ਮੌਜੂਦਾ ਜਨਤਕ ਉਭਾਰ ਦੇ ਕੁੱਝ ਉੱਭਰਵੇਂ ਲੱਛਣ
- ਪਾਵੇਲ
ਮੌਜੂਦਾ ਖਾੜਕੂ ਜਨਤਕ ਉਭਾਰ ਦੇ ਕੁਝ ਪੱਖ ਉੱਘੜਵੇਂ
ਹਨ। ਸਭ ਤੋਂ ਅਹਿਮ ਪੱਖ ਇਸ ’ਚ ਵਿਆਪਕ ਜਨਤਕ ਸ਼ਮੂਲੀਅਤ ਦਾ ਹੈ ਜੋ ਇਸਨੂੰ ਲਾ-ਮਿਸਾਲ
ਬਣਾ ਦਿੰਦਾ ਹੈ। ਇਹ ਕਿਸੇ ਇੱਕ ਦੋ ਸਮਾਜਿਕ ਤਬਕਿਆਂ ਜਾਂ ਚੰਦ ਨੌਜਵਾਨਾਂ ਦੀਆਂ ਕਾਰਵਾਈਆਂ ਤੱਕ
ਸੀਮਤ ਵਰਤਾਰਾ ਨਹੀਂ ਹੈ। ਭਾਰਤੀ ਰਾਜ ਤੇ ਫੌਜ ਖਿਲਾਫ਼ ਮੌਜੂਦ ਰੋਸ ਭਾਵਨਾਵਾਂ ਤੇ ਆਜ਼ਾਦੀ ਲਈ ਤਾਂਘ
ਕਿਸ ਤਰ੍ਹਾਂ ਜਨਤਾ ਦੇ ਧੁਰ ਅੰਦਰ ਤੱਕ ਸਮੋਈ ਹੋਈ ਹੈ, ਇਸਦਾ ਨਿਵੇਕਲਾ ਇਜ਼ਹਾਰ ਹੋ ਨਿੱਬੜੀ ਹੈ ਮੌਜੂਦਾ ਰੋਸ ਲਹਿਰ। ਗਰੀਬ ਕਿਰਤੀ ਕਿਸਾਨਾਂ, ਛੋਟੇ ਦੁਕਾਨਦਾਰਾਂ, ਬੇ-ਰੁਜ਼ਗਾਰ ਨੌਜਵਾਨਾਂ ਤੋਂ ਲੈ ਕੇ ਸ਼ਹਿਰੀ
ਮੱਧਵਰਗੀ ਤੇ ਉੱਚ ਵਿਦਿਆ ਪ੍ਰਾਪਤ ਨੌਜਵਾਨਾਂ ਤੱਕ ਸਾਰੇ ਹੀ ਇਸਦਾ ਅੰਗ ਹਨ। ਮੁਜ਼ਾਹਰਿਆਂ ’ਚ ਸ਼ਮੂਲੀਅਤ ਪਿਛਲੇ ਸਾਰੇ ਰਿਕਾਰਡ ਤੋੜ ਰਹੀ ਹੈ। ਕਸ਼ਮੀਰ ’ਚ ਚਾਰੇ ਪਾਸੇ ਆਜ਼ਾਦੀ ਦੇ ਨਾਅਰੇ ਗੂੰਜ ਰਹੇ ਹਨ, ਭਾਰਤੀ ਰਾਜ ਦਾ ਕਬਜ਼ਾ ਕਸ਼ਮੀਰ
ਨੂੰ ਮਨਜ਼ੂਰ ਨਹੀਂ ਹੈ। ਇਹ ਆਪ-ਮੁਹਾਰੀ ਰੋਸ ਲਹਿਰ ਹੈ ਜੋ ਜਨਤਾ ਦੇ ਧੁਰ ਅੰਦਰ ਦਾ ਪ੍ਰਗਟਾਵਾ ਕਰ
ਰਹੀ ਹੈ। ਵਿਆਪਕ ਜਨਤਕ ਸ਼ਮੂਲੀਅਤ ਦਾ ਪੱਖ ਏਨਾ ਉੱਘੜਵਾਂ ਤੇ ਜ਼ੋਰਦਾਰ ਹੈ ਕਿ ਭਾਰਤੀ ਹਾਕਮਾਂ ਤੇ
