ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ
- ਰੇਅਮੰਡ ਲੋਟਾ
(9 ਸਤੰਬਰ ਕਾ.
ਮਾਓ-ਜੇ-ਤੁੰਗ ਦੀ 39 ਵੀਂ ਬਰਸੀ
ਹੈ। ਇਹ ਵਰ੍ਹਾ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ 50ਵੀਂ ਵਰ੍ਹੇਗੰਢ ਦਾ ਵੀ ਹੈ। ਸੰਸਾਰ ਪ੍ਰੋਲੇਤਾਰੀ ਦੇ ਇਸ ਮਹਾਨ ਰਹਿਬਰ
ਤੇ ਉਸਤਾਦ ਦੀ ਯਾਦ ਵਿਚ ਅਤੇ ਉਸਦੀ ਦੇਣ ਨੂੰ ਸਿਜਦਾ ਕਰਦਿਆਂ ਅਸੀਂ ਇਹ ਲਿਖਤ ਪਾਠਕਾਂ ਦੀ ਨਜ਼ਰ ਕਰ
ਰਹੇ ਹਾਂ।)
ਮੈਂ ਸਮੁੱਚੇ ਸੰਸਾਰ ਅੰਦਰਲੀ ਉਸ ਪੀਹੜੀ ਦਾ ਅੰਗ
ਹਾਂ, ਜਿਹੜੀ ਇਨਕਲਾਬ ਦਾ ਅਧਿਅਨ ਕਰਨ ਅਤੇ ਅਮਲ ਕਰਨ ਲਈ ਮਾਓ ਅਤੇ ਸੱਭਿਆਚਾਰਕ ਇਨਕਲਾਬ ਤੋਂ
ਪ੍ਰੇਰਤ ਹੋਈ ਸੀ। ਅਸੀਂ ਜਾਣਦੇ ਹਾਂ ਕਿ ਮਾਓ ਸੰਪੂਰਨ ਇਨਕਲਾਬ ਲਈ ਦ੍ਰਿੜ ਸੀ। ਅੱਜ, ਬਾਗੀ ਨੌਜਵਾਨਾਂ ਦੀ ਨਵੀਂ ਪੀੜੀ ਨੂੰ ਅਤੇ ਸਭ ਉਹਨਾਂ ਨੂੰ, ਜਿਹੜੇ ਜਬਰ-ਜੁਲਮ ਨੂੰ ਨਫਰਤ ਕਰਦੇ ਹਨ, ਮਾਓ ਬਾਰੇ ਜਰੂਰ ਜਾਨਣਾ
ਚਾਹੀਦਾ ਹੈ। ਲੋਕ ਅਕਸਰ ਸੁਆਲ ਕਰਦੇ ਹਨ ਕਿ ਕੀ ਸਚਮੁੱਚ ਹੀ ਇਨਕਲਾਬ ਨਾਲ ਲੋਕਾਂ ਦੀ ਮੁਕਤੀ
ਹੁੰਦੀ ਹੈ? ਕੀ ਸਚਮੁੱਚ ਹੀ ਇਨਕਲਾਬ ਨਾਲ ਇਕ ਨਵੇਂ ਅਤੇ ਵੱਖਰੀ ਕਿਸਮ ਦੇ ਸਮਾਜ ਦੀ ਸਿਰਜਣਾ ਹੁੰਦੀ ਹੈ? ਹਾਂ, ਇਸ ਤਰ੍ਹਾਂ ਦੇ ਸਮਾਜ ਦੀ ਇੱਕ ਮਿਸਾਲ ਹੈ-ਸੱਭਿਆਚਾਰਕ ਇਨਕਲਾਬ ਦੌਰਾਨ ਦਾ ਚੀਨ ਅਤੇ ਲੋਕਾਂ
ਨੂੰ ਇਸ ਬਾਰੇ ਵੀ ਜਰੂਰ ਜਾਨਣਾ ਚਾਹੀਦਾ ਹੈ।
ਤੁਸੀਂ ਜਾਣਦੇ ਹੋ ਕਿ ਮਾਓ-ਜੇ-ਤੁੰਗ ਨੂੰ ਇੱਕ
ਸੰਸਾਰ-ਇਤਿਹਾਸਕ ਸਮੱਸਿਆ ਦਰਪੇਸ਼ ਸੀ। ਲੋਕਾਂ ਵੱਲੋਂ ਹੰਢਾਏ ਜਾ ਰਹੇ ਲੁੱਟ ਅਤੇ ਜਬਰ ਦਾ ਇਕੋ ਇੱਕ
ਹੱਲ ਇਨਕਲਾਬ ਹੈ। ਮਜਦੂਰ ਜਮਾਤ ਤੇ ਇਸ ਦੀ ਮੁਹਰੈਲ ਪਾਰਟੀ, ਕਰੋੜਾਂ ਲੋਕਾਂ ਨੂੰ ਲਾਮਬੰਦ ਕਰਕੇ ਜਾਬਰਾਂ ਨੂੰ ਤਖਤੋਂ ਭੁੰਜੇ ਪਟਕਾ ਕੇ ਇਨਕਲਾਬ ਕਰਦੀ ਹੈ।
ਸਿਆਸੀ ਤਾਕਤਾਂ ਨੂੰ ਆਪਣੇ ਹੱਥ ਵੱਸ ਕਰਕੇ ਲੋਕ, ਆਪਣੀਆਂ ਸਮੱਸਿਆਵਾਂ ਹੱਲ
ਕਰਨ ਅਤੇ ਨਵੇਂ ਸਮਾਜ ਦੀ ਸਿਰਜਣਾ ਕਰਨ ਦੇ ਸਮਰੱਥ ਹੋ ਜਾਂਦੇ ਹਨ। ਪਰ ਮਜਦੂਰ ਜਮਾਤ ਅਤੇ ਦੱਬੇ
ਕੁਚਲੇ ਲੋਕਾਂ ਦੇ ਸੱਤਾ ਵਿਚ ਆ ਜਾਣ ਤੋਂ ਬਾੱਦ ਵੀ, ਉਹ ਇਨਕਲਾਬ ਨੂੰ ਬੇਹਾ ਹੋ
ਜਾਣ ਤੋਂ, ਪੁੱਠਾ ਗੇੜਾ ਖਾ ਜਾਣ ਤੋਂ ਅਤੇ ਮੁੜ ਨਵੀਂ ਕਿਸਮ ਦੇ ਲੁਟੇਰਿਆਂ ਦੇ ਭਾਰੂ ਹੋ ਜਾਣ ਤੋਂ ਕਿਵੇ
ਰੋਕ ਸਕਦੇ ਹਨ? ਮਜ਼ਦੂਰ ਜਮਾਤ ਇਨਕਲਾਬ ਨੂੰ ਹੋਰ ਕਿਵੇਂ ਅਗਾਂਹ ਵਧਾ ਸਕਦੀ ਹੈ? ਇਹੀ ਮਜਦੂਰ ਜਮਾਤ ਦੀ ਤਾਨਾਸ਼ਾਹੀ ਅਧੀਨ ਇਨਕਲਾਬ ਨੂੰ ਜਾਰੀ ਰੱਖਣਾ-ਮਾਓ ਦਾ ਮਾਰਕਸਵਾਦ ਵਿਚ
ਸਭ ਤੋਂ ਵੱਡਾ ਯੋਗਦਾਨ ਹੈ ਅਤੇ ਇਹ ਯੋਗਦਾਨ ਪਾਉਂਦੇ ਹੋਏ ਮਾਓ ਨੇ ਇਨਕਲਾਬ ਦੇ ਵਿਗਿਆਨ ਅਤੇ
ਵਿਚਾਰਧਾਰਾ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਇਆ।
ਆਓ ਆਪਾਂ ਚੀਨੀ ਇਨਕਲਾਬ ਦੇ ਇਤਿਹਾਸ ਵਿਚਲੇ ਦੋ
ਮਹੱਤਵਪੂਰਨ ਜਸ਼ਨਾਂ ’ਤੇ ਝਾਤ ਮਾਰੀਏ।
1 ਅਕਤੂਬਰ,
1949. ਅਸੀਂ ਪੀਕਿੰਗ ਵਿਚ ਹਾਂ। ਮਾਓ-ਜੇ-ਤੁੰਗ
ਤਿਆਨਮੈਨ ਸੁਕੇਅਰ ਵਿਚ ਲਖੂਖਾਂ ਲੋਕਾਂ ਨੂੰ, ਸੰਬੋਧਨ ਕਰ ਰਹੇ ਹਨ। ਮਾਓ ਨੇ
ਚੀਨੀ ਲੋਕਾਂ ਦੀ, ਆਪਣੇ ਜਾਬਰ ਹਾਕਮਾਂ ਨੂੰ ਵਗਾਹ ਮਾਰਨ ਲਈ, ਹਥਿਆਰਬੰਦ ਘੋਲ ਅੰਦਰ 20 ਸਾਲ ਅਗਵਾਈ ਕੀਤੀ ਸੀ। ਹੁਣ ਇਹ ਇੱਕ ਜਿੱਤ ਦਾ ਜਸ਼ਨ ਹੈ। ਮਾਓ ਨੇ ਲੋਕ-ਸਮੂਹਾਂ ਅਤੇ ਸੰਸਾਰ
ਨੂੰ ਦੱਸਿਆ ਕਿ ‘‘ਚੀਨੀ ਲੋਕ ਜਾਗਰਤ ਹੋ ਗਏ ਹਨ’’। ਲੋਕ-ਸਮੂਹ ਅਣਮਿਉਂਦੀ ਖੁਸ਼ੀ ਵਿੱਚ ਬਾਘੀਆਂ ਪਾ ਉੱਠੇ, ਪਰ ਮਾਓ ਨੇ ਉਸ ਬਹਾਦਰੀ ਅਤੇ ਕੁਰਬਾਨੀਆਂ ਦੀ ਪਰਸੰਸਾਂ ਕਰਦਿਆਂ, ਜਿਨ੍ਹਾਂ ਸਦਕਾ ਉਹ ਇਸ ਮੰਜਲ ’ਤੇ ਪਹੁੰਚੇ ਸਨ, ਇੱਕ ਗੰਭੀਰ ਨੁਕਤਾ ਰੱਖਿਆ। ਉਸ ਨੇ ਕਿਹਾ ਕਿ ਇਹ ਤਾਂ ਇੱਕ ਸ਼ੁਰੂਆਤ ਹੈ....ਇਹ ਤਾਂ ਲੰਮੇ
ਡਰਾਮੇ ਦਾ ਇੱਕ ਮੁੱਖ-ਬੰਦ ਹੀ ਹੈ।’’
ਆਓ, ਅਗਾਂਹ ਝਾਤੀ ਮਾਰੀਏ। ਇਹ 18 ਅਗਸਤ 1966 ਹੈ। ਮਾਓ-ਜੇ-ਤੁੰਗ ਬਹੱਤਰ ਵਰ੍ਹਿਆਂ ਦੇ ਹਨ। ਉਹ ਹੁਣ ਉਸੇ ਥਾਂ ’ਤੇ ਖੜ੍ਹੇ ਹੋ ਕੇ ਉਸੇ ਸੁਕੇਅਰ ਵੱਲ ਝਾਕ ਰਹੇ ਹਨ, ਜਿੱਥੋਂ ਉਹ 1949 ਵਿਚ ਸੰਬੋਧਨ ਕਰ ਰਹੇ ਸਨ। ਪਰ ਉਹ ਇਨਕਲਾਬੀ ਨੌਜਵਾਨਾਂ ਦੀ ਨਵੀਂ ਬਣੀ ਜਥੇਬੰਦੀ ਰੈਡ-ਗਾਰਡਜ਼
ਦੇ ਪਹਿਲੇ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਹਨ। 10 ਲੱਖ ਤੋਂ ਉਪਰ ਰੈਡ-ਗਾਰਡਜ਼
ਇਕੱਠੇ ਹੋਏ ਹਨ। ਉਹ ਵੀ ਜਸ਼ਨ ਮਨਾ ਰਹੇ ਹਨ। ਸਿਰਫ ਦੋ ਹਫਤੇ ਪਹਿਲਾਂ ਹੀ ਮਾਓ ਨੇ ਇੱਕ ਆਸਾਧਰਨ
ਕੰਧ ਪੋਸਟਰ ਲਿਖਿਆ ਸੀ,
ਜਿਸ ਵਿਚ ਕਿਹਾ ਸੀ ਕਿ ‘‘ਹੈਡ ਕੁਆਟਰ ਉਡਾ ਦਿਓ’’। ਦੋ ਰਾਹਾਂ ਦਾ ਭੋੜ ਹੈ।
ਚੀਨ ਜਾਂ ਤਾਂ ਸਰਮਾਏਦਾਰੀ ਵੱਲ ਪਿਛਲਖੁਰੀਂ ਮੁੜ ਜਾਵੇਗਾ ਜਾਂ ਸਮਾਜਵਾਦੀ ਰਾਹ ’ਤੇ ਅੱਗੇ ਵਧਦਾ ਜਾਵੇਗਾ। ਮਾਓ ਇਸ ਵਿਸ਼ਾਲ ਜਨਤਕ ਸਮੂਹ ਦੇ ਸੀਨਿਆਂ ਅੰਦਰ ਤਰੰਗਾਂ ਛੇੜਦਾ ਹੈ।
ਉਹ ਰੈਡ-ਗਾਰਡਾਂ ਦੀ ਨਿਸ਼ਾਨ ਪੱਟੀ ਆਪਣੀ ਬਾਂਹ ਤੇ ਬੰਨ੍ਹਦਾ ਹੈ। ਇਹ ਇੱਕ ਇਸ਼ਾਰਾ ਹੈ, ਚਿੰਨ੍ਹ
ਹੈ। ਮਾਓ ਇਨਕਲਾਬ ਦੀ ਰਾਖੀ ਲਈ ਨੌਜਵਾਨਾਂ ਦੀਆਂ
ਜਗਿਆਸੂ ਅਤੇ ਬਾਗੀ-ਰੁਚੀਆਂ ਨੂੰ ਸ਼ਿਸ਼ਕਾਰਦਾ ਹੈ। ਉਹ ਸਮੁੱਚੇ ਮਲਕ ਅੰਦਰ, ਨਾ ਸਿਰਫ ਸਮਾਜਕ ਇਨਕਲਾਬ ਦੇ ਭਾਂਬੜ ਫੈਲਾਉਣ ਲਈ, ਸਗੋਂ ਨਾਲ ਹੀ ਸਮਾਜ ਦੇ ਖਾਸੇ ਅਤੇ ਤਕਾਜ਼ਿਆਂ ਬਾਰੇ ਜਾਨਣ-ਸਿਖਣ ਲਈ, ਖਿੱਲਰ-ਪੱਸਰ ਜਾਂਦੇ ਹਨ। ਇਉਂ ਸੱਭਿਆਚਾਰਕ ਇਨਕਲਾਬ ਦਾ ਬਿਗਲ ਵਜਦਾ ਹੈ। ਜਿਸ ਇਨਕਲਾਬ ਦੇ
ਡਰਾਮੇ ਦਾ ਮਾਓ ਨੇ 1949 ਵਿਚ ਜਿਕਰ ਕੀਤਾ ਸੀ, ਉਹ ਹੁਣ ਆਪਣੇ ਭਰ ਜੋਬਨ ’ਤੇ ਆ ਜਾਂਦਾ ਹੈ।
ਇਨਕਲਾਬ ਵਿਚ ਹੀ ਇਨਕਲਾਬ
ਮਾਓ ਵੱਲੋਂ ਸ਼ੁਰੂ ਕੀਤਾ ਗਿਆ ਸੱਭਿਆਚਾਰਕ
ਇਨਕਲਾਬ 10 ਸਾਲ ਚੱਲਿਆ। ਇਹ 1976 ਵਿਚ ਖਤਮ ਹੋਇਆ, ਜਦੋਂ ਤੈਂਗ ਸਿਓ ਪਿੰਗ ਨੇ ਸੱਜ-ਪਿਛਾਖੜੀ ਫੌਜੀ ਰਾਜ ਪਲਟੇ ਰਾਹੀਂ ਸੱਤਾ ਹਥਿਆ ਲਈ ਅਤੇ
ਸਮਾਜਵਾਦ ਨੂੰ ਉਲਟਾ ਦਿੱਤਾ। ਸਮਾਜਵਾਦੀ ਇਨਕਲਾਬ ਦੇ ਇਤਿਹਾਸ ਅੰਦਰ ਸੱਭਿਆਚਾਕ ਇਨਕਲਾਬ ਵਰਗੀ ਗੱਲ
ਕਦੇ ਪਹਿਲਾਂ ਨਹੀਂ ਸੀ ਹੋਈ। ਮਾਓ ਨੇ, 1950ਵਿਆਂ ’ਚ ਖਰੁਸ਼ਚੋਵ ਦੇ ਸੱਤਾ ਵਿਚ ਆਉਣ ਉਪਰੰਤ ਸੋਵੀਅਤ ਯੂਨੀਅਨ ਅੰਦਰ ਸਰਮਾਏਦਾਰੀ ਦੀ ਮੁੜ ਬਹਾਲੀ
ਦਾ ਵਿਸ਼ਲੇਸ਼ਣ ਕੀਤਾ ਸੀ। ਉਸ ਨੇ ਇਹ ਘੋਖਿਆ ਅਤੇ ਬੁੱਝਿਆ ਸੀ ਕਿ ਕਿਵੇਂ ਨਵੀਂ ਸਰਮਾਏਦਾਰੀ ਨੇ
ਸਮਾਜਵਾਦੀ ਜਨਤਕ ਮਲਕੀਅਤ ਨੂੰ ਇੱਕ ਸੱਖਣੇ ਖੋਲ ਵਿਚ ਬਦਲ ਦਿੱਤਾ ਸੀ। ਮਾਓ ਹਾਸਲ ਕੀਤੀ ਉਸ ਸਮਝ
ਨੂੰ ਚੀਨ ਦੀਆਂ ਪ੍ਰਸਥਿਤੀਆਂ ’ਤੇ ਲਾਗੂ ਕਰ ਰਿਹਾ ਸੀ।
ਇੱਕ ਦਹਾਕੇ ਤੋਂ ਚੀਨ ਸਮਾਜਵਾਦੀ ਉਸਾਰੀ ਕਰ
ਰਿਹਾ ਸੀ। ਭੁੱਖ ਵਰਗੀਆਂ ਬੁਨਿਆਦੀ ਸਮੱਸਿਆਵਾਂ ਹੱਲ ਕਰ ਲਈਆਂ ਗਈਆਂ ਸਨ। ਸ਼ਹਿਰਾਂ ਅੰਦਰ ਕਾਰਖਾਨੇ
ਅਤੇ ਪਿੰਡਾਂ ਅੰਦਰ ਖੇਤੀ ਫਾਰਮ ਹੁਣ ਸਮਾਜਕ ਮਾਲਕੀ ਹੇਠ ਸਨ। ਉਹ ਲੋਕਾਂ ਦੀਆਂ ਲੋੜਾਂ ਪੂਰੀਆਂ
ਕਰਨ ਲਈ ਚਲਾਏ ਅਤੇ ਜਥੇਬੰਦ ਕੀਤੇ ਜਾਂਦੇ ਸਨ। ਪਰ ਫਿਰ ਵੀ ਇਹ ਸਮਾਜਵਾਦੀ ਸਮਾਜ ਦੇ ਢਾਂਚੇ ਅਤੇ
ਸੰਸਥਾਵਾਂ ਦੇ ਅੰਦਰ ਹੀ ਨਵੀਆਂ ਬਾ-ਸਹੂਲਤ ਲੋਟੂ ਸ਼ਕਤੀਆਂ ਉੱਭਰ ਆਈਆਂ ਸਨ ਅਤੇ ਇਹ ਐਨ ਕਮਿਊਨਿਸਟ
ਪਾਰਟੀ ਅਤੇ ਸਰਕਾਰ ਵਿਚ ਜਮ੍ਹਾ ਹੋ ਗਈਆਂ ਸਨ। ਉਹ ਆਪਣੇ ਉੱਚੇ ਅਹੁਦਿਆਂ ਅਤੇ ਰੁਤਬਿਆਂ ਦੇ ਸਿਰ ’ਤੇ ਅਜਿਹੀਆਂ ਆਰਥਕ ਨੀਤੀਆਂ ਠੋਸ ਰਹੀਆਂ ਸਨ, ਜਿਹੜੀਆਂ ਮਜਦੂਰਾਂ ਨੂੰ
ਬੇਜੁਬਾਨ ਲਾਦੂ ਜਾਨਵਰਾਂ ਦੀ ਪੱਧਰ ’ਤੇ ਲਿਜਾਣ ਵੱਲ ਸੇਧਤ ਸਨ।
ਉਨ੍ਹਾਂ ਦਾ ਫੁਰਮਾਨ ਸੀ ਕਿ ਮਜਦੂਰਾਂ ਨੂੰ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਦੀਆਂ
ਸਭ ਸਮੱਸਿਆਵਾਂ ਪਾਰਟੀ ਲੀਡਰ ਆਪੇ ਹੀ ਹੱਲ ਕਰ ਦੇਣਗੇ। ਉਹ ਅਜਿਹੀਆਂ ਸਮਾਜਕ ਅਤੇ ਵਿਦਿਅਕ ਨੀਤੀਆਂ
ਮੜ੍ਹ ਰਹੇ ਸਨ, ਜਿਹੜੀਆਂ ਸਿਰਫ ਚਿੱਟ-ਕੱਪੜੀਏ ਹੀ ਪੈਦਾ ਕਰਦੀਆਂ ਸਨ। ਸੱਭਿਆਚਾਰਕ ਮਾਮਲਿਆਂ ਅੰਦਰ ਉਹ
ਪੁਰਾਣੇ ਜਗੀਰੂ ਅਤੇ ਬੁਰਜੂਆ ਵਿਸ਼ੇ-ਵਸਤੂ ਅਤੇ ਰਚਨਾਵਾਂ ਧੱਕ ਰਹੇ ਸਨ। ਅਸਲ ਵਿਚ ਹਾਲਾਤ ਇੰਨੇ
ਮਾੜੇ ਹੋ ਗਏ ਸਨ ਕਿ ਮਾਓ ਨੇ ਹਸਦਿਆਂ ਟਿੱਪਣੀ ਕੀਤੀ ਸੀ ਕਿ ਸੱਭਿਆਚਾਰ ਬਾਰੇ ਵਜਾਰਤ ਦਾ ਨਾਂ ਬਦਲ
ਕੇ ਬਾਦਸ਼ਾਹਾਂ ਅਤੇ ਪੁਰਾਤਨ ਲਾਸ਼ਾਂ ਬਾਰੇ ਵਜਾਰਤ ਰੱਖ ਦੇਣਾ ਚਾਹੀਦਾ ਹੈ। ਸੱਠਵਿਆਂ ਦੇ ਅੱਧ ਤੱਕ
ਇਹ ਨਕਲੀ ਕਮਿਊਨਿਸਟ ਜਾਂ ਸੋਧਵਾਦੀ ਅਰਥਾਤ (ਉਹ ਜਿਹੜੇ ਕਹਿਣੀ ਦੇ ਸਮਾਜਵਾਦੀ ਪਰ ਕਰਨੀ ਦੇ
ਸਰਮਾਏਦਾਰੀ ਸਨ) ਸਭ ਖੇਤਰਾਂ ਅੰਦਰ ਮਕੰਮਲ ਤੌਰ ’ਤੇ ਭਾਰੂ ਹੋਣ ਅਤੇ ਰਾਜਕੀ
ਸਰਮਾਏਦਾਰੀ ਢਾਂਚਾ ਉਸਾਰਨ ਲਈ ਪੂਰੀ ਵਾਹ ਲਾ ਰਹੇ ਸਨ। ਇਸ ਗੱਲ ਨੂੰ ਕਿਵੇਂ ਰੋਕਿਆ ਜਾ ਸਕਦਾ ਸੀ?
