ਠੇਕਾ ਮੁਲਾਜ਼ਮ ਸੰਘਰਸ਼ ’ਚ ਹੋਰ ਭਖਾਅ, ਲੁਧਿਆਣੇ ’ਚ ਵਿਸ਼ਾਲ ਇਕੱਠ
- ਮੁਲਾਜ਼ਮ ਮੁਹਾਜ਼ ਪੱਤਰਕਾਰ
‘‘ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ’’ ’ਚ ਜੁੜੇ ਪੰਜਾਬ ਦੇ ਠੇਕਾ
ਮੁਲਾਜ਼ਮਾਂ-ਮਜ਼ਦੂਰਾਂ ਦਾ ਸੰਘਰਸ਼ ਲਗਾਤਾਰ ਤਿੱਖਾ ਹੋ ਰਿਹਾ ਹੈ ਤੇ ਨਾਲ ਨਾਲ ਇਸਦਾ ਪਸਾਰਾ ਵੀ ਹੋ
ਰਿਹਾ ਹੈ। ਲੁਧਿਆਣੇ ’ਚ 13 ਅਗਸਤ ਨੂੰ ਹੋਈ ਵਿਸ਼ਾਲ ਰੈਲੀ-ਮੁਜ਼ਾਹਰੇ ਤੇ ਚੌਂਕ ਜਾਮ ਦੇ ਧੜੱਲੇਦਾਰ ਐਕਸ਼ਨ ਨੇ ਜਿੱਥੇ ਇੱਕ
ਪਾਸੇ ਹਕੂਮਤ ਨੂੰ ਸੋਚੀਂ ਪਾ ਦਿੱਤਾ ਹੈ, ਉਥੇ ਇਸ ਸੰਘਰਸ਼ ਦੇ ਅਗਲੇ
ਗੇੜ ਦੀਆਂ ਸੰਭਾਵਨਾਵਾਂ ਨੂੰ ਵੀ ਉਘਾੜ ਦਿੱਤਾ ਹੈ। ਲੁਧਿਆਣਾ ਰੈਲੀ ਦਾ ਐਲਾਨ 24 ਜੁਲਾਈ ਨੂੰ ਜਲੰਧਰ ’ਚ ਹੋਈ ਕਨਵੈਨਸ਼ਨ ਦੌਰਾਨ ਕੀਤਾ ਗਿਆ ਸੀ। ਜਿੱਥੇ
ਕਾਰਕੁੰਨਾਂ ਦੇ ਭਰਵੀਂ ਹਾਜ਼ਰੀ ’ਚ ਹੁਣ ਤੱਕ ਦੇ ਸਾਂਝੇ
ਸੰਘਰਸ਼ ਉੱਦਮ ਦੇ ਤਜ਼ਰਬੇ ਨੂੰ ਉਭਾਰਦਿਆਂ, ਮੰਗਾਂ ਤੋਂ ਲੈ ਕੇ ਘੋਲ
ਸ਼ਕਲਾਂ ਤੇ ਹਕੂਮਤੀ ਰਵੱਈਏ ਦੇ ਵੱਖ-ਵੱਖ ਪੱਖਾਂ ਬਾਰੇ ਖੁੱਲ੍ਹ ਕੇ ਚਰਚਾ ਹੋਈ ਸੀ ਤੇ ਨਵੇਂ ਤੋਂ ਨਵੇਂ ਹਿੱਸਿਆਂ ਤੱਕ ਪਹੁੰਚ ਕਰਨ ਤੇ ਵਿਸ਼ਾਲ ਲਾਮਬੰਦੀ ਦਾ
ਹੋਕਾ ਦਿੱਤਾ ਗਿਆ ਸੀ। ਫਿਰ ਪੰਜਾਬ ਭਰ ’ਚ ਵੱਡੀ ਤਿਆਰੀ ਮੁਹਿੰਮ
ਚੱਲੀ। 13 ਜਥੇਬੰਦੀਆਂ ਦੇ ਸੈਂਕੜੇ ਕਾਰਕੁੰਨ ਹਫ਼ਤਿਆਂ ਬੱਧੀ ਛੁੱਟੀਆਂ ਲੈ ਕੇ ਪੰਜਾਬ ਦੇ ਕੋਨੇ ਕੋਨੇ ’ਚ ਮੁਹਿੰਮ ’ਤੇ ਚੜ੍ਹੇ ਰਹੇ। ਪਿੰਡ ਪਿੰਡ ਲੋਕਾਂ ਤੱਕ ਪਹੁੰਚ ਕੀਤੀ ਗਈ।
ਵਿਸ਼ਾਲ ਜਨਤਕ ਮੁਹਿੰਮ ਦੇ ਸਿੱਟੇ ਵਜੋਂ ਲੁਧਿਆਣੇ
ਦੀ ਦਾਣਾ ਮੰਡੀ ’ਚ ਹੋਇਆ ਇਕੱਠ 12 ਹਜ਼ਾਰ ਨੂੰ ਵੀ ਟੱਪ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲਾਰੇ ਲਾ ਕੇ ਸਮਾਂ ਟਪਾਉਣ ਤੇ ਮਗਰੋਂ