ਉਸਦੇ ਪਿੱਠੂ ਕਸ਼ਮੀਰੀ ਸਿਆਸਤਦਾਨਾਂ ਦੇ ‘ਪਾਕਿਸਤਾਨੀ ਹੱਥ ਹੋਣ’ ਦੇ ਬਿਆਨਾਂ ਦੀ ਦੁਰਗਤ ਕਰ ਰਿਹਾ ਹੈ। ਕਸ਼ਮੀਰੀ ਲੋਕਾਂ ਦੀ ਜਦੋਜਹਿਦ ’ਚ ਇੱਕ ਨਿਵੇਕਲਾ ਲੱਛਣ ਕੁੱਝ ਅਰਸੇ ਤੋਂ ਉੱਘੜ ਰਿਹਾ ਹੈ ਕਿ ਹਥਿਆਰਬੰਦ ਖਾੜਕੂ ਨੌਜਵਾਨਾਂ ਦੀ
ਫੌਜ ਨਾਲ ਭੇੜ ਮੌਕੇ ਲੋਕ ਇਹਨਾਂ ਨੌਜਵਾਨਾਂ ਲਈ ਓਟ ਛਤਰੀ ਬਣ ਨਿੱਤਰਦੇ ਹਨ। ਬੁਰਹਾਨ ਵਾਨੀ ਦੇ
ਜਨਾਜ਼ੇ ਮੌਕੇ ਜੁੜੇ ਵਿਸ਼ਾਲ ਇਕੱਠ ਨੇ ਕਬਰਸਤਾਨ ਵੱਲ ਦੇ ਸਾਰੇ ਰਾਹ ਰੋਕ ਕੇ ਫੌਜੀ ਗੱਡੀਆਂ ਨੂੰ
ਨੇੜੇ ਨਾ ਢੁਕਣ ਦਿੱਤਾ ਤੇ ਇਸ ਮੌਕੇ ਹਿਜਬੁਲ ਮੁਜਾਹੀਦੀਨ ਦੇ ਖਾੜਕੂਆਂ ਵੱਲੋਂ ਆਪਣੇ ਕਮਾਂਡਰ ਨੂੰ
ਬੰਦੂਕਾਂ ਦੇ ਫਾਇਰ ਕਰਕੇ ਸਲਾਮੀ ਦਿੱਤੀ ਗਈ। ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ ਕਿ ਫੌਜ ਨਾਲ
ਮੁਕਾਬਲੇ ਦੌਰਾਨ ਉਥੇ ਹਜ਼ਾਰਾਂ ਦੀ ਤਾਦਾਦ ’ਚ ਲੋਕ ਇਕੱਠੇ ਹੋ ਕੇ
ਖਾੜਕੂਆਂ ਦੀ ਢਾਲ ਬਣ ਜਾਂਦੇ ਹਨ ਤੇ ਫੌਜ ’ਤੇ ਪੱਥਰ ਵਰ੍ਹਾਉਂਦੇ ਹਨ।
ਹਥਿਆਰਬੰਦ ਖਾੜਕੂ ਨੌਜਵਾਨਾਂ ਤੇ ਆਮ ਜਨਤਾ ਦੀਆਂ ਅਜਿਹੀਆਂ ਕਾਰਵਾਈਆਂ ਦਾ ਇਹ ਨਿਵੇਕਲਾ ਲੱਛਣ
ਹੋਰਨਾਂ ਟਾਕਰਾ ਲਹਿਰਾਂ ਦੌਰਾਨ ਸੁਣਨ ’ਚ ਨਹੀਂ ਆਇਆ। ਕਸ਼ਮੀਰੀ
ਲੋਕਾਂ ਦੀ ਅਜਿਹੀ ਦਲੇਰੀ ਭਾਰਤੀ ਫੌਜ ਲਈ ਨਵੀਂ ਚਿੰਤਾ ਦਾ ਕਾਰਨ ਬਣੀ ਹੋਈ ਹੈ। ਫੌਜੀ ਅਧਿਕਾਰੀਆਂ
