Wednesday, October 14, 2015

4. ਮੌਤ ਦੀ ਸੌਦਾਗਰ ਬਹੁ-ਕੌਮੀ ਕੰਪਨੀ



ਬਾਇਰ ਫਸਲ ਵਿਗਿਆਨ ਦਾ ਕਾਲਾ ਇਤਿਹਾਸ

ਸੁਰਖ਼ ਲੀਹ ਡੈੱਸਕ

ਸਨ 1863 ਵਿਚ ਫਰੈਕਰਿਚ ਬੇਅਰ ਅਤੇ ਜੌਹਨ ਵੇਸਕੌਟ ਨਾਂ ਦੇ ਦੋ ਜਰਮਨਾਂ ਨੇ ਬਾਇਰ ਏ.ਜੀ. ਨਾਂਅ ਦੀ ਕੰਪਨੀ ਬਣਾਈ। ਜੋ ਰਸਾਇਣਕ ਪਦਾਰਥ ਅਤੇ ਦਵਾਈਆਂ ਬਣਾਉਣ ਦਾ ਕੰਮ ਕਰਦੀ ਸੀ। ਇਹ ਕੰਪਨੀ ਐਸਪਰੀਨ ਨੂੰ ਪੈਦਾ ਕਰਨ ਵਾਲੀਆਂ ਸਭ ਤੋਂ ਵਡੀਆਂ ਕੰਪਨੀਆਂ ਵਿਚੋਂ ਇੱਕ ਹੈ। ਇਸ ਤੋਂ ਬਿਨਾਂ ਇਹ ਕੰਪਨੀ ਸੂਗਰ ਦੀ ਬਿਮਾਰੀ ਤੇ ਗਰਭਰੋਕੂ ਦਵਾਈਆਂ ਤੇ ਵਿਟਾਮਿਨਾਂ ਦੀਆਂ ਕਈ ਤਰ੍ਹਾਂ ਦੀਆਂ ਕਿਸਮਾਂ ਨੂੰ ਬਣਾਉਂਦੀ ਤੇ ਵੇਚਦੀ ਹੈ।
2013 ਵਿਚ ਇਸ ਕੰਪਨੀ ਨੇ ਆਵਦੀ 150 ਵੀਂ ਵਰ੍ਹੇ ਗੰਢ ਮਨਾਈ ਹੈ। ਪਰ ਇਸ ਕੰਪਨੀ ਦੇ ਕਾਲੇ ਇਤਿਹਾਸ ਤੋਂ ਬਹੁਤੇ ਲੋਕ ਜਾਣੂੰ ਨਹੀਂ ਹਨ। ਇਹ ਕੰਪਨੀ ਦੂਜੀ ਸੰਸਾਰ ਜੰਗ ਦੌਰਾਨ ਜਰਮਨੀ ਵਿਚਲੇ ਨਾਜ਼ੀ ਗੈਸ ਚੈਂਬਰਾਂ ਵਿਚ ਵਰਤੀ ਜਾਣ ਵਾਲੀ ਜਹਿਰੀਲੀ ਗੈਸ ਦੀ ਸਪਲਾਈ ਕਰਦੀ ਰਹੀ ਹੈ। ਬਾਇਰ ਕੰਪਨੀ ਨੂੰ ਬਣਾਉਣ ਵਾਲਾ ਆਗੂ ਨਾਜ਼ੀ ਸਰਕਾਰ ਨੂੰ ਉਹ ਜਹਿਰੀਲੀ ਗੈਸ ਵੱਡੇ ਪੱਧਰ ਤੇ ਸਪਲਾਈ ਕਰਦਾ ਸੀ ਜਿਸ ਦੀ ਵਰਤੋਂ ਲੱਖਾਂ ਲੋਕਾਂ ਨੂੰ ਗੈਸ ਚੈਂਬਰਾਂ ਵਿਚ ਮਾਰਨ ਵਾਸਤੇ ਕੀਤੀ ਜਾਂਦੀ ਸੀ। ਇਸ ਤੋਂ ਬਿਨਾਂ ਇਸ ਦੀਆਂ ਮਨ ਚ ਤੇਜੀ ਲਿਆਉਣ ਵਾਲੀਆਂ ਦਵਾਈਆਂ ਨਾਲ ਮੌਤਾਂ ਹੁੰਦੀਆਂ ਰਹੀਆਂ ਹਨ।
