ਕਿਸਾਨ ਘੋਲ ਅਤੇ ਉੱਘੜ ਰਹੀ ਕਤਾਰਬੰਦੀ
ਚੱਲ ਰਹੇ ਮੌਜੂਦਾ ਕਿਸਾਨ ਘੋਲ ਨੇ ਕਿਸਾਨਾਂ ਦੇ
ਨਵੇਂ ਹਿੱਸਿਆਂ ਨੂੰ ਸੰਘਰਸ਼ ਦੇ ਅਖਾੜੇ ’ਚ ਲੈ ਆਂਦਾ ਹੈ।
ਕਿਸਾਨ ਅਤੇ ਖੇਤ-ਮਜ਼ਦੂਰ ਆਪਣੇ ਹੱਕਾਂ ਦੀ ਇਸ ਲੜਾਈ ਦੌਰਾਨ ਕੀਮਤੀ ਤਜਰਬਾ ਹਾਸਲ ਕਰ ਰਹੇ ਹਨ।
ਦੋਸਤਾਂ ਅਤੇ ਦੁਸ਼ਮਣਾਂ ਦੀ ਪਛਾਣ ਪਹਿਲਾਂ ਨਾਲੋਂ ਡੂੰਘੀ ਹੋ ਰਹੀ ਹੈ। ਕਿਸਾਨ ਲੀਡਰਸ਼ਿਪ ਦੇ
ਦਾਅਵੇਦਾਰਾਂ ਦੀ ਪਰਖ ਹੋ ਰਹੀ ਹੈ। ਕਿਸਾਨ ਆਗੂਆਂ ਦੇ ਭੇਸ ’ਚ ਛੁਪੇ ਪਰਾਏ ਲੀਡਰ ਬੇਨਕਾਬ ਹੋ ਰਹੇ ਹਨ। ਇਉਂ ਕਿਸਾਨ ਲਹਿਰ ਅੰਦਰ ਕਤਾਰਬੰਦੀ ਅਤੇ ਨਿਖੇੜਾ
ਅੱਗੇ ਵਧ ਰਿਹਾ ਹੈ।
ਹਾਕਮ ਜਮਾਤੀ ਸਿਆਸੀ ਪਾਰਟੀਆਂ ਨਾਲ ਜੁੜੇ ਅਤੇ
ਜਾਗੀਰਦਾਰਾਂ ਦੇ ਹਿਤਾਂ ਦਾ ਝੰਡਾ ਚੁੱਕਣ ਵਾਲੇ ਨਕਲੀ ਕਿਸਾਨ ਲੀਡਰ ਹੁਣ ਤੱਕ ਆਮ ਕਰਕੇ ਅਸਲ
ਕਿਸਾਨ ਮੰਗਾਂ ਨੂੰ ਰੋਲਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਇਸਦੇ ਮੁਕਾਬਲੇ ਜਗੀਰਦਾਰਾਂ ਦੇ ਹਿਤਾਂ ਦੀਆਂ
ਮੰਗਾਂ ਨੂੰ ਮੂਹਰੇ ਲਿਆਉਣ ਦੀ ਕੋਸ਼ਿਸ਼ ਕਰਦੇ ਰਹੇ ਹਨ ਜਾਂ ਫਿਰ ਕਿਸਾਨ ਮੰਗਾਂ ਦੇ ਗਲਾਫ਼ ’ਚ ਜਾਗੀਰਦਾਰਾਂ ਦੇ ਹਿਤਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ
ਰਹੇ ਹਨ। ਉਹ ਕਿਸਾਨ ਮੰਗਾਂ ਨੂੰ ਨਵੀਆਂ ਆਰਥਕ ਨੀਤੀਆਂ ਦੀਆਂ ਲੋੜਾਂ ਮੁਤਾਬਕ ਢਾਲਣ ਦੀਆਂ
ਕੋਸ਼ਿਸ਼ਾਂ ਕਰਦੇ ਰਹੇ ਹਨ ਤਾਂ ਕਿ ਕਿਸਾਨਾਂ ਦੇ ਨਾਮ ’ਤੇ ਵੱਡੇ ਭੋਂ-ਮਾਲਕਾਂ, ਸੂਦਖੋਰਾਂ ਅਤੇ ਵਿਦੇਸ਼ੀ
ਸਾਮਰਾਜੀ ਕੰਪਨੀਆਂ ਦੇ ਹਿਤ ਪੂਰੇ ਜਾ ਸਕਣ।
ਪਰ ਹੁਣ ਕਿਸਾਨ ਘੋਲਾਂ ਦਾ ਵੇਗ ਇਨ੍ਹਾਂ ਲੀਡਰਾਂ
ਨੂੰ ਵੱਧ ਨੰਗੇ ਚਿੱਟੇ ਰੂਪ ’ਚ ਆਪਣਾ ਅਸਲਾ
ਬੇਨਕਾਬ ਕਰਨ ਲਈ ਮਜਬੂਰ ਕਰ ਰਿਹਾ ਹੈ। ਰਾਜੇਵਾਲ ਹਕੂਮਤ ਦੇ ਸੋਹਲੇ ਗਾ ਰਿਹਾ ਹੈ, ਕਿਸਾਨ ਘੋਲ ਨੂੰ ਨਿੰਦ ਰਿਹਾ ਹੈ, ਸ਼ਾਂਤੀ ਭੰਗ ਕਰਨ ਅਤੇ ਹਿੰਸਾ ਭੜਕਾਉਣ ਦੇ ਇਲਜ਼ਾਮ ਲਾ ਰਿਹਾ ਹੈ।
