Friday, July 3, 2020

ਪੁਸਤਕ : ਸਾਕਾ ਜਲਿਆਂਵਾਲਾ ਬਾਗ ਲੋਕ ਮੁਖੀ ਇਤਿਹਾਸਕਾਰੀ ਦਾ ਗੰਭੀਰ ਉਪਰਾਲਾ


ਪੁਸਤਕ : ਸਾਕਾ ਜਲਿਆਂਵਾਲਾ ਬਾਗ

ਲੋਕ ਮੁਖੀ ਇਤਿਹਾਸਕਾਰੀ ਦਾ ਗੰਭੀਰ ਉਪਰਾਲਾ


ਪਿਛਲੇ ਵਰੇ ਜਲਿਆਂ ਵਾਲੇ ਬਾਗ ਦੇ ਸਾਕੇ ਦੀ ਸ਼ਤਾਬਦੀ ਮਨਾਈ ਗਈ ਸੀ । ਇਸ ਮੌਕੇ ਸਦੀ ਪਹਿਲਾਂ ਵਾਪਰੇ ਇਸ ਖੂੰਨੀ ਕਾਂਡ ਬਾਰੇ ਕਈ ਕੁੱਝ ਲਿਖਿਆ ਗਿਆ ਹੈ । ਇਸ ਸਮੁੱਚੀ ਸਮੱਗਰੀ   ਦਰਮਿਆਨ ਪਿਛਲੇ ਗਦਰੀ ਬਾਬਿਆਂ  ਦੇ ਮੇਲੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਡਾ. ਪਰਮਿੰਦਰ ਸਿੰਘ ਦੀ ਪੁਸਤਕ ਸਾਕਾ ਜਲਿਆਂ ਵਾਲਾ ਬਾਗ-ਸਾਮਰਾਜ ਤੇ ਲੋਕ ਲਹਿਰ’’ ਵਿਸ਼ੇਸ਼ ਕਰਕੇ ਧਿਆਨ ਖਿੱਚਦੀ ਹੈ । ਹਾਲਾਂਕਿ ਲੰਘੀ ਸਾਰੀ ਸਦੀ ਦੌਰਾਨ ਇਸ ਸਾਕੇ ਬਾਰੇ ਕਾਫੀ ਕੁੱਝ ਕਿਹਾ-ਲਿਖਿਆ ਜਾ ਚੁੱਕਿਆ ਹੈ, ਬਹੁਤ ਸਾਰੇ ਤੱਥ-ਵੇਰਵੇ ਜੁਟਾਏ ਗਏ ਹਨ ਪਰ ਇਸ ਇਤਿਹਾਸਕ ਖੂਨੀ ਕਾਂਡ ਨੂੰ ਵੇਲੇ ਦੇ ਸਮਾਜਿਕ ਰਾਜਨੀਤਿਕ ਪ੍ਰਸੰਗ ਚ ਰੱਖ ਕੇ ਜਿਸ ਵਡੇਰੇ ਚੌਖਟੇ ਅਧੀਨ ਵਿਚਾਰਿਆ ਗਿਆ ਹੈ, ਇਹ ਕਾਰਜ ਸ਼ਤਾਬਦੀ ਮਨਾਉਣ ਦੇ ਅਰਥਾਂ ਨੂੰ ਹੋਰ ਵੀ ਸਾਕਾਰ ਕਰਦਾ ਹੈ । ਇਹ ਪੁਸਤਕ ਤੱਥਾਂ ਤੇ ਘਟਨਾਵਾਂ ਦੇ ਤਰਕਪੂਰਨ ਸਿੱਟਿਆਂ  ਦੇ ਆਧਾਰ ਤੇ   ਉਸ ਘਟਨਾਕ੍ਰਮ ਨੂੰ ਲੋਕ-ਮੁਖੀ ਜ਼ਾਵੀਏ ਤੋਂ ਸਮਝਣ ਦਾ ਇੱਕ ਗੰਭੀਰ ਤੇ ਸੁਹਿਰਦ ਯਤਨ ਹੈ । 9 ਵੱਖ-ਵੱਖ ਪਾਠਾਂ ਚ ਨਜਿੱਠੇ ਗਏ ਇਸ ਘਟਨਾਕ੍ਰਮ ਨੂੰ ਵੇਲੇ ਦੇ ਵੱਡੇ ਰਾਜਸੀ ਕੈਨਵਸ ਤੇ ਵਿਚਾਰਿਆ ਗਿਆ ਹੈ । 1919 ਦੇ ਪੰਜਾਬ ਦੀ ਵਿਕਸਤ ਹੋਈ ਰਾਜਸੀ ਹਾਲਤ ਨੂੰ ਪਹਿਲੀ ਸੰਸਾਰ ਜੰਗ ਵੇਲੇ ਅੰਗਰੇਜ਼ੀ ਸਾਮਰਾਜ ਦੀ ਨੀਤੀ ਚ ਪੰਜਾਬ ਦੀ ਵਿਸ਼ੇਸ਼ ਅਹਿਮੀਅਤ (ਖੇਤੀ ਜਿਨਸਾਂ ਤੇ ਫੌਜੀ ਭਰਤੀ ਪੱਖੋਂ) ਨਾਲ ਜੋੜਦਿਆਂ  ਉਹ ਕਾਰਨ ਟਿੱਕੇ ਗਏ ਹਨ, ਜਿੰਨਾਂ ਕਾਰਨ ਪੰਜਾਬ 1857 ਦੇ ਗ਼ਦਰ ਵੇਲੇ ਦੇ ਮੱਠੇ ਹੁੰਗਾਰੇ ਤੋਂ ਲੋਕ ਰੋਹ ਦੇ ਉੱਬਲਦੇ ਕੜਾਹੇ ਚ ਤਬਦੀਲ ਹੋ ਰਿਹਾ ਸੀ । ਬਸਤੀਵਾਦੀ ਅਤੇ ਜਗੀਰੂ ਲੁੱਟ-ਖਸੁੱਟ ਦੀ ਭੰਨੀ ਤੇ ਸੰਸਾਰ ਜੰਗ ਚ ਬਰਤਾਨਵੀ ਸਾਮਰਾਜੀ ਹਿੱਤਾਂ ਲਈ ਜੰਗੀ ਖਾਜਾ ਬਣੀ ਪੰਜਾਬ ਦੀ ਕਿਸਾਨੀ ਦੀ ਬੇਚੈਨੀ ਸਿਖਰਾਂ ਤੇ ਸੀ। ਪੱਗੜੀ ਸੰਭਾਲ ਜੱਟਾ ਲਹਿਰ ਤੇ ਗ਼ਦਰ ਲਹਿਰ ਵਰਗੀਆਂ  ਸਾਮਰਾਜ ਵਿਰੋਧੀ ਲੋਕ ਲਹਿਰਾਂ ਦੀ ਪਿੱਠ ਭੂਮੀ ਚ ਜਲਿਆਂ ਵਾਲੇ ਸਾਕੇ ਦੇ ਦਿਨਾਂ ਦੇ ਲੋਕ ਉਭਾਰ ਦੀ ਜੁਝਾਰੂ ਤੇ ਫਿਰਕਾਪ੍ਰਸਤੀ ਵਿਰੋਧੀ ਰੰਗਤ ਦੇ ਪੂਰੇ ਅਰਥ ਉੱਘੜਦੇ ਹਨ। ਰੋਲਟ ਐਕਟ ਵਿਰੋਧੀ ਲਹਿਰ ਦਾ ਵਿਸਥਾਰੀ ਵਰਨਣ ਇਹ ਦਰਸਾਉਂਦਾ ਹੈ ਕਿ ਜਲਿਆਂ ਵਾਲਾ ਬਾਗ ਕਤਲੇਆਮ ਲੋਕਾਂ ਦੇ ਜਲਸੇ ਤੇ   ਅਚਾਨਕ ਹੋਇਆ ਹਮਲਾ ਨਹੀਂ ਸੀ, ਸਗੋਂ ਉਹਨਾਂ ਦਿਨਾਂ ਚ ਉੱਠੇ ਹੋਏ ਲੋਕ ਉਭਾਰ (ਜਿਸ ਵਿੱਚ ਬਕਾਇਦਾ ਜਨਤਕ ਬਗਾਵਤ ਦੇ ਅੰਸ਼ ਸਾਮਲ ਸਨ) ਨੂੰ ਅੰਗਰੇਜ਼ ਸਾਮਰਾਜੀਆਂ  ਵੱਲੋਂ ਕੁਚਲ ਦੇਣ ਲਈ ਗਿਣ-ਮਿਥ ਕੇ ਰਚਾਇਆ ਗਿਆ ਕਤਲੇਆਮ ਸੀ । ਇਸ ਰਾਹੀਂ ਮੁਲਕ ਭਰ ਚ ਇਹ ਜਾਬਰ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ ਸੀ ਕਿ ਅੰਗਰੇਜ਼ੀ ਸਾਮਰਾਜ ਅਜਿਹੀ ਜਨਤਕ ਨਾਬਰੀ ਦੇ ਰੌਂਅ ਨੂੰ ਕਤੱਈ ਬਰਦਾਸ਼ਤ ਨਹੀਂ ਕਰ ਸਕਦਾ ਜਿਹੜਾ ਉਹਨਾਂ ਦਿਨਾਂ ਚ ਸ਼ਹਿਰੀ ਪੰਜਾਬ ਖਾਸ ਕਰਕੇ ਅੰਮਿ੍ਰਤਸਰ ਦੇ ਲੋਕ ਦਿਖਾ ਰਹੇ ਸਨ । 10 ਅਪ੍ਰੈਲ ਨੂੰ ਹੋਏ ਵੱਡੇ ਖਾੜਕੂ ਰੋਸ ਮੁਜਾਹਰਿਆਂ  ਦੌਰਾਨ ਲੋਕਾਂ ਦੀਆਂ  ਪੁਲਿਸ ਨਾਲ ਖੰੂਨੀ ਝੜੱਪਾਂ ਹੋਈਆਂ  ਸਨ, ਲੋਕ ਤਾਂ ਮਰੇ ਹੀ ਸਨ ਪਰ ਨਾਲ ਹੀ ਅੰਗਰੇਜ ਅਧਿਕਾਰੀ , ਪੁਲਿਸ ਮੁਲਾਜ਼ਮ ਤੇ ਸਰਕਾਰੀ ਜਾਇਦਾਦਾਂ ਲੋਕ ਰੋਹ ਦਾ ਨਿਸ਼ਾਨਾ ਵੀ ਬਣੀਆਂ  ਸਨ। ਰੋਲਟ ਐਕਟ ਦੇ ਨੁਕਤੇ ਤੇ   ਫੁੱਟਿਆ ਇਹ ਲੋਕ ਰੋਹ ਮੁਲਕ ਦੀ ਸਾਮਰਾਜ ਵਿਰੋਧੀ ਲੋਕ ਲਹਿਰ ਦਾ ਅੰਗ ਸੀ । ਇਹ ਢਾਈ ਤਿੰਨ ਮਹੀਨਿਆਂ  ਦੀ ਵਿਸ਼ਾਲ ਜਨਤਕ ਖਾੜਕੂ ਲਹਿਰ ਸੀ ਜਿਸਦਾ ਸਿਖਰਲਾ ਕਾਂਡ ਜਲਿਆਂ ਵਾਲੇ ਬਾਗ ਦਾ ਸਾਕਾ ਸੀ। ਸਮੁੱਚੀ ਕੌਮੀ ਮੁਕਤੀ ਲਹਿਰ ਦੇ ਵਿਕਾਸ ਮਾਰਗ ਨਾਲ ਜਾਣ ਪਛਾਣ ਰੱਖਣ ਵਾਲਾ ਪਾਠਕ , ਪੁਸਤਕ ਪੜਦਿਆਂ  ਇਹ ਸਮਝ ਸਕਦਾ ਹੈ ਕਿ ਇਹ ਸਾਕਾ ਕੌਮੀ ਮੁਕਤੀ ਲਹਿਰ ਦੇ ਸਫ਼ਰ ਅੰਦਰ ਇੱਕ ਅਹਿਮ ਮੋੜ ਨੁਕਤਾ ਵੀ ਸੀ ਜਿਸਨੇ ਕੌਮੀ ਮੁਕਤੀ ਸੰਗਰਾਮ ਦੇ ਇਕ ਨਵੇਂ ਦੌਰ ਦਾ ਮੁੱਢ ਬੰਨ ਦਿੱਤਾ ਸੀ ਤੇ ਨਾਲ ਹੀ ਕੌਮੀ ਲਹਿਰ ਅੰਦਰਲ਼ੀਆਂ  ਦੋ ਧਾਰਾਵਾਂ ਨੂੰ ਹੋਰ ਵਧੇਰੇ ਤਿੱਖੀ ਤਰਾਂ ਇੱਕ ਦੂਜੇ ਨਾਲ ਟਕਰਾਵੇਂ ਰੂਪ ਚ ਉਭਾਰ ਦਿੱਤਾ ਸੀ । ਇਹਨਾਂ ਦੋ ਧਾਰਾਵਾਂ ਚੋਂ ਇੱਕ ਮੁਲਕ ਦੀਆਂ  ਜਗੀਰਦਾਰ ਤੇ ਦਲਾਲ ਸਰਮਾਏਦਾਰ ਜਮਾਤਾਂ ਦੀ ਭਾਰੂ ਹੈਸੀਅਤ ਵਾਲੀ ਧਾਰਾ ਸੀ ਜਿਹੜੀ ਅੰਗਰੇਜ਼ੀ ਸਾਮਰਾਜ ਤੋਂ ਵਧੇਰੇ ਆਰਥਿਕ ਰਿਆਇਤਾਂ ਤੇ ਰਾਜਸੀ ਹਿੱਸੇਦਾਰੀ ਲਈ ਦਬਾਅ ਪਾਉਣ ਤੱਕ ਸੀਮਤ ਰਹਿੰਦੀ ਸੀ ਤੇ ਦੂਜੀ ਧਾਰਾ ਇਨਕਲਾਬੀ ਵਿਚਾਰਾਂ ਵਾਲੇ ਨੌਜਵਾਨਾਂ ਦੀ ਸੀ ਜਿਹੜੀ ਮੁਲਕ ਦੀਆਂ  ਕਿਰਤੀ ਜਮਾਤਾਂ ਦੇ ਅੰਦੋਲਨ ਦੇ ਜ਼ੋਰ ਤੇ ਅੰਗਰੇਜ਼ ਸਾਮਰਾਜੀਆਂ  ਦੇ ਨਾਲ ਨਾਲ ਹਰ ਤਰਾਂ ਦੀ ਲੁੱਟ-ਖਸੁੱਟ ਤੇ ਵਿਤਕਰੇ ਖ਼ਿਲਾਫ਼ ਜੂਝਣ ਦਾ ਦਮ ਭਰਦੀ ਸੀ ਤੇ ਬਸਤੀਵਾਦੀ ਗ਼ੁਲਾਮੀ ਤੋਂ ਪੂਰੀ ਤਰਾਂ ਛੁਟਕਾਰਾ ਚਾਹੁੰਦੀ ਸੀ। ਸਮੁੱਚੀ ਕੌਮੀ ਮੁਕਤੀ ਲਹਿਰ ਚ ਇਹ ਦੋਹੇਂ ਧਾਰਾਵਾਂ ਸਮਾਨਅੰਤਰ ਤੁਰਦੀਆਂ  ਰਹੀਆਂ  ਹਨ । ਸਾਕੇ ਦੇ ਸਾਲਾਂ ਦਾ ਇਹ ਦੌਰ ਇਹਨਾਂ ਧਾਰਾਵਾਂ ਦੇ ਹੋਰ ਵਧੇਰੇ ਨਿੱਤਰਵੇਂ ਸਰੂਪ ਅਖਤਿਆਰ ਕਰਨ ਦਾ ਦੌਰ ਸੀ । ਲੋਕਾਂ ਦੀ ਲਹਿਰ ਵੱਲੋਂ ਸੁਧਾਰਵਾਦੀ ਲੀਡਰਸ਼ਿਪ ਦੇ ਰਸਮੀ ਸੱਦਿਆਂ  ਤੋਂ ਅੱਗੇ ਜਾਇਆ ਜਾ   ਰਿਹਾ ਸੀ , ਤੇ ਖਰੀ ਇਨਕਲਾਬੀ ਲੀਡਰਸ਼ਿਪ ਦੀ ਤਲਾਸ਼ ਤੇਜ਼ ਹੋ ਰਹੀ ਸੀ। ਪਹਿਲਾਂ ਰੌਲਟ ਐਕਟ ਖ਼ਿਲਾਫ਼ ਚੱਲੇ ਅੰਦੋਲਨ ਚ ਮਹਾਤਮਾ ਗਾਂਧੀ ਦੀ ਲੀਡਰਸ਼ਿਪ ਤੋਂ ਨੌਜਵਾਨ ਹਲਕਿਆਂ  ਦੀਆਂ  ਆਸਾਂ ਤਿੜਕੀਆਂ  ਸਨ। ਮਗਰੋਂ ਨਾ-ਮਿਲਵਰਤਨ ਲਹਿਰ ਵਾਪਸ ਲੈਣ ਦੇ ਸਦਮੇ ਦੇ ਝੰਬੇ ਨੌਜਵਾਨ ਲਹਿਰ ਦੀ ਦਿਸ਼ਾ, ਨਿਸ਼ਾਨਿਆਂ  ਤੇ ਮੰਜ਼ਿਲ ਦੇ ਸਵਾਲਾਂ ਨਾਲ ਦੋ ਚਾਰ ਹੋ ਰਹੇ ਸਨ। ਨੌਜਵਾਨਾਂ ਸਾਹਮਣੇ ਇੱਕ ਪਾਸੇ ਮੁਲਕ ਦੇ ਲੋਕਾਂ ਅੰਦਰ ਉੱਠ ਰਿਹਾ ਖਾੜਕੂ ਉਭਾਰ ਸੀ ਤੇ ਦੂਜੇ ਪਾਸੇ ਨਾ-ਮਿਲਵਰਤਣ ਦੇ ਸੱਦੇ ਦੇਣ ਵਾਲੀ ਕੌਮੀ ਲੀਡਰਸ਼ਿਪ ਦਾ ਹਕੀਕਤ ਅੰਦਰ ਸਾਮਰਾਜੀਆਂ  ਨਾਲ ਮਿਲਵਰਤਣ ਦਾ ਅਮਲ ਸੀ ਜਿਹੜਾ ਇਨਾਂ ਲੋਕ ਉੁਭਾਰਾਂ ਦਰਮਿਆਨ ਵਾਰ ਵਾਰ ਜ਼ਾਹਰ ਹੋ ਰਿਹਾ ਸੀ। ਇਨਾਂ ਚੁਣੌਤੀ ਭਰਪੂਰ ਸਵਾਲਾਂ ਚੋਂ ਹੀ ਸ਼ਹੀਦ ਭਗਤ ਸਿੰਘ ਤੇ ਸਾਥੀਆਂ  ਦੀ ਲੀਡਰਸ਼ਿਪ ਉੱਭਰ ਕੇ ਆਈ ਸੀ ਜਿਸਨੇ ਕੌਮੀ ਮੁਕਤੀ ਲਹਿਰ ਦੇ ਮੁਹਾਣ ਤੇ ਆਪਣੀ ਡੂੰਘੀ ਛਾਪ ਛੱਡੀ ਸੀ।
ਇਸ ਪੁਸਤਕ ਲਈ ਚਾਹੇ ਕਈ ਇਤਿਹਾਸਕ ਪੁਸਤਕਾਂ ਦੀ ਸਮੱਗਰੀ ਨੂੰ ਅਧਾਰ ਬਣਾਇਆ ਗਿਆ ਹੈ ਪਰ ਇਹ ਮਹਿਜ਼ ਤੱਥ-ਵੇਰਵਿਆਂ  ਦੇ ਦੁਹਰਾਓ ਦਾ ਸੰਗ੍ਰਹਿ ਨਹੀਂ ਹੈ, ਸਗੋਂ ਉਨਾਂ ਇਤਿਹਾਸਕ ਤੱਥਾਂ ਨੂੰ ਇੱਕ ਬਦਲਵੇਂ ਪਰਿਪੇਖ ਚ ਰੱਖ ਕੇ ਇਸ ਇਤਿਹਾਸਕ ਮੋੜ ਨੁਕਤੇ ਨੂੰ ਤਰਕਪੂਰਨ ਢੰਗ ਨਾਲ ਮੁੜ ਪੀ੍ਰਭਾਸ਼ਿਤ ਕੀਤਾ ਗਿਆ ਹੈ। ਪੀ੍ਰਭਾਸ਼ਿਤ ਕਰਨ ਦੀ ਇਸ ਪਹੁੰਚ ਦੇ ਕੇਂਦਰ ਚ ਉਸ ਵੇਲੇ ਦੀ ਕਿਰਤੀ ਲੋਕਾਈ ਹੈ ਜਿਸਦਾ   ਸਾਮਰਾਜ ਨਾਲ ਭੇੜ ਇਸ ਦੌਰ ਦੀਆਂ  ਘਟਨਾਵਾਂ ਦੀ ਚਾਲਕ ਸ਼ਕਤੀ ਹੈ। ਦੱਬੀਆਂ  ਕੁਚਲੀਆਂ  ਜਮਾਤਾਂ ਦੇ ਜੀਵਨ ਸੰਗਰਾਮ ਨੂੰ ਕੇਂਦਰ ਚ ਰੱਖਕੇ ਇਤਿਹਾਸ ਨੂੰ ਵਾਚਣ ਦੀ ਇਹ ਪਹੁੰਚ ਇਸ ਪੁਸਤਕ ਚ ਧੁਰੋ-ਧੁਰ ਸਮਾਈ ਹੋਈ ਹੈ। ਅਜਿਹੀ ਵਿਗਿਆਨਕ ਪਹੁੰਚ ਨਾਲ ਇਸ ਸਾਕੇ ਦਾ ਬਹੁਪਰਤੀ ਵਿਸ਼ਲੇਸ਼ਣ ਪੰਜਾਬੀ ਇਤਿਹਾਸਕਾਰੀ ਚ ਸ਼ਾਇਦ ਅਜਿਹਾ ਪਹਿਲਾ ਉੱਦਮ ਹੈ। ਇਹ ਜਲਿਆਂ ਵਾਲੇ ਬਾਗ ਦੇ ਸਾਕੇ ਦੀ ਇਤਿਹਾਸਕਾਰੀ ਦੀ ਰਵਾਇਤੀ ਪਹੁੰਚ ਨਾਲ ਰਚਾਇਆ ਗਿਆ ਗੰਭੀਰ ਸੰਵਾਦ ਵੀ ਹੈ ਜਿਸ ਰਾਹੀਂ ਉਸ ਦੌਰ ਬਾਰੇ ਬਣਾਈਆਂ  ਕਈ ਧਾਰਨਾਵਾਂ ਦੀ ਬਾ-ਦਲੀਲ ਆਲੋਚਨਾ ਕੀਤੀ ਗਈ ਹੈ ਤੇ ਅਸਲੀਅਤ ਦਾ ਹੋਰ ਵਧੇਰੇ ਥਾਹ ਪਾਉਣ ਦਾ ਯਤਨ ਕੀਤਾ ਗਿਆ ਹੈ । ਇਹਨਾਂ ਚੋਂ ਇੱਕ ਉੱਭਰਵੀਂ ਧਾਰਨਾ ਮਹਾਤਮਾ ਗਾਂਧੀ ਦੇ ਇਸ ਲੋਕ ਅੰਦੋਲਨ ਵਿਚਲੇ ਰੋਲ ਬਾਰੇ ਹੈ । ਆਮ ਕਰਕੇ ਇਸ ਸਾਕੇ ਦੇ ਦਿਨਾਂ ਦੇ ਪੰਜਾਬ ਦੇ ਲੋਕ ਅੰਦੋਲਨ ਦੇ ਸੱਦਿਆਂ  ਨੂੰ ਮਹਾਤਮਾ ਗਾਂਧੀ ਦੀ ਅਗਵਾਈ ਹੇਠਲੇ ਅੰਦੋਲਨ ਦੇ ਅੰਗ ਵਜੋਂ ਪੇਸ਼ ਕੀਤਾ ਜਾਂਦਾ ਹੈ ਤੇ ਉਸਨੂੰ ਇਸ ਅੰਦੋਲਨ ਦੇ ਆਗੂ ਵਜੋਂ ਉਭਾਰਿਆ ਜਾਂਦਾ ਹੈ । ਪਰ ਲੇਖਕ ਨੇ ਨਾ ਸਿਰਫ ਤੱਥਾਂ ਤੇ ਘਟਨਾਵਾਂ ਦੀ ਤਰਤੀਬ ਰਾਹੀਂ ਸਗੋਂ ਮਹਾਤਮਾ ਗਾਂਧੀ ਦੀ ਸਮੁੱਚੀ ਕਾਰਜਸ਼ੈਲੀ ਤੇ ਵਿਚਾਰਧਾਰਕ-ਸਿਆਸੀ ਪੈਂਤੜਿਆਂ  ਰਾਹੀਂ ਵੀ ਦਰਸਾਇਆ ਹੈ ਕਿ ਇਹ ਲੋਕ ਉਭਾਰ ਮਹਾਤਮਾ ਗਾਂਧੀ ਦੀ ਅਗਵਾਈ ਰਾਹੀਂ ਉਭਾਰਿਆ ਗਿਆ ਨਹੀਂ ਸੀ, ਸਗੋਂ ਉਸ ਵੱਲੋਂ ਤਾਂ ਇਹਨੂੰ ਸੀਮਤ ਰੋਸ ਪ੍ਰਗਟਾਵਿਆਂ  ਦੀਆਂ  ਹੱਦਬੰਦੀਆਂ  ਚ ਡੱਕ ਲੈਣ ਦੇ ਯਤਨ ਕੀਤੇ ਜਾ ਰਹੇ ਸਨ । ਪੁਸਤਕ ਚ ਅਜਿਹੇ ਕਈ ਹਵਾਲੇ ਹਨ ਜਿਹੜੇ ਮਹਾਤਮਾ ਗਾਂਧੀ ਵੱਲੋਂ ਲਿਖੀਆਂ  ਲਿਖਤਾਂ ਚੋਂ ਲਏ ਗਏ ਹਨ ਤੇ ਇਸ ਦਲੀਲਬਾਜ਼ੀ ਚ ਅਹਿਮ ਸਾਬਤ ਹੁੰਦੇ ਹਨ। ਜਿਵੇਂ ਪੁਸਤਕ ਦੇ 78   ਨੰਬਰ ਪੰਨੇ ਤੇ ਉਸ ਵੱਲੋਂ 14 ਅਪਰੈਲ ਨੂੰ ਵਾਇਸਰਾਏ ਦੇ ਨਿੱਜੀ ਸਕੱਤਰ ਜੇ.ਐਲ.ਮੈਫੀ ਨੂੰ ਲਿਖੇ ਪੱਤਰ ਚ ਗਾਂਧੀ ਨੇ ਲਿਖਿਆ ਮੈਂ ਆਪਣੀਆਂ  ਗਲਤੀਆਂ  ਸੁਧਾਰ ਰਿਹਾ ਹਾਂ,   ਕੁੱਝ ਸਮੇਂ ਵਾਸਤੇ ਮੈਂ ਆਪਣੇ ਕਦਮ ਪਿਛਾਂਹ ਹਟਾ ਲਏ ਹਨ। ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਸਹਿ-ਕਾਮੇ ਭੀੜਾਂ ਨੂੰ ਤਰਤੀਬ ਵਿੱਚ ਕਰਨ   ਅਤੇ ਬੰਨਕੇ ਰੱਖ ਸਕਦੇ ਹਨ ਅਤੇ ਉਨਾਂ ਨੂੰ ਸ਼ਾਂਤਮਈ ਰੱਖ ਸਕਦੇ ਹਨ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਦਿੱਲੀ ਜਾਂ ਪੰਜਾਬ ਦੇ ਦੂਸਰੇ ਹਿੱਸਿਆਂ  ਵਿੱਚ ਦਾਖਲ ਹੋਣ ਤੋਂ ਗੁਰੇਜ਼ ਕਰਾਂਗਾ।ਇਸ ਲਈ ਇਸ ਮੌਕੇ ਤੇ ਮੇਰਾ ਸੱਤਿਆਗ੍ਰਹਿ ਆਪਣੇ ਦੇਸ਼ ਵਾਸੀਆਂ  ਦੇ ਖਿਲਾਫ ਹੀ ਸੇਧਿਤ ਰਹੇਗਾ।ਮੈਂ ਜਿੱਥੇ ਕਿਤੇ ਵੀ ਗਿਆ ਹਾਂ ਮੇਰੀ ਹਾਜ਼ਰੀ ਦਾ ਸਪਸ਼ਟ ਰੂਪ ਵਿੱਚ ਬੰਦਸ਼ ਲਾਉਣ ਵਾਲਾ ਅਤੇ ਗੁੱਸਾ ਘਟਾਕੇ ਸ਼ਾਂਤ ਕਰਨ ਵਾਲਾ ਅਸਰ ਰਿਹਾ ਹੈ ਭਾਵੇਂ ਕਿ ਅੰਮਿ੍ਰਤਸਰ ਵਿੱਚ ਵਾਪਰੀਆਂ  ਘਟਨਾਵਾਂ ਜਿੱਥੋਂ ਤੱਕ ਮੈਂ ਸਮਝ ਸਕਦਾ ਹਾਂ ਮੇਰੇ ਸੱਤਿਆਗ੍ਰਹਿ ਅਤੇ ਮੇਰੀ ਗਿ੍ਰਫਤਾਰੀ ਨਾਲ ਅਸਬੰਧਿਤ ਹਨ।’’   