Sunday, October 4, 2015

5) ਦਲਜੀਤ ਸਿੰਘ ਅਧਿਆਪਕ ਸਵੈਮਾਨ ਸੰਘਰਸ਼



ਜਮਹੂਰੀ ਚੇਤਨਾ ਦਾ ਕਦਮ ਵਧਾਰਾ

ਸਟਾਫ਼ ਟਿੱਪਣੀਕਾਰ

ਸਾਡੇ ਮੁਲਕ ਦੇ ਹਾਕਮਾਂ ਦਾ ਅੱਤ ਨਿੱਘਰਿਆ ਹੋਇਆ ਸਿਆਸੀ ਸਭਿਆਚਾਰ ਤਾਂ ਵਿਦਿਅਕ ਅਦਾਰਿਆਂ ਨੂੰ, ਵਿਦਿਅਕ ਅਦਾਰਿਆਂ ਦੀ ਜਿੰਦ ਜਾਨ ਬਣਦੇ ਅਧਿਆਪਕ ਅਤੇ ਵਿਦਿਆਰਥੀ ਵਰਗ ਨੂੰ ਆਵਦੇ ਨਿੱਘਰੇ ਨੀਮ-ਗੁਲਾਮ ਸਿਆਸੀ ਸੱਭਿਆਚਾਰ ਦੀ ਗੂੜ੍ਹੀ ਪਾਹ ਚਾੜ੍ਹਨ ਦਾ ਸਾਧਨ ਮਾਤਰ ਸਮਝਦਾ ਹੈ। ਇਨ੍ਹਾਂ ਵਿਦਿਅਕ ਸੰਸਥਾਵਾਂ ਨੂੰ ਮੁਨਾਫ਼ਾ ਕਮਾਉਣ ਵਾਲੀਆਂ ਦੁਕਾਨਾਂ ਮਾਤਰ ਸਮਝਦਾ ਹੈ। ਪੰਜਾਬ ਦੇ ਰਾਜ-ਭਾਗ 'ਤੇ ਕਾਬਜ ਸਿਆਸੀ ਸ਼ਾਸਕ ਵਰਗ ਅਧਿਆਪਕ ਵਰਗ ਅਤੇ ਵਿਦਿਆਰਥੀ ਵਰਗ ਨੂੰ ਜਗੀਰੂ-ਦਬਸ਼ ਅਤੇ ਨੀਮ-ਗੁਲਾਮੀ ਦੀ ਗਰਕਣ ਵਿੱਚ ਪਲਰਦੇ ਇੱਜੜਾਂ ਦੇ ਰੂਪ 'ਚ ਦੇਖਣਾ ਚਾਹੁੰਦਾ ਹੈ। ਇਸ ਮਕਸਦ ਖਾਤਰ ਤਾਇਨਾਤ ਕੀਤੀ ਉੱਚ ਅਫ਼ਸਰਸ਼ਾਹੀ ਸਿਆਸਤਦਾਨਾਂ ਦੇ ਹੱਥਾਂ ਦਾ ਹਥਿਆਰ ਬਣਦੀ ਹੈ। ਉਹ ਗੈਰ ਵਿਦਿਅਕ ਕੰਮਾਂ ਲਈ ਹੁਕਮਾਂ ਦੀ ਝੜੀ ਲਾਈ ਰੱਖਦੀ ਹੈ। ਵਿਦਿਅਕ ਵਿਭਾਗ ਵਿੱਚ ਭ੍ਰਿਸ਼ਟਾਚਾਰ ਦਾ ਸੰਚਾਰ ਕਰਨ ਦਾ ਸਾਧਨ ਬਣਦੀ ਹੈ। ਸੂਬਾਈ ਦਫਤਰ ਤੋਂ ਇਸ ਦਾ ਸੰਚਾਰ ਸ਼ੁਰੂ ਕਰਦੀ ਹੈ। ਜ਼ਿਲ, ਬਲਾਕ ਅਤੇ ਸਕੂਲ ਪੱਧਰ ਤੱਕ ਇਸ ਗਰਕਣ ਨੂੰ ਪੁੱਜਦਾ ਕਰਦੀ ਹੈ। ਇਥੋਂ ਹੁੰਦੀ ਮੋਟੀ ਕਮਾਈ ਦਾ ਵੱਡਾ ਭੰਡਾਰ ਉੱਚ ਸਿਆਸੀ ਗਲਿਆਰਿਆਂ ਵਿੱਚ ਇਕੱਤਰ ਹੁੰਦਾ ਹੈ। ਉਥੇ ਵੰਡਿਆ ਜਾਂਦਾ ਹੈ। ਦੂਜੇ ਪਾਸੇ ਇਸ ਸਿਆਸਤ ਦੇ ਸੂਬਾਈ ਰਹਿਬਰਾਂ ਤੋਂ ਲੈ ਕੇ ਸਥਾਨਕ ਜਥੇਦਾਰਾਂ ਤੇ ਧਨਾਢ ਚੌਧਰੀਆਂ ਤੱਕ ਦਾ ਸਾਰਾ ਢਾਂਚਾ ਵਿਦਿਅਕ ਸੰਸਥਾਵਾਂ ਵਿੱਚ ਸਿੱਧੀ ਦਖ਼ਲ ਅੰਦਾਜ਼ੀ ਤੇ ਹੱਬ-ਦੱਬ ਕਰਨ ਨੂੰ ਆਵਦਾ ਜਨਮ-ਸਿੱਧ ਅਧਿਕਾਰ ਸਮਝਦਾ ਹੈ। ਅਧਿਆਪਕ ਵਰਗ ਤੋਂ ਨੀਮ-ਗੁਲਾਮਾਂ ਵਾਲੀ ਸਾਹਬ-ਸਲਾਮੀ ਵਸੂਲ ਕਰਨੀ ਚਾਹੁੰਦਾ ਹੈ। ਇਸਦੇ ਆਸਰੇ ਇਹ ਵਿੱਦਿਅਕ ਮੰਦਰਾਂ ਨੂੰ ਆਵਦੀ ਪੜਤ-ਕਮਾਈ, ਧਨ-ਕਮਾਈ ਤੇ ਵੋਟ-ਉਗਰਾਹੀ ਦਾ ਸਾਧਨ ਬਣਾਉਣਾ ਚਾਹੁੰਦਾ ਹੈ। ਇਉਂ ਅਧਿਆਪਕ ਵਰਗ ਨੂੰ ਨਿੱਸਲ ਕਰਕੇ, ਵਿਦਿਅਕ ਖੇਤਰ ਵਿੱਚ ਨਵੀਆਂ ਆਰਥਕ ਨੀਤੀਆਂ ਮੜ੍ਹਨ ਲਈ ਰਾਹ ਪੱਧਰਾ ਰੱਖਣਾ ਚਾਹੁੰਦਾ ਹੈ। ਅਧਿਆਪਕ ਵਰਗ ਦੀ ਸੰਵੇਦਨਸ਼ੀਲ ਤੇ ਜਾਗਦੀ ਜ਼ਮੀਰ, ਲੁੱਟ-ਮਾਰ ਮਚਾਉਣ ਵਾਲੀ ਇਸ ਗੈਰ-ਜਮਹੂਰੀ ਅਤੇ ਹੈਂਕੜ ਭਰੀ ਸਿਆਸੀ ਦਖਲ-ਅੰਦਾਜ਼ੀ ਨੂੰ ਕਦਾਚਿੱਤ ਪਰਵਾਨ ਨਹੀਂ ਕਰਦੀ। ਇਸ ਖਿਲਾਫ਼ ਤਿਲਮਿਲਾਉਂਦੀ ਹੈ। ਬੁੜ-ਬੁੜ ਵਿਰੋਧ ਹਰ ਸਮੇਂ ਜਾਰੀ ਰੱਖਦੀ ਹੈ। ਜਾਗਰਤ ਹੋ ਕੇ ਜਥੇਬੰਦ ਜਨਤਕ ਵਿਰੋਧ ਦਾ ਰੂਪ ਧਾਰਦੀ ਹੈ। ਕਦੇ ਜਨਤਕ ਵਿਸਫੋਟ ਦਾ ਰੂਪ ਧਾਰਦੀ ਹੈ। ਹਲਕਾ ਫੂਲ ਦੇ ਭਗਤਾ ਸਕੂਲ ਵਿੱਚ ਸ਼ੁਰੂ ਹੋਇਆ ਟਕਰਾਅ ਇਸੇ ਵਿਰੋਧਤਾਈ ਦਾ ਤਿੱਖਾ ਇਜ਼ਹਾਰ ਹੈ। ਇਹ ਜਨਤਕ ਵਿਸਫੋਟ ਦਾ ਰੂਪ ਧਾਰਨ ਕਰ ਰਿਹਾ ਹੈ।
