Sunday, October 4, 2015

1) ਕਿਸਾਨ ਸਾਂਝੀ ਸਰਗਰਮੀ ਅਤੇ ਇਨਕਲਾਬੀ ਸਾਂਝਾ ਮੋਰਚਾ ਨੀਤੀ

ਪੰਜਾਬ ਅੰਦਰ ਕਿਸਾਨ ਜਨਤਾ ਤਾਕਤਵਰ ਸਮਾਜਕ ਸ਼ਕਤੀ ਬਣਕੇ ਉੱਭਰੀ ਹੋਈ ਹੈ।ਇਹ ਸਮੁੱਚੇ ਜਮਾਤੀ ਘੋਲ ਅੰਦਰ ਪ੍ਰਭਾਵਸ਼ਾਲੀ ਰੋਲ ਅਦਾ ਕਰ ਰਹੀ ਹੈ।ਹੋਰਨਾਂ ਜਮਾਤਾਂ ਲਈ ਪ੍ਰੇਰਨਾ ਅਤੇ ਉਤਸ਼ਾਹ ਦਾ ਸਰੋਤ ਬਣ ਰਹੀ ਹੈ।ਉਹਨਾਂ ਦੇ ਘੋਲ਼ਾਂ 'ਚ ਯਕੀਨੀ ਹਮਾਇਤੀ ਢੋਈ ਅਤੇ ਸਹਾਰਾ ਬਣ ਰਹੀ ਹੈ।
ਪਿਛਲੇ ਦੋ ਦਹਾਕਿਆਂ 'ਚ ਕਿਸਾਨਾਂ ਦੀ ਜਮਾਤੀ ਜੱਦੋਜਹਿਦ ਨਿੱਖਰਦੀ ਗਈ ਹੈ।ਕਿਸਾਨ ਲਹਿਰ ਦੇ ਅੰਦਰ ਵੀ ਜਮਾਤੀ ਕਤਾਰਬੰਦੀ ਹੋਈ ਹੈ।ਨਵੀਆਂ ਆਰਥਕ ਨੀਤੀਆਂ ਦੇ ਹਮਾਇਤੀਆਂ ਨਾਲ਼ੋਂ ਨਖੇੜਾ ਹੋਇਆ ਹੈ।ਕੀਮਤ ਸੂਚਕ ਅੰਕ ਦੀ ਮੰਗ ਨੂੰ ਧੁਰਾ ਬਨਾਉਣ ਵਾਲ਼ਿਆਂ ਨਾਲ਼ੋਂ ਨਿਖੇੜਾ ਹੋਇਆ ਹੈ। ਸੂਦਖੋਰ ਕਰਜ਼ੇ ਬਾਰੇ ਜੀਭ ਘੁੱਟਣ ਵਾਲਿਆਂ ਨਾਲੋਂ ਨਿਖੇੜਾ ਹੋਇਆ ਹੈ। ਜਥੇਬੰਦ ਸੰਘਰਸ਼ ਅੰਦਰ ਕਿਸਾਨੀ ਦੀਆਂ ਹੇਠਲੀਆਂ ਪਰਤਾਂ ਦੀ ਹਸਤੀ ਅਤੇ ਪੁੱਗਤ ਉੱਭਰੀ ਅਤੇ ਸਥਾਪਤ ਹੋਈ ਹੈ।
ਇਸ ਤੋਂ ਅੱਗੇ ਕਿਸਾਨ ਲਹਿਰ ਨੇ ਆਪਣੇ ਤਜਰਬੇ ਅਤੇ ਇਨਕਲਾਬੀ ਪ੍ਰਚਾਰ ਦੇ ਅਸਰ ਹੇਠ ਨਿਸ਼ਚਤ ਸਿਆਸੀ ਸੋਝੀ ਗ੍ਰਹਿਣ ਕੀਤੀ ਹੈ।