ਖੇਤ-ਮਜ਼ਦੂਰ ਸ਼ਕਤੀ ਦਾ ਸਮਾਜਕ ਮਹੱਤਵ ਅਤੇ ਸਾਂਝੀ ਸਰਗਰਮੀਂ
ਨਵਾਂ ਜ਼ਮਾਨਾ ਦੀ ਖਬਰ
ਅਨੁਸਾਰ ਪੇਂਡੂ ਅਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ 'ਚ ਦੋ ਤੋਂ ਚਾਰ ਸਤੰਬਰ ਤੱਕ ਡਿਪਟੀ ਕਮਿਸ਼ਨਰਾਂ ਦੇ
ਦਫਤਰਾਂ ਅੱਗੇ ਦਿਨ ਰਾਤ ਧਰਨੇ ਦਿੱਤੇ ਹਨ।ਸਾਂਝੇ ਮੋਰਚੇ ਦੇ ਸੱਦੇ ਨੂੰ ਭਰਵਾਂ
ਹੁੰਗਾਰਾ ਮਿਲਿਆ ਹੈ। ਹਜ਼ਾਰਾਂ ਬੇਜ਼ਮੀਨੇ ਅਤੇ ਗਰੀਬ ਮਜ਼ਦੂਰਾਂ ਨੇ ਹਿੱਸਾ ਲਿਆ ਹੈ। ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ,
ਪਠਾਨਕੋਟ, ਜਲੰਧਰ, ਬਠਿੰਡਾ, ਸੰਗਰੁਰ, ਮਾਨਸਾ, ਮੋਗਾ, ਫਰੀਦਕੋਟ, ਮੁਕਤਸਰ, ਫਾਜਿਲਕਾ, ਫਿਰੋਜਪੁਰ ਆਦਿ ਜਿਲ੍ਹਿਆਂ ਤੋਂ ਪੁੱਜੀਆਂ ਖਬਰਾਂ
ਅਨੁਸਾਰ ਭਾਰੀ ਗਿਣਤੀ ਵਿੱਚ ਝੰਡੇ ਚੁੱਕ ਕੇ ਰੋਹ ਭਰਪੂਰ ਨਾਅਰੇ ਮਾਰਦੇ ਲੋਕ ਧਰਨਿਆਂ ਵਿੱਚ
ਸ਼ਾਮਲ ਹੋਏ। ਇਹਨਾਂ ਧਰਨਿਆਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ।
ਸਾਥੀ ਗੁਰਨਾਮ
ਸਿੰਘ ਦਾਊਦ ਵੱਲੋਂ ਜਾਰੀ ਕੀਤੇ ਇੱਕ ਬਿਆਨ ਅਨੁਸਾਰ ਇਸ ਤੋਂ ਪਹਿਲਾਂ ੬ ਅਗਸਤ ਨੂੰ ਤਹਿਸੀਲ
ਪੱਧਰੇ ਧਰਨੇ ਮਾਰ ਕੇ 11 ਸੂਤਰੀ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ।ਪਰ
ਸਰਕਾਰ ਦਾ ਕੋਈ ਹਾਂ-ਪੱਖੀ ਪ੍ਰਤੀਕਰਮ ਨਾ ਆਉਣ ਕਰਕੇ ਸੱਤ ਜਥੇਬੰਦੀਆਂ ਨੇ ਡੀ.ਸੀ. ਦਫਤਰਾਂ
ਅੱਗੇ ੩ ਰੋਜ਼ਾ ਧਰਨੇ ਦੇਣ ਦਾ ਫੈਸਲਾ ਕੀਤਾ। ਇਹਨਾਂ ਧਰਨਿਆਂ ਦੌਰਾਨ ਹਰੇਕ ਜਿਲ੍ਹੇ ਵਿੱਚੋਂ
ਸੰਬੰਧਤ ਡੀ.ਸੀ. ਰਾਹੀਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜ ਕੇ ਮੰਗ ਕੀਤੀ ਗਈ ਕਿ
ਆਟਾ ਦਾਲ ਸਕੀਮ, ਬੁਢਾਪਾ,
ਵਿਧਵਾ, ਅੰਗਹੀਣ ਤੇ ਆਸ਼ਰਿਤ ਪੈਨਸ਼ਨਾਂ, ਸ਼ਗਨ ਸਕੀਮ, ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਦੇ ਗਰੀਬ ਬੱਚਿਆਂ ਨੂੰ
ਮਿਲਦੇ ਵਜੀਫਿਆਂ ਦੀਆਂ ਬਕਾਇਆ ਰਕਮਾਂ ਤੁਰੰਤ ਜਾਰੀ ਕੀਤੀਆਂ ਜਾਣ।ਮਨਰੇਗਾ ਸਕੀਮ ਅਧੀਨ ਸਾਰੇ
ਪਰਿਵਾਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਤੇ ਦਿਹਾੜੀ ਘੱਟੋ-ਘੱਟ 500 ਰੁਪਏ ਕੀਤੀ ਜਾਵੇ।ਤਿੱਖੇ ਜ਼ਮੀਨੀ
ਸੁਧਾਰ ਕਰਕੇ ਵਾਧੂ ਨਿਕਲਦੀ ਸਾਰੀ ਜ਼ਮੀਨ ਬੇਜ਼ਮੀਨੇ ਮਜ਼ਦੂਰਾਂ ਅਤੇ ਕਿਸਾਨਾਂ ਵਿੱਚ ਵੰਡੀ ਜਾਵੇ।
ਸਾਰੇ ਲੋੜਵੰਦਾਂ ਨੂੰ 10-10 ਮਰਲੇ ਦੇ ਪਲਾਟ, ਰੂੜੀਆਂ ਸੁੱਟਣ ਲਈ ਟੋਏ ਅਤੇ ਮਕਾਨ ਬਣਾਉਣ ਲਈ ਢੁਕਵੀਂ ਗ੍ਰਾਂਟ ਦਿੱਤੀ ਜਾਵੇ।ਮਹਿੰਗਾਈ
ਤੋਂ ਤੰਗ ਆ ਚੁੱਕੇ ਗਰੀਬਾਂ ਨੂੰ ਰਾਹਤ ਦੇਣ ਲਈ ਪਬਲਿਕ ਵੰਡ ਪ੍ਰਣਾਲੀ ਮਜਬੂਤ ਕਰਕੇ ਸਰਕਾਰੀ ਡਿਪੂਆਂ ਰਾਹੀਂ
ਸਾਰੀਆਂ ਜਰੂਰੀ ਵਸਤਾਂ ਸਬਸਿਡੀ ਦੇ ਕੇ ਸਸਤੇ ਭਾਅ ਤੇ ਦਿੱਤੀਆਂ ਜਾਣ।ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਪੈਨਸ਼ਨ ਦੀ ਰਕਮ ਘੱਟੋ-ਘੱਟ 3000 ਰੁਪਏ ਮਹੀਨਾ ਕੀਤੀ ਜਾਵੇ।ਗਰੀਬੀ ਅਤੇ ਕਰਜ਼ੇ ਕਾਰਣ ਖੁਦਕੁਸ਼ੀ ਕਰਨ ਵਾਲੇ ਮਜ਼ਦੂਰਾਂ ਕਿਸਾਨਾਂ ਦੇ
ਵਾਰਸਾਂ ਨੂੰ 5-5
ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।ਬਿਜਲੀ ਬਿਲਾਂ ਵਿੱਚ ਜਾਤ-ਧਰਮ ਤੇ ਲੋਡ ਦੀ ਸ਼ਰਤ ਖਤਮ ਕਰਕੇ ਸਾਰੇ
ਲੋੜਵੰਦਾਂ ਨੂੰ ਘਰੇਲੂ ਬਿਜਲੀ ਮੁਫਤ ਦਿੱਤੀ ਜਾਵੇ।
ਸੱਤ
ਖੇਤ-ਮਜ਼ਦੂਰ ਜਥੇਬੰਦੀਆਂ ਦੀ ਇਹ ਸਾਂਝੀ ਸਰਗਰਮੀ ਇੱਕ ਮਹੱਤਵਪੂਰਨ ਹਾਂ ਪੱਖੀ ਘਟਨਾ ਵਿਕਾਸ ਹੈ।ਇਸਦਾ ਮਹੱਤਵ ਇਸ
ਸਰਗਰਮੀ ਦੇ ਫੌਰੀ ਆਕਾਰ ਪਸਾਰ ਨਾਲ਼ੋਂ ਵੱਡਾ ਹੈ।ਇਹ ਸਾਂਝੀ ਸਰਗਰਮੀ ਖੇਤ-ਮਜ਼ਦੂਰਾਂ ਦੇ ਵਿਸ਼ੇਸ਼
ਮੁੱਦਿਆਂ 'ਤੇ ਲਾਮਬੰਦੀ ਨੂੰ
ਉਗਾਸਾ ਤਾਂ ਦੇਵੇਗੀ ਹੀ ਦੇਵੇਗੀ, ਘੋਲ਼ ਦੇ ਘੇਰੇ ਨੂੰ ਤਾਂ ਵਿਸ਼ਾਲ ਕਰੇਗੀ ਹੀ ਕਰੇਗੀ। ਪਰ ਅਹਿਮ ਗੱਲ ਇਹ ਹੈ ਕਿ ਇਹ ਖੇਤ-ਮਜ਼ਦੂਰਾਂ ਦੀ ਆਤਮ
ਨਿਰਭਰ ਜਥੇਬੰਦ ਤਾਕਤ ਨੂੰ ਉਭਾਰਨ ਦਾ ਸਾਧਨ ਬਣੇਗੀ।
ਖੇਤ-ਮਜ਼ਦੂਰ
ਪੇਂਡੂ ਮਜ਼ਲੂਮ ਅਤੇ ਇਨਕਲਾਬੀ ਜਮਾਤਾਂ'ਚੋਂ ਸਭ ਤੋਂ ਮਹੱਤਵਪੂਰਨ ਜਮਾਤ ਹਨ। ਇਹਨਾਂ ਦੀ ਮੋਹਰੀ ਭੂਮਿਕਾ ਤੋਂ ਬਿਨਾਂ
ਕਿਸਾਨ ਸ਼ਕਤੀ ਸ਼ਾਹੂਕਾਰ ਅਤੇ ਜਗੀਰਦਾਰ ਜਮਾਤਾਂ ਨਾਲ ਅਸਰਦਾਰ ਦਸਤਪੰਜਾ ਨਹੀਂ ਲੈ ਸਕਦੀ।
ਜ਼ਮੀਨੀ ਰਿਸ਼ਤਿਆਂ 'ਚ ਬੁਨਿਆਦੀ
ਤਬਦੀਲੀ ਪੇਂਡੂ ਜਮਾਤਾਂ 'ਚੋਂ
ਖੇਤ-ਮਜ਼ਦੂਰਾਂ ਦੀ ਸਭ ਤੋਂ ਵੱਡੀ ਲੋੜ ਹੈ।ਇਸ ਤਬਦੀਲੀ ਨੇ ਸਭ ਮਜਲੂਮ ਜਮਾਤਾਂ ਦੀ ਮੁਕਤੀ ਦੀ ਜਾਮਨੀ ਕਰਨੀ
ਹੈ।
ਇਸ ਕਰਕੇ ਖੇਤ
ਮਜ਼ਦੂਰਾਂ ਦਾ ਜਥੇਬੰਦ ਹੋਣਾ ਅਤੇ ਵਿਸ਼ਾਲ ਏਕਾ ਉਸਾਰਨਾ ਸਭਨਾਂ ਮਜਲੂਮ ਜਮਾਤਾਂ ਲਈ ਅਹਿਮੀਅਤ ਰੱਖਦਾ
ਹੈ।
ਕਿਸਾਨ ਖੇਤ-ਮਜ਼ਦੂਰ
