Thursday, September 8, 2016

19. a) ਨਿੱਤਰਵੀਂ ਅਸੂਲੀ ਪਹੁੰਚ



ਨਿੱਤਰਵੀਂ ਅਸੂਲੀ ਪਹੁੰਚ ਨਾਲ ਹੜਤਾਲ ’ਚ ਕੁੱਦਣ ਦਾ ਸੱਦਾ


ਪਰੰਤੂ ਇਨ੍ਹਾਂ ਮੁੱਦਿਆਂ ਨੂੰ ਉਭਾਰਨ ਸਮੇਂ ਇਸ ਹਕੀਕਤ ਨੂੰ ਨਜ਼ਰਅੰਦਾਜ਼ ਜਾਂ ਅੱਖੋਂ-ਪਰੋਖੇ ਨਹੀਂ ਕਰਨਾ ਹੋਵੇਗਾ ਕਿ ਇਨ੍ਹਾਂ ਮੁੱਦਿਆਂ ਨਾਲ ਜੁੜੀਆਂ ਸੰਸਾਰ ਬੈਂਕ, ਮੁਦਰਾ-ਕੋਸ਼ ਨਿਰਦੇਸ਼, ਨਵ-ਉਦਾਰਵਾਦੀ ਏਜੰਡੇ ਤਹਿਤ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਕਿਸੇ ਇੱਕ ਹਾਕਮ ਜਮਾਤੀ ਪਾਰਟੀ/ਗਠਜੋੜ ਤੱਕ ਸੀਮਤ ਨਹੀਂ, ਸਗੋਂ ਇਸ ਏਜੰਡੇ ਉੱਪਰ ਸਾਰੀਆਂ ਹਾਕਮ ਜਮਾਤੀ ਪਾਰਟੀਆਂ/ਗਠਜੋੜ ਇਕਮੁੱਠ ਹਨ। ਸਿਰਫ਼ ਚੋਣਾਂ ਮੌਕੇ ਆਪਣੀ ਚੋਣ ਨੀਤੀ ਤਹਿਤ ਰਾਜਗੱਦੀ ਤੇ ਕਾਬਜ਼ ਹੋਣ ਲਈ ਇਨ੍ਹਾਂ ਨੀਤੀਆਂ ਨਾਲ ਜੁੜੇ ਮੁੱਦਿਆਂ ਬਾਰੇ ਮਜ਼ਦੂਰ-ਮੁਲਾਜ਼ਮ ਅਤੇ ਹੋਰਨਾਂ ਵਰਗਾਂ ਨੂੰ ਭਰਮਾਉਣ ਲਈ ਮਗਰਮੱਛੀ ਹੰਝੂ ਵਹਾਉਂਦੀਆਂ ਹਨ ਤੇ ਵਾਅਦਿਆਂ ਦੇ ਥਾਲ ਪਰੋਸਦੀਆਂ ਹਨ ਤੇ ਹੁਕਮਰਾਨਾਂ ਦੀ ਸਾਂਝੀ ਰਣਨੀਤੀ ਤਹਿਤ ਇਹ ਸਭੇ ਪਾਰਟੀਆਂ ਇੱਕ ਜਾਂ ਦੂਜੇ ਰੂਪ ਚ ਫਿਰਕੂ, ਧਾਰਮਿਕ, ਕੌਮੀ-ਸ਼ਾਵਨਵਾਦੀ ਤੇ ਜਾਤਪਾਤੀ ਪੱਤਾ ਵਰਤਦੀਆਂ ਹਨ। ਅਸਲ ਚ ਇਨ੍ਹਾਂ ਮੁੱਦਿਆਂ ਨਾਲ ਜੁੜੀਆਂ ਇਹ ਨੀਤੀਆਂ ਉਸ ਕਾਰਪੋਰੇਟ ਵਿਕਾਸ ਮਾਡਲ ਦਾ ਹੀ ਹਿੱਸਾ ਹਨ, ਉਸੇ ਦੀ ਪੂਰਤੀ ਦਾ ਸਾਧਨ ਹਨ, ਜਿਹੜਾ ਮਾਡਲ ਕਾਰਪੋਰੇਟ ਜਗਤ ਦੇ ਹਿਤਾਂ ਦੀ ਰਾਖੀ ਕਰਨ ਵਾਲਾ ਹੈ, ਸਾਮਰਾਜੀ ਅਤੇ ਪਿਛਾਖੜੀ ਜਗੀਰੂ ਹਿਤਾਂ ਨੂੰ ਪਾਲਣ ਵਾਲਾ ਹੈ ਅਤੇ ਮਜ਼ੂਦਰ-ਮੁਲਾਜ਼ਮ ਵਰਗ ਤੇ ਹੋਰਨਾਂ ਮਿਹਨਤਕਸ਼ ਵਰਗਾਂ ਦੀ ਰੋਜ਼ੀ ਰੋਟੀ ਤੇ ਝਪਟ ਮਾਰਨ ਵਾਲਾ ਹੈ। ਜਿਸਨੂੰ ਸਭ ਹਾਕਮ ਜਮਾਤੀ ਪਾਰਟੀਆਂ ਲਾਗੂ ਕਰਨ ਦੀਆਂ ਵਾਹਕ ਬਣੀਆਂ ਹੋਈਆਂ ਹਨ। ਇਸ ਲਈ ਚੋਣਾਂ ਰਾਹੀਂ ਕਿਸੇ ਦੂਸਰੀ ਪਾਰਟੀ/ਗਠਜੋੜ ਦੀ ਸਰਕਾਰ ਬਦਲ ਕੇ ਕਿਸੇ ਦੂਸਰੀ ਪਾਰਟੀ/ਗਠਜੋੜ ਦੀ ਸਰਕਾਰ ਬਣਨ ਨਾਲ ਇਹ ਏਜੰਡਾ ਨਹੀਂ ਬਦਲਣਾ। ਤੇ ਇਸ ਕਾਰਪੋਰੇਟ ਵਿਕਾਸ ਮਾਡਲ ਦੇ ਏਜੰਡੇ ਨੂੰ ਬਦਲ ਕੇ ਹਕੀਕੀ ਅਰਥਾਂ ਚ ਲੋਕਪੱਖੀ ਵਿਕਾਸ ਮਾਡਲ ਵਾਲੇ ਪ੍ਰਬੰਧ ਲਿਆਏ ਬਿਨਾਂ ਮਜ਼ਦੂਰ ਜਮਾਤ ਦੀ ਮੁਕਤੀ ਸੰਭਵ ਨਹੀਂ।
ਇਸ ਲਈ 2 ਸਤੰਬਰ, 2016 ਦੀ ਹੜਤਾਲ ਨਾਲ ਜੁੜੇ ਮੁੱਦਿਆਂ ਉੱਪਰ ਕੀਤੀ ਜਾਣ ਵਾਲੀ ਸਰਗਰਮੀ/ਐਕਸ਼ਨਾਂ ਨੂੰ ਇਸ ਪੂਰੇ ਸੰਦਰਭ ਚ ਰੱਖ ਕੇ ਹੀ ਕਰਨਾ ਬਣਦਾ ਹੈ। ਇਸ ਸਰਗਰਮੀ ਨੂੰ ਪਾਰਲੀਮਾਨੀ ਚੋਣ ਰਣਨੀਤੀ ਦੇ ਕਿਸੇ ਮਿਸ਼ਨ 2017 ਜਾਂ ਮਿਸ਼ਨ 2019 ਨਾਲ ਜੋੜਨਾ ਜਾਂ ਕਿਸੇ ਇੱਕ ਜਾਂ ਦੂਜੀ ਪਾਰਟੀ ਨਾਲ ਜੋੜਨਾ, ਹਾਕਮ ਜਮਾਤੀ ਸਿਆਸਤ ਦੇ ਹੱਕ ਚ ਹੀ ਭੁਗਤੇਗਾ। ਇਨਕਲਾਬੀ ਦਿਸ਼ਾ-ਸੇਧ ਨੂੰ ਪਰਣਾਈਆਂ ਹੋਈਆਂ ਸ਼ਕਤੀਆਂ/ਹਲਕਿਆਂ/ਜਥੇਬੰਦੀਆਂ ਨੂੰ ਇਸ ਕਿਸਮ ਦੀ ਚੋਣ ਰਣਨੀਤੀ ਤੱਕ ਸੁੰਗੜੀ ਸਰਗਰਮੀ ਨਾਲੋਂ ਨਿਖੇੜਾ ਕਰਕੇ ਅਜ਼ਾਦਾਨਾ ਜਾਂ ਤਾਲਮੇਲਵੇਂ ਜਨਤਕ ਐਕਸ਼ਨ ਕਰਨੇ ਹੋਣਗੇ ਤੇ ਉਕਤ ਮੁੱਦਿਆਂ ਨੂੰ ਵਿਕਾਸ ਮਾਡਰ ਦੇ ਨਵ-ਉਦਾਰਵਾਦੀ ਏਜੰਡੇ ਦੇ ਸੰਦਰਭ ਚ ਰੱਖ ਕੇ ਉਭਾਰਨਾ ਹੋਵੇਗਾ।
(ਵਰਗ ਚੇਤਨਾ ਮੰਚ ਵੱਲੋਂ ਜਾਰੀ ਲੀਫ਼ਲੈੱਟ ਚੋਂ)

No comments:

Post a Comment