ਕਰੋਨਾ:
ਫਿਰਕੂ ਹਮਲੇ ਦਾ ਵੀ ਹੱਥਾ
ਕਰੋਨਾ:
ਫਿਰਕੂ ਹਮਲੇ ਦਾ ਵੀ ਹੱਥਾ
ਕਰੋਨਾ
ਵਾਇਰਸ ਸਿਰਫ਼ ਸਰੀਰਕ ਬਿਮਾਰੀ ਦੇ ਪਸਾਰੇ ਦਾ ਜ਼ਰੀਆ ਹੀ ਨਹੀਂ ਸਗੋਂ ਹੁਣ ਇਹ ਭਾਜਪਾ ਦੇ ਫਿਰਕੂ ਫਾਸ਼ੀ
ਹਮਲੇ ਨੂੰ ਅੱਗੇ ਵਧਾਉਣ ਦਾ ਜ਼ਰੀਆ ਵੀ ਬਣ ਗਿਆ ਹੈ। ਮੋਦੀ ਹਕੂਮਤ ਨੇ ਹੁਣ ਇਸ ਨੂੰ ਮੁਸਲਿਮ
ਭਾਈਚਾਰੇ ਖਿਲਾਫ਼ ਫਿਰਕੂ ਨਫਰਤ ਭੜਕਾਉਣ ਲਈ ਹੱਥੇ ਵਜੋਂ ਵਰਤਣ ਦਾ ਰਾਹ ਫੜ ਲਿਆ ਹੈ। ਮੁਸਲਿਮ
ਧਾਰਮਿਕ ਸੰਸਥਾ ਤਬਲੀਗੀ ਜਮਾਤ ਦੇ ਕੇਂਦਰ ਨੂੰ ਕਰੋਨਾ ਫੈਲਾਉਣ ਦੇ ਸਰੋਤ ਵਜੋਂ ਉਭਾਰ ਕੇ ਮੁਲਕ ’ਚ ਫੈਲ ਰਹੀ ਇਸ ਬਿਮਾਰੀ ਦਾ ਸਾਰਾ
ਭਾਂਡਾ ਮੁਸਲਮਾਨਾਂ ਸਿਰ ਭੰਨਿਆ ਜਾ ਰਿਹਾ ਹੈ। ਇਹ ਫਿਰਕੂ ਫਾਸ਼ੀ ਹਕੂਮਤ ਕੋਈ ਮੌਕਾ ਅਜਿਹਾ ਨਹੀਂ
ਜਾਣ ਦੇ ਰਹੀ ਜਿਸ ਨੂੰ ਫਿਰਕੂ ਫਾਸ਼ੀ ਹਮਲੇ ਦੇ ਵਧਾਰੇ ਲਈ ਜੁਟਾਇਆ ਜਾ ਸਕਦਾ ਹੋਵੇ। ਵਿਕਾਊ ਟੀ ਵੀ ਚੈਨਲਾਂ ਤੇ
ਮੀਡੀਆ ਨੇ ਹੁਣ ਇਸ ਨੂੰ ਕਰੋਨਾ ਜਹਾਦ ਦੇ ਨਾਂਅ ਨਾਲ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਦੇ
ਨਿਜਾਮੂਦੀਨ ’ਚ ਇਸ ਸੰਸਥਾ ਦਾ ਵੱਡਾ ਦਫਤਰ ਇੱਕ
ਕੌਮਾਂਤਰੀ ਕੇਂਦਰ ਹੈ ਜਿਹੜਾ ਇੱਕ ਹੋਸਟਲ ਦੀ ਤਰਾਂ ਹੈ। ਇੱਥੇ ਮੁਲਕ ਦੇ ਵੱਖ ਵੱਖ ਕੋਨਿਆਂ ਤੇ
ਦੇਸ਼ਾਂ ਵਿਦੇਸ਼ਾਂ ’ਚੋਂ ਲੋਕ ਆ ਕੇ ਠਹਿਰਦੇ ਹਨ।
ਸੰਸਥਾ ਦੇ ਪ੍ਰਬੰਧਕਾਂ ਮੁਤਾਬਕ ਉਨਾਂ ਵੱਲੋਂ ਇਨਾਂ ਦਿਨਾਂ ’ਚ ਕੋਈ ਗਿਣ ਮਿਥ ਕੇ ਵਿਸ਼ੇਸ਼ ਇਕੱਠ ਨਹੀਂ ਕੀਤਾ ਗਿਆ
ਸਗੋਂ ਇਹ ਇੱਕ ਆਮ ਰੁਟੀਨ ਹੈ ਕਿਉਂਕਿ ਵੱਡੀ ਗਿਣਤੀ ਲੋਕ ਇਸ ਨੂੂੰ ਇੱਕ ਠਾਹਰ ਵਜੋਂ ਵਰਤਦੇ ਹਨ ।
ਉੁਸ ਦੇ ਆਗੂਆਂ ਦਾ ਕਹਿਣਾ ਹੈ ਕਿ ਉਨਾਂ ਨੇ ਪਹਿਲਾਂ ਹੀ ਇਹ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਏਥੇ
ਇਕੱਠ ਨਾ ਹੋਵੇ ਪਰ ਦੂਰੋਂ ਦੂਰੋਂ ਆਏ ਲੋਕਾਂ ਲਈ ਇੱਥੇ ਰੁਕਣ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ
ਸੀ। ਚਾਹੇ ਇਹ ਰਿਪੋਰਟਾਂ ਵੀ ਹਨ ਕਿ ਉਨਾਂ ਵੱਲੋਂ ਚੌਦਾਂ ਮਾਰਚ ਨੂੰ ਇੱਕ ਸਮਾਗਮ ਕੀਤਾ ਗਿਆ ਸੀ
ਪਰ ਤਾਂ ਵੀ ਇਹ ਸਮਾਗਮ ਇਕੱਠ ਨਾ ਕਰਨ ਦੀਆਂ ਹਦਾਇਤਾਂ ਤੋਂ ਪਹਿਲਾਂ ਦਾ ਹੀ ਬਣਦਾ ਹੈ। ਕਿਉਂਕਿ
ਤੇਰਾ ਮਾਰਚ ਨੂੰ ਕੇਂਦਰ ਸਰਕਾਰ ਨੇ ਆਪ ਇੱਕ ਚਿੱਠੀ ਰਾਹੀਂ ਮੁਲਕ ’ਚ ਸਿਹਤ ਐਮਰਜੈਂਸੀ ਦੀ ਹਾਲਤ ਨਾ
ਹੋਣ ਦਾ ਐਲਾਨ ਕੀਤਾ ਸੀ। ਇਸ ਸਭ ਦੇ ਬਾਵਜੂਦ ਜੇ ਇਸ ਨੂੰ ਪ੍ਰਬੰਧਕਾਂ ਦਾ ਗ਼ੈਰ ਜ਼ਿੰਮੇਵਾਰ ਵਿਹਾਰ
ਮੰਨ ਵੀ ਲਿਆ ਜਾਵੇ ਤਾਂ ਵੀ ਮੁਲਕ ਅੰਦਰ ਕਰੋਨਾ ਵਾਇਰਸ ਦੇ ਪਸਾਰੇ ਦੇ ਕੇਂਦਰ ਵਜੋਂ ਇਸ ਇੱਕੋ ਇੱਕ
ਸਥਾਨ ਨੂੰ ਉਭਾਰਨਾ ਵਾਜਬ ਨਹੀਂ। ਉਹ ਵੀ ਇੱਕ
