‘‘ਚੇਅਰਮੈਨ ਮਾਓ, ਸਾਨੂੰ ਤੇਰੀ ਯਾਦ ਆ ਰਹੀ ਹੈ!’’
- ਭਾਵਨਾ
9 ਸਿਤੰਬਰ 1976 ਦਾ ਦਿਨ ਸੰਸਾਰ ਭਰ ਦੇ ਕਿਰਤੀ ਲੋਕਾਂ ਲਈ ਨਹਿਸ਼ ਦਿਨ ਸੀ। ਇਸ ਦਿਨ ਕਿਰਤੀ ਲੋਕਾਂ ਦੇ ਰਹਿਬਰ
ਅਤੇ ਮਹਾਨ ਆਗੂ ਕਾਮਰੇਡ ਮਾਓ ਜ਼ੇ ਤੁੰਗ ਨੇ ਆਖਰੀ ਸਾਹ ਲਿਆ ਸੀ। ਇਸ ਮਹਾਨ ਆਗੂ ਦੀ ਮੌਤ ਤੋਂ ਬਾਅਦ
ਕਿਰਤੀਆਂ ਦੀ ਸਰਦਾਰੀ ਦਾ ਗੜ੍ਹ ਸਮਾਜਵਾਦੀ ਚੀਨ ਦੁਸ਼ਮਣ
ਤਾਕਤਾਂ ਦੇ ਹੱਥ ਚਲਾ ਗਿਆ, ਜਿਹਨਾਂ ਨੇ ਕਰੋੜਾਂ ਲੋਕਾਂ ਦੇ ਲਹੂ ਨਾਲ ਸਿੰਜੇ
ਸਮਾਜਵਾਦੀ ਚੀਨ ਨੂੰ ਮੁੜ ਪੂੰਜੀਵਾਦੀ ਪ੍ਰਬੰਧ ਦੇ ਸੰਗਲਾਂ ਨਾਲ ਨੂੜ ਦਿੱਤਾ। ਕਈ ਦਹਾਕਿਆਂ ਦੇ
ਤਰਥੱਲੀਆਂ ਪਾਊ ਅਮਲ ’ਚੋਂ ਉੱਸਰੀਆਂ ਸ਼ਾਨਦਾਰ ਇਨਕਲਾਬੀ ਰਵਾਇਤਾਂ ਉਲਟਾ ਦਿੱਤੀਆਂ ਗਈਆਂ, ਜਾਨ ਹੂਲਵੇਂ ਸੰਘਰਸ਼ਾਂ ਰਾਹੀਂ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਪੈਂਦੀ ਸੱਟੇ ਡੋਬ ਦਿੱਤਾ ਗਿਆ
ਅਤੇ ਮਾਓ ਵਿਚਾਰਧਾਰਾ ਉੱਤੇ ਕੂੜ ਭਰਿਆ ਹਮਲਾ ਵਿੱਢ ਦਿੱਤਾ ਗਿਆ।
ਕਾਮਰੇਡ ਮਾਓ ਅਤੇ ਚੀਨੀ ਇਨਕਲਾਬ ਦੇ ਦੌਰ ਦੀ ਸਭ
ਤੋਂ ਵਿਲੱਖਣ ਪ੍ਰਾਪਤੀ ਸਭਿਆਚਾਰਕ ਇਨਕਲਾਬ ਸੀ, ਜਿਸਦੇ ਰੂਪ ਵਿੱਚ ਸੰਸਾਰ
ਭਰ ਦੇ ਕਿਰਤੀ ਲੋਕਾਂ ਨੂੰ ਨਵਾਂ ਵਿਚਾਰਧਾਰਕ ਸ਼ਸਤਰ ਹਾਸਲ ਹੋਇਆ। ਇਸ ਸ਼ਸਤਰ ਦੀ ਤਾਕਤ ਏਨੀ ਪ੍ਰਚੰਡ
ਹੈ ਕਿ ਇਸਦਾ ਜਿਕਰ ਮਾਤਰ ਵੀ ਪੂੰਜੀਪਤ ਮਾਰਗੀਆਂ ਅੰਦਰ ਕੰਬਣੀਆਂ ਛੇੜਦਾ ਹੈ। ਨਵੇਂ ਹਾਕਮਾਂ ਨੇ
ਮਾਓ ਵਿਚਾਰਧਾਰਾ ’ਤੇ ਵਿੱਢੇ ਹਮਲੇ ਦੌਰਾਨ ਇਸ ਸਿਧਾਂਤ ਅਤੇ ਇਸਦੇ ਲਾਗੂ ਹੋਣ ਦੇ ਦੌਰ (1966-76) ਨੂੰ ਸਭ ਤੋਂ ਵੱਧ ਮਾਰ ਹੇਠ ਲਿਆਂਦਾ। 1981 ਵਿੱਚ ਤੈਂਗ ਸਿਆਓ ਪਿੰਗ
ਤੇ ਸੋਧਵਾਦੀ ਸੀ.ਪੀ.ਸੀ. ਨੇ ਸਭਿਆਚਾਰਕ ਇਨਕਲਾਬ ਨੂੰ ਬਹੁਤ ਵੱਡੀ ਅਤੇ ਪਾਰਟੀ, ਦੇਸ਼ ਤੇ ਲੋਕਾਂ ਲਈ ਤਬਾਹਕੁੰਨ ਗਲਤੀ ਕਹਿ ਕੇ ਇਸ ਬਾਰੇ ਗੱਲ ਕਰਨ ਤੇ ਪਾਬੰਦੀ ਲਾ ਦਿੱਤੀ। ਇਸ
ਦੌਰ ਨੂੰ ਅਰਾਜਕਤਾ ਅਤੇ ਤਬਾਹੀ ਦਾ ਦੌਰ ਕਹਿਕੇ ਭੰਡਿਆ ਗਿਆ। ਖੋਜਾਰਥੀਆਂ ਉਪਰ ਇਸ ਦੌਰ ਬਾਰੇ ਖੋਜ