ਜਥੇਬੰਦੀਆਂ ਦੀ ਸਾਂਝੀ ਸਰਗਰਮੀ 'ਚ ਖੇਤ-ਮਜ਼ਦੂਰ ਹਿੱਸੇ ਲਗਾਤਾਰ ਸ਼ਰੀਕ ਹੁੰਦੇ ਆ ਰਹੇ ਹਨ।ਕੁੱਝ ਹੱਦ ਤੱਕ ਇਹ ਹਿੱਸਾਪਾਈ
ਖੇਤ-ਮਜ਼ਦੂਰ ਜਥੇਬੰਦੀਆਂ ਦੀ ਆਪਣੀਆਂ ਵਿਸ਼ੇਸ਼ ਮੰਗਾਂ ਲਈ ਆਜ਼ਾਦਾਨਾ ਸਰਗਰਮੀ ਦੀ ਕੀਮਤ 'ਤੇ ਹੁੰਦੀ ਰਹੀ ਹੈ।ਇਹ ਵਿਸ਼ੇਸ਼ ਮੰਗਾਂ ਖੇਤ-ਮਜ਼ਦੂਰਾਂ ਦੇ
ਜਥੇਬੰਦ ਹੋਣ ਨੂੰ ਉਗਾਸਾ ਦੇਣ ਪੱਖੋਂ ਮਹੱਤਵਪੂਰਨ ਹਨ।ਖੇਤ-ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਉੱਦਮ ਬਿਨਾਂ ਸ਼ੱਕ
ਜੂਝਣ ਅਤੇ ਜਥੇਬੰਦ ਹੋਣ ਦੀ ਤਾਂਘ ਨੂੰ ਤਕੜਾਈ ਦੇਵੇਗਾ।ਉਤਸ਼ਾਹ ਦਾ ਸੰਚਾਰ ਕਰੇਗਾ।ਆਤਮ
ਨਿਰਭਰ ਖੇਤ-ਮਜ਼ਦੂਰ ਸ਼ਕਤੀ ਦੇ ਉੱਭਰਨ 'ਚ ਰੋਲ ਅਦਾ ਕਰੇਗਾ।ਪਰ ਇਹ ਸਭ ਕੁਝ ਹੋਵੇਗਾ ਤਾਂ ਹੀ ਜੇ ਖੇਤ-ਮਜ਼ਦੂਰ ਆਗੂ ਟੁਕੜੀਆਂ ਸਾਂਝੇ ਸੁਚੇਤ ਯਤਨ ਜੁਟਾਉਣੇ
ਜਾਰੀ ਰੱਖਣਗੀਆਂ।
ਇਸ ਸਾਂਝ ਦੀ
ਇੱਕ ਹੋਰ ਪੱਖੋਂ ਵੀ ਅਹਿਮੀਅਤ ਹੈ। ਸੀਮਤ ਹੱਦ ਤੱਕ ਜਥੇਬੰਦ ਹੋਣ ਕਰਕੇ ਖੇਤ ਮਜ਼ਦੂਰ ਸ਼ਕਤੀ
ਫਿਲਹਾਲ ਹਾਕਮ ਜਮਾਤਾਂ ਅਤੇ ਉਹਨਾਂ ਦੇ ਰਾਜ ਭਾਗ ਵੱਲੋਂ ਅਣਗੌਲ਼ੀ ਰਹਿ ਰਹੀ ਹੈ। ਸਰਕਾਰਾਂ
ਦੀਆਂ ਸਿਆਸੀ ਗਿਣਤੀਆਂ ਮਿਣਤੀਆਂ 'ਚ ਖੇਤ ਮਜ਼ਦੂਰਾਂ ਦੇ ਰੁਖ ਰਵੱਈਏ ਨੂੰ ਅੰਗਣ ਦੀ ਅਜੇ ਕੋਈ ਖਾਸ ਅਹਿਮੀਅਤ ਨਹੀਂ ਹੈ।ਕੁੱਲ ਮਿਲਾ ਕੇ ਖੇਤ
ਮਜ਼ਦੂਰਾਂ ਨੂੰ ਅਜੇ ਬੁਰਕੀਆਂ ਸੁੱਟ ਕੇ ਵਡਿਆਏ ਜਾ ਸਕਣ ਵਾਲੇ ਹਿੱਸੇ ਹੀ
ਸਮਝਿਆ ਜਾ ਰਿਹਾ ਹੈ ਅਤੇ
