ਕਰੋਨਾ ਦੌਰ ਤੇ ਮਈ ਦਿਹਾੜਾ
ਮਈ
ਦਿਹਾੜਾ ਮਜ਼ਦੂਰ ਜਮਾਤ ਲਈ ਇਤਿਹਾਸਕ ਦਿਹਾੜਾ ਹੈ। ਇਹ ਦਿਹਾੜਾ ਮਜ਼ਦੂਰ ਜਮਾਤ ਦੇ ਇਤਿਹਾਸਕ ਮਿਸ਼ਨ ਸਮਾਜਵਾਦ
ਤੇ ਕਮਿਊਨਿਜ਼ਮ ਦੀ ਉਸਾਰੀ ਲਈ ਸੰਗਰਾਮਾਂ ਨੂੰ ਤੇਜ਼ ਕਰਨ ਦੇ ਅਹਿਦ ਲੈਣ ਦਾ ਦਿਹਾੜਾ ਹੈ। ਮੌਜੂਦਾ
ਲੁਟੇਰੇ ਸੰਸਾਰ ਪੂੰਜੀਵਾਦੀ ਪ੍ਰਬੰਧ ਨੂੰ ਕਬਰਾਂ ਵਿੱਚ ਦਫ਼ਨਾਉਣ ਲਈ ਹੋਰ ਵਧੇਰੇ ਮਜ਼ਬੂਤ ਇਰਾਦੇ
ਧਾਰਨ ਦਾ ਦਿਹਾੜਾ ਹੈ। ਸੰਸਾਰ ਦੀ ਸਭ ਤੋਂ ਵਿਕਸਤ ਤੇ ਅਗਾਂਹ ਵਧੂ ਜਮਾਤ ਵਜੋਂ ਮਜ਼ਦੂਰ ਜਮਾਤ ਦੇ
ਸ਼ਾਨਾਮੱਤੇ ਭਵਿੱਖ ਲਈ ਨਿਹਚਾ ਨੂੰ ਡੂੰਘੀ ਕਰਨ ਦਾ ਦਿਹਾੜਾ ਹੈ।
1. ਇਸ ਵਾਰ ਜਦੋਂ ਪਹਿਲੀ ਮਈ ਦਾ ਦਿਹਾੜਾ ਮਨਾਇਆ ਜਾ ਰਿਹਾ
ਹੈ ਤਾਂ ਸੰਸਾਰ ਭਰ ਦੇ ਲੋਕ ਕਰੋਨਾ ਮਹਾਂਮਾਰੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਹੋਰਨਾਂ ਸਭਨਾਂ ਸੰਕਟਾਂ ਦੀ ਤਰਾਂ
ਇਸ ਸੰਕਟ ਨੂੰ ਵੀ ਸੰਸਾਰ ਦੀਆਂ ਲੁਟੇਰੀਆਂ ਜਮਾਤਾਂ ਦਾ ਹੁੰਗਾਰਾ ਆਪਣੇ ਜਮਾਤੀ ਹਿੱਤਾਂ ਅਨੁਸਾਰੀ ਹੀ
ਹੈ। ਸੰਸਾਰ ਦੇ ਸਾਮਰਾਜੀ ਮੁਲਕਾਂ ਤੋਂ ਲੈ ਕੇ ਦੁਨੀਆਂ ਦੇ ਪਛੜੇ ਮੁਲਕਾਂ ਦੀਆਂ ਦਲਾਲ ਹਕੂਮਤਾਂ ਦਾ ਹੁੰਗਾਰਾ ਆਮ ਕਰਕੇ ਘੋਰ ਪਿਛਾਖੜੀ
ਲੀਹਾਂ ’ਤੇ ਹੈ। ਇਸ
