Sunday, October 4, 2015

18) ਅਕਤੂਬਰ ਇਨਕਲਾਬ ਦੀ ਪਰੇਰਨਾ



ਉਤਸ਼ਾਹ ਦਾ ਸੋਮਾ ਰਹੇਗੀ ਅਕਤੂਬਰ ਇਨਕਲਾਬਾਂ ਦੀ ਪ੍ਰੇਰਨਾ

ਪਰਮਿੰਦਰ

ਅੱਜ ਤੋਂ ਠੀਕ 98 ਸਾਲ ਪਹਿਲਾਂ ਸੰਨ 1917 'ਚ ਰੂਸ ਦੀ ਮਜ਼ਦੂਰ ਜਮਾਤ ਨੇ ਕਾਮਰੇਡ ਲੈਨਿਨ ਅਤੇ ਰੂਸੀ ਬਾਲਸ਼ਵਿਕ ਪਾਰਟੀ ਦੀ ਅਗਵਾਈ ਵਿਚ ਸਰਮਾਏਦਾਰੀ ਰਾਜ ਨੂੰ ਪਟਕਾ ਕੇ ਸਮਾਜਵਾਦੀ ਇਨਕਲਾਬ ਕਰਨ ਦਾ ਫਖਰਯੋਗ ਕਾਰਨਾਮਾ ਕਰ ਵਿਖਾਇਆ ਸੀ। ਇਸ ਯੂੱਗ ਪਲਟਾਊ ਘਟਨਾ ਨਾਲ ਸੰਸਾਰ ਸਾਮਰਾਜੀ ਪ੍ਰਬੰਧ ਨੂੰ ਪਾੜ ਲੱਗ ਗਿਆ ਸੀ । ਦੁਨੀਆਂ ਦਾ ਛੇਵਾਂ ਹਿੱਸਾ ਆਬਾਦੀ ਰੱਤ-ਪੀਣੇ ਸਰਮਾਏਦਾਰੀ ਪ੍ਰਬੰਧ ਤੋਂ ਸਮਾਜਵਾਦੀ ਪ੍ਰਬੰਧ ਉਸਾਰਨ ਦੇ ਰਾਹ ਪੈ ਗਈ ਸੀ। ਜਮਾਤਰਹਿਤ ਤੇ ਲੁੱਟ ਰਹਿਤ ਸਮਾਜ ਸਿਰਜਣ ਦੀ ਮਨੁੱਖੀ ਸੱਧਰ ਨੂੰ ਸਾਕਾਰ ਕਰਨ ਲਈ ਇੱਕ ਵੱਡਾ ਲਾਂਘਾ ਭੰਨਿਆ ਗਿਆ ਸੀ।
ਮਹਾਨ ਅਕਤੂਬਰ ਇਨਕਲਾਬ ਦੀ ਇਸ ਘਟਨਾ ਨੇ ਹੋਰਨਾਂ ਵਿਕਸਤ ਸਰਮਾਏਦਾਰ ਦੇਸ਼ਾਂ ਵਿਚ ਮਜਦੂਰ ਜਮਾਤ ਦੀ ਇਨਕਲਾਬੀ ਜੱਦੋ-ਜਹਿਦ ਨੂੰ ਭਾਰੀ ਹੁਲਾਰਾ ਤੇ ਸੇਧ ਦਿੱਤੀ । ਨਾਲ ਹੀ ਇਸ ਨੇ ਦੁਨੀਆਂ ਭਰ ਦੇ ਬਸਤੀਵਾਦੀ ਗੁਲਾਮੀ ਅਤੇ ਸਾਮਰਾਜੀ ਤੇ ਜਾਗੀਰੂ ਦਾਬੇ ਦੇ ਸ਼ਿਕਾਰ ਕੌਮਾਂ ਅਤੇ ਲੋਕਾਂ ਦੀ ਮੁਕਤੀ ਅਤੇ ਜਮਾਤੀ ਜੱਦੋਜਹਿਦਾਂ ਲਈ ਅਥਾਹ ਪ੍ਰੇਰਨਾ, ਉਤਸ਼ਾਹ ਤੇ ਬਲ ਬਖਸ਼ਿਆ। ਇਸ ਨਾਲ ਵਿਕਸਤ ਸਰਮਾਏਦਾਰ ਦੇਸ਼ਾਂ ਅੰਦਰ ਮਜ਼ਦੂਰ ਜਮਾਤ ਦੀ ਇਨਕਲਾਬੀ ਜੱਦੋਜਹਿਦ ਅਤੇ ਬਸਤੀਵਾਦੀ ਮੁਲਕਾਂ 'ਚ ਕੌਮੀ ਆਜਾਦੀ ਦੀ ਲਹਿਰ ਜੋਰ ਫੜਨ ਲੱਗ ਪਈ। ਉੱਧਰ, ਪਹਿਲਾਂ ਕਾਮਰੇਡ ਲੈਨਿਨ ਤੇ ਫੇਰ ਕਾਮਰੇਡ ਸਟਾਲਿਨ ਦੀ ਅਗਵਾਈ ਵਿਚ ਸੋਵੀਅਤ ਰੂਸ ਸਮਾਜਵਾਦੀ ਉਸਾਰੀ ਦੇ ਰਾਹ ਉਤੇ ਤੇਜ ਪੁਲਾਂਘਾਂ ਭਰਦਿਆਂ ਇੱਕ ਸ਼ਕਤੀਸ਼ਾਲੀ ਸਮਾਜਵਾਦੀ ਮੁਲਕ ਅਤੇ ਸੰਸਾਰ ਇਨਕਲਾਬੀ ਲਹਿਰ ਦੇ ਕੇਂਦਰ ਵਜੋਂ ਉੱਭਰ ਆਇਆ। ਇਉਂ ਇਹ ਉਸ ਵੇਲੇ ਦੀ ਕੌਮਾਂਤਰੀ ਹਾਲਤ, ਰਿਸ਼ਤਿਆਂ ਅਤੇ ਘਟਨਾਵਾਂ ਦੇ ਵਹਿਣ ਨੂੰ ਪ੍ਰਭਾਵਤ ਕਰਨ ਦੇ ਸਮਰੱਥ ਹੋ ਗਿਆ। ਦੂਜੀ ਸੰਸਾਰ ਜੰਗ ਦੌਰਾਨ ਅਜੇਤੂ ਸਮਝੀ ਜਾ ਰਹੀ ਸ਼ਕਤੀਸ਼ਾਲੀ ਫਾਸ਼ਿਸਟ ਜਰਮਨੀ ਨੂੰ ਹਰਾਉਣ ਵਿੱਚ ਸਮਾਜਵਾਦੀ ਸੋਵੀਅਤ ਯੂਨੀਅਨ ਦੀ ਨਿਰਣਾਇਕ ਭੂਮਿਕਾ ਨੇ ਸੋਵੀਅਤ ਯੂਨੀਅਨ ਅਤੇ ਸਮਾਜਵਾਦੀ ਪ੍ਰਬੰਧ ਦੇ ਵਕਾਰ ਨੂੰ ਸਿਖਰੀਂ ਪਹੁੰਚਾ ਦਿੱਤਾ। ਇਸ ਸੰਸਾਰ ਜੰੰਗ ਦੇ ਅਮਲ ਦੌਰਾਨ, ਪੂਰਬੀ ਯੂਰਪ ਦੇ ਅਨੇਕ ਮੁਲਕ ਫਾਸ਼ਿਜ਼ਮ ਤੇ ਸਰਮਾਏਦਾਰੀ ਦਾ ਜੂਲਾ ਵਗਾਹ ਕੇ ਸਮਾਜਕ ਜਮਹੂਰੀਅਤ ਸਥਾਪਤ ਕਰਨ 'ਚ ਜੇਤੂ ਹੋ ਨਿੱਬੜੇ । ਬਾਅਦ 'ਚ ਇਹ ਸਮਾਜਕ-ਜਮਹੂਰੀ ਨਿਜਾਮ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਦੇ ਰਾਹ ਪੈ ਗਏ।