ਇਸਨੇ ਹਾਕਮ ਜਮਾਤੀ ਸਿਆਸੀ ਪਾਰਟੀਆਂ ਨਾਲੋਂ ਲੋੜੀਂਦੀ ਵਿੱਥ ਸਿਰਜੀ ਹੈ।ਸਾਂਝੀਆਂ ਸਰਗਰਮੀਆਂ ਦੇ ਮੰਚਾਂ 'ਤੇ ਆਮ ਕਰਕੇ ਵਿੱਥ ਰੱਖਣ ਦਾ ਇਹ ਪੈਂਤੜਾ ਪੁੱਗਦਾ ਆਇਆ ਹੈ।ਪੰਜਾਬ ਦੀ ਜਥੇਬੰਦ ਕਿਸਾਨੀ ਦੇ ਵਿਸ਼ਾਲ ਸਾਂਝੇ ਮੰਚ 'ਤੇ ਕੌਡੀ ਪਾਉਣ ਦੀ ਰੀਝ ਹਾਕਮ ਜਮਾਤੀ ਸਿਆਸੀ ਪਾਰਟੀਆਂ ਲਈ ਮ੍ਰਿਗ ਤ੍ਰਿਸ਼ਨਾ ਬਣੀ ਆ ਰਹੀ ਹੈ।ਇਹਨਾਂ ਦੀ ਕੌਡ-ਕਬੱਡੀ ਜਗੀਰਦਾਰ ਜਮਾਤ ਦੇ ਹਿਤਾਂ ਨਾਲ ਜੁੜੇ ਅਖੌਤੀ ਕਿਸਾਨ ਪਲੇਟਫਾਰਮਾਂ ਤੱਕ ਸੁੰਗੜੀ ਰਹੀ ਹੈ। ਇਹ ਜਥੇਬੰਦ ਕਿਸਾਨੀ ਦੇ ਵੱਡੇ ਹਿੱਸੇ ਵੱਲੋਂ ਗ੍ਰਹਿਣ ਕੀਤੇ ਇਨਕਲਾਬੀ ਜਮਾਤੀ ਸਿਆਸੀ ਸੋਝੀ ਦੇ ਅੰਸ਼ਾਂ ਕਰਕੇ ਹੈ।ਇਹਨਾਂ ਅੰਸ਼ਾਂ ਦੀ ਰਾਖੀ ਅਤੇ ਵਧਾਰਾ ਇਨਕਲਾਬੀ ਸਿਆਸੀ ਤਾਕਤਾਂ ਦਾ ਅਹਿਮ ਸਰੋਕਾਰ ਬਣਦਾ ਹੈ।
ਜਥੇਬੰਦ ਜਨਤਕ ਕਿਸਾਨ ਲਹਿਰ ਅੰਦਰ ਇਨਕਲਾਬੀ ਸਿਆਸੀ ਤਾਕਤਾਂ ਦਾ ਪੈਂਤੜਾ ਇਨਕਲਾਬੀ ਸਾਂਝੇ ਮੋਰਚੇ ਦੀ ਸਿਆਸੀ ਲੀਹ ਦੇ ਅਧੀਨ ਹੋਣਾ ਚਾਹੀਦਾ ਹੈ ।ਇਹਨਾਂ ਤਾਕਤਾਂ ਦੀ ਅਗਵਾਈ ਹੇਠ ਜਾਂ ਇਹਨਾਂ ਦੀ ਹਮਾਇਤ ਨਾਲ਼ ਹੋਣ ਵਾਲੀ ਜਨਤਕ ਕਿਸਾਨ ਘੋਲ਼ ਸਰਗਰਮੀ ਅਜਿਹੀ ਹੋਣੀ ਚਾਹੀਦੀ ਹੈ ਜਿਹੜੀ ਮਜਲੂਮ ਅਤੇ ਇਨਕਲਾਬੀ ਜਮਾਤਾਂ ਦੇ ਜਮਾਤੀ-ਸਿਆਸੀ ਹਿਤਾਂ ਨੂੰ ਬਲ ਬਖ਼ਸ਼ੇ।