ਏਥੇ ਗਾਂਧੀ 9 ਤੇ 10 ਅਪ੍ਰੈਲ ਨੂੰ ਵਾਪਰੀਆਂ  ਘਟਨਾਵਾਂ ਦਾ ਜ਼ਿਕਰ ਕਰ ਰਿਹਾ ਹੈ। ਇਸ ਪ੍ਰਸੰਗ ਚ ਲੇਖਕ ਨੇ ਨੋਟ ਕੀਤਾ ਹੈ ਕਿਬਰਤਾਨਵੀ ਰਾਜ ਦੇ ਹਿੱਤਾਂ ਦੇ ਮੱਦੇ ਨਜ਼ਰ ਰੋਲਟ ਬਿੱਲਾਂ ਦੇ ਖ਼ਿਲਾਫ਼ ਉੱਠੀ ਲਹਿਰ ਨੂੰ ਆਪਣੇ ਦੁਆਰਾ ਹੀ ਤੈਅ ਕੀਤੀਆਂ  ਹੱਦਬੰਦੀਆਂ  ਵਿੱਚ ਜਕੜ ਕੇ ਰੱਖਣਾ ਉਸਦੀ ਵੱਡੀ ਲੋੜ ਪ੍ਰਤੀਤ ਹੁੰਦੀ ਹੈ।’’ ਪੁਸਤਕ ਚ ਅਜਿਹੇ ਹੋਰ ਕਈ ਹਵਾਲੇ ਸ਼ਾਮਲ ਹਨ।
ਇਉਂ ਇਹ ਪੁਸਤਕ   ਸਿਰਫ ਇਸ ਸਾਕੇ ਦੇ ਘਟਨਾਕ੍ਰਮ ਤੱਕ ਹੀ ਸੀਮਤ ਨਹੀਂ, ਸਗੋਂ ਉਸ ਵੇਲੇ ਦੇ ਲੋਕ ਅੰਦੋਲਨ ਨੂੰ ਸਮੁੱਚੀ ਕੌਮੀ ਮੁਕਤੀ ਲਹਿਰ ਦੇ ਪ੍ਰਸੰਗ ਚ ਰੱਖਕੇ ਵਿਚਾਰ ਅਧੀਨ ਲਿਆਉਂਦੀ ਹੈ।   ਇਹ ਮੁਲਕ ਦੀ ਕੌਮੀ ਮੁਕਤੀ ਲਹਿਰ ਦੇ ਆਗੂ ਵਜੋਂ ਮਹਾਤਮਾ ਗਾਂਧੀ ਦੇ ਰੋਲ ਦਾ ਮੁਲਾਂਕਣ ਵੀ ਕਰਦੀ ਹੈ ਜੋ ਉਸਦੀਆਂ  ਸਿਆਸੀ ਵਿਚਾਰਧਾਰਕ ਬੁਨਿਆਦਾਂ ਨੂੰ ਅਧਾਰ ਬਣਾ ਕੇ ਕੀਤਾ ਗਿਆ ਹੈ । ਇਸ ਪ੍ਰਸੰਗ ਚ ਮਹੱਤਵਪੂਰਨ ਪਹਿਲੂ ਮਹਾਤਮਾ ਗਾਂਧੀ ਦੇ ਦਾਅਪੇਚਾਂ ਤੇ ਪੈਂਤੜਿਆਂ  ਨੂੰ ਦੋ ਲੋੜਾਂ ਦੇ ਸੁਮੇਲ ਵਜੋਂ ਦਰਸਾਉਣਾ ਹੈ ਜਿਹੜਾ ਕਈ ਉਲਝਣਾਂ ਨੂੰ ਹੱਲ ਕਰਨ ਦਾ ਜ਼ਰੀਆ ਬਣਦਾ ਹੈ। ਇੱਕ, ਲੋਕਾਂ ਦੀ ਲਹਿਰ ਦੇ ਆਗੂ ਵਜੋਂ ਸਥਾਪਿਤ ਹੋਣ ਤੇ ਬਣੇ ਰਹਿਣ ਦੀ ਲੋੜ ਤੇ ਦੂਜੀ, ਇਨਕਲਾਬੀ ਬੁਨਿਆਦੀ ਤਬਦੀਲੀ ਵਾਲੀ ਸਿਆਸਤ ਨੂੰ ਡੱਕ ਕੇ ਰੱਖਣ ਦੀ ਲੋੜ। ਇਹਨਾਂ ਦੋਹਾਂ ਲੋੜਾਂ ਦੇ ਸੁਮੇਲ ਚੋਂ ਨਿਕਲਦੇ ਦਾਅ ਪੇਚ ਅਜਿਹੇ ਹਨ ਜਿਹੜੇ ਉਸਦੀ ਹਕੀਕੀ ਭੂਮਿਕਾ ਨੂੰ ਬੁੱਝਣ ਚ ਭੁਲੇਖੇ ਦਾ ਕਾਰਨ ਬਣਦੇ ਹਨ ਤੇ ਕਈ ਇਤਿਹਾਸਕਾਰਾਂ ਲਈ ਟਪਲਾ ਖਾ ਜਾਣ ਦਾ ਕਾਰਨ ਬਣਦੇ ਰਹੇ ਹਨ। ਇਹ ਮੁਲਕ ਦੇ ਅੰਦਰ ਲੋਕਾਂ ਦੀ ਨਾਬਰੀ ਦਾ ਰੌਂਅ ਸੀ ਜਿਸ ਨੂੰ ਬੁੱਝ ਕੇ ਮਹਾਤਮਾ ਗਾਂਧੀ ਨੇ ਪਹਿਲੇ ਕਾਂਗਰਸੀ ਲੀਡਰਾਂ ਦੀਆਂ  ਪਟੀਸ਼ਨ ਮਾਰਕਾ ਰੋਸ ਸ਼ਕਲਾਂ ਨਾਲੋਂ ਵਖਰੇਵਾਂ ਕਰਕੇ ਅੰਦੋਲਨ ਨੁਮਾ ਰੋਸ ਸ਼ਕਲਾਂ ਨੂੰ ਅੱਗੇ ਲਿਆਂ ਦਾ ਪਰ ਤੱਤ ਚ ਉਹ ਬਰਤਾਨਵੀ ਸਾਮਰਾਜ ਤੋਂ ਮੁਕੰਮਲ ਨਾਬਰੀ ਤੱਕ ਨਹੀਂ ਜਾਣਾ ਚਾਹੁੰਦਾ ਸੀ। ਲੇਖਕ ਨੇ ਇਸ ਪਹਿਲੂ ਨੂੰ ਬਹੁਤ ਠੀਕ ਢੰਗ ਨਾਲ ਨਜਿੱਠਿਆ ਹੈ ਤੇ ਇਸ ਅੰਦੋਲਨ ਦੌਰਾਨ ਮਹਾਤਮਾ ਗਾਂਧੀ ਦੇ ਹਕੀਕੀ ਰੋਲ ਨੂੰ ਉਘਾੜਿਆ ਹੈ । ਜਿਹੜਾ ਰੋਲ ਅਸਲ ਚ ਇਸ ਅੰਦੋਲਨ ਨੂੰ ਡੱਕ ਲੈਣ ਲਈ ਯਤਨ ਕਰਨ ਦਾ ਸੀ, ਇਹ ਰੋਲ ਵੀ ਉਸ ਵੱਲੋਂ ਸਮੁੱਚੀ ਕੌਮੀ ਮੁਕਤੀ ਲਹਿਰ ਚ ਨਿਭਾਏ ਰੋਲ ਦੇ ਅੰਗ ਵਜੋਂ ਦਰਸਾਇਆ ਗਿਆ ਹੈ। ਕਿਸੇ ਹੱਦ ਤੱਕ ਕਾਂਗਰਸ ਪਾਰਟੀ ਦੀ ਅੰਮਿ੍ਰਤਸਰ ਵਿੱਚ ਅਗਵਾਈ ਦਾ ਵੀ ਹੁਣ ਤੱਕ ਦੀ ਇਤਿਹਾਸਕਾਰੀ ਚ ਵੱਧਵਾਂ ਨਕਸ਼ਾ ਬਣਦਾ ਰਿਹਾ ਹੈ ਜਿਸ ਬਾਰੇ ਵੀ ਹਕੀਕੀ ਤਸਵੀਰ ਇਸ ਪੁਸਤਕ ਚੋਂ ਤੱਥਾਂ ਦੇ ਠੋਸ ਹਵਾਲੇ ਨਾਲ ਉੱਭਰਦੀ ਹੈ ।
ਪੁਸਤਕ ਦੀ ਇੱਕ ਅਹਿਮ ਪ੍ਰਾਪਤੀ ਰੋਲਟ ਐਕਟ ਦੇ ਵਿਰੋਧ ਦੇ ਸੁਭਾਅ ਨੂੰ ਠੀਕ ਨੁਕਤਾ-ਨਜ਼ਰ ਤੋਂ ਬੁੱਝਣਾ ਤੇ ਇਸ ਨੂੰ ਸਮੁੱਚੀ ਕੌਮੀ ਮੁਕਤੀ ਲਹਿਰ ਅੰਦਰ ਸਰਗਰਮ ਮੁਲਕ ਦੀਆਂ  ਵੱਖ ਵੱਖ ਜਮਾਤਾਂ ਦੇ ਹਿੱਤਾਂ ਦੇ ਚੌਖਟੇ ਚ ਰੱਖ ਕੇ ਦਰਸਾਉਣਾ ਹੈ। ਲੇਖਕ ਅਨੁਸਾਰ ਬਿੱਲਾਂ ਦਾ ਵਿਰੋਧ ਅਸੈਂਬਲੀ ਦੇ ਅੰਦਰ ਵੀ ਅਤੇ ਬਾਹਰ ਆਵਾਮ ਚ ਵੀ ਸੀ, ਪਰ ਦੋਹਾਂ ਵਿੱਚ ਬੁਨਿਆਦੀ ਅੰਤਰ ਸੀ। ਅਸੈਂਬਲੀ ਅੰਦਰਲੇ ਵਿਰੋਧ ਦਾ ਮਹੱਤਵ ਇਸ ਗੱਲ ਵਿੱਚ ਸੀ ਕਿ ਇਹ ਸਿਸਟਮ ਦੇ ਅੰਦਰੋਂ ਆਇਆ ਵਿਰੋਧ ਸੀ। ਇਹ ਉਨਾਂ ਜਮਾਤਾਂ ਦੇ ਨੁਮਾਇੰਦੇ ਸਨ ਜਿੰਨਾਂ ਜਮਾਤਾਂ ਨਾਲ ਸਾਂਝ ਭਿਆਲੀ ਦੇ ਜ਼ੋਰ ਤੇ   ਸਾਮਰਾਜ ਰਾਜ ਕਰਦਾ ਸੀ। ਇਨਾਂ ਜਮਾਤਾਂ ਦੇ ਆਰਥਕ ਤੇ ਸਿਆਸੀ ਹਿੱਤ ਇੰਨਾਂ ਨੂੰ ਅੰਗਰੇਜ਼ਾਂ ਨਾਲ ਸਹਿਯੋਗ ਦੇ ਬੁਨਿਆਦੀ ਚੌਖਟੇਚ ਰਹਿੰਦਿਆਂ  ਵੀ ਕੁਝ ਨਾ ਕੁਝ ਰੋਸੇ ਗਿਲੇ ਪ੍ਰਗਟ ਕਰਨ ਦਾ ਕਾਰਨ ਬਣਦੇ ਰਹਿੰਦੇ ਸਨ। ਦੂਸਰਾ ਕਾਰਨ, “ਇਨਕਲਾਬੀਆਂ  ਅਤੇ ਨਰਮ ਦਲੀਆਂ  ਨਾਲ ਸਬੰਧਿਤ ਰਾਜਨੀਤੀ ਦਾ ਇੱਕ ਦੂਜੇ ਤੋਂ ਮੁਕੰਮਲ ਤੌਰ ਤੇ   ਆਪਣੇ ਆਪਣੇ ਖੇਤਰ ਵਿੱਚ ਬੰਦ ਨਾ ਰਹਿ ਕੇ ਕਿਸੇ ਪੱਧਰਤੇ   ਆਪਸੀ ਸੰਚਾਰ ਦੀ ਸਥਿਤੀ ਵਿੱਚ ਰਹਿਣਾ ਸੀ।’’   (ਪੰਨਾ - 66) ਰੋਸ ਦੇ ਇਸ ਦੂਸਰੇ ਕਾਰਨ ਨੂੰ ਟਿੱਕਣਾ ਹੋਰ ਵੀ ਅਹਿਮ ਹੈ, ਇਸ ਦਾ ਅਰਥ ਇਹ ਹੈ ਕਿ ਮੁਲਕ ਅੰਦਰ ਉੱਠ ਰਹੀ ਇਨਕਲਾਬੀ ਲਹਿਰ ਦੀ ਕਾਂਗ ਨੂੰ ਡੱਕਣ ਲਈ ਅਜਿਹੇ ਵਿਰੋਧ ਦਾ ਪੈਂਤੜਾ ਲੈਣਾ ਸਾਮਰਾਜ ਨਾਲ ਸਾਂਝ ਭਿਆਲੀ ਪਾ ਕੇ ਚੱਲਣ ਵਾਲੀਆਂ  ਜਮਾਤਾਂ ਦੀ ਸਿਆਸਤ ਦੀ ਜ਼ਰੂਰਤ ਸੀ। ਹੁਣ ਤੱਕ ਦੀ ਇਤਿਹਾਸਕਾਰੀ ਚ ਇਸ ਪਹਿਲੂ ਨੂੰ ਆਮ ਕਰਕੇ ਦਰੁਸਤ ਨਜ਼ਰੀਏ ਤੋਂ ਨਹੀਂ ਨਜਿੱਠਿਆ ਗਿਆ, ਸਗੋਂ ਇਸ ਨੂੰ ਇੱਕ ਪਰਤੀ ਵਿਰੋਧ ਲਹਿਰ ਵਜੋਂ ਹੀ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਹ ਪਹੁੰਚ ਕੌਮੀ ਮੁਕਤੀ ਲਹਿਰ ਅੰਦਰ ਦਰਪੇਸ਼ ਰਹੇ ਗੁੰਝਲਦਾਰ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰੱਥ ਨਿੱਬੜਦੀ ਰਹੀ ਹੈ। ਦੂਸਰਾ ਖੇਤਰ ਜਲਿਆਂ ਵਾਲੇ ਬਾਗ ਦੇ ਸਾਕੇ ਨੂੰ ਜਨਰਲ ਡਾਇਰ ਦੀ ਜਾਬਰ ਸਖਸ਼ੀਅਤ ਤੱਕ ਸੀਮਤ ਕਰਦੀ ਇਤਿਹਾਸਕਾਰੀ ਦੀਆਂ  ਸੀਮਤਾਈਆਂ  ਉਜਾਗਰ ਕਰਨ ਦਾ ਹੈ । ਇਸ ਸਾਕੇ ਨੂੰ ਲੇਖਕ ਨੇ ਬਹੁਤ   ਜਚਣਹਾਰ ਢੰਗ ਨਾਲ ਸਾਮਰਾਜ ਦੇ ਮੂਲ ਰੂਪ ਚ ਲੁਟੇਰੇ ਤੇ ਜਾਲਮ ਕਿਰਦਾਰ ਤੇ ਵਿਹਾਰ ਦਾ ਸਿੱਟਾ ਦਰਸਾਇਆ ਹੈ । ਜਿਸ ਦਾ ਅਧੀਨ ਲੋਕਾਈ ਨਾਲ ਰਿਸ਼ਤਾ ਦੁਸ਼ਮਣਾਨਾ ਹੀ ਹੁੰਦਾ ਹੈ ਤੇ ਉਸ ਲੋਕਾਈ ਨੂੰ ਕੁਚਲ ਕੇ, ਖੌਫਜ਼ਦਾ ਰੱਖ ਕੇ ਹੀ ਰਾਜ ਕੀਤਾ ਜਾਂਦਾ ਹੈ।   ਪੁਸਤਕ ਚ ਕਿਹਾ ਗਿਆ ਹੈ, “ਰਾਜ ਦੀ ਤਕਨੀਕ ਜਿਸਦੇ ਤਾਣੇ ਪੇਟੇ ਵਿੱਚ ਹਿੰਸਾ ਤੋਂ ਸਿਵਾਇ ਕੁੱਝ ਵੀ ਨਹੀਂ, ਬਸਤੀਵਾਦ ਦੇ ਇਤਿਹਾਸ ਦਾ ਪ੍ਰਸੰਗ ਪੇਸ਼ ਕਰਦੀ ਹੈ.........ਇਸ ਸਮਝ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਬਸਤੀਵਾਦ ਰਾਜ ਦੀ   ਜੁਗਤ ਵਿੱਚ ਹਿੰਸਾ ਦਾ ਹੋਣਾ ਆਪਣੇ ਆਪ ਵਿੱਚ ਪੂਰਨ ਸੰਕਲਪ ਹੈ। ਇਹ ਰਾਜ ਇਸ ਤੋਂ ਬਗੈਰ ਪ੍ਰਭਾਸ਼ਿਤ ਹੀ ਨਹੀਂ ਹੋ ਸਕਦਾ।’’( ਪੰਨਾ-216) ਇਸ ਲਈ ਡਾਇਰ ਦੇ ਜਾਲਮ ਕਿਰਦਾਰ ਨੂੰ ਲੁਟੇਰੇ ਬਸਤੀਵਾਦੀ ਰਾਜ ਦੇ ਅੰਗ ਵਜੋਂ ਹੀ ਦੇਖਿਆ ਜਾਣਾ ਚਾਹੀਦਾ ਹੈ ।
ਜਲਿਆਂ ਵਾਲੇ ਸਾਕੇ ਦੇ ਦਿਨਾਂ ਦੇ ਲੋਕ ਉਭਾਰ ਦਾ ਸਭ ਤੋਂ ਉੱਭਰਵਾਂ ਪਹਿਲੂ ਜੂਝਦੀ ਲੋਕਾਈ ਚ ਫਿਰਕੂ ਏਕਤਾ ਦੀ ਜ਼ੋਰਦਾਰ ਭਾਵਨਾ ਦੀ ਮੌਜੂਦਗੀ ਸੀ ਜੋ ਬਸਤੀਵਾਦੀ ਰਾਜ ਦੇ ਟਾਕਰੇ ਲਈ ਬਹੁਤ ਲੋੜੀਂਦਾ ਅਧਾਰ ਸੀ । ਪੁਸਤਕ ਅੰਦਰ ਨਾ ਸਿਰਫ ਇਸ ਡੂੰਘਾਈ ਦੀ ਤਸਵੀਰ ਹੈ,   ਸਗੋਂ ਇਸ ਸਾਂਝ ਦੇ ਹਕੀਕੀ ਠੋਸ ਅਧਾਰ ਨੂੰ ਵੀ ਬੁੱਝਿਆ ਗਿਆ ਹੈ । ਲੇਖਕ ਨੇ ਉਸ ਵੇਲੇ ਦੇ ਪੰਜਾਬੀ ਸਮਾਜ ਨੂੰ ਇੱਕ ਗਤੀਸ਼ੀਲ ਸਮਾਜ ਵਜੋਂ ਟਿੱਕਿਆ ਹੈ ਜਿਸ ਵਿੱਚ ਧਰਮ ਦੇ ਅਧਾਰ ਤੇ   ਜਾਂ ਜਾਤ ਦੇ ਅਧਾਰ ਤੇ   ਜਾਂ ਫਿਰ ਕਿੱਤੇ ਦੇ ਅਧਾਰ ਤੇ   ਦੁਨੀਆਂ  ਦੀਆਂ  ਹੋਰ ਸਮਾਜਿਕ ਵਿਵਸਥਾਵਾਂ ਦੇ ਵਾਂਗ ਵਖਰੇਵੇਂ ਵੀ ਰਹੇ ਹਨ ਤੇ ਵਿਰੋਧ ਵੀ ਪਰ ਇਸਦੇ ਨਾਲ ਨਾਲ ਆਪਸੀ ਮਿਲਵਰਤਨ ਤੇ ਆਪਸੀ ਲੈਣ ਦੇਣ ਵੀ ਰਿਹਾ ਹੈ ।ਲੋਕਾਂ ਦਾ ਸਾਂਝਾ ਜਮਾਤੀ ਤੇ ਸਮਾਜਿਕ ਭਾਈਚਾਰਾ’’ ਹੀ ਇਹਨਾਂ ਸਾਂਝਾਂ ਦਾ ਠੋਸ ਅਧਾਰ ਬਣਦਾ ਸੀ ਤੇ ਵੇਲੇ ਦੀਆਂ  ਰਾਜਨੀਤਿਕ ਲੋੜਾਂ ਦੇ ਹੁੰਗਾਰੇ ਵਜੋਂ ਪ੍ਰਕਾਸ਼ ਕਰ ਰਹੀ ਰਾਜਸੀ ਚੇਤਨਾ ਵੀ ਇਹਨਾਂ ਸਾਂਝਾਂ ਨੂੰ ਮਜ਼ਬੂਤ ਕਰਨ ਦੀ ਲੋੜ ਉਭਾਰਦੀ ਸੀ । ਦੂਜੇ ਪਾਸੇ ਬਸਤੀਵਾਦੀ ਨਿਜ਼ਾਮ ਨੇ ਇਹਨਾਂ ਹਰ ਤਰਾਂ ਦੀਆਂ  