ਅੜਿੱਕੇ ਡਾਹੁਣ ਦੀ ਕੋਸ਼ਿਸ਼ ਕੀਤੀ ਪਰ ਲੋਕ ਸ਼ਮੂਲੀਅਤ ਤੇ ਰੌਂਅ ਨੇ ਅਤੇ ਮੰਚ ਤੋਂ ਹੁੰਦੇ ਜਬਤ
ਭਰਪੂਰ ਗਰਜਵੇਂ ਐਲਾਨਾਂ ਨੇ ਅਜਿਹਾ ਸਭ ਕੁੱਝ ਰੋਲ਼ ਦਿੱਤਾ। ਮੰਚ ਤੋਂ ਐਲਾਨ ਹੋਇਆ ਕਿ ਸਰਕਾਰ ਘੇਸਲ
ਮਾਰ ਕੇ ਬੈਠੀ ਹੈ, ਪਰ ਸਾਡਾ ਸੰਘਰਸ਼ ਸਰਕਾਰ ਨੂੰ ਮਜਬੂਰ ਕਰੇਗਾ ਕਿ ਉਹ ਗੱਲਬਾਤ ਲਈ ਮੇਜ਼ ’ਤੇ ਆਵੇ। ਅਗਲੇ ਪੜਾਅ ਵਜੋਂ 2 ਸਤੰਬਰ ਦੀ ਕੌਮ ਵਿਆਪੀ ਹੜਤਾਲ ’ਚ ਸ਼ਮੂਲੀਅਤ ਕਰਨ ਤੇ
ਪਿੰਡਾਂ ’ਚ ਸਰਕਾਰ ਦਾ ਪਾਜ ਉਘੇੜਨ ਦਾ ਸੱਦਾ ਦਿੱਤਾ ਗਿਆ। ਮਗਰੋਂ ਸ਼ਹਿਰ ਦੀਆਂ ਸੜਕਾਂ ’ਤੇ ਜੋਸ਼ ਭਰਪੂਰ ਮੁਜ਼ਾਹਰਾ ਹੋਇਆ ਤੇ ਇਕੱਠ ਆ ਕੇ ਭਾਰਤ ਨਗਰ ਚੌਂਕ ’ਚ ਬੈਠ ਗਿਆ। ਏਥੇ ਦੋ ਘੰਟੇ ਰੋਹ ਭਰਪੂਰ ਨਾਅਰੇਬਾਜ਼ੀ ਕਰਕੇ ਅਤੇ ਅਗਲੇ ਐਲਾਨ ਕਰਕੇ ਇਕੱਠ
ਵਿਦਾ ਹੋਇਆ।
ਇਸ ਰੈਲੀ ਨੂੰ ਇੱਕ ਪਾਸੇ ਜਿੱਥੇ ਕਿਸਾਨ-ਮਜ਼ਦੂਰ
ਤੇ ਮੁਲਾਜ਼ਮਾਂ ਦੀਆਂ ਲਗਭਗ ਡੇਢ ਦਰਜਨ ਜਥੇਬੰਦੀਆਂ ਨੇ ਹਮਾਇਤ ਕੀਤੀ ਉਥੇ ਭਾਰਤੀ ਕਿਸਾਨ ਯੂਨੀਅਨ
(ਏਕਤਾ) ਵੱਲੋਂ ਸਾਰੇ ਇਕੱਠ ਲਈ ਚਾਹ ਦਾ ਲੰਗਰ ਲਾਇਆ ਗਿਆ। ਇਸ ਐਕਸ਼ਨ ਮਗਰੋਂ ਅਖਬਾਰੀ ਬਿਆਨਾਂ
ਰਾਹੀਂ ਜ਼ਾਹਰ ਹੋਈ ਹਕੂਮਤੀ ਤਜਵੀਜ਼ 10300 ਰੁ. ਪ੍ਰਤੀ ਮਹੀਨਾ ਉੱਤੇ ਤਿੰਨ ਸਾਲ ਲਈ ਠੇਕੇ ’ਤੇ ਰੱਖਣ ਨੂੰ ਰੱਦ ਕਰ ਦਿੱਤਾ ਹੈ ਅਤੇ ਆਪਣੀਆਂ ਮੰਗਾਂ (ਪੂਰੀ ਤਨਖਾਹ, ਭੱਤੇ ਸਮੇਤ ਪੈਨਸ਼ਨਰੀ ਲਾਭਾਂ ਅਤੇ ਵਰਕ ਲੋਡ ਅਨੁਸਾਰ ਨਵੀਆਂ ਅਸਾਮੀਆਂ ਸਿਰਜਣ ਅਤੇ ਰੈਗੂਲਰ
ਭਰਤੀ ਕਰਨ) ਕੈਬਨਿਟ ਨੂੰ ਮੁੜ ਭੇਜ ਦਿੱਤੀਆਂ ਹਨ। (ਵਿਸਥਾਰੀ ਜਾਣਕਾਰੀ ਲਈ ਮੋਰਚੇ ਵੱਲੋਂ ਸੰਘਰਸ਼
ਬਾਰੇ ਜਾਰੀ ਕੀਤਾ ਪੈਂਫਲਿਟ ਪੜ੍ਹਿਆ ਜਾ ਸਕਦਾ ਹੈ।)
No comments:
Post a Comment