Sunday, October 4, 2015

16) ਯੂਰਪ ਦਾ ਸ਼ਰਨਾਰਥੀ ਸੰਕਟ

ਸਾਮਰਾਜੀ ਘੁਸਪੈਠੀਏ ਮੁਜਰਮ ਹਨ

ਪਰਮਿੰਦਰ

ਪਿਛਲੇ ਕੁਝ ਸਮੇਂ ਤੋਂ ਮੱਧ-ਪੂਰਬ ਦੇ ਜੰਗ-ਗ੍ਰਸਤ ਖੇਤਰਾਂ-ਖਾਸ ਕਰਕੇ ਸੀਰੀਆ, ਲੀਬੀਆ, ਇਰਾਕ-'ਚੋਂ ਆਪਣੀਆਂ ਜਾਨਾਂ ਬਚਾਉਣ ਲਈ ਉਜੜੇ ਅਤੇ ਯੂਰਪ ਦੇ ਦੇਸ਼ਾਂ ਅੰਦਰ ਸ਼ਰਨ ਲੈਣ ਲਈ ਵਹੀਰਾਂ ਘੱਤ ਰਹੇ ਰਫਿਊਜੀਆਂ ਦਾ ਮਸਲਾ ਪ੍ਰੈਸ ਤੇ ਮੀਡੀਏ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਤੰਬਰ ਮਹੀਨ ਦੇ ਸ਼ੁਰੂ 'ਚ ਇੱਕ ਤਿੰਨ ਸਾਲਾ ਸੀਰੀਆਈ ਬੱਚੇ -ਆਯਲਾਨ ਕੁਰਦੀ- ਦੀ ਇਸ ਜੋਖਮ ਭਰੇ ਪ੍ਰਵਾਸ ਦੌਰਾਨ ਆਪਣੇ ਪੰਜ ਸਾਲਾ ਭਰਾ ਅਤੇ ਮਾਂ ਸਮੇਤ ਭੂ-ਮੱਧ ਸਾਗਰ 'ਚ ਡੁੱਬ ਕੇ ਮੌਤ ਹੋ ਗਈ ਸੀ। ਲਾਲ ਕਮੀਜ, ਨੀਲੀ ਨਿੱਕਰ ਤੇ ਬੂਟ ਪਹਿਨੀ ਆਯਲੀਨ ਕੁਰਦੀ ਦੀ ਲਾਸ਼ ਸਮੁੰਦਰੀ ਲਹਿਰਾਂ ਨਾਲ ਰੁੜ ਕੇ ਤੁਰਕੀ ਦੇ ਸਮੁੰਦਰੀ ਪੱਤਣ 'ਤੇ ਜਾ ਲੱਗੀ। ਰੇਤੇ 'ਚ ਮੂਧੇ ਮੂੰਹ ਪਏ ਆਯਲਾਨ ਕੁਰਦੀ ਦੀ ਫੋਟੋ ਸੋਸ਼ਲ ਮੀਡੀਆ 'ਤੇ ਨਸ਼ਰ ਹੁੰਦਿਆਂ ਹੀ ਅੱਗ ਵਾਂਗ ਦੁਨੀਆਂ ਭਰ 'ਚ ਫੈਲ ਗਈ। ਜਿਸ ਕਿਸੇ ਨੇ ਵੀ ਇਸ ਲੂੰ-ਕੰਡੇ ਖੜੇ ਕਰਨ ਵਾਲੇ ਦ੍ਰਿਸ਼ ਨੂੰ ਦੇਖਿਆ ਉਹ ਪਸੀਜੇ ਬਿਨਾਂ ਨਹੀਂ ਰਹਿ ਸਕਿਆ ਹੋਣਾ। ਇਸ ਨਾਲ ਯੂਰਪੀਅਨ ਦੇਸ਼ਾਂ ਦੇ ਲੋਕਾਂ ਅੰਦਰ ਸ਼ਰਨਾਰਥੀਆਂ ਪ੍ਰਤੀ ਹਮਦਰਦੀ ਭਰੀਆਂ ਆਵਾਜਾਂ ਉੱਠਣ ਲੱਗ ਪਈਆਂ। ਯੂਰਪੀਅਨ ਲੋਕਾਂ ਅੰਦਰ ਹਮਦਰਦੀ ਦੀ ਇਸ ਲਹਿਰ ਸਦਕਾ ਯੂਰਪ ਦੀਆਂ ਕਈ ਸੱਜੇ-ਪੱਖੀ ਤੇ ਪੱਥਰ-ਚਿੱਤ ਹਕੂਮਤਾਂ ਨੂੰ ਵੀ ਭਾਵੇਂ ਵਕਤੀ ਤੌਰ 'ਤੇ ਹੀ ਸਹੀ-ਆਪਣੇ ਰੁਖ 'ਚ ਨਰਮੀ ਦਾ ਵਿਖਾਵਾ ਕਰਨਾ ਪਿਆ। ਜਰਮਨ ਚਾਂਸਲਰ ਐਂਜੀਲਾ ਮਾਰਕਲ ਨੇ ਸ਼ਰਨਾਰਥੀਆਂ ਨੂੰ 'ਜੀ ਆਇਆਂ' ਕਹਿੰਦਿਆਂ ਅੱਠ ਲੱਖ ਸ਼ਰਨਾਰਥੀਆਂ ਨੂੰ ਜਰਮਨੀ 'ਚ ਵਸਾਉਣ ਦਾ ਐਲਾਨ ਕਰ ਦਿੱਤਾ। ਇਹ ਸੀਰੀਆਈ ਬੱਚਾ ਉਲਟ ਇਨਕਲਾਬੀ ਜੰਗਾਂ ਅਤੇ ਹਿੰਸਾ ਦੇ ਉਜਾੜੇ ਬੇਵੱਸ ਸ਼ਰਨਾਰਥੀਆਂ ਦੀ ਹੌਲਨਾਕ ਹਾਲਤ ਅਤੇ ਅਨਿਸ਼ਚਤ ਹੋਣੀ ਦਾ ਪ੍ਰਤੀਕ ਬਣ ਕੇ ਉੱਭਰ ਆਇਆ ਹੈ।

