ਨਿੱਜੀ ਡਾਇਰੀ 'ਚੋਂ
ਹਰਮਿੰਦਰ ਪੁਰੇਵਾਲ ਦੇ ਅੰਗ-ਸੰਗ
………ਖੋਹ ਦੇ ਅਹਿਸਾਸ ਦੀ ਦਸਤਕ ਨਾਲ ਮੈਂ ਆਪਣਾ ਫੋਨ ਖੋਲ੍ਹਿਆ। ਅਮੋਲਕ ਨੇ ਖੇਚਲ ਕਰਕੇ ਸੁਨੇਹਾ ਭੇਜਿਆ ਸੀ,
"ਕੈਨੇਡਾ ਤੋਂ ਸੁਰਿੰਦਰ ਧੰਜਲ ਗੱਲ ਕਰਨੀਂ ਚਾਹੰਦੈ,
ਫੌਰੀ! ਹਰਮਿੰਦਰ ਪੁਰੇਵਾਲ ਨਹੀਂ ਰਿਹਾ!"
"ਹਰਮਿੰਦਰ ਨਹੀਂ ਰਿਹਾ?!" ਯਕੀਨ ਹੁੰਗ੍ਹਾਰਾ ਭਰਨ ਤੋਂ ਨਾਬਰ ਸੀ।ਦਿਲ ਦਰਵਾਜ਼ੇ ਅਜਿਹੀ ਮਾੜੀ ਸੂਚਨਾ ਲਈ ਕਦੋਂ ਖੁਲ੍ਹਣਾ ਚਾਹੁੰਦੇ ਹਨ! ਪਰ ਵਾਪਰ ਚੁੱਕੇ
ਨੂੰ ਤਸਲੀਮ ਕਰਨ ਤੋਂ ਨਾਬਰੀ ਦੇ ਪਲ ਵੀ ਲੰਮੇ
ਨਹੀਂ ਹੋ ਸਕਦੇ ।ਦਿਲ ਨੇ ਹਕੀਕਤ ਨੂੰ ਸਿਜਦਾ ਕਰਕੇ ਖੋਹ ਦੇ ਅਹਿਸਾਸ ਨੂੰ ਆਲ੍ਹਣਾ ਦੇ ਦਿੱਤਾ।
ਝੰਜੋੜੇ ਦੇ ਇਹਨਾਂ ਪਲਾਂ ਦੇ ਅਹਿਸਾਸ ਵਟਾਉਣ ਲਈ ਸਮੁੰਦਰਾਂ ਦੀ ਜੂਹ ਦੇ
ਆਰ-ਪਾਰ ਘੰਟੀਆਂ ਖੜਕੀਆਂ।ਰਾਤ ਦਾ ਕੁਝ ਅਰਸਾ ਸੁਰਿੰਦਰ ਧੰਜਲ, ਸਤਵੰਤ ਦੀਪਕ ਅਤੇ ਹਰਮਿੰਦਰ ਦੇ ਭਰਾ ਦਵਿੰਦਰ
ਪੁਰੇਵਾਲ ਨਾਲ ਦੁੱਖ ਸਾਂਝਾ ਕਰਨ ਅਤੇ ਅਰਥ ਭਰੀਆਂ ਖੂਬਸੂਰਤ ਯਾਦਾਂ ਦੇ ਵਟਾਂਦਰੇ 'ਚ ਗੁਜ਼ਰਿਆ।
ਹਰਮਿੰਦਰ ਦੇ ਜਾਣ ਦੀ ਉਦਾਸੀ ਦਾ ਰੰਗ ਕਈ ਹੋਰ ਰੰਗਾਂ'ਚ ਘੁਲ ਕੇ ਗੂੜ੍ਹਾ ਹੋ ਗਿਆ ਸੀ। ਪਿਰਥੀ, ਪਾਸ਼ ਅਤੇ ਅਮ੍ਰਿਤਪਾਲ ਪਾਸੀ ਦੀਆਂ ਯਾਦਾਂ ਨਾਲ ਗੁੰਦੀਆਂ ਹਰਮਿੰਦਰ ਦੀਆਂ ਯਾਦਾਂ
ਸੱਜਰੀਆਂ ਹੋ ਗਈਆਂ। ਇੱਕ
