Sunday, October 4, 2015

8.1 ਨੌਜਵਨਾਂ ਦੀ ਉ੍ੱਭਰਵੀਂ ਲਾਮਬੰਦੀ



ਨੌਜਵਾਨ ਲਾਮਬੰਦੀ ਉੱਭਰਵਾਂ ਲੱਛਣ

ਵਿਸ਼ਾਲ ਲਾਮਬੰਦੀ ਇਸ ਘੋਲ ਦਾ ਉੱਭਰਵਾਂ ਲੱਛਣ ਹੈ। ਯੂਨੀਅਨਾਂ ਦੀਆਂ ਪਹਿਲੀਆਂ ਇਕਾਈਆਂ 'ਚੋਂ ਵੀ ਵੱਡੀ ਲਾਮਬੰਦੀ ਹੈ ਤੇ ਨਵੇਂ ਪਿੰਡ ਵੀ ਵੱਡੀ ਗਿਣਤੀ 'ਚ ਸ਼ਾਮਲ ਹੋ ਰਹੇ ਹਨ। ਨਵੇਂ ਹਿੱਸਿਆ ਤੱਕ ਬੀ. ਕੇ. ਯੂ. ਏਕਤਾ (ਉਗਰਾਹਾਂ) ਵੱਲੋਂ ਵਿਸ਼ੇਸ਼ ਤੌਰ 'ਤੇ ਪਹੁੰਚ ਕੀਤੀ ਗਈ ਹੈ, ਉਂਝ ਕਪਾਹ ਪੱਟੀ 'ਚ ਅਧਾਰ ਵਾਲੀਆਂ ਹੋਰਨਾਂ ਜਥੇਬੰਦੀਆਂ ਨੇ ਵੀ ਆਪਣੇ ਵਿਤ ਮੁਤਾਬਕ ਤਾਣ ਲਗਾਇਆ ਹੈ। ਇੱਕ ਅੰਦਾਜ਼ੇ ਅਨੁਸਾਰ ਇਕੱਠ 'ਚ ਨੌਜਵਾਨਾਂ ਦਾ ਹਿੱਸਾ 40% ਤੋਂ ਉੱਪਰ ਹੈ।
ਹੁਣ ਹਾਲਤ ਇਹ ਹੈ ਕਿ ਪਿੰਡ-ਪਿੰਡ ਤੋਂ ਇਕਾਈਆਂ ਬਣਾਉਣ ਦੇ ਸੁਨੇਹੇ ਆ ਰਹੇ ਹਨ, ਨੌਜਵਾਨਾਂ ਦੇ ਪੂਰਾਂ ਦੇ ਪੂਰ ਆਗੂਆਂ, ਕਾਰਕੁੰਨਾਂ 'ਚ ਵੱਜ ਰਹੇ ਹਨ। ਪਿੰਡਾਂ ਤੋਂ ਮੀਟਿੰਗਾਂ-ਰੈਲੀਆਂ ਕਰਵਾਉਣ ਦੇ ਸੱਦੇ ਲਗਾਤਾਰ ਮਿਲ ਰਹੇ ਹਨ। ਨਵੇਂ ਪਿੰਡਾਂ 'ਚੋਂ ਔਰਤਾਂ ਆਪਣੇ ਆਪ ਸ਼ਾਮਲ ਹੋ ਰਹੀਆਂ ਹਨ। ਹੁਣ ਇਹਨਾਂ ਨਵੇਂ ਹਿੱਸਿਆਂ ਨੂੰ ਜਥੇਬੰਦੀ 'ਚ ਸਮੋਣ ਦਾ ਕਾਰਜ ਸਾਹਮਣੇ ਖੜ੍ਹਾ ਹੈ। ਇਨ੍ਹਾਂ ਹਿੱਸਿਆਂ ਨੂੰ ਯੂਨੀਅਨ ਦੀ ਨੀਤੀ ਨਾਲ ਲੈਸ ਕਰਨ ਤੇ ਜੁਝਾਰ ਕਿਸਾਨ ਚੇਤਨਾ ਦੇਣ ਦਾ ਅਗਲਾ ਅਹਿਮ ਕਦਮ ਬਣਦਾ ਹੈ। ਇਹਨਾਂ ਸਾਰੇ ਹਿੱਸਿਆਂ ਨੂੰ ਕਲਾਵੇ 'ਚ ਰੱਖਣ ਲਈ ਕਿਸਾਨ ਮਜ਼ਦੂਰ ਆਗੂਆਂ ਤੇ ਕਾਰਕੁੰਨਾਂ ਨੂੰ ਹੋਰ ਵੱਧ ਸ਼ਕਤੀ ਜੁਟਾਉਣੀ ਪੈਣੀ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਢੁੱਕਵੇਂ ਜਥੇਬੰਦਕ ਢੰਗ ਤਰੀਕਿਆਂ ਰਾਹੀਂ ਲਗਾਤਾਰ ਨਵੇਂ ਆਗੂ ਕਾਰਕੁੰਨ ਪੈਦਾ ਕੀਤੇ ਜਾਣ। ਨਵੇਂ ਆਗੂ ਕਾਰਕੁੰਨਾਂ ਦੇ ਪੂਰ ਸਿਰਜਣ ਦੀ ਸਿਰ ਖੜ੍ਹੀ ਲੋੜ ਨੂੰ ਜ਼ੋਰਦਾਰ ਹੁੰਗਾਰਾ ਭਰਨ ਦੀ ਜ਼ਰੂਰਤ ਹੈ। ਅਜਿਹੀ ਪਹੁੰਚ ਨਾਲ ਹੀ ਕਿਸਾਨ ਲਹਿਰ ਦੇ ਕਲਾਵੇ 'ਚ ਆ ਰਹੀ ਨਵੀਂ ਜਨਤਾ ਨੂੰ ਸਾਂਭਿਆ ਜਾ ਸਕਦਾ ਹੈ, ਸੰਵਾਰਿਆ ਜਾ ਸਕਦਾ ਹੈ ਤੇ ਜੁਝਾਰ ਕਿਸਾਨ ਲਹਿਰ ਦੇ ਕਾਫ਼ਲੇ ਨੂੰ ਹੋਰ ਮਜ਼ਬੂਤ ਤੇ ਵੱਡਾ ਕੀਤਾ ਜਾ ਸਕਦਾ ਹੈ।
ਨੌਜਵਾਨ ਹਿੱਸਿਆਂ ਦੀ ਮਚੂੰ-ਮਚੂੰ ਕਰਦੀ ਲੜਾਕੂ ਭਾਵਨਾ ਤੇ ਜੋਸ਼ ਨੂੰ ਇਨਕਲਾਬੀ ਕਿਸਾਨ ਚੇਤਨਾ ਦੀ ਪਾਣ ਚਾੜ੍ਹਨ ਦੀ ਜ਼ਰੂਰਤ ਹੈ ਤਾਂ ਕਿ ਉਹਨਾਂ ਨੂੰ ਕਿਸਾਨ ਲਹਿਰ ਦਾ ਨਰੋਆ ਤੇ ਜਾਨਦਾਰ ਅੰਗ ਬਣਾਇਆ ਜਾ ਸਕੇ। ਨੌਜਵਾਨ ਹਿੱਸੇ ਕਿਸਾਨ ਲਹਿਰ 'ਚ ਲੜਾਕੂ ਤੰਤ ਦਾ ਸੰਚਾਰ ਕਰਨ ਪੱਖੋਂ ਵਿਸ਼ੇਸ਼ ਮਹੱਤਵ ਰੱਖਦੇ ਹਨ ਤੇ ਲੀਡਰਸ਼ਿਪ ਦੀ ਲਗਾਤਾਰਤਾ ਯਕੀਨੀ ਕਰਨ ਪੱਖੋਂ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਮੌਜੂਦਾ ਘੋਲ ਦੌਰਾਨ ਨੌਜਵਾਨਾਂ ਦੇ ਅਜਿਹੇ ਲੱਛਣਾਂ ਨੇ ਹੀ ਘੋਲ ਨੂੰ ਉਭਾਰਨ 'ਚ ਹਿੱਸਾ ਪਾਇਆ ਹੈ। ਇਹਨਾਂ ਹਾਂਦਰੂ ਲੱਛਣਾਂ ਨੂੰ ਇਨਕਲਾਬੀ ਕਿਸਾਨ ਚੇਤਨਾ ਤੇ ਜ਼ਾਬਤੇ ਦੇ ਸਾਂਚੇ 'ਚ ਫਿੱਟ ਕਰਕੇ ਵੱਡੀਆਂ ਪ੍ਰਾਪਤੀਆਂ ਸੰਭਵ ਹਨ। ਅਜਿਹੀ ਸਥਿਤੀ ਲੀਡਰਸ਼ਿਪ ਤੇ ਤਜਰਬੇਕਾਰ ਕਾਰਕੁੰਨਾਂ ਤੋਂ ਹੋਰ ਤਾਣ ਜੁਟਾਈ  ਦੀ ਮੰਗ ਕਰਦੀ ਹੈ।

No comments:

Post a Comment