ਇਸ ਕੰਪਨੀ ਦੇ ਬੋਰਡ ਮੈਂਬਰਾਂ ਨੇ ਜਰਮਨੀ ਦੀ ਕੇਂਦਰੀ ਰਿਜ਼ਰਵ ਬੈਂਕ ਸਥਾਪਤ ਕਰਨ ਦੀ ਜੁੰਮੇਵਾਰੀ ਨਿਭਾਈ ਹੈ ਅਤੇ ਉਹ ਅਮਰੀਕੀ ਧਨ-ਕੁਬੇਰ ਰਾਕਫੈਲਰ ਨਾਲ ਨੇੜਿਓਂ ਜੁੜੇ ਹੋਏ ਹਨ। ਕੰਪਨੀ ਦੇ ਬੋਰਡ ਮੈਂਬਰ ਸਟੈਂਡਰਡ ਤੇਲ ਕੰਪਨੀ ਦੇ ਸਭ ਤੋਂ ਉਪਰਲੇ ਸ਼ੇਅਰ ਹੋਲਡਰਾਂ ਵਿਚੋਂ ਦੂਜੇ ਨੰਬਰ ਤੇ ਹਨ। ਨਾਜ਼ੀ ਹਕੂਮਤ ਵੇਲੇ ਇਸ ਦੇ ਕੁੱਝ ਬੋਰਡ ਮੈਂਬਰਾਂ ਤੇ ਮਨੁੱਖਤਾ ਵਿਰੁੱਧ ਜੁਰਮਾਂ ਦੇ ਦੋਸ਼ਾਂ ਵਿਚ ਮੁਕੱਦਮੇ ਚਲਾਏ ਗਏ ਸਨ। ਕੰਪਨੀ ਦੇ ਹੁਣ ਵਾਲੇ ਬੋਰਡ ਮੈਂਬਰ ਰਸਾਇਣਾਂ ਰਾਹੀਂ ਜਨਤਕ ਕਤਲੇਆਮ ਕਰਨ ਦੇ ਕੰਮ ਨੂੰ ਜਾਰੀ ਰੱਖ ਰਹੇ ਹਨ।
1978 ਤੋਂ ਬਾਅਦ ਬਾਇਰ ਅਤੇ ਹੋਰ ਕੰਪਨੀਆਂ ਨੇ ਹੇਮੋਫਿਲਿਕਸ ਨਾਂਅ ਦੀ ਬਿਮਾਰੀ ਦੇ ਮਰੀਜਾਂ ਲਈ ਫੈਕਟਰ 8 ਅਤੇ 9 ਨਾਂਅ ਦੀ ਦਵਾਈ ਬਣਾਈ। ਇਸ ਬਿਮਾਰੀ ਦੇ ਮਰੀਜਾਂ ਦਾ ਜੀਨ ਵਿਗਾੜ ਸਦਕਾ ਖੂਨ ਪਤਲਾ ਰਹਿੰਦਾ ਹੈ। ਅਤੇ ਇਹਨਾਂ ਦੇ ਜਖਮ ਹੋਣ ਸਮੇਂ ਇਸ ਦੇ ਵਹਾਅ ਨੂੰ ਰੋਕਣ ਲਈ ਖੂਨ ਗਾੜ੍ਹਾ ਨਹੀ ਹੁੰਦਾ। ਇਸ ਦਾ ਗੱਤਲਾ (ਕਲੌਟ) ਨਹੀਂ ਬਣਦਾ। ਸਿੱਟੇ ਵਜੋਂ ਇਹਨਾਂ ਮਰੀਜਾਂ ਦੇ ਸਾਧਾਰਨ ਜਿਹਾ ਜਖ਼ਮ ਹੋਣ ਤੇ ਵੀ ਖੂਨ ਖਤਰਨਾਕ ਹੱਦ ਤੱਕ ਵਹਿ ਜਾਂਦਾ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਦਵਾਈ ਤਿਆਰ ਕਰਨ ਵਾਸਤੇ ਇਸ ਬਿਮਾਰੀ ਤੋਂ ਮੁਕਤ ਵਿਅਕਤੀਆਂ ਦੇ ਚੰਗੇ ਖੂਨ ਦੇ ਪਲਾਜਮਾ ਦੇ ਕੁੱਝ ਅੰਸ਼ ਵਰਤੋਂ ਵਿਚ ਆਉਣੇ ਸਨ । ਕੰਪਨੀ ਨੇ ਖੂਨ ਨੂੰ ਸਸਤਾ ਖਰੀਦਣ ਤੇ ਦਵਾਈ ਨੂੰ ਮੁਨਾਫਾਬਖਸ਼ ਬਣਾਉਣ ਲਈ ਵਰਜਿਤ ਖੂਨ ਇਕੱਤਰ ਕਰਨ ਤੇ ਜੋਰ ਲਾ ਦਿੱਤਾ। ਜੇਲ੍ਹਾਂ ਦੇ ਕੈਦੀਆਂ੍ਯ ਨਸ਼ੇੜੀਆਂ, ਹੈਪੇਟਾਈਟਸ ਦੇ ਮਰੀਜਾਂ, ਏਡਜ਼ ਦੇ ਮਰੀਜ਼ਾਂ ਵਗੈਰਾ ਦੇ ਖੂਨ ਦੀ ਵਰਤੋਂ ਕਰਕੇ ਸਸਤੀ ਦਵਾਈ ਤਿਆਰ ਕੀਤੀ। ਬਾਇਰ ਅਤੇ ਹੋਰਨਾਂ ਕੰਪਨੀਆਂ ਨੇ ਖੂਨ ਦੀ ਵਰਤੋਂ ਦੇ ਐਲਾਨੇ ਮਿਆਰਾਂ ਦਾ ਉਲੰਘਣ ਕੀਤਾ। ਸਿੱਟੇ ਵਜੋਂ ਇਸ ਬਿਮਾਰੀ ਤੋਂ ਪੀੜਤ ਮਰੀਜ਼ਾਂ ਚੋਂ ਇਸ ਦਵਾਈ ਦੀ ਵਰਤੋਂ ਕਰਨ ਵਾਲੇ ਹਜ਼ਾਰਾਂ ਮਰੀਜ਼ਾਂ ਦੀ ਮੌਤ ਹੋ ਗਈ।
1990ਵਿਆਂ ਵਿਚ ਜਰਮਨੀ ਦੀ ਸਰਕਾਰ ਨੇ ਇੱਕ ਵਿਆਪਕ ਪੜਤਾਲ ਕਰਕੇ ਇਸ ਕੰਪਨੀ ਨੂੰ ਦੋਸ਼ੀ ਠਹਿਰਾਇਆ ਕਿ ਉਸ ਨੇ ਸਿਹਤ ਪ੍ਰੋਗਰਾਮਾਂ ਲਈ ਵਰਤੀਆਂ ਦਵਾਈਆਂ ਦੇ ਬਿੱਲ ਬਣਾਉਣ ਸਮੇਂ ਧੋਖਾ-ਧੜੀ ਕੀਤੀ ਹੈ। ਜਰਮਨੀ ਦੇ ਨਿਆਂ ਵਿਭਾਗ ਨੇ ਮੁਕੱਦਮੇ ਦੀ ਸੁਣਵਾਈ ਕਰਕੇ ਕੰਪਨੀ ਨੂੰ ਦੋਸ਼ੀ ਕਰਾਰ ਦੇ ਦਿੱਤਾ। ਬਿਲਾਂ ਵਿਚ ਧੋਖਾ-ਧੜੀ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਕੰਪਨੀ ਨੇ 9 ਅਰਬ 10 ਕਰੋੜ ਰੁਪਏ ਜੁਰਮਾਨਾ ਅਦਾ ਕੀਤਾ। ਕੰਪਨੀ ਵੱਲੋਂ ਕੀਮਤਾਂ ਲਾਉਣ ਵਿਚ ਕੀਤੀਆਂ ਜਾਂਦੀਆਂ ਹੇਰਾਫੇਰੀਆਂ ਸਦਕਾ ਲੋਕਾਂ ਨੂੰ ਇਕ ਅੰਦਾਜੇ ਮੁਤਾਬਕ 65 ਅਰਬ ਰੁਪਏ ਤੋਂ ਵੱਧ ਦੇ ਬਿੱਲ ਤਾਰਨੇ ਪੈਂਦੇ ਹਨ।
ਬਾਇਰ ਵਿਰੋਧੀ ਗੱਠਜੋੜ ਨਾਂਅ ਦੀ ਸੰਸਥਾ ਨੇ ਦੋਸ਼ ਲਾਇਆ ਹੈ ਕਿ ਗਰਭ ਰੋਕੂ ਦਵਾਈਆਂ ਜਿਨ੍ਹਾਂ ਦੇ ਨਾਂਅ ਜਾਜ਼ ਜਾਂ ਜਸਮੀਨ ਹਨ, ਦੇ ਵਰਤਣ ਸਦਕਾ ਸੈਂਕੜੇ ਪੂਰੀਆਂ ਤੰਦਰੁਸਤ ਔਰਤਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।
