Wednesday, October 14, 2015

(11) ਵਜ਼ੀਰਾਂ ਨੂੰ ਘੇਰਨਗੇ ‘ਮਹਿਲਾ ਬ੍ਰਿਗੇਡ’



ਹੁਣ ਕਪਾਹ ਪੱਟੀ ਵਿੱਚ ਵਜ਼ੀਰਾਂ ਨੂੰ ਘੇਰਨਗੇ ਮਹਿਲਾ ਬ੍ਰਿਗੇਡ

ਹਰਸਿਮਰਤ ਨੂੰ ਘੇਰਨ ਲਈ ਮਹਿਲਾ ਬ੍ਰਿਗੇਡ ਤਿਆਰ; ਵਟਾਈਆਂ ਚੁੰਨੀਆਂ ਦਾ ਹਿਸਾਬ ਲਵਾਂਗੇ: ਮਹਿਲਾ ਆਗੂ

- ਨਵੇਂ ਸੰਘਰਸ਼ ਵਿੱਚ ਔਰਤਾਂ ਹੋਣਗੀਆਂ ਮੂਹਰੇ
ਚਰਨਜੀਤ ਭੁੱਲਰ
ਬਠਿੰਡਾ, 13 ਅਕਤੂਬਰ

ਪੰਜਾਬ ਸਰਕਾਰ ਨੂੰ ਹੁਣ ਕਪਾਹ ਪੱਟੀ ਵਿਚ ਮਹਿਲਾ ਬ੍ਰਿਗੇਡਘੇਰਨਗੇ। ਖਾਸ ਨਿਸ਼ਾਨਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬਣਾਇਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮਹਿਲਾ ਵਿੰਗ ਤਰਫੋਂ ਪਿੰਡ ਪਿੰਡ ਇਸ ਤਰ੍ਹਾਂ ਦੇ ਮਹਿਲਾ ਬ੍ਰਿਗੇਡ ਬਣਾਏ ਗਏ ਹਨ ਜੋ ਆਉਂਦੇ ਦਿਨਾਂ ਵਿਚ ਹਾਕਮ ਧਿਰ ਦਾ ਵਿਰੋਧ ਕਰਨਗੇ। ਬਠਿੰਡਾ, ਮਾਨਸਾ, ਬਰਨਾਲਾ ਤੇ ਸੰਗਰੂਰ ਜ਼ਿਲ੍ਹੇ ਵਿਚ ਇਹ ਮਹਿਲਾ ਬ੍ਰਿਗੇਡ ਚੰਗੀ ਤਾਕਤ ਰੱਖਦਾ ਹੈ ਜਿਸ ਨੂੰ ਕਿਸਾਨ ਧਿਰਾਂ ਨੇ ਹੁਣ ਅਗਲੇ ਸੰਘਰਸ਼ ਵਿਚ ਅੱਗੇ ਲਾਉਣਾ ਹੈ। ਪਿੰਡ ਪਿੰਡ ਔਰਤਾਂ ਦੇ ਦਸ ਦਸ ਮੈਂਬਰੀ ਗਰੁੱਪ ਬਣਾਏ ਗਏ ਹਨ। ਮਹਿੰਗਾ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਅਤੇ ਪਰਮਜੀਤ ਕੌਰ ਪਿੱਥੋ ਵਲੋਂ ਔਰਤਾਂ ਦੀ ਲਾਮਬੰਦੀ ਕੀਤੀ ਗਈ ਹੈ।
ਕਿਸਾਨ ਤੇ ਮਜ਼ਦੂਰ ਧਿਰਾਂ ਨੇ 23 ਅਕਤੂਬਰ ਨੂੰ ਮੁੱਖ ਸੰਸਦੀ ਸਕੱਤਰਾਂ ਅਤੇ ਵਜ਼ੀਰਾਂ ਦੇ ਘਰਾਂ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਰੱਖਿਆ ਹੈ। ਪਿੰਡਾਂ ਵਿਚ ਹਾਕਮ ਧਿਰ ਦੇ ਆਗੂਆਂ ਨੂੰ ਘੇਰਿਆ ਜਾਣਾ ਹੈ। ਜ਼ਿਲ੍ਹਾ ਬਠਿੰਡਾ ਦੀ ਮਹਿਲਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਦਾ ਕਹਿਣਾ ਸੀ ਕਿ ਕੰਮ ਦੀ ਰੁੱਤ ਹੋਣ ਕਰਕੇ ਕਿਸਾਨ ਖੇਤਾਂ ਵਿਚ ਹਨ ਜਿਸ ਕਰਕੇ ਔਰਤਾਂ ਹਾਕਮ ਧਿਰ ਦੇ ਲੀਡਰਾਂ ਨੂੰ ਪਿੰਡਾਂ ਵਿਚ ਦਾਖਲ ਨਹੀਂ ਹੋਣ ਦੇਣਗੀਆਂ। ਹਰਸਿਮਰਤ ਕੌਰ ਬਾਦਲ ਨੇ ਚੋਣਾਂ ਵੇਲੇ ਪੇਂਡੂ ਔਰਤਾਂ ਨਾਲ ਚੁੰਨੀਆਂ ਵਟਾਈਆਂ ਸਨ। ਉਨ੍ਹਾਂ ਆਖਿਆ ਕਿ ਹੁਣ ਬ੍ਰਿਗੇਡ ਇਨ੍ਹਾਂ ਚੁੰਨੀਆਂ ਦਾ ਹਿਸਾਬ ਲਵੇਗੀ। ਔਰਤ ਬ੍ਰਿਗੇਡ ਸੰਗਤ ਦਰਸ਼ਨ ਪ੍ਰੋਗਰਾਮਾਂ ਵਿਚ ਦਾਖਲ ਹੋ ਕੇ ਸੁਆਲ ਕਰਨਗੇ।
ਪ੍ਰਾਪਤ   ਜਾਣਕਾਰੀ ਅਨੁਸਾਰ ਮਹਿਲਾ ਵਿੰਗ ਨੇ ਹਰ ਜ਼ਿਲ੍ਹੇ ਵਿਚ ਮਾਹਿਰ ਔਰਤਾਂ ਨੂੰ ਤਿਆਰ ਕੀਤਾ ਹੈ ਜਿਨ੍ਹਾਂ ਨੂੰ ਭਾਸ਼ਨ ਕਲਾ ਦੀ ਮੁਹਾਰਤ ਹਾਸਲ ਹੈ। ਕਈ ਔਰਤਾਂ ਕੋਲ ਕੋਈ ਵਿੱਦਿਅਕ ਡਿਗਰੀ ਨਹੀਂ ਹੈ ਪ੍ਰੰਤੂ ਉਨ੍ਹਾਂ ਨੇ ਰੇਲ ਰੋਕੋ ਅੰਦੋਲਨ ਦੌਰਾਨ ਆਪਣੇ ਜਜ਼ਬੇ ਤੇ ਯੋਗਤਾ ਦਾ ਜਦੋਂ ਮੁਜ਼ਾਹਰਾ ਕੀਤਾ ਤਾਂ ਸਭ ਦੰਗ ਰਹਿ ਗਏ। ਰਾਮਪੁਰਾ ਦੇ ਰੇਲ ਮਾਰਗ ਤੇ ਭਾਸ਼ਨ ਕਰ ਰਹੀ ਇੱਕ ਪੇਂਡੂ ਔਰਤ ਨੇ ਆਪਣੀ ਗੱਲ ਅਮਰੀਕਾ ਤੋਂ ਸ਼ੁਰੂ ਕੀਤੀ ਅਤੇ ਪਿੰਡ ਪਿੱਥੋ ਤੇ ਆ ਕੇ ਭਾਸ਼ਨ ਨਿਬੇੜਿਆ। ਇਨ੍ਹਾਂ ਔਰਤਾਂ ਦੇ ਭਾਸ਼ਨ ਹੋਰਨਾਂ ਪੇਂਡੂ ਔਰਤਾਂ ਨੂੰ ਖਿੱਚ ਰਹੇ ਹਨ। ਮਹਿਲਾ ਆਗੂ ਪਰਮਜੀਤ ਕੌਰ ਪਿੱਥੋ ਨੇ ਦੱਸਿਆ ਕਿ ਹੁਣ ਉਹ ਅਗਲੇ ਸੰਘਰਸ਼ ਵਾਸਤੇ ਔਰਤਾਂ ਨੂੰ ਤਿਆਰ ਕਰਨ ਲਈ ਪਿੰਡ ਪਿੰਡ ਜਾਗੋ ਕੱਢੀ ਜਾਵੇਗੀ ਅਤੇ ਮਸ਼ਾਲ ਮਾਰਚ ਕੀਤੇ ਜਾਣੇ ਹਨ।
ਸੂਤਰ ਦੱਸਦੇ ਹਨ ਕਿ ਔਰਤ ਬ੍ਰਿਗੇਡਾਂ ਤਰਫੋਂ ਹਾਕਮ ਧਿਰ ਦੀਆਂ ਮਹਿਲਾ ਆਗੂਆਂ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ ਜਿਸ ਕਰਕੇ ਪੁਲੀਸ ਨੂੰ ਵੀ ਹੁਣ ਮਹਿਲਾ ਪੁਲੀਸ ਨੂੰ ਮੁਸਤੈਦ ਕਰਨਾ ਪਵੇਗਾ। ਪੰਜਾਬ ਪੁਲੀਸ ਵਲੋਂ ਹੁਣ ਬਠਿੰਡਾ ਵਿਚ ਤਾਇਨਾਤ ਕੀਤੇ ਨਵੇਂ ਪੁਲੀਸ ਅਫਸਰਾਂ ਲਈ ਇਹ ਚੁਣੌਤੀ ਭਰਿਆ ਕੰਮ ਹੋਵੇਗਾ।

No comments:

Post a Comment