ਕਿਰਤੀ ਜੀਵਨ ਯਥਾਰਥ ਚਿਤਰਦਾ ਸੀ ਗੁਰਦਿਆਲ
ਸਿੰਘ
- ਪਾਵੇਲ
ਲੋਕ ਪੱਖੀ ਸਾਹਿਤਕ ਹਲਕਿਆਂ ਤੇ ਸਮਾਜੀ
ਸਰੋਕਾਰਾਂ ਵਾਲੇ ਸਭਨਾਂ ਹਿੱਸਿਆਂ ’ਚ ਇਹ ਖਬਰ ਬੜੇ ਦੁੱਖ ਨਲ
ਸੁਣੀ ਗਈ ਕਿ ਪੰਜਾਬੀ ਦੇ ਸ਼੍ਰੋਮਣੀ ਲੋਕ ਪੱਖੀ ਨਾਵਲਕਾਰ ਗੁਰਦਿਆਲ ਸਿੰਘ ਨਹੀਂ ਰਹੇ। ਉਹ ਲੰਘੀ 16 ਅਗਸਤ ਨੂੰ 84 ਵਰ੍ਹੇ ਲੰਮੀ ਉਮਰ ਹੰਢਾ ਕੇ ਇਸ ਸੰਸਾਰ ਤੋਂ ਵਿਦਾਅ ਹੋਏ। ਗੁਰਦਿਆਲ ਸਿੰਘ ਕਿਰਤੀਆਂ ਕਾਮਿਆਂ
ਦੇ ਸਾਹਿਤਕਾਰ ਸਨ ਤੇ ਕਿਰਤੀ ਜੀਵਨ ਹੀ ਉਮਰ ਭਰ ਉਹਨਾਂ ਦੀ ਸਾਹਿਤਕ ਰਚਨਾ ਦਾ ਧੁਰਾ ਰਿਹਾ ਹੈ।
ਉਹਨਾਂ ਦੇ ਜਾਣ ਨਾਲ ਪੰਜਾਬੀ ਕਿਰਤੀ ਆਪਣੇ ਦਰਦੀ ਤੋਂ ਵਾਂਝੇ ਹੋ ਗਏ ਹਨ ਜਿਸਨੇ ਪੰਜਾਬ ਦੇ ਕਿਰਤੀ
ਕਾਮਿਆਂ ਦੇ ਜੀਵਨ ਯਥਾਰਥ ਨੂੰ ਬਹੁਤ ਬਰੀਕੀ ਨਾਲ ਇਉਂ ਚਿਤਵਿਆ ਕਿ ਲੋਹੜੇ ਦੀਆਂ ਤੰਗੀਆਂ ਤੁਰਸ਼ੀਆਂ
ਅਤੇ ਅਧੂਰੀਆਂ ਸੱਧਰਾਂ ਵਾਲੇ ਇਸ ਜੀਵਨ ਨੂੰ ਬਦਲਣ ਦੀ ਤਾਂਘ ਪਾਠਕ ਦੇ ਮਨ ’ਚ ਅੰਗੜਾਈ ਲੈ ਉੱਠੇ। ਪੰਜਾਬ ਨਾਵਲ ਦੇ ਖੇਤਰ ’ਚ ਉਹਨਾਂ ਦੀਆਂ ਪਾਈਆਂ
ਪੈੜਾਂ ਅਮਿੱਟ ਹਨ ਤੇ ਪੰਜਾਬੀ ਨਾਵਲ ਦੇ ਖੇਤਰ ’ਚ ਅਜੇ ਉਹਨਾਂ ਦਾ ਕੋਈ
ਸਾਨੀ ਨਹੀਂ ਹੈ, ਇਉਂ ਇਹ ਘਾਟਾ ਹੋਰ ਵੀ ਵੱਡਾ ਹੋ ਜਾਂਦਾ ਹੈ।
ਜੈਤੋ ਤੇ ਕਿਰਤੀ ਪਰਿਵਾਰ ’ਚ ਜਨਮੇ ਗੁਰਦਿਆਲ ਸਿੰਘ ਨੇ ਕਿਰਤੀ ਕਾਮਿਆਂ ਦੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਹੱਡੀਂ
ਹੰਢਾਇਆ ਤੇ ਇਹ ਅਨੁਭਵ ਹੁਣ ਤੱਕ ਉਹਨਾਂ ਦੇ ਅੰਦਰ ਡੂੰਘਾ ਸਮੋਇਆ ਰਿਹਾ ਹੈ। ਉਹਨਾਂ ਚਾਹੇ
ਪ੍ਰਾਇਮਰੀ ਅਧਿਆਪਕ ਤੋਂ ਲੈ ਕੇ ਯੂਨੀਵਰਸਿਟੀ ਦੇ ਪ੍ਰੋਫੈਸਰ ਤੱਕ ਦਾ ਲੰਮਾ ਅਕਾਦਮਿਕ ਸਫ਼ਰ ਤੈਅ
ਕੀਤਾ ਪਰ ਉਹਨਾਂ ਹਮੇਸ਼ਾਂ ਉਸ ਅਨੁਭਵ ਦੀ ਗੱਲ ਕੀਤੀ ਜਿਹੜਾ ਉਹਨਾਂ ਨੇ ਚੜ੍ਹਦੀ ਜਵਾਨੀ ’ਚ ਮਿਸਤਰੀ ਦਾ ਕੰਮ ਕਰਦਿਆਂ ਹਾਸਲ ਕੀਤਾ ਸੀ। ਉਹਨਾਂ ਦਾ ਸਾਹਿਤਕ ਸਫ਼ਰ 1957 ’ਚ ਕਹਾਣੀਆਂ ਨਾਲ ਸ਼ੁਰੂ ਹੋਇਆ ਜਿਹੜਾ ਆਖਰੀ ਸਾਹਾਂ ਤੱਕ ਜਾਰੀ ਰਿਹਾ ਹੈ। ਉਹਨਾਂ ਦੀ ਵੱਡੀ ਤੇ
ਮਹੱਤਵਪੂਰਨ ਦੇਣ ਪੰਜਾਬੀ ਨਾਵਲ ਨੂੰ ਰੋਮਾਂਚ, ਚੁਸਤ ਵਾਰਤਾਲਾਪ ਤੇ ਰੰਗ
ਬਰੰਗੇ ਦ੍ਰਿਸ਼ਾਂ ਦੇ ਮੰਡਲਾਂ ’ਚੋਂ ਕੱਢ ਕੇ ਯਥਾਰਥ ਦੇ ਧਰਾਤਲ ਤੇ ਨਿੱਗਰਤਾ
ਨਾਲ ਟਿਕਾਇਆ। ‘‘ਮੜ੍ਹੀ ਦਾ ਦੀਵਾ’’
ਉਹਨਾਂ ਦਾ ਪਹਿਲਾ ਨਾਵਲ ਸੀ ਜਿਸਨੇ ਪੰਜਾਬੀ
ਨਾਵਲ ਜਗਤ ਦਾ ਮੁਹਾਂਦਰਾ ਬਦਲ ਦਿੱਤਾ। ਉਹਨਾਂ ਦੇ ਪ੍ਰਸਿੱਧ ਅਣਹੋਏ, ਅੱਧ ਚਾਨਣੀ ਰਾਤ,
ਅੰਨ੍ਹੇ ਘੋੜੇ ਦਾ ਦਾਨ ਤੇ ਪਰਸਾ ਵਰਗੇ ਨਾਵਲਾਂ
ਨੇ ਪੰਜਾਬੀ ਸਾਹਿਤ ਜਗਤ ਨੂੰ ਜਗਸੀਰ, ਬਿਸ਼ਨੇ, ਮੋਦਨ ਤੇ ਪਰਸੇ ਵਰਗੇ ਕਿਰਤੀ ਨਾਇਕ ਦਿੱਤੇ ਜਿਹੜੇ ਜ਼ਿੰਦਗੀ ਦੀ ਭਰਪੂਰਤਾ ਨੂੰ ਮਾਨਣ ਦੀ
ਚਾਹਨਾ ਰੱਖਦੇ ਹਨ ਤੇ ਜਮਾਤੀ ਵੰਡ ਵਾਲੇ ਸਮਾਜ ’ਚ ਤਰ੍ਹਾਂ ਤਰ੍ਹਾਂ ਦੇ
ਵਿਗੋਚੇ ਹੰਢਾਉਂਦੇ ਹਨ। ਉਹਨਾਂ ਦੇ ਨਾਵਲ ਕਹਾਣੀਆਂ ਪੰਜਾਬੀ ਦੇ ਅਗਲੇ ਸਾਹਿਤਕਾਰਾਂ ਲਈ ਪ੍ਰੇਰਨਾ