ਬਾਇਰ ਦੀ ਟਰਾਸੀਲੋਲ ਨਾਂਅ ਦੀ ਉਹ ਦਵਾਈ 14 ਸਾਲ ਵਿਕਦੀ ਰਹੀ ਜਿਸ ਦੀ ਵਰਤੋਂ ਸਦਕਾ ਸਾਲ 2006 ਵਿਚ ਇੱਕੋ ਮਹੀਨੇ ਵਿਚ ਜਦੋਂ ਇਕੱਠੀਆਂ ਹਜਾਰਾਂ ਮੌਤਾਂ ਹੋ ਗਈਆਂ ਤਾਂ ਜਾ ਕੇ ਇਸ ਤੇ ਪਾਬੰਦੀ ਲਾਈ ਗਈ। ਜਦੋਂ ਇੱਕ ਡੂੰਘੀ ਖੋਜ ਨੇ ਸਾਬਤ ਕਰ ਦਿੱਤਾ ਕਿ ਮੌਤਾਂ ਦਾ ਸੰਬੰਧ ਟਰਾਸੀਲੋਲ ਨਾਲ ਹੈ ਤਾਂ ਵੀ ਐਫ.ਡੀ.ਏ ਅਤੇ ਬਾਇਰ ਨੇ ਇਸ ਦੀ ਵਿੱਕਰੀ ਬੰਦ ਕਰਨ ਵਿਚ ਦੋ ਸਾਲ ਲਾ ਦਿੱਤੇ। ਪਿੱਛੋਂ ਇਸ ਨੇ ਇਸ ਦਵਾਈ ਦੇ ਪਏ ਬੁਰੇ ਅਸਰਾਂ ਸਦਕਾ ਹੋਈਆਂ ਇੱਕੋ ਮਹੀਨੇ ਹਜਾਰਾਂ ਮੌਤਾਂ ਦੇ ਸਬੂਤਾਂ ਨੂੰ ਨਸ਼ਟ ਕਰ ਦਿੱਤਾ।
ਬਾਇਰ ਵੱਲੋਂ ਇਸ ਖਿਲਾਫ ਮੁਹਿੰਮ ਚਲਾਉਣ ਵਾਲੀਆਂ ਸੰਸਥਾਵਾਂ ਨੂੰ ਸਮਾਪਤ ਕਰਨ ਲਈ ਲੱਖਾਂ ਡਾਲਰ ਖਰਚੇ ਜਾ ਰਹੇ ਹਨ। ਬਾਇਰ ਅਤੇ ਛੇ ਹੋਰ ਰਸਾਇਣਕ ਅਤੇ ਬਾਇਓਟੈਕ ਕੰਪਨੀਆਂ ਨੇ ਅਜਿਹੀ ਸੰਸਥਾ ਪਰੋਪ-37 ਨੂੰ ਖਤਮ ਕਰਨ ਲਈ 20 ਲੱਖ ਡਾਲਰ ਖਰਚੇ ਹਨ।
ਗਰਭ ਰੋਕੂ ਜਾਜ਼ ਨਾਂ ਦੀ ਦਵਾਈ ਦੇ ਬੁਰੇ ਅਸਰਾਂ ਖਿਲਾਫ ਜਰਮਨੀ ਦੀ ਅਦਾਲਤ ਵਿਚ 9000 ਹਜਾਰ ਮਕੱਦਮੇ ਦਰਜ ਹਨ ਜਿਨ੍ਹਾਂ ਵਿਚੋਂ ਫਰਵਰੀ 2015 ਤੱਕ ਦੇ 1500 ਕੇਸਾਂ ਦਾ ਨਿਪਟਾਰਾ ਹੋ ਗਿਆ ਹੈ। ਇਹਨਾਂ ਕੇਸਾਂ ਵਿਚ ਸਮਝੌਤਾ ਕਰਨ ਲਈ ਕੰਪਨੀ ਨੂੰ 19 ਅਰਬ 50 ਕਰੋੜ ਰੁਪਏ ਅਦਾ ਕਰਨੇ ਪਏ ਹਨ। ਕੇਸਾਂ ਦੀ ਸੁਣਵਾਈ ਕਰਨ ਵਾਲੇ ਜੱਜ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਪੀੜਤਾਂ ਨੂੰ ਜਾਣਕਾਰੀ ਮਿਲੇਗੀ ਕਿ ਕੇਸਾਂ ਦੀ ਠੀਕ ਸੁਣਵਾਈ ਹੋ ਰਹੀ ਹੈ ਬਹੁਤ ਕੇਸ ਹੋਰ ਆਉਣਗੇ।

No comments:

Post a Comment