Thursday, September 8, 2016

12. ਯਕਯਹਿਤੀ ਸਰਗਰਮੀ



ਪੰਜਾਬ ਅੰਦਰੋਂ ਕਸ਼ਮੀਰੀ ਲੋਕਾਂ ਦੇ ਹੱਕ ਚ ਨਾਅਰਾ ਬੁਲੰਦ

ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੇ ਵੱਖ ਵੱਖ ਹਿੱਸਿਆਂ ਵੱਲੋਂ ਕੀਤੀ ਗਈ ਸਰਗਰਮੀ ਦੇ ਸਿੱਟੇ ਵਜੋਂ ਪੰਜਾਬ ਅੰਦਰ ਕਸ਼ਮੀਰੀ ਲੋਕਾਂ ਦੇ ਹੱਕ ਚ ਸਪੱਸ਼ਟ ਤੇ ਇੱਕਜੁਟ ਨਾਅਰਾ ਬੁਲੰਦ ਹੋਇਆ ਹੈ। ਪੰਜਾਬ ਦੇ ਵੱਖੋ ਵੱਖਰੇ ਹਿੱਸਿਆਂ ਚ ਅਤੇ ਵੱਖੋ ਵੱਖਰੇ ਰੂਪਾਂ ਚ ਕੀਤੀ ਗਈ ਸਰਗਰਮੀ ਰਾਹੀਂ ਨਾ ਸਿਰਫ਼ ਭਾਰਤੀ ਹਾਕਮਾਂ ਵੱਲੋਂ ਕਸ਼ਮੀਰੀ ਲੋਕਾਂ ਉੱਪਰ ਝੁਲਾਏ ਜਾ ਰਹੇ ਜਬਰੋ-ਜ਼ੁਲਮ ਦੇ ਝੱਖੜ ਦੇ ਖਿਲਾਫ਼ ਹੀ ਆਵਾਜ਼ ਉੱਠੀ ਹੈ, ਸਗੋਂ ਇਸ ਸਰਗਰਮੀ ਦੌਰਾਨ ਭਾਰਤੀ ਹਾਕਮਾਂ ਦੇ ਧਾੜਵੀ ਪੈਂਤੜੇ ਦੇ ਖਿਲਾਫ਼ ਤੇ ਕਸ਼ਮੀਰੀ ਕੌਮ ਦੇ ਆਪਾ-ਨਿਰਣੇ ਦੇ ਹੱਕ ਚ ਵੀ ਜ਼ੋਰਦਾਰ ਆਵਾਜ਼ ਬੁਲੰਦ ਹੋਈ ਹੈ। ਵੱਖੋ ਵੱਖਰੇ ਪੱਧਰ ਦੀਆਂ ਕਨਵੈਨਸ਼ਨਾਂ, ਜਨਤਕ ਮੀਟਿੰਗਾਂ, ਪ੍ਰਦਰਸ਼ਨਾਂ ਅਤੇ ਪ੍ਰਚਾਰ ਤੇ ਪ੍ਰਾਪੇਗੰਡਾ ਦੇ ਹੋਰਨਾਂ ਢੰਗਾਂ ਰਾਹੀਂ ਹੋਈ ਇਹ ਸਰਗਰਮੀ ਪੰਜਾਬ ਅੰਦਰਲੀਆਂ ਕਮਿਊਨਿਸਟ ਇਨਕਲਾਬੀ, ਇਨਕਲਾਬੀ ਜਮਹੂਰੀ ਤੇ ਹੋਰਨਾਂ ਲੋਕ ਪੱਖੀ ਸ਼ਕਤੀਆਂ ਵੱਲੋਂ ਕੀਤੀ ਗਈ ਹੈ। ਇਸ ਸਰਗਰਮੀ ਚ ਇਨਕਲਾਬੀ ਜਮਹੂਰੀ ਲਹਿਰ ਦੇ ਆਗੂ ਹਿੱਸਿਆਂ ਅਤੇ ਮੂਹਰਲੀਆਂ ਕਤਾਰਾਂ ਚ ਰਹਿਣ ਵਾਲੇ ਕਾਰਕੁੰਨਾਂ ਅਤੇ ਚੇਤਨ ਸਰਗਰਮਾਂ ਤੇ ਘੁਲਾਟੀਆਂ ਦੀ ਚੋਖੀ ਗਿਣਤੀ ਡਟਵੇਂ ਰੂਪ ਚ ਸ਼ਾਮਲ ਹੋਈ ਹੈ। ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੁੱਧੀਜੀਵੀਆਂ, ਵਿਦਿਆਰਥੀਆਂ ਤੇ ਨੌਜਵਾਨਾਂ ਦੇ ਰੂਪ ਚ ਸਮਾਜ ਅੰਦਰ ਸਰਗਰਮ ਤੇ ਸੰਘਰਸ਼ਸ਼ੀਲ ਲਗਭਗ ਸਾਰੇ ਹੀ ਹਿੱਸੇ ਇਸ ਸਰਗਰਮੀ ਚ ਸ਼ਾਮਲ ਹੋਏ ਹਨ ਤੇ ਕਸ਼ਮੀਰੀ ਲੋਕਾਂ ਦੇ ਹੱਕੀ ਸੰਘਰਸ਼ ਪ੍ਰਤੀ ਸਾਂਝ ਤੇ ਸਰੋਕਾਰ ਦਾ ਪ੍ਰਗਟਾਵਾ ਕੀਤਾ ਹੈ।
ਸਰਗਰਮੀ ਦੇ ਇਸ ਸਿਲਸਿਲੇ ਤਹਿਤ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇੱਕ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ। ਇਹ ਕਨਵੈਨਸ਼ਨ ਇਨਕਲਾਬੀ ਜਮਹੂਰੀ ਲਹਿਰ ਚ ਸਰਗਰਮ ਤਿੰਨ ਜਥੇਬੰਦੀਆਂ ਸੀ. ਪੀ. ਆਈ. (ਐਮ. ਐਲ.) ਨਿਊ ਡੈਮੋਕਰੇਸੀ, ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਸੰਗਰਾਮ ਮੰਚ ਵੱਲੋਂ ਸਾਂਝੇ ਤੌਰ ਤੇ ਜਥੇਬੰਦ ਕੀਤੀ ਗਈ। 250-300 ਦੀ ਸ਼ਮੂਲੀਅਤ ਵਾਲੀ ਇਸ ਕਨਵੈਨਸ਼ਨ ਦੇ ਅਖੀਰ ਚ ਸ਼ਹਿਰ ਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਕਨਵੈਨਸ਼ਨ ਦੇ ਦੌਰਾਨ ਹੀ ਇੱਕ ਹੋਰ ਕਮਿਊਨਿਸਟ ਇਨਕਲਾਬੀ ਜਥੇਬੰਦੀ ਸੀ. ਪੀ. ਆਰ. ਸੀ. ਆਈ. (ਐਮ. ਐਲ.) ਵੱਲੋਂ ਇਸ ਕਨਵੈਨਸ਼ਨ ਦੇ ਕਾਜ ਸੰਗ ਯਕਯਹਿਤੀ ਪ੍ਰਗਟਾਉਂਦੀ ਚਿੱਠੀ ਪਹੁੰਚੀ (ਅਗਲੇ ਪੰਨ੍ਹੇ ਤੇ ਪੜ੍ਹੋ) ਜਿਸ ਰਾਹੀਂ ਅਜਿਹੀਆਂ ਹੋਰ ਸਾਂਝੀਆਂ ਸਰਗਰਮੀਆਂ ਕਰਨ ਦਾ ਸੱਦਾ ਵੀ ਦਿੱਤਾ ਗਿਆ।
ਏਸੇ ਤਰ੍ਹਾਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਹੇਠਲੀਆਂ ਇਕਾਈਆਂ ਨੂੰ ਆਪੋ ਆਪਣੇ ਢੰਗ ਨਾਲ ਕਸ਼ਮੀਰੀ ਲੋਕਾਂ ਦੇ ਹੱਕ ਚ ਆਵਾਜ਼ ਬੁਲੰਦ ਕਰਨ ਸੱਦਾ ਦਿੱਤਾ ਗਿਆ। ਇਸ ਸੱਦੇ ਨੂੰ ਲਾਗੂ ਕਰਦਿਆਂ ਸਭਾ ਦੀ ਬਠਿੰਡਾ ਇਕਾਈ ਵੱਲੋਂ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਜਥੇਬੰਦ ਕੀਤੀ ਗਈ ਜਿਸ ਵਿੱਚ 300 ਦੇ ਲਗਭਗ ਸ਼ਮੂਲੀਅਤ ਹੋਈ। ਕਨਵੈਨਸ਼ਨ ਦੇ ਅੰਤ ਚ ਮਾਟੋ, ਬੈਨਰ, ਤਖ਼ਤੀਆਂ ਚੁੱਕ ਕੇ ਪੈਦਲ ਮਾਰਚ ਵੀ ਕੀਤਾ ਗਿਆ। ਬਠਿੰਡਾ ਜ਼ਿਲ੍ਹੇ ਦੇ ਹੀ ਰਾਮਪੁਰਾ ਸ਼ਹਿਰ ਚ ਇੱਕ ਵੱਖਰੀ ਇਕੱਤਰਤਾ ਵੀ ਹੋਈ। ਲੋਕ ਸੰਗਰਾਮ ਮੰਚ ਪੰਜਾਬ ਵੱਲੋਂ ਸੱਦੀ ਗਈ ਇਸ ਇਕੱਤਰਤਾ ਵਿੱਚ ਮੁੱਖ ਬੁਲਾਰੇ ਵਜੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਨੇ ਸੰਬੋਧਨ ਕੀਤਾ। ਇਸ ਇਕੱਤਰਤਾ ਵੱਲੋਂ ਵੀ ਕਸ਼ਮੀਰ ਚ ਜਬਰ ਦਾ ਵਿਰੋਧ ਤੇ ਆਪਾ ਨਿਰਣੇ ਦੇ ਹੱਕ ਦੀ ਹਮਾਇਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਵੱਲੋਂ ਵੀ ਵਿਦਿਆਰਥੀਆਂ ਤੇ ਨੌਜਵਾਨਾਂ ਚ ਕਸ਼ਮੀਰੀ ਮਸਲੇ ਬਾਰੇ ਸਰਗਰਮੀ ਕੀਤੀ ਗਈ। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਲਗਭਗ 7-8 ਕਾਲਜਾਂ ਅਤੇ ਸਕੂਲਾਂ ਵਿੱਚ ਕਸ਼ਮੀਰ ਮੁੱਦੇ ਨੂੰ ਲੈ ਕੇ ਭਰਵੀਆਂ ਵਿਦਿਆਰਥੀ ਇਕੱਤਰਤਾਵਾਂ ਕੀਤੀਆਂ ਗਈਆਂ। ਏਸੇ ਤਰ੍ਹਾਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਉੱਚ ਸਿੱਖਿਆ ਦੀ ਅਹਿਮ ਸੰਸਥਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀਆਂ ਅੰਦਰ ਪ੍ਰਚਾਰ ਸਰਗਰਮੀ ਕੀਤੀ ਗਈ ਜਿਸਦੇ ਅੰਤ 45 ਦੇ ਕਰੀਬ ਵਿਦਿਆਰਥੀਆਂ ਨੂੰ ‘‘ਖੁੱਲ੍ਹੀ ਵਿਚਾਰ ਚਰਚਾ’’ ਦੌਰਾਨ ਸੰਬੋਧਤ ਹੋਇਆ ਗਿਆ। ਲੁਧਿਆਣਾ ਸ਼ਹਿਰ ਚ ਨੌਜਵਾਨ ਭਾਰਤ ਸਭਾ ਵੱਲੋਂ ਮਜ਼ਦੂਰ ਹਾਲ ਵਿੱਚ ਨੌਜਵਾਨਾਂ ਦੀ ਇੱਕ ਛੋਟੀ ਇਕੱਤਰਤਾ ਕਰਕੇ ਕਸ਼ਮੀਰ ਮੁੱਦੇ ਤੇ ਵਿਚਾਰ ਚਰਚਾ ਕੀਤੀ ਗਈ। ਪਿਛਲੇ ਵਰ੍ਹੇ ਵਿੱਛੜੇ ਦੋ ਉੱਘੇ ਮੁਲਾਜ਼ਮ ਆਗੂਆਂ ਸਾਥੀ ਕਰੋੜਾ ਸਿੰਘ ਤੇ ਅਮਰ ਲੰਬੀ ਦੀ ਯਾਦ ਚ ਡੱਬਵਾਲੀ ਵਿਖੇ ਹੋਏ ਸਮਾਗਮ ਚ ਜੁੜੇ ਇਕੱਠ ਨੇ ਕਸ਼ਮੀਰੀ ਜਦੋਜਹਿਦ ਦੇ ਹੱਕ ਚ ਮਤਾ ਪਾਉਂਦਿਆਂ ਉਥੇ ਫੌਜੀ ਜਬਰ ਬੰਦ ਕਰਨ ਦੀ ਮੰਗ ਕੀਤੀ ਹੈ।