ਸੰਕਟ ਵੇਲੇ ਵੀ ਇਨਾਂ ਹਕੂਮਤਾਂ ਨੂੰ, ਇਨਾਂ ਦੀਆਂ ਪਾਲਣਹਾਰ ਲੁਟੇਰੀਆਂ ਜਮਾਤਾਂ ਦੇ ਮੁਨਾਫ਼ਿਆਂ ਦਾ ਫਿਕਰ ਸਤਾ ਰਿਹਾ ਹੈ ਤੇ ਬਿਮਾਰੀ ਨੂੰ ਨਜਿੱਠਣ ਦੇ
ਸਾਰੇ ਕਦਮ ਇਹ ਫ਼ਿਕਰਮੰਦੀ ਤੈਅ ਕਰ ਰਹੀ ਹੈ। ਪਹਿਲਾਂ ਹੀ ਡੂੰਘੇ ਆਰਥਿਕ ਸੰਕਟਾਂ ’ਚ ਘਿਰਿਆ ਸੰਸਾਰ ਪੂੰਜੀਵਾਦੀ
ਪ੍ਰਬੰਧ ਇਸ ਬਿਮਾਰੀ ਦੀ ਮਾਰ ਨਾਲ ਚੌਤਰਫ਼ੇ ਸੰਕਟਾਂ ’ਚ ਹੋਰ ਵਧੇਰੇ ਧਸਣ ਜਾ ਰਿਹਾ ਹੈ। ਪਰ ਲੁਟੇਰੀਆਂ ਜਮਾਤਾਂ ਦੇ ਮੁਨਾਫਿਆਂ ਦੇ ਗ੍ਰਾਫ ਚੜਦੇ ਰੱਖਣ ਲਈ ਲੋਕ ਦੋਖੀ ਹਕੂਮਤਾਂ ਇਨਾਂ
ਸੰਕਟਾਂ ਦਾ ਭਾਰ ਕਿਰਤੀ ਲੋਕਾਂ ਦੀ ਪਿੱਠ ’ਤੇ ਲੱਦਣ ਜਾ ਰਹੀਆਂ ਹਨ। ਇਸ ਦੀ ਸਭ ਤੋਂ ਤਿੱਖੀ ਮਾਰ ਮਜ਼ਦੂਰ ਜਮਾਤ ’ਤੇ ਪੈਣੀ
ਹੈ। ਇਹ ਕਦਮ ਨਵੀਆਂ ਤੋਂ ਨਵੀਆਂ ਸ਼ਕਲਾਂ ਧਾਰ ਕੇ ਆ ਰਹੇ ਹਨ ਤੇ ਹੋਰ ਵਧੇਰੇ ਆਉਣੇ ਹਨ। ਇਸ
ਸੰਕਟ ਦੀ ਆੜ ਹੇਠ ਲੋਕਾਂ ਉੱਤੇ ਆਰਥਿਕ, ਸਿਆਸੀ ,ਵਿਚਾਰਧਾਰਕ ਤੇ ਜਾਬਰ, ਭਾਵ ਸਭ ਕਿਸਮ ਦਾ ਹਮਲਾ ਤੇਜ਼ ਕਰ
ਦਿੱਤਾ ਗਿਆ ਹੈ। ਕਰੋਨਾ ਮਹਾਂਮਾਰੀ ਦੀ ਆੜ ਹੇਠ ਆ ਰਹੇ ਇਸ ਸੱਜਰੇ ਹੱਲੇ ਖਿਲਾਫ਼ ਡਟਣਾ ਸਮੇਂ ਦੀ
ਫੌਰੀ ਲੋੜ ਹੈ। ਇਨਾਂ ਕਦਮਾਂ ’ਚੋਂ ਨਿਕਲਦੀਆਂ ਮੰਗਾਂ ’ਤੇ ਸੰਘਰਸ਼ ਉਸਾਰਨ ਦੀ ਲੋੜ ਆ ਖੜੀ ਹੋਈ ਹੈ ਤੇ ਨਾਲ ਹੀ
ਪਹਿਲਾਂ ਤੋਂ ਮੌਜੂਦ ਮਸਲੇ ਹੋਰ ਵੀ ਤਿੱਖੇ ਰੂਪ ’ਚ ਪ੍ਰਗਟ ਹੋ ਰਹੇ ਹਨ। ਇਹ ਮਈ ਦਿਹਾੜਾ ਇਨਾਂ ਫੌਰੀ
