Thursday, September 8, 2016

6. ਕਸ਼ਮੀਰੀ ਜਦੋਜਹਿਦ



ਲਾ-ਮਿਸਾਲ ਖਾੜਕੂ ਜਨਤਕ ਉਭਾਰ ਦਾ ਇੱਕ ਨਵਾਂ ਦੌਰ

- ਸਟਾਫ਼ ਰਿਪੋਰਟਰ

ਭਾਰਤੀ ਹਾਕਮ ਜਮਾਤਾਂ ਵੱਲੋਂ ਧੱਕੇ ਨਾਲ ਕਬਜ਼ੇ ਹੇਠ ਰੱਖੇ ਹੋਏ ਕਸ਼ਮੀਰ ਚ ਲੰਘੀ 8 ਜੁਲਾਈ ਤੋਂ ਖਾੜਕੂ ਜਨਤਕ ਉਭਾਰ ਦਾ ਇੱਕ ਲਾ-ਮਿਸਾਲ ਦੌਰ ਚੱਲ ਰਿਹਾ ਹੈ। 22 ਸਾਲਾ ਕਸ਼ਮੀਰੀ ਖਾੜਕੂ ਨੌਜਵਾਨ ਬੁਰਹਾਨ ਵਾਨੀ ਦੇ ਇੱਕ ਮੁਕਾਬਲੇ ਚ ਮਾਰੇ ਜਾਣ ਮਗਰੋਂ ਫੁੱਟ ਪਿਆ ਲੋਕ ਰੋਹ ਦਾ ਤੂਫ਼ਾਨ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਕਸ਼ਮੀਰੀ ਲੋਕ ਭਾਰਤੀ ਰਾਜ ਤੇ ਫੌਜਾਂ ਖਿਲਾਫ਼ ਆਪਣਾ ਰੋਹ ਪ੍ਰਗਟਾਉਣ ਤੇ ਆਪਣੀ ਆਜ਼ਾਦੀ ਦੀਆਂ ਉਮੰਗਾਂ ਦਰਸਾਉਣ ਲਈ ਮੁੜ-ਮੁੜ ਸੜਕਾਂ ਤੇ ਨਿੱਤਰਦੇ ਹਨ, ਆਪਾ ਵਾਰੂ ਭਮੱਕੜ ਭਾਵਨਾ ਨਾਲ ਖਾਲੀ ਹੱਥੀਂ ਜਾਂ ਪੱਥਰਾਂ ਨਾਲ ਟੈਂਕਾਂ-ਬੰਦੂਕਾਂ ਸੰਗ ਭਿੜਦੇ ਹਨ ਤੇ ਜਾਨਾਂ ਵਾਰਦੇ ਹਨ। ਭਾਰਤੀ ਫੌਜ ਦੀਆਂ ਅੱਗ ਵਰ੍ਹਾਉਂਦੀਆਂ ਬੰਦੂਕਾਂ ਕਸ਼ਮੀਰੀ ਨੌਜਵਾਨਾਂ ਦੇ ਹੌਂਸਲੇ ਪਸਤ ਨਹੀਂ ਕਰ ਸਕਦੀਆਂ ਸਗੋਂ ਰੋਹ ਨੂੰ ਲਟ ਲਟ ਬਲਣ ਲਾ ਦਿੰਦੀਆਂ ਹਨ। ਸੈਂਕੜੇ ਛੱਰ੍ਹੇ ਛੱਡਣ ਵਾਲੀਆਂ ਪੈਲਟ ਬੰਦੂਕਾਂ ਨਾਲ ਭਾਰਤੀ ਫੌਜੀ ਮਿੱਥ ਕੇ ਨਿਸ਼ਾਨੇ ਮਾਰਦੇ ਹਨ, 60 ਨੌਜਵਾਨਾਂ ਦੀ ਅੱਖਾਂ ਦੀ ਜੋਤ ਖੋਹ ਲਈ ਗਈ ਹੈ। 68 ਤੋਂ ਜਿੰਦਗੀ ਖੋਹ ਲਈ ਗਈ ਹੈ ਤੇ ਹਜ਼ਾਰਾਂ ਦੀ ਤਾਦਾਦ ਚ ਜਖਮੀ ਹਸਪਤਾਲਾਂ ਚ ਪਏ ਹਨ। ਇਹ ਤਾਂ ਸਰਕਾਰੀ ਅੰਕੜੇ ਹਨ, ਅਸਲ ਚ ਗਿਣਤੀ ਇਸ ਤੋਂ ਵੱਡੀ ਹੈ। ਭਾਰਤੀ ਫੌਜ ਵੱਲੋਂ ਕਸ਼ਮੀਰ ਦੀ ਧਰਤੀ ਤੇ ਜ਼ੁਲਮਾਂ ਦੀ ਨਿੱਤ ਨਵੀਂ ਦਾਸਤਾਨ ਲਿਖੀ ਜਾ ਰਹੀ ਹੈ। ਵਰ੍ਹਿਆਂ ਤੋਂ ਚੱਲ ਰਿਹਾ ਦਮਨ-ਚੱਕਰ ਨਾ ਤਾਂ ਕਸ਼ਮੀਰੀ ਲੋਕਾਂ ਦੀ ਆਜ਼ਾਦੀ ਦੀ ਤਾਂਘ ਨੂੰ ਦਬਾ ਸਕਿਆ ਹੈ ਤੇ ਨਾ ਹੀ ਉਹਨਾਂ ਦੇ ਮਨਾਂ ਚ ਜਮ੍ਹਾਂ ਰੋਹ ਤੇ ਨਾਬਰੀ ਦੀ ਭਾਵਨਾ ਨੂੰ ਕੁਚਲ ਸਕਿਆ ਹੈ।

