ਕਿਸਾਨ ਸੰਘਰਸ਼ ਦੀ ਚੜ੍ਹਤ ਬਰਕਰਾਰ - ਹਕੂਮਤ ਬੇਵੱਸ
ਨਰਮੇ ਦੀ ਫ਼ਸਲ ਬਰਬਾਦ ਹੋਣ ਤੋਂ ਬਾਅਦ ਮੁਆਵਜ਼ੇ ਦੇ
ਹੱਕ ਦੀ ਪ੍ਰਾਪਤੀ ਲਈ ਉੱਠਿਆ ਕਿਸਾਨ ਮਜ਼ਦੂਰ ਅੰਦੋਲਨ ਬਾਦਲ ਹਕੂਮਤ ਨੂੰ ਤ੍ਰੇਲੀਆਂ ਲਿਆ ਰਿਹਾ ਹੈ।
ਸਵਾ ਮਹੀਨੇ ਤੋਂ ਚੱਲ ਰਿਹਾ ਘੋਲ ਹੁਣ ਰੇਲ ਦੀਆਂ ਲੀਹਾਂ ’ਤੇ ਪੁੱਜ ਗਿਆ ਹੈ।
ਨੁਕਸਾਨੀ ਫ਼ਸਲ ਲਈ ਪ੍ਰਤੀ ਏਕੜ 40 ਹਜ਼ਾਰ ਰੁਪਏ, ਖੇਤ-ਮਜ਼ਦੂਰਾਂ ਨੂੰ
ਪ੍ਰਤੀ ਪਰਿਵਾਰ 20 ਹਜ਼ਾਰ ਰੁਪਏ, ਦੋਸ਼ੀ ਕੰਪਨੀਆਂ ਡੀਲਰਾਂ
ਤੇ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਦੀਆਂ ਮੰਗਾਂ ਦੇ ਨਾਲ ਬਾਸਮਤੀ ਦੀ ਸਰਕਾਰੀ ਖਰੀਦ ਕਰਨ ਤੇ
ਲਾਹੇਵੰਦ ਭਾਅ ਦੇਣ ਅਤੇ ਗੰਨੇ ਦੇ ਬਕਾਏ ਫੌਰੀ ਜਾਰੀ ਕਰਨ ਵਰਗੀਆਂ ਮੰਗਾਂ ਵੀ ਹੁਣ ਇਸ ਅੰਦੋਲਨ
ਦੀਆਂ ਉੱਭਰਵੀਆਂ ਮੰਗਾਂ ਹਨ। 7 ਅਕਤੂਬਰ ਨੂੰ ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੇ
ਕਾਫ਼ਲੇ ਸੜਕਾਂ ਤੇ ਰੇਲ ਦੀਆਂ ਲੀਹਾਂ ’ਤੇ ਨਿੱਤਰੇ, ਪੰਜਾਬ ਭਰ ’ਚ
ਲਗਭਗ 12 ਥਾਵਾਂ ’ਤੇ ਰੇਲਾਂ ਰੋਕੀਆਂ
ਗਈਆਂ। ਜਿਨ੍ਹਾਂ ’ਚ ਅਮ੍ਰਿਤਸਰ ’ਚ ਦੋ ਥਾਵਾਂ, ਬਠਿੰਡੇ
’ਚ ਤਿੰਨ ਥਾਵਾਂ ਤੋਂ ਇਲਾਵਾ ਮਾਨਸਾ, ਡਗਰੂ
(ਮੋਗਾ), ਫਿਰੋਜ਼ਪੁਰ, ਮੁਕਤਸਰ, ਚੰਦ
ਭਾਨ (ਜੈਤੋ), ਸੰਗਰੂਰ ਆਦਿ ਥਾਵਾਂ ’ਤੇ
ਰੇਲਾਂ ਅਤੇ ਬਰਨਾਲਾ, ਲਹਿਰਾ-ਗਾਗਾ ਵਰਗੀਆਂ ਥਾਵਾਂ ’ਤੇ ਸੜਕੀ