ਇਨਕਲਾਬੀ ਜਮਾਤਾਂ ਦੇ ਹਿਤਾਂ ਦੀ ਆਪਸੀ ਸਾਂਝ ਨੂੰ ਉਘਾੜੇ ਅਤੇ ਸਥਾਪਤ ਕਰੇ।ਇਸਦੇ ਨਾਲ਼ ਹੀ ਦੁਸ਼ਮਣ ਜਮਾਤਾਂ ਅਤੇ ਉਹਨਾਂ ਦੇ ਸਿਆਸੀ ਨੁਮਾਇੰਦਿਆਂ ਨਾਲ਼ੋਂ ਨਿਖੇੜੇ ਨੂੰ ਉਘਾੜੇ ਅਤੇ ਸਥਾਪਤ ਕਰੇ।
ਮੌਜੂਦਾ ਹਾਲਤਾਂ ਦਾ ਅਹਿਮ ਅਤੇ ਵਿਸ਼ੇਸ਼ ਲੱਛਣ ਇਹ ਹੈ ਕਿ ਹਾਕਮ ਜਮਾਤੀ ਰਾਜ ਦੀ ਲੋਕ ਦੁਸ਼ਮਣ ਧੁੱਸ ਹੁਣ ਪਹਿਲਾਂ ਨਾਲੋਂ ਬੇਦਰੇਗ ਤੇ ਉੱਘੜਵੀਂ  ਹੈ।ਨਵੀਆਂ ਆਰਥਕ ਨੀਤੀਆਂ ਦੇ ਰੋਲਰ ਨੂੰ ਹਾਕਮ ਜਮਾਤੀ ਪਾਰਟੀਆਂ ਦੀ ਆਮ ਸਿਆਸੀ ਪਰਵਾਨਗੀ ਹੈ।ਆਪਸੀ ਸ਼ਰੀਕਾ ਭੇੜ ਅਤੇ ਇਸ ਭੇੜ 'ਚ ਲੋਕਾਂ ਦੇ ਗੁੱਸੇ ਨੂੰ ਵਰਤਣ ਦੀ ਮਜਬੂਰੀ ਦੇ ਬਾਵਜੂਦ ਇਹ ਪਾਰਟੀਆਂ ਇਸ ਹੱਲੇ ਦੇ ਕੰਨੀ ਦੇ ਅੰਸ਼ਕ ਇਜ਼ਹਾਰਾਂ ਤੋਂ ਅੱਗੇ ਨਹੀਂ ਜਾ ਸਕਦੀਆਂ। ਦੂਜੇ ਪਾਸੇ ਜਮਾਤੀ ਘੋਲ਼ਾਂ ਦਾ ਮੌਜੂਦਾ ਪ੍ਰਸੰਗ ਕੰਨੀ ਦੇ ਇਜ਼ਹਾਰਾਂ ਤੱਕ ਸਿਮਟਿਆ ਹੋਇਆ ਨਹੀਂ ਹੈ।ਇਹ ਆਰਥਕ ਸੁਧਾਰਾਂ ਦੇ ਨੀਤੀ-ਮੁੱਦੇ ਅਤੇ ਇਸ ਬਾਰੇ ਸਿਆਸੀ ਪੈਂਤੜੇ ਦੇ ਸਵਾਲ ਨੂੰ ਕਲਾਵੇ 'ਚ ਲੈਂਦਾ ਹੈ।ਫੌਰੀ ਘੋਲ ਮੰੰਗਾਂ ਚਾਹੇ ਅੰਸ਼ਕ ਹੋਣ, ਪਰ ਇਨ੍ਹਾਂ 'ਤੇ ਘੋਲ ਦਰਮਿਆਨ ਹੀ ਅਹਿਮ ਨੀਤੀ ਮਸਲਿਆਂ ਤੇ ਪ੍ਰਚਾਰ ਅਤੇ ਐਜੀਟੇਸ਼ਨ ਜਨਤਕ ਜਥੇਬੰਦੀਆਂ ਦੀ ਆਪਣੀ ਲੋੜ ਬਣੀ ਹੋਈ ਹੈ।