ਉਹ ਨਰਮੇ ਦੀ ਬਰਬਾਦੀ ਦੇ ਮੁਆਵਜ਼ੇ ਨੂੰ ਕਿਸਾਨਾਂ ਦਾ ਹੱਕ ਮੰਨਣ ਤੋਂ ਅਤੇ ਸਰਕਾਰਾਂ ਦੀ
ਜੁੰਮੇਵਾਰੀ ਮੰਨਣ ਤੋਂ ਇਨਕਾਰੀ ਹੈ। ਇਹ ਲੀਡਰ ਹੁਣ ਜੂਝ ਰਹੀਆਂ ਕਿਸਾਨ ਜਥੇਬੰਦੀਆਂ ਖਿਲਾਫ਼
ਕਿਸਾਨਾਂ ਅੰਦਰ ਪ੍ਰਚਾਰ ਕਰਨ ਦੀ ਸਰਕਾਰੀ ਜੁੰਮੇਵਾਰੀ ਨਿਭਾਅ ਰਹੇ ਹਨ। ਰੇਲ ਰੋਕੋ ਐਕਸ਼ਨ ਨੂੰ
ਜਨਤਾ ਨੂੰ ਪਰੇਸ਼ਾਨ ਕਰਨ ਦੀ ਕਾਰਵਾਈ ਵਜੋਂ ਪੇਸ਼ ਕਰ ਰਹੇ ਹਨ ਅਤੇ ਜਾਬਰ ਹਕੂਮਤੀ ਹਮਲੇ ਖਾਤਰ ਜ਼ਮੀਨ
ਤਿਆਰ ਕਰਨ ’ਚ ਹੱਥ ਵਟਾਅ ਰਹੇ ਹਨ। ਇਹ ਨੰਗੀ ਚਿੱਟੀ ਕਿਸਾਨ
ਦੁਸ਼ਮਣੀ ਹੈ।
ਇਨ੍ਹਾਂ ਦਿਨਾਂ ’ਚ ਜਦੋਂ ਕਿਸਾਨ ਅਕਾਲੀ ਸਰਕਾਰ ਦੀ ਕਿਸਾਨ ਦੁਸ਼ਮਣੀ ਦਾ ਤਜਰਬਾ
ਹੰਢਾ ਰਹੇ ਹਨ ਅਤੇ ਇਸ ਨੂੰ ਬੁਰੀ ਤਰ੍ਹਾਂ ਫਿਟਕਾਰਾਂ ਪੈ ਰਹੀਆਂ ਹਨ ਤਾਂ ਸ਼੍ਰੀ ਅਜਮੇਰ ਸਿੰਘ
ਲੱਖੋਵਾਲ ਇਹ ਕਹਿ ਰਹੇ ਹਨ ਕਿ ਕੋਈ ਹਕੂਮਤ ਬਾਦਲ ਹਕੂਮਤ ਨਾਲੋਂ ਵੱਡੀ ਕਿਸਾਨਾਂ ਦੀ ਸੇਵਾਦਾਰ
ਨਹੀਂ ਹੋ ਸਕਦੀ। ਉਹ ਘੋਰ ਸੰਕਟ ਅਤੇ ਮੰਦਹਾਲੀ ਦੇ ਦਿਨਾਂ ’ਚ ਸ਼ਾਹੂਕਾਰ ਆੜ੍ਹਤੀਆਂ ਨੂੰ ਕਿਸਾਨਾਂ ਨੂੰ ਕਰਜ਼ਾ ਨਾ ਦੇਣ ਦੀਆਂ ਨਸੀਹਤਾਂ ਕਰਦੇ ਫਿਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਰਜ਼ੇ ਦੇ ਮੁੜਨ ਦੀ ਕੋਈ ਜਾਮਨੀ ਨਹੀਂ ਹੈ। ਇਹ ਬੈਂਕਾਂ ਖਾਤਰ ਵੀ
ਕਿਸਾਨਾਂ ਨੂੰ ਕਰਜ਼ੇ ਨਾ ਦੇਣ ਦਾ ਇਸ਼ਾਰਾ ਹੈ। ਇਹ ਸਿਰੇ ਦੀ ਮੰਦਹਾਲੀ ਦੀ ਹਾਲਤ ਹੰਢਾ ਰਹੇ
ਕਿਸਾਨਾਂ ਦੀਆਂ ਜ਼ਮੀਨਾਂ ਲਈ ਲਲਚਾਏ ਜਾਗੀਰਦਾਰਾਂ ਦੀ ਸੇਵਾ ਹੈ ਕਿਉਂਕਿ ਬੈਂਕ ਕਰਜ਼ੇ ਤੋਂ ਮਹਿਰੂਮ
ਹੋਏ ਕੰਗਾਲ ਕਿਸਾਨ ਕੋਲ਼ ਜ਼ਮੀਨ ਵੇਚਣ ਤੋਂ ਬਿਨਾਂ ਕੋਈ ਰਾਹ ਨਹੀਂ ਬਚਦਾ। ਇਹ ਜ਼ਮੀਨਾਂ ਤੋਂ ਸੱਖਣੇ
