Thursday, September 8, 2016

29. ਜ਼ਮੀਨ ਦੀ ਕੁਰਕੀ ਰੋਕੀ



ਸੰਘਰਸ਼ ਦੇ ਜ਼ੋਰ ਜ਼ਮੀਨ ਦੀ ਕੁਰਕੀ ਰੋਕੀ


ਫਤਹਿਗੜ੍ਹ ਚੂੜੀਆਂ ਦੇ ਪਿੰਡ ਮੰਜਿਆਂ ਵਾਲੀ ਦੇ ਕਿਸਾਨ ਨੇ ਕਈ ਸਾਲ ਪਹਿਲਾਂ ਪੰਜਾਬ ਐਂਡ ਸਿੰਧ ਬੈਂਕ ਤੋਂ 55 ਹਜ਼ਾਰ ਰੁਪਏ ਕਰਜ਼ਾ ਲਿਆ ਸੀ। ਵਿਆਜ ਵਜੋਂ ਉਸ ਨੇ ਇੱਕ ਲੱਖ 50 ਹਜ਼ਾਰ ਵਾਪਸ ਵੀ ਕਰ ਦਿੱਤੇ ਸਨ। ਜ਼ਮੀਨ ਪੱਖੋਂ ਸਰਦੇ ਪੁੱਜਦੇ ਇਸ ਕਿਸਾਨ ਤੋਂ, ਵੱਡੀ ਕਬੀਲਦਾਰੀ ਦੀ ਵਜਾਹ ਕਰਕੇ ਅਤੇ ਘਰ ਦੇ ਇੱਕ ਜੀਅ ਨੂੰ ਚੰਬੜੀ ਕੈਂਸਰ ਤੇ ਹੋਏ ਵੱਡੇ ਖਰਚਿਆਂ ਕਰਕੇ, ਬੈਂਕ ਤੋਂ ਲਿਆ ਮੂਲ ਨਾ ਮੋੜਿਆ ਗਿਆ। ਮੂਲ ਤੋਂ 3 ਗੁਣਾ ਵਿਆਜ਼ ਉਗਰਾਹ ਲੈਣ ਨੂੰ ਪ੍ਰਵਾਨ ਕਰਦਿਆਂ ਹੋਇਆਂ ਵੀ, ਬੈਂਕ ਅਧਿਕਾਰੀਆਂ ਨੇ ਉਸ ਵੱਲ 14 ਲੱਖ ਦਾ ਕਰਜ਼ਾ ਬਕਾਇਆ ਕੱਢ ਮਾਰਿਆ। ਉਗਰਾਹੀ ਤੋਂ ਨਾਬਰੀ ਦੇ ਕੇਸ ਚ ਅਦਾਲਤ ਤੋਂ ਕੁਰਕੀ ਦਾ ਆਰਡਰ ਲੈ ਲਿਆ। ਕਿਸਾਨ ਨੂੰ ਜ਼ਲੀਲ ਕਰਨ ਲਈ, ਪਿੰਡ ਚ ਨੋਟਿਸ ਲਾ ਕੇ, ਮੁਨਾਦੀ ਕਰਾਕੇ, ਕੁਰਕੀ ਦੀ ਤਾਰੀਖ ਦਾ ਐਲਾਨ ਕਰ ਦਿੱਤਾ।
ਕਰਜ਼ਾਈ ਕਿਸਾਨ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਪਿੰਡ ਕਮੇਟੀ ਚ ਪਹਿਲਾਂ ਹੀ ਸਰਗਰਮ ਸੀ ਅਤੇ ਯੂਨੀਅਨ ਨੇ ਬੈਂਕ ਦੀ ਧੱਕੇਸ਼ਾਹੀ ਦਾ ਵਿਰੋਧ ਕਰਨ ਦਾ ਫੈਸਲਾ ਕਰ ਲਿਆ। ਸ਼ੁਰੂ ਚ ਪਿੰਡ ਦੇ ਲੋਕਾਂ ਦੇ ਇੱਕ ਹਿੱਸੇ ਅੰਦਰ ਇਹ ਚਰਚਾ ਚੱਲੀ ਕਿ ‘‘ਜਦੋਂ ਕਰਜ਼ਾ ਲਿਆ ਹੈ, ਤਾਂ ਮੋੜ ਦੇਵੇ’’, ‘‘ਬੰਦਾ ਅਲਗਰਜ਼ ਹੈ, ਨਹੀਂ ਤਾਂ ਐਨੀ ਜ਼ਮੀਨ ਹੋਣ ਤੇ ਵੀ ਕਰਜ਼ਾ ਕਿਉਂ ਨਹੀਂ ਮੋੜ ਹੋਇਆ’’ਯੂਨੀਅਨ ਆਗੂਆਂ ਨੇ ਲੋਕਾਂ ਨੂੰ ਸਮਝਾ ਲਿਆ ਕਿ ਅਲਗਰਜ਼ੀ ਦਾ ਅੰਸ਼ ਤਾਂ ਛੋਟਾ ਹੀ ਹੈ, ਅਸਲ ਕਾਰਨ ਤਾਂ ਕਿਸਾਨੀ ਦੀ ਹੋ ਰਹੀ ਲੁੱਟ-ਖਸੁੱਟ ਹੈ। ਲਗਭਗ ਸਾਰੀ ਗਰੀਬ ਤੇ ਦਰਮਿਆਨੀ ਕਿਸਾਨ ਜਨਤਾ ਕਰਜ਼ਈ ਹੈ, ਸਾਰੇ ਤਾਂ ਅਲਗਰਜ਼ ਨਹੀਂ। ਦੂਜੀ ਗੱਲ, ਕਾਨੂੰਨ ਮੁਤਾਬਕ ਜੇ ਮੂਲ ਰਕਮ ਦਾ ਦੁੱਗਣਆ ਉਗਰਾਹ ਲਿਆ ਜਾਵੇ ਤਾਂ ਲਹਿਣੇਦਾਰ, ਧੱਕੇ ਨਾਲ ਹੋਰ ਉਗਰਾਹੀ ਨਹੀਂ ਕਰ ਸਕਦਾ। ਕਿਸਾਨ ਇੱਧਰੋਂ ਵੀ ਸੱਚਾ ਸੀ। ਤੀਜੀ ਮਹੱਤਵਪੂਰਨ ਗੱਲ, ਯੂਨੀਅਨ ਵਾਸਤੇ ਇਹ ਸੀ ਕਿ ਜੇ ਇਸ ਕਿਸਾਨ ਨਾਲ ਧੱਕੇਸ਼ਾਹੀ ਹੋ ਗਈ, ਤਾਂ ਕੱਲ੍ਹ ਨੂੰ ਬਾਕੀ ਕਰਜ਼ਾਈ ਕਿਸਾਨਾਂ ਦੀ ਜ਼ਮੀਨ ਵੀ ਕੁਰਕ ਹੋਵੇਗੀ। ਗੱਲ ਸਹੇ ਨਾਲੋਂ ਪਹੇਦੀ ਵੀ ਸੀ।
ਲੋਕਾਂ ਵੱਲੋਂ ਲੜਨ ਦੀ ਤਿਆਰੀ ਨੂੰ ਭਾਂਪ ਕੇ, ਤਹਿਸੀਲਦਾਰ ਨੇ ਯੂਨੀਅਨ ਨੂੰ ਬੁਲਾ ਕੇ ਗੱਲਬਾਤ ਤਾਂ ਕੀਤੀ, ਪਰ ‘‘ਜਾਂ ਕਰਜ਼ਾ ਚੁਕਾਉ ਨਹੀਂ ਤਾਂ ਕੁਰਕੀ ਹੋਵੇਗੀ’’ ਉੱਤੇ ਹੀ ਬਜ਼ਿੱਦ ਰਿਹਾ।
ਕੁਰਕੀ ਵਾਲੇ ਦਿਨ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਬਲਾਕ ਕਮੇਟੀ ਦੀ ਅਗਵਾਈ ਹੇਠ, ਕਿਸਾਨਾਂ ਤੇ ਹੋਰ ਲੋਕਾਂ ਨੇ, ਪੈਲੀ ਨੂੰ ਜਾਂਦੇ ਰਾਹ ਤੇ ਮੋਰਚਾ ਮੱਲ ਲਿਆ। ਭਾਰੀ ਸ਼ਮੂਲੀਅਤ ਵਾਲੇ ਇਸ ਇਕੱਠ , ਸਰਕਾਰ ਵਿਰੋਧੀ ਤੇ ਲੋਕ ਦੋਖੀ ਪ੍ਰਬੰਧ ਵਿਰੋਧੀ ਨਾਹਰੇ ਗੂੰਜਦੇ ਰਹੇ। ਲੋਕ ਏਕੇ ਦੀ ਜੈ-ਜੈਕਾਰ ਹੁੰਦੀ ਰਹੀ। ਸਾਂਝੇ ਤੌਰ ਤੇ ਕੀਤੇ ਪ੍ਰਬੰਧ ਵਜੋਂ ਲੰਗਰ ਅਤੁੱਟ ਰਿਹਾ। ਭਾਸ਼ਣਾਂ ਦੌਰਾਨ ਆਗੂਆਂ ਨੇ ਆਖਿਆ ਕਿ ਕਰਜ਼ਾ ਨੀਤੀ, ਜ਼ਮੀਨਾਂ ਦੀ ਕੁਰਕੀ ਤੇ ਨਿਲਾਮੀ ਸਮੁੱਚਾ ਅਮਲ ਹੀ ਕਿਸਾਨ ਤੇ ਲੋਕ ਵਿਰੋਧੀ ਹੈ। ਜਮਾਤੀ ਹਿਤਾਂ ਕਰਕੇ, ਅਦਾਲਤਾਂ ਵੀ ਵੱਡੀਆਂ ਜੋਕਾਂ ਨੂੰ ਕੁੱਝ ਨਹੀਂ ਕਹਿੰਦੀਆਂ।
ਜਿਹੜੇ ਅਧਿਕਾਰੀ, ‘‘ਇਹ ਤਾਂ ਕੋਰਟ ਦਾ ਫੈਸਲਾ ਹੈ, ਜ਼ਮੀਨ ਤਾਂ ਕੁਰਕ ਹੋਵੇਗੀ ਹੀ’’ ਕਹਿੰਦੇ ਸਨ, ਸ਼ਾਮ ਤੱਕ ਉਨ੍ਹਾਂ ਚੋਂ ਕੋਈ ਵੀ ਨਹੀਂ ਬਹੁੜਿਆ। ਕਿਸਾਨਾਂ ਨੇ ਜੇਤੂ ਰੌਂਅ ਚ ਮੋਰਚਾ ਸਮਾਪਤ ਕਰਕੇ ਘਰਾਂ ਨੂੰ ਚਾਲੇ ਪਾਏ।

No comments:

Post a Comment