ਵਿਸ਼ੇਸ਼ ਧਾਰਮਿਕ ਫਿਰਕੇ ਨੂੰ ਟਿੱਕ ਕੇ ਬਿਮਾਰੀ ਦੇ ਵਾਹਕ ਵਜੋਂ ਪੇਸ਼ ਕਰਨਾ ਨਾਪਾਕ ਫਿਰਕੂ
ਮਨਸੂਬਿਆਂ ਦਾ ਹੀ ਪ੍ਰਗਟਾਵਾ ਹੈ। ਹਾਲਾਂਕਿ ਇਸ ਸਮਾਗਮ ਤੋਂ ਮਗਰੋਂ ਵੀ ਮੁਲਕ ਅੰਦਰ ਵੱਖ ਵੱਖ
ਤਰਾਂ ਦੇ ਧਾਰਮਿਕ, ਸਮਾਜਿਕ ਤੇ ਸਿਆਸੀ ਸਮਾਗਮ ਕੀਤੇ
ਗਏ ਹਨ। 16 ਮਾਰਚ ਨੂੰ ਹਿੰਦੂ ਮਹਾਂ ਸਭਾ ਨੇ
ਕਰੋਨਾ ਵਾਇਰਸ ਦੇ ਖ਼ਾਤਮੇ ਲਈ ਗਊੂ-ਮੂਤ ਦੀ ਪਾਰਟੀ ਕੀਤੀ ਸੀ। 16 ਮਾਰਚ ਨੂੰ ਦਿੱਲੀ ਸਰਕਾਰ ਵੱਲੋਂ
ਧਾਰਮਿਕ ਸੰਸਥਾਵਾਂ ਨੂੰ ਸਮਾਗਮ ਰੱਦ ਕਰਨ ਦੀ ਹਦਾਇਤ ਕਰਦਾ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਵੀ 17 ਮਾਰਚ ਨੂੂੰ ਦਿੱਲੀ ਦੇ ਤਿਰੂਪਤੀ
ਮੰਦਰ ’ਚ 40,000 ਲੋਕ ਇਕੱਠੇ ਹੋਏ ਸਨ। 22 ਮਾਰਚ ਨੂੰ ਮੋਦੀ ਦੇ “ਜਨਤਾ ਕਰਫਿਉ’’ ਦੌਰਾਨ ਵੀ ਹਜ਼ਾਰਾਂ ਲੋਕ ਸੜਕਾਂ ’ਤੇ ਨਿਕਲ ਕੇ ਥਾਲੀਆਂ ਵਜਾਉਂਦੇ
ਹੋਏ ਮੁਜ਼ਾਹਰੇ ਕਰਦੇ ਦੇਖੇ ਗਏ ਸਨ। ਇਸ ਤੋਂ ਵੀ ਅੱਗੇ ਭਾਜਪਾ ਦੇ ਸਭ ਤੋਂ ਚੱਕਵੇਂ ਫਿਰਕੂ ਅਨਸਰ ਅਦਿੱਤਿਆ ਨਾਥ ਯੋਗੀ
ਨੇ ਸਮੁੱਚੇ ਦੇਸ਼ ‘’ਚ ਲੌਕ ਡਾਊਨ ਦਾ ਐਲਾਨ ਹੋਣ
ਮਗਰੋਂ 25 ਮਾਰਚ ਨੂੰ ਰਾਮ ਲਲਾ ਦੀਆਂ
ਮੂਰਤੀਆਂ ਨੂੰ ਗੱਜ ਵੱਜ ਕੇ ,ਇਕੱਠ ਕਰ ਕੇ ,ਉਸੇ ਕੰਪਲੈਕਸ ਦੇ ਅੰਦਰ ਹੀ ਇੱਕ