ਵਿਰਾਟ ਸਮੱਸਿਆ

ਅਜਿਹਾ ਨਹੀਂ ਕਿ ਸ਼ਰਨਾਰਥੀਆਂ ਦੀ ਸਮੱਸਿਆ ਹੁਣ ਕੋਈ ਨਵੀਂ ਖੜੀ ਹੋਈ ਹੈ। ਜੰਗਾਂ ਦੇ ਦੌਰਾਨ ਹੁੰਦੀਆਂ ਮੌਤਾਂ ਤੇ ਜਾਨ-ਮਾਲ ਦੀ ਵਿਆਪਕ ਤਬਾਹੀ, ਫੈਲਦੀ ਹਿੰਸਾ ਅਤੇ ਅਸਥਿਰਤਾ, ਪੈਦਾ ਹੁੰਦੀ ਅਸੁਰੱਖਿਆ ਤੇ ਰੁਜਗਾਰ ਦਾ ਉਜਾੜਾ ਲੋਕਾਂ ਨੂੰ ਆਪਣੇ ਘਰ-ਘਾਟ ਛੱਡ ਪ੍ਰਵਾਸ ਕਰਨ ਲਈ ਮਜਬੂਰ ਕਰ ਦਿੰਦਾ ਹੈ। ਮੱਧ-ਪੂਰਬ ਦੇ ਦੇਸ਼ਾਂ 'ਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਜੰਗ ਤੇ ਹਿੰਸਾ ਸਦਕਾ ਲੱਖਾਂ ਲੋਕ ਰਫਿਊਜੀ ਕੈਂਪਾਂ 'ਚ ਰੁਲ ਰਹੇ ਹਨ। ਜੌਰਡਨ, ਲੈਬਨਾਨ, ਤੁਰਕੀ ਜਿਹੇ ਦੇਸ਼ ਸ਼ਰਨਾਰਥੀਆਂ ਨਾਲ ਕਿੰਨੇ ਕਿੰਨੇ ਸਾਲਾਂ ਤੋਂ ਭਰੇ ਪਏ ਹਨ। ਇਹਨਾਂ ਦੇਸਾਂ 'ਚ ਯੂ.ਐਨ.ਓ ਕੋਲ ਰਜਿਸਟਰਡ ਸ਼ਰਨਾਰਥੀਆਂ ਦੀ ਗਿਣਤੀ ਕ੍ਰਮਵਾਰ ਸਵਾ ਛੇ ਲੱਖ, ਸਵਾ ਗਿਆਰਾਂ ਲੱਖ ਤੇ ਸਾਢੇ ਉੱਨੀ ਲੱਖ ਦੇ ਕਰੀਬ ਹੈ। ਗੈਰ-ਰਜਿਸਟਰਡ ਰਫਿਊਜੀਆਂ ਨੂੰ ਮਿਲਾ ਕੇ ਇਹ ਗਿਣਤੀ ਕ੍ਰਮਵਾਰ 14 ਲੱਖ, 12 ਲੱਖ ਤੇ 21 ਲੱਖ ਤੋਂ ਵੱਧ ਹੈ। ਇਸੇ ਤਰਾਂ ਮਿਸਰ, ਇਰਾਕ ਆਦਿਕ ਦੇਸਾਂ 'ਚ ਵੀ ਕਾਫੀ ਵੱਡੀ ਗਿਣਤੀ 'ਚ ਸ਼ਰਨਾਰਥੀ ਬੈਠੇ ਹਨ। ਯੂ.ਐਨ.ਓ ਦੇ ਅੰਦਾਜਿਆਂ ਮੁਤਾਬਕ ਇਰਾਕ 'ਚ ਹੋਈਆਂ ਲੱਗਭੱਗ ਦਸ ਲੱਖ ਤੋਂ ਵੱਧ ਮੌਤਾਂ ਤੋਂ ਇਲਾਵਾ 33 ਲੱਖ ਹੋਰ ਇਰਾਕੀ ਸ਼ਰਨਾਰਥੀ ਬਣ ਹਿਜਰਤ ਕਰ ਗਏ ਹਨ। ਅਫਗਾਨਿਸਤਾਨ 'ਚ ਚਲ ਰਹੀ ਜੰਗ 'ਚ ਇੱਕ ਲੱਖ ਤੋਂ ਵੱਧ ਲੋਕ ਮਰੇ ਹਨ। 26 ਲੱਖ ਅਫਗਾਨੀ ਨਾਗਰਿਕ ਸ਼ਰਨਾਰਥੀ ਬਣਨ ਲਈ ਮਜਬੂਰ ਹੋਏ ਹਨ। ਇਸ ਤਰਾਂ ਲੀਬੀਆ ਅਤੇ ਯਮਨ ਤੋਂ ਕ੍ਰਮਵਾਰ 3.6 ਲੱਖ ਤੇ 3.3 ਲੱਖ ਲੋਕ ਸ਼ਰਨਾਰਥੀਆਂ ਦੇ ਰੂਪ ਵਿਚ ਉਜਾੜੇ ਦੇ ਮੂੰਹ ਆਏ ਹਨ। ਲੈਬਨਾਨ 'ਚ ਰਹਿੰਦਾ ਹਰ ਚੌਥਾ ਵਿਅਕਤੀ ਤੇ ਜਾਰਡਨ 'ਚ ਰਹਿੰਦਾ ਹਰ ਦਸਵਾਂ ਵਿਅਕਤੀ ਸ਼ਰਨਾਰਥੀ ਹੈ। ਹੁਣ ਸ਼ਰਨਾਰਥੀਆਂ ਬਾਰੇ ਚਰਚਾ ਭਖਣ ਦਾ ਮੂਲ ਕਾਰਨ ਸੀਰੀਆ, ਲੀਬੀਆ, ਇਰਾਕ, ਯਮਨ, ਸੂਡਾਨ, ਅਫਗਾਨਿਸਤਾਨ 'ਚੋਂ ਹਿਜਰਤ ਕਰ ਰਹੇ ਜਾਂ ਫਿਰ ਕੈਂਪਾਂ ਦੀਆਂ ਮੰਦੀਆਂ ਹਾਲਤਾਂ ਸਦਕਾ ਉਥੋ ਹਿਜਰਤ ਕਰ ਰਹੇ ਇਹਨਾਂ ਸ਼ਰਨਾਰਥੀਆਂ ਦਾ ਯੂਰਪ ਵੱਲ ਉਮੜਿਆ ਵੱਡਾ ਵਹਿਣ ਹੈ। ਯੂਰਪ ਨੂੰ ਹਿਜਰਤ ਕਰ ਰਹੇ ਇਨਾਂ ਸ਼ਰਨਾਰਥੀਆਂ ਦਾ ਅੱਧੋਂ ਤੋਂ ਵੱਧ ਹਿੱਸਾ ਸੀਰੀਆ ਤੋਂ ਸ਼ਰਨਾਰਥੀ ਹੋਏ ਇਹਨਾਂ ਲੋਕਾਂ ਦਾ ਹੈ।
ਅਮਰੀਕਨ ਸਾਮਰਾਜ ਵੱਲੋਂ ਮੱਧ-ਪੂਰਬ, ਏਸ਼ੀਆ ਤੇ ਅਫਰੀਕਾ ਦੇ ਕਈ ਮੁਲਕਾਂ ਅੰਦਰ ਛੇੜੀਆਂ ਜਾਂ ਭੜਕਾਈਆਂ ਜਾਂ ਉਸ ਦੀ ਸ਼ਹਿ ਤੇ ਸਮਰਥਨ ਨਾਲ ਚਲ ਰਹੀਆਂ ਜੰਗਾਂ ਦੇ ਸਿੱਟੇ ਵਜੋਂ ਦੁਨੀਆਂ ਭਰ ਅੰਦਰ ਲੱਗਭੱਗ 6 ਕਰੋੜ ਦੇ ਕਰੀਬ ਲੋਕ ਸ਼ਰਨਾਰਥੀਆਂ ਦਾ ਜੀਵਨ ਜਿਉਂ ਰਹੇ ਹਨ। ਦੂਜੀ ਸੰਸਾਰ ਜੰਗ ਤੋਂ ਬਾਅਦ ਦੇ ਅਰਸੇ 'ਚ ਇਹ ਦੁਨੀਆਂ ਅੰਦਰ ਸ਼ਰਨਾਰਥੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਗਹੁ ਕਰਨ ਯੋਗ ਇੱਕ ਹੋਰ ਦਿਲਚਸਪ ਤੱਥ ਹੈ ਕਿ ਅਮਰੀਕਾ '9/11 ਦੇ ਹੋਏ ਅਖੌਤੀ ਦਹਿਸ਼ਤੀ ਹਮਲੇ ਤੋਂ ਬਾਅਦ ਉਸ ਵੱਲੋਂ ਛੇੜੀ ਦਹਿਸ਼ਤਵਾਦ ਵਿਰੋਧੀ ਸੰਸਾਰ ਵਿਆਪੀ ਜੰਗ ਤੋਂ ਬਾਅਦ ਸ਼ਰਨਾਰਥੀ ਹੋਏ ਲੋਕਾਂ ਦੀ ਗਿਣਤੀ 'ਚ ਤਿੰਨ ਗੁਣਾ ਵਾਧਾ ਹੋਇਆ ਹੈ।

