ਕਰੋੜਾ ਸਿੰਘ ਤੇ ਅਮਰ ਲੰਬੀ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ
ਪਿਛਲੇ ਵਰੇ੍ ਬੇ-ਵਕਤੇ ਵਿੱਛੜ ਗਏ ਟਰੇਡ
ਯੂਨੀਅਨ ਲਹਿਰ ਤੇ ਬਿਜਲੀ ਮੁਲਾਜ਼ਮ ਜਥੇਬੰਦੀ ਦੇ ਉੱਘੇ ਆਗੂਆਂ ਸਾਥੀ ਕਰੋੜਾ ਸਿੰਘ ਤੇ ਅਮਰ ਲੰਬੀ
ਦੀ ਯਾਦ ’ਚ ਇੱਕ ਪ੍ਰਭਾਵਸ਼ਾਲੀ ਜਨਤਕ ਸਮਾਗਮ 9 ਅਗਸਤ ਨੂੰ ਮੰਡੀ ਡੱਬਵਾਲੀ
’ਚ ਕੀਤਾ ਗਿਆ। ਸਮਾਗਮ ’ਚ ਮੁਕਤਸਰ ਜ਼ਿਲ੍ਹੇ ਤੋਂ ਇਲਾਵਾ ਨੇੜਲੇ ਜ਼ਿਲ੍ਹਿਆਂ
’ਚੋਂ ਵੀ ਵੱਖ ਵੱਖ ਟਰੇਡ ਯੂਨੀਅਨਾਂ ਦੇ ਕਾਰਕੁੰਨ ਸ਼ਾਮਲ ਹੋਏ। ਇਕੱਠ ’ਚ ਸ਼ਾਮਲ ਲੋਕਾਂ ਦਾ ਵੱਡਾ ਹਿੱਸਾ ਖੇਤ ਮਜ਼ਦੂਰਾਂ - ਕਿਸਾਨਾਂ ਤੇ ਹੋਰਨਾਂ ਤਬਕਿਆਂ ਦਾ ਵੀ ਸੀ।
ਇਨਕਲਾਬੀ ਜਮਹੂਰੀ ਫਰੰਟ ਦੇ ਸੱਦੇ ’ਤੇ ਹੋਏ ਇਸ ਸਮਾਗਮ ਨੂੰ
ਸਥਾਨਕ ਤਿਆਰੀ ਕਮੇਟੀ ਨੇ ਜਥੇਬੰਦ ਕੀਤਾ ਸੀ। ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ ਪਹਿਲਾਂ ਤਿਆਰੀ
ਦੌਰਾਨ ਵੱਖ ਵੱਖ ਜ਼ਿਲ੍ਹਿਆਂ ’ਚ ਭਰਵੀਆਂ ਮੀਟਿੰਗਾਂ ਹੋਈਆਂ ਜਿਨ੍ਹਾਂ ’ਚ ਦੋਹਾਂ ਸਾਥੀਆਂ ਵੱਲੋਂ ਇਨਕਲਾਬੀ ਟਰੇਡ ਯਾਨੀਅਨ ਲੀਹ ਲਾਗੂ ਕਰਨ ’ਚ ਪਾਏ ਮਹੱਤਵਪੂਰਨ ਤੇ ਮੋਹਰੀ ਰੋਲ ਦੀ ਚਰਚਾ ਹੋਈ ਤੇ ਅਜੋਕੇ ਸਮੇਂ ’ਚ ਮਜ਼ਦੂਰ-ਮੁਲਾਜ਼ਮ ਘੋਲਾਂ ਲਈ ਸਾਥੀਆਂ ਦੇ ਇਨਕਲਾਬੀ ਵਿਚਾਰਾਂ ਦੇ ਪਸਾਰੇ ਦੇ ਮਹੱਤਵ ਨੂੰ
ਉਭਾਰਿਆ ਗਿਆ। ਮੁਕਤਸਰ ਜ਼ਿਲ੍ਹੇ ’ਚ ਤਾਂ ਅਜਿਹੀਆਂ ਮੀਟਿੰਗਾਂ
’ਚ ਕਿਸਾਨ ਖੇਤ ਮਜ਼ਦੂਰ ਹਿੱਸੇ ਵੀ ਸ਼ਾਮਲ ਸਨ।
ਸਮਾਗਮ ਦੀ ਸ਼ੁਰੂਆਤ ਦੋਹਾਂ ਸਾਥੀਆਂ ਦੀਆਂ
ਤਸਵੀਰਾਂ ਨੂੰ ਆਗੂਆਂ-ਕਾਰਕੁੰਨਾਂ ਵੱਲੋਂ ਫੁੱਲ ਭੇਂਟ ਕਰਨ ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ
ਹੋਈ। ਦਾਣਾ ਮੰਡੀ ਦੇ ਵੱਡੇ ਪੰਡਾਲ ’ਚ ਜੁੜੇ ਲੋਕਾਂ ਨੂੰ
ਸੰਬੋਧਨ ਕਰਨ ਵਾਲੇ ਬੁਲਾਰਿਆਂ ’ਚ ਯਸ਼ਪਾਲ, ਮੋਹਣ ਸਿੰਘ ਬੱਲ,
