦੇ ਮੱਥਿਆਂ ਚ ਆ ਕਿਵੇਂ ਅਗਵਾਨੂੰ ਬਣ ਗੂੰਜਦੀ ਹੈ ਤੇ ਔਰਤਾਂ ਦੇ ਇਨਕਲਾਬੀ ਗੁਣਾਂ ਦੀ ਗੁਥਲੀ ਦੀ ਉਧੇੜ ਹੁੰਦੀ ਹੈ। ਇਸ ਦੀਆਂ ਕੁੱਝ ਕੁ ਝਲਕਾਂ ਉਹਨਾਂ ਨਾਲ ਵਿਚਰਦਿਆਂ ਇਕੱਠੀਆਂ ਕੀਤੀਆਂ ਹਨ। ਹੇਠਾਂ ਵਰਨਣ ਚ ਆਈਆਂ ਭੈਣਾਂ ਦੇ ਨਾਂ ਬਦਲੇ ਹੋਏ ਹਨ।
-           ਭੈਣ ਗੁਰਪ੍ਰੀਤ ਨੇ ਗੱਲ ਦੱਸੀ ਕਿ ਸਾਡੇ ਘਰ ਮੇਰਾ ਪੋਤਾ ਕਾਫੀ ਚਿਰ ਤੋਂ ਬਿਮਾਰ ਸੀ। ਦਵਾਈ ਬੂਟੀ ਨਾਲ ਆਰਾਮ ਨਹੀਂ ਆ ਰਿਹਾ ਸੀ। ਘਰੇ ਇਸ ਦੀ ਸਿਹਤ ਦੀ ਤੰਦਰੁਸਤੀ ਲਈ ਸੁਖਮਣੀ ਸਾਹਿਬ ਦਾ ਪਾਠ ਕਰਾ ਕੇ ਧੀਆਂ ਧਿਆਣੀਆਂ ਨੂੰ ਚੌਲ ਖੁਆਉਣ ਦੀ ਗੱਲ ਤੁਰੀ ਤਾਂ ਉਸ ਨੇ ਕਿਹਾ, ‘‘ਫੇਰ ਤਾਂ ਮੈਥੋਂ ਧਰਨੇ ਤੇ ਨਹੀਂ ਜਾਇਆ ਜਾਣਾ। ਮੈਂ ਤਾਂ ਉਥੇ ਹੀ (ਧਰਨੇ ਤੇ) ਚੌਲਾਂ ਦਾ ਕੜਾਹ ਬਣਾ ਕੇ ਲੈ ਗਈ। ਸੋਚਿਆ ਉਹਨਾਂ ਲੋਕਾਂ ਚ ਹੀ ਪੁੰਨ ਲੱਗੂ।’’
-           ਇਹ ਭੈਣ ਸਰੀਰ ਚ ਪੱਥਰੀ ਤੋਂ ਵੀ ਪੀੜਤ ਹੈ। ਡਾਕਟਰਾਂ ਨੇ ਉਸ ਨੂੰ ਅਪ੍ਰੇਸ਼ਨ ਕਰਾਉਣ ਦੀ ਸਲਾਹ ਦਿੱਤੀ ਹੋਈ ਹੈ। ਧਰਨੇ ਦੀ ਵਜਾਹ ਕਰਕੇ ਪਹਿਲਾਂ ਅਪਰੇਸ਼ਨ ਕਰਾਉਣ ਨੂੰ ਮੰਨੀ ਨੀ। ਹੁਣ ਜਦੋਂ ਕਿਸਾਨਾਂ ਦਾ ਪੰਜਾਹ ਦਿਨਾਂ ਬਾਅਦ ਧਰਨਾ ਖਤਮ ਹੋਇਆ ਤਾਂ ਇਹਦੀ ਨੂੰਹ ਘਰੇ ਗਈਆਂ ਆਗੂ ਭੈਣਾਂ ਨੂੰ ਕਹਿਣ ਲੱਗੀ,‘‘ਸਾਡੀ ਬੀਬੀ ਤਾਂ ਘਰੋਂ (ਘਰ ਦੇ ਕੰਮਾਂ ਤੋਂ) ਗਈ। ਅਖਬਾਰ ਦੇਖਦੀ ਐ। ਧਰਨਿਆਂ ਚ ਬੈਠਿਆਂ ਦੀਆਂ ਫੋਟੋਆਂ ਕੱਟ ਕੇ ਰੱਖ ਲੈਂਦੀ ਹੈ।’’
-           ਇੱਕ ਹੋਰ ਭੈਣ ਚਰਨਜੀਤ ਨੇ, ਪਹਿਲਾਂ ਆਗੂ ਭੈਣਾਂ ਨਾਲ ਸੰਪਰਕ ਰੱਖਣ ਵਾਸਤੇ ਫੋਨ ਖਰੀਦਿਆ। ਇਸ ਦਾ ਇੱਕ ਮੁੰਡਾ ਪੜ੍ਹਦਾ ਹੈ। ਇੱਕ ਕੁੜੀ ਤੇ ਜਵਾਈ ਅਧਿਆਪਕ ਹਨ। ਜਦੋਂ ਕੁੜੀ ਨੇ ਇਹਨੂੰ ਧਰਨਿਆਂ ਚ ਨਾ ਜਾਣ ਲਈ ਕਿਹਾ ਤਾਂ ਇਸ ਨੇ ਜੁਆਬ ਚ ਕਿਹਾ, ‘‘ਤੈਨੂੰ ਵਿਆਹ ਤਾ ਪੈਰਾਂ ਸਿਰ ਕਰ ਤਾ। ਮੁੰਡਾ ਪੜ੍ਹਾ ਤਾ, ਹੋਰ ਪੜ੍ਹ ਲਵੇ, ਆਵਦੀ ਰੋਟੀ ਸਿਰ ਹੋ ਜੇ। ਮੈਂ ਤਾਂ ਏਧਰ ਹੀ ਤੁਰਨੈ। ਜਦੋਂ ਤੈਨੂੰ ਨੌਕਰੀ ਨੀ ਸੀ ਮਿਲੀ ਤੂੰ ਵੀ ਲੰਬੀ ਤੱਕ ਧਰਨੇ ਲਾਉਣ ਜਾਂਦੀ ਸੀ। ਜੇ ਅਸੀਂ ਨਾ ਗਏ ਤਾਂ ਸਾਡਾ ਵੀ ਕੁੱਝ ਨੀ ਬਣਨਾ।’’ ਇਹ ਭੈਣ ਅਨਪੜ੍ਹ ਹੈ। ਪਰ ਲਗਾਤਾਰ ਧਰਨਿਆਂ ਚ ਜਾਣ ਕਰਕੇ ਉਸ ਨੇ ਆਪਣੇ ਜੋੜੇ ਟੱਪਿਆਂ ਰਾਹੀਂ ਆਪਣੇ ਜਜ਼ਬਾਤਾਂ ਨੂੰ ਇਉਂ ਪਰਗਟ ਕੀਤਾ-
ਮੋਢੇ ਝੰਡਾ ਰੱਖ ਵੇ
ਚੱਲ ਧਰਨੇ ਤੇ ਚੱਲੀਏ
ਪਿੰਡ ਵਿੱਚੋਂ ਮੈਂ ਹੁਣੇ ਵੇ ਆਈ
ਧਰਨੇ ਤੇ ਜਾਂਦੇ ਦੇਖੇ ਬਾਈ
ਨਾਲ ਸੀ ਭੈਣਾਂ ਸੱਚ ਵੇ
ਚੱਲ ਧਰਨੇ ਤੇ ਚੱਲੀਏ-
ਮੈਂ ਛੇਤੀ ਛੇਤੀ ਘਰ ਦਾ ਕੰਮ ਮੁਕਾਵਾਂ
ਤੂੰ ਵੀ ਛਾਂਵੇ ਕਰਦੇ ਮੱਝਾਂ ਗਾਵਾਂ
ਭਿੜ ਕੇ ਲੈਣੇ ਆਪਣੇ ਹੱਕ ਵੇ
ਚੱਲ ਧਰਨੇ ਤੇ ਚੱਲੀਏ-
ਕੱਠੇ ਹੋ ਕੇ ਆਪਾਂ ਜਾਣਾ
ਨਾਕਾ ਪਤਾ ਨੀ ਕਿੱਥੇ ਹੋਣਾ
ਨਾਕਾ ਦੇਈਏ ਭੰਨ ਵੇ
ਚੱਲ ਧਰਨੇ ਤੇ ਚੱਲੀਏ-
ਸੂਦਖੋਰੀਏ ਹਿਸਾਬ ਨੀ ਦਿੰਦੇ