ਕਸ਼ਮੀਰ ਮੁੱਦੇ ਤੇ ਹੋਈ ਇਸ ਸਿੱਧੀ ਸਰਗਰਮੀ ਤੋਂ ਬਿਨਾਂ ਹੋਰਨਾਂ ਮੁੱਦਿਆਂ ਤੇ ਹੋਈਆਂ ਕਨਵੈਨਸ਼ਨਾਂ ਜਾਂ ਇਕੱਤਰਤਾਵਾਂ ਦੌਰਾਨ ਵੀ ਕਸ਼ਮੀਰ ਮਸਲੇ ਦੀ ਗੱਲ ਤੁਰੀ ਹੈ। ਲੁਧਿਆਣਾ ਚ ਆਦਿਵਾਸੀਆਂ ਤੇ ਜਬਰ ਅਤੇ ਜਮਹੂਰੀ ਹੱਕਾਂ ਦੀ ਸਥਿਤੀ ਦੇ ਮੁੱਦੇ ਤੇ ਹੋਈ ਕਨਵੈਨਸ਼ਨ ਦੌਰਾਨ ਕਸ਼ਮੀਰ ਮਸਲਾ ਵੀ ਚਰਚਾ ਚ ਰਿਹਾ। ਇਨਕਲਾਬੀ ਜਮਹੂਰੀ ਪ੍ਰੈੱਸ ਨਾਲ ਸਬੰਧਤ ਲਗਭਗ ਸਾਰੇ ਹੀ ਪਰਚਿਆਂ ਅੰਦਰ ਕਸ਼ਮੀਰ ਮੁੱਦੇ ਨੂੰ ਪੂਰੇ ਜ਼ੋਰ ਨਾਲ ਉਭਾਰਿਆ ਜਾਂਦਾ ਰਿਹਾ ਹੈ। ਕਸ਼ਮੀਰ ਮਸਲੇ ਦਾ ਪਿਛੋਕੜ, ਭਾਰਤੀ ਹਾਕਮਾਂ ਦਾ ਧਾੜਵੀ ਰਵੱਈਆ, ਸਵੈ-ਨਿਰਣੇ ਦਾ ਜਮਹੂਰੀ ਹੱਕ ਤੇ ਕਸ਼ਮੀਰ ਮਸਲੇ ਦਾ ਦਰੁਸਤ ਹੱਲ ਆਦਿ ਵਿਸ਼ਿਆਂ ਤੇ ਇਹਨਾਂ ਪਰਚਿਆਂ ਅੰਦਰ ਭਰਵੀਂ ਚਰਚਾ ਹੋਈ ਹੈ।
ਕਸ਼ਮੀਰ ਮੁੱਦੇ ਨੂੰ ਮੌਜੂਦਾ ਭਾਰਤੀ ਹਾਕਮਾਂ ਵੱਲੋਂ ਅੰਨ੍ਹਾ ਕੌਮੀ ਜਨੂੰਨ ਭੜਕਾਉਣ ਲਈ ਵਰਤਿਆ ਜਾ ਰਿਹਾ ਹੈ। ਹਾਕਮਾਂ ਦੇ ਇਸ ਰੁਖ਼ ਦੇ ਮੱਦੇਨਜ਼ਰ ਇਹ ਕੁੱਲ ਸਰਗਰਮੀ ਕਿਸੇ ਵੀ ਭੜਕਾਊ ਹਰਕਤ ਜਾਂ ਕਾਰਵਾਈ ਦੀਆਂ ਗੁੰਜਾਇਸ਼ਾਂ ਦਰਮਿਆਨ ਹੋਈ ਹੈ। ਇਸ ਤੱਥ ਦੀ ਆਪਣੀ ਮਹੱਤਤਾ ਹੈ। ਇਸ ਸਮੁੱਚੀ ਸਰਗਰਮੀ ਦਾ ਹੀ ਸਿੱਟਾ ਹੈ ਕਿ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਕਸ਼ਮੀਰੀ ਲੋਕਾਂ ਦੇ ਹੱਕ ਚ ਡਟ ਕੇ ਖੜ੍ਹੀ ਦਿਸੀ ਹੈ ਤੇ ਜਗੀਰੂ ਸਾਮਰਾਜੀ ਦਾਬੇ ਤੇ ਲੁੱਟ-ਖਸੁੱਟ ਦੇ ਵੱਖੋ ਵੱਖਰੇ ਰੂਪਾਂ ਖਿਲਾਫ਼ ਜੂਝ ਰਹੇ ਲੋਕਾਂ ਅੰਦਰਲੀ ਸਾਂਝ ਦਾ ਪ੍ਰਗਟਾਵਾ ਹੋਇਆ ਹੈ। ਕਸ਼ਮੀਰ ਮਸਲੇ ਤੇ ਹੋਈ ਇਸ ਕੁੱਲ ਸਰਗਰਮੀ ਨੂੰ ਮਿਲੇ ਹੁੰਗਾਰੇ ਨੇ ਇਹ ਗੱਲ ਦਰਸਾਈ ਹੈ ਕਿ ਇਸ ਮੁੱਦੇ ਉੱਤੇ ਹੋਰ ਵੱਧ ਵਿਆਪਕ ਤੇ ਇੱਕਜੁਟ ਸਰਗਰਮੀ ਕਰਨ ਦੀਆਂ ਸੰਭਾਵਨਾਵਾਂ ਮੌਜੂਦ ਹਨ ਜੋ ਸਾਕਾਰ ਕੀਤੀਆਂ ਜਾ ਸਕਦੀਆਂ ਹਨ।

No comments:

Post a Comment