ਕਰੋਨਾ
ਸੰਕਟ:
ਜਨਤਕ ਮੁਹਿੰਮਾਂ ਦਾ ਮਹੱਤਵ
ਕਰੋਨਾ
ਸੰਕਟ ਦੇ ਦਿਨਾਂ ’ਚ ਲੋਕਾਂ ਦੀਆਂ ਜਥੇਬੰਦੀਆਂ
ਜੁੰਮੇ ਅਚਾਨਕ ਵਿਕਸਿਤ ਹੋਈ ਹਾਲਤ ਨਾਲ ਨਵੀਆਂ ਜਿੰਮੇਵਾਰੀਆਂ ਆ ਪਈਆਂ ਸਨ। ਬਿਮਾਰੀ ਦੇ ਖੌਫ਼ ਤੇ
ਹਕੂਮਤੀ ਪਾਬੰਦੀਆਂ ਦੀ ਦਹਿਸ਼ਤ ਦੇ ਦੌਰਾਨ ਲੋਕਾਂ ਦੀਆਂ ਆਗੂ ਸ਼ਕਤੀਆਂ ਵਜੋਂ ਪੰਜਾਬ ਦੀਆਂ ਲੋਕ
ਜਥੇਬੰਦੀਆਂ ਨੇ ਅੱਗੇ ਹੋ ਕੇ ਲੋਕਾਂ ਦੀ ਅਗਵਾਈ ਕਰਨ ਦਾ ਆਪਣਾ ਬਣਦਾ ਜਿੰਮਾਂ ਸਫਲਤਾ ਨਾਲ ਓਟਿਆ
ਹੈ ਅਤੇ ਜਨਤਕ ਪਹੁੰਚ ’ਤੇ ਟੇਕ ਰੱਖਕੇ, ਗੁੰਝਲਦਾਰ ਹਾਲਤਾਂ ਦਰਮਿਆਨ
ਉਪਜੀਆਂ ਲੋੜਾਂ ਨੂੰ ਢੁੱਕਵਾਂ ਹੁੰਗਾਰਾ ਦਿੱਤਾ ਹੈ ਤੇ ਹਰ ਸੰਭਵ ਢੰਗਾਂ ਤੇ ਸ਼ਕਲਾਂ ਨਾਲ ਲੋਕਾਂ
ਦੇ ਹਿੱਤਾਂ ਦੀ ਰਾਖੀ ਖਾਤਰ ਸਰਕਾਰਾਂ ’ਤੇ ਦਬਾਅ ਬਣਾਉਣ ਦਾ ਯਤਨ ਕੀਤਾ ਗਿਆ ਹੈ। ਪਿਛਲੇ ਲੱਗਭੱਗ ਢਾਈ
ਮਹੀਨਿਆਂ ਦੌਰਾਨ ਹੋਈ ਪ੍ਰਚਾਰ-ਲਾਮਬੰਦੀ ਤੇ ਸੰਘਰਸ਼ਾਂ ਦੀ ਵੰਨਗੀ ਦੀ ਸਰਗਰਮੀ ਦਾ ਮਹੱਤਵ ਅਜਿਹਾ
ਹੈ ਕਿ ਸੰਕਟ ਦੇ ਸਮੇਂ ਲੋਕ ਜਥੇਬੰਦੀਆਂ ਦੇ ਇਹ ਹੋਕੇ ਲੋਕਾਂ ਲਈ ਆਸ ਦੀ ਕਿਰਣ ਬਣੇ ਹਨ।
ਇਸ
ਸਮੁੱਚੀ ਸਰਗਰਮੀ ਦੀ ਰਿਪੋਰਟ ਦੇ ਕੁੱਝ ਪੱਖਾਂ ਨੂੰ ਅਸੀਂ ਇੱਕ ਵੱਖਰੀ ਰਿਪੋਰਟ ਵਿੱਚ ਲਿਆਉਣ ਦਾ
ਯਤਨ ਕੀਤਾ ਹੈ, ਪਰ ਤਾਂ ਵੀ ਇਹ ਸੀਮਤ ਰਿਪੋਰਟ ਹੀ
ਬਣਦੀ ਹੈ। ਜਦ ਕਿ ਢਾਈ ਮਹੀਨੇ ਦੇ ਇਸ ਅਰਸੇ ’ਚ ਜਨਤਕ ਸਰਗਰਮਾਂ ਦੀਆਂ ਟੀਮਾਂ ਜਿਸ ਤੇਜ਼ੀ ਨਾਲ ਤੇ ਜਿਸ