ਕਿਉਂਕਿ ਅੰਸ਼ਕ ਮੰਗਾਂ 'ਤੇ ਘੋਲ ਨੀਤੀ ਮੁੱਦਿਆਂ 'ਤੇ ਘੋਲ ਦਾ ਹੀ ਮੁੱਢਲਾ ਪ੍ਰਗਟਾਵਾ ਹਨ, ਬਾਕਾਇਦਾ ਨੀਤੀ ਮੁੱਦਿਆਂ 'ਤੇ ਕੇਂਦਰਤ ਅਗਲੇ ਘੋਲ-ਗੇੜ ਤੱਕ ਜਾਣ ਦਾ ਹੀ ਅਮਲ ਹਨ।ਇਸ ਕਰਕੇ ਹਾਲਤ, ਅੰਸ਼ਕ ਇਜ਼ਹਾਰਾਂ ਖਿਲਾਫ਼ ਘੋਲ ਦੇ ਚੌਖਟੇ ਤੋਂ ਅੱਗੇ ਜਾਣਾ ਮੰਗਦੀ ਹੈ।ਹਰ ਘੋਲ ਦਾ ਸੰਚਾਲਨ, ਅੱਗੇ ਜਾਣ ਦੇ ਇਸ ਪੈਂਤੜੇ ਦੀਆਂ ਲੋੜਾਂ ਅਨੁਸਾਰ ਮੰਗਦੀ ਹੈ।ਕਿਉਂਕਿ ਹਰ ਫੌਰੀ ਘੋਲ਼-ਗੇੜ ਰਾਹੀਂ ਜਮਾਤੀ-ਸਿਆਸੀ ਤੱਤ ਪੱਖੋਂ ਮੁਕਾਬਲਤਨ ਉੱਚੇ ਅਗਲੇ ਘੋਲ ਗੇੜ ਦਾ ਪੈੜਾ ਬੰਨ੍ਹਿਆ ਜਾਂਦਾ ਹੈ।
ਇਸ ਵਜ੍ਹਾ ਕਰਕੇ ਹਰ ਘੋਲ਼ ਅਕਸਰ ਹਾਕਮ ਜਮਾਤੀ ਸਿਆਸੀ ਪਾਰਟੀਆਂ ਨਾਲ ਪੈਂਤੜਿਆਂ ਦਾ ਆਮ ਟਕਰਾਅ ਲੈ ਕੇ ਆਉਂਦਾ ਹੈ।ਇਸ ਟਕਰਾਅ ਨੂੰ ਦਰਕਿਨਾਰ ਕਰਨ ਵਾਲੀ ਕੋਈ ਵੀ ਸਾਂਝੀ ਘੋਲ ਸਰਗਰਮੀ ਹਾਲਤ ਦੀ ਲੋੜ ਨੂੰ ਸੀਮਤ ਸੁੰਗੜਿਆ ਹੁੰਗ੍ਹਾਰਾ ਬਣ ਕੇ ਰਹਿ ਜਾਂਦੀ ਹੈ।
ਮਿਸਾਲ ਵਜੋਂ ਮੋਦੀ ਸਰਕਾਰ ਵੱਲੋਂ ਲਿਆਂਦੇ ਤਾਜ਼ਾ ਜ਼ਮੀਨ ਗ੍ਰਹਿਣ ਆਰਡੀਨੈਂਸ ਦਾ ਮਾਮਲਾ ਹੈ।ਯ.ੂ ਪੀ. ਏ. ਮਾਰਕਾ ਆਪੋਜੀਸ਼ਨ ਅਜੇ ਵੀ ਯੂ. ਪੀ. ਏ. ਸਰਕਾਰ ਦੇ ਜ਼ਮੀਨ ਗ੍ਰਹਿਣ ਕਾਨੂੰਨ ਨੂੰ ਆਦਰਸ਼ ਕਾਨੂੰਨ ਵਜੋਂ ਪੇਸ਼ ਕਰ ਰਹੀ ਹੈ ਅਤੇ ਮੁੱਦੇ ਨੂੰ ਇਸੇ ਦੀ ਬਹਾਲੀ ਜਾਂ ਰਾਖੀ ਦੇ ਮੁੱਦੇ ਵਜੋਂ ਪੇਸ਼ ਕਰ ਰਹੀ ਹੈ।