ਨੌਜਵਾਨ ਖਾੜਕੂ ਕਮਾਂਡਰ ਦਾ ਕਤਲ, ਰੋਹ-ਫੁਟਾਰੇ ਦੇ ਨਵੇਂ ਦੌਰ ਦਾ ਮੋੜ-ਨੁਕਤਾ



ਕਸ਼ਮੀਰੀ ਨੌਜਵਾਨ ਬੁਰਹਾਨ ਵਾਨੀ ਕਸ਼ਮੀਰ ਵਾਦੀ ਦੇ ਨੌਜਵਾਨਾਂ ਚ ਹਰਮਨ ਪਿਆਰਾ ਖਾੜਕੂ ਸੀ। ਉਹ ਸਿਰਫ਼ 15-16 ਵਰ੍ਹਿਆਂ ਦੀ ਉਮਰ ਚ ਹੀ ਕਸ਼ਮੀਰ ਚ ਸਰਗਰਮ ਜਥੇਬੰਦੀ ਹਿਜਬੁਲ ਮੁਜਾਹੀਦੀਨ ਚ ਰਲ਼ ਗਿਆ ਸੀ ਤੇ ਇਸ 7-8 ਵਰ੍ਹਿਆਂ ਦੀ ਸਰਗਰਮ ਜ਼ਿੰਦਗੀ ਦੌਰਾਨ ਉਹਨੇ ਆਪਣੇ ਮਕਸਦਾਂ ਦੇ ਪ੍ਰਚਾਰ ਲਈ ਸੋਸ਼ਲ ਮੀਡੀਏ ਨੂੰ ਖੂਬ ਵਰਤਿਆ ਤੇ ਭਾਰਤੀ ਹਾਕਮਾਂ ਦੇ ਪ੍ਰਚਾਰ ਖਿਲਾਫ਼ ਮੋੜਵੇਂ ਪ੍ਰਚਾਰ ਰਾਹੀਂ ਕਸ਼ਮੀਰੀ ਜਦੋਜਹਿਦ ਦੇ ਮਕਸਦਾਂ ਨੂੰ ਉਭਾਰਿਆ। ਹਥਿਆਰਬੰਦ ਸਾਥੀਆਂ ਸਮੇਤ ਉਹਦੀਆਂ ਫੋਟੋਆਂ ਤੇ ਵੀਡੀਓਜ਼ ਨੌਜਵਾਨਾਂ ਚ ਬਹੁਤ ਮਕਬੂਲ ਹੋਈਆਂ। ਭਾਰਤੀ ਫੌਜਾਂ ਨੇ ਉਸਨੂੰ ਇੱਕ ਘਰ ਚ ਘੇਰ ਕੇ ਉਹਦੇ ਤਿੰਨ ਸਾਥੀਆਂ ਸਮੇਤ ਮਾਰ ਮੁਕਾਇਆ। ਉਹਦੀ ਮੌਤ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲੀ ਤੇ ਉਹਦੇ ਜਨਾਜੇ ਚ ਦੂਰੋਂ ਦੂਰੋਂ ਚੱਲ ਕੇ ਲਗਭਗ 40 ਹਜ਼ਾਰ ਲੋਕ ਪੁੱਜੇ। ਇਹ ਇਕੱਠ ਲੋਕ ਮਨਾਂ ਚ ਜਮ੍ਹਾਂ ਹੋਏ ਰੋਹ ਤੇ ਆਜ਼ਾਦੀ ਲਈ ਭਾਰਤੀ ਹਾਕਮਾਂ ਖਿਲਾਫ਼ ਜੂਝਣ ਦਾ ਇੱਕ ਹੋਰ ਐਲਾਨ ਬਣ ਗਿਆ ਜਿਹੜਾ ਹੁਣ ਮਗਰੋਂ ਤੱਕ ਕਸ਼ਮੀਰ ਦੇ ਜ਼ਰ੍ਹੇ ਜ਼ਰ੍ਹੇ ਚੋਂ ਗੂੰਜਦਾ ਸੁਣਾਈ ਦੇ ਰਿਹਾ ਹੈ। ਵਾਨੀ ਦੀ ਮਕਬੂਲੀਅਤ ਤੇ ਲੋਕ ਮਨਾਂ ਚ ਜਮ੍ਹਾਂ ਰੋਹ ਦਾ ਅੰਦਾਜ਼ਾ ਏਥੋਂ ਵੀ ਲੱਗਦਾ ਹੈ ਕਿ ਲੋਕਾਂ ਨੂੰ ਸ਼ੱਕ ਸੀ ਕਿ ਜਿਸ ਘਰ ਚ ਉਸਦਾ ਮੁਕਾਬਲੇ ਚ ਕਤਲ ਹੋਇਆ, ਉਸਦੀ ਹਾਜ਼ਰੀ ਦੀ ਸੂਹ ਘਰ ਦੇ ਮਾਲਿਕ ਨੇ ਫੌਜ ਨੂੰ ਦਿੱਤੀ ਸੀ। ਲੋਕਾਂ ਦੇ ਹਜੂਮ ਨੇ ਪਹਿਲਾਂ ਉਸ ਘਰ ਨੂੰ ਅੱਗ ਲਾਈ ਤੇ ਮਗਰੋਂ ਉਸਦਾ ਬਾਗ ਵੀ ਉਜਾੜ ਦਿੱਤਾ। ਬੁਰਹਾਨ ਵਾਨੀ ਦੀ ਮੌਤ ਅਜਿਹੀ ਘਟਨਾ ਹੋ ਨਿੱਬੜੀ ਜੀਹਨੇ ਕਸ਼ਮੀਰੀ ਲੋਕਾਂ ਦੇ ਮਨਾਂ ਚ ਸੁਲਘਦੇ ਬਰੂਦ ਨੂੰ ਪਲੀਤਾ ਲਾਉਣ ਦਾ ਕੰਮ ਕੀਤਾ ਤੇ ਕਸ਼ਮੀਰੀ ਲੋਕਾਂ ਦੀ ਦਹਾਕਿਆਂ ਲੰਮੀ ਜਦੋਜਹਿਦ ਚ ਇੱਕ ਹੋਰ ਲਾ-ਮਿਸਾਲ ਜਨਤਕ ਉਭਾਰ ਦਾ ਅਧਿਆਇ ਸ਼ਾਮਲ ਹੋ ਗਿਆ। ਕਸ਼ਮੀਰੀ ਲੋਕਾਂ ਵੱਲੋਂ ਸਵੈ-ਨਿਰਣੇ ਦੇ ਹੱਕ ਲਈ ਲੜੇ ਜਾ ਰਹੇ ਸੰਗਰਾਮ ਅੰਦਰ ਅਜਿਹੇ ਕਈ ਦੌਰ ਆਏ ਹਨ। ਕੁਝ ਵਰ੍ਹੇ ਪਹਿਲਾਂ 2008, 09 ਤੇ 10 ਦੇ ਸਾਲਾਂ ਦੌਰਾਨ ਵੀ ਕਸ਼ਮੀਰੀ ਲੋਕਾਂ ਨੇ ਆਪਣੀ ਆਜ਼ਾਦੀ ਦੀ ਤਾਂਘ ਦਾ ਜ਼ੋਰਦਾਰ ਪ੍ਰਗਟਾਵਾ ਕਰਦਿਆਂ ਭਾਰਤੀ ਫੌਜੀ ਦਲਾਂ ਨਾਲ ਟੱਕਰਾਂ ਲਈਆਂ ਹਨ, ਸੈਂਕੜੇ ਨੌਜਵਾਨਾਂ ਨੇ ਭਾਰਤੀ ਫੌਜੀਆਂ ਦੀਆਂ ਗੋਲੀਆਂ ਸੀਨਿਆਂ ਚ ਖਾਧੀਆਂ ਹਨ। ਹਰ ਵਾਰ ਫੌਜ ਦੇ ਜਬਰ ਦੀ ਕੋਈ ਘਟਨਾ ਅਜਿਹੇ ਫੁਟਾਰੇ ਦਾ ਕਾਰਨ ਬਣ ਜਾਂਦੀ ਰਹੀ ਹੈ। ਹੁਣ ਲੰਘੀ ਅਪ੍ਰੈਲ ਚ ਵੀ ਭਾਰਤੀ ਫੌਜ ਵੱਲੋਂ ਕਸ਼ਮੀਰੀ ਨੌਜਵਾਨ ਕੁੜੀ ਨਾਲ ਛੇੜਛਾੜ ਦੀ ਘਟਨਾ ਨੇ ਅਜਿਹੇ ਰੋਸ ਪ੍ਰਦਰਸ਼ਨਾਂ ਨੂੰ ਜਨਮ ਦਿੱਤਾ ਸੀ'; ਲੋਕਾਂ ਨੇ ਫੌਜੀ ਬੰਕਰਾਂ ਤੇ ਪਥਰਾਅ ਕੀਤਾ ਸੀ ਤੇ ਚਾਰ ਕਸ਼ਮੀਰੀ ਨੌਜਵਾਨ ਫੌਜੀਆਂ ਦੀਆਂ ਗੋਲੀਆਂ ਦਾ ਨਿਸ਼ਾਨ ਬਣ ਗਏ ਸਨ। (ਇਸ ਬਾਰੇ ਲਿਖਤ ਪਿਛਲੇ ਮਈ-ਜੂਨਅੰਕ ਚ ਪੜ੍ਹੀ ਜਾ ਸਕਦੀ ਹੈ।)
ਹੁਣ 8 ਜੁਲਾਈ ਤੋਂ ਸ਼ੁਰੂ ਹੋਇਆ ਲੋਕ ਰੋਹ ਫੁਟਾਰੇ ਦਾ ਸਿਲਸਿਲਾ ਕਸ਼ਮੀਰੀ ਲੋਕਾਂ ਦੇ ਸਿਰੇ ਦੇ ਭੇੜੂ ਰੌਂਅ ਤੇ ਜਨਤਕ ਨਾਬਰੀ ਦਾ ਨਿਵੇਕਲਾ ਪ੍ਰਗਟਾਵਾ ਹੋ ਨਿੱਬੜਿਆ ਹੈ ਤੇ ਦੂਜੇ ਪਾਸੇ ਭਾਰਤੀ ਫੌਜੀ ਦਲ਼ਾਂ ਦੇ ਜ਼ੁਲਮ ਵੀ ਪਿਛਲੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ। ਕਸ਼ਮੀਰੀ ਕੌਮੀ ਸੰਗਰਾਮ ਚ ਦੋਹਾਂ ਪਾਸਿਆਂ ਦਾ ਟਕਰਾਅ ਇਸ ਪੱਧਰ ਨੂੰ ਪਹੁੰਚ ਰਿਹਾ ਹੈ ਕਿ ਹਰ ਗੇੜ ਪਹਿਲੇ ਨਾਲੋਂ ਵੀ ਤਿੱਖੇ ਟਕਰਾਅ ਦਾ ਸੂਚਕ ਹੁੰਦਾ ਹੈ। ਹੁਣ ਵੀ ਕਸ਼ਮੀਰ ਵਾਦੀ ਚ ਉੱਠੀ ਇਸ ਲੋਕ ਲਹਿਰ ਦਾ ਨਾਅਰਾ ਆਜ਼ਾਦੀ ਹੈ। ਨੌਜਵਾਨ ਸਭ ਤੋਂ ਮੋਹਰੀ ਹਨ ਪਰ ਵਡੇਰੀ ਉਮਰ ਵਾਲੇ ਵੀ ਪਿੱਛੇ ਨਹੀਂ ਹਨ। ਔਰਤਾਂ ਤੇ ਛੋਟੇ ਛੋਟੇ ਬੱਚੇ ਵੀ ਆਜ਼ਾਦੀਤੇ ਭਾਰਤੀ ਫੌਜ ਦੇ ਜ਼ੁਲਮਾਂ ਤੋਂ ਮੁਕਤੀ ਦੀਆਂ ਉਮੰਗਾਂ ਲੈ ਕੇ ਸੜਕਾਂ ਤੇ ਨਿੱਤਰਦੇ ਹਨ। ਕਰਫਿਊ, ਦਫ਼ਾ ਚੁਤਾਲੀਆਂ, ਇੰਟਰਨੈੱਟ ਤੇ ਅਖ਼ਬਾਰਾਂ ਤੇ ਪਾਬੰਦੀਆਂ ਦਾ ਇੱਕ ਲੰਮਾ ਸਿਲਸਿਲਾ ਹੈ। ਨਿੱਤ ਦੀਆਂ ਵਸਤਾਂ ਦੀ ਭਾਰੀ ਥੁੜ੍ਹ ਹੈ, ਸਕੂਲ-ਕਾਲਜ ਡੇਢ ਮਹੀਨੇ ਤੋਂ ਬੰਦ ਹਨ, ਟਰਾਂਸਪੋਰਟਰਾਂ ਤੇ ਹੋਰ ਕਾਰੋਬਾਰੀਆਂ ਦੀਆਂ ਲੰਮੀਆਂ ਹੜਤਾਲਾਂ ਹਨ। ਪ੍ਰਦਰਸ਼ਨਾਂ ਤੇ ਮੁਕੰਮਲ ਪਾਬੰਦੀਆਂ ਹਨ ਤੇ ਸੜਕਾਂ ਤੇ ਨਿੱਤਰਨ ਦਾ ਅਰਥ ਗੋਲੀ ਹੈ ਪਰ ਲੋਕ ਨਿੱਕਲਦੇ ਹਨ। ਫੌਜੀ ਪਾਬੰਦੀਆਂ ਨੂੰ ਟਿੱਚ ਜਾਣਦੇ ਹਨ। ਪੈਲਟ ਬੰਦੂਕਾਂ ਸਰੀਰ ਦੇ ਉੱਪਰਲੇ ਹਿੱਸੇ ਨੂੰ ਛੱਲਣੀ ਕਰਦੀਆਂ ਹਨ। ‘‘ਦ ਹਿੰਦੂ’’ ਅਖਬਾਰ ਵੱਲੋਂ 10 ਜ਼ਿਲ੍ਹਿਆਂ ਚੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਪਹਿਲੇ 45 ਦਿਨਾਂ ਚ ਪੈਲਟ ਬੰਦੂਕਾਂ ਨਾਲ 3000 ਤੋਂ ਵੱਧ ਜ਼ਖਮੀ ਹੋਏ ਹਨ ਤੇ ਕੁੱਲ ਜ਼ਖਮੀਆਂ ਦੀ ਗਿਣਤੀ 5800 ਤੋਂ ਉੱਪਰ ਹੈ। ਜ਼ਖਮੀਆਂ ਚੋਂ 55 ਫ਼ੀਸਦੀ ਲੋਕ ਦੱਖਣੀ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਆਨੰਤਨਾਗ, ਪੁਲਵਾਮਾ, ਕੁਲਗਾਮ ਤੇ ਸ਼ੋਪੀਆਂ ਚੋਂ ਹਨ। ਸਰਕਾਰੀ ਅੰਕੜਿਆਂ ਅਨੁਸਾਰ ਸੁਰੱਖਿਆ ਬਲਾਂ ਦੇ ਲਗਭਗ 2600 ਵਿਅਕਤੀਆਂ ਨੂੰ ਵੀ ਸੱਟਾਂ ਲੱਗੀਆਂ ਹਨ। 972 ਲੋਕਾਂ ਦੀਆਂ ਅੱਖਾਂ ਜ਼ਖਮੀ ਹੋਈਆਂ ਹਨ ਤੇ ਲੋਕਾਂ ਖਿਲਾਫ਼ 500 ਤੋਂ ਉੱਪਰ ਕੇਸ ਦਰਜ ਕੀਤੇ ਗਏ ਹਨ। ਨਿੱਤ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ।

ਭਾਰਤੀ ਰਾਜ ਦਾ ਜ਼ੁਲਮ ਦਰ ਜ਼ੁਲਮ ਦਾ ਪੈਂਤੜਾ