ਅਮਰੀਕੀ ਸਾਮਰਾਜ ਸਭ ਤੋਂ ਵੱਡਾ ਦੁਸ਼ਮਣ

ਇਹ ਗੱਲ ਅੱਜ ਕੱਲਬਹਿਸ ਦੀ ਮੁਥਾਜ ਨਹੀਂ ਕਿ ਅਮਰੀਕਨ ਸਾਮਰਾਜ ਸੰਸਾਰ ਅੰਦਰ ਆਪਣੀ ਚੌਧਰ ਬਣਾਈ ਰੱਖਣ ਅਤੇ ਕੱਚੇ ਮਾਲ, ਖਾਸ ਕਰਕੇ ਪੈਟਰੋਲੀਅਮ ਪਦਾਰਥਾਂ ਦੇ ਸਰੋਤਾਂ ਨੂੰ ਹਥਿਆਉਣ ਜਾਂ ਆਪਣੇ ਪ੍ਰਭਾਵ ਹੇਠ ਰੱਖਣ ਦੀ ਨੀਤੀ 'ਤੇ ਚੱਲ ਰਿਹਾ ਹੈ। ਉਸ ਨੇ ਦੁਨੀਆਂ ਭਰ ' 1400 ਤੋਂ ਵੱਧ ਜੰਗੀ ਅੱਡੇ ਤੇ ਅਨੇਕਾਂ ਜੰਗੀ ਬੇੜੇ ਬਣਾ ਰੱਖੇ ਹਨ, ਜੋ ਵੱਖ ਵੱਖ ਮੁਲਕਾਂ 'ਚ ਸਾਜਸ਼ਾਂ ਤੇ ਦਖਲਅੰਦਾਜੀ ਕਰਨ, ਹਮਲਾ ਕਰਨ, ਧੌਂਸ ਜਮਾਉਣ ਅਤੇ ਅਮਰੀਕੀ ਮਨਸੂਬਿਆਂ ਨੂੰ ਤੋੜ ਚਾੜਨ ਲਈ ਚੱਤੋ ਪਹਿਰ ਸਰਗਰਮ ਰਹਿੰਦੇ ਹਨ। ਆਪਣੀ ਫੌਜੀ ਸ਼੍ਰੇਸ਼ਠਤਾ ਕਾਇਮ ਰੱਖਣ ਲਈ ਉਸ ਨੇ ਦਿਓ-ਕੱਦ ਜੰਗੀ ਸਨਅਤ ਉਸਾਰ ਰੱਖੀ ਹੈ। ਕੁੱਲ ਦੁਨੀਆਂ ਦੇ ਫੌਜੀ ਬੱਜਟ ਨਾਲੋਂ ਵੀ ਵੱਡਾ ਉਸਦਾ ਇਕੱਲੇ ਦਾ ਜੰਗੀ ਬੱਜਟ ਹੈ। ਉਸ ਦੀ ਰਜ਼ਾ 'ਚ ਨਾ ਚੱਲਣ ਵਾਲੀਆਂ ਗੁਸਤਾਖ ਹਕੂਮਤਾਂ ਤੇ ਦੇਸ਼ਾਂ 'ਚ ਅਸਥਿਰਤਾ, ਹਿੰਸਾ, ਖਾਨਾਜੰਗੀ ਭੜਕਾਉਣੀ ਤੇ ਹਮਲਾ ਜਾਂ ਦਖਲਅੰਦਾਜੀ ਕਰਨੀ ਉਹ ਆਪਣਾ ਅਧਿਕਾਰ ਸਮਝਦਾ ਹੈ। ਯੂਗੋਸਲਾਵੀਆ, ਅਫਗਾਨਿਸਤਾਨ, ਇਰਾਨ, ਇਰਾਕ, ਲੀਬੀਆ, ਫਲਸਤੀਨ, ਯਮਨ, ਸੂਡਾਨ ਤੇ ਕਾਂਗੋ ਜਿਹੇ ਅਨੇਕ ਅਫਰੀਕੀ ਦੇਸ਼ ਅਮਰੀਕਾ ਵੱਲੋਂ ਕੀਤੇ ਸਿੱਧੇ ਫੌਜੀ ਹਮਲਿਆਂ ਜਾਂ ਦਖਲਅੰਦਾਜੀ ਦਾ ਸ਼ਿਕਾਰ ਹੋ ਚੁੱਕੇ ਹਨ। ਪਾਕਿਸਤਾਨ ਅੰਦਰ ਕਿੰਨੇ ਹੀ ਸਾਲਾਂ ਤੋਂ ਡਰੋਨ ਹਮਲੇ ਜਾਰੀ ਹਨ। ਇਸ ਹਮਲੇ ਜਾਂ ਦਖਲਅੰਦਾਜੀ ਲਈ ਕੋਈ ਵੀ ਬਹਾਨਾ ਘੜਿਆ ਜਾ ਸਕਦਾ ਹੈ। ਦਹਿਸ਼ਤਵਾਦ ਵਿਰੁਧ ਲੜਾਈ, ਜਮਹੂਰੀਅਤ ਲਈ ਲੜਾਈ, ਜਨਤਕ ਤਬਾਹੀ ਦੇ ਹਥਿਆਰਾਂ ਦਾ ਖਾਤਮਾ, ਐਟਮੀ ਜਾਂ ਰਸਾਇਣਿਕ ਹਥਿਆਰਾਂ ਦਾ ਪਸਾਰ ਰੋਕਣਾ, ਘੱਟ ਗਿਣਤੀਆਂ ਦੀ ਰਾਖੀ, ਤਾਨਾਸ਼ਾਹੀ ਵਿਰੁੱਧ ਰੰਗ-ਬਿਰੰਗੇ ਇਨਕਲਾਬ ਆਦਿਕ ਅਨੇਕਾਂ ਢੰਗਾਂ ਨਾਲ ਜੰਗ ਹਿੰਸਾ ਤੇ ਅਸਥਿਰਤਾ ਪੈਦਾ ਕਰਕੇ ਅਮਰੀਕਨ ਹਿਤਾਂ ਦਾ ਹੱਥਾ ਨਾ ਬਣਨ ਵਾਲੇ ਨਿਜ਼ਾਮਾਂ ਨੂੰ ਕਮਜੋਰ ਕਰਨ ਜਾਂ ਉਲਟਾਉਣ ਦੀ ਖੇਡ ਲਗਾਤਾਰ ਜਾਰੀ ਹੈ। ਲਗਾਤਾਰ ਇਕ ਤੋਂ ਬਾਅਦ ਦੂਜੇ ਤੇ ਫਿਰ ਤੀਜੇ ਮੁਲਕ 'ਚ ਜੰਗ ਭੜਕਾ ਕੇ ਅਮਰੀਕਨ ਸਾਮਰਾਜੀਏ ਨਿਰੰਤਰ ਤੇ ਅਮੁੱਕ ਜੰਗ ਦੀ ਯੁੱਧਨੀਤੀ ਤੇ ਚੱਲ ਰਹੇ ਹਨ।
ਅਮਰੀਕੀ ਸਾਮਰਾਜਵਾਦ ਵੱਲੋਂ ਚਲਾਏ ਜਾ ਰਹੇ ਇਹਨਾਂ ਯੁੱਧਾਂ ਨੇ ਇਰਾਕ ਅਫਗਾਨਿਸਤਾਨ, ਲੀਬੀਆ, ਸੀਰੀਆ ਅਤੇ ਹੋਰ ਅਨੇਕਾਂ ਥਾਈਂ ਕਈ ਦਹਿ ਲੱਖ ਲੋਕਾਂ ਦੀ ਜਾਨ ਲਈ ਹੈ। ਅਤੇ ਕਰੋੜਾਂ ਨੂੰ ਬੇਘਰ ਅਤੇ ਤਬਾਹ ਕੀਤਾ ਹੈ। ਯੂਰਪ ਦੇ ਸਾਮਰਾਜੀ ਮੁਲਕ, ਖਾਸ ਕਰਕੇ ਇੰਗਲੈਂਡ, ਫਰਾਂਸ, ਜਰਮਨੀ ਤੇ ਯੂਰਪੀਅਨ ਫੌਜੀ ਗੱਠਜੋੜ ਨਾਟੋ ਅਮਰੀਕਨ ਸਾਮਰਾਜ ਦੀ ਇਸ ਹਮਲਾਵਰ ਨੀਤੀ 'ਚ ਉਸ ਦਾ ਸਮਰਥਨ ਕਰਦੇ ਆ ਰਹੇ ਹਨ। ਉਸ ਦੇ ਮੁਜਰਮਾਨਾਂ ਕੁਕਰਮਾਂ 'ਚ ਭਾਈਵਾਲ ਹਨ।

ਸੀਰੀਆ-ਨਿਜ਼ਾਮ ਬਦਲੀ ਦੀ ਮਾਰ ਹੇਠ

ਜਿੱਥੇ ਇਜ਼ਰਾਈਲ, ਸਾਊਦੀ ਅਰਬ ਤੇ ਮਿਸਰ ਅਮਰੀਕਨ ਸਾਮਰਾਜ ਦੀ ਸਰਦਾਰੀ ਹੇਠ ਮੱਧ-ਪੂਰਬ 'ਚ ਉਸ ਦੇ ਚੌਧਰੀਆਂ ਤੇ ਲੱਠ-ਮਾਰਾਂ ਦੀ ਭੂਮਿਕਾ ਨਿਭਾਉਂਦੇ ਆ ਰਹੇ ਹਨ,  ਉਥੇ ਇਰਾਨ ਤੇ ਸੀਰੀਆ,  ਦੀਆਂ ਸ਼ੀਆ ਹਕੂਮਤਾਂ ਅਮਰੀਕਨ ਸਾਮਰਾਜੀਆਂ ਵੱਲੋਂ ਮੱਧ-ਪੂਰਬ 'ਤੇ ਕਿੰਤੂ ਰਹਿਤ ਸਰਦਾਰੀ ਸਥਾਪਤ ਕਰਨ ਦੇ ਰਾਹ 'ਚ ਰੋੜ ਵਾਂਗ ਰੜਕਦੀਆਂ ਹਨ। ਇਸੇ ਵਜਾ ਕਰਕੇ ਇਹਨਾਂ ਦੋਹਾਂ ਮੁਲਕਾਂ ਦੀਆਂ ਹਕੂਮਤਾਂ ਵਿਰੁੱਧ ਅਮਰੀਕਨ ਸਾਮਰਾਜੀ ਸਾਜਸ਼ਾਂ ਜਾਰੀ ਹਨ। ਬਸ਼ਰ ਅਲ ਅਸਦ ਦੀ ਸੀਰੀਆਈ ਹਕੂਮਤ ਨੂੰ ਚਲਦਾ ਕਰਨ ਲਈ ਉਸ ਦੇ ਸੀਰੀਆ ਅੰਦਰਲੇ ਵਿਰੋਧੀਆਂ ਨੂੰ ਤੁਰਕੀ ਦੀ ਮਦਦ ਨਾਲ ਸ਼ਿੰਗਾਰਿਆ ਗਿਆ ਅਤੇ ਖਾਨਾਜੰਗੀ ਨੂੰ ਉਤਸ਼ਾਹਤ ਕੀਤਾ ਗਿਆ। ਸੀਰੀਆਈ ਹਕੂਮਤ ਨੂੰ ਅਸਥਿਰ ਕਰਨ ਲਈ ਉਸ ਵਿਰੁੱਧ ਸੁੰਨੀ ਦਹਿਸ਼ਤਗਰਦ ਗਰੁੱਪਾਂ ਨੂੰ ਹੱਲਾ-ਸ਼ੇਰੀ ਦਿਤੀ ਗਈ। ਆਰਥਕ ਪਾਬੰਦੀਆਂ ਮੜੀਆਂ ਗਈਆਂ, ਫੌਜੀ ਨਾਕੇਬੰਦੀ ਕੀਤੀ ਗਈ। ਆਈ.ਐਸ.ਆਈ.ਐਸ. ਤੇ ਅਲਕਾਇਦਾ ਵਿਰੁੱਧ ਜੰਗ ਦੇ ਨਾਂ 'ਤੇ ਹਵਾਈ ਹਮਲੇ ਜਾਰੀ ਹਨ ਜੋ ਅਸਲ 'ਚ ਬਸਰ ਅਲ ਅਸਦ ਦੀ ਹਕੂਮਤ ਵਿਰੁੱਧ ਹੀ ਸੇਧਤ ਹਨ।
2011 ਤੋਂ ਸੀਰੀਆ 'ਚ ਭੜਕਾਈ ਇਸ ਖਾਨਾ ਜੰਗੀ 'ਚ ਇੱਕ ਲੱਖ ਤੋਂ ਵੱਧ ਲੋਕ ਮਾਰੇ ਗਏ ਹਨ, ਭਾਰੀ ਤਬਾਹੀ ਹੋਈ ਹੈ ਤੇ ਸੀਰੀਆ ਦੀ ਇੱਕ ਚੌਥਾਈ ਤੋਂ ਵੱਧ ਵਸੋਂ ਆਪਣੇ ਜੱਦੀ ਘਰਾਂ ਤੇ ਸ਼ਹਿਰਾਂ ਤੋਂ ਉਜੜਣ ਤੇ ਆਪਣੀ ਜਾਨ ਦੀ ਸਲਾਮਤੀ ਤੇ ਰੁਜਗਾਰ ਦੀ ਭਾਲ 'ਚ ਸ਼ਰਨਾਰਥੀ ਬਣ ਅਨਿਸਚਿਤ ਭਵਿੱਖ ਦੇ ਮੂੰਹ ਧੱਕੀ ਗਈ ਹੈ।  

ਕਰੇ ਕੋਈ ਭਰੇ ਕੋਈ

ਇਸ ਵਿਚ ਕੋਈ ਸ਼ੱਕ ਨਹੀਂ ਕਿ ਵੱਖ ਵੱਖ ਮੁਲਕਾਂ 'ਚ ਜੰਗ ਅਸਥਿਰਤਾ, ਅਹਿੰਸਾ ਤੇ ਤਬਾਹੀ ਫੈਲਾਉਣ 'ਤੇ ਦੁਨੀਆਂ 'ਚ ਸ਼ਰਨਾਰਥੀਆਂ ਦੀ ਵੱਡੀ ਫੌਜ ਖੜੀ ਕਰਨ 'ਚ ਅਮਰੀਕਾ ਤੇ ਉਸ ਦੇ ਸਹਿਯੋਗੀ ਸਾਮਰਾਜੀ ਦੇਸ਼ ਮੁਜ਼ਰਮ ਹਨ। ਉਹਨਾਂ ਵੱਲੋਂ ਚਲਾਈਆਂ ਤੇ ਫੈਲਾਈਆਂ ਜਾ ਰਹੀਆਂ ਜੰਗਾਂ ਨਾਲ ਹਰ ਸਾਲ ਲੱਖਾਂ ਦੀ ਗਿਣਤੀ 'ਚ ਨਵੇਂ ਸ਼ਰਨਾਰਥੀਆਂ ਦੇ ਪੂਰ ਤਿਆਰ ਹੋ ਰਹੇ ਹਨ। ਸਿਤਮ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਸ਼ਰਨਾਰਥੀਆਂ ਨੂੰ ਪੈਦਾ ਕਰਨ ਦੇ ਮੁੱਖ ਮੁਜ਼ਰਮ ਤੇ ਇਹਨਾਂ ਦੀ ਮੰਦੀ ਹਾਲਤ 'ਤੇ ਮਗਰਮੱਛ ਦੇ ਹੰਝੂ ਵਹਾਉਣ ਵਾਲੇ ਇਹ ਜੰਗਬਾਜ ਇਹਨਾਂ ਬੇਕਸੂਰ ਤੇ ਬੇਵੱਸ ਲੋਕਾਂ ਨੂੰ ਢੋਈ ਦੇਣ, ਸਾਂਭਣ ਤੇ ਵਸਾਉਣ ਦੀ ਜੁੰਮੇਵਾਰੀ ਚੁੱਕਣ ਤੋਂ ਪੂਰੀ ਤਰਾਂ ਮੁਨਕਰ ਹਨ।
ਪਹਿਲਾਂ, ਮੁੱਖ ਮੁਜਰਿਮ ਅਮਰੀਕਾ ਦੀ ਗੱਲ ਹੀ ਕਰੀਏ। ਦੁਨੀਆਂ ਅੰਦਰ ਜਿੱਥੇ ਕਿਤੇ ਵੀ ਲੋਕ ਸ਼ਰਨਾਰਥੀ ਬਣਨ ਲਈ ਮਜਬੂਰ ਹੋਏ ਹਨ, ਉਥੇ ਇਸ ਵਿਚ ਅਮਰੀਕਨ ਸਾਮਰਾਜੀਆਂ ਦਾ ਸਿੱਧਾ ਜਾਂ ਅਸਿਧਾ ਹੱਥ ਜਰੂਰ ਦੇਖਿਆ ਜਾ ਸਕਦਾ ਹੈ। ਪਿਛਲੇ ਦੋ ਤਿੰਨ ਦਹਾਕਿਆਂ 'ਚ ਇੱਕ ਕਰੋੜ ਤੋਂ ਵੀ ਵੱਧ ਲੋਕਾਂ ਨੇ ਰਫਿਊਜੀਆਂ ਦੇ ਰੂਪ ਵਿਚ ਹਿਜਰਤ ਕੀਤੀ ਹੈ। ਲੈਬਨਾਨ, ਜੌਰਡਨ, ਮਿਸਰ, ਤੁਰਕੀ, ਜਿਹੇ, ਮੁਕਾਬਲਤਨ ਕਮਜੋਰ ਅਰਥਚਾਰਿਆਂ ਵਾਲੇ ਮੁਲਕਾਂ 'ਚੋਂ ਹਰੇਕ ਨੇ ਲੱਖਾਂ ਤੋਂ ਲੈ ਕੇ ਦਹਿ ਲੱਖਾਂ ਤੱਕ ਰਫਿਊਜੀ ਸਾਂਭੇ ਹਨ। ਸਾਮਰਾਜੀ ਅਮਰੀਕਾ ਨੇ ਇਹਨਾਂ ਸ਼ਰਨਾਰਥੀਆਂ ਲਈ ਆਪਣੇ ਦਰ ਲੱਗਭੱਗ ਪੂਰੀ ਤਰਾਂ ਭੇੜ ਰੱਖੇ ਹਨ। ਸੀਰੀਆਈ ਜੰਗ ਨਾਲ ਸ਼ਰਨਾਰਥੀ ਬਣੇ 50 ਲੱਖ ਤੋਂ ਉਪਰ ਲੋਕਾਂ 'ਚੋਂ ਅਮਰੀਕਾ ਨੇ ਹੁਣ ਤੱਕ 1434 ਸੀਰੀਆਈ ਸ਼ਰਨਾਰਥੀਆਂ ਨੂੰ ਸ਼ਰਨ ਦਿੱਤੀ ਹੈ। ਯੁਰਪੀ ਮੁਲਕਾਂ, ਖਾਸ ਕਰਕੇ ਇਗਲੈਂਡ, ਫਰਾਂਸ ਆਦਿਕ ਦਾ ਹਾਲ ਵੀ ਇਸ ਮਾਮਲੇ 'ਚ ਚੰਗਾ ਨਹੀਂ । ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਊਦੀ ਅਰਬ ਤੇ ਉਸ ਦੇ ਗੁੱਟ ਨਾਲ ਸਬੰਧਤ ਬਹਿਰੀਨ, ਕਤਰ, ਯੂ.ਏ.ਈ., ਓਮਾਨ ਆਦਿਕ ਨੇ ਵੀ ਮੱਧ-ਪੂਰਬ ਦੇ ਮੁਲਕਾਂ 'ਚੋ ਸ਼ਰਨਾਰਥੀ ਹੋਏ ਇੱਕ ਵੀ ਆਦਮੀ ਨੂੰ ਸ਼ਰਨ ਨਹੀਂ ਦਿੱਤੀ। ਹਾਲਾਂ ਕਿ ਵੱਡੇ ਯੂਰਪੀਅਨ ਤੇ ਉਤਰੀ-ਅਮਰੀਕੀ ਤੇ ਆਸਟਰੇਲੀਆਈ ਅਰਥਚਾਰਿਆਂ ' ਮਨੁੱਖਾ ਸ਼ਕਤੀ ਦੀ ਘਾਟ ਹੋਣ ਕਰਕੇ ਇਹਨਾਂ ਮੁਲਕਾਂ 'ਚ ਲੱਖਾਂ ਸ਼ਰਨਾਰਥੀ ਸੌਖਿਆਂ ਹੀ ਜਜਬ ਕੀਤੇ ਜਾ ਸਕਦੇ ਹਨ ਤੇ ਇਹ ਕਾਮਾ ਸ਼ਕਤੀ ਇਹਨਾਂ ਮੁਲਕਾਂ ਦੇ ਵਿਕਾਸ ਨੂੰ ਹੁਲਾਰਾ ਦੇ ਸਕਦੀ ਹੈ। ਉਦਾਹਰਣ ਲਈ, ਮਾਹਰਾਂ ਦਾ ਅਨੁਮਾਨ ਹੈ ਕਿ ਜੇ ਜਰਮਨੀ, ਲੈਬਨਾਨ 'ਚ ਰਹਿ ਰਹੇ 12 ਲੱਖ ਸ਼ਰਨਾਰਥੀਆਂ 'ਚੋਂ ਚੌਥਾ ਹਿੱਸਾ ਵੀ ਅਪਣਾ ਲਵੇ ਤਾਂ ਇਸ ਨੂੰ ਬਹੁਤ ਹੀ ਆਸਾਨੀ ਨਾਲ ਜਜਬ ਕੀਤਾ ਜਾ ਸਕਦਾ ਹੈ। ਐਡੀ ਵੱਡੀ ਗਿਣਤੀ ਜਜਬ ਕਰਨ ਨਾਲ ਵੀ ਜਰਮਨੀ 'ਚ ਸ਼ਰਨਾਰਥੀਆਂ ਦੀ ਅਨੁਪਾਤ ਹਜ਼ਾਰ ਜਰਮਨਾਂ ਪਿੱਛੇ ਪੰਜ ਹੀ ਬਣੇਗੀ।