ਬਣੇ। ਉਹਨਾਂ ਦੇ ਨਾਵਲਾਂ ਨੂੰ ਨਾਟਕਾਂ ਰਾਹੀਂ ਕਈ ਨਾਟਕਕਾਰ ਇਸ ਅਮੁੱਲੇ ਖਜ਼ਾਨੇ ਨੂੰ ਲੋਕਾਂ ਤੱਕ
ਲੈ ਕੇ ਗਏ। ਉਹਨਾਂ ਪੰਜਾਬੀ ਸਾਹਿਤ ਜਗਤ ’ਚ ਸਾਹਿਤ-ਸਿਰਜਣਾ ਦੇ ਉੱਚੇ
ਮਿਆਰ ਸਥਾਪਿਤ ਕੀਤੇ ਜਿੰਨ੍ਹਾਂ ਨੇ ਪੰਜਾਬੀ ਸਾਹਿਤਕ ਕਿਰਤਾਂਨੂੰ ਵਿਸ਼ਵ ਕਲਾਸਿਕ ਸਾਹਿਤ ਦੀਆਂ ਉੱਤਮ
ਰਚਨਾਵਾਂ ਦੀ ਕਤਾਰ ’ਚ ਖੜ੍ਹ
ਸਕਣ ਦੇ ਯੋਗ ਬਣਾਇਆ।
ਵੱਖ ਵੱਖ ਮੋੜਾਂ ’ਤੇ ਉਹ ਹਮੇਸ਼ਾਂ ਲੋਕਾਂ ਦੇ ਪੱਖ ’ਚ ਖੜ੍ਹਦੇ ਰਹੇ। ਅੱਸੀਵਿਆਂ
ਦੇ ਦਹਾਕੇ ’ਚ ਫਿਰਕਾਪ੍ਰਸਤੀ ਤੇ ਹਕੂਮਤੀ ਜਾਬਰ ਹੱਲੇ ਦੇ ਦੌਰ ’ਚ ਉਹ ਹਮੇਸ਼ਾਂ ਲੋਕਾਂ ਨਾਲ ਖੜ੍ਹੇ। ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਮੌਕੇ ਚੱਲੀ ਇਤਿਹਾਸਕ
ਮੁਹਿੰਮ ਤੇ ਸਮਾਗਮ ਦਾ ਸੱਦਾ ਦੇਣ ਵਾਲੀਆਂ ਜਨਤਕ ਸਖਸ਼ੀਅਤਾਂ ’ਚ ਉਹ ਵੀ ਸ਼ੁਮਾਰ ਸਨ। 1997 ’ਚ ਸੱਤ੍ਹਾ ’ਚ ਆਈ ਬਾਦਲ ਹਕੂਮਤ ਵੱਲੋਂ ਪਹਿਲੀ ਤੋਂ ਅੰਗਰੇਜ਼ੀ ਲਾਗੂ ਕਰਨ ਦੇ ਸਾਮਰਾਜੀ ਚਾਕਰੀ ਵਾਲੇ
ਫੁਰਮਾਨਾਂ ਦਾ ਉਹਨਾਂ ਨਿੱਠ ਕੇ ਵਿਰੋਧ ਕੀਤਾ ਤੇ ਇਹਨਾਂ ਖਿਲਾਫ਼ ਸਿੱਖਿਆ ਸ਼ਾਸਤਰੀਆਂ ਤੇ ਭਾਸ਼ਾ
ਵਿਗਿਆਨੀਆਂ ਦੇ ਵਿਗਿਆਨਕ ਨੁਕਤਾ ਨਜ਼ਰ ਤੋਂ ਸਹੀ ਵਿਚਾਰਾਂ ਦਾ ਛਿੱਟਾ ਦਿੱਤਾ।
ਪ੍ਰੋ. ਗੁਰਦਿਆਲ ਸਿੰਘ ਨੇ ਆਪਣੇ ਸਾਹਿਤਕ ਸਫ਼ਰ
ਦੌਰਾਨ 10 ਨਾਵਲ, 11 ਕਹਾਣੀ ਸੰਗ੍ਰਹਿ,