ਸੰਘਰਸ਼ਾਂ ਲਈ ਇਰਾਦੇ ਚੰਡਣ ਦਾ ਦਿਹਾੜਾ ਬਣਨਾ ਚਾਹੀਦਾ ਹੈ।
2. ਇਸ ਮਹਾਂਮਾਰੀ ਦੇ ਸੰਕਟ ਨੇ ਸੰਸਾਰ ਪੂੰਜੀਵਾਦੀ ਪ੍ਰਬੰਧ
ਦੇ ਨਿਘਾਰ ਦੀ ਅਸਲੀਅਤ ਨੂੰ ਤਿੱਖੀ ਤਰਾਂ ਲਿਸ਼ਕਣ ਲਾ ਦਿੱਤਾ ਹੈ। ਦੁਨੀਆਂ ਦੀ ਵਿਕਸਤ ਤੋਂ ਵਿਕਸਤ ਤਕਨੀਕ ’ਤੇ ਕਬਜ਼ਾ
ਜਮਾਈ ਬੈਠੀਆਂ ਲੁਟੇਰੀਆਂ ਜਮਾਤਾਂ ਦੇ ਰਾਜ ਲੱਖਾਂ ਮਨੁੱਖੀ ਜਾਨਾਂ ਨੂੰ ਬਚਾਉਣ ਤੋਂ
ਅਸਮਰੱਥ ਨਿੱਬੜੇ ਹਨ। ਪੂੰਜੀ ਦੇ ਗੜਾਂ ਅੰਦਰ ਵੀ ਇਹ ਲਾਚਾਰੀ ਚਿੱਟੇ ਦਿਨ ਪ੍ਰਗਟ ਹੋਈ ਹੈ ਤੇ ਲੱਖ
ਤੋਂ ਉੱਪਰ ਮਨੁੱਖੀ ਜਾਨਾਂ ਗਵਾਉਣ ਦੀ ਕੀਮਤ ਦਿੱਤੀ ਗਈ ਹੈ। ਸਮਾਜਵਾਦ ਦੀ ਉਸਾਰੀ ਦੇ ਇਤਿਹਾਸਕ
ਮਿਸ਼ਨ ਲਈ ਅੱਗੇ ਵਧਣ ਦੀ ਦਿ੍ਰਸ਼ਟੀ ਨੂੰ ਲੜ ਬੰਨਦਿਆਂ , ਇੱਕ ਪ੍ਰਬੰਧ ਵਜੋਂ ਸੰਸਾਰ ਪੂੰਜੀਵਾਦੀ ਪ੍ਰਬੰਧ ਦੀ
ਨਿਰਾਰਥਕਤਾ ਨੂੰ ਤੇ ਉਸਦੇ ਵੇਲਾ ਵਿਹਾ ਚੁੱਕੇ ਹੋਣ ਦੀ ਹਾਲਤ ਨੂੰ ਉਭਾਰਨਾ ਚਾਹੀਦਾ ਹੈ। ਇਹ
ਦਰਸਾਉਣਾ ਚਾਹੀਦਾ ਹੈ ਕਿ ਅਸਲ ਸੰਕਟ ਤਾਂ ਇਸ ਲੁਟੇਰੇ ਸੰਸਾਰ ਪੂੰਜੀਵਾਦੀ ਪ੍ਰਬੰਧ ਦਾ ਸੰਕਟ ਹੈ
ਜਿਹੜਾ ਅਜਿਹੀਆਂ ਬਿਮਾਰੀਆਂ ਨੂੰ ਮਹਾਂਮਾਰੀਆਂ ’ਚ ਬਦਲ ਦਿੰਦਾ ਹੈ। ਪਿਛਲੀ ਸਦੀ ਦੌਰਾਨ ਮਜ਼ਦੂਰ ਜਮਾਤ ਦੀ
ਅਗਵਾਈ ’ਚ ਦੁਨੀਆਂ ਦੇ ਕਈ ਮੁਲਕਾਂ ਅੰਦਰ