1949 'ਚ ਕਾਮਰੇਡ ਮਾਓ-ਜ਼ੇ-ਤੁੰਗ ਦੀ ਅਗਵਾਈ ਹੇਠ ਚੀਨ ਦੀ ਕਮਿਊਨਿਸਟ ਪਾਰਟੀ ਨੇ ਚੀਨ ਅੰਦਰ ਲੋਕ ਜਮਹੂਰੀ ਇਨਕਲਾਬ ਨੇਪਰੇ ਚਾੜਿਆ। ਅਕਤੂਬਰ 1949 'ਚ ਪ੍ਰਧਾਨ ਮਾਓ-ਜ਼ੇ-ਤੁੰਗ ਵੱਲੋਂ ਕੀਤਾ ਲੋਕ-ਜਮਹੂਰੀ ਚੀਨੀ ਗਣਰਾਜ ਦੀ ਸਥਾਪਨਾ ਦਾ ਐਲਾਨ ਸੰਸਾਰ ਸਿਆਸੀ ਦ੍ਰਿਸ਼ ਤੇ ਵਾਪਰੀ ਇੱਕ ਹੋਰ ਧਰਤ-ਹਿਲਾਊ ਘਟਨਾ ਸੀ। ਇਸ ਨੇ ਪੂਰਬ ਦੇ ਘੱਟ ਵਿਕਸਤ, ਪਛੜੇ ਤੇ ਬਸਤੀਵਾਦੀ ਮੁਲਕਾਂ 'ਚ ਜੇਤੂ ਇਨਕਲਾਬਾਂ ਦੀ ਸ਼ੁਰੂਆਤ ਦਾ ਬਿਗਲ ਵਜਾ ਦਿੱਤਾ। ਇਉਂ ਪਿਛਲੀ ਸਦੀ ਦੇ ਮਗਰਲੇ ਅੱਧ ' ਸ਼ਕਤੀਸ਼ਾਲੀ ਸਮਾਜਵਾਦੀ ਰਾਜ ਸੋਵੀਅਤ ਯੂਨੀਅਨ ਦੀ ਲੀਡਰਸ਼ਿਪ ਹੇਠ ਪੂਰਬੀ ਯੂਰਪ ਦੇ ਸਮਾਜਵਾਦੀ ਮੁਲਕਾਂ ਅਤੇ ਸਮਾਜਵਾਦੀ ਚੀਨੀ ਗਣਰਾਜ ਨੂੰ ਮਿਲਾ ਕੇ ਇੱਕ ਤਾਕਤਵਰ ਸਮਾਜਵਾਦੀ ਕੈਂਪ ਉੱਭਰ ਆਇਆ ਸੀ। ਇਸ ਨਾਲ ਸੰਸਾਰ ਪੱਧਰ 'ਤੇ ਤਾਕਤਾਂ ਦੇ ਤੋਲ ਵਿਚ ਭਾਰੀ ਤਬਦੀਲੀ ਆ ਗਈ ਸੀ। ਇਹ ਸ਼ਕਤੀਸ਼ਾਲੀ ਸਮਾਜਵਾਦੀ ਕੈਂਪ ਸੰਸਾਰ ਪਿੜ 'ਚ ਵਾਪਰ ਰਹੀਆਂ ਘਟਨਾਵਾਂ ਦੇ ਵਹਿਣ ਨੂੰ ਫੈਸਲਾਕੁੰਨ ਰੂਪ 'ਚ ਪ੍ਰਭਾਵਤ ਕਰਨ ਲੱਗਿਆ ਸੀ।
ਮਹਾਨ ਅਕਤੂਬਰ ਇਨਕਲਾਬ ਵੱਲੋਂ ਜਗਾਈ ਤੇ ਪੂਰਬੀ ਯੂਰਪ ਤੇ ਚੀਨ ਦੇ ਇਨਕਲਾਬ ਵੱਲੋਂ ਸਿੰਜੀ ਇਨਕਲਾਬੀ ਲੋਅ ਦਾ ਪ੍ਰਕਾਸ਼ ਦਿਨੋ ਦਿਨ ਚੁਫੇਰੇ ਫੈਲਦਾ ਤੇ ਵਧਦਾ ਜਾ ਰਿਹਾ ਸੀ। ਸਮਾਜਵਾਦੀ ਮੁਲਕਾਂ ' ਛੜੱਪੀਂ ਹੋ ਰਿਹਾ ਸਰਬ-ਪੱਖੀ ਵਿਕਾਸ ਤੇ ਲੋਕਾਂ ਦੀਆਂ ਜੀਵਨ ਹਾਲਤਾਂ 'ਚ ਤੇਜੀ ਨਾਲ ਹੋ ਰਹੀ ਬੇਹਤਰੀ ਨੂੰ ਸਾਰੀ ਦੁਨੀਆਂ ਅਚੰਭੇ ਨਾਲ ਦੇਖ ਰਹੀ ਸੀ। ਭੁੱਖ-ਮਰੀ, ਬੇਰੁਜ਼ਗਾਰੀ, ਨਸਲੀ ਵਿਤਕਰੇ ਤੇ ਜੁਰਮ ਜਿਹੀਆਂ ਲਾਅਨਤਾਂ ਗਾਇਬ ਹੋ ਗਈਆਂ ਸਨ। ਸਰਮਾਏਦਾਰੀ ਪ੍ਰਬੰਧ ਅਧੀਨ ਅਸੰਭਵ ਜਾਪਦੀਆਂ ਇਹ ਪ੍ਰਾਪਤੀਆਂ ਸਰਮਾਏਦਾਰੀ ਪ੍ਰਬੰਧ ਦੇ ਮੁਕਾਬਲੇ ਸਮਾਜਵਾਦੀ ਪ੍ਰਬੰਧ ਦੀ ਉੱਤਮਤਾ ਦਾ ਮੂੰਹ ਬੋਲਦਾ ਪ੍ਰਮਾਣ ਬਣ ਕੇ ਦੁਨੀਆਂ ਭਰ ਦੇ ਲੋਕਾਂ ਨੂੰ ਧੂਹ ਪਾ ਰਹੀਆਂ ਸਨ। ਉਧਰ ਦੁਨੀਆਂ ਅੰਦਰ ਪ੍ਰਚੰਡ ਹੋ ਰਹੀਆਂ ਕੌਮੀ-ਮੁਕਤੀ ਦੀਆਂ ਲਹਿਰਾਂ ਅਤੇ ਹੋਰ ਇਨਕਲਾਬੀ ਜਮਾਤੀ ਘੋਲ ਅਤੇ ਸਮਾਜਵਾਦੀ ਮੁਲਕਾਂ ਵੱਲੋਂ ਇਹਨਾਂ ਜੱਦੋਜਹਿਦਾਂ ਤੇ ਲਹਿਰਾਂ ਦੀ ਕੀਤੀ ਜਾ ਰਹੀ ਗਹਿ-ਗੱਡਵੀਂ ਤੇ ਬੇਗਰਜ ਹਮਾਇਤ ਇਹ ਸਭ ਮਿਲ ਕੇ ਸੰਸਾਰ ਪੂੰਜੀਵਾਦ ਦੇ ਪ੍ਰਭੂਆਂ ਨੂੰ ਕੰਬਣੀਆਂ ਛੇੜ ਰਹੇ ਸਨ। ਇਹ ਇੱਕ ਵੱਡਾ ਕਾਰਨ ਸੀ ਜਿਸ ਕਰਕੇ ਸਮਾਜਵਾਦੀ ਪ੍ਰਬੰਧ ਤੇ ਵਿਚਾਰਾਂ ਵੱਲੋਂ ਪੂੰਜੀਵਾਦੀ ਪ੍ਰਬੰਧ ਨੂੰ ਲਾਏ ਜਾ ਰਹੇ ਖੋਰੇ ਨੂੰ ਰੋਕਣ ਲਈ, ਹੋਰਨਾਂ ਉਪਾਵਾਂ ਦੇ ਨਾਲ ਨਾਲ ਸੰਸਾਰ ਪੂੰਜੀਵਾਦ ਨੂੰ ''ਕਲਿਆਣਕਾਰੀ ਪੂੰਜੀਵਾਦ'' ਦਾ ਜਾਮਾ ਪਹਿਨਣਾ ਪਿਆ। ਪੂੰਜੀਵਾਦੀ ਰਾਜਾਂ ਵੱਲੋਂ ਲੋਕਾਂ ਨੂੰ ਲੁਭਾਅ ਕੇ ਰੱਖਣ ਲਈ ਬਾਲ-ਭਲਾਈ, ਵਿਦਿਆ, ਸਿਹਤ, ਸਮਾਜਕ ਸੁਰੱਖਿਆ ਆਦਿਕ ਖੇਤਰਾਂ ਵਿਚ ਅਨੇਕਾਂ ਕਲਿਆਣਕਾਰੀ ਪ੍ਰੋਗਰਾਮ ਅਰੰਭੇ ਗਏ ਸਨ। ਹੁਣ ਸਮਾਜਵਾਦੀ ਪ੍ਰਬੰਧ ਦੀ ਗੈਰਹਾਜਰੀ ' ਮੁਕਾਬਲੇਬਾਜੀ ਨਾ ਰਹਿਣ ਅਤੇ ਸੰਸਾਰ ਸਾਮਰਾਜੀ ਪ੍ਰਬੰਧ ਦੇ ਸੰਕਟ ਦੇ ਅਤਿਅੰਤ ਤਿੱਖਾ ਹੋ ਜਾਣ ਨਾਲ ਹੌਲੀ ਹੌਲੀ ਸਭਨਾ ਸਰਮਾਏਦਾਰ ਮੁਲਕਾਂ ਵੱਲੋਂ ਉਸ ਵੇਲੇ ਚੁੱਕੇ ਇਹਨਾਂ ਕਲਿਆਣਕਾਰੀ ਕਦਮਾਂ ਤੋਂ ਪੈਰ ਪਿੱਛੇ ਖਿੱਚੇ ਜਾ ਚੁੱਕੇ ਹਨ ਜਾਂ ਖਿਚੇ ਜਾ ਰਹੇ ਹਨ।
ਪਿਛਲੇ ਕੁੱਝ ਦਹਾਕਿਆਂ ਦੌਰਾਨ ਕੌਮਾਂਤਰੀ ਕਮਿਊਨਿਸਟ ਲਹਿਰ ਅੰਦਰ ਮੌਕਾਪ੍ਰਸਤੀ ਦੇ ਹਾਵੀ ਹੋ ਜਾਣ ਅਤੇ ਸਮਾਜਵਾਦੀ ਕੈਂਪ ਅਤੇ ਰਾਜਾਂ ਦਾ ਪਤਨ ਹੋ ਜਾਣ ਨਾਲ ਸੰਸਾਰ ਹਾਲਤ ਵਿਚ ਵੱਡੀ ਤਬਦੀਲੀ ਆ ਚੁੱਕੀ ਹੈ। ਸੰਸਾਰ ਕਮਿਊਨਿਸਟ ਲਹਿਰ ਵਿਚਾਰਧਾਰਕ ਘਚੋਲੇ, ਸੰਕਟ ਤੇ ਖਿੰਡਾਅ ਦਾ ਸ਼ਿਕਾਰ ਹੈ। ਹੋਰ ਇਨਕਲਾਬੀ ਤੇ ਜਮਹੂਰੀ ਸ਼ਕਤੀਆਂ ਵੀ ਕਮਜੋਰੀ ਦੀ ਹਾਲਤ 'ਚੋਂ ਲੰਘ ਰਹੀਆਂ ਹਨ। ਤੁਰਤ ਪੈਰੇ ਪ੍ਰਸੰਗ 'ਚ ਇਨਕਲਾਬੀ ਸ਼ਕਤੀਆਂ ਫੌਰੀ ਪੱਖ ਤੋਂ ਸਾਮਰਾਜੀ ਪ੍ਰਬੰਧ ਲਈ ਕੋਈ ਗੰਭੀਰ ਚੁਣੌਤੀ ਨਹੀਂ ਬਣਦੀਆਂ। ਤਾਂ ਵੀ, ਸੰਸਾਰ ਸਾਮਰਾਜੀ ਪ੍ਰਬੰਧ ਬਹੁਤ ਹੀ ਤਿੱਖੇ ਸੰਕਟ ਦਾ ਸ਼ਿਕਾਰ ਹੈ ਜਿਸ 'ਚੋਂ ਨਿੱਕਲਣਾ ਔਖਾ ਲੱਗ ਰਿਹਾ ਹੈ । ਮੌਜੂਦਾ ਹਾਲਤ ਦੀ 1930 ਵਿਆਂ 'ਚ ਸੰਸਾਰ ਸਾਮਰਾਜ ਨੂੰ ਦਰਪੇਸ਼ ਆਏ ਚੌਤਰਫਾ ਭਿਆਨਕ ਮੰਦਵਾੜੇ ਨਾਲ ਤੁਲਨਾ ਕੀਤੀ ਜਾ ਰਹੀ ਹੈ। ਇਹ ਹਾਲਤ ਵੱਡਾ ਝੱਖੜ ਝੁੱਲਣ ਤੋਂ ਪਹਿਲਾਂ ਬਣਨ ਵਾਲੇ ਦਮ-ਘੋਟੂ ਮਹੌਲ ਵਰਗੀ ਹੈ। ਮਹਾਨ ਅਕਤੂਬਰ ਇਨਕਲਾਬ ਤੇ ਚੀਨੀ ਇਨਕਲਾਬ ਦੀ ਇਨਕਲਾਬੀ ਵਿਰਾਸਤ ਅਜਿਹੀ ਹਾਲਤ 'ਚ ਇਨਕਲਾਬੀ ਸ਼ਕਤੀਆਂ ਦੀ ਤੇਜ ਰਫਤਾਰ ਪੇਸ਼ਕਦਮੀ ਲਈ ਉਹਨਾਂ ਦਾ ਅੱਜ ਵੀ ਰਾਹ ਰੁਸ਼ਨਾਉਂਦੀ ਹੈ।
ਉਪਰੋਕਤ ਦੋਹਾਂ ਮਹਾਨ ਇਨਕਲਾਬਾਂ ਦੇ ਵਿਰਸੇ ਨੇ ਇਤਿਹਾਸਕ ਤੌਰ 'ਤੇ ਇਹ ਗੱਲ ਸਥਾਪਤ ਕਰ ਦਿੱਤੀ ਹੈ ਕਿ ਮਾਰਕਸਵਾਦੀ ਵਿਚਾਰਧਾਰਾ ਤੇ ਫਲਸਫਾ ਮਹਿਜ ਕੋਈ ਕਾਲਪਨਿਕ ਸਿਧਾਂਤ ਨਹੀਂ, ਸਗੋਂ ਵਿਗਿਆਨਕ ਵਿਚਾਰਧਾਰਾ ਤੇ ਫਲਸਫਾ ਹੈ।
ਰਮਾਏਦਾਰੀ ਪ੍ਰਬੰਧ ਦਾ ਪਤਨ ਕੋਈ ਮਨਘੜਤ ਖੁਸ਼ਫਹਿਮੀ ਨਹੀਂ, ਸਗੋਂ ਅਟੱਲ ਵਰਤਾਰਾ ਹੈ। ਸਮਾਜਵਾਦੀ ਰਾਜਾਂ ਦੀ ਸਥਾਪਨਾ ਕੋਈ ਖੁਸ਼ਗਵਾਰ ਸੁਪਨਾ ਨਹੀਂ, ਇਸ ਧਰਤੀ ਉਪਰ ਇਸ ਦੇ ਲੱਗਭੱਗ ਇੱਕ ਤਿਹਾਈ ਭਾਗ ਉਤੇ ਹੋਂਦ ਵਿਚ ਆ ਚੁੱਕੀ ਤੇ ਕਈ ਦਹਾਕੇ ਕਿਰਿਆਸ਼ੀਲ ਰਹੀ ਪ੍ਰਤੱਖ ਹਕੀਕਤ ਹੈ। ਇਹਨਾਂ ਸਮਾਜਵਾਦੀ ਰਾਜਾਂ ਦੀਆਂ ਬਰਕਤਾਂ ਹੰਢਾ ਚੁੱਕੀ ਪੀੜੀ ਚਾਹੇ ਹੁਣ ਅਲੋਪ ਹੋ ਰਹੀ ਹੈ ਪਰ ਇਹਨਾਂ ਸਮਾਜਾਂ 'ਚ ਕਾਣੀ ਆਰਥਕ ਵੰਡ, ਸਮਾਜਿਕ ਅਨਿਆਂ, ਬੇਰੁਜ਼ਗਾਰੀ, ਭੁੱਖਮਰੀ, ਨਸ਼ੇਖੋਰੀ ਜਿਹੀਆਂ ਅਲਾਮਤਾਂ ਨੂੰ ਤੇਜੀ ਨਾਲ ਪਏ ਖੋਰੇ ਤੇ ਵਸੋਂ ਦੀਆਂ ਜੀਵਨ ਹਾਲਤਾਂ 'ਚ ਆਏ ਵੱਡੇ ਸੁਧਾਰ ਇਤਿਹਾਸ ਦੇ ਪੰਨਿਆਂ ਉੱਪਰ ਉੱਕਰੇ ਜਾ ਚੁੱਕੇ ਹਨ ਜਿੰਨਾਂ ਨੂੰ ਸੌਖਿਆਂ ਹੀ ਮਿਟਾਇਆ ਨਹੀਂ ਜਾ ਸਕਦਾ। ਕੋਈ ਵੀ ਨਵਾਂ ਤਜਰਬਾ ਜਾਂ ਸਿਰਜਣਾਤਮਕ ਸਰਗਰਮੀ ਵੇਲੇ ਰਹਿਣ ਵਾਲੀਆਂ ਸੁਭਾਵਕ ਘਾਟਾਂ ਕਮਜੋਰੀਆਂ ਵਾਂਗ ਇਹਨਾਂ ਸਮਾਜਵਾਦੀ ਪ੍ਰਬੰਧਾਂ ਅੰਦਰ ਤਰੁਟੀਆਂ ਰਹਿਣੀਆਂ ਸੁਭਾਵਕ ਸਨ। ਫਿਰ ਵੀ ਲੁੱਟ-ਖਸੁੱਟ ਤੇ ਵਿਤਕਰਿਆਂ 'ਤੇ ਅਧਾਰਤ ਸਰਮਾਏਦਾਰੀ ਨਿਜ਼ਾਮ ਅਤੇ ਪ੍ਰਬੰਧ ਦੇ ਮੁਕਾਬਲੇ ਇਨਾਂ ਸਮਾਜਵਾਦੀ ਰਾਜਾਂ ਤੇ ਪ੍ਰਬੰਧ ਦੀ ਉੱਤਮਤਾ ਇੱਕ ਨਾ ਝੁਠਲਾਈ ਜਾ ਸਕਣ ਵਾਲੀ ਹਕੀਕਤ ਹੈ। ਇਹਨਾਂ ਇਨਕਲਾਬਾਂ ਦੇ ਗੌਰਵਮਈ ਵਿਰਸੇ ਦੀਆਂ ਇਹ ਅਤੇ ਹੋਰ ਅਨੇਕਾਂ ਮਾਣਮੱਤੀਆਂ ਪ੍ਰਾਪਤੀਆਂ ਇਹਨਾਂ ਮਹਾਨ ਇਨਕਲਾਬਾਂ ਦੀ ਲੋਅ ਨੂੰ  ਕਦੇ ਬੁਝਣ ਜਾਂ ਮੱਧਮ ਨਹੀਂ ਪੈਣ ਦੇਣਗੀਆਂ। ਮਹਾਨ ਅਕਤੂਬਰ ਇਨਕਲਾਬ ਅਤੇ ਮਹਾਨ ਚੀਨੀ ਇਨਕਲਾਬ ਦੀਆਂ ਗੂੰਜਾਂ ਉਦੋਂ ਤੱਕ ਪੈਂਦੀਆਂ ਰਹਿਣਗੀਆਂ ਜਦੋਂ ਤੱਕ ਰੱਤ-ਪੀਣੇ ਤੇ ਹਿੰਸਕ ਸਾਮਰਾਜੀ ਪ੍ਰਬੰਧ ਨੂੰ ਸਦਾ ਲਈ ਹੂੰਝ ਕੇ ਇਤਿਹਾਸ ਦੇ ਕੂੜੇ ਦੇ ਢੇਰ 'ਤੇ ਸੁੱਟ ਨਹੀਂ ਦਿੱਤਾ ਜਾਂਦਾ ਤੇ ਇਸ ਦੀ ਥਾਂ ਸਮਾਜਵਾਦੀ ਪ੍ਰਬੰਧ ਸਥਾਪਤ ਨਹੀਂ ਹੋ ਜਾਂਦਾ।

No comments:

Post a Comment