ਮਾਓ ਨੇ 1967 ਵਿਚ ਇੱਕ ਬਹੁਤ ਹੀ ਦਿਲਚਸਪ ਬਿਆਨ ਦਿੱਤਾ ਸੀ। ਉਸ ਨੇ ਕਿਹਾ ਸੀ ‘‘ਬੀਤੇ ਵਿਚ ਅਸੀਂ ਪੇਂਡੂ ਖੇਤਰਾਂ ਅੰਦਰ, ਕਾਰਖਾਨਿਆਂ ਅੰਦਰ, ਸੱਭਿਆਚਾਰਕ ਖੇਤਰ ਅੰਦਰ ਸੰਘਰਸ਼ ਕੀਤੇ ਅਤੇ ਅਸੀਂ ਸਮਾਜਵਾਦੀ ਵਿਦਿਅਕ ਲਹਿਰਾਂ ਨੂੰ ਅੱਗੇ
ਵਧਾਇਆ ਪਰ ਇਹ ਸਭ ਕੁੱਝ ਸਮੱਸਿਆ ਨੂੰ ਹੱਲ ਕਰਨ ਵਿਚ ਨਾਕਾਮ ਸਾਬਤ ਹੋਇਆ, ਕਿਉਕਿ ਅਸੀਂ ਉਹ ਸ਼ਕਲ, ਉਹ ਤਰੀਕਾ ਨਹੀਂ ਲੱਭ ਸਕੇ ਜਿਸ ਨਾਲ ਅਸੀਂ
ਵਿਸ਼ਾਲ ਲੋਕਾਈ ਨੂੰ ਉਭਾਰ ਸਕਦੇ ਅਤੇ ਇਉਂ ਆਪਣੇ ਹਨੇਰੇ ਪੱਖਾਂ ਨੂੰ ਉਜਾਗਰ ਕਰਨ ਲਈ ਹੇਠਾਂ ਵੱਲੋਂ
ਉੱਦਮ ਕਰ ਸਕਦੇ।’’ ਤੇ ਜਦ ਮਾਓ ਨੇ ‘‘ਹੈ¤ਡ ਕੁਆਟਰ ਉਡਾ ਦਿਓ’’ ਦਾ ਨਾਹਰਾ ਬੁਲੰਦ ਕੀਤਾ ਤਾਂ ਉਹ ਲੋਕਾਂ ਨੂੰ ਉੱਠ
ਖੜ੍ਹੇ ਹੋਣ ਅਤੇ ਪਾਰਟੀ ਅਤੇ ਸਰਕਾਰ ਦੇ ਉਨ੍ਹਾਂ ਉਪਰਲੇ ਅਧਿਕਾਰੀਆਂ ਨੂੰ, ਜਿਹੜੇ ਸਰਮਾਏਦਾਰੀ ਦੇ ਰਾਹ ਦੇ ਧਾਰਨੀ ਸਨ, ਭੁੰਜੇ ਪਟਕਾ ਦੇਣ ਦਾ ਸੱਦਾ
ਦੇ ਰਹੇ ਸਨ। ਉਹ ਲੋਕਾਂ ਨੂੰ, ਸਿਆਸਤ ਅਤੇ ਆਰਥਕਤਾ, ਸੱਭਿਆਚਾਰ ਅਤੇ ਵਿਦਿਆ ਦੇ ਉਨ੍ਹਾਂ ਹਿਸਿਆਂ ’ਤੇ ਹੇਠਾਂ ਤੋਂ ਮੁੜ ਕਬਜਾ
ਕਰਨ ਲਈ ਸੱਦਾ ਦੇ ਰਿਹਾ ਸੀ, ਜਿੱਥੇ ਸਰਮਾਏਦਾਰੀ ਰਾਹ ਦੇ ਧਾਰਨੀ ਭਾਰੂ ਹੋ ਗਏ
ਸਨ ਅਤੇ ਲੋਕਾਂ ਨੂੰ ਉਸ ਪਾਰਟੀ ਨੂੰ ਹੀ ਸਿਆਸੀ ਬਿਜਲਈ ਝਟਕਾ ਦੇਣ ਦਾ ਸੱਦਾ ਦੇ ਰਿਹਾ ਸੀ, ਜਿਹੜੀ ਪਾਰਟੀ ਉਸ ਨੇ ਖੁਦ ਸਥਾਪਤ ਕੀਤੀ ਸੀ। ਮੈਂ ਸਭ ਨੂੰ ਚੁਣੌਤੀ ਦਿੰਦਾ ਹਾਂ। ਤੁਸੀਂ
ਇਤਿਹਾਸ ਵਿਚ, ਸੱਤਾ ਵਿਚ ਆਏ ਅਜਿਹੇ ਕਿਸੇ ਇੱਕ ਵੀ ਆਗੂ ਦਾ ਨਾਂ ਨਹੀਂ ਦੱਸ ਸਕਦੇ ਜਿਸ ਨੇ ਖੁਦ ਹੀ ਇਸ
ਕਿਸਮ ਦੀ ਖਲਬਲੀ ਦਾ ਜੋਖਮ ਉਠਾਇਆ ਹੋਵੇ ਅਤੇ ਇਹ ਹੋ ਵੀ ਨਹੀਂ ਸਕਦਾ ਸੀ ਕਿਉਂਕਿ ਸੱਤਾ ਵਿਚਲੇ
ਕਿਸੇ ਵੀ ਹੋਰ ਆਗੂ ਦਾ ਲੋਕਾਂ ਵਿਚ ਇਸ ਕਿਸਮ ਦਾ ਵਿਸ਼ਵਾਸ਼ ਹੀ ਨਹੀਂ ਸੀ।
ਇਕ ਗੈਰ-ਰਵਾਇਤੀ ਸਮਾਜਕ ਇਨਕਲਾਬ
ਸੱਭਿਆਚਾਰਕ ਇਨਕਲਾਬ ਇਕ ਤਰਥੱਲੀ ਸੀ। ਸੰਸਾਰ
ਇਤਿਹਾਸ ਅੰਦਰ ਇਸ ਦੇ ਘੇਰੇ ਅਤੇ ਵੇਗ ਦਾ ਕੋਈ ਸਾਨੀ ਨਹੀਂ ਹੈ। ਜਿੰਦਗੀ ਦਾ ਨਿੱਤਨੇਮ
ਕੀਚਰਾਂ-ਕੀਚਰਾਂ ਹੋ ਗਿਆ ਸੀ। ਹਰ ਤਬਕੇ ਦੇ ਲੋਕ ਇਕ ਵਡੇਰੀ ਬਹਿਸ ਵਿਚ ਰੁੱਝ ਗਏ ਸਨ।
ਵਿਸ਼ਵ-ਵਿਦਿਆਲੇ ਬੰਦ ਹੋ ਗਏ ਸਨ। ਕਿਸਾਨ ਖੇਤਾਂ ਅੰਦਰ ਇਕੱਠੇ ਬੈਠਦੇ ਅਤੇ ਸਮਾਜ ਅੰਦਰ ਚੱਲ ਰਹੇ
ਸੰਘਰਸ਼ ਬਾਰੇ ਅਤੇ ਇਹ ਉਨ੍ਹਾਂ ’ਤੇ ਕਿਵੇਂ ਲਾਗੂ ਕੀਤਾ ਗਿਆ, ਬਾਰੇ ਬਹਿਸ ਵਿਚਾਰਾਂ ਕਰਦੇ ਸਨ।
ਮਾਓ ਜਾਣਦਾ ਸੀ ਕਿ ਅਥਾਰਟੀ ਅਤੇ ਸਮਾਜਕ
ਸੰਸਥਾਵਾਂ ਵਿਚ ਅੰਨ੍ਹਾ ਵਿਸਵਾਸ਼ ਉਸੇ ਸਰਮਾਏਦਾਰੀ ਦੀਆਂ ਤਾਕਤਾਂ ਨੂੰ ਮਜਬੂਤ ਕਰਦਾ ਹੈ ਜਿਸ ਦੀ
ਤਾਕਤ ਲੋਕਾਂ ਦੇ ਬੇਹਰਕਤ ਹੋਣ ਵਿਚ ਹੀ ਹੈ। ਹੁਣ ਕੋਈ ਵੀ ਬੰਦਾ ਤੇ ਕੋਈ ਵੀ ਚੀਜ, ਪੜਚੋਲ ਤੋਂ ਮੁਕਤ ਨਹੀਂ ਸੀ। ਉਹ ਸਭ ਸਿਆਸੀ, ਪ੍ਰਬੰਧਕੀ ਅਤੇ ਵਿਦਿਅਕ
ਅਧਿਕਾਰੀ, ਜਿਹੜੇ ਭ੍ਰਿਸ਼ਟ ਅਤੇ ਹੰਕਾਰੀ ਹੋ ਗਏ ਸਨ, ਲੋਕਾਂ ਵਿਚ ਧੂਹ ਲਏ ਗਏ।
ਹੁਣ ਅਧਿਕਾਰੀ ਦਫਤਰਾਂ ਅੰਦਰ ਆਪਣੀਆਂ ਕੁਰਸੀਆਂ ਨੂੰ ਚਿੰਬੜ ਕੇ, ਚੁੰਝ-ਚਰਚਾ ਕਰਕੇ ਹੀ ਖੁਸ਼ੀ ਹਾਸਲ ਨਹੀਂ ਸਨ ਕਰ ਸਕਦੇ, ਉਹਨਾਂ ਲਈ ਕੁਰਸੀਆਂ ਤੋਂ ਉਤਰਨਾ ਲੋਕਾਂ ਵਿਚ ਘੁਲਣਾ-ਮਿਲਣਾ ਅਤੇ ਆਪਣੇ ਹੱਥਾਂ ਨੂੰ ਮਿੱਟੀ
ਲਾਉਣੀ (ਯਾਨੀ ਸਰੀਰਕ ਮਿਹਨਤ ਕਰਨੀ) ਜਰੂਰੀ ਹੋ ਗਏ ਸਨ।
ਮੈਨੂੰ ਫਲਸਫੇ ਦੇ ਪ੍ਰੋਫੈਸਰਾਂ ਬਾਰੇ ਸੁਣੀਆਂ
ਹੋਈਆਂ ਉਹ ਕਹਾਣੀਆਂ ਯਾਦ ਹਨ, ਜਿਹੜੇ ਲਿਸ਼ਕਦੀਆਂ ਇਮਾਰਤਾਂ ਵਿਚ ਬਹਿਕੇ
ਅੰਦਰੂਨੀ ਅਤੇ ਬਾਹਰੀ ਵਿਰੋਧਤਾਈਆਂ ਬਾਰੇ ਪੜ੍ਹਾਇਆ ਕਰਦੇ ਸਨ, ਪਰ ਹੁਣ ਉਹਨਾਂ ਨੂੰ ਕਿਸਾਨਾਂ ਕੋਲ ਜਾਣ ਲਈ ਕਿਹਾ ਜਾਣ ਲੱਗਿਆ ਸੀ, ਜਿਹੜੇ ਵਧੇਰੇ ਅਨਾਜ ਪੈਦਾ ਕਰਨ ਲਈ ਵਿਰੋਧ-ਵਿਕਾਸ ਨੂੰ ਲਾਗੂ ਕਰ ਰਹੇ ਸਨ।
ਸੱਭਿਆਚਾਰਕ ਇਨਕਲਾਬ, ਸਮਾਜ ਅੰਦਰ ਸੱਤਾ ਸਥਾਪਤੀ ਲਈ ਇਕ ਸੰਘਰਸ਼ ਸੀ। ਕਮਿਊਨਿਸਟ ਪਾਰਟੀ ਦੇ ਪ੍ਰੋਲੇਤਾਰੀ