ਥਾਂ ਤੋਂ ਦੂਜੀ ਥਾਂ ਤਬਦੀਲ ਕੀਤਾ ਸੀ । ਪਰ ਇਸ ਸਭ ਕੁਝ ਦੇ ਬਾਵਜੂਦ ਨਿਸ਼ਾਨਾ ਸਿਰਫ ਤੇ ਸਿਰਫ
ਮੁਸਲਿਮ ਭਾਈਚਾਰੇ ਨੂੰ ਹੀ ਬਣਾਇਆ ਜਾ ਰਿਹਾ ਹੈ। ਜਿਨਾਂ ਸਭਨਾਂ ਨੇ ਇਹ ਲਾਪਰਵਾਹੀ ਵਰਤੀ ਹੈ ਉਹ
ਕਰੋਨਾ ਵਾਇਰਸ ਦੇ ਪਸਾਰੇ ਦੇ ਕੇਂਦਰਾਂ ਵਜੋਂ ਕਿਉਂ ਨਹੀਂ ਉੱਭਰੇ? ਕਾਰਨ ਸਾਫ ਹੈ ਕਿ ਭਾਜਪਾ ਨੇ
ਆਪਣੇ ਫਿਰਕੂ ਫਾਸ਼ੀ ਹੱਲੇ ਨੂੰ ਇਨਾਂ ਦਿਨਾਂ ਦੇ ਅੰਦਰ ਵੀ ਜ਼ਰਾ ਕੁ ਮੱਧਮ ਨਹੀਂ ਪੈਣ ਦਿੱਤਾ। ਪਹਿਲਾਂ ਏਸੇ ਦਾ ਬਹਾਨਾ ਬਣਾ ਕੇ
ਸ਼ਾਹੀਨ ਬਾਗ ਅੰਦਰ ਬੈਠੇ ਧਰਨਾਕਾਰੀਆਂ ਨੂੰ ਖਦੇੜਿਆ ਗਿਆ। ਹੁਣ ਕਰੋਨਾ ਫੈਲਣ ਦਾ ਸਾਰਾ ਦੋਸ਼ ਵੀ
ਮੁਸਲਮਾਨ ਭਾਈਚਾਰੇ ਸਿਰ ਮੜਨ ਦੇ ਯਤਨਾਂ ਵਿਢ ਦਿੱਤੇ ਗਏ ਹਨ। ਫਿਰਕੂ ਜ਼ਹਿਰ ਪਸਾਰੇ ਦੇ ਯਤਨਾਂ ਦੇ
ਨਾਲ ਨਾਲ ਇਹ ਸਰਕਾਰ ਦੀਆਂ ਆਪਣੀਆਂ ਨਲਾਇਕੀਆਂ ਛੁਪਾਉਣ ਦੀ ਵੀ ਕੋਸ਼ਿਸ਼ ਹੈ। ਭਾਜਪਾ ਦਾ ਇਹ ਸੱਜਰਾ ਹਮਲਾ
ਦੱਸਦਾ ਹੈ ਕਿ ਕਰੋਨਾ ਵਾਇਰਸ ਨਾਲ ਲੜਦੇ ਲੜਦੇ ਭਾਜਪਾ ਦੇ ਫਾਸ਼ੀ ਹਮਲੇ ਖ਼ਿਲਾਫ਼ ਸੰਘਰਸ਼ ਨੂੰ ਇੱਕ ਪਲ
ਲਈ ਵੀ ਨਹੀਂ ਤਿਆਗਿਆ ਜਾ ਸਕਦਾ ਸਗੋਂ ਹੋਰ ਵਧੇਰੇ ਸੁਚੇਤ ਹੋ ਕੇ ਤੇ ਵਧੇਰੇ ਦਿ੍ਰੜਤਾ ਨਾਲ ਸੰਘਰਸ਼
ਦੇ ਮੋਰਚੇ ਹਰ ਸੰਭਵ ਸ਼ਕਲਾਂ ’ਚ ਮਘਦੇ ਰੱਖੇ ਜਾਣੇ ਚਾਹੀਦੇ ਹਨ।
(ਅਪ੍ਰੈਲ, 2020)
No comments:
Post a Comment