Thursday, September 8, 2016

25. ਇੱਕ ਚਿੱਠੀ ਸਾਹਿਤਕਾਰਾਂ ਦੇ ਨਾਂ



ਕਾਰਪੋਰੇਟ ਕੁਕਰਮ ਢਕਣ ਲਈ ਹੋ ਰਹੇ ਸਾਹਿਤਕ ਮੇਲੇ ਦਾ ਹਿੱਸਾ ਨਾ ਬਣੋ

ਸਭੇ ਪਿਆਰਿਉ,

ਸਾਨੂੰ ਇਹ ਸੁਣਕੇ ਗਹਿਰਾ ਸਦਮਾ ਪਹੁੰਚਿਆ ਹੈ ਅਤੇ ਅਸੀਂ ਬੇਚੈਨ ਹੋਏ ਹਾਂ ਕਿ ਤੁਸੀਂ ਸੰਸਾਰ ਦੀ ਸਭ ਤੋਂ ਵੱਧ ਨਫ਼ਰਤ ਕੀਤੇ ਜਾਣ ਵਾਲੀ ਮਹਾਂ ਲੁਟੇਰੀ ਵੇਦਾਂਤਾ ਕੰਪਨੀ ਵੱਲੋਂ ਸਪਾਂਸਰ ਕੀਤੇ ਜਾ ਰਹੇ ਜੈਪੁਰ ਸਾਹਿਤ ਮੇਲੇ  ਜਿਸ ਨੂੰ ਇਹ ਕੰਪਨੀ ਧਰਤੀ ਉੱਤੇ ਮਹਾਨਤਮ ਸਾਹਿਤਕ ਪੇਸ਼ਕਾਰੀਗਰਦਾਨਦੀ ਹੈ  ਵਿੱਚ ਸ਼ਾਮਲ ਹੋਣ ਨੂੰ ਪ੍ਰਵਾਨ ਕਰ ਲਿਆ ਹੈ। ਕੀ ਤੁਸੀਂ ਜਾਣਦੇ ਹੋ ਕਿ ਵੇਦਾਂਤਾ ਦੀਆਂ ਕਰਤੂਤਾਂ ਕਰਕੇ, ਭਾਰਤ ਦੇ ਉੜੀਸਾ, ਛੱਤੀਸਗੜ੍ਹ, ਗੋਆ, ਤਾਮਿਲਨਾਡੂ, ਰਾਜਸਥਾਨ, ਕਰਨਾਟਕ ਅਤੇ ਪੰਜਾਬ ਵਿੱਚ ਅਤੇ ਜ਼ਾਂਬੀਆ, ਦੱਖਣੀ ਅਫ਼ਰੀਕਾ ਤੇ ਆਸਟ੍ਰੇਲੀਆ ਵਿੱਚ ਵੀ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ। ਜ਼ਾਂਬੀਅਨ ਪੇਂਡੂਆਂ ਨੇ ਉਹਨਾਂ ਦੇ ਪਾਣੀਆਂ ਨੂੰ ਲਗਾਤਾਰ ਪਲੀਤ ਤੇ ਜ਼ਹਿਰੀਲਾ ਕਰਦੇ ਜਾਣ ਦਾ ਦੋਸ਼ ਲਾ ਕੇ ਵੇਦਾਂਤਾ ਦੀ ਧੀ ਕੰਪਨੀ ਕੇ. ਸੀ. ਐਮ. ਵਿਰੁੱਧ ਇੰਗਲੈਂਡ ਦੀ ਅਦਾਲਤ ਵਿੱਚ ਕੇਸ ਕੀਤਾ ਹੋਇਆ ਹੈ।
2009 ’ਚ ਛੱਤੀਸਗੜ੍ਹ ਦੇ ਕੋਰਬਾ ਖੇਤਰ ਅੰਦਰ ਵੇਦਾਂਤਾ ਦੀ ਹੀ ਧੀ ਕੰਪਨੀ ਬਾਲਕੋ ਅਲਮੀਨੀਅਮ ਵੱਲੋਂ ਘਟੀਆ ਸਮੱਗਰੀ ਵਰਤਣ ਦੇ ਸਿੱਟੇ ਵਜੋਂ ਡਿੱਗੀ ਚਿਮਨੀ ਨਾਲ 100 ਲੋਕੀਂ ਮਾਰੇ ਗਏ ਸਨ।