ਕਰਨ ਤੇ ਪਾਬੰਦੀ ਆਇਦ ਕੀਤੀ ਗਈ, ਰਿਪੋਰਟਰਾਂ ਉਪਰ ਇਸ ਬਾਰੇ
ਸਵਾਲ ਉਠਾਉਣੋ ਰੋਕ ਲਾਈ ਗਈ, ਪ੍ਰੋਫੈਸਰਾਂ ਨੂੰ ਇਸ ਬਾਰੇ ਵਿਦਿਆਰਥੀਆਂ ਨਾਲ
ਕੁਝ ਵੀ ਸਾਂਝਾ ਕਰਨੋਂ ਰੋਕਿਆ ਗਿਆ, ਲੇਖਕਾਂ ਨੂੰ ਇਸ
ਬਾਰੇ ਲਿਖਣ ਦੀ ਮਨਾਹੀ ਕੀਤੀ ਗਈ। ਦੂਜੇ ਪਾਸੇ, ਸਰਕਾਰੀ ਤੰਤਰ ਰਾਹੀਂ ਨਵੀਂ ਪੀੜ੍ਹੀ ਦੇ ਦਿਮਾਗਾਂ ਅੰਦਰ ਇਸ ਦੌਰ ਬਾਰੇ ਕੂੜ ਪ੍ਰਚਾਰ ਭਰਿਆ
ਗਿਆ।
16 ਮਈ 2016 ਨੂੰ ਇਸ ਮਹਾਨ ਸਭਿਆਚਾਰਕ ਇਨਕਲਾਬ ਦੀ ਸ਼ੁਰੂਆਤ ਦੀ 50 ਵੀਂ ਵਰੇਗੰਢ ਸੀ। ਇਸ ਮੌਕੇ ਚੀਨ ਦੀ ਹਾਕਮ ਕਮਿਊਨਿਸਟ ਪਾਰਟੀ ਵਲੋਂ ਇਸ ਸ਼ਾਨਦਾਰ ਇਤਿਹਾਸ
ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਗਿਆ। ਇਸਦਾ ਜਿਕਰ ਮਾਤਰ ਵੀ ਨਾ ਕਰਕੇ ਇਸ ਨੂੰ ਚੀਨ ਦੇ
ਸ਼ਾਨਾਮੱਤੇ ਇਤਿਹਾਸ ’ਚੋਂ ਖਾਰਜ ਕਰਨ ਦਾ ਸੁਪਨਾ ਪਾਲਿਆ ਗਿਆ। ਪਰ ਚੀਨੀ ਲੋਕਾਂ ਦੇ ਅੰਦਰੋਂ ਇਸ ਦੌਰ ਦੀਆਂ ਯਾਦਾਂ
ਮਿਟਾ ਸਕਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਅਨੇਕੀਂ ਥਾਈਂ ਚੀਨੀ ਲੋਕਾਂ ਨੇ ਇਸ ਦਿਨ ਦੇ ਜਸ਼ਨ
ਮਨਾਏ। ਸ਼ਾਨਕਸ਼ੀ ਸੂਬੇ ਅੰਦਰ ਇੱਕ ਯਾਦਗਾਰੀ ਸਮਾਗਮ ਦੌਰਾਨ ਲੋਕਾਂ ਦੇ ਇਕੱਠ ਵਲੋਂ ਬੈਨਰ ਲਹਿਰਾਏ
ਗਏ, ਜਿਹਨਾਂ ਤੇ ਲਿਖਿਆ ਸੀ-
‘‘ਮਾਓ ਵਿਚਾਰਧਾਰਾ ਅਜਿੱਤ ਹੈ’’
‘‘ਮਹਾਨ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ ਜ਼ਿੰਦਾਬਾਦ’’
ਡਾਲੀਆਨ ਵਿਖੇ ਇੱਕ ਰੈਲੀ ਵਿੱਚ ਬੈਨਰ ਉਪਰ
ਸਭਿਆਚਾਰਕ ਇਨਕਲਾਬ ਦੌਰਾਨ ਪ੍ਰਚਲਿਤ ਸਤਰਾਂ ਲਹਿਰਾਈਆਂ ਗਈਆਂ-
‘‘ਮਲਾਹਾਂ ਦੇ ਹੀ ਵੱਸ ਹੈ, ਸਾਗਰਾਂ ਤੇ ਫਤਿਹ ਪਾਉਣੀ’’
2 ਮਈ ਨੂੰ ਤੀਏਨਮਿਨ ਸੁਕੇਅਰ ਵਿਖੇ ਲੋਕ ਹਾਲ ਅੰਦਰ ਮਈ ਦਿਨ ਅਤੇ ਮਾਓ ਸਬੰਧੀ ਸਰਕਾਰੀ
ਸਭਿਆਚਾਰਕ ਸਮਾਗਮ ਚੱਲ ਰਿਹਾ ਸੀ। ਇਸ ਰੰਗਾਰੰਗ ਪ੍ਰੋਗਰਾਮ ਅੰਦਰ ਸਭਿਆਚਾਰਕ ਇਨਕਲਾਬ ਸਮੇਂ ਦੇ
ਗੀਤ ਵੀ ਗਾਏ ਜਾ ਰਹੇ ਸਨ। ਜਦੋਂ ਟੀਮ ਵਲੋਂ ਉਸ ਦੌਰ ਦਾ ਪ੍ਰਸਿੱਧ ਗੀਤ ਗਾਇਆ ਗਿਆ ਤਾਂ ਲੋਕਾਂ ਦੀ
ਆਵਾਜ ਨੇ ਸਾਰਾ ਹਾਲ ਗੂੰਜਾ ਦਿੱਤਾ।