ਲੋਕਾਂ ਨੂੰ ਲੁੱਟ ਕੇ ਲਾਉਂਦੇ ਜਿੰਦੇ
ਉਤੋਂ ਬਾਦਲ ਪਿਓ-ਪੁੱਤ ਮਾਰਨ ਗੱਪ ਵੇ
ਚੱਲ ਧਰਨੇ ਤੇ ਚੱਲੀਏ-
-           ਇੱਕ ਭੈਣ ਸ਼ੀਰੋ ਜਿਸ ਦੇ ਘਰ ਵਾਲਾ ਕਿਸਾਨ ਜਥੇਬੰਦੀ (ਸਿੱਧੂਪੁਰ) ਨਾਲ ਹੈ ਪਰ ਇਹ ਆਪ ਕਿਸਾਨ ਜਥਬੰਦੀ (ਉਗਰਾਹਾਂ) ਦੇ ਧਰਨਿਆਂ ਵਿਚ ਜਾਂਦੀ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਸਿੱਧੂਪੁਰ ਵਾਲਿਆਂ ਦੀ ਜਥੇਬੰਦੀ ਵਿਚ ਕਿਉਂ ਨਹੀਂ ਜਾਂਦੀ ਤਾਂ ਬੋਲੀ, ‘‘ਸਿੱਧੂਪੁਰ ਵਾਲੇ ਕੁੱਝ ਕਰਦੇ ਈ ਨੀ, ਏਧਰ ਤਾਂ ਕੰਮ ਚੱਲੀ ਜਾਂਦੈ।’’
-           ਇੱਕ ਹੋਰ ਭੈਣ, ਜਿਸ ਦੇ ਘਰ ਵਾਲੇ ਨੇ ਖੁਦਕਸ਼ੀ ਕਰ ਲਈ ਸੀ, ਜਠਾਣੀ ਦੇ ਘਰੋਂ ਚਲੇ ਜਾਣ ਕਰਕੇ ਜੇਠ ਨੇ ਸਿਰ ਧਰ ਲਈ ਸੀ। ਫੇਰ ਸਹੁਰੇ ਨੇ ਖੁਦਕੁਸ਼ੀ ਕਰ ਲਈ। (ਇਸ ਖੁਦਕਸ਼ੀ ਦਾ ਮੁਆਵਜਾ ਮਿਲਿਆ ਹੋਇਆ ਹੈ) ਤੇ ਕੁੱਝ ਚਿਰ ਬਾਅਦ ਜਿਸ ਜੇਠ ਦੇ ਲੜ ਲੱਗੀ ਸੀ ਉਹਨੇ ਵੀ ਖੁਦਕਸ਼ੀ ਕਰ ਲਈ। ਇੱਕੋ ਘਰ ਚੋਂ ਤਿੰਨ ਖੁਦਕਸ਼ੀਆਂ ਦੀ ਮਾਰ ਦੀ ਝੰਬੀ, ਚਾਰ ਜੁਆਕਾਂ ਦੀ ਮਾਂ, ਦੁੱਖਾਂ ਦੀ ਪੰਡ ਸਿਰ ਤੇ ਚੁੱਕੀ ਵੀ ਮੋਢੇ ਤੇ ਡੰਡੇ ਵਾਲਾ ਝੰਡਾ ਚੁੱਕਣ ਨੂੰ ਆਖਦੀ ਹੈ। ਇਕੱਲੀ ਆਖਦੀ ਹੀ ਨਹੀਂ ਆਪਣੇ ਵਰਗੀ ਇੱਕ ਹੋਰ ਵਿਧਵਾ ਭੈਣ (ਜਿਸ ਦੇ ਘਰਵਾਲੇ ਦੀ ਕੈਂਸਰ ਨਾਲ ਮੌਤ ਹੋ ਚੁੱਕੀ ਹੈ ਤੇ ਜਿਹੜਾ ਆਪ ਲਗਾਤਾਰ ਕਿਸਾਨ ਧਰਨਿਆਂ ਚ ਜਾਂਦਾ ਹੁੰਦਾ ਸੀ) ਨੂੰ ਧਰਨੇ ਦਾ ਸੁਨੇਹਾ ਲਾਉਣ ਲਈ ਕਹਿੰਦੀ ਹੈ, ‘‘ਆਹ ਝੰਡੇ ਨੂੰ ਖੂੰਜੇ ਨਾ ਲਾ ਕੇ ਰੱਖ, ਇਹਨੂੰ ਮੋਢੇ ਤੇ ਰੱਖ ਕੇ ਧਰਨਿਆਂ ਚ ਨਾਲ ਚੱਲਿਆ ਕਰ।’’