ਭਾਰਤੀ ਰਾਜ ਨੇ ਹੁਣ ਤੱਕ ਕਸ਼ਮੀਰ ਨੂੰ ਜਬਰ ਦੇ ਜ਼ੋਰ ਹੀ ਦੱਬਿਆ ਹੋਇਆ ਹੈ। ਕਿਸੇ ਵੇਲੇ ਸ਼ਰਤਾਂ ਤਹਿਤ ਆਰਜ਼ੀ ਇਲਹਾਕ ਤੋਂ ਮਗਰੋਂ ਜਿਉਂ ਜਿਉਂ ਭਾਰਤੀ ਹਾਕਮ ਰਾਇ-ਸ਼ੁਮਾਰੀ ਦੇ ਵਾਅਦੇ ਤੋਂ ਮੁੱਕਰਦੇ ਗਏ ਹਨ ਤੇ ਜਬਰ ਦਾ ਕੁਹਾੜਾ ਤੇਜ਼ ਕਰਦੇ ਗਏ ਹਨ, ਵਾਦੀ ਚ ਰਾਇ-ਸ਼ੁਮਾਰੀ ਦੀ ਮੰਗ ਵਾਰ ਵਾਰ ਉੱਠਦੀ ਰਹੀ ਹੈ ਤੇ ਭਾਰਤੀ ਰਾਜ ਇਸ ਮੰਗ ਨੂੰ ਦਹਾਕਿਆਂ ਤੋਂ ਫੌਜੀ ਬੂਟਾਂ ਹੇਠ ਦਰੜਦਾ ਆ ਰਿਹਾ ਹੈ। ਕਸ਼ਮੀਰੀ ਆਜ਼ਾਦੀ ਜਾਂ ਖੁਦਮੁਖਤਿਆਰੀ ਦੀ ਮੰਗ ਕਰਨ ਵਾਲੇ ਸਭਨਾਂ ਆਗੂਆਂ ਜਾਂ ਲਹਿਰਾਂ ਨੂੰ ਜਬਰ ਦੇ ਜ਼ੋਰ ਕੁਚਲਣ ਦਾ ਰਾਹ ਫੜੀ ਰੱਖਿਆ ਹੈ। ਕੌਮੀ ਖੁਦਮੁਖਤਿਆਰੀ ਤੇ ਆਜ਼ਾਦੀ ਦੀ ਮੰਗ ਲਈ ਜੂਝਣ ਵਾਲੇ ਆਗੂਆਂ ਨੂੰ ਪੈਸੇ ਦੇ ਜ਼ੋਰ ਖਰੀਦਣ ਤੋਂ ਲੈ ਕੇ ਹਰ ਹਰਬਾ ਵਰਤ ਕੇ ਗੁੱਠੇ ਲਾਇਆ ਹੈ। ਅੜੇ ਰਿਹਾਂ ਨੂੰ ਫਾਂਸੀ ਲਾਇਆ ਹੈ, ਜੇਲ੍ਹੀਂ ਸੁੱਟਿਆ ਹੈ। ਕਸ਼ਮੀਰੀ ਜਦੋਜਹਿਦ ਨੂੰ ਫਿਰਕੂ ਰੰਗਤ ਦੇਣ ਦੇ ਯਤਨ ਹੋਏ ਹਨ ਤੇ ਕਦੇ ਇਸਦੇ ਪਾਕਿਸਤਾਨ ਨਾਲ ਸਬੰਧਾਂ ਦਾ ਰੌਲਾ ਪਾਇਆ ਗਿਆ ਹੈ। ਅਜਿਹੇ ਯਤਨਾਂ ਚੋਂ ਵੀ ਮੁੱਖ ਟੇਕ ਜਬਰ ਤੇ ਹੀ ਰਹੀ ਹੈ। ਵਾਦੀ ਚ ਜਾਬਰ ਫੌਜੀ ਕਾਨੂੰਨ ਅਫਸਪਾ ਦਹਾਕਿਆਂ ਤੋਂ ਮੜ੍ਹਿਆ ਹੋਇਆ ਹੈ ਜਿਸ ਤਹਿਤ ਫੌਜੀ ਬਲਾਂ ਕੋਲ਼ ਅਥਾਹ ਸ਼ਕਤੀਆਂ ਹਨ। ਕਸ਼ਮੀਰ ਚ ਚੱਪੇ ਚੱਪੇ ਤੇ ਫੌਜ ਕਾਬਜ਼ ਹੈ, ਥਾਂ ਥਾਂ ਫੌਜੀ ਬੰਕਰ ਹਨ। ਲੋਕਾਂ ਲਈ ਪੈਰ ਪੈਰ ਤੇ ਜ਼ਲਾਲਤ ਹੈ, ਔਰਤਾਂ ਦੀਆਂ ਇੱਜਤਾਂ ਨਾਲ ਖੇਡਣਾ, ਸਭਨਾਂ ਧਾੜਵੀ ਫੌਜਾਂ ਵਾਂਗ ਭਾਰਤੀ ਫੌਜ ਦਾ ਆਮ ਹਥਿਆਰ ਹੈ। ਕਸ਼ਮੀਰ ਚ ਹੁਣ ਤੱਕ ਅਨੇਕਾਂ ਝੂਠੇ ਪੁਲਸ ਮੁਕਾਬਲੇ ਬਣਾ ਕੇ ਹਜ਼ਾਰਾਂ ਨੌਜਵਾਨ ਕਤਲ ਕੀਤੇ ਜਾ ਚੁੱਕੇ ਹਨ। ਕਸ਼ਮੀਰ ਚ ਇਸ ਵੇਲੇ ਲਗਭਗ 7 ਲੱਖ ਸੁਰੱਖਿਆ ਬਲ ਤਾਇਨਾਤ ਹਨ। ਗਾਇਬ ਕਰ ਦਿੱਤੇ ਗਿਆਂ ਦੀਆਂ ਸੂਚੀਆਂ ਲੰਮੀਆਂ ਹਨ। ਅਜਿਹੀਆਂ ਹਾਲਤਾਂ ਚ ਲੋਕਾਂ ਤੋਂ ਰੋਸ ਪ੍ਰਗਟਾਉਣ ਦਾ ਹੱਕ ਵੀ ਖੋਹਿਆ ਹੋਇਆ ਹੈ।