ਲਛਮਣ ਸੇਵੇਵਾਲਾ, ਸੁਖਵੰਤ ਸੇਖੋਂ ਤੇ ਦੀਦਾਰ ਸਿੰਘ ਮੁੱਦਕੀ ਨੇ ਕਰੋੜਾ ਸਿੰਘ ਤੇ ਅਮਰ ਲੰਬੀ ਦੀ ਜੀਵਨ ਘਾਲਣਾ
ਦੀ ਚਰਚਾ ਇਨਕਲਾਬੀ ਆਦਰਸ਼ਾਂ ਤੇ ਵਿਚਾਰਾਂ ਦੀ ਰੌਸ਼ਨੀ ’ਚ ਕੀਤੀ। ਪੰਜਾਬ ਦੀ ਮੁਲਾਜ਼ਮ ਲਹਿਰ ’ਚ ਨਵੇਂ ਆ ਰਹੇ ਜੁਝਾਰੂ
ਹਿੱਸਿਆਂ ਨੂੰ ਇਨਕਲਾਬੀ ਟਰੇਡ ਯੂਨੀਅਨ ਲਹਿਰ ਦੀ ਸੇਧ ਦਾ ਲੜ ਫੜ ਕੇ ਅੱਗੇ ਵਧਣ ਦਾ ਮਾਰਗ
ਸੁਝਾਇਆ। ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਸਾਮਰਾਜੀ ਤੇ ਦਲਾਲ ਸਰਮਾਏਦਾਰਾਂ ਦੇ ਹਿਤਾਂ ਲਈ ਲਾਗੂ ਹੋ
ਰਹੀਆਂ ਨਵੀਆਂ ਆਰਥਿਕ ਨੀਤੀਆਂ ਲਈ ਸਭਨਾਂ ਮਿਹਨਤਕਸ਼ ਤਬਕਿਆਂ ਦੇ ਸਾਂਝੇ ਸੰਘਰਸ਼ਾਂ ਦੀ ਜ਼ਰੂਰਤ ਹੈ।
ਇਹ ਸਾਂਝੇ ਸੰਘਰਸ਼ਾਂ ਨੂੰ ਦ੍ਰਿੜ ਖਾੜਕੂ ਲੀਹਾਂ ’ਤੇ ਅੱਗੇ ਵਧਾ ਕੇ ਹੀ ਮੰਜ਼ਲ
ਸਰ ਕੀਤੀ ਜਾ ਸਕਦੀ ਹੈ। ਉਹਨਾਂ ਆ ਰਹੇ ਵੋਟ ਮਾਹੌਲ ਦਰਮਿਆਨ ਲੋਕਾਂ ਨੂੰ ਆਪਸੀ ਏਕਤਾ ਤਕੜੀ ਕਰਨ, ਪਾਟਕਪਾਊ ਨਾਅਰਿਆਂ ਤੋਂ ਸੁਚੇਤ ਰਹਿਣ ਅਤੇ ਹਕੀਕੀ ਲੋਕ ਮੁੱਦਿਆਂ ਤੇ ਸੰਘਰਸ਼ ਭਖਾਉਣ ਦਾ ਸੱਦਾ
ਦਿੱਤਾ। ਸਮਾਗਮ ਦੌਰਾਨ ਵੱਡੇ ਇਕੱਠ ਦੀ ਹਾਜ਼ਰੀ ’ਚ ਪਾਸ ਕੀਤੇ ਮਤਿਆਂ ’ਚ ਕਸ਼ਮੀਰੀ ਲੋਕਾਂ ਦੀ ਸਵੈ-ਨਿਰਣੇ ਦੇ ਹੱਕ ਲਈ ਜਦੋਜਹਿਦ ਦੀ ਹਮਾਇਤ ਕਰਦਿਆਂ ਫੌਜੀ ਜਬਰ ਦੀ
ਨਿੰਦਾ, ਅਪ੍ਰੇਸ਼ਨ ਗਰੀਨ ਹੰਟ ਦੇ ਹੇਠ ਆਦਿਵਾਸੀਆਂ ’ਤੇ ਕੀਤੇ ਜਾ ਰਹੇ ਜਬਰ ਦੀ
ਨਿਖੇਧੀ ਤੇ ਕੀਤਾ ਜਾ ਰਿਹਾ ਜਬਰ ਬੰਦ ਕਰਨ ਦੀ ਮੰਗ, ਗੁਜਰਾਤ ਸਮੇਤ ਦੇਸ਼ ਭਰ ’ਚ ਦਲਿਤਾਂ ਤੇ ਮੁਸਲਮਾਨਾਂ ਉੱਪਰ ਹਿੰਦੂਤਵੀ ਫਾਸ਼ੀਵਾਦੀ ਤਾਕਤਾਂ ਵੱਲੋਂ ਕੀਤੇ ਜਾ ਰਹੇ ਤਸ਼ੱਦਦ
ਦੀ ਨਿਖੇਧੀ ਕਰਦਿਆਂ ਠੇਕਾ ਮੁਲਾਜ਼ਮਾਂ ਦੇ ਘੋਲ ਦੀ ਡਟਵੀਂ ਹਮਾਇਤ ਕੀਤੀ ਗਈ। ਸਮਾਗਮ ਦੌਰਾਨ ਦੋਹਾਂ
ਸਾਥੀਆਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।
No comments:
Post a Comment