ਪਰ ਲੋਕਾਂ ਅਤੇ ਇਨਕਲਾਬੀ ਸ਼ਕਤੀਆਂ ਲਈ ਇਹ ਮੁੱਦਾ ਸਿਰਫ ਮੋਦੀ ਸਰਕਾਰ ਦੇ ਆਰਡੀਨੈਂਸ ਤੱਕ ਸੀਮਤ ਨਹੀਂ ਹੈ। ਇਹ ਯੂ. ਪੀ. ਏ. ਸਰਕਾਰ ਦੇ ਬਣਾਏ ਕਾਨੂੰਨ ਦੀ ਮੁੱਖ ਤੌਰ 'ਤੇ ਲੋਕ ਦੁਸ਼ਮਣ ਧੁੱਸ ਖਿਲਾਫ਼ ਸੰਘਰਸ਼ ਦਾ ਵੀ ਮੁੱਦਾ ਹੈ। ਸਾਂਝੀ ਸਰਗਰਮੀ ਦੇ ਨਾਂ ਹੇਠ ਅਜਿਹੇ ਪਲੇਟਫਾਰਮਾਂ 'ਚ ਜਾਂ ਐਕਸ਼ਨਾਂ 'ਚ ਜਾਣਾ ਜਿਹੜੇ ਆਰਡੀਨੈਂਸ ਦੇ ਮੁੱਦੇ ਨੂੰ ਯੂ. ਪੀ. ਏ. ਐਕਟ ਦੀ ਰਾਖੀ ਜਾਂ ਬਹਾਲੀ ਦੀ ਮੰਗ ਵਜੋਂ ਉਭਾਰ ਰਹੇ ਹਨ, ਲੋਕ ਹਿਤਾਂ ਦੀਆਂ ਅਸਲ ਮੰਗਾਂ ਦੀ ਧਾਰ ਨੂੰ ਮੱਧਮ ਪਾਉਣ ਦਾ ਰੋਲ ਅਦਾ ਕਰਦਾ ਹੈ।ਅਜਿਹੇ ਪਲੇਟਫਾਰਮ 'ਚ ਹਾਕਮ ਜਮਾਤੀ ਪਾਰਟੀਆਂ ਦੀ ਹਾਜ਼ਰੀ ਨਾਲ ਤਾਂ ਸਥਿਤੀ ਕਰੇਲੇ ਦੇ ਨਿੰਮ ਚੜ੍ਹਨ ਵਰਗੀ ਬਣ ਜਾਂਦੀ ਹੈ।
ਇਸ ਗੱਲ ਬਾਰੇ ਇਨਕਲਾਬੀ ਸਿਆਸੀ ਸ਼ਕਤੀਆਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਅੱੱਜ ਸਭ ਹਾਕਮ ਜਮਾਤੀ ਸਿਆਸੀ ਪਾਰਟੀਆਂ ਜ਼ਮੀਨੀ ਸੁਧਾਰਾਂ ਨੂੰ ਪੁੱਠਾ ਗੇੜਾ ਦੇਣ 'ਤੇ ਤੁਲੀਆਂ ਹੋਈਆਂ ਹਨ।ਖੇਤ ਮਜ਼ਦੂਰਾਂ ਅਤੇ ਬੇਜ਼ਮੀਨਿਆਂ ਦੀ ਦਾਅਵੇਦਾਰੀ ਹੇਠਲੀਆਂ ਜ਼ਮੀਨਾਂ ਵੱਡੀਆਂ ਜੋਕਾਂ ਲਈ ਪਰੋਸਣ ਦੀ ਨੀਤੀ ਕੁੱਲ ਹਾਕਮ ਜਮਾਤੀ ਪਾਰਟੀਆਂ ਦੀ ਸਾਂਝੀ ਨੀਤੀ ਹੈ।