ਹੈਡਕੁਆਟਰਾਂ ਦੀ ਅਗਵਾਈ ਤਹਿਤ ਲਾਮਬੰਦ ਹੋਈ ਮਜਦੂਰ ਜਮਾਤ, ਸਰਮਾਏਦਾਰ ਰਾਹ ਦੇ ਧਾਰਨੀਆਂ ਤੋਂ ਹਕੀਕੀ ਰੂਪ ’ਚ ਸੱਤਾ ਖੋਹਣ ਲਈ ਲੜਾਈਆਂ
ਲੜ ਰਹੀ ਸੀ। ਇਹਨਾਂ ਲੜਾਈਆਂ ਵਿਚ ਕਾਰਖਾਨੇ ਅਤੇ ਪੂਰੇ ਦੇ ਪੂਰੇ ਸ਼ਹਿਰ ਸ਼ਾਮਲ ਸਨ। 1967 ਵਿਚ ਸ਼ੰਘਾਈ ਵਿਚ ਉਠਿਆ ਉਭਾਰ, ਸਭ ਤੋਂ ਸਿਰਕੱਢਵਾਂ ਸੀ।
ਉਥੇ ਮਜਦੂਰ ਉਸ ਪਾਰਟੀ ਲੀਡਰਸ਼ਿਪ ਦੇ ਖਿਲਾਫ ਜਥੇਬੰਦ ਹੋਏ, ਜਿਹੜੀ ਸਰਮਾਏਦਾਰੀ ਦਾ ਪ੍ਰੋਗਰਾਮ ਧੱਕ ਰਹੀ ਸੀ। ਉਹਨਾਂ ਨੇ ਜਨਤਕ ਜਥੇਬੰਦੀਆਂ ਕਾਇਮ
ਕੀਤੀਆਂ। ਉਹਨਾਂ ਪਾਰਟੀ ਦੇ ਅਖਬਾਰ, ਰੇਡੀਓ ਸਟੇਸ਼ਨ ਆਦਿ ’ਤੇ ਕਬਜਾ ਕਰ ਲਿਆ ਅਤੇ ਫਿਰ ਸ਼ਹਿਰ ਦੇ ਸਾਰੇ ਕੰਮ ਆਪਣੇ ਹੱਥੀਂ ਲੈ ਲਏ। ਅਖੀਰ ਉਹਨਾਂ
ਮਿਊਂਸਪੈਲਟੀ ਪਾਰਟੀ ਕਮੇਟੀ ਨੂੰ ਉਲਟਾ ਦਿੱਤਾ ਅਤੇ ਬਹਿਸ ਅਤੇ ਅਭਿਆਸ ਰਾਹੀਂ ਸਿਖਦਿਆਂ ਨਵੇਂ
ਰੂਪਾਂ ਵਿਚ ਸਿਆਸੀ ਸੱਤਾ ਸਥਾਪਤ ਕੀਤੀ। ਭ੍ਰਿਸ਼ਟ ਪਾਰਟੀ ਅਧਿਕਾਰੀਆਂ ਖਿਲਾਫ ਬਗਾਵਤ ਕਰਕੇ ਅਤੇ
ਉਹਨਾਂ ਨੂੰ ਉਲਟਾ ਕੇ,
ਲੋਕ ਹੁਣ ਆਪਣੀ ਮੁਹਰੈਲ ਪਾਰਟੀ ਦਾ ਵੀ
ਇਨਕਲਾਬੀਕਰਨ ਕਰ ਰਹੇ ਸਨ।
ਹਾਂ-ਇਹ ਵੀ ਇੱਕ ਇਨਕਲਾਬ ਸੀ। ਇਸ ਨੇ ਬੁਨਿਆਦੀ
ਸੰਸਥਾਵਾਂ ਅਤੇ ਰਿਸ਼ਤਿਆਂ ਦੀ ਕਾਇਆ ਪਲਟੀ ਕਰ ਦਿੱਤੀ। ਹੁਣ ਵਿਸ਼ਵਵਿਦਿਆਲਿਆਂ ਅੰਦਰ ਮਜਦੂਰਾਂ ਅਤੇ
ਕਿਸਾਨਾਂ ਨੂੰ ਦਾਖਲ ਕੀਤਾ ਜਾਣ ਲੱਗਿਆ। ਪੁਰਾਣੇ ਪਾਠ-ਕਰਮ ਨਵਿਆਏ ਜਾਣ ਲੱਗੇ। ਇਮਤਿਹਾਨੀ
ਮੁਕਾਬਲੇ ਅਤੇ ਦਰਜੇ ਡਿਵੀਜਨਾਂ ਦਾ ਸਿਸਟਮ ਰੱਦ ਕਰ ਦਿੱਤਾ ਗਿਆ। ਅਧਿਆਪਨ ਦੇ ਆਪਾਸ਼ਾਹ ਤਰੀਕਿਆਂ
ਦੀ ਪੜਚੋਲ ਕੀਤੀ ਗਈ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਤੋਂ ਸਿੱਖਣ ਦੀ ਸਲਾਹ ਦਿੱਤੀ ਗਈ।
ਪੜ੍ਹੇ ਲਿਖੇ ਨੌਜਵਾਨ ਕਿਸਾਨ-ਸਮੂਹਾਂ ਤੋਂ
ਸਿੱਖਣ ਲਈ ਪਿੰਡਾਂ ਵਿੱਚ ਗਏ। ਪੁਰਾਣੇ ਜਗੀਰੂ ਉਪੇਰਿਆਂ ਦੀ ਥਾਂ ਹੈਰਾਨਕੁੰਨ ਇਨਕਲਾਬੀ ਕਿਰਤਾਂ
ਨੇ ਲੈ ਲਈ। ਕਿਸਾਨ ਅਤੇ ਮਜਦੂਰ ਨਾਟਕ ਮੰਚਾਂ ’ਤੇ ਆ ਗਏ। ਕਾਰਖਾਨਿਆਂ
ਅੰਦਰ ਜਿੰਦਗੀ ਬਦਲ ਗਈ। ਫੈਕਟਰੀਆਂ ਅੰਦਰਲਾ ਪੁਰਾਣਾ ਅਤੇ ਇੱਕ-ਪੁਰਖ ’ਤੇ ਅਧਾਰਤ ਪ੍ਰਬੰਧ ਦੀ ਥਾਂ ਪ੍ਰਬੰਧ ਦੀਆਂ ਨਵੀਆਂ ਸਮੂਹਕ ਸ਼ਕਲਾਂ ਨੇ ਲੈ ਲਈ। ਇਸ ਤਰ੍ਹਾਂ
ਪ੍ਰਬੰਧਕ ਪੈਦਾਵਾਰੀ ਕਿਰਤ ਵਿਚ ਅਤੇ ਮਜਦੂਰ ਪ੍ਰਬੰਧਕੀ ਕੰਮਾਂ ਵਿਚ ਹਿੱਸਾ ਲੈਣ ਲੱਗੇ।
ਇੱਕ ‘‘ਨੰਗੇ ਪੈਰਾਂ ਵਾਲੇ ਡਾਕਟਰ’’ ਲਹਿਰ ਆਰੰਭੀ ਗਈ। ਇਸ ਵਿਚ
ਮੁੱਖ ਤੌਰ ’ਤੇ ਕਿਸਾਨਾਂ ਵਿਚੋਂ ਆਏ ਨੌਜਵਾਨ ਵੈਦ ਸ਼ਾਮਲ ਹੋਏ। ਇਸ ਦਾ ਮਕਸਦ ਦੂਰ ਦੁਰਾਡੇ ਪੇਂਡੂ ਖੇਤਰਾਂ
ਅੰਦਰ ਸਿਹਤ ਸੇਵਾਵਾਂ ਮਹੱਈਆ ਕਰਨਾ ਸੀ। ਵਿਗਿਆਨੀਆਂ ਅਤੇ ਖੋਜੀਆਂ ਨੇ ਕਬਰਨੁਮਾ ਪ੍ਰਯੋਗਸ਼ਾਲਾਵਾਂ
ਛੱਡ ਦਿੱਤੀਆਂ ਅਤੇ ਅਮਲੀ ਤਜਰਬੇ ਨਾਲ ਭਰਪੂਰ ਸਾਧਾਰਨ ਕਿਸਾਨਾਂ ਅਤੇ ਮਜਦੂਰਾਂ ਵਿਚ ਜਾ ਕੇ ਤਜਰਬੇ
ਅਤੇ ਖੋਜਾਂ ਕਰਨ ਲੱਗੇ।
ਸੱਭਿਆਚਾਰਕ ਇਨਕਲਾਬ ਦਾ ਇਹ ਇਕ ਵਡਮੁੱਲਾ ਸਬਕ
ਸੀ। ਸਰਮਾਏਦਾਰੀ ਦੇ ਰਾਹ ਦੇ ਧਾਰਨੀਆਂ ਨੂੰ ਜਿਹੜੇ ਸਮਾਜ ਨੂੰ ਪਿੱਛੇ ਵੱਲ ਧੱਕਣਾ ਚਾਹੁੰਦੇ ਹਨ, ਭਾਂਜ ਦੇਣ ਦੇ ਸੰਘਰਸ਼ ਅੰਦਰ, ਕਰੋੜਾਂ ਹੀ ਲੋਕ ਜਾਗਰਤ ਹੋ
ਕੇ ਅਤੇ ਸਮਾਜ ਦੀ ਅਗਲੇਰੀ ਕਾਇਆਪਲਟੀ ਲਈ ਵੱਡੀਆਂ ਪੁਲਾਂਘਾਂ ਪੁਟਦੇ ਹਨ ਤਾਂ ਉਹ ਕਮਿਊਨਿਜ਼ਮ ਦੇ
ਬੀਜ ਬੀਜ ਰਹੇ ਹੁੰਦੇ ਹਨ।
ਲੋਕਾਂ ਦੀਆਂ ਲੋੜਾਂ ’ਤੇ ਆਧਾਰਤ ਸਮਾਜ
ਅੱਜ ਅਸੀਂ ਉਨ੍ਹਾਂ ਸਮਿਆਂ ਵਿਚ ਵਿਚਰ ਰਹੇ ਹਾਂ
ਜਦ ਹਾਕਮ ਜਮਾਤਾਂ ਜੋਰ-ਸ਼ੋਰ ਨਾਲ ਇਹ ਪ੍ਰਚਾਰ ਰਹੀਆਂ ਹਨ ਕਿ ਕਮਿਊਨਿਜ਼ਮ ਖਤਮ ਹੋ ਗਿਆ ਹੈ ਅਤੇ
ਸਮਾਜਵਾਦੀ ਆਰਥਕਤਾ ਨਿਕੰਮੀ ਸਾਬਤ ਹੋਈ ਹੈ। ਉਹ ਕਹਿੰਦੇ ਹਨ ਕਿ ਸੱਭਿਆਚਾਰਕ ਇਨਕਲਾਬ ਇੱਕ ਵੱਡੀ
ਬਿਪਤਾ ਸੀ। ਪਰ ਹਕੀਕਤ ਇਹ ਹੈ ਕਿ ਮਾਓਵਾਦੀ ਚੀਨ ਇੱਕ ਅਜਿਹੀ ਆਰਥਕਤਾ ਵਿਕਸਤ ਕਰ ਰਿਹਾ ਸੀ ਜਿਹੜੀ
ਲੋਕਾਂ ਦੀਆਂ ਬੁਨਿਆਦੀ ਜਰੂਰਤਾਂ ਦੀ ਪੂਰਤੀ ਵੀ ਕਰਦੀ ਸੀ ਅਤੇ ਸਮਾਜ ਅੰਦਰਲੀਆਂ ਨਾਬਰਾਬਰੀਆਂ ’ਤੇ ਕਾਬੂ ਵੀ ਪਾਉਂਦੀ ਸੀ। ਤੁਸੀਂ ਜਾਣਦੇ ਹੋ ਕਿ 1975 ਵਿਚ ਸ਼ੰਘਾਈ ਅੰਦਰ ਬੱਚਿਆਂ ਦੀ ਮੌਤ ਦਰ ਨਿਊਯਾਰਕ ਸ਼ਹਿਰ ਨਾਲੋਂ ਵੀ ਘਟ ਗਈ ਸੀ। ਇਹ ਇਸੇ