‘‘ਮਲਾਹਾਂ ਦੇ ਹੀ ਵੱਸ ਹੈ ਸਾਗਰਾਂ ’ਤੇ ਫਤਿਹ ਪਾਉਣੀ
ਵਰਖਾ ਦੇ ਵੱਸ ਜਿਉਂ ਧਰਤ ਚੋਂ ਫਸਲ ਉਗਾਉਣੀ
ਸੂਰਜ ਦੇ ਸਦਕਾ ਜਿਊਂ ਜਿੰਦਗੀ ਨੇ ਚੱਲਣਾ
ਮਾਓ ਵਿਚਾਰਧਾਰਾ ਦੇ ਹੀ ਸਦਕਾ ਕ੍ਰਾਂਤੀ ਆਉਣੀ’’
ਇਸ ਮੌਕੇ ਇੱਕ ਬੈਨਰ ਵੀ ਨਜ਼ਰੀਂ ਪਿਆ ਜਿਸਤੇ ਮਾਓ
ਦਾ 1970 ਦੀ ਵੀਅਤਨਾਮੀ ਜੰਗ ਵੇਲੇ ਦਾ ਕਥਨ-‘ਸੰਸਾਰ ਭਰ ਦੇ ਲੋਕ ਅਮਰੀਕੀ
ਘੁਸਪੈਠੀਆਂ ਤੇ ਉਹਨਾਂ ਦੇ ਜ਼ਰਖਰੀਦ ਕੁੱਤਿਆਂ ਨੂੰ ਹਰਾਉਣ ਲਈ ਇਕੱਠੇ ਹੋ ਜਾਓ’ ਲਿਖਿਆ ਹੋਇਆ ਸੀ।
ਇਸ ਘਟਨਾ ਨਾਲ ਸਰਕਾਰੀ ਤੰਤਰ ਵਿੱਚ ਹਾਹਾਕਾਰ
ਮੱਚ ਗਈ। ਇਸ ਸਮਾਗਮ ਅੰਦਰ ਮਾਓ ਅਤੇ ਸਭਿਆਚਾਰਕ ਇਨਕਲਾਬ ਦੀ ਉਸਤਤ ਕਰਦੇ ਅਜਿਹੇ ਗੀਤ ਚਲਾਉਣ ਦੀ
ਜਿੰਮੇਵਾਰੀ ਸਾਰੇ ਵਿਭਾਗ ਇੱਕ ਦੂਜੇ ’ਤੇ ਸਿੱਟਣ ਲੱਗੇ। ਪਰ ਇਸ
ਘਟਨਾ ਨੇ ਦਿਖਾ ਦਿੱਤਾ ਕਿ ਸਰਕਾਰੀ ਤੌਰ ’ਤੇ ਇਸ ਦੌਰ ਨੂੰ ਨਜ਼ਰਅੰਦਾਜ਼
ਕਰਕੇ ਵੀ ਲੋਕਾਂ ਦੇ ਦਿਲਾਂ ਚੋਂ ਇਸ ਦੌਰ ਪ੍ਰਤੀ ਜਜ਼ਬੇ ਮੇਟੇ ਨਹੀਂ ਜਾ ਸਕਦੇ।
ਸਭਿਆਚਾਰਕ ਇਨਕਲਾਬ ਦੀ ਯਾਦ ਵੀ ਚੀਨੀ ਹਾਕਮਾਂ
ਨੂੰ ਕੰਬਣੀਆਂ ਕਿਉਂ ਛੇੜਦੀ ਹੈ? ਇਸਦਾ ਕਾਰਨ ਇਹ ਹੈ ਕਿ
ਸਭਿਆਚਾਰਕ ਇਨਕਲਾਬ ਦਾ ਸ਼ਸਤਰ ਐਨ ਇਹਨਾਂ ਹਾਕਮਾਂ ਵੱਲ ਹੀ ਸੇਧਤ ਹੈ। ਜੇਕਰ ਮਾਓ ਦੀ ਮੌਤ ਨਾਲ ਇਹ
ਇਨਕਲਾਬ ਅਧਵਾਟੇ ਨਾ ਛੁੱਟਦਾ ਤਾਂ ਚੀਨ ਦੇ ਕਿਰਤੀ ਲੋਕਾਂ ਦੀ ਸਰਦਾਰੀ ਦਾ ਗੜ੍ਹ ਹੋਰ ਵੀ ਮਜਬੂਤ ਹੋਣਾ ਸੀ ਤੇ ਅਜੋਕੇ ਚੀਨੀ ਹਾਕਮਾਂ ਵਰਗੇ ਲੋਕ ਗਦਾਰਾਂ ਦੀ ਉਸ ਗੜ੍ਹ ਅੰਦਰ ਕੋਈ ਥਾਂ ਨਹੀਂ ਹੋਣੀ ਸੀ।
ਇਸ ਦੌਰ ਉਪਰ ਵਿੱਢੇ ਵਿਚਾਰਧਾਰਕ ਹਮਲੇ ਤੋਂ
ਇਲਾਵਾ ਇਸ ਬਾਰੇ ਕੀਤੇ ਜਾਂਦੇ ਕੂੜ ਪ੍ਰਚਾਰ ਵਿੱਚ ਇਹ ਝੂਠ ਜੋਰ ਨਾਲ ਧੁਮਾਇਆ ਜਾਂਦਾ ਹੈ ਕਿ ਇਹ
ਦੌਰ ਨਿਰੀ ਤਬਾਹੀ ਤੇ ਅਸਫਲਤਾ ਦਾ ਦੌਰ ਸੀ ਜਦੋਂ ਕਿ ਹਕੀਕਤ ਇਸਤੋਂ ਬਿਲਕੁਲ ਉਲਟ ਹੈ। ਇਹ ਦੌਰ ਨਾ
ਸਿਰਫ ਸਿਆਸੀ ਪਰਪੱਕਤਾ ਹਾਸਲ ਕਰਨ ਦਾ ਦੌਰ ਸੀ ਬਲਕਿ ਇਸ ਸਮੇਂ ਦੌਰਾਨ ਲਾਮਿਸਾਲ ਆਰਥਿਕ ਤੇ
ਸਮਾਜਿਕ ਪ੍ਰਾਪਤੀਆਂ ਹੋਈਆਂ।