ਦਾ ਕਹਿਣਾ ਹੈ ਕਿ ਉਹਨਾਂ ਲਈ ਅਜਿਹੇ ਟਾਕਰੇ ਨਾਲ ਨਜਿੱਠਣਾ ਔਖਾ ਕਾਰਜ ਹੈ। ਸਾਡੇ ਲਈ ਹਾਲਤ ਕਸੂਤੀ
ਬਣ ਜਾਂਦੀ ਹੈ।
ਪਹਿਲਾਂ ਅਪ੍ਰੈਲ ਮਹੀਨੇ ’ਚ ਹੰਦਵਾੜਾ ਕਸਬੇ ’ਚ ਵਾਪਰੀ ਘਟਨਾ ਮੌਕੇ ਵੀ ਤੇ ਹੁਣ ਵੀ ਸਭ ਤੋਂ
ਵਧੇਰੇ ਬੇਚੈਨੀ ਤੇ ਰੋਹ ਦਾ ਪ੍ਰਗਟਾਵਾ ਦੱਖਣੀ ਕਸ਼ਮੀਰ ’ਚ ਹੋਇਆ ਹੈ। ਪਹਿਲਾਂ ਦੱਖਣੀ ਕਸ਼ਮੀਰ ਦੇ ਜ਼ਿਲ੍ਹਿਆਂ ਨੂੰ ਅਜਿਹੇ ਪ੍ਰਦਰਸ਼ਨਾਂ ਪੱਖੋਂ
ਮੁਕਾਬਲਤਨ ਸ਼ਾਂਤ ਮੰਨਿਆ ਜਾਂਦਾ ਸੀ, ਬੰਦ ਦੇ ਸੱਦਿਆਂ ਨੂੰ
ਅਜਿਹੇ ਖੇਤਰਾਂ ’ਚ ਹੁੰਗਾਰਾ ਮੁਕਾਬਲਤਨ ਕਮਜ਼ੋਰ ਰਹਿੰਦਾ ਸੀ ਪਰ ਹੁਣ ਇਸ ਖੇਤਰ ਦੇ ਲੋਕਾਂ ਨੇ ਮੂਹਰੇ ਹੋ ਕੇ
ਜਦੋਜਹਿਦ ਦਾ ਮੋਰਚਾ ਸੰਭਾਲਦਿਆਂ ਦਰਸਾ ਦਿੱਤਾ ਹੈ ਕਿ ਆਪਣੀ ਹੋਣੀ ਘੜਨ ਦੀ ਤਾਂਘ ਦਾ ਪ੍ਰਗਟਾਵਾ
ਕਿਸੇ ਇੱਕ ਖਿੱਤੇ ਤੱਕ ਸੀਮਤ ਨਹੀਂ ਹੈ ਸਗੋਂ ਇਹ ਸਮੁੱਚੀ ਵਾਦੀ ਦੀ ਮੰਗ ਹੈ। ਇਸ ਖਾੜਕੂ ਉਭਾਰ ’ਚ ਅਹਿਮ ਲੱਛਣ ਇਹ ਵੀ ਹੈ ਕਿ ਇਸ ’ਚ ਪੇਂਡੂ ਜਨਤਾ ਦੀ ਵੀ
ਵਿਆਪਕ ਸ਼ਮੂਲੀਅਤ ਹੈ। ਛੋਟੇ ਕਸਬਿਆਂ ’ਚ ਅਜਿਹੇ ਦਰਜਨਾਂ ਪ੍ਰਦਰਸ਼ਨ
ਹੋਏ ਹਨ ਜਿੱਥੇ ਆਲੇ ਦੁਆਲੇ ਦੇ ਪਿੰਡਾਂ ਤੋਂ ਹਜ਼ਾਰਾਂ ਲੋਕ ਚੱਲ ਕੇ ਆਉਂਦੇ ਹਨ। ਬੁਰਹਾਨ ਵਾਨੀ ਦੇ
ਜਨਾਜ਼ੇ ਮੌਕੇ ਵੀ ਦੂਰ ਦੁਰਾਡੇ ਪਿੰਡਾਂ ਦੇ ਲੋਕ ਵੱਡੇ ਅੜਿੱਕੇ ਪਾਰ ਕਰਕੇ ਆਏ ਸਨ। ਪਿੰਡ ਵੀ ਲੋਕ
ਜਦੋਜਹਿਦ ਦੇ ਕੇਂਦਰ ਬਣੇ ਹਨ। ਪੁਲਵਾਮਾ ਜ਼ਿਲ੍ਹੇ ਦੇ ਸ਼ਰਸ਼ਾਲੀ ਪਿੰਡ ’ਚ ਲੋਕਾਂ ਨੇ ਪੰਦਰਾਂ ਅਗਸਤ ਮੌਕੇ ਫੌਜ ਵੱਲੋਂ ਝੰਡਾ ਝੁਲਾਉਣ ਦਾ ਵਿਰੋਧ ਕੀਤਾ ਸੀ। ਇਸ ਤੋਂ
ਬਾਅਦ ਇੱਕ ਰਾਤ ਨੂੰ ਫੌਜ ਨੇ ਆ ਕੇ ਪੂਰੇ ਪਿੰਡ ’ਤੇ ਧਾਵਾ ਬੋਲਿਆ, ਹਰ ਘਰ ’ਚ ਕੁੱਟਮਾਰ ਕੀਤੀ,
20 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਏ
ਜਿੰਨ੍ਹਾਂ ’ਚ ਇੱਕ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਪਿਛਲੇ ਸਮੇਂ ’ਚ ਇਹ ਗਹੁ-ਕਰਨਯੋਗ ਤੱਥ ਹੈ ਕਿ ਕਸ਼ਮੀਰੀ ਜਦੋਜਹਿਦ ’ਚ ਪੇਂਡੂ ਹਿੱਸਿਆਂ ਦੀ ਸ਼ਮੂਲੀਅਤ ਵਧ ਰਹੀ ਹੈ। ਕਸ਼ਮੀਰੀ ਜਦੋਜਹਿਦ ਨੂੰ ਵਧੇਰੇ ਮਜ਼ਬੂਤੀ ਤੇ
ਪਾਏਦਾਰੀ ਬਖਸ਼ਣ ਵਾਲਾ ਇਹ ਇੱਕ ਹਾਂ-ਪੱਖੀ ਪਹਿਲੂ ਹੈ। ਕਸ਼ਮੀਰੀ ਸਮਾਜ ਦੀਆਂ ਬੁਨਿਆਦੀ ਕਿਰਤੀ ਜਮਾਤਾਂ
ਦੀ ਇਸ ਲਹਿਰ ’ਚ ਵਧ ਰਹੀ ਸ਼ਮੂਲੀਅਤ ਇਸ ਕੌਮੀ ਜਦੋਜਹਿਦ ਨੂੰ ਨਿੱਗਰ ਤੋ ਠੋਸ ਅਧਾਰ ਮੁਹੱਈਆ ਕਰਵਾਉਣ ਦੇ ਨਾਲ
ਨਾਲ ਸਹੀ ਸਿਆਸੀ ਨਿਸ਼ਾਨੇ ਵੱਲ ਵਧਣ ਲਈ ਵੀ ਤਕੜਾਈ ਵਾਲਾ ਪਹਿਲੂ ਬਣਨ ਦੀ ਸੰਭਾਵਨਾ ਰੱਖਦਾ ਹੈ।
ਲੋਕ ਰੋਹ ਏਨਾ ਤਿੱਖਾ ਤੇ ਵਿਆਪਕ ਹੈ ਕਿ ਭਾਰਤੀ
ਫੌਜ ਦੇ ਨਾਲ ਨਾਲ ਹੁਣ ਸਥਾਨਕ ਪੁਲਿਸ ਤੇ ਹੋਰ ਸਥਾਨਕ ਅਧਿਕਾਰੀ ਵੀ ਲੋਕ ਰੋਹ ਦਾ ਨਿਸ਼ਾਨਾ ਬਣ ਰਹੇ