ਆਵਾਜਾਈ ਜਾਮ ਕੀਤੀ। ਕਿਸਾਨ ਰੋਹ ਨੂੰ ਡੱਕਣ ਲਈ ਪੁਲਸ ਨੇ ਥਾਣਿਆਂ ’ਚ
ਸੁੱਟਣ, ਥਾਂ ਥਾਂ ਨਾਕੇ ਲਾਉਣ ਤੇ ਡਰਾਉਣ ਧਮਕਾਉਣ ਦੇ
ਹੱਥਕੰਡੇ ਅਪਣਾ ਕੇ ਰੇਲਾਂ ਚਲਾਉਣ ਦਾ ਯਤਨ ਕੀਤਾ। ਬਰਨਾਲਾ, ਚੰਦ ਭਾਨ, ਰਾਮਪੁਰਾ, ਲਹਿਰਾ
ਤੇ ਹੋਰ ਕਈ ਥਾਵਾਂ ਤੋਂ 1000 ਤੋਂ ਉੱਪਰ ਕਿਸਾਨ ਮਜ਼ਦੂਰ ਗ੍ਰਿਫ਼ਤਾਰ ਕੀਤੇ। ਪਰ
ਲੋਕ ਰੋਹ ਦੀ ਲਲਕਾਰ ਮੂਹਰੇ ਬਾਦਲ ਹਕੂਮਤ ਤੇ ਪੁਲਸੀ ਧਾੜਾਂ ਬੇਵੱਸ ਨਜ਼ਰ ਆਈਆਂ। ਗ੍ਰਿਫ਼ਤਾਰ ਕੀਤੇ
ਲੋਕ ਛੱਡਣੇ ਪਏ।
ਅੱਜ ਚੌਥੇ ਦਿਨ ਤੱਕ ਪੰਜਾਬ ’ਚ ਛੇ
ਥਾਵਾਂ ’ਤੇ ਰੇਲ ਆਵਾਜਾਈ ਰੋਕੀ ਗਈ ਹੈ ਜਿਨ੍ਹਾਂ ’ਚ
ਬਠਿੰਡੇ ਦੇ ਰਾਮਪੁਰਾ, ਪਥਰਾਲਾ, ਸ਼ੇਰਗੜ੍ਹ, ਅਮ੍ਰਿਤਸਰ
ਦੇ ਮੁੱਛਲਾਂ, ਮੋਗਾ ਦੇ ਡਗਰੂ ਤੇ ਮਾਨਸਾ ਮੁੱਖ ਸਟੇਸ਼ਨ ਸ਼ਾਮਲ ਹਨ।
ਲਹਿਰਾ ਗਾਗਾ ’ਚ ਸੁਨਾਮ ਜਾਖਲ ਮੁੱਖ
ਮਾਰਗ ਜਾਮ ਕੀਤਾ ਹੋਇਆ ਹੈ। ਨਰਮਾ ਪੱਟੀ ’ਚ ਚਾਰ ਥਾਵਾਂ ’ਤੇ ਵੱਡੇ ਇਕੱਠ ਜੁੜੇ
ਹੋਏ ਹਨ। ਜਿੰਨ੍ਹਾਂ ’ਚ ਔਰਤਾਂ ਦੀ ਉੱਭਰਵੀਂ ਸ਼ਮੂਲੀਅਤ ਹੈ। ਕਿਸਾਨ ਤੇ
ਮਜ਼ਦੂਰ ਜਥੇਬੰਦੀਆਂ ਨੇ 10 ਤਰੀਕ ਨੂੰ ਅਗਲੇ ਐਕਸ਼ਨ ਦਾ ਐਲਾਨ ਕਰਨਾ ਹੈ।
ਇਸ ਅੰਦੋਲਨ ਨਾਲ ਅਕਾਲੀ ਦਲ ਨੂੰ ਪੈਰਾਂ ਹੇਠੋਂ
ਜ਼ਮੀਨ ਖਿਸਕਦੀ ਦਿਸ ਰਹੀ ਹੈ ਤੇ ਕਿਸਾਨਾਂ ਨੂੰ ਅੰਦੋਲਨ ’ਚ ਸ਼ਾਮਲ ਨਾ ਹੋਣ ਦੀਆਂ
ਅਪੀਲਾਂ ਕਰਨੀਆਂ ਪੈ ਰਹੀਆਂ ਹਨ। ਬੁਖਲਾਈ ਹਕੂਮਤ ਇੱਕ ਪਾਸੇ ਕਿਸਾਨ ਸੰਘਰਸ਼ ਨੂੰ ਸਿਆਸੀ ਹਿਤਾਂ
ਤੋਂ ਪ੍ਰੇਰਿਤ ਅਤੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਦੱਸ ਰਹੀ ਹੈ ਤੇ ਦੂਜੇ ਪਾਸੇ ਮੁੱਖ
ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਵਾਸਤੇ 11 ਤਰੀਕ ਨੂੰ ਬੁਲਾ ਲਿਆ
ਹੈ।
ਘੋਲ ਦਬਾਅ ਦੇ ਅਸਰ
- ਕਿਸਾਨ ਰੋਹ ਮੂਹਰੇ ਘਬਰਾਈ ਹਕੂਮਤ ਜਲਦੀ ਤੋਂ
ਜਲਦੀ ਝੋਨਾ ਖਰੀਦਣ ਲਈ ਖਰੀਦ ਏਜੰਸੀਆਂ ਨੂੰ ਮੰਡੀਆਂ ’ਚ ਪੁੱਜਣ ਦੇ ਆਦੇਸ਼ ਦੇ
ਰਹੀ ਹੈ। ਅਧਿਕਾਰੀਆਂ ਨਾਲ ਵਾਰ ਵਾਰ ਮੀਟਿੰਗਾਂ ਹੋ ਰਹੀਆਂ ਹਨ।
- ਹੁਣ ਕਿਸਾਨਾਂ ਨੂੰ ਕਣਕ ਬੀਜਣ ਮੌਕੇ ਬੀਜ ’ਤੇ
ਸਿੱਧੀ ਸਬਸਿਡੀ ਦੇਣ ਦਾ ਐਲਾਨ ਕਰਨਾ ਪਿਆ ਹੈ ਜੋ ਪ੍ਰਤੀ ਹੈਕਟੇਅਰ 1 ਹਜ਼ਾਰ
ਰੁਪਇਆ ਹੋਵੇਗੀ। ਇਥੋਂ ਤੱਕ ਕਿ ਸਬਸਿਡੀ ਦਾ ਪੈਸਾ ਪਹਿਲਾਂ 2 ਏਕੜ ਤੱਕ ਦੀ ਮਾਲਕੀ
ਵਾਲੇ ਕਿਸਾਨਾਂ ਨੂੰ ਵੰਡਣ ਦੀ ਹਮਾਇਤ ਕੀਤੀ ਗਈ ਹੈ।
- ਪਹਿਲਾਂ ਮੁਆਵਜ਼ਾ ਰਾਸ਼ੀ 10 ਕਰੋੜ
ਤੋਂ ਵਧਾ ਕੇ 650 ਕਰੋੜ ਕਰਨੀ ਪਈ ਸੀ।
ਰੇਲਵੇ ਪੁਲਸ ਕੇਸ ਦਰਜ ਕਰੇਗੀ
ਤਿੰਨ ਦਿਨਾਂ ਤੋਂ ਰੇਲਵੇ ਲਾਈਨਾਂ ਰੋਕ ਕੇ ਬੈਠੇ
ਕਿਸਾਨਾਂ ’ਤੇ ਹੁਣ ਰੇਲਵੇ ਪੁਲਸ ਕੇਸ ਦਰਜ ਕਰੇਗੀ। ਲੁਧਿਆਣਾ
ਰੇਲਵੇ ਸਟੇਸ਼ਨ ’ਤੇ ਦੌਰਾ ਕਰਨ ਪਹੁੰਚੇ ਫਿਰੋਜ਼ਪੁਰ ਰੇਲ ਮੰਡਲ ਦੇ
ਡੀ. ਆਰ. ਐਮ. ਅਨੁਜ ਪ੍ਰਕਾਸ਼ ਨੇ ਕਿਹਾ ਹੈ ਕਿ ਰੇਲ ਲਾਈਨਾਂ ’ਤੇ ਧਰਨਾ ਦੇ ਕੇ ਰੇਲ
ਗੱਡੀਆਂ ਰੋਕਣ ਵਾਲੇ ਕਿਸਾਨਾਂ ’ਤੇ ਐਫ. ਆਈ. ਆਰ. ਦਰਜ ਕੀਤੀ ਜਾਵੇਗੀ। ਇਸ ਕੰਮ ਲਈ
