Wednesday, October 14, 2015

6. ਮਨਸੈਂਟੋ ਦੇ ਬੀ. ਟੀ. ਬੀਜ - ਖੁਦਕੁਸ਼ੀ ਬੀਜ



ਮਨਸੈਂਟੋ ਦੇ ਬੀ. ਟੀ. ਬੀਜ - ਖੁਦਕੁਸ਼ੀ ਬੀਜ


ਭਾਰਤ ਦੀ ਉੱਘੀ ਵਾਤਾਵਰਨ ਪੱਖੀ ਕਾਰਕੁੰਨ ਵੰਦਨਾ ਸ਼ਿਵਾ ਕਹਿੰਦੀ ਹੈ ਕਿ ਖੇਤੀ ਖੇਤਰ ਚ ਅਮਰੀਕਾ ਦੀ ਧੜਵੈਲ ਕੰਪਨੀ ਮਨਸੈਂਟੋ ਵੱਲੋਂ ਵੇਚੇ ਜਾ ਰਹੇ ਜੀਨ ਸੋਧੇ ਬੀਜਾਂ ਨੇ ਕਿਸਾਨਾਂ ਦਾ ਖੇਤੀ ਚੋਂ ਉਜਾੜਾ ਕਰਨ ਚ ਅਹਿਮ ਹਿੱਸਾ ਪਾਇਆ ਹੈ। ਮਨਸੈਂਟੋ ਕੰਪਨੀ ਵੱਲੋਂ ਬੀਜਾਂ ਦੀਆਂ ਮੰਡੀਆਂ ਤੇ ਏਕਾ-ਅਧਿਕਾਰ ਕਾਇਮ ਕਰਨ ਨਾਲ ਕਿਸਾਨ ਮਰਨ ਕੰਢੇ ਪਹੁੰਚ ਗਏ ਹਨ। ਇਸ ਲਈ ਮਨਸੈਂਟੋ ਬੀਜ ਖੁਦਕੁਸ਼ੀ ਬੀਜ ਹਨ।
ਉਹਨੇ ਕਿਹਾ ਕਿ ਬੀਜਾਂ ਦੇ ਖੇਤਰ ਚ ਮਨਸੈਂਟੋ ਦੀ ਸਰਦਾਰੀ ਨੇ ਸਭ ਬਦਲ ਤਬਾਹ ਕਰ ਦਿੱਤੇ ਹਨ ਤੇ ਆਪ ਰਾਇਲਟੀਆਂ ਰਾਹੀਂ ਭਾਰੀ ਮੁਨਾਫ਼ੇ ਕਮਾ ਕੇ ਕਿਸਾਨਾਂ ਲਈ ਖੁਦਕੁਸ਼ੀਆਂ ਦਾ ਪ੍ਰਸੰਗ ਸਿਰਜ ਦਿੱਤਾ ਹੈ। ਬੀ. ਟੀ. ਬੀਜਾਂ ਦੇ ਆਉਣ ਨਾਲ ਖੇਤੀ ਖੇਤਰ ਤੇ ਕੰਪਨੀਆਂ ਦੀ ਪਕੜ ਹੋਰ ਮਜ਼ਬੂਤ ਹੋ ਗਈ ਹੈ। ਇਸ ਲਈ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਕਪਾਹ ਪੱਟੀ ਚ ਹੋ ਰਹੀਆਂ ਹਨ। ਮਨਸੈਂਟੋ ਨੇ ਬੀਜਾਂ ਦੀਆਂ ਕੀਮਤਾਂ 8000% ਤੱਕ ਵਧਾ ਦਿੱਤੀਆਂ ਹਨ, ਅਗਾਂਹ ਇਹਨਾਂ ਤੇ ਮਹਿੰਗੀਆਂ ਜ਼ਹਿਰਾਂ ਦੇ ਛਿੜਕਾਅ ਦੀ ਜ਼ਰੂਰਤ ਨੇ ਕਰਜ਼ੇ ਦਾ ਜਾਲ ਹੋਰ ਸਖ਼ਤ ਕਰ ਦਿੱਤਾ ਹੈ। ਉਹਦਾ ਮੰਨਣਾ ਹੈ ਕਿ ਕਿਸਾਨ ਸੰਕਟ ਦਾ ਕਾਰਨ ਸਿਰਫ਼ ਕੰਪਨੀ ਹੀ ਨਹੀਂ ਹੈ ਸਗੋਂ ਉੱਚੀਆਂ ਵਿਆਜ ਦਰਾਂ, ਸਖ਼ਤ ਸ਼ਰਤਾਂ ਵੀ ਹਨ।
ਅੰਦਰੂਨੀ ਬੀਜ ਵਪਾਰ ਅਤੇ ਬੀਜ ਮੰਡੀ ਤੇ ਬਹੁਕੌਮੀ ਕੰਪਨੀਆਂ ਦੀ ਇਹ ਸਰਦਾਰੀ ਸਥਾਪਤ ਕਰਨ ਚ ਆਰਥਕ ਸੁਧਾਰਾਂ ਦੀ ਸਰਕਾਰੀ ਨੀਤੀ ਨੇ ਵੱਡਾ ਰੋਲ ਅਦਾ ਕੀਤਾ ਹੈ। ਇਸ ਗੱਲ ਦਾ ਇਕਬਾਲ ਸਰਕਾਰੀ ਮਾਹਰਾਂ ਦੀ ਖੇਤੀਬਾੜੀ ਕਰਜ਼ੇ ਸਬੰਧ ਪੇਸ਼ ਕੀਤੀ ਰਿਪੋਰਟ ਚ ਕੀਤਾ ਗਿਆ ਹੈ। ਰਿਪੋਰਟ ਕਹਿੰਦੀ ਹੈ ਕਿ ਢਾਂਚਾ ਢਲਾਈ ਦੇ ਅਮਲ ਦੀਆਂ ਭਾਰਤੀ ਖੇਤੀ ਲਈ ਗੰਭੀਰ ਅਰਥ-ਸੰਭਾਵਨਾਵਾਂ ਹਨ। ਵਿਤੀ ਸੁਧਾਰਾਂ ਨੇ ਖੇਤੀ ਲਾਗਤ ਵਸਤਾਂ ਦੀ ਸਪਲਾਈ ਨੂੰ ਸਹਾਰਾ ਦੇਣ ਵਾਲੇ ਸਿਸਟਮ ਅਤੇ ਸੰਸਥਾਵਾਂ ਤੇ ਬੁਰਾ ਅਸਰ ਪਾਇਆ ਹੈ। ਕੋਈ ਵੇਲਾ ਸੀ ਜਦੋਂ ਬੀਜ ਖੋਜਣ ਅਤੇ ਵੰਡਣ ਦੀ ਅਜਾਰੇਦਾਰੀ ਕੌਮੀ ਬੀਜ ਕਾਰਪੋਰੇਸ਼ਨ ਅਤੇ ਸੂਬਾਈ ਬੀਜ ਕਾਰਪੋਰੇਸ਼ਨਾਂ ਕੋਲੇ ਹੁੰਦੀ ਸੀ। 1980 ’ਚ ਬੀਜਾਂ ਦਾ ਖੇਤਰ ਨਿੱਜੀ ਵਪਾਰ ਲਈ ਖੋਲ ਦਿੱਤਾ ਗਿਆ। 1991 ’ਚ ਬੀਜ ਸਨਅਤ 100 % ਵਿਦੇਸ਼ੀ ਪੂੰਜੀ ਦੀ ਖੁੱਲ ਦੇ ਦਿੱਤੀ ਗਈ ਅਤੇ ਵਿਦੇਸ਼ਾਂ ਚੋਂ ਬੀਜਾਂ ਦੀ ਦਰਾਮਦ ਤੇ ਰੋਕਾਂ ਹਟਾ ਦਿੱਤੀਆਂ ਗਈਆਂ। ਬੀਜਾਂ ਦੀ ਪੈਦਾਵਾਰ ਅਤੇ ਵੰਡ ਦੇ ਇਸ ਉਦਾਰੀਕਰਨ ਦੇ ਦੋ ਗੰਭੀਰ ਨਤੀਜੇ ਨਿਕਲੇ। ਪਹਿਲਾ ਲੋੜੀਂਦੇ ਨਿਯਮਾਂ ਦੀ ਘਾਟ ਕਰਕੇ ਖਰੇ ਬੀਜਾਂ ਦੀ ਸਪਲਾਈ ਸੁੰਗੜ ਗਈ ਅਤੇ ਨਕਲੀ ਬੀਜਾਂ ਦੀ ਮੰਡੀ ਖੇੜੇ ਚ ਆ ਗਈ। ਦੂਜਾ ਮਾੜਾ ਨਤੀਜਾ ਇਹ ਨਿਕਲਿਆ ਕਿ ਬੀਜਾਂ ਦੀਆਂ ਕੀਮਤਾਂ ਚ ਬੇਮੇਚਾ ਵਾਧਾ ਹੋ ਗਿਆ। ਵਪਾਰਕ ਫ਼ਸਲਾਂ, ਫਲਾਂ ਅਤੇ ਸਬਜੀਆਂ ਦੇ ਮਾਮਲੇ ਵਿੱਚ ਇਹ ਬਹੁਤ ਉੱਘੜਵੇਂ ਰੂਪ ਚ ਹੋਇਆ। ਕਮੇਟੀ ਨੇ ਬੀਜਾਂ ਦੇ ਵਪਾਰ ਅਤੇ ਮੰਡੀ ਨੂੰ ਨਿਯਮਤ ਕਰਨ ਦੀ ਸਿਫਾਰਸ਼ ਕੀਤੀ। ਪਰ ਬੀਤੇ 8 ਸਾਲਾਂ ਚ ਸਰਕਾਰ ਨੇ ਉਲਟੀ ਗੰਗਾ ਵਹਾਈ ਹੈ। ਮਨਸੈਂਟੋ ਦੇ ਖੁਦਕੁਸ਼ੀ ਬੀਜਾਂ ਦੀ ਭਰਮਾਰ ਇਸ ਗੱਲ ਨੂੰ ਸਾਬਤ ਕਰਦੀ ਹੈ। ਬੀਜਾਂ ਤੋਂ ਇਲਾਵਾ ਕੀਟਨਾਸ਼ਕਾਂ ਅਤੇ ਖਾਦਾਂ ਦੇ ਮਾਮਲੇ ਚ ਵੀ ਇਹੋ ਵਾਪਰਿਆ ਹੈ।

No comments:

Post a Comment