ਇਸ ਨੀਤੀ ਨਾਲ ਸਬੰਧਤ ਮੰਗਾਂ ਮੌਜੂਦਾ ਜਮਾਤੀ ਘੋਲਾਂ ਦਾ ਜਮਾਤੀ ਸਿਆਸੀ ਤੱਤ ਉਘਾੜਨ ਲਈ ਜ਼ਰੂਰੀ ਹਨ।ਸੋ ਇਸ ਨੀਤੀ ਦੇ ਨਿਰੋਲ ਅੰਸ਼ਕ ਇਜ਼ਹਾਰਾਂ ਦਾ ਸੀਮਤ ਚੌਖਟਾ ਸਾਂਝੀ ਸਰਗਰਮੀ ਦਾ ਪੈਮਾਨਾ ਨਹੀਂ ਹੋ ਸਕਦਾ। ਖੇਤ ਮਜ਼ਦੂਰਾਂ ਦੇ ਜ਼ਮੀਨੀ ਅਧਿਕਾਰ ਨਾਲ ਸਬੰਧਤ ਕੋਈ ਸਥਾਨਕ ਘੋਲ, ਨੀਤੀ ਦੇ ਸਵਾਲ ਨੂੰ ਕਲਾਵੇ 'ਚ ਲੈ ਕੇ ਹੀ ਇਨਕਲਾਬੀ ਚੇਤਨਾ ਪਸਾਰੇ ਪੱਖੋਂ ਸਾਰਥਕ ਬਣਦਾ ਹੈ।ਜਦੋਂ ਨੀਤੀ ਦਾ ਸਵਾਲ ਕਲਾਵੇ 'ਚ ਆਉਂਦਾ ਹੈ ਤਾਂ ਹਾਕਮ ਜਮਾਤੀ ਪਾਰਟੀਆਂ ਨਾਲ ਘੋਲ ਪਲੇਟਫਾਰਮ ਦਾ ਰਿਸ਼ਤਾ ਤਹਿ ਹੋ ਜਾਂਦਾ ਹੈ।ਕਿਸੇ ਫੌਰੀ ਅੰਸ਼ਕ ਮੰਗ ਬਾਰੇ ਇਨ੍ਹਾਂ ਦੀ ਵਕਤੀ ਮੌਕਾਪ੍ਰਸਤ ਪੁਜੀਸ਼ਨ ਕੋਈ ਵੀ ਹੋਵੇ, ਨੀਤੀ ਦੇ ਸਵਾਲ 'ਤੇ ਇਹਨਾਂ ਪਾਰਟੀਆਂ ਦਾ ਦੁਸ਼ਮਣ ਖੇਮੇ ਵਜੋਂ ਅਸਲਾ ਨਸ਼ਰ ਹੋ ਜਾਂਦਾ ਹੈ।ਇਹ ਪਾਰਟੀਆਂ ਸਾਂਝੀਆਂ ਅਤੇ ਫਾਲਤੂ ਜ਼ਮੀਨਾਂ ਦੀਆਂ ਵੰਨਗੀਆਂ 'ਤੇ ਖੇਤ ਮਜ਼ਦੂਰਾਂ ਦਾ ਹੱਕ ਤਸਲੀਮ ਕਰਨ ਤੋਂ ਇਨਕਾਰੀ ਹਨ।ਪੰਚਾਇਤੀ ਜ਼ਮੀਨਾਂ ਨੂੰ ਲੰਮੀ ਲੀਜ਼ 'ਤੇ ਦੇਣ ਦੀ ਨੀਤੀ ਦੇ ਵਿਰੋਧ ਜਾਂ ਖਰੇ ਵਿਰੋਧ ਤੋਂ ਇਨਕਾਰੀ ਹਨ।