ਭਾਰਤੀ ਰਾਜ ਦੇ ਅਜਿਹੇ ਵਿਹਾਰ ਨੇ ਕਸ਼ਮੀਰੀ ਜਨਤਾ ਅੰਦਰ ਭਾਰਤ ਲਈ ਬੇਗਾਨਗੀ ਦੀਆਂ ਬਹੁਤ ਡੂੰਘੀਆਂ ਭਾਵਨਾਵਾਂ ਪੈਦਾ ਕੀਤੀਆਂ ਹਨ। ਇਹ ਸਥਾਪਿਤ ਸੱਚਾਈ ਹੈ ਕਿ ਕਸ਼ਮੀਰੀ ਲੋਕ ਭਾਰਤ ਨਾਲ ਰਹਿਣ ਲਈ ਉੱਕਾ ਹੀ ਤਿਆਰ ਨਹੀਂ ਹਨ ਤੇ ਉਹ ਆਜ਼ਾਦੀ ਚਾਹੁੰਦੇ ਹਨ। ਆਜ਼ਾਦੀ ਦੀਆਂ ਭਾਵਨਾਵਾਂ ਏਨੀਆਂ ਜ਼ੋਰਦਾਰ ਹਨ ਕਿ ਪਾਕਿਸਤਾਨ ਪੱਖੀ ਜਾਂ ਉਸ ਨਾਲ ਰਲੇਵੇਂ ਦੇ ਹਾਮੀਆਂ ਦੀ ਇਹ ਜੁਰੱਅਤ ਨਹੀਂ ਪੈਂਦੀ ਕਿ ਉਹ ਕੋਈ ਅਜਿਹੀ ਪੁਜੀਸ਼ਨ ਉਭਾਰ ਸਕਣ ਸਗੋਂ ਉਹਨਾਂ ਨੂੰ ਵੀ ਏਸੇ ਮੰਗ ਚ ਹਾਮੀ ਭਰਨੀ ਪੈਂਦੀ ਹੈ। ਇਹ ਭਾਰਤੀ ਹਾਕਮ ਵੀ ਜਾਣਦੇ ਹਨ ਕਿ ਰਾਇਸ਼ੁਮਾਰੀ ਚ ਕਸ਼ਮੀਰੀ ਲੋਕ ਉਹਨਾਂ ਨੂੰ ਬੁਰੀ ਤਰ੍ਹਾਂ ਦੁਰਕਾਰ ਦੇਣਗੇ। ਇਸ ਲਈ ਉਹ ਅਫ਼ਸਪਾ ਹਟਾਉਣ ਜਾਂ ਫੌਜਾਂ ਘਟਾਉਣ ਦੇ ਰਾਹ ਨਹੀਂ ਪੈਂਦੇ ਸਗੋਂ ਹਰ ਅਜਿਹੇ ਗੇੜ ਮਗਰੋਂ ਫੌਜੀ ਬਲਾਂ ਦੀ ਗਿਣਤੀ ਚ ਵਾਧਾ ਹੋ ਜਾਂਦਾ ਹੈ। ਹੁਣ ਭਾਜਪਾਈ ਹਕੂਮਤ ਵੀ ਏਸੇ ਪੈਂਤੜੇ ਤੇ ਹੈ। ਹਾਕਮਾਂ ਨੂੰ ਉਮੀਦ ਹੈ ਕਿ ਕਸ਼ਮੀਰੀ ਲੋਕ ਥੱਕ ਹਾਰ ਕੇ ਚੁੱਪ ਹੋ ਜਾਣਗੇ ਤੇ ਅੰਨ੍ਹੇ ਜਬਰ ਮੂਹਰੇ ਟੁੱਟ ਜਾਣਗੇ। ਆਖਰ ਕਿੰਨਾ ਚਿਰ ਹੜਤਾਲਾਂ ਤੇ ਬੰਦ ਚ ਜੀਵਨ ਗੁਜ਼ਾਰਨਗੇ। ਦਿਹਾੜੀਦਾਰਾਂ ਲਈ ਜ਼ਿਆਦਾ ਸਮਾਂ ਇਉਂ ਲੰਘਾਉਣਾ ਔਖਾ ਹੈ। ਇਹ ਮੰਨ ਕਿ ਹੀ ਪਹਿਲਾਂ ਮੋਦੀ ਮਹੀਨਾ ਭਰ ਚੁੱਪ ਰਿਹਾ ਹੈ, ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਤੇ ਕਸ਼ਮੀਰ ਸਮੱਸਿਆ ਦੇ ਹੱਲ ਦੇ ਉਸਦੇ ਦਾਅਵੇ ਦੀ ਹਕੀਕਤ ਅਰੁਣ ਜੇਤਲੀ ਦੇ ਮੂੰਹੋਂ ਬਾਹਰ ਆ ਗਈ ਹੈ। ਉਹਨੇ ਜੂਝਦੇ ਕਸ਼ਮੀਰੀ ਲੋਕਾਂ ਨਾਲ ਗੱਲਬਾਤ ਤੋਂ ਇਨਕਾਰ ਕੀਤਾ ਹੈ ਤੇ ਇਉਂ ਹੀ ਨਜਿੱਠਣ ਦਾ ਹੰਕਾਰੀ ਐਲਾਨ ਕੀਤਾ ਹੈ। ਕਸ਼ਮੀਰ ਚ ਵਫ਼ਦ ਭੇਜਣ, ਰਾਜਨਾਥ ਦੇ ਦੌਰੇ ਤੇ ਕਸ਼ਮੀਰੀਅਤ ਜਮਹੂਰੀਅਤ ਦੀਆਂ ਗੱਲਾਂ ਦਾ ਦੰਭ ਭਾਰਤੀ ਫੌਜਾਂ ਦੀਆਂ ਗੋਲੀਆਂ ਨਾਲ ਤੇ ਭਾਜਪਾ ਨੇਤਾਵਾਂ ਦੇ ਜ਼ਹਿਰੀਲੇ ਬਾਣਾਂ ਨਾਲ ਝਟਪਟ ਲੀਰੋ ਲੀਰ ਹੋ ਰਿਹਾ ਹੈ। ਕਸ਼ਮੀਰ ਚ ਅਜਿਹੇ ਵਫ਼ਦਾਂ ਨੇ ਪਹਿਲਾਂ ਵੀ ਬਹੁਤ ਸੈਰਾਂਕੀਤੀਆਂ ਹਨ।
