ਸਲਵਾ ਜੁਡੁਮ ਦੀ ਬਦਲੀ ਸ਼ਕਲ
ਕਬਾਇਲੀਆਂ ’ਚੋਂ ਹੀ ਵਿਸ਼ੇਸ਼ ਬਟਾਲੀਅਨ ਖੜ੍ਹੀ ਕਰਨ ਦੀਆਂ ਤਿਆਰੀਆਂ
ਛੱਤੀਸਗੜ੍ਹ ਦੇ ਆਦਿਵਾਸੀ ਖੇਤਰਾਂ ਅੰਦਰ ਹਕੂਮਤੀ ਕਹਿਰ ਜਾਰੀ ਹੈ। ਨਿੱਤ ਨਵੇਂ ਢੰਗਾਂ ਦੀ ਵਰਤੋਂ ਰਾਹੀਂ
ਇਨ੍ਹਾਂ ਖੇਤਰਾਂ ਦੀ ਕਬਾਇਲੀ ਵਸੋਂ ਨੂੰ ਹਕੂਮਤੀ ਹਥਿਆਰਬੰਦ ਬਲਾਂ ਦੇ ਖੂੰਨੀ ਕਹਿਰ ਦਾ ਲਗਾਤਾਰ
ਸ਼ਿਕਾਰ ਬਣਾਇਆ ਜਾ ਰਿਹਾ ਹੈ। ਅੰਗਰੇਜ਼ੀ ਦੇ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਦੀ ਇੱਕ ਖ਼ਬਰ ਅਨੁਸਾਰ ਹੁਣ
ਕੇਂਦਰ ਵੱਲੋਂ ਸੀ. ਆਰ. ਪੀ. ਐਫ. ਦੀ ਇੱਕ ਵਿਸ਼ੇਸ਼ ਕਬਾਇਲੀ ਬਟਾਲੀਅਨ ਖੜ੍ਹੀ ਕਰਨ ਲਈ ਹਰੀ ਝੰਡੀ
ਦਿੱਤੀ ਗਈ ਹੈ। ਇਸ ਬਟਾਲੀਅਨ ਵਿੱਚ ਸਥਾਨਕ ਲੋਕਾਂ ਨੂੰ ਹੀ ਭਰਤੀ ਕੀਤਾ ਜਾਣਾ ਹੈ। ਆਮ ਤੌਰ ’ਤੇ ਭਰਤੀ ਕੀਤੇ ਜਾਣ ਵਾਲਿਆਂ ਵਿੱਚ ਬਦਨਾਮ ਸਲਵਾ ਜੁਡੁਮ ਦੇ ਸਾਬਕਾ ਮੈਂਬਰ (ਐਸ. ਪੀ. ਓਜ਼.), ਆਤਮ ਸਮਰਪਣ ਕਰ ਚੁੱਕੇ ਮਾਓਵਾਦੀ ਅਤੇ ‘ਮਾਓਵਾਦੀ ਹਿੰਸਾ ਦਾ ਸ਼ਿਕਾਰ’ ਹੋਏ ਲੋਕ ਸ਼ਾਮਲ ਹੁੰਦੇ ਹਨ।
ਖਬਰ ਅਨੁਸਾਰ ਇਸ ਬਟਾਲੀਅਨ ਤੋਂ ਪਹਿਲਾਂ ਛੱਤੀਸਗੜ੍ਹ ਦੀ ਹਕੂਮਤ ਵੱਲੋਂ ਮਈ 2015 ’ਚ ਏਸੇ ਤਰਜ਼ ’ਤੇ ਸੂਬਾ ਪੁਲਸ ਦੇ ਅਧੀਨ ਜ਼ਿਲ੍ਹਾ ਰਿਜ਼ਰਵ ਗਰੁੱਪ ਬਣਾਇਆ ਗਿਆ ਸੀ, ਜੋ ਕਿ ਬਣਨ ਵੇਲੇ ਤੋਂ ਹੀ ਵਿਵਾਦ ਦੇ ਕੇਂਦਰ ਰਿਹਾ ਹੈ। ਇਸ ਖੇਤਰ ’ਚ ਕੰਮ ਕਰਦੇ ਕਾਰਕੁੰਨਾਂ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ‘‘ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਛੱਤੀਸਗੜ੍ਹ ਦੀ ਹਕੂਮਤ ਨੇ ਮਹਿਜ਼ ਇਹ ਕੀਤਾ ਕਿ ਐਸ. ਪੀ. ਓਜ਼. ਦਾ ਨਾਮ ਬਦਲ ਕੇ ਸਹਾਇਕ ਹਥਿਆਰਬੰਦ ਸ਼ਕਤੀ
ਰੱਖ ਦਿੱਤਾ। ਹੁਣੇ ਹੁਣੇ ਇਸਨੇ ਜ਼ਿਲ੍ਹਾ ਰਿਜ਼ਰਵ ਗਰੁੱਪ ਦੇ ਨਾਮ ਹੇਠ ਆਤਮ ਸਮਰਪਣ ਕਰ ਚੁੱਕੇ
ਮਾਓਵਾਦੀਆਂ ਤੇ ਹੋਰ ਸਥਾਨਕ ਲੋਕਾਂ ਦੀ ਭਰਤੀ ਕੀਤੀ ਹੈ।’’ ਬਸਤਰ ਦੇ ਇੱਕ ਕਾਰਕੁੰਨ ਦਾ ਕਹਿਣਾ ਹੈ ਕਿ ‘‘ਅਜਿਹੇ ਖੇਤਰ ਵਿੱਚ ਜਿੱਥੇ
ਲੋਕ ਫੌਜ ਦੀ ਮਣਾਂਮੂੰਹੀ ਤੈਨਾਤੀ ਤੋਂ ਪਹਿਲਾਂ ਹੀ ਦੁਖੀ ਹਨ, ਅਜਿਹੇ ਕਦਮਾਂ ਨਾਲ ਹਾਲਤ ਹੋਰ ਵਿਗੜਨੀ ਹੈ।’’ ਸੂਬੇ ’ਚ ਕੰਮ ਕਰਦੇ ਹੋਰਨਾਂ ਕਾਰਕੁੰਨਾਂ ਨੇ ਵੀ ਕਿਹਾ ਹੈ ਕਿ ਇਹ ਸਥਾਨਕ ਲੋਕਾਂ ਦੇ ਇੱਕ ਹਿੱਸੇ
ਨੂੰ ‘‘ਆਪਣਿਆਂ ਖਿਲਾਫ਼’’
ਹੀ ਖੜ੍ਹੇ ਕਰਨ ਦਾ ਕਦਮ ਹੈ।
ਭਾਵੇਂ ਕਿ ਸੂਬੇ ਦੇ ਪ੍ਰਸ਼ਾਸਨਿਕ ਅਤੇ ਪੁਲਸ
ਅਧਿਕਾਰੀ ਅਜਿਹੇ ਉਪਰਾਲਿਆਂ ਨੂੰ ‘‘ਵੱਡੀ ਸਫ਼ਲਤਾ’’ ਅਤੇ ‘‘ਪਾਸਾ ਪਲਟਣ’’ ਵਾਲੇ ਕਦਮ ਮੰਨਦੇ ਹਨ, ਪਰ ਸੱਚਾਈ ਇਹੀ ਹੈ ਕਿ ਵੱਖੋ ਵੱਖਰੇ ਨਾਵਾਂ ਹੇਠ
ਕਬਾਇਲੀ ਵਸੋਂ ਦੇ ਇੱਕ ਹਿੱਸੇ ਨੂੰ ਹਥਿਆਰਬੰਦ ਕਰਕੇ ਸਮੁੱਚੀ ਕਬਾਇਲੀ ਵਸੋਂ ਦਾ ਘਾਣ ਕਰਨ ਲਈ
ਜੁਟਾਇਆ ਜਾ ਰਿਹਾ ਹੈ। ਕਾਰਪੋਰੇਟ ਹਿਤਾਂ ਦੀ ਸੇਵਾ ਲਈ ਦਲਾਲ ਭਾਰਤੀ ਹਾਕਮਾਂ ਵੱਲੋਂ ਅਜਿਹਾ ਕਰਕੇ