ਹਨ। ਸਥਾਨਕ ਪੁਲਿਸ ਮੁਲਾਜ਼ਮ ਲੋਕ-ਦਹਿਸ਼ਤ ਦੇ ਸਾਏ ਹੇਠ ਦਿਨ ਕਟੀ ਕਰ ਰਹੇ ਹਨ। ਉਹਨਾਂ ਨੂੰ ਡਿਊਟੀ
ਮੌਕੇ ਵਰਦੀ ’ਚ ਵਾਪਸ ਆਪਣੇ ਘਰਾਂ ਨੂੰ ਪਰਤਣਾ ਮੁਸ਼ਕਿਲ ਹੋ ਰਿਹਾ ਹੈ ਤੇ ਉਹ ਬੁਰੀ ਤਰ੍ਹਾਂ ਸਮਾਜਿਕ
ਨਿਖੇੜੇ ਦਾ ਸਾਹਮਣਾ ਕਰ ਰਹੇ ਹਨ। ਕਈਆਂ ਨੇ ਨੌਕਰੀ ਛੱਡਣ ਦੀ ਇੱਛਾ ਦਰਸਾਈ ਹੈ। ਹੇਠਲੇ ਮੁਲਾਜ਼ਮਾਂ
’ਚ ਚਰਚਾ ਛਿੜੀ ਹੈ ਕਿ ਉੱਚ ਅਧਿਕਾਰੀਆਂ ਦੇ ਘਰਾਂ ਨੂੰ ਤਾਂ ਸੁਰੱਖਿਆ ਮਿਲੀ ਹੋਈ ਹੈ ਪਰ ਸਾਡਾ
ਵਾਲੀ ਵਾਰਸ ਕੌਣ ਹੈ! ਕਈ ਸਥਾਨਕ ਪੁਲਿਸ ਤੇ ਸਿਵਲ ਅਧਿਕਾਰੀਆਂ ਦੇ ਘਰਾਂ ’ਤੇ ਲੋਕਾਂ ਵੱਲੋਂ ਪਥਰਾਅ ਕੀਤਾ ਜਾ ਚੁੱਕਾ ਹੈ। ਦੱਖਣੀ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਦੇ ਚਾਰ
ਕੁ ਪੁਲਿਸ ਥਾਣਿਆਂ ਨੂੰ ਛੱਡ ਕੇ ਬਾਕੀ ਸਾਰੇ ਖਾਲੀ ਪਏ ਹਨ ਕਿਉਂਕਿ ਪੁਲਿਸ ਮੁਲਾਜ਼ਮ ਲੋਕ ਰੋਹ
ਕਾਰਨ ਉਥੇ ਜਾਣੋਂ ਡਰਦੇ ਹਨ। ਉਹਨਾਂ ’ਤੇ ਹੁਣ ਫੌਜ ਦਾ ਪਹਿਰਾ
ਹੈ। ਅਜਿਹੀ ਹਾਲਤ ਹੀ ਸਭਨਾਂ ‘ਮੁੱਖ-ਧਾਰਾਈ’ ਵੋਟ ਪਾਰਟੀਆਂ ਤੇ ਸਿਆਸਤਦਾਨਾਂ ਦੀ ਹੈ। ਉਹ ਲੋਕਾਂ ਤੋਂ ਬੁਰੀ ਤਰ੍ਹਾਂ ਨਿਖੇੜੇ ਦੀ ਹਾਲਤ ’ਚ ਹਨ। ਲੋਕਾਂ ਦੇ ‘ਚੁਣੇ’ ਨੁਮਾਇੰਦੇ ਡਰਦੇ ਮਾਰੇ ਘਰਾਂ ’ਚ ਹੀ ਦਿਨ ਕਟੀ ਕਰ ਰਹੇ