ਵਾਰੀ ਫਿਰ ਮਹਿਸੂਸ ਹੋਇਆ ਕਿ ਕਿਵੇਂ ਕਿਸੇ ਪਿਆਰੇ ਦੇ ਸਦੀਵੀ ਵਿਛੋੜੇ ਦੀ ਚੀਸ ਬੰਦੇ ਦੇ ਮਨ ਨੂੰ ਵਸਲ ਦੀਆਂ ਉੱਚੀਆਂ
ਉਡਾਰੀਆਂ ਦੇ ਲੜ ਲਾ ਦਿੰਦੀ ਹੈ।ਬੀਤੇ ਦੀਆਂ ਮਿਲਣੀਆਂ ਯਾਦਾਂ ਦੀ ਫੁਹਾਰ ਬਣਕੇ ਦਿਲ ਨੂੰ ਸਿੰਜਣ ਅਤੇ ਖਾਲੀਪਣ ਦੇ ਸੋਕੇ
ਨੂੰ ਸਰ ਕਰਨ ਲਈ ਉਮਡ ਪੈਂਦੀਆਂ ਹਨ।
ਉਹਦੀਆਂ ਸ਼ਿੱਦਤ ਭਰੀਆਂ ਯਾਦਾਂ ਨੇ ਪਹਿਲਾਂ ਕਦੇ ਵੀ ਦਿਲ 'ਤੇ ਇਹੋ ਜਿਹੀ ਪੀਂਘ ਨਹੀਂ ਸੀ ਪਾਈ। ਤੁਰ ਜਾਣ ਨੇ ਹਰਮਿੰਦਰ ਦਾ ਆਪਾ ਲਿਸ਼ਕੋਰ ਦਿੱਤਾ ਹੈ। ਆਪਣੇਪਣ ਦੀਆਂ ਛਾਵਾਂ ਗੂੜ੍ਹੀਆਂ
ਹੋ ਗਈਆਂ ਹਨ। ਨਿੱਘ ਦਾ ਅਹਿਸਾਸ ਹੋਰ ਕੋਸਾ ਹੋ ਗਿਆ ਹੈ। ਜੀਅ ਉਸ ਸ਼ੀਸ਼ੇ ਵਰਗੀ ਦਰਵੇਸ਼ ਰੂਹ 'ਚ ਝਾਕਣ ਝਾਕਣ ਕਰਦਾ ਹੈ।
ਕੁਝ ਮਹੀਨੇ ਪਹਿਲਾਂ ਛਲਕਦੇ ਜਜ਼ਬਾਤਾਂ ਅਤੇ ਅਪਣੱਤ ਭਰੇ ਬੋਲਾਂ 'ਚ ਭਿੱਜਿਆ ਹਰਮਿੰਦਰ ਦਾ ਫੋਨ ਆਇਆ ਸੀ। ਉਹ ਦਹਾਕਿਆਂ ਤੋਂ ਇਨਕਲਾਬੀ ਲਹਿਰ ਦੀ ਬੁੱਕਲ 'ਚ ਵਿਚਰਦੇ ਆ ਰਹੇ ਸਾਥੀਆਂ ਦਾ ਹਾਲ ਪੁੱਛ ਰਿਹਾ ਸੀ। ਉਹਨਾਂ ਮਿੱਤਰਾਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਾਰੇ
ਜਾਨਣ ਲਈ ਉਤਸੁਕ ਸੀ
ਜਿਨ੍ਹਾਂ ਦੀ ਲੋਹੇ ਵਰਗੀ ਜਵਾਨੀ ਹੁਣ ਲਿਸ਼ਕਦੀ ਸਫੈਦ ਚਾਂਦੀ 'ਚ ਬਦਲ ਚੁੱਕੀ ਹੈ। ਉਹਦੇ ਬੋਲਾਂ 'ਚ ਇਨਕਲਾਬੀ ਲਹਿਰ ਦੀ ਹੋਣੀ ਨਾਲ ਜੁੜੇ ਵਲਵਲੇ