ਆਰਥਕ ਪਹੁੰਚ ਦਾ ਹੀ ਕ੍ਰਿਸ਼ਮਾ ਸੀ।
ਮਾਓ ਲਈ ਆਰਥਕ ਵਿਕਾਸ ਦਾ ਮਤਲਬ ਸਮਾਜ ਨੂੰ
ਬਦਲਣਾ ਹੈ। ਉਸ ਨੇ ਕਿਹਾ ਸੀ, ‘‘ਇਨਕਲਾਬ ਤੇ ਪਕੜ ਹਾਸਲ ਕਰੋ ਅਤੇ ਪੈਦਾਵਾਰ ਨੂੰ
ਵਧਾਓ’’। ਮਾਓਵਾਦੀਆਂ ਨੇ ਦਿਖਾਇਆ ਕਿ ਤੁਸੀਂ ਆਰਥਕ ਵਿਕਾਸ ਦੀ ਯੋਜਨਾਬੰਦੀ ਕਰ ਸਕਦੇ ਹੋ ਅਤੇ ਇਹ ਸਭ
ਕੁੱਝ ਬੁਝੇ ਚਿਹਰਿਆਂ ਵਾਲੇ, ਸਭ ਫੈਸਲੇ ਆਪ ਕਰਨ ਵਾਲੇ ਅਫਸਰਸ਼ਾਹਾਂ ਦੀ ਬਜਾਏ
ਲੋਕਾਂ ’ਤੇ ਟੇਕ ਅਤੇ ਭਰੋਸਾ ਰੱਖ ਕੇ ਕਰ ਸਕਦੇ ਹੋ। ਸਮਾਜਵਾਦੀ ਚੀਨ ਨੇ ਇਹ ਵੀ ਦਿਖਾਇਆ ਕਿ ਤੁਹਾਨੂੰ
ਨਿੱਜੀ ਜਾਇਦਾਦ, ਮੁਨਾਫੇ ਅਤੇ ਲਾਲਚ ’ਤੇ ਅਧਾਰਤ ਆਰਥਕਤਾ ਨੂੰ ਜਥੇਬੰਦ ਨਹੀਂ ਕਰਨਾ
ਚਾਹੀਦਾ।
ਸੱਭਿਆਚਾਰਕ ਇਨਕਲਾਬ ਨੇ ਡੂੰਘੀ ਵਿਚਾਰਧਾਰਕ
ਸਵੈ-ਪੜਚੋਲ ਦਾ ਛੇੜਾ ਛੇੜਿਆ। ਸਰਮਾਏਦਾਰੀ ਵੱਲੋਂ ਦਿਮਾਗਾਂ ਵਿਚ ਭਰੇ-ਤੁੰਨੇ-‘‘ਪਹਿਲਾਂ ਮੈਨੂੰ’’
ਦੀ ਸਮੁੱਚੀ ਸੋਚਣੀ ਖਿਲਾਫ ਜਹਾਦ ਛੇੜਿਆ। ਮਾਓ
ਨੇ ‘‘ਲੋਕਾਂ ਦੀ ਸੇਵਾ ਕਰੋ’’ ਦਾ ਨਾਹਰਾ ਬੁਲੰਦ ਕੀਤਾ। ਪਰ ਇਹ ਨਾਹਰਾ ਕੰਧਾਂ ’ਤੇ ਲਿਖੇ ਨਾਹਰਿਆਂ ਵਰਗਾ ਨਹੀਂ ਸੀ। ਸੱਭਿਆਚਾਰਕ ਇਨਕਲਾਬ ਦੇ ਇਹਨਾਂ ਦਸ ਸਾਲਾਂ ਅੰਦਰ ‘‘ਲੋਕਾਂ ਦੀ ਸੇਵਾ ਕਰੋ’’ ਇੱਕ ਅਜਿਹਾ ਪੈਮਾਨਾ ਬਣ ਗਿਆ ਸੀ, ਜਿਸ ਦੇ ਆਧਾਰ ’ਤੇ ਹੀ ਲੋਕਾਂ ਦੀ ਪਰਖ ਪੜਤਾਲ ਕੀਤੀ।
ਸੱਭਿਆਚਾਰਕ ਇਨਕਲਾਬ ਕੌਮਾਂਤਰੀਵਾਦੀ ਭਾਵਨਾ ਨਾਲ
ਪੂਰੀ ਤਰ੍ਹਾਂ ਗੜੁੱਚ ਸੀ । ਮਾਓ ਚੀਨ ਨੂੰ ਸੰਸਾਰ ਦੇ ਸਭ ਦੱਬੇ ਕੁਚਲੇ ਲੋਕਾਂ ਲਈ ਇਕ ਚਾਨਣ
ਮੁਨਾਰੇ ਅਤੇ ਇਕ ਆਧਾਰ ਇਲਾਕੇ ਵਜੋਂ ਚਿਤਵਦਾ ਸੀ। ਇਸ ਹੱਲੇ-ਗੁੱਲੇ ਦਰਮਿਆਨ ਵੀ ਅਮਰੀਕਨ ਸਾਮਰਾਜ
ਖਿਲਾਫ ਵੀਅਤਨਾਮੀ ਸੰਘਰਸ਼ ਦੀ ਅਤੇ ਅਮਰੀਕਾ ਅੰਦਰ ਕਾਲੇ ਲੋਕਾਂ ਦੇ ਸੰਘਰਸ਼ ਦੀਆਂ ਬਗਾਵਤਾਂ ਦੀ
ਹਮਾਇਤ ਵਿਚ ਰੈਲੀਆਂ ਹੁੰਦੀਆਂ ਰਹੀਆਂ। ਦੂਰ ਦੁਰਾਡੇ ਦੇ ਪੇਂਡੂ ਖੇਤਰਾਂ ਅੰਦਰ ਵੀ ਕਿਸਾਨ ਵਿਦੇਸ਼ੀ
ਪੱਤਰਕਾਰਾਂ ਨੂੰ ਦਸਦੇ ਸਨ ਕਿ ਉਹ ਸੰਸਾਰ ਇਨਕਲਾਬ ਲਈ ਅਨਾਜ ਪੈਦਾ ਕਰ ਰਹੇ ਹਨ। ਇਸ ਤਰ੍ਹਾਂ
ਸੱਭਿਆਚਾਰਕ ਇਨਕਲਾਬ ਨੇ ਹਰ ਥਾਂ ਇਨਕਲਾਬ ਦੇ ਬੀਜ ਬੀਜੇ । ਇਸ ਨੇ ਸੰਸਾਰ ਭਰ ਅੰਦਰ ਹੀ ਮਾਓਵਾਦੀ
ਲਹਿਰ ਦੀ ਸਿਰਜਣਾ ਨੂੰ ਉਤਸ਼ਾਹਤ ਕੀਤਾ। ਲਾਲ ਕਿਤਾਬ ਸਾਰੇ ਹੀ ਸੰਸਾਰ ਅੰਦਰ ਪੜ੍ਹੀ ਜਾਣ ਲੱਗੀ।
ਤੁਸੀਂ ਜਾਣਦੇ ਹੋ ਕਿ ਕਿਸੇ ਨੇ ਮੈਨੂੰ ਕਿਹਾ ਸੀ
ਕਿ ਜੇ ਮੈਂ ਸੱਭਿਆਚਾਰਕ ਇਨਕਲਾਬ ਨੂੰ ਦੋ ਹਰਫਾਂ ਵਿਚ ਸਮੇਟਣਾ ਹੋਵੇ ਤਾਂ ਕੀ ਕਹਾਂਗਾ? ਤਾਂ ਮੈਂ ਕਿਹਾ ਸੀ ਕਿ ਸੱਭਿਆਚਾਰਕ ਇਨਕਲਾਬ ਜਿੰਦਗੀ ਦੇ ਹਰੇਕ ਖੇਤਰ ਅੰਦਰ ਅਤੇ ਸੋਚਣੀ ਦੇ
ਹਰੇਕ ਖੇਤਰ ਅੰਦਰ , ਹਜਾਰਾਂ ਸਾਲਾਂ ਤੋਂ ਚਲਦੇ ਆ ਰਹੇ ਮਾਲਕ ਅਤੇ ਗੁਲਾਮ ਦੇ ਰਿਸ਼ਤੇ ਨੂੰ ਚੁਣੌਤੀ ਦੇਣਾ ਹੈ।
ਮਨੁੱਖਤਾ ਦੇ ਭਾਈਚਾਰੇ ਵੱਲ ਇੱਕ ਤਬਦੀਲੀ
ਇਥੇ ਮੈਂ ਸਮਾਜਵਾਦ ਅਤੇ ਕਮਿਊਨਿਜ਼ਮ ਬਾਰੇ ਕੁੱਝ
ਹੋਰ ਕਹਿਣਾ ਚਾਹੁੰਦਾ ਹਾਂ। ਸਮਾਜਵਾਦ, ਮਜ਼ਦੂਰ ਜਮਾਤ ਦਾ ਰਾਜ, ਯਾਨੀ ਮਜਦੂਰ ਜਮਾਤ ਦੀ ਤਾਨਾਸ਼ਾਹੀ ’ਤੇ ਆਧਾਰਤ ਸਮਾਜ ਹੈ। ਇਹ
ਪੈਦਾਵਾਰੀ ਸਾਧਨਾਂ ਦੀ ਸਮਾਜਕ ਮਲਕੀਅਤ ਦੀਆਂ ਆਰਥਕ ਨੀਹਾਂ ’ਤੇ ਉਸਾਰਿਆ ਜਾਂਦਾ ਹੈ। ਮਾਰਕਸਵਾਦ-ਲੈਨਿਨਵਾਦ ਅਨੁਸਾਰ ਸਮਾਜਵਾਦ-ਤਬਦੀਲੀ ਦੇ ਸਮੇਂ ਵਿਚਲਾ
ਸਮਾਜ ਹੈ। ਇੱਕ ਅਜਿਹਾ ਸਮਾਜ ਹੈ, ਜਿਹੜਾ ਲਗਾਤਾਰ ਸਰਮਾਏਦਾਰੀ
ਦੀ ਲੁੱਟ ਅਤੇ ਨਾਬਰਾਬਰੀ ਤੋਂ ਦੂਰ ਹੁੰਦਾ ਅਤੇ ਕਮਿਊਨਿਜ਼ਮ ਵੱਲ ਵਧਦਾ ਜਾਂਦਾ ਹੈ।
ਅਤੇ ਕਮਿਊਨਿਜ਼ਮ ਕੀ ਹੈ? ਕਮਿਊਨਿਜ਼ਮ ਉਹ ਸਮਾਜ ਹੈ ਜਿੱਥੇ ਹਰ ਕਿਸਮ ਦੀਆਂ ਤੰਗੀਆਂ ਤੁਰਸ਼ੀਆਂ ਉਪਰ ਅਤੇ ਇਸ ਗੱਲ ਉਪਰ ਵੀ
ਕਿ ਆਪਣੀ ਪਦਾਰਥਕ ਹੋਂਦ ਕਾਇਮ ਰੱਖਣ ਲਈ ਕੀਤਾ ਜਾਣ ਵਾਲਾ ਸੰਘਰਸ਼ ਹੀ ਜਿੰਦਗੀ ਦਾ ਮੁੱਖ ਮੁੱਦਾ