ਜਗੀਰਦਾਰਾਂ ਦੀਆਂ ਵਾਧੂ ਜ਼ਮੀਨਾਂ ਖੇਤ-ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ 'ਚ ਵੰਡਣ ਦੀ ਹਮਾਇਤ ਕਰਨੋਂ ਇਨਕਾਰੀ ਹਨ।ਜਿੱਥੇ ਵੀ ਇਹਨਾਂ ਦੀਆਂ ਸਰਕਾਰਾਂ ਹਨ, ਇਹ ਖੇਤ-ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ ਹਿਤਾਂ 'ਤੇ ਝਪਟਦੀਆਂ ਹਨ।
ਇਹ ਧਿਰਾਂ  ਆਪਣੇ ਜਮਾਤੀ-ਸਿਆਸੀ ਅਸਲੇ ਅਤੇ ਰੋਲ ਪੱਖੋਂ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੇ ਘੋਲਾਂ ਦੀ ਜਮਾਤੀ ਸਿਆਸੀ ਧਾਰ ਦਾ ਨਿਸ਼ਾਨਾ ਬਣਦੀਆਂ ਹਨ।ਸਿਆਸੀ ਕਿਰਦਾਰ ਪੱਖੋਂ ਇਹ ਕਿਸਾਨਾਂ ਖੇਤ ਮਜ਼ਦੂਰਾਂ ਦੀਆਂ ਦੁਸ਼ਮਣ ਜਮਾਤਾਂ ਦੀਆਂ ਪਾਰਟੀਆਂ ਹਨ।ਫੌਰੀ ਰੋਲ ਪੱਖੋਂ ਇਹਨਾਂ ਨੇ ਲੋਕਾਂ ਖਿਲਾਫ ਆਰਥਕ ਸੁਧਾਰਾਂ ਦਾ ਕੁਹਾੜਾ ਫੜਿਆ ਹੋਇਆ ਹੈ।ਇਹ ਮੁੱਦਾ ਜਮਾਤੀ ਘੋਲ ਅੰਦਰ ਕਤਾਰਬੰਦੀ ਦੇ ਸਭ ਤੋਂ ਅਹਿਮ ਮੁੱਦਿਆਂ 'ਚ ਸ਼ਾਮਲ ਹੈ।
ਇਸ ਕਰਕੇ ਕਿਸਾਨਾਂ ਖੇਤ-ਮਜ਼ਦੂਰਾਂ ਦੇ ਹਿਤਾਂ 'ਤੇ ਆਰਥਕ ਧਾਵੇ ਦੇ ਕੰਨੀ ਦੇ ਇਜ਼ਹਾਰਾਂ ਖਿਲਾਫ ਇਹਨਾਂ ਪਾਰਟੀਆਂ ਦਾ ਕੋਈ ਵਕਤੀ ਪੈਂਤੜਾ ਇਹਨਾਂ ਨਾਲ਼ ਸਾਂਝੀ ਸਰਗਰਮੀ ਦਾ ਆਧਾਰ ਨਹੀਂ ਬਣਦਾ।ਅਜਿਹੀ ਸਾਂਝੀ ਸਰਗਰਮੀ ਫੌਰੀ ਜਮਾਤੀ ਘੋਲ਼ ਦੇ ਤੱਤ ਨੂੰ ਸੁੰਗੇੜਦੀ ਹੈ।ਇਸ ਤੱਤ ਨੂੰ ਹਾਕਮ ਜਮਾਤੀ ਪਾਰਟੀਆਂ ਦੀਆਂ ਲੋੜਾਂ, ਸੀਮਤਾਈਆਂ ਅਤੇ ਤੰਗ ਚੌਖਟੇ ਅਨੁਸਾਰ ਢਾਲਦੀ ਹੈ।