ਭਗਤੇ ਵਿੱਚ ਹਾਕਮ ਵਰਗ ਦੇ ਨੁਮਾਇੰਦਿਆਂ ਨੇ ਅਧਿਆਪਕ ਵਰਗ ਦੇ ਸਵੈਮਾਣ ਦੀ ਨੁਮਾਇੰਦਾ ਬੁਲੰਦ ਹਸਤੀ ਪ੍ਰਿੰਸੀਪਲ ਦਲਜੀਤ ਸਿੰਘ 'ਤੇ ਵਾਰ ਕੀਤਾ ਹੈ। ਇਸ ਬੁਲੰਦੀ ਨੂੰ ਹੀਣਤਾ ਬਣਾ ਦੇਣ ਲਈ 'ਸਬਕ' ਸਿਖਾਇਆ ਹੈ। ਪਰ ਇਹ 'ਸਬਕ' ਇਸ ਚੰਗਿਆੜੇ ਨੂੰ ਭਸਮ ਨਹੀਂ ਕਰ ਸਕਿਆ। ਇਸ ਨੂੰ ਭਾਂਬੜ ਬਣਾ ਗਿਆ ਹੈ। ਮਾਨਸਿਕ ਗਿਠਮੁਠੀਏ ਤੇ ਮਸੰਦ ਸਿਆਸਤਦਾਨਾਂ ਦਾ ਇਹ ਬੌਣਾ ਵਾਰ ਥੰਮਲਿਆ ਗਿਆ ਹੈ। ਹੁਣ ਇਹ ਵਾਰ ਪਿਛਲਖੁਰੀ ਮਾਰ ਕਰ ਰਿਹਾ ਹੈ। ਹਮਲਾਵਰ ਸਿਆਸਤ ਦਾ ਸਿਆਸੀ ਮੂੰਹ-ਮੁਹਾਂਦਰਾ ਧੁਆਂਖਿਆ ਗਿਆ ਹੈ। ਅਧਿਆਪਕ ਵਰਗ ਦਾ ਸਵੈਮਾਣ ਦਗ਼-ਦਗ਼ ਕਰਨ ਲੱਗ ਪਿਆ ਹੈ। ਵਿਦਿਆਰਥੀ, ਸਾਬਕਾ ਵਿਦਿਆਰਥੀ, ਮਾਪਾ ਵਰਗ ਤੇ ਇਲਾਕਾ ਨਿਵਾਸੀ ਇਸ ਹਮਲੇ ਖਿਲਾਫ਼ ਢਾਲ ਬਣੇ ਖੜ੍ਹੇ ਹਨ। ਸੁਲਤਾਨੀ ਗਵਾਹ ਬਣਕੇ ਭੁਗਤੇ ਹਨ। ਇਲਾਕੇ ਦੀ ਖੇਤ-ਮਜ਼ਦੂਰ ਅਤੇ ਕਿਸਾਨ ਲਹਿਰ ਹਿੱਕ ਥਾਪੜਕੇ ਹਮਾਇਤ ' ਨਿੱਤਰੀ ਹੋਈ ਹੈ। ਇਸਨੇ ਅਧਿਆਪਕ ਵਰਗ ਲਈ ਇਸ ਬੇ-ਮੇਚੀ ਲੜਾਈ ਨੂੰ ਪਲਟਾ ਦੇ ਦਿੱਤਾ ਹੈ। ਪੰਜਾਬ ਪੱਧਰੀ ਸਾਂਝੀ ਅਧਿਆਪਕ ਲਹਿਰ ਨੇ ਇਸ ਮੁੱਦੇ ਨੂੰ ਪੰਜਾਬ ਭਰ ਦੇ ਅਧਿਆਪਕ ਵਰਗ ਦੇ ਭਖਦੇ ਸਰੋਕਾਰ ਦਾ ਮੁੱਦਾ ਸਮਝਿਆ ਹੈ। ਇਸਨੂੰ ਸੰਘਰਸ਼ਸ਼ੀਲ ਹੁੰਗਾਰਾ ਦਿੱਤਾ ਹੈ।