ਪੈਮਾਨੇ ’ਤੇ ਲਗਾਤਾਰ ਸਰਗਰਮ ਰਹੀਆਂ ਹਨ, ਉਸਦਾ ਆਕਾਰ ਤੇ ਪਸਾਰ ਕਾਫੀ
ਵਿਆਪਕ ਹੈ। ਇਸ ਸਮੁੱਚੀ ਜਨਤਕ ਸਰਗਰਮੀ ਦਾ ਮਹੱਤਵ ਕਈ ਪੱਖਾਂ ਤੋਂ ਹੈ। ਸਭ ਤੋਂ ਉੱਭਰਵਾਂ ਪਹਿਲੂ
ਬਿਮਾਰੀ ਦੇ ਖੌਫ਼ ਤੇ ਹਕੂਮਤੀ ਪਾਬੰਦੀਆਂ ਖਿਲਾਫ਼ ਲੋਕਾਂ ਨੂੰ ਤਿਆਰ ਕਰਨ ’ਚ ਫੌੌਰੀ ਜੁੱਟ ਜਾਣ ਦਾ ਹੈ ਤੇ
ਹਕੂਮਤ ਤੇ ਲੋਕਾਂ ਦੇ ਹਕੀਕੀ ਰਿਸ਼ਤੇ ਨੂੰ ਪਲ ਭਰ ਲਈ ਵੀ ਨਾ ਵਿਸਾਰ ਕੇ, ਲੋਕਾਂ ਦੇ ਹਿੱਤਾਂ ਦੇ ਨਜ਼ਰੀਏ
ਤੋਂ ਖੜ ਕੇ, ਸਮੁੱਚੀ ਹਾਲਤ ਨੂੰ ਸੰਬੋਧਿਤ ਹੋਣ
ਦਾ ਹੈ। ਹਾਲਤ ਦੀ ਉਧੇੜ ਨਾਲ ਵਿਕਸਤ ਹੋ ਕੇ ਆਏ ਨਵੇਂ ਪੱਖਾਂ ਨੂੰ ਤੇਜ਼ੀ ਨਾਲ ਸੰਬੋਧਿਤ ਹੋਣ ਦਾ
ਹੈ। ਲੋਕਾਂ ਦੇ ਹਿੱਤਾਂ ਦੇ ਨਜ਼ਰੀਏ ਤੋਂ ਹਾਲਤ ਦੀ ਪੈੜ ਨੱਪ ਕੇ ਰੱਖਣ ਤੇ ਲੋਕਾਂ ਦੀ ਮੰਗ ’ਤੇ ਹਰ ਸਮੇਂ ਆਵਾਜ਼ ਬੁਲੰਦ ਕਰਨ
ਦੀ ਇਸ ਜ਼ੋਰਦਾਰ ਜਨਤਕ ਸਰਗਰਮੀ ਰਾਹੀਂ ਮੁਲਕ ਤੇ ਸੂਬੇ ਦੀ ਹਕੂਮਤ ਨੂੰ ਇਸ ਸੰਕਟ ਦੇ ਅਸਲ ਦੋਸ਼ੀਆਂ
ਵਜੋਂ ਨਸ਼ਰ ਕਰਨ ਦਾ ਮਹੱਤਵਪੂਰਨ ਯਤਨ ਕੀਤਾ ਗਿਆ ਹੈ। ਇਸ ਸੰਕਟ ਦਾ ਭਾਰ ਲੋਕਾਂ ’ਤੇ ਸੁੱਟ ਕੇ, ਆਪਣੇ ਜਮਾਤੀ ਸਿਆਸੀ ਹਿੱਤਾਂ ਦੇ
ਵਧਾਰੇ ਤੇ ਰਾਖੀ ਦੀ ਪਹੁੰਚ ਅਪਣਾ ਰਹੀਆਂ ਹਕੂਮਤਾਂ ਦੀ ਪਹੁੰਚ ਦੇ ਪਰਦਾਚਾਕ ਰਾਹੀਂ ਵਿਚਾਰਾਂ ਦੇ
ਖੇਤਰ ’ਚ ਵੀ ਦਸਤਪੰਜਾ ਲਿਆ ਗਿਆ ਹੈ। ਸਭ
ਕੁੱਝ ਬਿਮਾਰੀ ਦੇ ਵੱਸ ਪਾ ਕੇ, ਆਪਣੇ ਲੋਕ-ਵਿਰੋਧੀ ਏਜੰਡੇ ਨੂੰ ਅੱਗੇ ਵਧਾ ਰਹੀਆਂ
ਹਕੂਮਤਾਂ ਦੇ ਪੈਂਤੜੇ ਦੀ ਅਮਲੀ ਪੱਧਰ ’ਤੇ ਇਸ ਸਰਗਰਮੀ ਰਾਹੀਂ ਕਾਟ ਕਰਨ ਦਾ ਯਤਨ ਕੀਤਾ ਗਿਆ ਹੈ।
ਇਸ
ਸਮੁੱਚੀ ਸਰਗਰਮੀ ਨੇ ਸੂਬੇ ਦੇ ਲੋਕਾਂ ਸਾਹਮਣੇ ਲੋਕਾਂ ਦੀ ਆਪਣੀ ਜਥੇਬੰਦਕ ਤਾਕਤ ਦੀ ਲੋੜ ਦਾ
ਅਹਿਸਾਸ ਹੋਰ ਡੂੰਘਾ ਕੀਤਾ ਹੈ। ਖਾਸ ਕਰਕੇ ਹਾਕਮ ਜਮਾਤੀ
ਮੌਕਾਪ੍ਰਸਤ ਪਾਰਟੀਆਂ ਇਸ ਸਾਰੇ ਅਰਸੇ ਦੌਰਾਨ ਅੰਦਰ ਵੜੀਆਂ ਰਹੀਆਂ ਹਨ, ਕਿਸੇ ਵੀ ਤਰਾਂ ਦੀ ਸਰਗਰਮੀ ਤੋਂ
ਪਾਸੇ ਰਹੀਆਂ ਹਨ ਤੇ ਫੋਕੀ ਬਿਆਨਬਾਜੀ ਤੱਕ ਸੀਮਤ ਰਹੀਆਂ ਹਨ। ਕਾਂਗਰਸੀ ਆਗੂ ਅਫਸਰਸ਼ਾਹਾਂ ਨਾਲ
ਰਲਕੇ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੀਆਂ ਫੋਟੋਆਂ ਖਿਚਵਾਉਣ ਦਾ ਅਡੰਬਰ ਰਚਦੇ ਦਿਖੇ ਹਨ। ਇਹ
ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ ਤੇ ਠੇਕਾ ਕਾਮਿਆਂ
ਦੀਆਂ ਜਥੇਬੰਦੀਆਂ ਹਨ ਜਿਹੜੀਆਂ ਲੋਕਾਂ ਦੇ ਹਕੀਕੀ ਸਰੋਕਾਰਾਂ ਨੂੰ ਮੁਖਾਤਿਬ ਹੋਈਆਂ, ਧੜੱਲੇ ਨਾਲ ਅੱਗੇ ਆਈਆਂ, ਬਹੁ-ਪੱਖੀ ਤੇ ਬਹੁ-ਪਰਤੀ
ਸਰਗਰਮੀਆਂ ਹੱਥ ਲਈਆਂ। ਬਿਮਾਰੀ ਦੇ ਪਸਾਰੇ ਨੂੰ ਰੋਕਣ ਦੇ ਢੁੱਕਵੇਂ ਕਦਮ ਚੁੱਕਣ, ਪੁਲਿਸ ਧੱਕੇਸ਼ਾਹੀ ਬੰਦ ਕਰਨ ਤੇ
ਲੋਕਾਂ ਨੂੰ ਫੌਰੀ ਰਾਹਤ ਦੇਣ ਦੇ ਇੰਤਜ਼ਾਮ ਕਰਨ ਦੇ ਖੇਤਰਾਂ ਦੀਆਂ ਮੰਗਾਂ ’ਤੇ ਜਨਤਕ ਲਾਮਬੰਦੀ ਕੀਤੀ ਗਈ।
ਪੰਜਾਬ
ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲੋੜਵੰਦ ਪ੍ਰੀਵਾਰਾਂ