ਤਿੰਨ ਨਾਟਕ, ਦੋ ਦਰਜਨ ਬਾਲ ਪੁਸਤਕਾਂ ਤੇ ਵਾਰਤਕ ਦੀਆਂ 8 ਪੁਸਤਕਾਂ ਰਚੀਆਂ। ਇਹਤੋਂ
ਇਲਾਵਾ 40 ਦੇ ਕਰੀਬ ਪੁਸਤਕਾਂ ਪੰਜਾਬ ਅਨੁਵਾਦ ਕਰਕੇ ਪੰਜਾਬ ਪਾਠਕਾਂ ਦੀ ਝੋਲੀ ਪਾਈਆਂ ਜਿਹਨਾਂ ’ਚ ਸੰਸਾਰ ਪ੍ਰਸਿੱਧ ਰੂਸੀ ਲੇਖਕ ਮੈਕਸਿਮ ਗੋਰਕੀ ਦੀ ਸਵੈ-ਜੀਵਨੀ ਨੂੰ ਅਤੇ ਅਹਿਮ ਪੁਸਤਕ ਜੀਵਨ
ਤੇ ਸਾਹਿਤ ਵਿਸ਼ੇਸ਼ ਜ਼ਿਕਰਯੋਗ ਹਨ।
ਉਹਨਾਂ ਦੀ ਅੰਤਮ ਵਿਦਾਇਗੀ ਅਤੇ ਸ਼ਰਧਾਂਜਲੀ
ਸਮਾਗਮ ਮੌਕੇ ਸਾਹਿਤਕ ਹਸਤੀਆਂ ਦੇ ਨਾਲ ਨਾਲ ਪੰਜਾਬ ਦੇ ਕਿਰਤੀ ਕਿਸਾਨਾਂ ਦੀਆਂ ਜਥੇਬੰਦੀਆਂ ਦੇ
ਕਾਰਕੁੰਨ ਵੀ ਭਾਰੀ ਗਿਣਤੀ ’ਚ ਸ਼ਾਮਲ ਸਨ। ਉਹਨਾਂ ਦੀ ਮ੍ਰਿਤਕ ਦੇਹ ਉੱਪਰ ਬੀ.
ਕੇ. ਯੂ. (ਏਕਤਾ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਆਪਣੀ ਜਥੇਬੰਦੀ ਦੇ ਝੰਡੇ ਪਾਏ ਗਏ।
ਸਲਾਮ ਕਾਫ਼ਲੇ ਦੇ ਆਗੂਆਂ ਨੇ ਫੁੱਲਾਂ ਨਾਲ ਵਿਦਾਇਗੀ ਦਿੱਤੀ। ਸ਼ਰਧਾਂਜਲੀ ਸਮਾਗਮ ਮੌਕੇ ਗੁਰਸ਼ਰਨ
ਸਿੰਘ ਲੋਕ ਕਲਾ ਸਲਾਮ ਕਾਫ਼ਲੇ ਦੇ ਸੱਦੇ ’ਤੇ ਦਰਜਨਾਂ ਲੋਕ ਸਰਗਰਮਾਂ
ਨੇ ਸ਼ਮੂਲੀਅਤ ਕੀਤੀ ਅਤੇ ਭਾਰਤੀ ਕਿਸਾਨ ਯੂਨੀਅਨ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੈਂਕੜੇ ਕਾਰਕੁੰਨਾਂ
ਦੇ ਆਪਣੇ ਸੰਗਰਾਮੀ ਝੰਡਿਆਂ ਨਾਲ ਆਪਣੇ ਵਿੱਛੜੇ ਸਾਹਿਤਕਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਬੀ. ਕੇ.