ਕਿਸਾਨਾਂ ਦੇ ਠੇਕੇ ਦੀਆਂ ਰਕਮਾਂ ਨਾਲ ਭੋਂ-ਸਰਦਾਰਾਂ ਦੀਆਂ ਝੋਲੀਆਂ ਭਰਨ ਦਾ ਮਨਸੂਬਾ ਹੈ।
ਕਿਸਾਨਾਂ ਦੀ ਘੋਰ ਕੰਗਾਲੀ ਦੀ ਹਾਲਤ ’ਚ ਫੁਰ ਰਹੇ ਇਹ
ਫੁਰਨੇ ਜਗੀਰਦਾਰ ਜਮਾਤ ਵਾਲੀ ਜਹਿਨੀਅਤ ਨੂੰ ਸਾਹਮਣੇ ਲਿਆਉਂਦੇ ਹਨ।
ਪਿਸ਼ੌਰਾ ਸਿੰਘ ਸਿੱਧੂਪੁਰ ਨੇ ਆਪਣੇ ਵਿਰੋਧ ਦੀ
ਤਿੱਖੀ ਧਾਰ ਖੇਤ-ਮਜ਼ਦੂਰਾਂ ਖਿਲਾਫ਼ ਸੇਧਤ ਕੀਤੀ ਹੈ। ਉਹ ਇਹ ਕਹਿਣ ਤੱਕ ਗਿਆ ਹੈ ਕਿ ਖੇਤ-ਮਜ਼ਦੂਰ
ਨਰਮੇਂ ਦੀ ਬਰਬਾਦੀ ਦੇ ਮੁਆਵਜ਼ੇ ਦੇ ਹੱਕਦਾਰ ਨਹੀਂ ਹਨ। ਇਉਂ ਉਸਨੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ’ਚ ਦਰਾੜ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਖੇਤ-ਮਜ਼ਦੂਰਾਂ ਨਾਲ ਰਲ਼ ਕੇ
ਜੂਝਣ ਦਾ ਪੈਂਤੜਾ ਲੈ ਰਹੀਆਂ ਕਿਸਾਨ ਜਥੇਬੰਦੀਆਂ ਖਿਲਾਫ਼ ਕਿਸਾਨਾਂ ’ਚ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਕਸਦ ਇਹ ਹੈ ਕਿ
ਖੇਤ-ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਨੂੰ ਨਿਖੇੜਿਆ ਜਾਵੇ ਅਤੇ ਦਰਮਿਆਨੇ ਤੇ ਧਨੀ ਕਿਸਾਨਾਂ ਨੂੰ
ਜਾਗੀਰਦਾਰਾਂ ਦੀ ਛਤਰ-ਛਾਇਆ ਹੇਠ ਇਨ੍ਹਾਂ ਖਿਲਾਫ਼ ਭੁਗਤਾਇਆ ਜਾਵੇ।
ਇਹ ਹਾਲਤ ਦਾ ਤਸੱਲੀਬਖਸ਼ ਪੱਖ ਹੈ ਕਿ
ਖੇਤ-ਮਜ਼ਦੂਰਾਂ ਲਈ ਮੁਆਵਜ਼ੇ ਦੀ ਮੰਗ ਨੂੰ ਕਿਸਾਨਾਂ ਦਾ ਸਮਰਥਨ ਮਿਲਿਆ ਹੈ। ਬਠਿੰਡਾ ਕਿਸਾਨ ਮੋਰਚੇ ’ਚ ਖੇਤ-ਮਜ਼ਦੂਰਾਂ ਦੀ ਮੰਗ ਲਈ ਧੁਰ ਤੱਕ ਜੂਝਣ ਦਾ ਐਲਾਨ ਹੋਇਆ ਹੈ।
ਇਹ ਮੰਗ ਪੰਜਾਬ ਸਰਕਾਰ ਨਾਲ ਗੱਲਬਾਤ ਦੌਰਾਨ ਉੱਭਰਵੀਂ ਚਰਚਾ ’ਚ ਆਈ ਹੈ। ਹਕੂਮਤ ਨੂੰ ਖੇਤ-ਮਜ਼ਦੂਰਾਂ ਨੂੰ ਮੁਆਵਜ਼ੇ ਦੀ ਹੱਕਦਾਰ ਧਿਰ ਵਜੋਂ ਮਾਨਤਾ ਦੇਣੀ ਪਈ
ਹੈ। ਇਸ ਪੱਖ ਨੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੀ ਏਕਤਾ ਨੂੰ ਹੁਲਾਰਾ ਦੇਣਾ ਹੈ।
No comments:
Post a Comment