ਬਣਿਆ ਹੋਇਆ ਹੈ ਅਤੇ ਹਰ ਕਿਸਮ ਦੇ ਪੈਸੇ ਟਕੇ ਦੇ ਸਬੰਧਾਂ ਉੱਪਰ ਵੀ ਕਾਬੂ ਪਾ ਲਿਆ ਜਾਂਦਾ ਹੈ। ਇਹ
ਉਹ ਸਮਾਜ ਹੈ, ਜਿੱਥੇ ਪੈਦਾਵਾਰੀ ਸੋਮਿਆਂ ਦੀ ਮਾਲਕੀ ਅਤੇ ਵਰਤੋਂ ਸਾਂਝੀ ਹੁੰਦੀ ਹੈ। ਇਹ ਉਹ ਸਮਾਜ ਹੈ,
ਜਿਥੇ ਜਮਾਤੀ ਸਮਾਜ ਅੰਦਰਲੀ ਸਮੁੱਚੀ ਤੰਗਨਜ਼ਰੀ
ਅਤੇ ਖੁਦਗਰਜੀ ਦੀ ਥਾਂ ਇੱਕ ਮੁਕੰਮਲ ਨਵੀਂ ਚੇਤਨਾ ਦਾ ਸੰਚਾਰ ਹੋ ਜਾਂਦਾ ਹੈ। ਜਿੱਥੇ ਲੋਕ ਚੇਤੰਨ
ਰੂਪ ਵਿੱਚ ਸਵੈ-ਇੱਛਾ ਨਾਲ ਸੰਸਾਰ ਨੂੰ ਅਤੇ ਆਪਣੇ-ਆਪ ਨੂੰ ਬਦਲਿਆ ਕਰਨਗੇ। ਕਿਸੇ ਵੀ ਇਕ ਸਮਾਜਕ
ਸਮੂਹ ਨੂੰ ਦੂਜੇ ਦੇ ਉੱਪਰ ਸਿਆਸੀ ਤੌਰ ’ਤੇ ਭਾਰੂ ਹੋਣ ਦੀ ਲੋੜ
ਨਹੀਂ ਹੋਵੇਗੀ। ਇਹ ਅਜਿਹਾ ਸਮਾਜ ਹੋਵੇਗਾ ਜਿਸ ਵਿਚ ਜਮਾਤਾਂ ਦਾ ਖਾਤਮਾ ਕਰ ਦਿੱਤਾ ਜਾਵੇਗਾ। ਜਿਸ
ਵਿਚ ਸਮਾਜਕ ਨਾਬਰਾਬਰੀਆਂ, ਔਰਤ ਅਤੇ ਮਰਦ ਵਿਚਲੇ ਵਿਰੋਧਾਂ ਅਤੇ ਕੌਮਾਂ ਅਤੇ
ਇਲਾਕਿਆਂ ਵਿਚਲੇ ਸਭ ਵੈਰ-ਵਿਰੋਧਾਂ ’ਤੇ ਕਾਬੂ ਪਾ ਲਿਆ ਜਾਵੇਗਾ।
ਇਹ ਇਕ ਅਜਿਹਾ ਸਮਾਜ ਹੋਵੇਗਾ ਜਿਸ ਅੰਦਰ ਲੋਕਾਂ ਦੀਆਂ ਯੋਗਤਾਵਾਂ ਦਾ ਸਰਵਪੱਖੀ ਅਤੇ ਭਰਪੂਰ ਵਿਕਾਸ
ਹੋਵੇਗਾ।
ਇਹ ਇਕ ਮਨੁੱਖਤਾ ਦਾ ਭਾਈਚਾਰਾ ਹੋਵੇਗਾ ਅਤੇ ਇਹ
ਸੰਸਾਰ ਪੈਮਾਨੇ ’ਤੇ ਵਿਚਰ ਕੇ ਹੀ ਆਪਣੀ ਹੋਂਦ ਰੱਖ ਸਕੇਗਾ। ਮਾਓ ਤੋਂ ਪਹਿਲਾਂ ਮਾਰਕਸਵਾਦ-ਲੈਨਿਨਵਾਦ ਮਜ਼ਦੂਰ
ਜਮਾਤ ਦੀ ਤਾਨਾਸ਼ਾਹੀ ਨੂੰ ਕਮਿਊਨਿਜ਼ਮ ਦੀ ਪਾਉੜੀ ਦਾ ਪਹਿਲਾ ਡੰਡਾ ਤਾਂ ਠੀਕ ਚਿਤਵਦਾ ਵੀ, ਪਰ ਇਹ ਮਾਓ ਸੀ ਜਿਸ ਨੇ ਇਸ ਸਮਝ ਨੂੰ ਵਿਕਸਤ ਕਰਦਿਆਂ ਸਥਾਪਤ ਕੀਤਾ ਕਿ ਸਮਾਜਵਾਦ ਅਧੀਨ ਵੀ
ਦੁਸ਼ਮਣਾਨਾ ਜਮਾਤਾਂ ਦੀ ਹੋਂਦ ਬਣੀ ਰਹਿੰਦੀ ਹੈ ਅਤੇ ਸਮਾਜਵਾਦ ਦੇ ਸਮੁੱਚੇ ਦੌਰ ਵਿੱਚ ਤਿੱਖੇ
ਸੰਘਰਸ਼ਾਂ ਰਾਹੀਂ ਹੀ ਇਹ ਨਿਸ਼ਚਤ ਹੁੰਦਾ ਰਹੇਗਾ ਕਿ ਹੁਣ ਰਾਜ ਸੱਤਾ ਕਿਸ ਜਮਾਤ ਦੇ ਹੱਥਾਂ ਵਿਚ ਹੈ।
ਮਾਓ ਨੇ ਵਿਸ਼ਲੇਸ਼ਣ ਕੀਤਾ ਕਿ ਸਮਾਜਵਾਦ ਤੋਂ ਕਮਿਊਨਿਜ਼ਮ ਵਿਚ ਤਬਦੀਲੀ ਦਾ ਦੌਰ ਇਕ ਲੰਮਾ ਅਤੇ
ਗੁੰਝਲਦਾਰ ਦੌਰ ਹੋਵੇਗਾ। ਇਸ ਵਿਚ ਇਨਕਲਾਬੀ ਛਾਲਾਂ ਤੇ ਤਰਥੱਲੀਆਂ ਵੀ ਹੋਣਗੀਆਂ, ਪਛਾੜਾਂ ਅਤੇ ਪੁੱਠੇ ਗੇੜੇ ਵੀ ਲੱਗਣਗੇ। ਅਸਲ ਵਿਚ ਮਾਓ ਨੇ ਚਿਤਵਿਆ ਸੀ ਕਿ ਕਮਿਊਨਿਜ਼ਮ ਤੱਕ
ਪਹੁੰਚਣ ਲਈ ਕਈ ਸੱਭਿਆਚਾਰਕ ਇਨਕਲਾਬਾਂ ਦੀ ਜਰੂਰਤ ਪਵੇਗੀ।
ਇਸ ਗੱਲ ਦਾ ਕਾਰਨ ਇਹ ਹੈ ਕਿ ਸਮਾਜਵਾਦ ਕਦੇ ਵੀ
ਸਥਿਰਤਾ ਵਿਚ ਨਹੀਂ ਰਹਿ ਸਕੇਗਾ ਅਤੇ ਇਸ ਦੀ ਕਮਿਊਨਿਜ਼ਮ ਵੱਲ ਤਬਦੀਲੀ ਸਹਿਜ ਅਤੇ ਆਸਾਨ ਨਹੀਂ
ਹੋਵੇਗੀ, ਅਸਲ ਵਿੱਚ ਇਹ ਸਮਾਜਵਾਦੀ ਸਮਾਜ ਦੀ ਖਾਸੀਅਤ ਵਿਚ ਹੀ ਛੁਪਿਆ ਹੋਇਆ ਹੈ।
ਮਾਰਕਸਵਾਦ ਅਗਾਂਹ ਵੱਲ ਇਕ ਮਹਾਨ ਪੁਲਾਂਘ ਹੈ।
ਇਸ ਅੰਦਰ ਸਮਾਜੀ ਲੋੜਾਂ ਨੂੰ ਸੰਬੋਧਤ ਹੋਇਆ ਅਤੇ ਮਿਹਨਤਕਸ਼ ਲੋਕਾਂ ਵੱਲੋਂ ਸਰਵਪੱਖੀ ਕੰਟਰੋਲ
ਸਥਾਪਤ ਕੀਤਾ ਜਾ ਸਕਦਾ ਹੈ। । ਪਰ ਸਮਾਜਵਾਦੀ ਸਮਾਜ ਅੰਦਰ ਵੀ, ਪੁਰਾਣੇ ਸਮਾਜ ਦੇ ਆਰਥਕ ਸਮਾਜਕ ਅਤੇ ਵਿਚਾਰਧਾਰਕ ਪ੍ਰਭਾਵਾਂ ਦੀ ਛਾਪ ਤੇ ਰਹਿੰਦ-ਖੂੰਹਦ ਪਈ
ਹੁੰਦੀ ਹੈ ।
‘‘ਤਿੰਨ ਵੱਡੇ ਵਖਰੇਵਿਆਂ’’ ’ਤੇ ਜਿੱਤ ਹਾਸਲ ਕਰਨ ਬਾਰੇ
ਸਮਾਜਵਾਦੀ ਸਮਾਜ ਨੂੰ, ਜਿਵੇਂ ਕਿ ਮਾਓ ਨੇ ਕਿਹਾ ਸੀ,‘‘ਤਿੰਨ ਵੱਡੇ ਵਖਰੇਵਿਆਂ’’ ’ਤੇ ਜਿੱਤ ਹਾਸਲ ਕਰਨੀ ਹੋਵੇਗੀ। ਇਹ ਸਨਅਤ ਅਤੇ ਖੇਤੀਬਾੜੀ ਵਿਚ, ਸ਼ਹਿਰ ਅਤੇ ਪਿੰਡ ਵਿਚਕਾਰ ਅਤੇ ਜਿਸਮਾਨੀ ਮਿਹਨਤ ਤੇ ਦਿਮਾਗੀ ਮਿਹਨਤ ਵਿਚਕਾਰ ਸਮਾਜਕ ਪਾੜੇ ਹਨ
। ਉਜਰਤੀ ਪ੍ਰਬੰਧ ਅਤੇ ਆਮਦਨ ਵਿਚਕਾਰ ਫਰਕ ਅਜੇ ਰਹਿ ਰਹੇ ਹੋਣਗੇ ਅਤੇ ਮੁਦਰਾ ਅਤੇ ਜਿਨਸੀ ਤਬਾਦਲਾ
ਵੀ ਇਕ ਮਹੱਤਵਪੂਰਨ ਆਰਥਕ ਭੂਮਿਕਾ ਨਿਭਾ ਰਿਹਾ ਹੋਵੇਗਾ। ਇਹ ਸਭ ਚੀਜਾਂ ਖਤਮ ਕਰਨੀਆਂ ਹੋਣਗੀਆਂ ਪਰ
ਇਹ ਇੱਕ ਦਿਨ ਵਿਚ ਹੀ ਨਹੀਂ ਹੋ ਜਾਵੇਗਾ।
ਮਾਓ ਨੇ ਇਸ ਧਾਰਨਾ ਨੂੰ ਅੱਗੇ ਵਿਕਸਤ ਕੀਤਾ। ਉਸ
ਨੇ ਦਰਸਾਇਆ ਕਿ ਇਹ ਪ੍ਰਸਥਿਤੀਆਂ ਅਤੇ ਵਿਰੋਧਤਾਈਆਂ ਨਵੀਆਂ ਬਾ-ਸਹੂਲਤ ਸ਼ਕਤੀਆਂ ਅਤੇ ਨਵੀਂ
ਸਰਮਾਏਦਾਰੀ ਨੂੰ ਜਨਮ ਦਿੰਦੀਆਂ ਹਨ ਅਤੇ ਇਸ ਸਰਮਾਏਦਾਰੀ ਦੀ ਗੁਲੀ-ਕਮਿਊਨਿਸਟ ਪਾਰਟੀ ਦੇ ਵਿਚ ਪਈ