ਸਨ।ਉਹਨੂੰ ਫਖਰ ਸੀ ਕਿ ਉਸਨੇ ਸਮਾਜਕ ਜੀਵਨ ਦੀਆਂ ਨਰੋਈਆਂ ਕਦਰਾਂ ਕੀਮਤਾਂ ਹਿੱਕ ਨਾਲ ਲਾਕੇ ਰੱਖੀਆਂ ਹਨ
ਅਤੇ ਇਹਨਾਂ ਦੀ ਲਾਜ ਪਾਲੀ ਹੈ। ਉਹਨੂੰ ਝੋਰਾ ਸੀ
ਕਿ ਇਨਕਲਾਬ 'ਚ ਭਰਪੂਰ ਹਿੱਸਾ ਪਾਉਣ ਦੀ ਤਾਂਘ ਨੂੰ ਉਹ ਆਪਣੀ ਇੱਛਾ ਮੁਤਾਬਕ ਸਾਕਾਰ
ਨਹੀਂ ਸੀ ਕਰ ਸਕਿਆ। ਉਸਨੇ ਪੀ.ਐਸ.ਯੂ. ਨਾਲ ਸਬੰਧਿਤ ਇਨਕਲਾਬੀ ਕੁੜੀਆਂ ਦੀਆਂ ਯਾਦਾਂ ਗਹਿਰੇ ਸਤਿਕਾਰ ਨਾਲ ਸਾਂਝੀਆਂ ਕੀਤੀਆਂ,
ਜਿਨ੍ਹਾਂ ਨੇ ਖਤਰੇ ਮੁੱਲ ਲੈ ਕੇ ਚੁਣੌਤੀਆਂ ਨਾਲ ਮੱਥੇ ਲਾਏ ਸਨ।"ਜੱਸੀ! ਮੈਂ ਆਪਣੀ ਜੀਵਨ ਸਾਥਣ ਨੂੰ ਉਹਨਾਂ ਕੁੜੀਆਂ ਬਾਰੇ ਦੱਸਿਆ
ਹੈ।"
ਆਪਣਾ ਹਾਲ ਦੱਸਦਿਆਂ ਉਸਨੇ ਪਾਤਰ ਦੀ ਸਤਰ ਬੋਲੀ ਸੀ, "ਦਿਲ ਹੀ ਉਦਾਸ ਏ ਜੀ, ਬਾਕੀ ਸਭ ਖੈਰ ਏ"।ਮੈਨੂੰ ਇਸ ਜਿਉਂਦੀ ਉਦਾਸੀ ਦਾ ਮਤਲਬ ਪਤਾ ਸੀ।ਇਹ ਗੱਲ ਤਸੱਲੀ
ਵਾਲੀ ਸੀ,ਕਿ ਹਰਮਿੰਦਰ ਉਦਾਸ ਸੀ,ਪਰ ਨਿਰਾਸ਼ ਨਹੀਂ ਸੀ।ਉਹ ਆਪਣੀ ਊਰਜਾ ਇਕੱਠੀ ਕਰਕੇ ਜ਼ਿੰਦਗੀ ਨੂੰ ਰੱਜਕੇ ਮਿਲਣ ਲਈ ਤਾਂਘ ਰਿਹਾ
ਸੀ। ਇਸ ਤੋਂ ਪਹਿਲਾਂ ਉਸ ਦੇ ਗਦਰ ਪਾਰਟੀ ਦੀ
ਵਿਰਾਸਤ ਨੂੰ ਉਭਾਰਨ ਦੀਆਂ ਸਰਗਮੀਆਂ ’ਚ ਰੁੱਝੇ ਹੋਣ ਦੀ ਖ਼ਬਰ ਮਿਲੀ ਸੀ। ਇਸ ਮਕਸਦ ਲਈ ਉਸ ਨੇ ਮੇਰੇ ਨਾਲ ਫੋਨ ਸੰਪਰਕ ਬਣਾਉਣ ਦੀ
ਵਾਰ ਵਾਰ ਕੋਸ਼ਿਸ਼ ਕੀਤੀ ਸੀ। ਪਰ ਕਿਸੇ ਵਜ੍ਹਾ ਕਰਕੇ
ਇਹ ਸੰਪਰਕ ਨਹੀਂ ਸੀ ਹੋ ਸਕਿਆ।
ਸਾਡੀ ਫੋਨ ਗੱਲਬਾਤ ਦੁਬਾਰਾ ਵਾਰਤਾਲਾਪ ਦੇ
