Tuesday, July 21, 2020

ਔਰਤ ਦੀ ਹਸਤੀ ਦੀ ਰਚੇਤਾ ਸੀ ਦਲੀਪ ਕੌਰ ਟਿਵਾਣਾ


ਔਰਤ ਦੀ ਹਸਤੀ ਦੀ ਰਚੇਤਾ ਸੀ   ਦਲੀਪ ਕੌਰ ਟਿਵਾਣਾ

ਦਲੀਪ ਕੌਰ ਟਿਵਾਣਾ ਦੀ ਮੌਤ ਤੋਂ ਬਾਅਦ ਪੰਜਾਬੀ ਨਾਵਲ ਦੇ ਉਸ ਰੂਪ ਅਤੇ ਤੱਤ ਦੀ ਕਲਾਤਮਿਕ ਪੇਸ਼ਕਾਰੀ ਵਿੱਚ ਇੱਕ ਖਲਾਅ ਪੈਦਾ ਹੋ ਗਿਆ ਜਿਸ ਦਾ ਮੁੱਖ ਸਰੋਕਾਰ ਔਰਤ ਦੀ ਸਥਿਤੀ ਰਹੀ ਹੈ। ਆਧੁਨਿਕ ਯੁੱਗ ਵਿੱਚ ਦਲੀਪ ਕੌਰ ਟਿਵਾਣਾ ਉਨਾਂ ਮੋਢੀ ਸਾਹਿਤਕਾਰਾਂ ਵਿੱਚ ਰਹੀ ਹੈ ਜਿਨ੍ਹਾਂ ਦੀ ਸਾਹਿਤਕ ਰਚਨਾ ਦਾ ਕੇਂਦਰ ਬਿੰਦੂ ਔਰਤ ਹੀ ਰਹੀ ਹੈ।   ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਉਸ ਨੇ ਆਪਣੇ ਨਾਵਲਾਂ ਕਹਾਣੀਆਂ  ਅਤੇ ਆਪਣੀ ਆਪ ਬੀਤੀ ਵਿੱਚ ਔਰਤ ਦੀ ਹਸਤੀ ਬਾਰੇ ਲਿਖਦੇ ਹੋਏ ਪੰਜਾਬੀ ਸਾਹਿਤ ਵਿੱਚ ਪੇਸ਼ ਕੀਤੇ ਜਾ ਰਹੇ ਨਾਰੀਵਾਦ ਨੂੰ ਇੱਕ ਹਵਾਈ ਕਿਸਮ ਦੇ ਰੁਮਾਂਸ ਵਿੱਚੋਂ ਕੱਢ ਕੇ ਯਥਾਰਥ ਦੇ ਧਰਾਤਲ   ਤੇ  ਲਿਆ ਖੜ੍ਹਾ ਕੀਤਾ। ਉਸ ਦੇ ਨਾਵਲਾਂ ਅਤੇ ਕਹਾਣੀਆਂ  ਦੇ ਪ੍ਰਵਚਨ ਅੰਦਰਲਾ ਨਾਰੀਵਾਦ ਕਿਸੇ ਹਵਾਈ ਕਿਸਮ ਦੀ ਭਾਸ਼ਾ ਦੇ ਤਲਿਸਮ   ਤੇ  ਆਧਾਰਿਤ ਨਾ ਹੋ ਕੇ ਸਮਾਜ ਦੀ ਮਰਦ ਪ੍ਰਧਾਨ ਜਗੀਰੂ ਸਥਿਤੀ ਦੀ ਕਲਾਤਮਕ ਅਤੇ ਯਥਾਰਥਵਾਦੀ ਕਲ ਪੇਸ਼ਕਾਰੀ ਦੀਆਂ  ਨੀਹਾਂ   ਤੇ  ਉਸਰਿਆ ਹੋਇਆ ਸੀ ਜੋ ਇੱਕੋ ਹੀ ਸਮੇਂ ਵਿੱਚ ਔਰਤ ਦੀ ਸਥਿਤੀ ਦੀ ਤਸਵੀਰ ਵੀ ਖਿੱਚਦਾ ਸੀ ਅਤੇ ਨਾਲ ਹੀ ਉਸ ਬਾਰੇ ਆਲੋਚਨਾਤਮਕ ਪਰ ਕਲਾਤਮਕ ਸਮਝ ਵੀ ਉਸਾਰਦਾ ਸੀ। ਇਸੇ ਕਰਕੇ ਹੀ ਉਸ ਦੇ ਨਾਵਲਾਂ ਅਤੇ ਕਹਾਣੀਆਂ  ਦੇ ਪ੍ਰਸੰਗ ਕਲਾ ਅਤੇ ਬੌਧਿਕਤਾ ਦੇ ਸੁਮੇਲ ਸਨ। ਆਪਣੇ ਜਗੀਰਦਾਰੀ ਪਿਛੋਕੜ ਹੋਣ ਦੇ ਬਾਵਜੂਦ ਉਸ ਨੇ ਹਮੇਸ਼ਾਂ ਹੀ ਜਗੀਰਦਾਰੀ ਸੱਭਿਆਚਾਰ ਦੀ ਤਿੱਖੀ ਤਨਕੀਦ ਕੀਤੀ। ਪਿੰਡ ਦੀ ਔਰਤ ਦੀ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਹਸਤੀ ਨੂੰ ਆਪਣੀਆਂ  ਸਾਹਿਤਕ ਕਿਰਤਾਂ ਦਾ ਕੇਂਦਰ ਬਿੰਦੂ ਬਣਾ ਕੇ ਉਸ ਨੇ ਪਿੰਡ ਦੀ ਧਰਾਤਲ ਉੱਪਰ ਉੱਸਰੇ ਨਾਵਲੀ ਜਗਤ ਦੀ ਉਸਾਰੀ ਵਿੱਚ ਮੁੱਢਲਾ ਅਤੇ ਨਿੱਗਰ ਯੋਗਦਾਨ ਪਾਇਆ। ਉਸ ਦੇ ਸੰਸਾਰ ਪ੍ਰਸਿੱਧ ਨਾਵਲ ਇਹ ਹਮਾਰਾ ਜੀਵਣਾ ਦੀ ਮੁੱਖ ਪਾਤਰ ਭਾਨੀ ਦੀ ਇਹੀ ਵਿਸ਼ੇਸ਼ਤਾ ਹੈ ਅਤੇ ਇਸੇ ਕਰਕੇ ਹੀ ਉਸ ਦਾ ਸ਼ੁਮਾਰ ਨਾਵਲਾਂ ਦੇ ਕਲਾਸਕੀ ਪਾਤਰਾਂ ਵਿੱਚ ਹੁੰਦਾ ਹੈ। ਪੰਜਾਬੀ ਵਿੱਚ ਔਰਤ ਦੀ ਹਸਤੀ ਦੁਆਲੇ ਰਚਿਆ ਸਾਹਿਤ ਹਮੇਸ਼ਾਂ ਹੀ ਦਲੀਪ ਕੌਰ ਟਿਵਾਣਾ ਦੀਆਂ  ਕਿਰਤਾਂ ਤੋਂ ਪ੍ਰੇਰਨਾ ਲੈਂਦਾ ਰਹੇਗਾ

ਡਾ. ਪਰਮਿੰਦਰ ਸਿੰਘ,

ਟੀਮ ਮੈਂਬਰ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ


No comments:

Post a Comment