ਯੂ. (ਡਕੌਂਦਾ) ਤੇ ਕਈ ਹੋਰ ਜਨਤਕ ਜਥੇਬੰਦੀਆਂ ਦੇ ਆਗੂ ਵੀ ਇਸ ਮੌਕੇ ਹਾਜ਼ਰ ਸਨ। ਉਹਨਾਂ ਦੀ
ਸਾਹਿਤਕ ਘਾਲਣਾ ਪੰਜਾਬ ਦੇ ਮਿਹਨਤਕਸ਼ ਲੋਕਾਂ ਲਈ ਬਹੁਤ ਮੁੱਲਵਾਨ ਹੈ। ਇਨਕਲਾਬੀ ਸਮਾਜਿਕ ਤਬਦੀਲੀ
ਲਈ ਜੂਝ ਰਹੀਆਂ ਸਭਨਾਂ ਤਾਕਤਾਂ ਵਾਸਤੇ ਅਜਿਹੇ ਉੱਚ ਕੋਟੀ ਦੇ ਲੋਕ ਪੱਖੀ ਸਾਹਿਤਕਾਰਾਂ ਦੀਆਂ
ਰਚਨਾਵਾਂ ਦਾ ਬੇਹੱਦ ਮਹੱਤਵ ਹੈ ਜਿਹੜੇ ਲੋਕਾਈ ਨੂੰ ਉਹਨਾਂ ਦੀ ਜ਼ਿੰਦਗੀ ਦੀ ਕਰੂਰਤਾ ਦੇ ਦਰਸ਼ਨ
ਕਰਵਾਉਂਦੇ ਹਨ ਤੇ ਉਹਨਾਂ ਅੰਦਰ ਚੰਗੀ ਜ਼ਿੰਦਗੀ ਦੀ ਆਸ ਦੀ ਚਿਣਗ ਜਗਾਉਂਦੇ ਹਨ।
ਗੁਰਦਿਆਲ ਸਿੰਘ ਆਪਣੀਆਂ ਮੁੱਲਵਾਨ ਸਾਹਿਤਕ
ਕ੍ਰਿਤਾਂ ਰਾਹੀਂ ਸਦਾ ਅਮਰ ਰਹਿਣਗੇ।
--------
ਲੋਕ ਪੱਖੀ ਸਾਹਿਤਕ ਸਖਸ਼ੀਅਤਾਂ ਤੇ
ਕ੍ਰਿਤਾਂ ਦਾ ਮਹੱਤਵ ਉਭਾਰਨ ਤੇ ਉਹਨਾਂ ਦੀ ਸਾਹਿਤਕ ਘਾਲਣਾ ਨੂੰ ਸਤਿਕਾਰ ਭੇਂਟ ਕਰਨ ਲਈ ਬਣੇ ਹੋਏ
ਪਲੇਟਫਾਰਮ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਨੇ ਗੁਰਦਿਆਲ ਦਾ 10 ਜਨਵਰੀ ਨੂੰ ਆ ਰਿਹਾ ਜਨਮ ਦਿਹਾੜਾ ਮਨਾਉਣ ਦਾ ਸੱਦਾ ਦਿੱਤਾ ਹੈ। ਸਲਾਮ
ਕਾਫ਼ਲੇ ਦੇ ਕਨਵੀਨਰ ਜਸਪਾਲ ਜੱਸੀ ਤੇ ਟੀਮ ਮੈਂਬਰ ਪਾਵੇਲ ਕੁੱਸਾ ਨੇ ਜਾਰੀ ਬਿਆਨ ’ਚ ਕਿਹਾ ਕਿ ਸਲਾਮ ਕਾਫ਼ਲਾ ਉਹਨਾਂ ਦਾ ਜਨਮ ਦਿਹਾੜਾ 10 ਜਨਵਰੀ ਨੂੰ ਵੱਖ ਵੱਖ ਸੰਭਵ ਸ਼ਕਲਾਂ ਰਾਹੀਂ ਮਨਾਏਗਾ ਜਿਸ ਦੀ ਠੋਸ ਰੂਪ
ਰੇਖਾ ਆਉਣ ਵਾਲੇ ਦਿਨਾਂ ’ਚ ਵਿਉਂਤੀ ਜਾਵੇਗੀ। ਉਹਨਾਂ ਸਭਨਾਂ ਲੋਕ ਪੱਖੀ ਜਨਤਕ ਜਥੇਬੰਦੀਆਂ, ਸਾਹਿਤਕ ਸਖਸ਼ੀਅਤਾਂ ਤੇ ਪਲੇਟਫਾਰਮਾਂ ਨੂੰ ਸੱਦਾ ਦਿੱਤਾ ਕਿ ਉਹ ਵੀ
ਵਿਛੜੇ ਸਾਹਿਤਕਾਰ ਦਾ ਜਨਮ ਦਿਹਾੜਾ ਮਨਾਉਣ ਰਾਹੀਂ ਉਸਨੂੰ ਸਿਜਦਾ ਕਰਨ।
No comments:
Post a Comment