ਉੜੀਸਾ ਵਾਸੀਆਂ, ਦਲਿਤਾਂ ਤੇ ਕਿਸਾਨਾਂ ਨੇ, ਵੇਦਾਂਤਾ ਖਿਲਾਫ਼ 19 ਸਾਲ ਲੰਬੀ ਅਣਥੱਕ ਜਦੋਜਹਿਦ ਚਲਾਈ। ਅੰਤ 2014 ’ਚ ਇਸ ਕੰਪਨੀ ਨੂੰ ਉਹਨਾਂ ਦੀਆਂ ਨਿਆਮਗਿਰੀ ਪਹਾੜੀਆਂ  ਜਿਨ੍ਹਾਂ ਨੂੰ ਉਹ ਦੇਵਤਿਆਂ ਵਾਂਗ ਪਵਿੱਤਰ ਸਮਝਦੇ ਨੇ  ਵਿੱਚੋਂ ਬਾਕਸਾਈਟ ਕੱਢਣ ਤੋਂ ਵਰਜ ਦਿੱਤਾ। ਸਰਕਾਰੀ ਕੰਪਨੀ ਦੇ ਪਰਦੇ ਹੇਠਾਂ, ਪਹਾੜੀਆਂ ਉੱਤੇ ਮੁੜ ਕਬਜ਼ਾ ਕਰਨ ਦੀ ਵੇਦਾਂਤਾ ਦੀ ਚਲਾਕੀ ਭਰੀ ਕੋਸ਼ਿਸ਼ ਨੂੰ ਵੀ ਪਛਾੜ ਦਿੱਤਾ। ਗੋਆ ਚ ਕੱਚਾ ਲੋਹਾ ਕੱਢਣ ਵਾਲੀ ਇਸ ਦੀ ਇੱਕ ਹੋਰ ਧੀ ਕੰਪਨੀ ਸੇਮਾ ਗੋਆਵੀ ਗੈਰ-ਕਾਨੂੰਨੀ ਖਣਿਜ ਖੋਦਣ ਦੀ ਦੋਸ਼ੀ ਪਾਈ ਗਈ ਹੈ।
ਜੈਪੁਰ ਨੇੜੇ ਹੀ ਇਸ ਕੰਪਨੀ ਦੀ ਹਿੰਦੁਸਤਾਨ ਜ਼ਿੰਕ ਲਿਮਿਟਡ ਉੱਤੇ ਆਪਣੇ ਮੁਲਾਜ਼ਮਾਂ ਦੀ ਯੂਨੀਅਨ ਨੂੰ ਤੋੜਨ-ਖਿੰਡਾਉਣ ਦੇ ਮਕਸਦ ਨਾਲ ਪੱਕੇ ਮੁਲਾਜ਼ਮਾਂ ਦੀ ਗਿਣਤੀ 18 ਹਜ਼ਾਰ ਤੋਂ ਘਟਾ ਕੇ 25 ਸੌ ਕਰ ਦੇਣ ਦਾ ਇਲਜ਼ਾਮ ਲੱਗਿਆ ਹੈ। ਇਸੇ ਅਧੀਨ ਕੰਮ ਕਰਦੇ ਕਾਮਿਆਂ ਦੀ ਮੇਟਨ ਮਾਈਨਜ਼ ਮਜ਼ਦੂਰ ਸੰਘ ਨਾਂ ਦੀ ਜਥੇਬੰਦੀ ਵੀ ਮਜ਼ਦੂਰਾਂ ਦੀਆਂ ਭੈੜੀਆਂ ਕੰਮ ਹਾਲਤਾਂ ਜਾਰੀ ਰੱਖਣ ਅਤੇ ਆਲੇ ਦੁਆਲੇ ਦੀਆਂ ਫ਼ਸਲਾਂ ਨੂੰ ਤਬਾਹ ਕਰਨ ਦਾ ਦੋਸ਼ ਵੇਦਾਂਤਾ ਉੱਤੇ ਲਾ ਰਹੀ ਹੈ ਤੇ ਇਸ ਦਾ ਵਿਰੋਧ ਕਰ ਰਹੀ ਹੈ।
ਵੇਦਾਂਤਾ ਨੇ ਆਪਣੇ ਅਪਰਾਧਾਂ ਉੱਤੇ ਪਰਦਾਪੋਸ਼ੀ ਕਰਨ ਅਤੇ ਆਪਣੇ ਹੱਕ ਚ ਲੋਕ ਰਾਇ ਬਣਾਉਣ ਲਈ ਪਹਿਲਾਂ ਭਾਰਤ ਦਾ ਕੌਮਾਂਤਰੀ ਫਿਲਮ ਮੇਲਾਆਯੋਜਿਤ ਕਰਕੇ ਤੇ ਫਿਰ ‘‘ਸਾਡੀਆਂ ਕੁੜੀਆਂ ਸਾਡਾ ਮਾਣ’’ ਨਾਂ ਦਾ ਪ੍ਰੋਜੈਕਟ ਚਲਾਕੇ, ਪ੍ਰਸਿੱਧ ਹਸਤੀਆਂ ਤੇ ਮੀਡੀਆ ਘਰਾਣਿਆਂ ਨੂੰ ਵਰਤਦਿਆਂ ਹੋਇਆਂ, ਵੱਡੇ ਉਪਰਾਲੇ ਕੀਤੇ ਹਨ। ਪਰ ਲੋਕ ਪੱਖੀ ਲਹਿਰਾਂ ਤੇ ਗਰੁੱਪਾਂ ਨੇ ਇਸ ਦੇ ਅਪਰਾਧਾਂ ਨੂੰ ਨਸ਼ਰ ਕਰ ਦਿੱਤਾ।
