ਨੌਜਵਾਨ ਵਿਦਿਆਰਥੀਆਂ ਵੱਲੋਂ ਲਾਮਬੰਦੀ - ਇੱਕ ਰਿਪੋਰਟ
ਨਾਗਰਿਕਤਾ ਸੋਧ ਕਨੂੰਨ ਬਣਾ ਕੇ ਮੋਦੀ ਹਕੂਮਤ ਨੇ ਲੋਕਾਂ ’ਤੇ ਨਵਾਂ ਫਾਸ਼ੀ ਹੱਲਾ ਬੋਲਿਆ ਹੈ । ਜਿਸਨੇ ਕੌਮੀ ਨਾਗਰਿਕ ਰਜਿਸਟਰ ਅਤੇ ਆਬਾਦੀ ਰਜਿਸਟਰ ਨਾਲ ਜੁੜ ਕੇ ਲੋਕਾਂ ’ਤੇ ਕਈ ਪਾਸਿਆਂ ਤੋਂ ਹੱਲਾ ਵਿੱਢਣਾ ਹੈ । ਫਿਰਕੂ ਲਾਮਬੰਦੀਆਂ ਨੂੰ ਅੱਗੇ ਤੋਰਨ ਵਾਲੇ ਇਸ ਨਾਗਰਿਕਤਾ ਸੋਧ ਕਨੂੰਨ ਖਿਲਾਫ ਮੁਲਕ ਦੇ ਕਿਰਤੀ ਲੋਕ ਸੜਕਾਂ ’ਤੇ ਹਨ । ਔਰਤਾਂ ਖਾਸ ਕਰਕੇ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਸਿਦਕ ਦਿਲੀ ਨਾਲ ਦਿਨ ਰਾਤ ਮੈਦਾਨ ’ਚ ਡਟੀਆਂ ਹੋਈਆਂ ਹਨ । ਇੱਕ ਫਿਰਕੇ ਅਤੇ ਇੱਕ ਪ੍ਰਾਂਤ ਦੀ ਨਾ ਰਹਿ ਕੇ ਇਸ ਰੋਸ ਲਹਿਰ ਨੇ ਸਾਰੇ ਕਿਰਤੀ ਕਮਾਊ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਹੈ । ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚੋਂ ਕਾਲਜਾਂ-ਯੂਨੀਵਰਸਿਟੀਆਂ ਦੇ ਵਿਦਿਆਰਥੀ ਨੌਜਵਾਨ ਰੋਸ ਲਹਿਰ ਦੀ ਇਸ ਕਤਾਰ ਵਿੱਚ ਮੂਹਰਲੀਆਂ ਸਫਾਂ ’ਚ ਹਨ । ਫਿਰਕੂ ਸਦਭਾਵਨਾ ਦਾ ਸੰਦੇਸ਼ ਦਿੰਦੇ ਇਹਨਾਂ ਵਿਦਿਆਰਥੀ ਨੌਜਵਾਨਾਂ ਨੇ ਨਾ ਸਿਰਫ ਇਸ ਵਿਰੋਧ ਲਹਿਰ ਅੰਦਰ ਨਵੀਂ ਜਾਨ ਫੂਕੀ ਹੈ, ਸਗੋਂ ਹਾਕਮਾਂ ਦੀਆਂ ਫਿਰਕੂ ਮਾਹੌਲ ਭੜਕਾਉਣ ਦੀਆਂ ਗਿਣਤੀਆਂ ਮਿਣਤੀਆਂ ਨੂੰ ਵੀ ਮੇਸਿਆ ਹੈ । ਲੱਤਾਂ-ਬਾਹਾਂ ਤੁੜਵਾ ਕੇ, ਖੂਨ ਡੁਲਵਾ ਕੇ, ਦੇਸ਼ ਧਰੋਹ ਅਤੇ ਕਈ ਹੋਰ ਸੰਗੀਨ ਕੇਸ ਆਪਣੇ ਸਿਰ ਪਵਾ ਕੇ ਵੀ ਮੁਲਕ ਦੇ ਨੌਜਵਾਨਾਂ ਨੇ ਅਸੀਂ ਜਿਉਂਦੇ ਅਸੀਂ ਜਾਗਦੇ ਦਾ ਹੋਕਾ ਮੁੜ ਉੱਚਾ ਕੀਤਾ ਹੈ । ਪੰਜਾਬ ਦੇ ਵਿਦਿਆਰਥੀ ਨੌਜਵਾਨਾਂ ਨੇ ਵੀ ਮੁਲਕ ਦੇ ਕਿਰਤੀ ਲੋਕਾਂ ਅਤੇ ਨੌਜਵਾਨਾਂ ਸੰਗ ਵਿਰੋਧ ਦਾ ਮੁੱਕਾ ਤਾਣਿਆ ਹੈ , ਆਵਾਜ਼ ਬੁਲੰਦ ਕੀਤੀ ਹੈ । ਪੰਜਾਬ ਦੀਆਂ ਕਿਸਾਨਾਂ, ਮਜ਼ਦੂਰਾਂ, ਸਨਅਤੀ ਕਾਮਿਆਂ , ਵਿਦਿਆਰਥੀ-ਨੌਜਵਾਨਾਂ ਦੀਆਂ 14 ਜਨਤਕ ਜਥੇਬੰਦੀਆਂ ਵੱਲੋਂ ਇਸ ਫਾਸ਼ੀ ਹੱਲੇ ਖਿਲਾਫ 16 ਫਰਵਰੀ ਨੂੰ ਮਲੇਰਕੋਟਲਾ ਵਿਖੇ ਵਿਸ਼ਾਲ ਸੂਬਾਈ ਰੋਸ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ । ਇਹਨਾਂ ਜਨਤਕ ਜਥੇਬੰਦੀਆਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਤੇ ਨੌਜਵਾਨ ਭਾਰਤ ਸਭਾ ਵੀ ਸ਼ਾਮਲ ਹਨ। ਦੋਹਾਂ ਜਥੇਬੰਦੀਆਂ ਵੱਲੋਂ ਕਾਲਜਾਂ ਅਤੇ ਪਿੰਡਾਂ ਦੇ ਵਿਦਿਆਰਥੀ ਨੌਜਵਾਨਾਂ ਤੱਕ ਇਸ ਪ੍ਰੋਗਰਾਮ ਦਾ ਸੁਨੇਹਾ ਲੈ ਕੇ ਜਾਣ ਪੱਖੋਂ ਕਾਲਜਾਂ ਤੇ ਪਿੰਡਾਂ ’ਚ ਸਰਗਰਮ ਤਿਆਰੀ ਮੁਹਿੰਮ ਚਲਾਈ ਗਈ । ਇਸ ਦੌਰਾਨ ਵਿੱਦਿਅਕ ਸੰਸਥਾਵਾਂ ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਸੁਨਾਮ, ਸ਼ਹੀਦ ਉਧਮ ਸਿੰਘ ਆਈ.ਟੀ.ਆਈ., ਯੂਨੀਵਰਸਿਟੀ ਕਾਲਜ ਮੂਨਕ , ਸਰਕਾਰੀ ਆਈ.ਟੀ.ਆਈ. ਮੂਨਕ, ਕਿਰਤੀ ਕਾਲਜ ਨਿਆਲ ਪਾਤੜਾਂ, ਸਰਕਾਰੀ ਰਣਬੀਰ ਕਾਲਜ ਸੰਗਰੂਰ, ਸਰਕਾਰੀ ਕਾਲਜ ਮਲੇਰਕੋਟਲਾ, ਨੈਸ਼ਨਲ ਕਾਲਜ ਭੀਖੀ(ਮਾਨਸਾ), ਨਹਿਰੂ ਮੈਮੋਰੀਅਲ ਕਾਲਜ ਮਾਨਸਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਰਿਜਨਲ ਸੈਂਟਰ ਬਠਿੰਡਾ, ਸਰਕਾਰੀ ਰਜਿੰਦਰਾ ਕਾਲਜ ਬਠਿੰਡਾ, ਯੂਨੀਵਰਸਿਟੀ ਕਾਲਜ ਘੁੱਦਾ, ਯੂਨੀਵਰਸਿਟੀ ਕਾਲਜ ਜੈਤੋ, ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿੱਚ ਅਤੇ ਬਠਿੰਡਾ ਜਿਲ੍ਹੇ ਦੇ ਸੰਗਤ ਇਲਾਕੇ ਦੇ ਪਿੰਡਾਂ ਘੁੱਦਾ, ਕੋਟਗੁਰੂ, ਚੱਕ ਅਤਰ ਸਿੰਘ ਵਾਲਾ, ਕਾਲਝਰਾਣੀ, ਸੰਗਤ ਮੰਡੀ, ਮੌੜ ਇਲਾਕੇ ਦੇ ਮੌੜ ਚੜ੍ਹਤ ਸਿੰਘ, ਬੁਰਜ ਸੇਮਾ, ਘੁੰਮਣ ਕਲਾਂ, ਮੌੜ ਕਲਾਂ, ਰਾਏਖਾਨਾ, ਨਥਾਨਾ ਇਲਾਕੇ ਦੇ ਗਿੱਦੜ, ਖੇਮੂਆਣਾ, ਜੰਡਾਂਵਾਲਾ, ਜੈਤੋ ਇਲਾਕੇ ਦੇ ਚੰਦਭਾਨ, ਦਬੜੀਖਾਨਾ, ਸੇਵੇਵਾਲਾ, ਭਗਤੂਆਣਾ, ਵਾੜਾ ਭਾਈਕਾ, ਇਲਾਕਾ ਨਿਹਾਲ ਸਿੰਘ ਵਾਲਾ ਦੇ ਹਿੰਮਤਪੁਰਾ, ਕੁੱਸਾ, ਭਾਗੀਕੇ, ਸੈਦੋ, ਬਿੰਜੋਕੀ ਖੁਰਦ (ਸੰਗਰੂਰ), ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਮੰਡੀ ਗੋਬਿੰਦਗੜ੍ਹ(ਫਤਹਿਗੜ੍ਹ ਸਾਹਿਬ), ਸਿਹੋੜਾ (ਲੁਧਿਆਣਾ) ਵਿੱਚ ਮੁੱਢਲੀਆਂ ਮੀਟਿੰਗਾਂ, ਜਨਤਕ ਮੀਟਿੰਗਾਂ, ਪੋਸਟਰ, ਲੀਫਲੈੱਟਾਂ, ਰੈਲੀਆਂ , ਸੈਮੀਨਾਰਾਂ ਅਤੇ ਮਾਰਚਾਂ, ਗੀਤ ਸੰਗੀਤ ਪ੍ਰੋਗਰਾਮਾਂ ਅਤੇ ਫੰਡ ਮੁਹਿੰਮ ਰਾਹੀਂ ਵਿਦਿਆਰਥੀ ਨੌਜਵਾਨਾਂ ਤੱਕ ਲਾਮਬੰਦੀ ਕੀਤੀ ਗਈ । ਇਸ ਤਿਆਰੀ ਮੁਹਿੰਮ ਦੌਰਾਨ ਵਿਦਿਆਰਥੀ ਨੌਜਵਾਨਾਂ ਅਤੇ ਮੁਸਲਿਮ ਭਾਈਚਾਰੇ ਤੱਕ ਵਿਆਪਕ ਸੁਨੇਹਾ ਰਸਾਈ ਅਤੇ ਲਾਮਬੰਦੀ ਕੇਂਦਰਿਤ ਸਰਗਰਮੀਆਂ ਉਲੀਕੀਆਂ ਗਈਆਂ । ਮੀਟਿੰਗਾਂ ਦੌਰਾਨ ਇਸ ਮਸਲੇ ਪ੍ਰਤੀ ਲੋਕਾਂ ਵੱਲੋਂ ਵਿਖਾਇਆ ਸਰੋਕਾਰ ਤੇ ਦਿਲਚਸਪੀ ਅਤੇ ਖੁੱਲ੍ਹ ਕੇ ਦਿੱਤਾ ਫੰਡ ਵਿਦਿਆਰਥੀ ਨੌਜਵਾਨ ਆਗੂ ਕਾਰਕੁੰਨਾਂ ਅੰਦਰ ਉਤਸ਼ਾਹ ਦਾ ਸਬੱਬ ਵੀ ਬਣਿਆ । ਦੋਹਾਂ ਜਥੇਬੰਦੀਆਂ ਵੱਲੋਂ ਚਲਾਈ ਇਸ ਜ਼ੋਰਦਾਰ ਸਰਗਰਮੀ ਮੁਹਿੰਮ ’ਚ ਨਾ ਸਿਰਫ ਕਾਲਜਾਂ, ਪਿੰਡਾਂ ਅੰਦਰ, ਸਗੋਂ ਨਵੀਆਂ ਥਾਵਾਂ ’ ਤੇ ਵੀ ਪਹੁੰਚ ਕੀਤੀ ਗਈ । ਜਿਹੜੀ ਕਿ ਭਾਜਪਾ ਦੇ ਫਿਰਕੂ ਫਾਸ਼ੀ ਹੱਲੇ ਅਤੇ ਮਨਸੂਬਿਆਂ ਦਾ ਪ੍ਰਚਾਰ ਲੈ ਕੇ ਜਾਣ ’ਚ ਹੀ ਸਹਾਈ ਨਹੀਂ ਹੋਈ, ਬਲਕਿ ਮਲੇਰਕੋਟਲੇ ਰੋਸ ਰੈਲੀ ਵਿੱਚ ਸਾਧਨ ਭਰ-ਭਰ ਆ ਰਹੇ ਵਿਦਿਆਰਥੀ ਨੌਜਵਾਨਾਂ ਅਤੇ ਵਲੰਟੀਅਰਾਂ ਦੀ ਜਿੰਮੇਵਾਰੀ ਨਿਭਾ ਰਹੇ ਦੋਹਾਂ ਜਥੇਬੰਦੀਆਂ ਦੇ ਕਾਰਕੁੰਨਾਂ ਅੰਦਰ ਦਿਸ ਰਿਹਾ ਉਤਸ਼ਾਹ ਹਾਕਮਾਂ ਦੇ ਇਸ ਫਿਰਕੂ ਹੱਲੇ ਖਿਲਾਫ ਹੋਰ ਵਧੇਰੇ ਤਨਦੇਹੀ ਨਾਲ ਟਕਰਣ ਦਾ ਪ੍ਰੇਰਣਾ ਸ੍ਰੋਤ ਵੀ ਬਣਿਆ ।
No comments:
Post a Comment