ਕਬਾਇਲੀ ਸਮਾਜ ਅੰਦਰ ਆਪਸੀ ਦੁਸ਼ਮਣੀ ਤੇ ਪਾਟਕਾਂ ਦੇ ਬੀਜ ਬੀਜੇ ਜਾ ਰਹੇ ਹਨ। ਖਬਰਾਂ ਅਨੁਸਾਰ ਆਦਿਵਾਸੀ ਲੋਕ ਹਾਕਮਾਂ ਦੀਆਂ ਹਥਿਆਰਬੰਦ ਟੁਕੜੀਆਂ ’ਚ ਸ਼ਾਮਲ ਅਜਿਹੇ ਕਈ ਸਥਾਨਕ ਬਸ਼ਿੰਦਿਆਂ ਨੂੰ ਪਹਿਚਾਣਦੇ ਹਨ ਜਿਹੜੇ ਮਕਦਮ ਹਿਡਮੇ ਨਾਲ ਬਲਾਤਕਾਰ
ਤੇ ਉਸਦੇ ਕਤਲ ਦੀ ਘਟਨਾ ਸਮੇਤ ਹੋਰ ਕਈ ਦਰਦਨਾਕ ਘਟਨਾਵਾਂ ’ਚ ਸ਼ਾਮਲ ਹਨ। ਨਾਲੋ ਨਾਲ ਸਥਾਨਕ ਭਾਸ਼ਾ, ਭੂਗੋਲਿਕ ਹਾਲਤਾਂ, ਸਮਾਜਕ ਬਣਤਰ ਤੇ ਸਥਾਨਕ ਵਸੋਂ ਦੇ ਵੱਧ ਭੇਤੀ ਹੋਣ ਸਦਕਾ ਅਜਿਹੇ ਗਰੁੱਪ ਆਦਿਵਾਸੀਆਂ ਖਿਲਾਫ਼
ਵਿੱਢੇ ਖੂਨੀ ਹਕੂਮਤੀ ਹੱਲੇ ਨੂੰ ਵੱਧ ਘਾਤਕ ਤੇ ਡੂੰਘਾ ਬਣਾਉਣ ਦਾ ਸਾਧਨ ਬਣਦੇ ਹਨ।
ਸਲਵਾ ਜੁਡੁਮ ਦੇ ਨਾਮ ਹੇਠ ਚੱਲੀ ਇਹ ਮੁਹਿੰਮ, ਜਿਸਨੂੰ ਕਾਂਗਰਸ ਤੇ ਬੀ. ਜੇ. ਪੀ. ਦੋਨਾਂ ਦੀ ਹੀ ਡਟਵੀਂ ਹਮਾਇਤ ਸੀ, ਬੇਕਿਰਕ ਜ਼ੁਲਮ ਦੇ ਕਾਰਿਆਂ ਸਦਕਾ ਬੁਰੀ ਤਰ੍ਹਾਂ ਬਦਨਾਮ ਹੋਈ ਸੀ। ਏਸੇ ਕਰਕੇ ਕੁਝ ਸਾਲਾਂ
ਬਾਅਦ ਸੁਪਰੀਮ ਕੋਰਟ ਨੇ ਇਸਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਸੀ। ਪਰ ਸੁਪਰੀਮ ਕੋਰਟ ਦਾ ਐਲਾਨ ਇੱਕ
ਪਾਸੇ ਰਿਹਾ, ਸਲਵਾ ਜੁਡੁਮ ਦੀ ਖੂਨੀ ਵਿਰਾਸਤ ਨੂੰ ‘‘ਨਾਗਰਿਕ ਏਕਤਾ ਮੰਚ’’, ‘‘ਨਕਸਲ ਪੀੜਤ ਸੰਘਰਸ਼ ਸੰਮਤੀ’’, ‘‘ਸਮਾਜਕ ਏਕਤਾ ਮੰਚ’’, ‘‘ਸੰਘਰਸ਼ ਸੰਮਤੀ’’
ਤੇ ‘‘ਕੌਮੀ ਅਖੰਡਤਾ ਲਈ ਕਾਰਵਾਈ ਗਰੁੱਪ ਅਗਨੀ’’ ਜਿਹੇ ਲਗਭਗ ਦੋ ਦਰਜਨ ਨਾਵਾਂ ਹੇਠ ਜਾਰੀ ਰੱਖਿਆ ਹੋਇਆ ਹੈ। ਹੁਣ ਪੁਲਸ ਤੇ ਸੀ. ਆਰ. ਪੀ. ਐਫ
