ਜਸਵੰਤ ਸਿੰਘ ਕੰਵਲ ਵੱਲੋਂ ਪੰਜਾਬੀ ਨਾਵਲ ਦੇ ਖੇਤਰ ’ਚ ਪਾਈਆਂ ਪੈੜਾਂ ਅਮਿੱਟ ਹਨ
ਉੱਘੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਵਿਛੋੜੇ ਮੌਕੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸਲਾਮ ਕਾਫਲੇ ਨੇ ਉਨ੍ਹਾਂ ਵੱਲੋਂ ਸਾਹਿਤਕ ਖੇਤਰ ’ਚ ਘਾਲ਼ੀ ਘਾਲ਼ਣਾ ਨੂੰ ਸਲਾਮ ਕਹੀ ਹੈ। ਸਲਾਮ ਕਾਫ਼ਲੇ ਵੱਲੋਂ ਕਨਵੀਨਰ ਜਸਪਾਲ ਜੱਸੀ ਤੇ ਕਮੇਟੀ ਮੈਂਬਰ ਪਾਵੇਲ ਨੇ ਕਿਹਾ ਕਿ ਜਸਵੰਤ ਸਿੰਘ ਕੰਵਲ ਦੇ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਅਜਿਹੇ ਕਲਮਕਾਰ ਤੋਂ ਵਾਂਝਾ ਹੋ ਗਿਆ ਹੈ ਜਿਸ ਨੇ ਪਾਠਕਾਂ ਤੇ ਕਲਮਕਾਰਾਂ ਦੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਕੀਤਾ। ਕੰਵਲ ਨੇ ਬਹੁਤ ਲੰਮਾ ਅਰਸਾ ਪੰਜਾਬੀ ਸਾਹਿਤ ਦੇ ਪਿੜ ਵਿੱਚ ਘਾਲਣਾ ਘਾਲੀ। ਉਨ੍ਹਾਂ ਦੇ ਨਾਵਲਾਂ ਨੇ ਪੰਜਾਬੀ ਪਾਠਕਾਂ ’ਚ ਨਰੋਈਆਂ ਤੇ ਅਗਾਂਹਵਧੂ ਕਦਰਾਂ ਕੀਮਤਾਂ ਦਾ ਸੰਚਾਰ ਕੀਤਾ। ਪੰਜਾਬੀ ਸਾਹਿਤ ਦੇ ਨਵੇਂ ਪਾਠਕ ਪੈਦਾ ਕੀਤੇ ਤੇ ਨਵੀਆਂ ਕਲਮਾਂ ਨੂੰ ਉਗਾਸਾ ਦਿੱਤਾ। ਉਨ੍ਹਾਂ ਨੇ ਆਪਣੇ ਨਾਵਲਾਂ ’ਚ ਕਰਾਂਤੀਕਾਰੀ ਆਦਰਸ਼ਾਂ ਨੂੰ ਬੁਲੰਦ ਕੀਤਾ ਅਤੇ ਪੰਜਾਬੀ ਨੌਜਵਾਨਾਂ ਦੇ ਮਨਾਂ ’ਚ ਇਨ੍ਹਾਂ ਆਦਰਸ਼ਾਂ ਲਈ ਤਾਂਘ ਪੈਦਾ ਕੀਤੀ। ਪੇਂਡੂ ਪੰਜਾਬ ਦਾ ਚਿਤਰਨ ਕਰਦਿਆਂ ਉਨ੍ਹਾਂ ਨੇ ‘‘ਰਾਤ ਬਾਕੀ’’ ਹੈ ਤੇ ‘‘ਲਹੂ ਦੀ ਲੋਅ’’ ਵਰਗੇ ਨਾਵਲਾਂ ਰਾਹੀਂ ਪੰਜਾਬ ਦੀ ਧਰਤੀ ’ ਤੇ ਉੱਠੀਆਂ ਇਨਕਲਾਬੀ ਜਨਤਕ ਲਹਿਰਾਂ ਦਾ ਚਿਤਰਨ ਕੀਤਾ। ਜੀਵਨ ਦੇ ਕਾਫੀ ਵੱਡੇ ਹਿੱਸੇ ਦੌਰਾਨ ਉਹ ਲੋਕ ਪੱਖੀ ਸਾਹਿਤ ਧਾਰਾ ਦਾ ਹੀ ਅੰਗ ਰਹੇ। ਜਸਵੰਤ ਸਿੰਘ ਕੰਵਲ ਨੇ ਪੰਜਾਬੀ ਨਾਵਲ ਦੇ ਖੇਤਰ ’ਚ ਪਾਈਆਂ ਪੈੜਾਂ ਰਾਹੀਂ ਨਵੇਂ ਰਾਹ ਸਿਰਜੇ ਜਿਨ੍ਹਾਂ ’ ਤੇ ਚੱਲ ਕੇ ਪੰਜਾਬੀ ਨਾਵਲਕਾਰਾਂ ਨੇ ਅਗਲੀ ਬੁਲੰਦੀ ਛੋਹੀ। ਉਨ੍ਹਾਂ ਦੇ ਵਿਛੋੜੇ ਮੌਕੇ ਲੋਕ ਪੱਖੀ ਸਾਹਿਤ ਦੇ ਖੇਤਰ ’ਚ ਘਾਲ਼ੀ ਉਨ੍ਹਾਂ ਦੀ ਘਾਲਣਾ ਨੂੰ ਤੇ ਪੰਜਾਬੀ ਨਾਵਲ ਦੀਆਂ ਨਰੋਈਆਂ ਪਿਰਤਾਂ ਨੂੰ ਬੁਲੰਦ ਕਰਨਾ ਚਾਹੀਦਾ ਹੈ।
ਜਸਪਾਲ ਜੱਸੀ ਕਨਵੀਨਰ
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲਾ
No comments:
Post a Comment