ਸਾਰੇ ਭਾਰਤੀ ਹਾਕਮ ਹੀ ਕਸ਼ਮੀਰ ਨੂੰ ਫੌਜੀ ਜਬਰ ਦੇ ਜ਼ੋਰ ਦੱਬ ਕੇ ਰੱਖਣ ਦੇ ਮੁਦਈ ਰਹੇ ਹਨ ਤੇ ਭਾਜਪਾ ਇਸ ਨੀਤੀ ਨੂੰ ਲਾਗੂ ਕਰਨ ਲਈ ਹੋਰ ਵੀ ਚੱਕਵੀਂ ਪੁਜੀਸ਼ਨ ਲੈਂਦੀ ਰਹੀ ਹੈ। ਹੁਣ ਸੱਤ੍ਹਾ ਚ ਆ ਕੇ ਉਹ ਏਸੇ ਨੀਤੀ ਨੂੰ ਲਾਗੂ ਕਰ ਰਹੀ ਹੈ।

ਸਵੈ ਨਿਰਣੇ ਦਾ ਹੱਕ ਬਿਨਾਂ ਸ਼ਰਤ ਹਮਾਇਤ ਦਾ ਹੱਕਦਾਰ



ਕਸ਼ਮੀਰੀ ਲੋਕਾਂ ਵੱਲੋਂ ਸਵੈ-ਨਿਰਣੇ ਦੇ ਹੱਕ ਲਈ ਕੀਤੀ ਜਾ ਰਹੀ ਜੱਦੋਜਹਿਦ ਪੂਰੀ ਤਰ੍ਹਾਂ ਵਾਜਬ ਹੈ। ਕਸ਼ਮੀਰੀ ਕੌਮ ਨੇ ਭਾਰਤ ਨਾਲ ਜਬਰੀ ਰਲੇਵਾਂ ਕਦੇ ਵੀ ਪ੍ਰਵਾਨ ਨਹੀਂ ਕੀਤਾ। ਵੱਖਰੀ ਕੌਮ ਵਜੋਂ ਆਪਣੀ ਸ਼ਨਾਖਤ ਲਈ ਉਹਨਾਂ ਚ ਜ਼ੋਰਦਾਰ ਜਜ਼ਬੇ ਮੌਜੂਦ ਹਨ। ਇੱਕ ਕੌਮ ਵਜੋਂ ਆਪਣੀ ਹੋਣੀ ਤੈਅ ਕਰਨ ਦਾ ਅਧਿਕਾਰ ਸਿਰਫ਼ ਕਸ਼ਮੀਰੀ ਲੋਕਾਂ ਕੋਲ ਹੈ, ਹੋਰ ਕਿਸੇ ਕੋਲ ਨਹੀਂ। ਕੌਮਾਂ ਦੇ ਸਵੈ-ਨਿਰਣੇ ਦਾ ਹੱਕ ਦੁਨੀਆਂ ਚ ਪੁਗਾਇਆ ਜਾ ਚੁੱਕਾ ਹੈ ਤੇ ਲੋਕਾਂ ਦੀ ਰਜ਼ਾ ਅਨੁਸਾਰ ਅਜਿਹੇ ਫੈਸਲੇ ਹੋਣ ਦੀਆਂ ਉਦਾਹਰਨਾਂ ਮੌਜੂਦ ਹਨ ਇਸ ਪੱਖੋਂ ਇਹ ਕੋਈ ਨਵਾਂ ਤੇ ਅਲੋਕਾਰੀ ਕਦਮ ਨਹੀਂ ਹੈ। ਸੋਵੀਅਤ ਯੂਨੀਅਨ ਬਣਨ ਵੇਲੇ ਵੀ ਤੇ ਮਗਰੋਂ ਟੁੱਟਣ ਵੇਲੇ ਵੀ ਵੱਖ ਵੱਖ ਕੌਮੀਅਤਾਂ ਨੇ ਅਜਿਹੇ ਅਧਿਕਾਰ ਦੀ ਵਰਤੋਂ ਕੀਤੀ ਹੈ, ਆਇਰਲੈਂਡ ਚ ਵੀ ਰਾਇ-ਸ਼ੁਮਾਰੀ ਕਰਵਾਈ ਗਈ ਸੀਕਸ਼ਮੀਰ ਦੇ ਆਜ਼ਾਦ ਹੋਣ ਦੀ ਹਾਲਤ ਚ ਉਸ ਉੱਪਰ ਪਾਕਿਸਤਾਨ ਵੱਲੋਂ ਕਬਜ਼ਾ ਕਰ ਲੈਣ, ਉਥੇ ਇਸਲਾਮਿਕ ਮੂਲਵਾਦੀ ਤਾਕਤਾਂ ਦੇ ਕਾਬਜ਼ ਹੋ ਜਾਣ ਵਰਗੀਆਂ ਸਾਰੀਆਂ ਦਲੀਲਾਂ ਅਸਲ ਚ ਧਾੜਵੀ ਦਲੀਲਾਂ ਹਨ। ਇਹਨਾਂ ਦਾ ਇੱਕੋ ਇੱਕ ਜਵਾਬ ਹੈ ਕਿ ਕਸ਼ਮੀਰੀ ਲੋਕਾਂ ਨੂੰ ਕਮਜ਼ੋਰ ਗਰਦਾਨ ਕੇ ਉਹਨਾਂ ਦੀ ਹੋਣੀ ਦਾ ਫੈਸਲਾ ਆਪਣੇ ਹੱਥ ਲੈਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਇਸ ਧਰਤੀ ਤੇ ਇਹਤੋਂ ਛੋਟੇ ਛੋਟੇ ਮੁਲਕ ਤੇ ਕੌਮੀਅਤਾਂ ਵੀ ਆਜ਼ਾਦ ਵਸਦੀਆਂ ਹਨ (ਸਾਮਰਾਜੀ ਦਾਬਾ ਅਗਲੀ ਗੱਲ ਹੈ) ਤੇ ਵੱਡੇ ਵੱਡੇ ਮੁਲਕ ਸਾਮਰਾਜੀ ਧਾੜਵੀ ਫੌਜਾਂ ਨੇ ਕਬਜ਼ੇ ਚ ਵੀ ਕੀਤੇ ਹੋਏ ਹਨ। ਅਜਿਹੀਆਂ ਦਲੀਲਾਂ ਸਿਰਫ਼ ਨਜਾਇਜ਼ ਕਬਜ਼ੇ ਨੂੰ ਵਾਜਬ ਠਹਿਰਾਉਣ ਲਈ ਹਨ। ਬਿਨਾਂ ਸ਼ੱਕ ਪਾਕਿਸਤਾਨੀ ਹਾਕਮਾਂ ਦੀ ਨੀਤ ਵੀ ਕਸ਼ਮੀਰ ਦੱਬਣ ਦੀ ਹੈ ਤੇ ਉਹ ਇੱਕ ਪਾਸਾ ਪਹਿਲਾਂ ਹੀ ਦੱਬੀ ਬੈਠੇ ਹਨ। ਇਉਂ ਸਵੈ-ਨਿਰਣੇ ਦਾ ਹੱਕ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਲਈ ਵੀ ਉਵੇਂ ਹੀ ਮਹੱਤਤਾ ਰੱਖਦਾ ਹੈ ਜਿਵੇਂ ਭਾਰਤੀ ਕਬਜ਼ੇ ਹੇਠ ਕਸ਼ਮੀਰ ਲਈ। ਇਹ ਦੋਹਾਂ ਪਾਸਿਆਂ ਦੇ ਲੋਕਾਂ ਨੇ ਤੈਅ ਕਰਨਾ ਹੈ ਕਿ ਉਹਨਾਂ ਭਾਰਤ ਨਾਲ ਰਹਿਣਾ ਹੈ ਜਾਂ ਪਾਕਿਸਤਾਨ ਨਲ ਜਾਂ ਫਿਰ ਵੱਖਰੇ ਆਜ਼ਾਦ ਮੁਲਕ ਵਜੋਂ। ਦੋਹਾਂ ਮੁਲਕਾਂ ਦੇ ਲੋਕ ਤੇ ਹਾਕਮ ਕਸ਼ਮੀਰੀ ਲੋਕਾਂ ਨੂੰ ਆਪਣੇ ਨਾਲ ਰਹਿਣ ਲਈ ਪ੍ਰੇਰਿਤ ਕਰ ਸਕਦੇ ਹਨ, ਇਹਦੇ ਲਾਹੇ ਦਰਸਾ ਸਕਦੇ ਹਨ, ਪਰ ਉਹਨਾਂ ਤੇ ਆਪਣੀ ਇੱਛਾ ਥੋਪ ਨਹੀਂ ਸਕਦੇ। ਉਹਨਾਂ ਦੀ ਅਜਿਹੀ ਕਿਸੇ ਕਿਸਮ ਦੀ ਇੱਛਾ ਦਾ ਸਤਿਕਾਰ ਕਰਨਾ ਤੇ ਇਸਨੂੰ ਪ੍ਰਵਾਨ ਕਰਨਾ ਹੀ ਅਸਲ ਜਮਹੂਰੀ ਵਿਹਾਰ ਬਣਦਾ ਹੈ।
ਏਸੇ ਜਮਹੂਰੀ ਪਹੁੰਚ ਦੇ ਅਧਾਰ ਤੇ ਅੱਜ ਭਾਰਤੀ ਲੋਕਾਂ ਨੂੰ ਕਸ਼ਮੀਰ ਚ ਢਾਹੇ ਜਾ ਰਹੇ ਹਰ ਤਰ੍ਹਾਂ ਦੇ ਜਬਰ ਦੇ ਫੌਰੀ ਤੇ ਡਟਵੇਂ ਵਿਰੋਧ ਦਾ ਪੈਂਤੜਾ ਲੈਣਾ ਚਾਹੀਦਾ ਹੈ। ਕਸ਼ਮੀਰ ਚ ਲੋਕਾਂ ਦੇ ਹਰ ਤਰ੍ਹਾਂ ਦੇ ਜਮਹੂਰੀ ਹੱਕ ਬਹਾਲ! ਦੋਸ਼ੀ ਫੌਜੀ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ, ਅਫਸਪਾ ਹਟਾਉਣ ਤੇ ਫੌਜ ਮੁਕੰਮਲ ਰੂਪ ਚ ਵਾਪਸ ਬੁਲਾਉਣ ਦੇ ਕਦਮ ਲੈਣ ਦੀ ਮੰਗ ਕਰਨੀ ਚਾਹੀਦੀ ਹੈ। ਕਸ਼ਮੀਰ ਚ ਹਾਲਾਤ ਸਾਵੇਂ ਕਰਨ ਅਤੇ ਰਾਇਸ਼ੁਮਾਰੀ ਲਈ ਜਮਹੂਰੀ ਮਾਹੌਲ ਦੀ ਸਿਰਜਣਾ ਹੋਣੀ ਚਾਹੀਦੀ ਹੈ। ਕਸ਼ਮੀਰੀ ਲੋਕਾਂ ਨੂੰ ਸਵੈ-ਨਿਰਣੇ ਦੇ ਹੱਕ ਦੀ ਜ਼ਾਮਨੀ ਤੋਂ ਉਰ੍ਹਾਂ ਕਸ਼ਮੀਰ ਮਸਲੇਦਾ ਹੋਰ ਕੋਈ ਹੱਲ ਨਹੀਂ ਹੈ।

No comments:

Post a Comment