ਭਾਰਤ ਅਤੇ ਸੰਸਾਰ ਪੱਧਰ ਉੱਤੇ ਵੇਦਾਂਤਾ ਕੰਪਨੀ ਦੇ ਹਿੱਤ ਦਲਿਤਾਂ, ਆਦਿਵਾਸੀਆਂ, ਬਹੁਜਨ ਸਮਾਜ ਤੇ ਕਾਲੇ ਲੋਕਾਂ ਦੇ ਹਿਤਾਂ ਨਾਲ ਸਿੱਧ-ਮ-ਸਿੱਧੇ ਟਕਰਾਉਂਦੇ ਹਨ। ਇਸੇ ਕਾਰਨ ਹੋਈ ਬਦਨਾਮੀ ਨੂੰ ਢਕਣ ਅਤੇ ਲੋਕਾਂ ਦਾ ਧਿਆਨ ਲਾਂਭੇ ਕਰਨ ਖਾਤਰ, ਸਾਊਥਬੈਂਕ ਦਾ ਇਹ ‘‘ਜੈਪੁਰ ਸਾਹਿਤ ਮੇਲਾ’’ ਇਸ ਵੱਲੋਂ ਅਜਿਹੀ ਹੀ ਇੱਕ ਕੋਸ਼ਿਸ਼ ਹੈ।
ਸਾਹਿਤ ਕਿਸੇ ਖਲਾਅ ਚ ਨਹੀਂ ਵਿਚਰਦਾ। ਜਨਤਕ ਹਸਤੀਆਂ ਵਜੋਂ ਸਾਡਾ ਵਿਸ਼ਵਾਸ ਹੈ ਕਿ ਲੇਖਕਾਂ ਅਤੇ ਕਲਾਕਾਰਾਂ ਦੀਆਂ ਵੀ ਜੁੰਮੇਵਾਰੀਆਂ ਹਨ। ਜਦੋਂ ਸੰਸਾਰ ਭਰ ਚ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੀ ਇਸ ਦਿਉਕੱਦ ਕੰਪਨੀ ਵੱਲੋਂ ਅਜਿਹੇ ਮੇਲੇ ਸਬੰਧੀ ਪ੍ਰਚਾਰ ਕੀਤਾ ਜਾ ਰਿਹਾ ਹੋਵੇ ਅਤੇ ਫੰਡ ਮੁਹੱਈਆ ਕੀਤਾ ਜਾ ਰਹੇ ਹੋਣ, ਤਾਂ ਦੁਨੀਆਂ ਦੀਆਂ ਸਮੱਸਿਆਵਾਂ ਇਨ੍ਹਾਂ ਬਾਰੇ ਵਿਚਾਰਾਂ ਤੇ ਕਿਤਾਬਾਂ ਉੱਤੇ ਅਮੂਰਤ ਰੂਪ ਚ ਬਹਿਸ ਮਬਾਹਸੇ ਕਰਨ ਦੀ ਕੋਈ ਤੁਕ ਨਹੀਂ ਹੈ।
ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਰਾਇ ਨਾਲ ਸਹਿਮਤ ਹੋ ਜਾਉਗੇ। ਵੇਦਾਂਤਾ ਦੀ ਇਸ ਘਟੀਆ, ਮਨੁੱਖ-ਦੋਖੀ, ਚਲਾਕੀ ਭਰੀ ਤੇ ਦੰਭੀ ਮੁਹਿੰਮ ਚੋਂ ਆਪਣੀ ਹਿੱਸੇਦਾਰੀ ਤੇ ਸ਼ਮੂਲੀਅਤ ਸਬੰਧੀ ਪ੍ਰਵਾਨਗੀ ਨੂੰ ਵਾਪਸ ਲੈ ਲਵੋਗੇ।

(100 ਤੋਂ ਉੱਪਰ ਲੇਖਕਾਂ ਤੇ ਵਿਦਿਆਰਥੀਆਂ ਵੱਲੋਂ 

ਲੰਡਨ ਮੇਲੇ ਚ ਸ਼ਾਮਲ ਹੋਣ ਵਾਲਿਆਂ ਦੇ ਨਾਂ ਪੱਤਰ)

No comments:

Post a Comment