ਅਸਲ ਵਿੱਚ ਇਹ ਦੌਰ ਚੀਨੀ ਇਨਕਲਾਬ ਦੇ ਨਿਰੰਤਰ
ਚੱਲ ਰਹੇ ਅਮਲ ਵਿੱਚ ਸਮੂਹਿਕ ਅਗਵਾਈ ਅਤੇ ਚੇਤਨ ਹਿੱਸਾਪਾਈ ਨੂੰ ਉਤਸ਼ਾਹਤ ਕਰਨ ਦਾ ਦੌਰ ਸੀ। ਇਸ
ਚੇਤਨਤਾ ਦੇ ਸਿਰ ’ਤੇ ਸਭਨਾਂ ਪਿਛਾਖੜੀ ਬਿਰਤੀਆਂ ਦੀ ਪਛਾਣ ਕਰਨ ਅਤੇ ਉਹਨਾਂ ’ਤੇ ਕਾਬੂ ਪਾਉਣ ਦਾ ਵੱਲ ਸਿੱਖਣ ਦਾ ਦੌਰ ਸੀ। ਨਵੇਂ ਚੀਨ ਦੀ ਉਸਾਰੀ ਪ੍ਰਤੀ ਸਭਨਾਂ ਲੋਕਾਂ
ਅੰਦਰ ਜਿੰਮੇਵਾਰੀ ਤੇ ਲਗਾਅ ਭਰੇ ਜਾਣ ਦਾ ਦੌਰ ਸੀ। ਹੋਰ ਕਿਸੇ ਵੀ ਸਮੇਂ ਨਾਲੋਂ ਵਧਕੇ ਇਸ ਸਮੇਂ
ਚੇਤਨਾ ਦੇ ਨਵੇਂ ਹੁਲਾਰਿਆਂ ਨਾਲ ਲੈਸ ਚੀਨੀ ਜਨਤਾ ਨੇ ਨਵੇਂ ਚੀਨ ਦੀ ਉਸਾਰੀ ਲਈ ਅਣਥੱਕ ਕੋਸ਼ਿਸ਼ਾਂ
ਕੀਤੀਆਂ। ਲੋਕਾਂ ਨੇ ਸਾਂਝੇ ਖੇਤਾਂ ਵਿੱਚ ਉਤਪਾਦਨ ਵਧਾਉਣ ਲਈ ਜੋਰ ਲਾਇਆ। ਅਨੇਕਾਂ ਡੈਮ, ਜਲ-ਭੰਡਾਰ, ਸੜਕਾਂ, ਕਾਰਖਾਨੇ ਲੋਕਾਂ ਨੇ ਸਮੂਹਕ ਉੱਦਮ ਨਾਲ ਉਸਾਰੇ। ਇਸ ਸਮੇਂ ਦੌਰਾਨ ਉਦਯੋਗਿਕ ਪੈਦਾਵਾਰ 4 ਗੁਣਾ ਵਧੀ। ਚੀਨ ਦੇ 10 ਵੱਡੇ ਜਲ-ਭੰਡਾਰਾਂ ’ਚੋਂ 9 ਇਸ ਸਮੇਂ ਦੌਰਾਨ ਉਸਾਰੇ ਗਏ। ਸਟੀਲ ਪਲਾਂਟ, ਮਸ਼ੀਨੀ ਸੰਦ, ਹਵਾਈ ਜਹਾਜ਼, ਰਾਕੇਟ, ਇਲੈਕਟ੍ਰਾਨਿਕਸ ਇੰਡਸਟਰੀ, ਨਿਊਕਲੀਅਰ ਪਾਵਰ, ਪੁਲਾੜੀ ਪ੍ਰੋਗਰਾਮ ਆਦਿਕ ਅਨੇਕਾਂ ਖੇਤਰਾਂ ’ਚ ਨਵੇਂ ਦਿਸਹੱਦੇ ਸਿਰਜੇ
ਗਏ।
ਇਸ ਦੌਰ ਅੰਦਰ ਆਗੂਆਂ ਅਤੇ ਕਾਮਿਆਂ ’ਚ ਪਾੜਾ ਘਟਾਉਣ ਲਈ ਇਹ ਲਾਜ਼ਮੀ ਕੀਤਾ ਗਿਆ ਕਿ ਹਰੇਕ ਪੱਧਰ ’ਤੇ ਲੀਡਰ, ਮੈਨੇਜਰ, ਅਧਿਕਾਰੀ ਇਕ ਨਿਸ਼ਚਤ ਸਮਾਂ ਆਮ ਕਾਮਿਆਂ ਨਾਲ ਸਰੀਰਕ ਮਿਹਨਤ ਦੇ ਕੰਮ ਕਰਨਗੇ। ਆਗੂਆਂ ਦੀ ਆਮ
ਕਾਮਿਆਂ ਵਾਂਗੂ ਕੰਮ ਕਰਨ ਦੀ ਸਮਰੱਥਾ ਤੇ ਲੋਕਾਂ ਨਾਲ ਘੁਲਣ ਮਿਲਣ ਦੀ ਯੋਗਤਾ ਨੂੰ ਉਹਨਾਂ ਦੀ ਇੱਕ
ਅਧਿਕਾਰੀ ਵਜੋਂ ਕਾਰਜਕੁਸ਼ਲਤਾ ਦਾ ਪੈਮਾਨਾ ਮਿਥਿਆ ਗਿਆ। ਇਸ ਕਰਕੇ ਸਭਿਆਚਾਰਕ ਇਨਕਲਾਬ ਦੇ ਪਹਿਲੇ
ਸਾਲਾਂ ਦੌਰਾਨ ਹੀ ਹਰ ਪੱਧਰ ਦੇ ਅਧਿਕਾਰੀ ਮਜਦੂਰਾਂ ਤੇ ਕਿਸਾਨਾਂ ਸੰਗ ਕੰਮ ਕਰਦੇ ਦੇਖੇ ਜਾ ਸਕਦੇ
ਸਨ। ਇਸਤੋਂ ਬਿਨਾਂ ਆਮ ਲੋਕਾਂ ਵਿੱਚ ਨਵੇਂ ਚੀਨ ਦੀ ਉਸਾਰੀ ਸਬੰਧੀ ਲਗਾਅ ਇਸ ਹੱਦ ਤੱਕ ਸੀ ਕਿ