ਸ਼ਰਨਾਰਥੀ ਵਹਿਣ ਯੂਰਪ ਵੱਲ

ਪਿਛਲੇ ਕੁੱਝ ਸਾਲਾਂ ਤੋਂ, ਖਾਸ ਕਰਕੇ ਲੀਬੀਆ 'ਚ ਸਾਮਰਾਜੀ ਹਮਲੇ ਤੋਂ ਬਾਅਦ, ਸ਼ਰਨਾਰਥੀਆਂ ਨੇ ਯੂਰਪ ਵੱਲ ਮੂੰਹ ਕਰਨਾ ਸ਼ੁਰੂ ਕਰ ਦਿਤਾ ਸੀ। ਲੀਬੀਆਈ ਸ਼ਰਨਾਰਥੀ ਭੂ-ਮੱਧ ਸਾਗਰ ਦਾ ਬੇਹੱਦ ਜੋਖਮ ਭਰਿਆ ਰਸਤਾ ਅਖਤਿਆਰ ਕਰਕੇ ਇਟਲੀ ਪਹੁੰਚਣ ਲੱਗੇ ਸਨ। ਸ਼ਰਨਾਰਥੀ ਰੁਝਾਨ ਯੂਰਪ ਵੱਲ ਹੋਣ ਦੀ ਅਹਿਮ ਵਜਾ ਇਹ ਸੀ ਕਿ ਸ਼ਰਨਾਰਥੀਆਂ ਨੂੰ ਸ਼ਰਨ ਦੇ ਰਹੇ ਮੱਧ-ਪੂਰਬ ਦੇ ਮੁਲਕ ਪਹਿਲਾਂ ਹੀ ਸ਼ਰਨਾਰਥੀਆਂ ਨਾਲ ਤੂੜੇ ਪਏ ਸਨ। ਇਹਨਾਂ ਗਰੀਬ ਮੁਲਕਾਂ 'ਚ ਯੂ.ਐਨ.ਓ. ਦੀ ਮਦਦ ਨਾਲ ਕੈਂਪਾਂ 'ਚ ਜਿੰਦਗੀ ਬਸਰ ਕਰ ਰਹੇ ਸ਼ਰਨਾਰਥੀਆਂ ਦੀ ਹਾਲਤ ਬਹੁਤ ਹੀ ਮੰਦਹਾਲੀ ਭਰੀ ਤੇ ਤਰਸਯੋਗ ਹੈ। ਸਿਹਤ ਤੇ ਸਫਾਈ ਸਹੂਲਤਾਂ, ਬੱਚਿਆਂ ਦੀ ਪੜਾਈ, ਗੁਜਾਰੇ ਲਈ ਰੁਜਗਾਰ, ਆਦਿਕ ਦੀ ਭਾਰੀ ਘਾਟ ਹੈ। ਸਥਾਨਕ ਵਸੋਂ ਨਾਲ ਵੀ ਤਣਾਅ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਹਨਾਂ ਕੈਂਪਾਂ ਦੀ ਸਾਂਭ ਸੰਭਾਲ ਲਈ ਜਿੰਨੇ ਫੰਡਾਂ ਦੀ ਜਰੂਰਤ ਪੈਂਦੀ ਹੈ, ਕਈ ਵਾਰ ਯੂ.ਐਨ. ਓ. ਉਸ ਦਾ ਮਸਾਂ ਅੱਧ ਹੀ ਜੁਟਾ ਪਾÀੁਂਦੀ ਹੈ। ਸ਼ਰਨਾਰਥੀਆਂ ਦੇ ਮੂਲ ਮੁਲਕਾਂ ' ਜਾਰੀ ਰਹਿ ਰਹੀ ਹਿੰਸਾ, ਅਸਥਿਰਤਾ ਤੇ ਆਰਥਕ ਤਬਾਹੀ ਸਦਕਾ ਇਹਨਾਂ 'ਚ ਪਰਤਣ ਦੀਆਂ ਸੰਭਾਵਨਾਵਾਂ ਨਾਂਹ ਵਰਗੀਆਂ ਜਾਪਦੀਆਂ ਹਨ। ਭਵਿੱਖ ਧੁੰਦਲਾ ਤੇ ਅਨਿਸਚਿਤ ਵਿਖਾਈ ਦਿੰਦਾ ਹੈ। ਅਜਿਹੀਆਂ ਹਾਲਤਾਂ 'ਚ ਹੁਣ ਸੀਰੀਆ, ਇਰਾਨ, ਅਫਗਾਨਿਸਤਾਨ ਤੇ ਹੋਰ ਕਈ ਮੁਲਕਾਂ ਦੇ ਲੋਕਾਂ ਨੇ ਮੌਤ, ਜਬਰ, ਬਦਲੇਖੋਰੀ, ਨਸਲੀ ਤੇ ਫਿਰਕੂ ਹਿੰਸਾ ਆਦਿਕ ਤੋਂ ਬਚਣ ਲਈ ਸੁਰੱਖਿਅਤ ਤੇ ਬਿਹਤਰ ਭਵਿੱਖ ਦੀ ਤਲਾਸ਼ 'ਚ ਆਪਣਾ ਮੁਹਾਣ ਯੂਰਪ ਵੱਲ ਕਰ ਲਿਆ ਹੈ। ਸੀਰੀਆ 'ਚੋਂ ਉਖੜੇ ਰਫਿਊਜੀਆਂ ਦਾ ਵੱਡਾ ਹਿੱਸਾ ਯੂਰਪ ਨੂੰ ਜਾ ਰਿਹਾ ਹੈ। ਜਰਮਨੀ ਦੀ ਚਾਂਸਲਰ ਵੱਲੋਂ ਸ਼ਰਨਾਰਥੀਆਂ ਨੂੰ ਖੁੱਲਦਿਲੀ ਨਾਲ ਸ਼ਰਨ ਦੇਣ ਦੇ ਬਿਆਨ ਤੋਂ ਬਾਅਦ ਇਸ ਵਹਿਣ ਨੂੰ ਹੋਰ ਹੁਲਾਰਾ ਮਿਲਿਆ ਹੈ। ਪ੍ਰਵਾਸ ਨਾਲ ਸਬੰਧਤ ਕੌਮਾਂਤਰੀ ਜਥੇਬੰਦੀ ਦੇ ਅਨੁਮਾਨਾਂ ਮੁਤਾਬਿਕ ਸਤੰਬਰ ਮਹੀਨੇ ਤੱਕ ਸਾਲ 2015 ਦੌਰਾਨ ਯੂਰਪ 'ਚ ਪਹੁੰਚਣ ਲਈ ਯਤਨਸ਼ੀਲ ਰਫਿਊਜੀ ਪੌਣੇ ਪੰਜ ਲੱਖ ਦਾ ਅੰਕੜਾ ਛੂਹ ਚੁੱਕੇ ਹਨ। ਭੂ-ਮੱਧ ਸਾਗਰ ਪਾਰ ਕਰਨ ਦੌਰਾਨ ਕੋਈ ਪੌਣੇ ਤਿੰਨ ਹਜਾਰ ਦੇ ਕਰੀਬ ਪ੍ਰਵਾਸੀ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ। ਸ਼ਰਨਾਰਥੀਆਂ ਦੇ ਮਸਲੇ ਨਾਲ ਨਜਿੱਠਣ ਲਈ ਕੋਈ ਸਾਂਝੀ ਰਣਨੀਤੀ ਤਲਾਸ਼ਣ ਲਈ ਯੂਰਪੀ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਭਾਵੇਂ ਬੇਸਿੱਟਾ ਰਹੀ ਫਿਰ ਵੀ ਸੰਕੇਤ ਜਰੂਰ ਮਿਲਦੇ ਹਨ। ਧੁੱਸ ਇਸ ਦਿਸ਼ਾ ਵੱਲ ਸੇਧਤ ਦਿਖਾਈ ਦਿੰਦੀ ਹੈ ਕਿ ਇਕ ਸੀਮਤ ਗਿਣਤੀ ਸ਼ਰਨਾਰਥੀਆਂ ਨੂੰ ਹੀ ਯੂਰਪ ਦੀਆਂ ਹੱਦਾਂ ਅੰਦਰ ਸ਼ਰਨ ਦਿੱਤੀ ਜਾਵੇ। ਬਾਕੀਆਂ ਨੂੰ ਯੂਰਪ ਦੀਆਂ  ਹੱਦਾਂ ਤੋਂ ਬਾਹਰ ਮੁਲਕਾਂ ' ਰੱਖਿਆ ਜਾਵੇ ਜਾਂ ਫਿਰ ਉਹਨਾਂ ਦੇ ਮੂਲ ਮੁਲਕਾਂ 'ਚ ਹੀ ਅਜਿਹੇ ਸੁਰੱਖਿਅਤ ਜੋਨ ਬਣਾਏ ਜਾਣ ਤੇ ਸ਼ਰਨਾਰਥੀਆਂ ਦੀ ਸੰਭਾਲ ਦਾ ਖਰਚਾ ਓਟਣ ਲਈ ਯੂਰਪ ਵੱਲੋਂ ਸਾਂਝੇ ਤੌਰ 'ਤੇ ਫੰਡ ਜੁਟਾਏ ਜਾਣ। ਵੱਡੀ ਗਿਣਤੀ ਸ਼ਰਨਾਰਥੀਆਂ ਨੂੰ ਆਰਥਕ ਸ਼ਰਨਾਰਥੀ ਗਰਦਾਨਕੇ ਵਾਪਸ ਉਹਨਾਂ ਦੇ ਮੁਲਕਾਂ ਨੂੰ ਧੱਕ ਦੇਣ ਬਾਰੇ ਵੀ ਜੋਰਦਾਰ ਰਾਇਆਂ ਆ ਰਹੀਆਂ ਹਨ। ਮੁਕਦੀ ਗੱਲ, ਦਿਖਾਈ ਇਹੀ ਦਿੰਦਾ ਹੈ ਕਿ ਮੂੰਹ ਦਿਖਾਵੇ ਲਈ ਥੋੜਾ ਬਹੁਤਾ ਕੁੱਝ ਕਰਨ ਨੂੰ ਛੱਡ ਕੇ ਮੁੱਖ ਤੌਰ 'ਤੇ ਸ਼ਰਨਾਰਥੀਆਂ ਨੂੰ ਜੇਲ•-ਨੁਮਾ ਗੰਦੇ ਕੈਂਪਾਂ 'ਚ ਰੁਲਣ ਲਈ ਧੱਕਿਆ ਜਾ ਰਿਹਾ ਹੈ।