ਤੱਕ ਰਾਸ਼ਨ ਤੇ ਜ਼ਰੂਰੀ ਸਹਾਇਤਾ ਪਹੁੰਚਾਉਣ ਦੀ ਹੱਥ ਲਈ ਮੁਹਿੰਮ ਦਾ ਇਹਨਾਂ ਤਬਕਿਆਂ ਨੂੰ ਫੌਰੀ
ਰਾਹਤ ਪਹੁੰਚਾਉਣ ਤੋਂ ਅੱਗੇ ਵਡੇਰਾ ਸਮਾਜਿਕ ਤੇ ਸਿਆਸੀ ਮਹੱਤਵ ਦਿਖਦਾ ਹੈ। ਮਾਲਕ ਕਿਸਾਨੀ ਦੀ
ਜਥੇਬੰਦੀ ਵੱਲੋਂ ਵਿਸ਼ੇਸ਼ ਕਰਕੇ ਖੇਤ
ਮਜ਼ਦੂਰਾਂ ਦੀ ਅਜਿਹੀ ਸਹਾਇਤਾ ਪੇਂਡੂ ਸਮਾਜ ਅੰਦਰਲੀ ਜਾਤ-ਪਾਤੀ ਵਿੱਥ ਮੇਸਣ ਦੇ ਯਤਨਾਂ ਦੀ ਕੜੀ ਦੇ
ਇੱਕ ਅੰਗ ਵਜੋਂ ਵੀ ਦੇਖੀ ਜਾਣੀ ਚਾਹੀਦੀ ਹੈ। ਜਾਤ-ਪਾਤੀ
ਤੁਅੱਸਬਾਂ ਤੇ ਵਿੱਥਾਂ ਨੂੰ ਖੋਰਨ ਤੇ ਮੇਸਣ ਲਈ ਬਹੁਤ ਗੰਭੀਰ ਸਿਰਤੋੜ ਯਤਨਾਂ ਦਾ ਇੱਕ ਲੰਮਾਂ
ਅਰਸਾ ਲੋੜੀਂਦਾ ਹੈ ਤੇ ਅਜਿਹੇ ਹਰ ਯਤਨ ਇਸ ਵੱਡੇ ਕਾਰਜ ਵੱਲ ਵਧਣ ’ਚ ਸਹਾਈ ਹੁੰਦੇ ਹਨ। ਇੱਕ ਜਮਾਤ
ਬਣਦੀ ਗਰੀਬ ਕਿਸਾਨੀ ਤੇ ਖੇਤ ਮਜ਼ਦੂਰਾਂ ਦੀ ਏਕਤਾ ਉਸਾਰੀ ਦੀ ਦਿਸ਼ਾ ’ਚ ਅਜਿਹੀ ਸਰਗਰਮੀ ਦਾ ਵਿਸ਼ੇਸ਼
ਮਹੱਤਵ ਹੈ। ਜਦੋਂ ਇੱਕ ਪਾਸੇ ਝੋਨੇ ਦੀ ਲਵਾਈ ਦੇ ਮਸਲੇ ’ਤੇ ਜਗੀਰੂ ਚੌਧਰੀ ਖੇਤ ਮਜ਼ਦੂਰਾਂ ਦੇ ਸਮਾਜਿਕ ਬਾਈਕਾਟ
ਵਰਗੀਆਂ ਧਮਕੀਆਂ ਰਾਹੀਂ ਲਾਮਬੰਦੀਆਂ ਕਰਨ ਦਾ ਯਤਨ ਕਰਦੇ ਹਨ ਤਾਂ ਅਜਿਹੇ ਸਮੇਂ ਸਾਂਝ ਦੇ ਇਹ ਯਤਨ
ਪਾਟਕ ਪਾਉਣ ਦੇ ਮਨਸ਼ਿਆਂ ਦੇ ਖਿਲਾਫ਼ ਭਾਰੀ ਵਜਨ ਬਣਦੇ ਹਨ। ਵੱਖ ਵੱਖ ਤਬਕਿਆਂ ਦੀ ਸਾਂਝੀ ਲਾਮਬੰਦੀ
ਵਾਲੇ ਇਹਨਾਂ ਐਕਸ਼ਨਾਂ ਨੇ ਸੀ.ਏ.ਏ. ਵਿਰੋਧੀ ਲੋਕ ਅੰਦੋਲਨ ਦੌਰਾਨ ਉੱਸਰੀ ਜਨਤਕ ਸਾਂਝ ਨੂੰ ਹੋਰ