ਦਫਤਰੀ ਕੰਮਾਂ ਤੋਂ ਬਾਅਦ ਸਕੂਲ ਅਧਿਆਪਕ, ਬੱਚੇ, ਮੁਲਾਜਮ ਸਭ ਕਿਸੇ ਫੈਕਟਰੀ ਜਾਂ ਡੈਮ ਦੀ ਉਸਾਰੀ ਵਿੱਚ ਹਿੱਸਾ ਪਾਉਣ ਪੁੱਜ ਜਾਂਦੇ ਸਨ। ਇੱਕ ਸਾਂਝ
ਦਾ ਤੇ ਉਤਸ਼ਾਹ ਦਾ ਮਹੌਲ ਵਿਆਪਕ ਸੀ। ਦਿਨੇ ਡਿਉਟੀਆਂ ਕਰਨ ਵਾਲੇ ਅਕਸਰ ਰਾਤ ਨੂੰ ਇਹਨਾਂ ਪ੍ਰਾਜੈਕਟਾਂ
ਲਈ 2-3 ਘੰਟੇ ਕੱਢਦੇ ਸਨ। ਇਹ ਭਾਵਨਾ ਸੀ ਜਿਸ ਸਦਕਾ ਚੀਨ ਨੇ ਇਸ ਸਮੇਂ ਦੌਰਾਨ ਹਜਾਰਾਂ ਛੋਟੇ ਵੱਡੇ
ਕਾਰਖਾਨੇ ਤੇ ਹੋਰ ਪ੍ਰੋਜੈਕਟ ਉਸਾਰੇ।
ਇਹਨਾਂ ਹੀ ਸਾਲਾਂ ਦੌਰਾਨ ਅਨਾਜ ਦਾ ਉਤਪਾਦਨ ਸਭ
ਰਿਕਾਰਡ ਤੋੜ ਗਿਆ। ਛੋਟੇ ਸਾਂਝੇ ਫਾਰਮਾਂ ਤੋਂ ਵੱਡੇ ਸਹਿਕਾਰੀ ਫਾਰਮ ਇਹਨਾਂ ਸਾਲਾਂ ਦੌਰਾਨ ਹੀ
ਹੋਂਦ ’ਚ ਆਏ। ਚੀਨੀ ਇਨਕਲਾਬ ਦੇ ਸਭ ਤੋਂ ਮੁੱਢਲੇ ਸਾਲ 1949 ਵਿੱਚ ਚੀਨ ਦੀ ਜੀਮੋ ਕਾਊਂਟੀ ਅੰਦਰ ਮੱਕੀ ਦੀ ਪੈਦਾਵਾਰ 650 ਟਨ ਸੀ। 1966 ਤੱਕ ਵਧਕੇ ਇਹ 41085 ਟਨ ਹੋ ਗਈ। 1976 ਤੱਕ ਇਹ ਪੈਦਾਵਾਰ 90780 ਟਨ ਹੋ ਗਈ। ਇਹੀ ਕੁਝ ਹੋਰ ਫਸਲਾਂ ਦੇ
ਮਾਮਲੇ ’ਚ ਵੀ ਵਾਪਰਿਆ। ਲੋਕਾਂ ਨੇ ਹਜਾਰਾਂ ਮੋਊ ਬੰਜਰ ਜਮੀਨ ਨੂੰ ਵਾਹੀਯੋਗ ਬਣਾਇਆ। ਜੀਮੋ ਕਾਊਂਟੀ
ਦੀ ਜਮੀਨ ਅੰਦਰ ਵੱਡੀ ਪੱਧਰ ’ਤੇ ਖਾਰਾਪਣ ਸੀ ਜਿਸ ਕਰਕੇ ਫਸਲੀ ਪੈਦਾਵਾਰ ਘੱਟ
ਹੁੰਦੀ ਸੀ। ਕਿਸਾਨਾਂ ਦੀਆਂ ਪੈਦਾਵਾਰ ਟੀਮਾਂ ਨੇ ਇਸ ਜਮੀਨ ਨੂੰ ਟੋਟਿਆਂ ਵਿੱਚ ਵੰਡ ਦਿੱਤਾ। ਹਰੇਕ
ਜਮੀਨੀ ਟੋਟੇ ਅੰਦਰ ਕੁਝ ਸਮੇਂ ਲਈ ਪਾਣੀ ਖੜ੍ਹਾ ਰੱਖਿਆ ਜਾਂਦਾ ਸੀ। ਜਦੋਂ ਇਹ ਪਾਣੀ ਬਾਅਦ ’ਚ ਉਥੋਂ ਵਹਾਇਆ ਜਾਂਦਾ ਸੀ ਤਾਂ ਉਹ ਜਮੀਨ ਦਾ ਖਾਰਾਪਣ ਵੀ ਘੋਲ ਕੇ ਵਹਾ ਦਿੰਦਾ ਸੀ। ਇਸ
ਤਰੀਕੇ ਨਾਲ ਜੀਮੋ ਦੇ ਕਿਸਾਨਾਂ ਨੇ 57000 ਮੋਊ ਖਾਰੀ ਜਮੀਨ ਨੂੰ
ਉਪਜਾਊ ਜਮੀਨ ’ਚ ਬਦਲਿਆ। 1971
’ਚ ਦਸ ਹਜਾਰ ਕਿਸਾਨ ਇਸ ਤਰੀਕੇ ਨਾਲ ਜਮੀਨ ਧੋਣ
ਦੇ ਕੰਮ ’ਚ ਲੱਗੇ ਹੋਏ ਸਨ। 1975 ਦੇ ਸਾਲਾਂ ਵਿੱਚ ਉਥੋਂ ਦੇ ਕਿਸਾਨਾਂ ਦੀਆਂ 90000 ਦਿਹਾੜੀਆਂ ਜਮੀਨ ਦੀ ਸੁਧਾਈ ’ਤੇ ਲੱਗੀਆਂ। ਪ੍ਰਤੀ ਮੋਊ ਪੈਦਾਵਾਰ 50 ਤੋਂ ਵਧਕੇ 100 ਕਿਲੋ ਹੋ ਗਈ । 1960-70 ਦੇ ਦਹਾਕੇ ਦੌਰਾਨ ਪੱਛਮੀ ਮੁਲਕ ਤੀਜੀ ਦੁਨੀਆਂ ਦੇ ਮੁਲਕਾਂ ਨੂੰ ਆਪਣੇ ਕੀਟਨਾਸ਼ਕ, ਬੀਜ, ਮਸ਼ੀਨਰੀ ਨਿਰਯਾਤ ਕਰਕੇ ਉਹਨਾਂ ਮੁਲਕਾਂ ’ਚ ਹਰਾ ਇਨਕਲਾਬ ਕਰਨ ਦੇ
ਦਾਅਵੇ ਕਰ ਰਹੇ ਸਨ। ਪਰ ਇਹ ਹਰਾ ਇਨਕਲਾਬ ਨਾ ਸਿਰਫ ਇਹਨਾਂ ਮੁਲਕਾਂ ਨੂੰ ਦਰਾਮਦੀ ਮਸ਼ੀਨਰੀ ਤੇ
ਦਵਾਈਆਂ ’ਤੇ ਵਧੇ ਲਾਗਤ ਖਰਚਿਆਂ ਪੱਖੋਂ ਮਹਿੰਗਾ ਪੈ ਰਿਹਾ ਸੀ ਸਗੋਂ ਇਹਨਾਂ ਮੁਲਕਾਂ ਅੰਦਰ ਕੁਦਰਤੀ
ਖੇਤੀ ਚੱਕਰ ਨੂੰ ਨਸ਼ਟ ਕਰਕੇ ਤੇ ਵਾਤਾਵਰਨ ਨੂੰ ਪ੍ਰਦੂਸ਼ਤ ਕਰਕੇ ਵੀ ਕੀਮਤ ਵਸੂਲ ਰਿਹਾ ਸੀ। ਉਦੋਂ
ਚੀਨ ਨੇ ਘਰੇਲੂ ਸਵੈ-ਨਿਰਭਰ ਮਸ਼ੀਨਰੀ, ਬੀਜਾਂ, ਖਾਦਾਂ ਦਾ ਵਿਕਾਸ ਕਰਕੇ ਖਰਾ ਹਰਾ ਇਨਕਲਾਬ ਕੀਤਾ। ਇਸ ਸਮੇਂ ਦੌਰਾਨ ਪਿੰਡਾਂ ਨੇ ਆਪਣੀਆਂ
ਪ੍ਰਯੋਗ ਟੀਮਾਂ ਬਣਾਈਆਂ ਜਿਹਨਾਂ ਨੇ ਨਵੇਂ ਬੀਜਾਂ ਦੀਆਂ ਕਿਸਮਾਂ ਤੇ ਨਵੇਂ ਖੇਤੀ ਤਰੀਕਿਆਂ ਦੀ
ਖੋਜ ਕੀਤੀ। 1974 ’ਚ ਅਜਿਹੀਆਂ 695 ਟੀਮਾਂ ਜੀਮੋ ਕਾਊਂਟੀ ਵਿੱਚ ਸਨ ਤੇ ਇਹਨਾਂ ਨੇ ਲਗਭਗ ਦਸ ਹਜਾਰ ਤਜਰਬੇ ਕੀਤੇ। ਕਣਕ ਦੇ ਬੀਜਾਂ
ਦੀਆਂ 40 ਤੇ ਮੱਕੀ ਦੀਆਂ 39 ਕਿਸਮਾਂ ਈਜਾਦ ਕੀਤੀਆਂ ਗਈਆਂ। 13 ਵੱਡੇ ਫਰਟੀਲਾਈਜ਼ਰ ਪਲਾਂਟ
ਲੱਗੇ। 1978 ਤੱਕ 1534 ਛੋਟੇ ਫਰਟੀਲਾਈਜ਼ਰ ਪਲਾਂਟ ਲਾਏ ਗਏ ਜਿਨ੍ਹਾਂ ਨੇ ਖੇਤੀ ਪੈਦਾਵਾਰ ਤੇ ਵਿਕਾਸ ’ਚ ਬਹੁਤ ਯੋਗਦਾਨ ਪਾਇਆ।
ਇਹਨਾਂ ਹੀ ਸਾਲਾਂ ਦੌਰਾਨ ਚੀਨੀ ਕਮਿਊਨਿਸਟ
ਪਾਰਟੀ ਵਲੋਂ ਨੌਜਵਾਨਾਂ ਨੂੰ ਸ਼ਹਿਰਾਂ ਅਤੇ ਹੋਰਨਾਂ ਸਥਾਨਾਂ ਦੇ ਦੌਰਿਆਂ ਲਈ ਉਤਸ਼ਾਹਤ ਕੀਤਾ ਗਿਆ।
ਪਿੰਡਾਂ ਵਿਚੋਂ ਅਨੇਕਾਂ ਟੀਮਾਂ ਵੱਖ-2 ਥਾਈਂ ਗਈਆਂ, ਹੋਰਨਾਂ ਥਾਵਾਂ ਦੇ ਤਰੀਕੇ ਦੇਖੇ, ਫਰਕ ਅਨੁਭਵ ਕੀਤੇ ਤੇ ਨਵੇਂ
ਤਜਰਬਿਆਂ ਸੰਗ ਮੁੜੀਆਂ। ਇਸੇ ਸਮੇਂ ਪੇਂਡੂ ਨੌਜਵਾਨਾਂ ਨੂੰ ਪਿੰਡਾਂ ਅੰਦਰ ਪੈਦਾਵਾਰ ਲਈ ਲੋੜੀਂਦੇ ਕਿਤਿੱਆਂ ਦੀ
ਟਰੇਨਿੰਗ ਦਿੱਤੀ ਗਈ। ਅਨੇਕਾਂ ਇਲੈਕਟਰੀਸ਼ਨ, ਮੋਟਰ ਮਕੈਨਿਕ ਤੇ ਹੁਨਰਮੰਦ
ਕਾਮੇ ਇਹਨਾਂ ਕੋਰਸਾਂ ਤੋਂ ਬਾਅਦ ਪਿੰਡਾਂ ਦੀਆਂ ਫੈਕਟਰੀਆਂ ਅੰਦਰ ਕੰਮ ਕਰਨ ਲੱਗੇ। ਕਈ ਥਾਂਈ ਤਾਂ