ਇਸ ਹੋਛੇ ਤੇ ਕੋਝੇ ਹਮਲੇ ਪਿੱਛੇ ਪੰਚੈਤ ਮੰਤਰੀ ਦਾ ਸਿੱਧਾ ਹੱਥ ਸਾਬਤ ਕੀਤਾ ਜਾ ਚੁੱਕਾ ਹੈ। ਇਸ ਖਿਲਾਫ਼ ਰੋਹ ਨੂੰ ਵਿਆਪਕ ਬਣਾਉਣਾ ਤੇ ਤਿੱਖਾ ਕਰਨਾ ਜਾਰੀ ਰੱਖਿਆ ਹੋਇਆ ਹੈ। ਮੰਤਰੀ ਦੀ ਸਿਆਸਤ ਨੂੰ ਹਲਕੇ ਦੇ ਅੰਦਰ ਤੇ ਬਾਹਰ ਧਰਕੇ ਮਾਂਜਾ ਲੱਗ ਚੁੱਕਾ ਹੈ। ਪੰਜਾਬ ਸਰਕਾਰ ਅਤੇ ਅਕਾਲੀ ਦਲ ਦੀ ਸੂਬਾਈ ਸਾਖ ਤੱਕ ਪਹੁੰਚ ਰਿਹਾ ਸੇਕ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਹੈ। ਮੁੱਖ-ਮੰਤਰੀ ਤੇ ਉਪ ਮੁੱਖ ਮੰਤਰੀ ਦੇ ਦਖ਼ਲ ਨਾਲ ਹੋਈ ਗੱਲਬਾਤ ਰਾਹੀਂ ਨਿਬੇੜਾ ਕਰਨ ਦੀਆਂ ਦੋ ਗੰਭੀਰ ਕੋਸ਼ਿਸ਼ਾਂ, ਇਸ ਸਿਆਸੀ ਸੇਕ ਦੇ ਉੱਪਰ ਤੱਕ ਪਹੁੰਚਣ ਦਾ ਪ੍ਰਮਾਣ ਬਣਦੀਆਂ ਹਨ। ਘੋਲ ਦੀ ਤਾਕਤ ਦਾ ਸਿੱਟਾ ਬਣਦੀਆਂ ਹਨ। ਪ੍ਰਿੰਸੀਪਲ ਦੀ ਦੋ ਮਹੀਨਿਆਂ 'ਚ ਭਗਤੇ ਦੀ ਬਦਲੀ ਤੇ ਕੁੱਟਮਾਰ ਦੇ ਦੋਸ਼ੀਆਂ ਦੀ ਤੁਰਤ ਗ੍ਰਿਫਤਾਰੀ ਆਦਿ ਦੀਆਂ ਮੰਗਾਂ ਪ੍ਰਵਾਨ ਕਰਨਾ ਤੇ ਮੁੱਕਰਨਾ, ਘੋਲ ਦੀ ਕੁੜਿੱਕੀ 'ਚੋਂ ਨਿੱਕਲਣ ਲਈ ਹਾਕਮਾਂ ਦੇ ਤੜਫਣ ਤੇ ਫੜਕਣ ਦਾ ਸਬੂਤ ਬਣਦੀਆਂ ਹਨ। ਬੇਬਸੀ ਦੇ ਆਲਮ 'ਚ ਫਸੇ ਹਾਕਮਾਂ ਨੂੰ ਬਦਲੀ ਤੇ ਬੇ-ਪਤੀ ਦਾ ਨਿੱਸਲ ਕੀਤਾ ਦਲਜੀਤ ਸਿੰਘ ਨਹੀਂ ਟੱਕਰਿਆ। ਉਸਦਾ ਬੁਰਾ ਹਸ਼ਰ ਹੋਇਆ ਦੇਖਕੇ ਗੋਡੀਂ ਹੱਥ ਲਾਉਣ ਲਈ ਉੱਲਰਦਾ ਅਧਿਆਪਕ ਵਰਗ ਨਹੀਂ ਟੱਕਰਿਆ। ਹਾਕਮਾਂ ਦੇ ਇਹ ਸੁਪਨੇ ਕਾਫ਼ੂਰ ਹੋ ਚੁੱਕੇ ਹਨ। ''ਕਿੱਥੋਂ ਖੱਖਰ ਨੂੰ ਹੱਥ ਲਾ ਬੈਠੇ,'' ਇਹ ਝੋਰਾ ਪੱਲੇ ਪਾ ਗਏ ਹਨ। ਇਸ ਘੋਲ ਦੀਆਂ ਇਹ ਬਹੁਤ ਵੱਡੀਆਂ ਤੇ ਦੂਰ-ਰਸ ਸਿਆਸੀ ਪ੍ਰਾਪਤੀਆਂ ਹਨ। ਅਧਿਆਪਕ ਵਰਗ ਦੇ ਮਾਣ-ਸਨਮਾਨ ਤੇ ਸੰਘਰਸ਼ ਕਰਨ ਦੀ ਸਮਰੱਥਾ ਨੂੰ ਤਕੜਾ ਹੁਲਾਰਾ ਦੇਣ ਵਾਲੀਆਂ ਪ੍ਰਾਪਤੀਆਂ ਹਨ।

ਵਰਗਾਂ ਦੀ ਏਕਤਾ ਤੇ ਵਰਗ ਸੰਘਰਸ਼ ਦਾ ਹੋਕਾ

ਕਿਸੇ ਵੀ ਕੀਮਤ 'ਤੇ ਹਲਕਾ ਫੂਲ ਤੋਂ ਬਾਹਰ ਬਦਲੀ ਕਰਨ ਦੀ ਹਾਕਮ ਨੀਤੀ ਸਾਹਮਣੇ ਆਈ ਹੈ। ਪ੍ਰਿੰਸੀਪਲ ਦਲਜੀਤ ਸਿੰਘ ਨੇ ਇਸਨੂੰ ਕਿਸੇ ਵੀ ਕੀਮਤ 'ਤੇ ਪ੍ਰਵਾਨ ਨਾ ਕਰਨ ਦਾ ਜਨਤਕ ਐਲਾਨ ਕਰ ਦਿੱਤਾ ਹੈ। ਲੜਨ-ਖੜ੍ਹਨ ਦੇ ਇਰਾਦੇ ਦੇ ਇਸ ਵੱਡੇ ਪ੍ਰਗਟਾਵੇ ਦਾ ਸੰਘਰਸ਼ਸ਼ੀਲ ਜਨਤਾ ਨੇ ਪੁਰਜੋਸ਼ ਸੁਆਗਤ ਕੀਤਾ ਹੈ। ਇਸੇ ਸਮੇਂ ਘੋਲ ਦੇ ਅਗਲੇਰੇ ਤੇ ਲੰਮੇਰੇ ਦੌਰ ਦੀਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਗਈਆਂ ਹਨ। ਅਧਿਆਪਕ ਵਰਗ ਦੀਆਂ ਨਮਾਇੰਦਾ ਟੁਕੜੀਆਂ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੀਆਂ ਤਬਕਾਤੀ ਮੰਗਾਂ ਦੀ ਹਮਾਇਤ 'ਚ ਨਿੱਤਰੀਆਂ ਹਨ। ਮਾਲਵੇ ਦੇ 7-8 ਜ਼ਿਲਿਆਂ ਵਿੱਚ ਉਹਨਾਂ ਦੇ ਪੰਜ ਦਿਨਾਂ ਤੇ ਤਿੰਨ ਦਿਨਾਂ ਧਰਨਿਆਂ 'ਚ ਸ਼ਾਮਲ ਹੋਈਆਂ ਹਨ। ਇਨ੍ਹਾਂ ਸੰਘਰਸ਼ਸ਼ੀਲ ਤਬਕਿਆਂ ਦੀ ਲਾਮਬੰਦੀ ਦੀਆਂ ਮੁਹਿੰਮਾਂ ਅਤੇ ਜਥੇਬੰਦੀਆਂ ਦੇ ਪਸਾਰੇ ਦੀਆਂ ਕੋਸ਼ਿਸ਼ਾਂ ਵਿੱਚ ਹੱਥ ਵਟਾਉਣ ਦੇ ਸੰਕੇਤ ਦੇ ਰਹੀਆਂ ਹਨ। ਅਧਿਆਪਕ ਸਾਂਝੇ ਮੋਰਚੇ ਦੀਆਂ ਮੰਗਾਂ ਵਾਲੇ ਬਠਿੰਡਾ ਵਿਚਲੇ 5 ਸਤੰਬਰ ਦੇ ਧਰਨੇ ਵਿੱਚ ਕਿਸਾਨਾਂ ਖੇਤ-ਮਜ਼ਦੂਰਾਂ ਦੀ ਸੰਕੇਤਕ ਸ਼ਮੂਲੀਅਤ ਹੋਈ ਹੈ। ਪ੍ਰਿੰਸੀਪਲ ਦਲਜੀਤ ਦੀ ਬਦਲੀ ਦਾ ਮੁੱਦਾ ਇਸ ਰੁਝਾਨ ਨੂੰ ਸ਼ੁਰੂ ਕਰਨ, ਅੱਗੇ ਵਧਾਉਣ ਤੇ ਜਾਰੀ ਰੱਖਣ ਦਾ ਫੌਰੀ ਤੇ ਮੋਹਰੀ ਕਾਰਨ ਬਣਿਆ ਆ ਰਿਹਾ ਹੈ। ਇਹਨਾਂ ਪੰਜਾਬ ਪੱਧਰੀਆਂ ਸਰਗਰਮੀਆਂ ਵਿੱਚ ਇਸ ਮੰਗ ਦਾ ਢੁੱਕਵਾਂ ਸਥਾਨ ਬਣਿਆ ਆ ਰਿਹਾ ਹੈ। ਇਉਂ ਇਹ ਮੁੱਦਾ ਵਰਗਾਂ ਦੇ ਏਕੇ ਦੀ ਲੋੜ ਅਤੇ ਵਰਗ ਸੰਘਰਸ਼ ਨੂੰ ਤੇਜ਼ ਕਰਨ ਦਾ ਹੋਕਾ ਉੱਚਾ ਕਰਨ ਦਾ ਸਾਧਨ ਬਣ ਰਿਹਾ ਹੈ। ਇਸ ਤਰ੍ਹਾਂ ਇਸ ਮੁੱਦੇ ਨੂੰ ਹੋਰ ਵੱਡੀ ਝੁੱਟੀ ਮਾਰਨ ਰਾਹੀਂ ਹੱਲ ਕਰਨ ਦਾ ਪੈੜਾ ਵੀ ਬੱਝ ਰਿਹਾ ਹੈ। ਅਧਿਆਪਕ ਵਰਗ ਅੰਦਰ ਵਧ ਰਹੀ ਏਕਤਾ ਤੇ ਜਾਗਰਤੀ, ਸੰਘਰਸ਼ ਕਰਨ ਦਾ ਦ੍ਰਿੜ ਹੋ ਰਿਹਾ ਇਰਾਦਾ ਅਤੇ ਸੰਘਰਸ਼ਸ਼ੀਲ ਵਰਗਾਂ ਦੀ ਵਧ ਰਹੀ ਸਾਂਝ, ਹੋਰ ਵੱਡੀਆਂ ਪੁਲਾਂਘਾਂ ਪੁੱਟਣ ਲਈ ਪੈੜਾ ਬੰਨ੍ਹ ਰਹੀ ਹੈ।

No comments:

Post a Comment