ਧਰਨਿਆਂ ਤੇ ਜਾਣ ਕਰਕੇ ਇਸ ਦੇ ਜੁਆਕ ਸਾਥ ਨਹੀਂ ਦਿੰਦੇ, ਕਹਿੰਦੇ ਐ, ‘‘ਅਸੀਂ ਪਸੂਆਂ ਨੂੰ ਸੰਨ੍ਹੀ ਵੀ ਨੀ ਪਾਉਣੀ, ਭਾਂਡੇ ਵੀ ਨੀ ਮਾਂਜਣੇ, ਤੂੰ ਤਾਂ ਰੋਜ਼ ਧਰਨੇ ਤੇ ਚਲੀ ਜਾਨੀ ਐਂ।’’ ਪਰ ਤਕੜੇ ਮਾਜਨੇ ਵਾਲੀ ਇਹ ਔਰਤ ਸਾਰਾ ਘਰ ਦਾ ਕੰਮ ਵੀ ਸੰਭਾਲਦੀ ਹੈ ਤੇ ਧਰਨਿਆਂ ਤੇ ਵੀ ਲਗਾਤਾਰ ਜਾਂਦੀ ਹੈ।
-           ਇੱਕ ਹੋਰ ਪਿੰਡ ਦੀ ਭੈਣ ਬਿੰਦਰ (ਅਨਪੜ੍ਹ) ਨੇ ਵੀ ਕੁੱਝ ਅਜਿਹੇ ਟੱਪੇ ਸੁਣਾਏ-
ਧੌਲੇ ਛੰਨਾਂ ਦੀ ਵਿਕੀ ਜ਼ਮੀਨ
ਖੂੰਜੇ ਲੱਗ ਗਏ ਹਲ ਵੇ
ਡੰਗਰਾਂ ਨੂੰ ਸੰਨ੍ਹੀ ਕਰ ਦਿੰਨੀ ਆਂ
ਆਪੇ ਲੈਣਗੇ ਚਰ ਵੇ।
ਚੱਲ ਆਪਾਂ ਧਰਨੇ ਨੂੰ ਚੱਲੀਏ
ਖਸਮਾਂ ਨੂੰ ਖਾਵੇ ਘਰ ਵੇ-
ਕੈਪਟਨ ਦੀ ਨਿੱਕਲ ਗਈ ਪੂਛ
ਬਾਦਲ ਦੀ ਗਈ ਅੜ ਵੇ
ਚੱਲ ਆਪਾਂ ਧਰਨੇ ਤੇ ਚੱਲੀਏ-
ਬੀਜਿਆ ਸੀ ਨਰਮਾ
ਉਹ ਵੀ ਗਿਆ ਮਰ ਵੇ
ਇੱਕ ਡਾਂਗ ਚ ਝੰਡਾ ਜੜ ਵੇ
ਚੱਲ ਆਪਾਂ ਧਰਨੇ ਤੇ ਚੱਲੀਏ
ਖਸਮਾਂ ਨੂੰ ਖਾਵੇ ਘਰ ਵੇ।
ਪਿੰਡਾਂ ਦੀਆਂ ਔਰਤਾਂ ਜਿਹੜੀਆਂ ਦੂਜਿਆਂ ਸਾਹਮਣੇ ਗੱਲ ਕਰਦੀਆਂ ਵੀ ਸ਼ਰਮਾਉਂਦੀਆਂ ਨੇ, ਪਰ ਧਰਨਿਆਂ ਚ ਇਹ ਵੇਖਣ ਨੂੰ ਮਿਲਿਆ ਜਦੋਂ ਇੱਕ ਮਜਦੂਰ ਔਰਤ (ਜਿਸ ਦਾ ਪਤੀ ਤੇ ਮੁੰਡਾ ਖੁਦਕਸ਼ੀ ਕਰ ਚੁੱਕੇ ਨੇ) ਨੇ ਵੈਣਾਂ ਨੂੰ ਗੀਤ ਰਾਹੀਂ ਗਾ ਕੇ, ਆਪਣੇ ਦੁੱਖਾਂ ਨੂੰ ਆਪਣੇ ਲੋਕਾਂ ਨਾਲ ਸਾਂਝਾ ਕਰਕੇ ਸਾਰੇ ਪੰਡਾਲ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਇਨ੍ਹਾਂ ਸੰਘਰਸ਼ਾਂ ਕਰਕੇ ਕਿਸਾਨ ਪਰਿਵਾਰਾਂ ਚ ਵੀ ਕਿਵੇਂ ਇਨਕਲਾਬੀ ਰੰਗ ਦੀ ਭਾਹ ਮਾਰਨ ਲੱਗੀ ਹੈ ਇਸ ਦੀਆਂ ਦੋ ਕੁ ਝਲਕਾਂ-
ਇੱਕ ਪਿੰਡ ਦੀ ਪੂਰੀ ਤਰ੍ਹਾਂ ਸੰਘਰਸ਼ਾਂ ਚ ਸਰਗਰਮ ਰਹਿੰਦੀ ਭੈਣ, ਜਿਸ ਦੇ ਮੋਢੇ ਤੇ, ਚਲਦੀਆਂ ਸਰਗਰਮੀਆਂ ਦੌਰਾਨ, ਕਿਸਾਨ ਯੂਨੀਅਨ (ਉਗਰਾਹਾਂ) ਦਾ ਝੰਡਾ ਹਮੇਸ਼ਾ ਬਿਰਾਜਮਾਨ ਰਹਿੰਦਾ ਹੈ, ਜੇ ਉਸ ਤੋਂ ਕਿਸੇ ਦਿਨ ਕਿਸੇ ਕਾਰਣ ਧਰਨੇ ਤੇ ਨਾ ਜਾਇਆ ਜਾਵੇ ਤਾਂ ਉਸ ਦਾ ਬਾਪੂ (ਸਹੁਰਾ) ਪੁੱਛਦੈ, ‘‘ਅੱਜ ਆਪਣੀ ਵਾਰੀ ਸੀ, ਤੂੰ ਪੁੱਤ ਗਈ ਨੀ।’’ ਮੁੰਡਾ ਬੋਲਦੈ,‘‘ਅੱਜ ਗਏ ਨੀ ਨਿਰਾਸ਼ ਤਾਂ ਨੀ ਹੋ ਗੇ।’’
- ਲਗਾਤਾਰ ਚੱਲ ਰਹੇ ਧਰਨਿਆਂ ਚ ਇੱਕ ਆਗੂ ਭੈਣ ਦੇ ਸਕੂਲ ਪੜ੍ਹਦੇ ਮੁੰਡੇ ਨੇ ਆਪਣੀ ਮੰਮੀ ਦਾ ਭਾਸ਼ਣ ਸੁਣਿਆ ਤਾਂ ਕਹਿੰਦਾ, ‘‘ਮੰਮੀ ਜਿਹੜਾ ਤੁਸੀਂ ਵਿਜੈ ਮਾਲਿਆ ਬਾਰੇ ਨੌ ਸੌ ਕਰੋੜ ਬੋਲਿਆ ਸੀ ਉਹ ਨੌ ਸੌ ਨੀ ਸੀ, ਨੌ ਹਜ਼ਾਰ ਸੀ।’’ ਦੂਜਿਆਂ ਦੇ ਭਾਸ਼ਣਾਂ ਬਾਰੇ ਵੀ ਟਿੱਪਣੀਆਂ ਕੀਤੀਆਂ, ‘‘ਬਾਦਲ ਨੂੰ ਬਾਦਲ ਸਾਹਬ ਕਿਉਂ ਕਹਿੰਦੇ ਐ ਜਾਂ ਬੋਲਣ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਹਤੋਂ ਬੋਲਦੇ ਐ?’’

No comments:

Post a Comment