ਅਜਿਹੀਆਂ ਫੈਕਟਰੀਆਂ ਵੱਡੇ ਕਾਰਖਾਨਿਆਂ ਵਿੱਚ ਵਟ ਗਈਆਂ। ਇਸ ਪੱਖੋਂ ਦੱਖਣ ਦਰਿਆ ਪਿੰਡ ਦੀ ਫੈਕਟਰੀ ਦੀ ਉਦਹਾਰਨ ਗਿਣਨਯੋਗ ਹੈ। 1966 ਦੇ ਸ਼ੂਰੁ ’ਚ ਇਸ ਫੈਕਟਰੀ ਦੀ ਨਿਗਰਾਨੀ ਪਿੰਡ ਦੀ ਇੱਕ ਪੈਦਾਵਾਰੀ ਟੀਮ ਕੋਲ ਸੀ ਤੇ ਇਸ ਵਿੱਚ ਤਿੰਨ ਜਣੇ
ਕੰਮ ਕਰਦੇ ਸਨ। ਦੋ ਵੱਡੀਆਂ ਕੈਂਚੀਆਂ ਤੇ ਦੋ ਹਥੌੜੇ ਇਸ ਫੈਕਟਰੀ ਦੇ ਕੁੱਲ ਸੰਦ ਸਨ ਤੇ ਇੱਥੇ
ਫਾਲਤੂ ਸਮਾਨ ਤੋਂ ਮਾੜਾ ਮੋਟਾ ਫਰਨੀਚਰ ਬਣਾਉਣ ਦਾ ਕੰਮ ਹੁੰਦਾ ਸੀ। 1967 ਦੀਆਂ ਗਰਮੀਆਂ ’ਚ ਪਿੰਡ ਨੇ 10 ਨੌਜਵਾਨ ਮੁੰਡੇ ਟਰੇਨਿੰਗ ਲੈਣ ਲਈ ਜੀਮੋ ਫੈਕਟਰੀ ਭੇਜੇ। ਛੇ ਮਹੀਨੇ ਬਾਅਦ ਜਦੋਂ ਉਹ ਮੁੜੇ ਤਾਂ
ਫੈਕਟਰੀ ਦੀ ਨੁਹਾਰ ਬਦਲ ਗਈ। ਖੇਤੀ ਮਸ਼ੀਨਾਂ ਵਾਲੀ ਪਿੰਡ ਦੀ ਫੈਕਟਰੀ ਨੇ ਇਹਨੂੰ ਕੁਝ ਮਸ਼ੀਨੀ ਸੰਦ
ਦੇ ਦਿੱਤੇ ਤੇ ਨੌਜਵਾਨ ਮੁੰਡਿਆਂ ਨੇ ਖੇਤੀ ਸੰਦ ਬਣਾਉਣੇ ਸ਼ੁਰੂ ਕਰ ਦਿੱਤੇ। ਇਸਦਾ ਸਲਾਨਾ ਲਾਭ ਸਾਲ
ਦੇ ਅੰਦਰ 2000 ਤੋਂ ਵਧਕੇ 3 ਲੱਖ ਯੁਆਨ ਹੋ ਗਿਆ। 1968 ’ਚ ਫੈਕਟਰੀ ਨੇ ਪਿੰਡ ਨੂੰ ਪਹਿਲੀ ਬਿਜਲੀ
ਮੋਟਰ ਦਾ ਤੋਹਫਾ ਤਿਆਰ ਕਰਕੇ ਦਿੱਤਾ। 1974 ’ਚ ਫੈਕਟਰੀ ਨੇ ਦੋ ਪਿੱਕ
ਅੱਪ ਟਰੱਕ ਤਿਆਰ ਕੀਤੇ। 1976 ਤੱਕ ਇਹ ਫੈਕਟਰੀ ਗੇਅਰ ਬੌਕਸ ਤੋਂ ਲੈ ਕੇ ਕਰੇਨ
ਤੱਕ ਹਰ ਚੀਜ ਤਿਆਰ ਕਰ ਰਹੀ ਸੀ ਤੇ ਇਹਦੇ ਅੰਦਰ 179 ਹੁਨਰਮੰਦ ਕਾਮੇ ਲੱਗੇ ਹੋਏ
ਸਨ। ਪਿੰਡ ਦੀਆਂ ਸਾਰੀਆਂ ਖੇਤੀ ਮਸ਼ੀਨਾਂ ਦੀ ਸਾਂਭ ਸੰਭਾਲ ਦਾ ਕੰਮ ਫੈਕਟਰੀ ਜਿੰਮੇ ਸੀ। ਏਸੇ ਤਰ੍ਹਾਂ
ਜੀਮੋ ਕਾਊਂਟੀ ਦੀ ਇਨਕਲਾਬੀ ਕਮੇਟੀ ਦੀ ਅਗਵਾਈ ’ਚ ਲੋਕਾਂ ਨੇ 12 ਅਪ੍ਰੈਲ ਤੋਂ 30 ਜੂਨ ਦੇ 80 ਦਿਨਾਂ ਅੰਦਰ ਅੰਦਰ 300 ਡੀਜ਼ਲ ਇੰਜਣ ਬਣਾਏ। ਅਗਲੇ 6 ਹਫਤਿਆਂ ਦੌਰਾਨ 60 ਟਰੈਕਟਰ ਬਣਾਏ ਗਏ। ਇਹਨਾਂ ਉੱਦਮਾਂ ਤੇ ਸੰਭਾਵਨਾਵਾਂ ਦਾ ਸਾਕਾਰ ਹੋਣਾ ਲੋਕਾਂ ਦੀ ਪਹਿਲਕਦਮੀ
ਨੂੰ ਬੰਧਨ ਮੁਕਤ ਕਰਨ ਤੇ ਉਹਨਾਂ ਅੰਦਰ ਸਮਾਜਵਾਦੀ ਚੀਨ ਦੇ ਭਵਿੱਖ ਪ੍ਰਤੀ ਵਿਸ਼ਵਾਸ ਤੇ ਮੇਰ ਭਰਨ
ਨਾਲ ਜੁੜਿਆ ਹੋਇਆ ਸੀ।