ਆਪਸੀ ਇਕਰਾਰ ਨਾਲ ਸਮਾਪਤ ਹੋਈ ਸੀ, ਪਰ…………
ਹਰਮਿੰਦਰ ਦਾ ਫੱਕਰਪੁਣਾ ਸਭ ਦਾ ਧਿਆਨ ਖਿੱਚਦਾ
ਸੀ। ਬਲਜੀਤ ਬੱਲੀ ਨੇ ਵੀ ਬਾਬੂਸ਼ਾਹੀ ਡਾਟਕਾਮ 'ਤੇ ਇਸ ਫੱਕਰਪੁਣੇ ਨੂੰ ਯਾਦ ਕੀਤਾ ਹੈ।ਮੈਨੂੰ
ਇਸ ਫੱਕਰਪੁਣੇ ਦਾ ਇਨਕਲਾਬੀ ਰੂਪ ਨੇੜਿਓਂ ਵੇਖਣ ਦਾ ਮੌਕਾ ਮਿਲਿਆ ਹੈ।
ਉਹ ਘੜੀ ਅੱਜ ਵੀ ਚੇਤਿਆਂ 'ਚ ਉੱਕਰੀ ਹੋਈ ਹੈ। ਅਸੀਂ ਰਾਤ ਦੇ ਹਨੇਰੇ 'ਚ ਤੁਰੇ ਜਾ ਰਹੇ
ਸਾਂ।ਹਰਮਿੰਦਰ ਨੇ ਮੁਸਕਰਾਉਂਦਿਆਂ ਮੇਰੇ ਗਲ ਦੁਆਲੇ ਬਾਂਹ ਵਲ ਦਿੱਤੀ ਸੀ ਅਤੇ ਰੰਗ 'ਚ ਆ ਕੇ ਹੌਲੀ-ਹੌਲੀ ਗਾਉਣ ਲੱਗ ਪਿਆ ਸੀ:"ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ ਉਹਨੀਂ ਰਾਹੀਂ ਸਾਨੂੰ ਤੁਰਨਾ
ਪਿਆ"। ਸਾਡਾ ਰਸਤਾ ਗੁਆਚ ਗਿਆ ਸੀ ਅਤੇ ਅਸੀਂ ਔਝੜੇ ਤੁਰੇ ਜਾ ਰਹੇ ਸਾਂ। ਐਮਰਜੈਂਸੀ ਵਿਰੋਧੀ
"ਖੁਫੀਆ "ਇਸ਼ਤਿਹਾਰ ਅਤੇ ਲੇਵੀ ਅਸੀਂ ਬੈਗ 'ਚ ਨਾਲ ਚੁੱਕੀ ਹੋਈ ਸੀ।
ਉਹਨਾਂ ਦਿਨਾਂ 'ਚ ਹੜਤਾਲਾਂ, ਰੈਲੀਆਂ, ਮੁਜਾਹਰੇ, ਪ੍ਰੈਸ-ਬਿਆਨ, ਇਸ਼ਤਿਹਾਰ, ਹੱਥ ਪਰਚੇ ਸਭ ਕੁਝ ਵਰਜਤ ਸੀ। ਅਖਬਾਰਾਂ ਸੈਂਸਰ ਦੀ ਭੇਟ ਹੋਈਆਂ ਵਰਜਤ ਖਬਰਾਂ
ਦੀਆਂ ਟਾਕੀਆਂ ਨਾਲ ਭਰਕੇ ਛਪਦੀਆਂ। ਪਾਸ਼ ਨੇ ਕਵਿਤਾਂ ਰਾਹੀਂ ਇਹ ਹਾਲਤ ਬਿਅਾਨ ਕੀਤੀ ਸੀ: " ਮੈਂ ਅੱਜ ਕਲ਼੍ਹ ਅਖਬਾਰਾਂ
ਤੋਂ ਬਹੁਤ ਡਰਦਾ ਹਾਂ"।
ਐਮਰਜੈਂਸੀ ਦਾ ਡਟਵਾਂ ਵਿਰੋਧ ਕਰਨ ਕਰਕੇ ਪੀ.