ਉਸਾਰੇ ਗਏ ਸਮਾਜਵਾਦੀ ਪ੍ਰਬੰਧ ਦੀਆਂ ਬਰਕਤਾਂ ਨੂੰ
ਉਚਿਆਉਣਾ ਚਾਹੀਦਾ ਹੈ। ਇਹ ਦਿਹਾੜਾ ਪੂੰਜੀਵਾਦ ਦੇ ਨਿਘਾਰ ਨੂੰ ਫਿਟ-ਲਾਹਨਤਾਂ ਪਾਉਣ ਤੇ ਸਮਾਜਵਾਦ
ਦੀ ਉੱਤਮਤਾ ਨੂੰ ਉਭਾਰਨ ਦਾ ਦਿਹਾੜਾ ਵੀ ਬਣਨਾ ਚਾਹੀਦਾ ਹੈ। ਵਿਸ਼ੇਸ਼ ਕਰਕੇ ਸਿਹਤ ਸੰਭਾਲ ਢਾਂਚੇ ਦੀ
ਉਸਾਰੀ ਦੇ ਪ੍ਰਸੰਗ ਅੰਦਰ ਸਮਾਜਵਾਦੀ ਰਾਜਾਂ ਵੱਲੋਂ ਮਾਰੀਆਂ ਮੱਲਾਂ , ਮੌਜੂਦਾ ਮੁਨਾਫ਼ੇ ਅਧਾਰਤ ਸਿਹਤ ਸੰਭਾਲ ਢਾਂਚਿਆਂ ਦੇ ਮੁਕਾਬਲੇ ’ਤੇ ਉਭਾਰਨੀਆਂ ਚਾਹੀਦੀਆਂ ਹਨ। ਸਿੱਖਿਆ ਸਿਹਤ ਵਰਗੇ ਖੇਤਰਾਂ ’ਚ ਉਜਾੜੇ ਦਾ ਫੌਰੀ ਕਾਰਨ ਬਣੀਆਂ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਉੱਪਰ ਸਿਆਸੀ ਤੇ ਵਿਚਾਰਧਾਰਕ ਹਮਲਾ ਤੇਜ਼ ਕਰਨਾ ਚਾਹੀਦਾ
ਹੈ।
3. ਸਮਾਜਵਾਦ ਦੀ ਉਸਾਰੀ ਦੇ ਪੜਾਅ
ਵਜੋਂ ਸਾਡੇ ਆਪਣੇ ਮੁਲਕ ਅੰਦਰ ਨਵ-ਜਮਹੂਰੀ ਇਨਕਲਾਬ ਦੇ ਰਾਹ ’ਤੇ ਅੱਗੇ ਵਧਣ ਦੇ ਨਿਸ਼ਾਨੇ ਨੂੰ ਉਭਾਰਨਾ ਚਾਹੀਦਾ ਹੈ, ਜਿਸ ਮਹਾਨ ਕਾਰਜ ਦੀ ਅਗਵਾਈ
ਮਜ਼ਦੂਰ ਜਮਾਤ ਨੇ ਕਰਨੀ ਹੈ ਤੇ ਮੁਲਕ ਦੀ ਕਿਸਾਨੀ ਨੇ ਇਸ ਇਨਕਲਾਬ ਦੀ ਮੁੱਖ ਸ਼ਕਤੀ ਬਣਨਾ ਹੈ। ਇਹ
ਅਗਵਾਈ ਮਜ਼ਦੂਰ ਜਮਾਤ ਨੇ ਆਪਣੇ ਸਿਧਾਂਤ ਮਾਰਕਸਵਾਦ -ਲੈਨਿਨਵਾਦ ਤੇ ਮਾਓ ਵਿਚਾਰਧਾਰਾ ਦੀ ਰੌਸ਼ਨੀ
ਨਾਲ ਆਪਣੀ ਕਮਿਊਨਿਸਟ ਇਨਕਲਾਬੀ ਪਾਰਟੀ ਰਾਹੀਂ ਕਰਨੀ ਹੈ। ਇਸ ਲਈ ਮਜ਼ਦੂਰ ਜਮਾਤ ਲਈ ਇਹ ਵੇਲਾ ਆਪਣੇ ਸਿਧਾਂਤ ’ਚ ਨਿਹਚਾ ਡੂੰਘੀ ਕਰਨ ਦਾ ਤੇ ਉਸ
ਦੀ ਉੱਤਮਤਾ ਨੂੰ ਉਚਿਆਉਣ ਦਾ ਵੇਲਾ ਹੈ।
4. ਕਰੋਨਾ ਮਹਾਂਮਾਰੀ ਦਾ ਸੰਕਟ ਸੰਸਾਰ ਪੂੰਜੀਵਾਦੀ ਪ੍ਰਬੰਧ
ਦੇ ਸਾਰੇ ਅੰਤਰ ਵਿਰੋਧਾਂ ਨੂੰ ਹੋਰ ਤਿੱਖੇ ਕਰਨ ਦਾ ਸਬੱਬ ਬਣਨ ਜਾ ਰਿਹਾ ਹੈ। ਇਹ ਮਈ ਦਿਹਾੜਾ
ਇਹਨਾਂ ਤਿੱਖੇ ਹੋਣ ਜਾ ਰਹੇ ਸੰਕਟਾਂ ਨੂੰ ਇਨਕਲਾਬੀ
ਲਹਿਰ ਦੀ ਚੜਦੀ ਕਾਂਗ ’ਚ ਪਲਟ ਦੇਣ ਲਈ ਕਮਰਕੱਸੇ ਕਰਨ ਦਾ
ਸੱਦਾ ਦੇ ਰਿਹਾ ਹੈ। ਇਸ ਲਈ ਆਓ ਇਸ ਮਈ ਦਿਹਾੜੇ ਮੌਕੇ ਫੌਰੀ ਮਸਲਿਆਂ ’ਤੇ ਸੰਘਰਸ਼ਾਂ ਦੇ ਪਰਚਮ ਲਹਿਰਾਉਂਦੇ ਹੋਏ, ਲੋਕ ਇਨਕਲਾਬ ਦੇ ਮਿਸ਼ਨ ਨੂੰ
ਉੱਚਿਆਈਏ। ਪੂੰਜੀਵਾਦ ਦੀ ਹਾਰ ਤੇ ਸਮਾਜਵਾਦ ਦੀ ਜਿੱਤ ਦੇ ਵਿਸ਼ਵਾਸ਼ ਨੂੰ ਹੋਰ ਪੱਕਾ ਕਰੀਏ। ਮਜ਼ਦੂਰ ਜਮਾਤ ਦੇ ਮਹਾਨ ਆਗੂ ਕਾਰਲ
ਮਾਰਕਸ ਦੇ ਇਸ ਹੋਕੇ ਨੂੰ ਸਾਂਝੀ ਹੇਕ ਬਣਾਈਏ, ‘‘ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਓ, ਤੁਹਾਡੇ ਕੋਲ ਗੁਆਉਣ ਲਈ ਜ਼ੰਜੀਰਾਂ
ਤੋਂ ਸਿਵਾ ਕੁਝ ਵੀ ਨਹੀਂ ਜਦੋਂ ਕਿ ਜਿੱਤਣ ਲਈ ਪੂਰਾ ਸੰਸਾਰ ਹੈ।’’
(30-4-2020)
No comments:
Post a Comment