ਅੱਜ ਚੀਨ ਸੰਸਾਰ ਦੀ ਸਭ ਤੋਂ ਵੱਡੀ ਆਰਥਿਕਤਾ
ਹੈ। ਪਰ ਇਸ ਪੂੰਜੀਵਾਦੀ ਆਰਥਿਕਤਾ ਨੇ ਉਸ ਰੁੱਖ ਦੇ ਫਲਾਂ ਨੂੰ ਆਪਣੇ ਹਿੱਤਾਂ ਲਈ ਵਰਤਿਆ ਹੈ, ਜਿਸ ਰੁੱਖ ਨੂੰ ਚੀਨੀ ਲੋਕਾਂ ਨੇ ਸਮਾਜਵਾਦੀ ਉਸਾਰੀ ਦੇ ਸੁਪਨੇ ਲੈ ਕੇ ਵਰ੍ਹਿਆਂ ਬੱਧੀ ਕਰੜੀ
ਘਾਲਣਾ ਨਾਲ ਸਿੰਜਿਆ ਸੀ। ਕਿਰਤੀਆਂ ਦਾ ਉਹ ਲੋਕਾਸ਼ਾਹੀ ਚੀਨ ਜਿਸਦੇ ਖੇਤਾਂ, ਰਾਹਾਂ, ਡੈਮਾਂ, ਕਾਰਖਾਨਿਆਂ ਦੀ ਉਸਾਰੀ ’ਚ ਹਰ ਕਿਸੇ ਨੇ ਅਪਣੇ ਵਿੱਤ ਤੋਂ ਵਧ ਕੇ ਹਿੱਸਾ
ਪਾਇਆ ਸੀ, ਅਪਣਾ ਤਨ, ਮਨ, ਸਮਾਂ, ਵਿਹਲ, ਖੁਸ਼ੀਆਂ ਅਰਪਿਤ ਕੀਤੇ ਸਨ, ਉਹ ਹੁਣ ਕਿਰਤੀਆਂ ਤੋਂ ਖੁੱਸ ਚੁੱਕਾ ਹੈ। ਉਸ
ਕਰੜੀ ਵਰ੍ਹਿਆਂ ਬੱਧੀ ਘਾਲਣਾ ਦੇ ਫਲ ਅੱਜ ਪੂੰਜੀਪਤੀ ਹਾਕਮਾਂ ਵੱਲੋਂ ਆਪਣੇ ਪਸਾਰਵਾਦੀ ਲੋਟੂ ਹਿੱਤਾਂ
ਲਈ ਵਰਤੇ ਜਾ ਰਹੇ ਹਨ। ਉਸ ਦੌਰ ਦੀਆਂ ਪ੍ਰਾਪਤੀਆਂ ਆਪਣੇ ਖਾਤੇ ਪਾਉਣ ਲਈ ਕੂੜ ਹਮਲਾ ਨਿਰੰਤਰ ਜਾਰੀ
ਹੈ। ਪਰ ਝੂਠ ਦਾ ਪਸਾਰਾ ਵਕਤੀ ਹੁੰਦਾ ਹੈ ਤੇ ਚੀਨੀ ਲੋਕਾਂ ਦਾ ਮੌਜੂਦਾ ਪ੍ਰਬੰਧ ਪ੍ਰਤੀ ਰੋਹ ਥਾਂ
ਪਰ ਥਾਂ ਫੁੱਟ ਰਿਹਾ ਹੈ। 2015 ’ਚ ਚੀਨ ਅੰਦਰ ਮਜਦੂਰ ਹੜਤਾਲ ਦੀਆਂ 2774 ਸਰਕਾਰੀ ਰਿਪੋਰਟਾਂ ਮਿਲੀਆਂ ਹਨ ਜੋ ਪਿਛਲੇ ਸਮੇਂ ਨਾਲੋਂ ਦੁੱਗਣੀਆਂ ਹਨ। 2016 ਦੇ ਜੂਨ ਤੱਕ ਹੀ 1456 ਥਾਵਾਂ ਤੋਂ ਮਜਦੂਰਾਂ ਦੇ ਰੋਸ ਪ੍ਰਦਰਸ਼ਨਾਂ ਦੀਆਂ
ਖਬਰਾਂ ਹਨ ਜੋ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਵੱਧ ਹਨ। ਦੂਜੇ
ਪਾਸੇ ਲੋਕਾਂ ਖਾਸ ਕਰ ਬਜੁਰਗਾਂ ਅੰਦਰ ਸਮਾਜਵਾਦੀ ਚੀਨ ਦੀਆਂ ਯਾਦਾਂ ਤਾਜਾ ਹੋ ਰਹੀਆਂ ਹਨ। ਚੀਨੀ
ਬਜੁਰਗ ਕਾਮੇ ਅਕਸਰ ਇਹ ਕਹਿਕੇ ਉਹਨਾਂ ਵੇਲਿਆਂ ਨੂੰ ਯਾਦ ਕਰਦੇ ਹਨ ਕਿ ਉਦੋਂ ਫੈਕਟਰੀ ਦੇ ਮਾਲਕ ਅਸੀਂ
ਸੀ। ਮਾਓ ਵਿਚਾਰਧਾਰਾ ਪ੍ਰਤੀ ਲਗਾਅ ਵਧ ਰਿਹਾ ਹੈ। 2012 ’ਚ ਜਪਾਨ ਵਿਰੋਧੀ
ਪ੍ਰਦਰਸ਼ਨਾਂ ਦੌਰਾਨ ਲੋਕਾਂ ਦੇ ਹੱਥਾਂ ’ਚ ਚੁੱਕੇ ਪੋਸਟਰ ਤੇ ਲਿਖਿਆ
ਸੀ ‘‘ਚੇਅਰਮੈਨ ਮਾਓ, ਸਾਨੂੰ ਤੇਰੀ ਯਾਦ ਆ ਰਹੀ ਹੈ’’।
No comments:
Post a Comment