ਬਿਨਾਂ ਸ਼ੱਕ ਲੋਕਾਂ ਨੂੰ ਹਾਕਮ ਜਮਾਤਾਂ ਦੇ ਆਪਸੀ ਸਿਆਸੀ ਬਖੇੜਿਆਂ ਦਾ ਲੋਕ ਘੋਲ਼ਾਂ ਨੂੰ ਅੱਗੇ ਵਧਾਉਣ ਲਈ ਫਾਇਦਾ ਉਠਾਉਣਾ ਚਾਹੀਦਾ ਹੈ।ਪਰ ਇਸ ਖਾਤਰ ਲੋਕਾਂ ਦੇ ਆਪਣੇ ਜਮਾਤੀ ਪੈਂਤੜੇ ਦਾ ਉੱਭਰਨਾ ਸਭ ਤੋਂ ਜ਼ਰੂਰੀ ਗੱਲ ਹੈ।ਇਸ ਪੈਂਤੜੇ ਦੇ ਅਧਾਰ 'ਤੇ ਜਮਾਤੀ ਕਤਾਰਬੰਦੀ ਜ਼ਰੂਰੀ ਹੈ।ਇਸ ਪੈਂਤੜੇ ਦੁਆਲੇ ਲੋਕਾਂ ਦੀਆਂ ਜਮਾਤੀ ਤਾਕਤਾਂ ਨੁੰ ਪੱਕੇ ਪੈਰੀਂ ਕਰਨਾ ਜ਼ਰੂਰੀ ਹੈ।
ਜਨਤਕ ਜਥੇਬੰਦੀਆਂ ਨੂੰ ਹਾਕਮ ਜਮਾਤੀ ਪਾਰਟੀਆਂ ਨਾਲ ਸਾਂਝੇ ਪਲੇਟਫਾਰਮਾਂ 'ਤੇ ਲਿਜਾਣਾ ਅਜਿਹਾ ਫਾਇਦਾ ਉਠਾਉਣ ਦਾ ਪੈਂਤੜਾ ਨਹੀਂ ਹੈ। ਇਉਂ ਕਰਨਾ ਕਿਸਾਨ ਜਨਤਾ 'ਚ ਆਪਣੇ ਜਮਾਤੀ ਦੁਸ਼ਮਣਾਂ ਨਾਲੋਂ ਅੱਤ ਲੋੜੀਂਦੇ ਨਿਖੇੜੇ ਦੇ ਅਹਿਸਾਸ ਨੂੰ ਕਮਜ਼ੋਰ ਕਰਦਾ ਹੈ।ਦੂਜੇ ਪਾਸੇ ਆਪਣੀਆਂ ਮਿੱਤਰ ਜਮਾਤੀ ਸਿਆਸੀ ਤਾਕਤਾਂ ਦੀ ਪਰਖ ਅਤੇ ਸ਼ਨਾਖਤ ਕਰਨ ਦੀ ਸੋਝੀ ਨੂੰ ਮੱਧਮ ਪਾਉਂਦਾ ਹੈ।ਇਨਕਲਾਬੀ ਸਿਆਸੀ ਤਾਕਤਾਂ ਨੂੰ ਕਿਸਾਨ ਲਹਿਰ ਅੰਦਰ ਅਜਿਹਾ ਪੈਂਤੜਾ ਦਾਖਲ ਕਰਨ ਤੋਂ ਪਰਹੇਜ ਕਰਨਾ ਚਾਹੀਦਾ ਹੈ।

No comments:

Post a Comment