ਐਸ. ਯੂ. ਦੇ ਕਿੰਨੇ ਹੀ ਆਗੂ ਅਤੇ ਕਾਰਕੁਨ ਵਰੰਟਡ ਸਨ, ਗ੍ਰਿਫਤਾਰ ਕਰ ਕੇ
ਤਸੀਹਾ ਘਰਾਂ (ਇੰਟੈਰੋਗੇਸ਼ਨ ਸੈਂਟਰਾਂ) 'ਚ ਭੇਜੇ ਜਾ ਰਹੇ
ਸਨ ਅਤੇ ਮੀਸਾ ਤੇ ਡੀ.ਆਈ.ਆਰ ਵਰਗੇ ਕਾਨੂੰਨਾਂ ਅਧੀਨ ਬਿਨਾ ਮੁਕੱਦਮਾ
ਨਜ਼ਰਬੰਦ ਕੀਤੇ ਜਾ ਰਹੇ ਸਨ। ਸਰਕਾਰ ਦੀ ਸਧਾਰਨ ਅਲੋਚਨਾ
ਵੀ ਵਰਜਤ ਸੀ। ਤਾਂ ਵੀ ਪੀ.ਐਸ.ਯੂ. ਵੱਲੋਂ ਐਮਰਜੈਂਸੀ ਵਿਰੋਧੀ ਇਸ਼ਤਿਹਾਰਾਂ ਅਤੇ ਰੈਲੀਆਂ-ਹੜਤਾਲਾਂ ਦਾ
ਸਿਲਸਿਲਾ ਜਾਰੀ ਸੀ।
ਇਸ਼ਤਿਹਾਰ ਛਪਾਉਣ ਲਈ ਪਰੈੱਸ ਲੱਭਣੀ ਮੁਸ਼ਕਿਲ
ਹੋ ਗਈ ਸੀ। ਐਮਰਜੈਂਸੀ ਦੀਆਂ ਪਾਬੰਦੀਆਂ ਨੇ ਇਸ਼ਤਿਹਾਰਾਂ ਨੂੰ
ਵਰਜਿਤ ਅਤੇ ਖੁਫੀਆ ਸਰਗਰਮੀ ਵਿਚ ਬਦਲ ਦਿੱਤਾ ਸੀ। ਇਸ਼ਤਿਹਾਰ ਛਾਪਣ ਦਾ ਖਮਿਆਜ਼ਾ ਅਨਿਸਚਿਤ ਸਮੇਂ ਲਈ ਨਜ਼ਰਬੰਦੀ, ਪੁਲਸ ਤਸ਼ੱਦਦ ਜਾਂ ਕਿਸੇ ਹੋਰ ਵੱਡੀ ਸਜ਼ਾ ਦੇ ਰੂਪ 'ਚ ਭੁਗਤਣਾ ਪੈ
ਸਕਦਾ ਸੀ। ਸੋ ਅਕਸਰ ਪ੍ਰਿੰਟਡ ਇਸ਼ਤਿਹਾਰਾਂ ਦੀ ਥਾਂ ਕਾਰਕੁਨਾਂ ਦੀ ਸਖਤ ਮਿਹਨਤ ਨਾਲ ਤਿਆਰ ਹੋਏ ਦਿਲਕਸ਼ ਹੱਥ ਲਿਖਤ ਵੱਡ-ਅਕਾਰੀ
ਇਸ਼ਤਿਹਾਰ ਧਿਆਨ ਖਿੱਚਣ
ਵਾਲੀਆਂ ਥਾਂਵਾਂ'ਤੇ ਲਾਏ ਜਾਂਦੇ ਸਨ। ਹਰਮਿੰਦਰ ਅਤੇ ਮੈਂ ਅਕਸਰ
ਹੀ ਰਾਤਾਂ ਨੂੰ ਇਸ਼ਤਿਹਾਰ
ਲਾਉਂਦੀਆਂ ਵਿਦਿਆਰਥੀ ਟੋਲੀਆਂ 'ਚ ਇਕੱਠੇ ਹੁੰਦੇ।
ਪੀ.ਐਸ.ਯੂ. ਦੇ ਕਾਰਕੁਨ ਹੋਣ ਤੋਂ ਇਲਾਵਾ ਅਸੀਂ ਦੋਵੇਂ ਮਾਰਕਸਵਾਦ, ਲੈਨਿਨਵਾਦ ਅਤੇ ਮਾਓ ਵਿਚਾਰਧਾਰਾ ਦੇ ਸਾਂਝੇ ਅਧਿਐਨ ਗਰੁੱਪ 'ਚ ਵੀ ਸ਼ਾਮਲ ਸਾਂ।