ਕੰਧਾਂ ਉਸਰਨ ਲੱਗੀਆਂ

ਜਿਵੇਂ ਜਿਵੇਂ ਯੂਰਪ ਪਹੁੰਚਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ, ਇਨਾਂ ਨਾਲ ਨਜਿੱਠਣ ਦੇ ਮਾਮਲੇ 'ਚ ਯੂਰਪੀਨ ਮੁਲਕਾਂ 'ਚ ਤ੍ਰੇੜਾਂ ਉਭਰਨੀਆਂ ਅਤੇ ਡੂੰਘੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਜੋ ਕਿ ਯੂਰਪ ' ਸ਼ਰਨਾਰਥੀਆਂ ਦਾ ਚੱਕਵਾਂ ਵਿਰੋਧੀ ਹੈ, ਵੱਲੋਂ ਸ਼ਰਨਾਰਥੀਆਂ ਦੇ ਵੱਡੇ ਹਿੱਸੇ ਦੇ ਮੁਸਲਮਾਨ ਹੋਣ ਕਰਕੇ ਉਹਨਾਂ ਤੋਂ ਯੂਰਪ ਦੇ ਇਸਾਈ ਸਭਿਆਚਾਰ ਨੂੰ ਖਤਰਾ ਹੋਣ ਦੀ ਦੁਹਾਈ ਦਿੱਤੀ ਜਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਸ਼ਰਨਾਰਥੀ ਯੂਰਪ ਦੇ ਦਰਵਾਜਿਆਂ 'ਤੇ ਦਸਤਕ ਨਹੀਂ ਦੇ ਰਹੇ, ਉਹਨਾਂ ਨੂੰ ਭੰਨ ਰਹੇ ਰਹੇ ਹਨ, ਜਿਸ ਤੋਂ ਹੰਗਰੀ ਨੂੰ ਤੇ ਸਾਰੇ ਯੂਰਪ ਨੂੰ ਖਤਰਾ ਹੈ। ਉਸਨੇ ਸ਼ਰਨਾਰਥੀਆਂ ਦਾ ਹੰਗਰੀ 'ਚ ਦਾਖਲਾ ਰੋਕਣ ਲਈ ਸਰਬੀਆ ਨਾਲ ਲਗਦੀ 125 ਕਿਲੋਮੀਟਰ ਸਰਹੱਦ ਉੱਪਰ ਕੰਡੇਦਾਰ ਤਾਰ ਲਗਾ ਦਿੱਤੀ ਹੈ ਤੇ ਕਰੋਸ਼ੀਆ ਦੀ ਸਰਹੱਦ 'ਤੇ ਵੀ ਅਜਿਹੀ ਵਾੜ ਲਾਉਣ ਦਾ ਕੰਮ ਜਾਰੀ ਹੈ। 15 ਸਤੰਬਰ ਤੋਂ ਸ਼ਰਨਾਰਥੀਆਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਉਪਰ ਹੰਝੂ ਗੈਸ ਦੀ ਵਰਤੋਂ ਕੀਤੀ ਗਈ ਹੈ। ਜਬਰਨ ਦਾਖਲ ਹੋਣ ਵਾਲਿਆਂ ਵਿਰੁੱਧ ਫੌਜ ਨੂੰ ਰਬੜ ਦੀਆਂ ਗੋਲੀਆਂ, ਅੱਥਰੂ ਗੈਸ ਆਦਿਕ ਵਰਤਣ ਦੇ ਅਧਿਕਾਰ ਦੇ ਦਿੱਤੇ ਗਏ ਹਨ। ਸ਼ਰਨ ਲਈ ਦਿੱਤੀਆਂ ਅਰਜੀਆਂ ਇੱਕ ਵਾਢਿਓਂ ਰੱਦ ਕਰ ਦਿਤੀਆਂ ਹਨ। ਹੰਗਰੀ ਸਮੇਤ ਚੈੱਕ ਗਣਰਾਜ, ਸਲੋਵਾਕੀਆ, ਰੁਮਾਨੀਆ ਤੇ ਪੋਲੈਂਡ ਵਰਗੇ ਦੇਸ ਯੂਰਪੀਨ ਯੂਨੀਅਨ ਵੱੱਲੋਂ ਸ਼ਰਨਾਰਥੀ ਕੋਟੇ ਲਾਉਣ ਦਾ ਵਿਰੋਧ ਕਰ ਰਹੇ ਹਨ। ਯੂਰਪ ਦੇ ਅੰਦਰਲੀਆਂ ਮੁਕਤ ਸਰਹੱਦਾਂ 'ਤੇ ਫਿਰ ਨਾਕੇਬੰਦੀਆਂ ਖੜੀਆਂ ਕੀਤੀਆਂ ਜਾ ਰਹੀਆਂ ਹਨ। ਇੱਕ ਮੁਲਕ ਤੋਂ ਦੂਜੇ ਮੁਲਕ ' ਸ਼ਰਨਾਰਥੀਆਂ ਦੀ ਆਵਾਜਾਈ ਰੋਕਣ ਲਈ ਹੰਗਰੀ, ਆਸਟਰੀਆ, ਜਰਮਨੀ ਆਦਿਕ ਕਈ ਮੁਲਕਾਂ ਨੇ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਜਿੱਥੇ ਕੇਂਦਰੀ ਤੇ ਪੂਰਬੀ ਯੂਰਪ ਦੇ ਹੰਗਰੀ, ਚੈੱਕ, ਤੇ ਸਲੋਵਾਕੀਆ ਜਿਹੇ ਰਾਜ ਬੜਬੋਲੇ ਹੋ ਕੇ ਯੂਰਪ ਵਿਚ ਸ਼ਰਨਾਰਥੀਆਂ ਦਾ ਵਿਰੋਧ ਕਰ ਰਹੇ ਹਨ ਉਥੇ ਯੂਰਪ ਦੇ ਪ੍ਰਮੁੱਖ ਜਰਮਨੀ ਤੇ ਫਰਾਂਸ ਜਿਹੇ ਮੁਲਕ ਦਿਖਾਵੇ ਲਈ ਪੈਂਤੜਾ ਤੇ ਸੁਰ ਤਾਂ ਨਰਮਾਈ ਵਾਲੀ ਰੱਖਣ ਪਰ ਕੰਮ ਘੱਟ ਤੇ ਗੱਲਾਂ ਜਿਆਦਾ ਵਾਲੀ ਨੀਤੀ 'ਤੇ ਚੱਲ ਰਹੇ ਹਨ। ਗ੍ਰੇਟ ਬ੍ਰਿਟਿਨ ਨੂੰ ਭਾਵੇਂ ਆਪਣੇ ਪਹਿਲੇ ਕੱਟੜ ਰਫਿਊਜੀ-ਵਿਰੋਧੀ ਰੁਖ 'ਚ ਨਰਮੀ ਲਿਆਉਣੀ ਪਈ ਹੈ ਪਰ ਯੂਰਪੀ ਯੂਨੀਅਨ ਨਾਲ ਰਲ ਕੇ ਚੱਲਣ ਦੀ ਥਾਂ ਆਪਣੀ ਵੱੱਖਰੀ ਡਫਲੀ ਵਜਾ ਰਿਹਾ ਹੈ।

