Friday, July 3, 2020

ਇਰਾਨ ਤੋਂ ਅਮਰੀਕੀ ਪਾਬੰਦੀਆਂ ਹਟਾਉਣ ਦੀ ਮੰਗ ਕਰੋ


 
ਇਰਾਨ ਤੋਂ ਅਮਰੀਕੀ ਪਾਬੰਦੀਆਂ ਹਟਾਉਣ ਦੀ ਮੰਗ ਕਰੋ       


          ਸੰਸਾਰ ਸਾਮਰਾਜੀਆਂ ਦੇ ਮੋਹਰੀ ਅਮਰੀਕੀ ਸਾਮਰਾਜੀਆਂ ਵਲੋਂ ਕਰੋਨਾ ਵਾਇਰਸ ਮਹਾਂਮਾਰੀ ਨੂੰ ਵੀ ਆਪਣੇ ਸਾਮਰਾਜੀ ਯੁੱਧਨੀਤਕ ਹਿਤਾਂ ਦੀ ਪੂਰਤੀ ਲਈ ਨਿਸ਼ੰਗ ਹੋ ਕੇ ਵਰਤਿਆ ਜਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਅਮਰੀਕੀ ਸਾਮਰਾਜੀਆਂ ਦੀ ਅੱਖ ਦਾ ਰੋੜ ਬਣੇ ਰਹਿ ਰਹੇ ਇਰਾਨ ਤੇ ਅਮਰੀਕਾ ਵਲੋਂ ਸੰਸਾਰ   ਵਿੱਤੀ ਸੰਸਥਾਵਾਂ ਰਾਹੀਂ   ਬਹੁਤ ਸਾਰੀਆਂ ਆਰਥਿਕ ਪਾਬੰਦੀਆਂ ਮੜੀਆਂ ਹੋਈਆਂ ਹਨ ਤੇ ਇਨਾਂ ਦਿਨਾਂ ਚ ਇਹ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਗਈਆਂ ਹਨ।   ਕਰੋਨਾ ਵਾਇਰਸ ਦੇ ਪ੍ਰਕੋਪ ਤੋਂ ਪੀੜਤ ਦੇਸ਼ਾਂ ਦੀ ਸੂਚੀ ਚ ਇਰਾਨ ਦਾ ਨੰਬਰ ਉੱਪਰਲਿਆਂ ਚ ਆਉਂਦਾ ਹੈ। ਅਮਰੀਕੀ ਸਾਮਰਾਜੀਆਂ ਵੱਲੋਂ ਮੜੀਆਂ ਪਾਬੰਦੀਆਂ ਕਾਰਨ ਇਰਾਨੀ ਲੋਕ ਦਵਾਈਆਂ ਤੇ ਹੋਰ ਮੈਡੀਕਲ ਸਾਜ਼ੋ ਸਾਮਾਨ ਦੀ ਭਾਰੀ ਥੁੜ ਦਾ ਸਾਹਮਣਾ ਕਰ ਰਹੇ ਹਨ। ਕਈ ਮੁਲਕਾਂ ਵੱਲੋਂ ਅਜਿਹਾ ਸਾਮਾਨ ਭੇਜਣ ਦੀਆਂ ਪੇਸ਼ਕਸ਼ਾਂ ਨੂੰ ਅਮਰੀਕਾ ਨੇ ਸਿਰੇ ਨਹੀਂ ਚੜਨ ਦਿੱਤਾ। ਹੁਣ ਇਰਾਨ ਵੱਲੋਂ ਆਈ ਐੱਮ ਐੱਫ ਤੋਂ 5 ਖਰਬ ਡਾਲਰ ਦੇ ਐਮਰਜੈਂਸੀ ਕਰਜ਼ੇ ਦੀ ਮੰਗ ਕੀਤੀ ਗਈ ਹੈ ਜਿਸ ਨੂੰ ਅਮਰੀਕਾ ਦੇ ਕਹਿਣ ਤੇ ਜਵਾਬ ਦਿੱਤਾ ਜਾ ਰਿਹਾ ਹੈ। ਉਸ ਨੇ ਇੱਕ ਪਾਸੇ ਇਰਾਨ ਨੂੰ ਪਹਿਲਾਂ ਪੁਰਾਣੇ ਕਰਜ਼ੇ ਮੋੜਨ ਲਈ ਕਹਿ ਦਿੱਤਾ ਹੈ ਤੇ ਦੂਜੇ ਪਾਸੇ ਇਨਾਂ ਫੰਡਾਂ ਨੂੰ ਮੱਧ ਪੂਰਬ ਵਿੱਚ ਦਹਿਸ਼ਤਗਰਦ ਕਾਰਵਾਈਆਂ ਲਈ ਵਰਤੇ ਜਾਣ ਦੇ ਖਤਰੇ ਦਾ ਬਹਾਨਾ ਘੜ ਲਿਆ ਹੈ।   ਅਮਰੀਕੀ ਸਾਮਰਾਜੀਏ ਦੁਨੀਆਂ ਚ ਸਿਰਫ ਬੰਬਾਂ ਦਾ ਮੀਂਹ ਵਰਾ ਕੇ ਹੀ ਲੋਕਾਂ ਦੇ ਕਤਲ ਨਹੀਂ ਕਰਦੇ ਸਗੋਂ ਇਹ ਆਰਥਿਕ ਪਾਬੰਦੀਆਂ ਮੜ ਕੇ, ਜੰਮਦੇ ਮਾਸੂਮ ਬੱਚਿਆਂ ਤੱਕ ਨੂੰ ਮੌਤ ਦੇ ਮੂੰਹ ਧੱਕਦੇ ਹਨ। ਅੱਜ ਕੱਲ ਅਮਰੀਕਾ ਖ਼ਿਲਾਫ਼ ਡਟੀ ਖੜੀ ਵੈਨਜ਼ੁਏਲਾ ਦੀ ਨਿਕੋਲਸ ਮਾਦੁਰੋ ਹਕੂਮਤ ਤੇ ਵੀ ਇਉਂ ਹੀ ਸ਼ਿਕੰਜਾ ਕਸਿਆ ਹੋਇਆ ਹੈ। ਅਮਰੀਕਾ ਦਾ ਇਹ ਵਿਹਾਰ ਈਰਾਨ ਅੰਦਰ ਵੀ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਧੱਕਣ ਦਾ ਜ਼ਿੰਮੇਵਾਰ ਬਣਨ ਜਾ ਰਿਹਾ ਹੈ। ਦੁਨੀਆਂ ਭਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਤੇ ਜਮਹੂਰੀ ਹਲਕਿਆਂ ਵੱਲੋਂ ਅਮਰੀਕਾ ਦੇ ਇਸ ਵਿਹਾਰ ਦੀ ਜ਼ੋਰਦਾਰ ਨਿੰਦਾ ਹੋ ਰਹੀ ਹੈ। ਸਾਡੇ ਮੁਲਕ ਦੇ ਕਿਰਤੀ ਲੋਕਾਂ ਨੂੰ ਵੀ ਇਰਾਨ ਤੋਂ ਅਜਿਹੀਆਂ ਪਾਬੰਦੀਆਂ ਹਟਾਉਣ ਦੀ ਮੰਗ ਕਰਨੀ ਚਾਹੀਦੀ ਹੈ।

No comments:

Post a Comment