ਪੀ.ਐਸ.ਯੂ. ਤੋਂ ਇਲਾਵਾ ਐਮਰਜੈਂਸੀ ਦਾ ਵਿਰੋਧ ਕਰਨ ਵਾਲੀਆਂ ਸਿਆਸੀ ਜੱਥੇਬੰਦੀਆਂ ਨੂੰ ਸਹਿਯੋਗ ਦੇਣ ਦਾ ਵੀ ਅਸੀਂ ਨਿੱਜੀ ਫੈਸਲਾ
ਕੀਤਾ ਹੋਇਆ ਸੀ। ਸਾਡੇ ਬੈਗ ਵਿਚਲੇ ਪ੍ਰਿੰਟਡ
ਇਸ਼ਤਿਹਾਰ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ਵੱਲੋਂ ਪ੍ਰਕਾਸ਼ਤ ਕੀਤੇ ਗਏ ਸਨ। ਇਸ਼ਤਿਹਾਰ 'ਚ "ਐਮਰਜੈਂਸੀ ਦੇ ਫਾਸ਼ੀ ਹੱਲੇ ਨੂੰ ਪਛਾੜੋ" ਦਾ ਹੋਕਾ ਦਿੱਤਾ ਗਿਆ ਸੀ।ਉੱਪਰਲੀ ਖੱਬੀ
ਨੁੱਕਰ 'ਤੇ "ਨਕਸਲਬਾੜੀ ਜ਼ਿੰਦਾਬਾਦ" ਦਾ
ਨਾਅਰਾ ਸੀ। ਅਮ੍ਰਿਤਪਾਲ ਪਾਸੀ ਇਹ ਇਸ਼ਤਿਹਾਰ ਲੈ ਕੇ
ਆਇਆ ਸੀ। ਉਹ ਸਾਡੇ ਅਧਿਐਨ ਗਰੁੱਪ ਦੀਆਂ ਮੀਟਿੰਗਾਂ 'ਚ ਵੀ ਆਉਂਦਾ ਰਹਿੰਦਾ ਸੀ। ਹਰਮਿੰਦਰ ਨੇ
ਇਸ਼ਤਿਹਾਰ ਪੜ੍ਹਕੇ ਹੱਥ ਵਟਾਉਣ ਲਈ ਚਾਅ ਨਾਲ ਹਾਮੀ ਭਰ ਦਿੱਤੀ ਸੀ। ਮੈਂ ਖੰਨੇ ਤੋਂ ਬੱਸ ਫੜਕੇ ਇਹ ਪੋਸਟਰ ਲਾਉਣ ਲਈ
ਲੁਧਿਆਣੇ ਇੰਜਨੀਅਰਿੰਗ ਕਾਲਜ
ਪੁੱਜਿਆ ਸਾਂ।
ਇਸ਼ਤਿਹਾਰਾਂ ਲਈ ਸਾਡੀ ਟੋਲੀ ਦੇ ਜਿੰਮੇ ਲੱਗੇ ਨਿਸਚਿਤ ਏਰੀਏ ਦੀ ਤਲਾਸ਼ ਲਈ ਬਦਲਵਾਂ ਰਾਹ
ਫੜਨਾ ਸਾਡੀ ਮਜਬੂਰੀ ਬਣ ਗਈ ਸੀ।ਅਸੀਂ ਕੁਝ ਚਿਰ ਪਹਿਲਾਂ ਹੀ ਗੰਭੀਰ ਖਤਰਾ ਪਿੱਛੇ ਛੱਡ ਕੇ ਆਏ ਸਾਂ ਅਤੇ ਸਾਡਾ ਪਿੱਛਾ ਹੋਣ ਦੀ
ਸੰਭਾਵਨਾ ਬਣੀ ਹੋਈ ਸੀ।
"ਖੁਫੀਆ" ਇਸ਼ਤਿਹਾਰਾਂ ਅਤੇ ਲੇਵੀ ਸਮੇਤ ਅਸੀਂ ਪੰਦਰਾਂ ਪੁਲਸੀਆਂ ਦੀ ਟੁਕੜੀ ਦੇ ਘੇਰੇ'ਚ ਆ ਗਏ ਸਾਂ। ਸਾਡੇ ਬੈਗ ਦੀ ਤਲਾਸ਼ੀ ਲਈ ਗਈ ਸੀ। ਤਾਂ ਵੀ ਚਕਮਾ ਦੇਣ ਦੀ ਵਿਉਂਤ ਅਤੇ ਤਲਾਸ਼ੀ ਨੂੰ ਬੇਅਸਰ ਕਰਨ ਦੇ ਸੋਚੇ