ਹੁੰਦੀ ਹੈ। ਇਹ ਅਜਿਹਾ ਕਿਉਂ ਹੈ ? ਕਿਉਂਕਿ ਲੋਕਾਂ ਨੂੰ ਅਜੇ
ਵੀ ਆਪਣੇ ਹਿਰਾਵਲ ਦਸਤੇ ਦੀ, ਸਮਾਜ ਦੀ ਅਗਲੇਰੀ ਤਬਦੀਲੀ ਲਈ ਸੰਘਰਸ਼ ਅੰਦਰ, ਇਕ ਹਿਰਾਵਲ ਦਸਤੇ ਦੀ ਲੋੜ ਹੁੰਦੀ ਹੈ।
ਸਮਾਜਵਾਦ ਅੰਦਰ ਪਾਰਟੀ, ਸਮਾਜ ਅੰਦਰ ਇਕ ਆਗੂ ਸਿਆਸੀ ਸੰਸਥਾ ਹੁੰਦੀ ਹੈ ਅਤੇ ਆਰਥਕਤਾ ਦੇ ਨਿਰਦੇਸ਼ਨ ਕਰਨ ਵਾਲੀ ਮੁੱਖ
ਸ਼ਕਤੀ ਹੁੰਦੀ ਹੈ। ਪਰ ਠੀਕ ਇਹਨਾਂ ਗੱਲਾਂ ਕਰਕੇ ਹੀ, ਉਹ, ਜਿਹੜੇ ਲੀਡਰਸ਼ਿੱਪ ਦੇ ਉੱਚ ਆਹੁਦਿਆਂ ’ਤੇ ਬਿਰਾਜਮਾਨ ਹੁੰਦੇ ਹਨ
ਅਤੇ ਸਰਮਾਏਦਾਰ ਲੀਹ ਦੇ ਧਾਰਨੀ ਹੁੰਦੇ ਹਨ, ਉਹੀ ਸਰਮਾਏਦਾਰੀ ਦੀ ਸੇਧ, ਆਰਥਕ ਅਤੇ ਸਮਾਜਕ ਸੰਸਥਾਵਾਂ ਦੀ ਮੁੜ ਉਸਾਰੀ ਲਈ ਇਹਨਾਂ ਕੁੰਜੀਵਤ ਪੁਜੀਸ਼ਨਾਂ ਦੀ ਵਰਤੋਂ
ਕਰਦੇ ਹਨ। ਪਾਰਟੀ, ਸਮਾਜ ਦੀਆਂ ਕੁੱਝ ਵਿਰੋਧਤਾਈਆਂ ਦਾ ਅਕਸ ਬਣ ਜਾਂਦੀ ਹੈ ਅਤੇ ਪਾਰਟੀ ਅੰਦਰ ਸਮਾਜਵਾਦੀ ਰਾਹ ’ਤੇ ਅੱਗੇ ਵਧਿਆ ਜਾਵੇ ਜਾਂ ਸਰਮਾਏਦਾਰੀ ਦੇ ਰਾਹ ’ਤੇ ਪਿੱਛੇ ਮੁੜਿਆ ਜਾਵੇ, ਇਸ ਗੱਲ ਲਈ ਸੰਘਰਸ਼, ਸਮਾਜ ਅੰਦਰ ਚੱਲ ਰਹੇ ਸਮੁੱਚੇ ਜਮਾਤੀ ਸੰਘਰਸ਼ ਦਾ ਕੇਂਦਰ ਬਿੰਦੂ ਬਣ ਜਾਂਦਾ ਹੈ।
ਇਹ ਇਕ ਯੁੱਗ-ਪਲਟਾਊ ਖੋਜ ਸੀ। ਪਰ ਇਸ ਤੋਂ ਵੀ
ਵੱਧ ਮਹੱਤਵਪੂਰਨ, ਇਸ ਸਮੱਸਿਆ ਦੇ ਹੱਲ ਲਈ ਮਾਓ ਵੱਲੋਂ ਸੁਝਾਏ ਗਏ ਸਾਧਨ ਅਤੇ ਢੰਗ ਤਰੀਕੇ ਹਨ, ਜਿਨ੍ਹਾਂ ਬਾਰੇ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਯਾਨੀ ਕਿ ਕਮਿਊਨਿਸਟ ਪਾਰਟੀ ਅੰਦਰਲੇ
ਸਰਮਾਏਦਾਰੀ ਤੇ ਸੱਤਾ ਦੇ ਕੇਂਦਰਾਂ ’ਤੇ ਹੱਲਾ ਬੋਲਣ ਲਈ ਹੇਠਾਂ
ਤੋਂ ਲੋਕਾਂ ਨੂੰ ਜਾਗਰਤ ਅਤੇ ਲਾਮਬੰਦ ਕਰਨਾ ਅਤੇ ਇਸ ਰਾਹੀ ਉਹ ਧਰਤੀ ਦੀ ਹੇਠਲੀ ਉਤੇ ਕਰਨੀ ਜਿਹੜੀ
ਆਰਥਕ ਅਤੇ ਵਿਚਾਰਧਾਰਕ ਤੌਰ ’ਤੇੋ ਬਾ-ਸਹੂਲਤ ਸਮੂਹਾਂ ਅਤੇ ਨਵੀਂ ਸਰਮਾਏਦਾਰੀ
ਦੀ ਸਮਾਜ ਅੰਦਰ ਜੰਮਣ-ਭੋਇੰ ਬਣਦੀ ਹੈ।
ਤੁਸੀਂ ਜਾਣਦੇ ਹੋ ਕਿ ਕੁੱਝ ਲੋਕ ਕਹਿੰਦੇ ਹਨ ਕਿ
‘‘ਇਹ ਵੀ ਇੱਕ ਪੰਗਾ ਹੀ ਸੀ, ਮਾਓ ਨੇ ਇਹਨਾਂ ਸਰਮਾਏਦਾਰਾ ਰਾਹ ਦੇ ਧਾਰਨੀਆਂ
ਤੋਂ ਖਹਿੜਾ ਕਿਉਂ ਨਹੀਂ ਛੁਡਾ ਲਿਆ’’ ਪਰ ਇਸ ਨਾਲ ਸਮੱਸਿਆ ਦਾ
ਹੱਲ ਨਹੀਂ ਸੀ ਹੋਣਾ। ਕਿਉਂਕਿ ਜੇ ਲੋਕ ਹੀ ਸਰਮਾਏਦਾਰਾ ਰਾਹ ਤੇ ਸਮਾਜਵਾਦ ਦੇ ਰਾਹ ਵਿਚਕਾਰ
ਨਿਖੇੜਾ ਕਰਨ ਦੇ ਸਮਰੱਥ ਨਹੀਂ ਹੁੰਦੇ ਤਾਂ ਬੇਸ਼ੱਕ ਤੁਸੀਂ ਇਕ ਵਾਰ ਸਾਰੇ ਸੋਧਵਾਦੀਆਂ ਦਾ ਖੁਰਾ
ਖੋਜ ਮਿਟਾ ਦਿਓ-ਪਰ ਤਾਂ ਵੀ ਅਜਿਹੇ ਹੀ ਨਵੇਂ ਸੋਧਵਾਦੀ ਉਨ੍ਹਾਂ ਦੀ ਥਾਂ ਲੈ ਲੈਣਗੇ ਅਤੇ ਕੁੱਝ ਵੀ
ਬਦਲੇਗਾ ਨਹੀਂ।
ਇਹ ਗੁੰਝਲਦਾਰ ਲੜਾਈਆਂ ਹਨ। ਸੋਧਵਾਦੀ ਪੁਰਾਣੀ
ਕਿਸਮ ਦੇ ਸਰਮਾਏਦਾਰਾਂ ਵਾਂਗ ਪਹਿਨੇ-ਪੱਚਰੇ ਅਤੇ ਹੱਥਾਂ ਵਿਚ ਜਾਇਦਾਦਾਂ ਦੀਆਂ ਰਜਿਸਟਰੀਆਂ ਅਤੇ
ਹਿੱਸੇ ਪੱਤੀਆਂ ਦੇ ਸਰਟੀਫਿਕੇਟ ਲੈ ਕੇ ਲੋਕਾਂ ਨੂੰ ਇਹ ਕਹਿੰਦੇ ਹੋਏ ਨਹੀਂ ਆਉਂਦੇ ‘‘ਉਏ ਅਸੀਂ ਲੁੱਟਣਾ ਚਾਹੁੰਦੇ ਹਾਂ’’ ਜੁਬਾਨੀ ਕਲਾਮੀ ਉਹ
ਸਮਾਜਵਾਦ ਦਾ ਰਟਨ-ਮੰਤਰ ਕਰਦੇ ਹਨ। ਇਥੋਂ ਤੱਕ ਕਿ ਉਹ ਚੇਆਰਮੈਨ ਮਾਓ ਦੀ ਜੈ-ਜੈ ਕਾਰ ਵੀ ਕਰਦੇ
ਹਨ।
ਮਾਓ ਦਾ ਕਹਿਣਾ ਸੀ ਕਿ ਸਭਿਆਚਾਰਕ ਇਨਕਲਾਬ ਦਾ
ਕਾਰਜ ਸਰਮਾਏਦਾਰਾ ਰਾਹ ਦੇ ਧਾਰਨੀਆਂ ਨੂੰ ਉਲਟਾਉਣਾ ਸੀ, ਪਰ ਇਸ ਦਾ ਨਿਸ਼ਾਨਾ ਸੰਸਾਰ ਨਜ਼ਰੀਏ ਦੀ ਸਮੱਸਿਆ ਨੂੰ ਹੱਲ ਕਰਨਾ ਅਤੇ ਸੋਧਵਾਦ ਨੂੰ ਹੂੰਝਣਾ ਸੀ।
ਸੱਭਿਆਚਾਰਕ ਇਨਕਲਾਬ ਦੀਆਂ ਜਨਤਕ ਲਹਿਰਾਂ ਅਤੇ ਜਨਤਕ ਬਹਿਸਾਂ ਠੀਕ ਇਸੇ ਕਰਕੇ ਹੀ ਮਹੱਤਵਪੂਰਨ ਅਤੇ
ਜਰੂਰੀ ਸਨ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਉੱਭਰਵੇਂ ਮੁੱਦਿਆਂ ’ਤੇ ਪਕੜ ਹਾਸਲ ਕਰਨ ਦੇ ਸਮਰੱਥ ਬਣਾਇਆ ਅਤੇ ਖਾਸ ਕਰਕੇ ਸਮਾਜ ਦੇ ਸਾਰੇ ਪੱਖਾਂ ਨੂੰ ਬਦਲਣ ਅਤੇ
ਇਨ੍ਹਾਂ ’ਤੇ ਆਪਣੀ ਪੁੱਗਤ ਸਥਾਪਤ ਕਰਨ ਦੀ ਲੋੜ ਦਾ ਅਹਿਸਾਸ ਕਰਨ ਦੇ ਸਮਰੱਥ ਬਣਾਇਆ।
ਪਾਰਟੀ ’ਤੇ ਨਜ਼ਰਸਾਨੀ ਰੱਖਣ ਅਤੇ ਸਰਮਾਏਦਾਰੀ ਵੱਲ ਪਿਛਲ ਮੋੜੇ ਨੂੰ ਰੋਕਣ ਸਮੇਤ-ਲੋਕਾਂ ਨੂੰ ਇਹ ਸਮਝਣ