ਅੱਗੇ ਵਧਾਇਆ ਹੈ। ਨਾਗਰਿਕਤਾ ਹੱਕਾਂ ’ਤੇ ਹਮਲੇ ਖਿਲਾਫ਼ ਜਮਹੂਰੀ ਸੰਘਰਸ਼ ਦੌਰਾਨ ਵੱਖ ਵੱਖ ਤਬਕਿਆਂ ਦੀਆਂ
ਜਥੇਬੰਦੀਆਂ ਵੱਲੋਂ ਹੋਈ ਸਾਂਝੀ ਸਰਗਰਮੀ ਦੀ ਲਗਾਤਾਰਤਾ ਇਸ ਅਰਸੇ ਦੌਰਾਨ ਆਰਥਿਕ ਖੇਤਰ ’ਚ ਹੋਏ ਹਕੂਮਤੀ ਹਮਲੇ ਖਿਲਾਫ਼ ਵੀ
ਅੱਗੇ ਵਧੀ ਹੈ। ਖਾਸ ਕਰਕੇ ਵੱਖ ਵੱਖ ਤਬਕਿਆਂ ਦੀਆਂ ਆਪਣੀਆਂ ਰੋਜ਼ਮਰਾ ਦੀਆਂ ਮੰਗਾਂ ’ਤੇ ਸਾਂਝ ਦੇ ਨਾਲ ਇਹ ਸਾਂਝ ਅਹਿਮ
ਮੰਗਾਂ ’ਤੇ ਵੀ ਪ੍ਰਗਟ ਹੋਈ ਹੈ। ਜਿਵੇਂ
ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਨ, ਵੱਡੇ ਧਨਾਡਾਂ ’ਤੇ ਟੈਕਸ ਲਾਉਣ, ਸਭਨਾਂ ਤਬਕਿਆਂ ਲਈ ਰਾਹਤ ਦਾ ਹੱਕ ਲੈਣ, ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਨ
ਵਰਗੀਆਂ ਕਈ ਮੰਗਾਂ ਦੇ ਹਵਾਲੇ ਨਾਲ ਸਾਂਝ ਪ੍ਰਗਟ ਹੋਣ ਦਾ ਅਹਿਮ ਨੁਕਤਾ ਬਣੇ ਹਨ। ਸਾਂਝਾ ਮੋਰਚਾ
ਉਸਾਰੀ ਦੀ ਪਹੁੰਚ ਨਾਲ ਜੁਟੀਆਂ ਇਨਕਲਾਬੀ ਸ਼ਕਤੀਆਂ ਲਈ ਇਹ ਉੱਸਰ ਰਹੀ ਤਬਕਾਤੀ ਸਾਂਝ ਇਸ ਦਿਸ਼ਾ ’ਚ ਅਗਲੇਰੇ ਯਤਨ ਜਟਾਉਣ ਲਈ ਇੱਕ
ਨਿੱਗਰ ਅਧਾਰ ਮੁਹੱਈਆ ਕਰਦੀ ਹੈ।
ਕਰੋਨਾ
ਸੰਕਟ ਦੇ ਇਸ ਸਾਰੇ ਦੌਰ ਦੌਰਾਨ ਮੋਦੀ ਹਕੂਮਤ ਵੱਲੋਂ ਜਮਹੂਰੀ ਹੱਕਾਂ ਦੇ ਕਾਰਕੁੰਨਾਂ ’ਤੇ ਬੋਲੇ ਹਮਲੇ ਖਿਲਾਫ਼ ਸੂਬੇ ’ਚੋਂ ਲਗਾਤਾਰ ਆਵਾਜ਼ ਉੱਠਦੀ ਰਹੀ