ਵਰਗੇ ਅਰਧ ਸੈਨਿਕ ਬਲਾਂ ’ਚ ਇਹਨਾਂ ਨੂੰ ਸ਼ਾਮਲ ਕਰਕੇ ਇਨ੍ਹਾਂ ‘‘ਸੈਨਾਵਾਂ’’ ਨੂੰ ਕਾਨੂੰਨੀ ਰੂਪ ਦਿੱਤਾ ਜਾ ਰਿਹਾ ਹੈ ਤੇ ਆਦਿਵਾਸੀ ਖਿੱਤਿਆਂ ਅੰਦਰ ਕਹਿਰ ਢਾਹੁਣ ਲਈ ਇਨ੍ਹਾਂ
ਦੀਆਂ ‘‘ਵਿਸ਼ੇਸ਼ ਤੈਨਾਤੀਆਂ’’
ਕੀਤੀ ਜਾ ਰਹੀਆਂ ਹਨ।
------------
ਕੱਲ੍ਹ ਟੀ. ਵੀ. ’ਤੇ ਖ਼ਬਰ ਵਿਖਾਈ ਗਈ ਕਿ ਸੁਕਮਾ ਜ਼ਿਲ੍ਹੇ (ਛੱਤੀਸਗੜ੍ਹ) ’ਚ ਪੁਲਸ ਨੇ ਦੋ ਨਕਸਲਾਈਟ ਮਾਰ ਦਿੱਤੇ। ਜਦੋਂ ਕਿ -ਪਿੰਡ ਦੇ
ਆਦਿਵਾਸੀਆਂ ਨੇ ਹੋਰ ਕਹਾਣੀ ਦੱਸੀ। ਉਹਨਾਂ ਦੱਸਿਆ ਕਿ ਸ਼ਨੀਵਾਰ (23 ਜੁਲਾਈ) ਦੀ ਸਵੇਰ ਸੁਰੱਖਿਆ ਬਲ ਧੁਰਮਾਂ ਪਿੰਡ ’ਚ ਆਏ। ਪਿੰਡ ਵਾਲੇ ਉਹਨਾਂ ਨੂੰ ਵੇਖ ਕੇ ਜਾਨ ਬਚਾਉਣ ਲਈ ਭੱਜੇ। ਦੋ
ਸਕੇ ਭਰਾ ਮੂਆ ਤੇ ਹਿਡਮਾ ਸੁਰੱਖਿਆ ਦਸਤੇ ਨੇ ਫੜ ਲਏ। ਉਹਨਾਂ ਦਾ ਗਵਾਂਢੀ ਮਾੜਵੀ ਹਿਡਮਾ ਵੀ ਭੱਜ
ਨਹੀਂ ਸਕਿਆ। ਗੁਆਂਢੀ ਪਿੰਡ ਫੂਲਗੁੜਾ ਦੇ ਤੈਮਾਯਾ ਨੂੰ ਵੀ ਫੜ ਲਿਆ। ਸਾਰਾ ਦਿਨ ਆਦਿਵਾਸੀ ਮਦਦ ਲਈ
ਪੁਕਾਰਦੇ ਰਹੇ। ਸ਼ਾਮ ਨੂੰ ਪੁਲਸ ਨੇ ਦੱਸਿਆ ਕਿ ਮੂਆ ਤੇ ਤੈਮਾਯਾ ਨੂੰ ਮਾਰ ਦਿੱਤਾ ਗਿਆ ਹੈ। ਦੂਜੇ
ਦੋਹੇਂ ਆਦਿਵਾਸੀ ਕਿੱਥੇ ਹਨ ਇਹਦੇ ਬਾਰੇ ਪੁਲਸ ਨੇ ਪਰਿਵਾਰਾਂ ਨੂੰ ਕੁਝ ਨਹੀਂ ਦੱਸਿਆ। ਟੀ. ਵੀ. ’ਤੇ ਦੇਸ਼ ਨੂੰ ਦੱਸਿਆ ਗਿਆ ਕਿ ਭਿਆਨਕ ਮੁਕਾਬਲੇ ਤੋਂ ਬਾਅਦ ਬਹਾਦਰੀ ਦਾ
ਸਬੂਤ ਦਿੰਦੇ ਹੋਏ ਦੋ ਮਾਓਵਾਦੀਆਂ ਨੂੰ ਮਾਰ ਦਿੱਤਾ।
No comments:
Post a Comment