ਹਨ। ਕੋਈ ਇੱਕ ਵੀ ਜਨਤਾ ’ਚ ਜਾ ਕੇ ‘ਸ਼ਾਂਤੀ’ ਦੀ ਅਪੀਲ ਕਰਨ ਦੀ ਜੁਰੱਅਤ ਨਹੀਂ ਦਿਖਾ ਰਿਹਾ। ਲਗਭਗ ਸਾਰੀਆਂ ਮੌਕਾਪ੍ਰਸਤ ਸਿਆਸੀ ਪਾਰਟੀਆਂ
ਭਾਰਤੀ ਰਾਜ ਦੀਆਂ ਝੋਲੀਚੁੱਕ ਵਜੋਂ ਲੋਕਾਂ ’ਚ ਬੇ-ਪਰਦ ਹੋ ਚੁੱਕੀਆਂ ਹਨ
ਤੇ ਦਿੱਲੀ ਲਈ ਇਹਨਾਂ ਦਿਨਾਂ ’ਚ ਰਾਹਤ ਦੇਣ ਦਾ ਸਾਧਨ ਬਣਨੋਂ ਅਸਮਰੱਥ ਹਨ।
ਉਹਨਾਂ ਦੀਆਂ ਅਖਬਾਰੀ ਅਪੀਲਾਂ ਦਾ ਕਿਸੇ ਹਿੱਸੇ ’ਤੇ ਵੀ ਕੋਈ ਅਸਰ ਨਹੀਂ ਹੈ।
ਕਸ਼ਮੀਰੀ ਜਦੋਜਹਿਦ ਦਾ ਅਹਿਮ ਪਹਿਲੂ ਇਹ ਹੈ ਕਿ
ਇਸ ’ਚ ਧਾਰਮਿਕ ਰੰਗਤ ਹੋਣ ਦੇ ਬਾਵਜੂਦ ਫਿਰਕੂ ਰੰਗਤ ਨਹੀਂ ਹੈ। ਭਾਰਤੀ ਹਾਕਮ ਜਮਾਤਾਂ ਤੇ ਉਹਨਾਂ
ਦੇ ਏਜੰਟਾਂ ਅਤੇ ਦੂਜੇ ਪਾਸੇ ਪਾਕਿਸਤਾਨੀ ਹਾਕਮ ਜਮਾਤੀ ਹਿੱਸੇ ਇਸ ਜੱਦੋਜਹਿਦ ਨੂੰ ਅਜਿਹੀ ਰੰਗਤ
ਚਾੜ੍ਹਨ ਦੀ ਕੋਸ਼ਿਸ਼ ਕਰਦੇ ਆ ਰਹੇ ਹਨ। ਭਾਵੇਂ ਕਈ ਜਥੇਬੰਦੀਆਂ ਮੁਸਲਿਮ ਪੈਂਤੜੇ ਤੋਂ ਸਰਗਰਮ ਹਨ ਪਰ
ਇਹ ਲਹਿਰ ਦਾ ਭਾਰੂ ਪੱਖ ਨਹੀਂ ਹੈ। ਬੀਤੇ ਡੇਢ-ਦੋ ਦਹਾਕਿਆਂ ਦੌਰਾਨ ਅਰਬ ਜਗਤ ’ਚ ਉੱਠੀਆਂ ਮੁਸਲਿਮ ਮੂਲਵਾਦੀ ਪੈਂਤੜੇ ਵਾਲੀਆਂ ਸਾਮਰਾਜ ਵਿਰੋਧੀ ਲਹਿਰਾਂ ਦਾ ਏਥੇ ਅਸਰ ਤਾਂ
ਮੌਜੂਦ ਹੈ ਜਿਹੜੀਆਂ ਕਸ਼ਮੀਰੀ ਨੌਜਵਾਨਾਂ ਲਈ ਪ੍ਰੇਰਨਾ ਦਾ ਇੱਕ ਸੋਮਾ ਵੀ ਬਣਦੀਆਂ ਹਨ ਪਰ ਇਹਨਾਂ
ਦਾ ਧੂਹ ਪਾਊ ਪੱਖ ਲੜਾਕੂ ਦ੍ਰਿੜਤਾ ਵਾਲਾ ਪੱਖ ਹੀ ਹੈ, ਧਾਰਮਿਕ ਪੈਂਤੜੇ ਵਾਲਾ ਨਹੀਂ। ਇਹ ਭਾਰਤੀ ਅਧਿਕਾਰੀ ਵੀ ਮੰਨਦੇ ਹਨ ਕਿ ਏਥੇ ਅਲਕਾਇਦਾ ਜਾਂ