ਹੈ। ਇਹਨਾਂ ਸਾਰੀਆਂ ਸਰਗਰਮੀਆਂ ਦੌਰਾਨ ਜਮਹੂਰੀ ਹੱਕਾਂ ’ਤੇ ਹਮਲੇ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਦੀ ਰਿਹਾਈ
ਦਾ ਮਸਲਾ ਪੂਰੇ ਜੋਰਦਾਰ ਢੰਗ ਨਾਲ ਉੱਭਰਦਾ ਰਿਹਾ ਹੈ। ਮੋਦੀ ਹਕੂਮਤ ਵੱਲੋਂ ਕਿਰਤੀ ਲੋਕਾਂ ’ਤੇ ਬੋਲੇ ਆਰਥਿਕ ਹਮਲੇ ਦੇ ਹਵਾਲੇ
ਨਾਲ ਉੱਭਰਦਾ ਆ ਰਿਹਾ ਹੈ।
ਵੱਖ
ਵੱਖ ਤਰਾਂ ਦੀਆਂ ਪਾਬੰਦੀਆਂ ਦੇ ਮਹੌਲ ’ਚ ਤੇ ਬਿਮਾਰੀ ਦੇ ਸੰਕਟ ਦੇ ਹਾਲਾਤਾਂ ਦਰਮਿਆਨ ਚਾਹੇ ਇਹ ਸਰਗਰਮੀ ਮੁੱਖ
ਤੌਰ ’ਤੇ ਲੋਕ ਲਹਿਰ ਵਿਚਲੀਆਂ
ਮੁਕਾਬਲਤਨ ਵਿਕਸਿਤ ਪਰਤਾਂ ਦੀ ਸਰਗਰਮੀ ਰਹਿੰਦੀ ਹੈ, ਪਰ ਤਾਂ ਵੀ ਲਾਮਬੰਦੀ ਹਜ਼ਾਰਾਂ ਤੱਕ ਜਾਂਦੀ ਰਹੀ ਹੈ। ਇਸ
ਸਮੇਂ ਸੂਬੇ ਦੀ ਜਨਤਕ ਲਹਿਰ ਦੀਆਂ ਮੂਹਰਲੀਆਂ ਟੋਲੀਆਂ ਨੇ ਆਪਣਾ ਰੋਲ ਬਾਖੂਬੀ ਪਛਾਣਿਆ ਹੈ ਤੇ
ਸਫਲਤਾ ਨਾਲ ਨਿਤਾਰਿਆ ਹੈ। ਚਾਹੇ ਜਨਤਾ ਦੀਆਂ ਮੁਕਾਬਲਤਨ ਪਛੜੀਆਂ ਪਰਤਾਂ ਇਸ ਅਰਸੇ ਦੀ ਲਾਮਬੰਦੀ
ਦਾ ਹਿੱਸਾ ਨਹੀਂ ਬਣ ਸਕੀਆਂ ਪਰ ਉਹ ਇਸ ਸਰਗਰਮੀ ਦੇ ਪ੍ਰਭਾਵ ’ਚ ਆਈਆਂ ਹਨ। ਉਹਨਾਂ ਤੱਕ ਇਸ ਸਰਗਰਮੀ ਦੇ ਸੁਨੇਹੇ ਦਾ
ਸੰਚਾਰ ਹੁੰਦਾ ਰਿਹਾ ਹੈ ਤੇ ਇਸ ਹੋਏ ਸੰਚਾਰ ਨੇ ਬਦਲੀਆਂ ਹਾਲਤਾਂ ’ਚ ਆਪਣਾ ਰੰਗ ਵਿਖਾਉਣਾ ਹੈ। ਜਨਤਕ
ਘੋਲਾਂ ਦੀ ਮੁੜ-ਉਠਾਣ ਦਾ ਪੈੜਾ ਬੰਨਿਆ ਜਾ ਚੁੱਕਾ ਹੈ ਤੇ ਵੱਡੀਆਂ ਜਨਤਕ ਲਾਮਬੰਦੀਆਂ ਰਾਹੀਂ
ਹਕੂਮਤਾਂ ਨਾਲ ਦਸਤਪੰਜਾ ਲੈਣ ਦੇ ਦਿਨ ਫਿਰ ਪਰਤ ਰਹੇ ਹਨ।
No comments:
Post a Comment