ਰੇਲਵੇ ਵੱਲੋਂ ਧਰਨੇ ਵਾਲੇ ਸਥਾਨਾਂ ਦੀ ਵਿਡੀਓਗ੍ਰਾਫੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ
ਪਿਛਲੇ ਤਿੰਨ ਦਿਨ ਤੋਂ 180 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ ਜਿਨ੍ਹਾਂ ਵਿੱਚ
40 ਫ਼ੀਸਦੀ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਹਨ। ਬਾਕੀ
ਲੇਟ ਅਤੇ ਬਦਲਵੇਂ ਰੂਟਾਂ ਤੋਂ ਚੱਲ ਰਹੀਆਂ ਹਨ। ਇਸਤੋਂ ਇਲਾਵਾ ਬਰਨਾਲਾ ਨੇੜਿਓਂ ਹਿਰਾਸਤ ’ਚ ਲਏ
ਗਏ ਕਿਸਾਨ ਆਗੂਆਂ ’ਚੋਂ 48 ਕਿਸਾਨਾਂ ਖਿਲਾਫ਼ ਪੰਜਾਬ
ਪੁਲਸ ਵੱਲੋਂ ਕੇਸ ਦਰਜ ਕੀਤੇ ਜਾਣ ਦੀ ਸੂਚਨਾ ਮਿਲੀ ਹੈ। (ਪੰਜਾਬੀ ਟ੍ਰਿਬਿਊਨ)
ਕਿਸਾਨ ਅੰਦੋਲਨ ਦੀ ਗੂੰਜ ਦਿੱਲੀ ਪੁੱਜੀ
ਕੇਂਦਰ ਸਰਕਾਰ ਨੇ ਨਰਮੇਂ ਦੇ ਹੋਏ ਨੁਕਸਾਨ ਦੇ
ਕਾਰਨਾਂ ਦਾ ਜਾਇਜ਼ਾ ਲੈਣ ਲਈ ਇੱਕ ਉੱਚ ਪੱਧਰੀ ਟੀਮ ਭੇਜਣ ਦਾ ਫੈਸਲਾ ਕੀਤਾ ਹੈ। ਸ਼ਨਿਚਰਵਾਰ ਨੂੰ ਖੇਤੀ
ਮੰਤਰਾਲੇ ਦੇ ਵਧੀਕ ਸਕੱਤਰ ਅਸ਼ੋਕ ਦੁਲਵਾਈ ਅਤੇ ਪਲਾਂਟ ਸੁਰੱਖਿਆ ਸਲਾਹਕਾਰ ਐਸ. ਐਨ. ਸੁਸ਼ੀਲ ਦੀ
ਅਗਵਾਈ ’ਚ ਆ ਰਹੀ ਇਹ ਟੀਮ ਪੰਜਾਬ ਦੇ ਖੇਤੀ ਵਿਭਾਗ ਦੇ
ਅਧਿਕਾਰੀਆਂ ਨਾਲ ਮੀਟਿੰਗ ਤੋਂ ਇਲਾਵਾ ਮੌਕੇ ’ਤੇ ਜਾ ਕੇ ਵੀ ਤੱਥ
ਇਕੱਠੇ ਕਰੇਗੀ। ਪੰਜਾਬ ਸਰਕਾਰ ਕੇਂਦਰੀ ਟੀਮ ਸਾਹਮਣੇ ਕਿਸਾਨਾਂ ਦੀ ਮਦਦ ਕਰਨ ਲਈ ਹੋਰ ਰਾਸ਼ੀ ਜਾਰੀ
ਕਰਨ ਦੀ ਮੰਗ ਰੱਖੇਗੀ।
No comments:
Post a Comment