ਦੀ ਲੋੜ ਸੀ ਕਿ ਉਹ ਇਨਕਲਾਬ ਦੀ ਸਮੁੱਚੀ ਪ੍ਰਕਿਰਿਆ ਦੌਰਾਨ ਇਸ ਦੀ ਚਾਲਕ ਸ਼ਕਤੀ ਹਨ। ਅਜਿਹੇ ਸਿਆਸੀ
ਸੰਘਰਸ਼ਾਂ ਅਤੇ ਕਾਇਆ-ਪਲਟੀਆਂ ਰਾਹੀਂ ਹੀ ਲੱਖਾਂ ਕਰੋੜਾਂ ਲੋਕ ਪਹਿਲਾਂ ਨਾਲੋਂ ਵਧੇਰੇ ਚੇਤੰਨ
ਹੁੰਦੇ ਹਨ ਅਤੇ ਸਮਾਜ ਅੰਦਰ ਪਹਿਲਾਂ ਨਾਲੋਂ ਵਧੇਰੇ ਪੁਗਾਊ ਹੈਸੀਅਤ ਸਥਾਪਤ ਕਰਦੇ ਹਨ।
ਇਨਕਲਾਬ ਜਾਰੀ ਰੱਖਣਾ
ਸੱਭਿਆਚਾਰਕ ਇਨਕਲਾਬ ਦੀ ਵਿਸ਼ਵਵਿਆਪੀ ਮਹੱਤਤਾ
ਹੈ। ਇੱਕ ਪਾਸੇ, ਜਿੱਥੇ ਵੀ ਮਜਦੂਰ ਜਮਾਤ ਸੱਤਾ ਵਿਚ ਆਉਂਦੀ ਹੈ, ਇਸ ਨੂੰ ਚੀਨ ਵਰਗੇ ਹੀ, ਸਮੱਸਿਆਵਾਂ ਅਤੇ ਕਾਰਜ ਦਰਪੇਸ਼ ਹੋਣਗੇ। ਇਥੇ ਮਾਓ ਦਾ ਇਨਕਲਾਬ ਨੂੰ ਜਾਰੀ ਰੱਖਣ ਦਾ
ਸਿਧਾਂਤ-ਕਮਿਊਨਿਜ਼ਮ ਹਾਸਲ ਕਰਨ ਲਈ ਵਿੱਢੇ ਲੋਕਾਂ ਦੇ ਲੰਮੇ ਅਤੇ ਕਠਿਨ ਮੁਕਤੀ-ਸ਼ੰਘਰਸ਼ ਲਈ ਇੱਕ
ਆਵੱਸ਼ਕ ਦਿਸ਼ਾ-ਯੰਤਰ ਵਜੋ ਕੰਮ ਆਏਗਾ। ਦੂਜੇ ਪਾਸੇ ਉਹ ਆਮ ਨਿਯਮ, ਜਿਨ੍ਹਾਂ ਨੇ ਸੱਭਿਆਚਾਰਕ ਇਨਕਲਾਬ ਦੀ ਰਹਿਨੁਮਾਈ ਕੀਤੀ-ਅਰਥਾਤ ਲੋਕਾਂ ’ਤੇ ਟੇਕ ਰੱਖਣਾ,
ਉਨ੍ਹਾਂ ਦੀ ਸਿਰਜਣ-ਸ਼ਕਤੀ ਅਤੇ ਦ੍ਰਿੜ੍ਹਤਾ ਨੂੰ
ਬੰਧਨ ਮੁਕਤ ਕਰਕੇ ਹੱਲਾਸ਼ੇਰੀ ਦੇਣਾ ਅਤੇ ਲੋਕਾਂ ਨੂੰ ਕਮਿਊਨਿਸਟ ਵਿਗਿਆਨ ਅਤੇ ਨਜ਼ਰੀਏ ਨਾਲ ਸਿਆਸੀ
ਅਤੇ ਵਿਚਾਰਧਾਰਕ ਤੌਰ ’ਤੇ ਲੈਸ ਕਰਨਾ ਤਾਂ ਕਿ ਉਹ ਸੰਸਾਰ ਨੂੰ ਜਾਣ-ਸਮਝ ਸਕਣ-ਹਰ ਉਸ ਥਾਂ ਲਾਗੂ ਹੁੰਦੇ ਹਨ ਜਿਥੇ ਵੀ
ਲੋਕ ਜਾਬਰਾਂ ਨੂੰ ਉਲਟਾਉਣ ਅਤੇ ਸਮਾਜਵਾਦ ਲਿਆਉਣ ਲਈ ਸੰਘਰਸ਼ਸ਼ੀਲ ਹਨ। ਜਿਥੇ ਵੀ ਇਨਕਲਾਬੀ ਇਸ ਸੇਧ
ਵਿਚ ਲੋਕਾਂ ਦੀ ਅਗਵਾਈ ਕਰ ਰਹੇ ਹਨ।
ਮਾਓ-ਜ਼ੇ-ਤੁੰਗ ਨੇ ਇਨਕਲਾਬ ਦੇ ਸਿਧਾਂਤ ਅਤੇ ਅਮਲ
ਦੇ ਵੱਖ ਵੱਖ ਖੇਤਰਾਂ ਵਿਚ ਮਹਾਨ ਯੋਗਦਾਨ ਪਾਇਆ ਹੈ। ਲੋਕਯੁੱਧ ਦਾ ਫੌਜੀ ਸਿਧਾਂਤ, ਫਲਸਫਾ, ਸੱਭਿਆਚਾਰ ਅਤੇ ਸਮਾਜਵਾਦੀ ਆਰਥਕਤਾ ਅੰਦਰ ਉਸ ਦੀਆਂ ਅਹਿਮ ਦੇਣਾਂ ਹਨ। ਸਮਾਜਵਾਦ ਦੀ ਉਸਾਰੀ
ਅਤੇ ਸੱਭਿਆਚਾਰਕ ਇਨਕਲਾਬ ਵਿਚ ਲੋਕਾਂ ਦੀ ਅਗਵਾਈ ਕਰਨ ਦੇ ਅਮਲ ਰਾਹੀਂ ਮਾਓ ਨੇ ਜੋ ਸਭ ਤੋਂ ਮਹਾਨ
ਸਿਧਾਂਤਕ ਤੇ ਅਮਲੀ ਦੇਣ ਦਿੱਤੀ ਹੈ, ਉਹ ਹੈ-ਇਨਕਲਾਬ ਜਾਰੀ ਰੱਖਣ
ਦਾ ਸਿਧਾਂਤ। ਕੁੱਲ ਮਿਲਾ ਕੇ ਇਨ੍ਹਾਂ ਸਭ ਦੇਣਾਂ ਨੇ ਮਾਰਕਸਵਾਦ ਨੂੰ ਅਮੀਰ ਬਣਾਇਆ ਹੈ, ਇਸ ਨੂੰ ਹੋਰ ਵਧੇਰੇ ਹੂੰਝਾ-ਫੇਰੂ, ਪ੍ਰਸੰਗਕ ਅਤੇ ਇਨਕਲਾਬੀ
ਬਣਾਇਆ ਹੈ।
1976 ’ਚ ਸਰਮਾਏਦਾਰੀ ਰਾਹ ਦੇ ਧਾਰਨੀ ਚੀਨ ਅੰਦਰ ਸੱਤਾ ਹਥਿਆਉਣ ਵਿਚ ਕਾਮਯਾਬ ਹੋ ਗਏ। ਉਨ੍ਹਾਂ ਨੇ
ਚੀਨ ਨੂੰ ਇੱਕ ਨਵੇਂ ਸਰਮਾਏਦਾਰਾ ਨਰਕ ਵਿਚ ਬਦਲ ਦਿੱਤਾ ਹੈ। ਪਰ ਇਸ ਨਾਲ ਮਾਓ ਦੀਆਂ ਪ੍ਰਾਪਤੀਆਂ ’ਤੇ ਕੋਈ ਆਂਚ ਨਹੀਂ ਆਉਂਦੀ। ਹਕੀਕਤ ਵਿਚ ਮਾਓ ਨੇ ਤਾਂ ਪਹਿਲਾਂ ਹੀ ਇਸ ਗੱਲ ਦੀ ਸੰਭਾਵਨਾ
ਬਾਰੇ ਚਿਤਾਵਨੀ ਦੇ ਦਿੱਤੀ ਸੀ।
ਹੈਰਾਨੀਜਨਕ ਗੱਲ ਇਹ ਨਹੀਂ ਕਿ ਸੱਤਾ ਹੱਥੋਂ
ਜਾਂਦੀ ਰਹੀ, ਸਗੋਂ ਅਲੋਕਾਰੀ ਗੱਲ ਤਾਂ ਇਹ ਹੈ ਕਿ ਇਹਨੇ ਥੋੜ੍ਹੇ ਸਮੇਂ ਵਿਚ ...ਦੁਨੀਆਂ ਦੀਆਂ ਮੁਸ਼ਕਲਾਂ
ਦੇ ਬਾਵਜੂਦ-(ਮਾਓ ਦੇ ਚੀਨ ਵਿਚ) ਕੀ ਕੁੱਝ ਕਰ ਦਿਖਾਇਆ ਗਿਆ। ਹੇਠਲੀ ਉਤੇ ਲਿਆਉਣ ਵਾਲੇ
ਸੱਭਿਆਚਾਰਕ ਇਨਕਲਾਬ ਦੇ ਇਹ ਦਸ ਵਰ੍ਹੇ ਇਹ ਸਾਬਤ ਕਰਦੇ ਹਨ ਕਿ ਇਨਕਲਾਬ ਸੰਭਵ ਹੈ ਅਤੇ ਸੱਭਿਆਚਾਰਕ
ਇਨਕਲਾਬ ਸਾਡੇ ਲਈ ਸਿਧਾਂਤਕ ਸੋਝੀ ਅਤੇ ਅਮਲੀ ਤਜ਼ਰਬੇ ਦੀ ਇੱਕ ਵਿਰਾਸਤ ਬਣ ਗਿਆ ਹੈ। ਇਹ ਹੁਣ ਸਾਡੀ
ਜੁੰਮੇਵਾਰੀ ਹੈ ਕਿ ਅਸੀਂ ਹੁਣ ਇਸ ਵਿਰਾਸਤ ਨੂੰ ਸੰਭਾਲੀਏ। ਹਰ ਉਸ ਸਖਸ਼ ਨੂੰ ਜਿਹੜਾ ਵੀ ਇਸ ਸੰਸਾਰ
ਨੂੰ ਬੁਨਿਆਦੀ ਤੌਰ ’ਤੇ ਮੁੱਢੋਂ-ਸੁੱਢੋਂ ਬਦਲਣਾ ਚਾਹੁੰਦਾ ਹੈ, ਉਸ ਨੂੰ ਮਾਓ-ਜ਼ੇ-ਤੁੰਗ ਦੇ
ਵਿਚਾਰਾਂ ਅਤੇ ਸਿਖਿਆਵਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ। ਇਸੇ ਲਈ ਕਿ ਸੱਭਿਆਚਾਰਕ ਇਨਕਲਾਬ
ਦੌਰਾਨ ਮਾਓ ਨੇ ਕਿਹਾ ਸੀ ਕਿ ਇਨਕਲਾਬ ਹਰ ਚੀਜ਼ ਨੂੰ ਬਦਲ ਦਿੰਦਾ ਹੈ।
No comments:
Post a Comment