ਹਾਕਮ ਜਮਾਤੀ ਰਾਜ ਦੇ ਕਦਮਾਂ ਲਈ ਚੁਣੌਤੀ ਬਣ ਸਕਣ ਵਾਲੀ ਸ਼ਕਤੀ ਵਜੋਂ ਨਹੀਂ ਵੇਖਿਆ ਜਾਂਦਾ। ਇਹ ਹਾਕਮਾਂ
ਵੱਲੋਂ ਖੇਤ ਮਜ਼ਦੂਰ ਹਿਤਾਂ ਦੀ ਬੇਫਿਕਰੀ ਨਾਲ ਬੇਹੁਰਮਤੀ ਦੀ ਮੂਲ ਵਜ੍ਹਾ ਹੈ।
ਇਹਨਾਂ
ਹਾਲਤਾਂ 'ਚ ਖੇਤ ਮਜ਼ਦੂਰਾਂ
ਦੀ ਜਥੇਬੰਦ ਤਾਕਤ ਦਾ ਇੱਕ ਸਮਾਜਕ ਸ਼ਕਤੀ ਵਜੋਂ ਉਭਰਨਾ ਮਹੱਤਵ ਰੱਖਦਾ ਹੈ। ਅਜਿਹੀ ਸ਼ਕਤੀ ਜਿਸਦੇ ਰੁਖ ਰਵੱਈਏ ਅਤੇ ਆਵਾਜ ਨੂੰ
ਅਣਗੌਲ਼ਿਆਂ ਕਰਨਾ ਹਾਕਮ ਜਮਾਤੀ ਤਾਕਤਾਂ ਦੇ ਵੱਸ ਦੀ ਗੱਲ ਨਾ ਰਹੇ। ਪੰਜਾਬ ਦੀ ਕਿਸਾਨ ਜਨਤਾ
ਨੇ ਜਾਨ ਹੂਲਵੇਂ ਸੰਘਰਸ਼ਾਂ ਰਾਹੀਂ ਅਜਿਹੀ ਤਾਕਤਵਰ ਸਮਾਜਕ ਸ਼ਕਤੀ ਦਾ ਦਰਜਾ ਹਾਸਲ ਕਰ ਲਿਆ ਹੈ। ਖੇਤ ਮਜ਼ਦੂਰ ਜਨਤਾ
ਨੂੰ ਵੀ ਇਸੇ ਰਾਹ ਤੇ ਹੋਰ ਅੱਗੇ ਜਾਣ ਦੀ ਲੋੜ ਹੈ।
ਖੇਤ ਮਜ਼ਦੂਰਾਂ
ਦਾ ਇੱਕ ਸਮਾਜਕ ਸ਼ਕਤੀ ਵਜੋਂ ਉਭਾਰ ਸਮੁੱਚੇ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੀ ਜਮਾਤੀ ਜਦੋਜਹਿਦ
ਨੂੰ ਇੱਕ ਨਵੀਂ ਰੰਗਤ ਅਤੇ ਪਾਏਦਾਰੀ ਦੇਵੇਗਾ। ਇਸ ਕਰਕੇ ਜਥੇਬੰਦ ਖੇਤ ਮਜ਼ਦੂਰ ਸ਼ਕਤੀ ਨੂੰ
ਇੱਕ ਲੜੀ 'ਚ ਪਰੋਣ ਦਾ ਹਰ
ਕਦਮ ਇਸ ਵਡੇਰੇ ਟੀਚੇ ਵੱਲ ਵਧਣ 'ਚ
ਭੂਮਿਕਾ ਅਦਾ ਕਰਦਾ ਹੈ। ਇਸ ਰੌਸ਼ਨੀ 'ਚ ਵੇਖਿਆਂ ਖੇਤ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਸਰਗਰਮੀ ਦਾ ਉੱਦਮ ਇੱਕ ਬਹੁਤ
ਹੀ ਸਲਾਹੁਣਯੋਗ ਘਟਨਾ ਹੈ। ਇਸ ਸਾਂਝ ਨੂੰ ਪੱਕੇ ਪੈਰੀਂ ਕਰਨ ਅਤੇ ਨਿਸ਼ਚਿਤ ਦਿਸ਼ਾ 'ਚ ਅੱਗੇ ਵਧਾਉਣ ਦੀ ਲੋੜ ਹੈ।
No comments:
Post a Comment