ਵੱਖਰੀਆਂ  ਪਹਿਚਾਣਾਂ, ਜਾਤਾਂ ਤੇ ਧਰਮਾਂ ਦੇ ਵਖਰੇਵਿਆਂ  ਨੂੰ ਸਮਾਜ ਦੀਆਂ  ਬੁਨਿਆਦੀ ਤੇ ਬਹੁਤ ਹੱਦ ਤੱਕ ਦੁਸ਼ਮਣਾਨਾ ਵਿਰੋਧਤਾਈਆਂ  ਵਜੋਂ ਉਸਾਰਿਆ । ਪਾੜੋ ਤੇ ਰਾਜ ਕਰੋਦੀ ਨੀਤੀ ਦੇ ਜ਼ੋਰ ਤੇ   ਹੀ ਰਾਜ ਦੇ ਥੰਮਾਂ ਨੂੰ ਮਜ਼ਬੂਤ ਕੀਤਾ । ਏਸੇ ਨੀਤੀ ਤਹਿਤ ਹੀ 19ਵੀਂ ਸਦੀ ਦੇ ਆਖੀਰ ਚ ਉੱਭਰੇ ਹਿੰਦੂ ਪੁੱਠ ਵਾਲੇ ਰਾਸ਼ਟਰਵਾਦ ਨੂੰ ਅੰਗਰੇਜ਼ਾਂ ਨੇ ਵੀ ਹਵਾ ਦਿੱਤੀ ਤੇ ਸਮਾਜ   ਚ ਪਾਟਕਪਾਊ ਹਿੱਤਾਂ ਲਈ ਵਰਤਿਆ । ਉਸ ਵੇਲੇ ਦੇ ਪ੍ਰਸੰਗ ਚ ਫਿਰਕਾਪ੍ਰਸਤੀ ਦੀ ਨੀਤੀ ਨੂੰ ਅੰਗਰੇਜ਼ਾਂ ਵੱਲੋਂ ਵਰਤਣ ਦੀ ਹੋਈ ਚਰਚਾ ਅੱਜ ਹੋਰ ਵੀ ਵਧੇਰੇ ਪ੍ਰਸੰਗਿਕ ਬਣ ਜਾਂਦੀ ਹੈ, ਜਦੋਂ ਦੇਸ਼ ਅੰਦਰ ਸੱਤਾਵਾਨਾਂ ਵੱਲੋਂ ਫਿਰਕੂ-ਫਾਸ਼ੀ ਨੀਤੀਆਂ  ਦੇ ਜਾਹਰਾ ਹਥਿਆਰ ਰਾਹੀਂ   ਰਾਜ ਨੂੰ ਹੋਰ ਵਧੇਰੇ ਜਾਬਰ ਬਣਾਇਆ   ਜਾ ਰਿਹਾ ਹੈ। ਇਸ ਹਮਲੇ ਖ਼ਿਲਾਫ਼ ਲੜਨ ਲਈ ਕੌਮੀ ਮੁਕਤੀ ਲਹਿਰ ਦੇ ਅਜਿਹੇ ਹਾਂ-ਪੱਖੀ ਤੇ ਨਾਂਹ-ਪੱਖੀ ਤਜਰਬਿਆਂ  ਦੇ ਮੁਲਾਂਕਣ ਦਾ ਇੱਕ ਅਹਿਮ ਕਾਰਜ ਹੈ ਜੋ ਉਨਾਂ ਸਬਕਾਂ ਨੂੰ ਗ੍ਰਹਿਣ ਕਰਕੇ ਅੱਗੇ ਵਧਣ ਲਈ ਮਹੱਤਵਪੂਰਨ ਹੈ। ਸਾਮਰਾਜ ਵਿਰੋਧੀ ਇਹਨਾਂ ਲੋਕ ਲਹਿਰਾਂ ਦੇ ਤਜਰਬਿਆਂ  ਦਾ ਸਾਮਰਾਜੀ ਚੋਰ-ਗੁਲਾਮੀ ਦੇ ਅਜੋਕੇ ਦੌਰ ਅੰਦਰ ਵੀ ਲੋਕਾਂ ਲਈ ਮਹੱਤਵ ਬਰਕਰਾਰ ਹੈ । ਕਿਉਂਕਿ ਅੱਜ ਵੀ ਫਿਰਕਾਪ੍ਰਸਤੀ ਦੇ ਨਾਲ ਨਾਲ ਸਮਝੌਤਾਵਾਦੀ ਲੀਡਰਸ਼ਿਪਾਂ ਦੀ ਚੁਣੌਤੀ ਉਵੇਂ ਹੀ ਬਰਕਰਾਰ ਹੈ । ਖਰੀਆਂ  ਲੀਡਰਸ਼ਿਪਾਂ ਦੀ ਤਲਾਸ਼ ਦੇ ਸਵਾਲ ਅਜੇ ਵੀ ਖੜੇ ਹਨ ਤੇ ਰਾਜ ਦੇ ਹੋਰ ਵਧੇਰੇ ਹਿੰਸਕ ਹੋ ਰਹੇ ਵਿਹਾਰ ਨਾਲ ਲੋਕਾਂ ਦਾ ਮੱਥਾ ਨਵੇਂ ਤੋਂ ਨਵੇਂ ਕਾਲੇ ਕਨੂੰਨਾਂ ਰਾਹੀਂ ਲੱਗ ਰਿਹਾ ਹੈ । 
ਇਹ ਕਿਹਾ ਜਾ ਸਕਦਾ ਹੈ ਕਿ ਪੁਸਤਕ ਸਾਨੂੰ ਆਪਣੇ ਅਜਿਹੇ ਸ਼ਾਨਾਮੱਤੇ ਇਤਿਹਾਸ ਦੇ ਰੂ-ਬ-ਰੂ ਖੜੇ ਕਰਦੀ ਹੈ ਜਿਸ ਦੌਰ ਦੀ ਸਾਮਰਾਜ ਵਿਰੋਧੀ ਲੋਕ ਨਾਬਰੀ ਦੀ ਤੇ ਫਿਰਕੂ ਸਾਂਝ ਦੀ ਭਾਵਨਾ ਤੇ   ਅਸੀਂ ਮਾਣ ਕਰ ਸਕਦੇ ਹਾਂ । ਜਿਸ   ਤੋਂ ਪ੍ਰੇਰਨਾ ਲੈ ਕੇ ਤੇ ਰਹੀਆਂ  ਕਮੀਆਂ  ਤੋਂ ਸਿੱਖ ਕੇ ਅਸੀਂ ਆਪਣੇ ਵਰਤਮਾਨ ਦੇ ਸਾਮਰਾਜ ਵਿਰੋਧੀ ਸੰਘਰਸ਼ਾਂ ਦੀ ਸੇਧ ਮਿੱਥ ਸਕਦੇ ਹਾਂ, ਮੰਜ਼ਿਲ ਦੇ ਰਾਹ ਤਲਾਸ਼ ਸਕਦੇ ਹਾਂ ਅਤੇ ਕਿਰਤੀ ਲੋਕਾਂ ਦੀ ਬੰਦਖਲਾਸੀ ਲਈ ਹੋ ਰਹੇ ਸੰਗਰਾਮ ਨੂੰ ਹੋਰ ਉਚੇਰੇ ਪੱਧਰਾਂ ਤੇ ਲਿਜਾ ਸਕਦੇ ਹਾਂ। ਅਜਿਹੀ ਇਤਿਹਾਸਕਾਰੀ ਦੇ ਯਤਨ ਜਾਰੀ ਰਹਿਣੇ ਚਾਹੀਦੇ ਹਨ ।

No comments:

Post a Comment