ਇਸਲਾਮਿਕ ਸਟੇਟ ਵਰਗੀਆਂ ਜਥੇਬੰਦੀਆਂ ਦੀ ਮੌਜੂਦਗੀ ਦੇ ਕੋਈ ਸਬੂਤ ਨਹੀਂ ਹਨ।
ਮੌਜੂਦਾ ਕਸ਼ਮੀਰੀ ਜਨਤਕ ਉਭਾਰ ਦੇ ਅਜਿਹੇ ਕਈ ਨਰੋਏ
ਪਹਿਲੂ ਹਨ ਜਿਹੜੇ ਕਸ਼ਮੀਰੀ ਲੋਕਾਂ ਦੀ ਜਦੋਜਹਿਦ ਕਦੇ ਨਾ ਦਬਾਈ ਜਾ ਸਕਣ ਦੀ ਹਕੀਕਤ ਨੂੰ ਹੋਰ
ਸਥਾਪਤ ਕਰ ਰਹੇ ਹਨ ਤੇ ਇਹੀ ਪਹਿਲੂ ਹੀ ਇਸਨੂੰ ਸੰਸਾਰ ਭਰ ਦੇ ਲੋਕਾਂ ਤੇ ਭਾਰਤੀ ਲੋਕਾਂ ਦੀ ਹਮਾਇਤ
ਜੁਟਾਉਣ ਲਈ ਲਾਹੇਵੰਦਾ ਰੋਲ ਨਿਭਾਉਣ ਦਾ ਵਜ਼ਨ ਰੱਖਦੇ ਹਨ। ਆਪਮੁਹਾਰਤਾ ਦਾ ਪੱਖ ਭਾਰੂ ਹੋਣਾ ਇਸਦੀ ਉੱਭਰਵੀਂ
ਸੀਮਤਾਈ ਹੈ ਜੋ ਇੱਕਜੁਟ ਤੇ ਖਰੀ ਕੌਮੀ ਲੀਡਰਸ਼ਿੱਪ ਦੇ ਸਥਾਪਤ ਨਾ ਹੋਈ ਹੋਣ ਨੂੰ ਦਰਸਾਉਂਦੀ ਹੈ।
ਜ਼ੋਰਦਾਰ ਲੋਕ ਉਭਾਰ ਤੇ ਸਹੀ ਪ੍ਰੋਗਰਾਮ ਨੂੰ ਪ੍ਰਣਾਈ ਖਰੀ ਲੀਡਰਸ਼ਿਪ ਦਾ ਪਾੜਾ ਦਹਾਕਿਆਂ ਤੋਂ ਪੂਰੇ
ਜਾਣ ਦੀ ਉਡੀਕ ’ਚ ਹੈ। ਅਜੇ ਵੀ ਕਸ਼ਮੀਰੀ ਲੋਕਾਂ ਨੂੰ ਅਜਿਹੀ ਖਰੀ ਲੀਡਰਸ਼ਿਪ ਦੀ ਤਲਾਸ਼ ਹੈ ਜਿਸ ਕੋਲ ਸਾਮਰਾਜ
ਵਿਰੋਧੀ ਤੇ ਜਗੀਰਦਾਰ ਵਿਰੋਧੀ ਮੁਕਤੀ ਦਾ ਪ੍ਰੋਗਰਾਮ ਹੋਵੇ ਅਤੇ ਉਹ ਜੂਝਦੇ ਭਾਰਤੀ ਲੋਕਾਂ ਨਾਲ
ਨੇੜਲੀ ਸਾਂਝ ਦੇ ਜ਼ੋਰ ਕੌਮੀ ਆਪਾ-ਨਿਰਣੇ ਦੇ ਹੱਕ ਦੀ ਇਸ ਸ਼ਾਨਾਮੱਤੀ ਗਾਥਾ ਨੂੰ ਤੋੜ ਚੜ੍ਹਾ ਸਕੇ।
No comments:
Post a Comment