ਸ਼ਰਨਾਰਥੀਆਂ ਨੂੰ ਨਹੀ ਜੰਗ ਬਾਜਾਂ ਨੂੰ ਦੁਰਕਾਰੋ

ਜਿੰਨਾਂ ਚਿਰ ਅੱਡ ਅੱਡ ਬਹਾਨਿਆਂ ਹੇਠ ਸਾਮਰਾਜੀ ਮੁਲਕਾਂ ਵੱਲੋਂ ਦੁਨੀਆਂ ਦੇ ਅੱਡ ਅੱਡ ਹਿੱਸਿਆਂ ਅੰਦਰ ਜੰਗਾਂ ਭੜਕਾਈਆਂ, ਚਲਾਈਆਂ ਅਤੇ ਫੈਲਾਈਆਂ ਜਾਂਦੀਆਂ ਰਹਿਣਗੀਆਂ ਓਨਾ ਚਿਰ ਸ਼ਰਨਾਰਥੀਆਂ ਦੇ ਨਵੇਂ ਤੋਂ ਨਵੇਂ ਪੂਰ ਤਿਆਰ ਹੁੰਦੇ ਰਹਿਣਗੇ। ਇਸ ਸੱਚਾਈ ਨੂੰ ਸੁਹਿਰਦਤਾ ਨਾਲ ਗ੍ਰਹਿਣ ਕੀਤੇ ਬਿਨਾਂ ਸ਼ਰਨਾਰਥੀਆਂ ਦੇ ਮਸਲੇ ਦਾ ਕੋਈ ਸਥਾਈ ਹੱਲ ਨਹੀਂ ਤਲਾਸ਼ਿਆ ਜਾ ਸਕਦਾ। ਸ਼ਰਨਾਰਥੀ ਹੋਏ ਲੋਕਾਂ ਨਾਲ ਹਮਦਰਦੀ ਜਾਹਰ ਕਰਨੀ ਤੇ ਉਹਨਾਂ ਦੀ ਸੰਭਵ ਸਹਾਇਤਾ ਕਰਨੀ ਜਰੂਰੀ ਹੈ, ਪਰ ਇਹ ਕਾਫੀ ਨਹੀਂ। ਇਸ ਤੋਂ ਵੱਧ ਗੱਲ ਆਪਣੇ ਗੁੱਸੇ ਅਤੇ ਰੋਹ ਤੇ ਨਫਰਤ ਦੀ ਧਾਰ ਉਹਨਾਂ ਮੁਜ਼ਰਮਾਂ ਉਤੇ ਕੇਂਦਰਤ ਕਰਨਾ ਹੈ ਜੋ ਜੁੱਗਾਂ ਜੁੱਗਾਂ ਤੋਂ ਆਪਣੀਆਂ ਧਰਤੀਆਂ 'ਤੇ ਵਸਦੇ ਆ ਰਹੇ ਬੇਕਸੂਰ ਲੋਕਾਂ ਨੂੰ ਉੱਜੜਨ ਲਈ ਮਜਬੂਰ ਕਰਦੇ ਹਨ। ਮੁੱਠੀ ਭਰ ਲੋਕਾਂ ਜਾਂ ਧਨਾਢ ਘਰਾਣਿਆਂ ਦੀ ਲਾਲਸਾ ਲਈ ਜੰਗਾਂ ਲਾਉਂਦੇ ਅਤੇ ਮੌਤਾਂ ਤੇ ਤਬਾਹੀਆਂ ਵਰਤਾਉਂਦੇ ਹਨ। ਇਸ ਪੱਖੋਂ ਦੇਖਿਆਂ ਯੂਰਪੀਅਨ ਲੋਕਾਂ ਨੂੰ ਵੀ ਇਹਨਾਂ ਮਜਬੂਰ ਰਿਫਿਊਜੀਆਂ ਨੂੰ ਆਪਣੀ ਨਾ-ਪਸੰਦਗੀ ਦਾ ਪਾਤਰ ਬਣਾਉਣ ਦੀ ਥਾਂ ਇਹ ਨਫਰਤ ਤੇ ਰੋਹ ਯੂਰਪ ਦੀਆਂ ਸਾਮਰਾਜੀ ਸ਼ਕਤੀਆਂ ਤੇ ਉਹਨਾਂ ਦੇ ਹਮਲਾਵਰ ਜੰਗਬਾਜ ਗੁੱਟ ਨਾਟੋ ਵਿਰੁੱਧ ਸੇਧਤ ਕਰਨਾ ਚਾਹੀਦਾ ਹੈ ਅਤੇ ਇਹਨਾਂ ਦੇ ਜੰਗਬਾਜ ਤੇ ਹੋਰਨਾਂ ਦੇਸਾਂ 'ਚ ਦਖਲਅੰਦਾਜੀ ਤੇ ਹਮਲੇ ਦੇ ਮਨਸੂਬਿਆਂ ਵਿਰੁੱਧ ਵਿਸ਼ਾਲ ਵਿਰੋਧ ਲਹਿਰ ਖੜੀ ਕਰਨ ਦੇ ਰਾਹ ਪੈਣਾ ਚਾਹੀਦਾ ਹੈ। ਸਾਮਰਾਜਵਾਦ ਦਾ ਖਾਤਮਾ ਹੀ ਜੰਗ ਅਤੇ ਸ਼ਰਨਾਰਥੀ ਸਮੱਸਿਆ ਦਾ ਪੱਕਾ ਖਾਤਮਾ ਕਰ ਸਕਦਾ ਹੈ।

No comments:

Post a Comment