ਹੋਏ ਇੰਤਜ਼ਾਮਾਂ ਨੇ ਆਪਣਾ ਰੰਗ ਵਿਖਾਇਆ ਸੀ। ਸਿਪਾਹੀਆਂ ਨੇ ਪੁਲਸ ਨਾਕੇ 'ਤੇ ਤਾਇਨਾਤ ਅਫਸਰ ਨੂੰ ਦਿਲਚਸਪ ਰਿਪੋਰਟ ਕੀਤੀ ਕਿ ਸਾਡੇ ਬੈਗ 'ਚੋਂ ਕੋਈ ਵੀ ਇਤਰਾਜ਼ਯੋਗ ਚੀਜ਼ ਹਾਸਲ ਨਹੀਂ ਹੋਈ!ਬੈਗ 'ਚ ਸਿਰਫ ਕੱਪੜੇ ਹਨ ਜਾਂ ਘਿਓ ਦਾ ਡੱਬਾ ਹੈ।ਸਿਪਾਹੀ ਨੇ ਲੇਵੀ ਦੇ ਡੱਬੇ ਬਾਰੇ ਸਵਾਲ ਪੁੱਛਿਆ ਸੀ।ਸਾਡੇ ਵੱਲੋਂ
"ਘਿਓ ਦਾ ਡੱਬਾ"
ਕਹਿਣ 'ਤੇ ਉਸਨੇ ਚੁੱਕ ਕੇ ਨੱਕ ਨਾਲ ਲਾ ਕੇ ਸੁੰਘਿਆ
ਸੀ ਅਤੇ ਇਸ ਅੰਦਾਜ਼ 'ਚ ਵਾਪਸ ਰੱਖ ਿਦੱਤਾ ਸੀ ਜਿਵੇਂ ਉਸਨੂੰ ਸੱਚਮੁੱਚ ਦੇਸੀ ਘਿਓ ਦੀ ਮਹਿਕ ਆਈ ਹੋਵੇ!
ਪੁਲਸ ਅਫਸਰ ਲਈ ਮਾਮਲਾ ਖਤਮ ਨਾ ਹੋਇਆ ਅਤੇ
ਲੰਮੀ ਪੁੱਛ-ਗਿੱਛ ਦਾ ਸਿਲਸਲਾ ਸ਼ੁਰੂ ਹੋ ਗਿਆ। ਸਾਨੂੰ ਰਿਕਸ਼ੇ 'ਤੇ ਜਾਂਦਿਆਂ ਨੂੰ ਰਾਤ ਦੇ ਡੇਢ ਵਜੇ ਘੇਰ ਕੇ
ਨਾਕੇ 'ਤੇ ਤਾਇਨਾਤ ਅਫਸਰ ਮੂਹਰੇ ਹਾਜ਼ਰ ਕੀਤਾ ਗਿਆ ਸੀ।ਲੁਧਿਆਣੇ ਦੇ
ਸਿਨਮਿਆਂ 'ਚ ਫਿਲਮਾਂ ਦੇ ਆਖਰੀ ਸ਼ੋਅ ਕਦੋਂ ਦੇ ਖਤਮ ਹੋ ਚੁੱਕੇ ਸਨ। ਸਿਨਮਿਆਂ 'ਚ ਅਤੇ ਸੜਕਾਂ 'ਤੇ ਸੁੰਨਮਸਾਨ ਸੀ। ਕਿਸੇ ਫਿਲਮ ਦੇ ਦਰਸ਼ਕ ਹੋਣ ਦਾ ਬਹਾਨਾ ਵੀ ਹੁਣ ਬੇਅਰਥ ਹੋ ਚੁੱਕਿਆ
ਸੀ। ਇਸ ਵੇਲੇ ਕੱਲੇ ਕਹਿਰੇ ਰਿਕਸ਼ੇ ਦਾ ਕੋਈ ਵੀ ਸਵਾਰ ਵਿਸ਼ੇਸ਼ ਧਿਆਨ ਖਿੱਚਦਾ ਸੀ। ਅੱਧੀ ਰਾਤ ਪਿੱਛੋਂ ਸਾਡੀ ਸੜਕ 'ਤੇ ਇਉਂ ਮੌਜੂਦਗੀ ਸ਼ੱਕ ਦੇ ਸੁਭਾਵਕ ਘੇਰੇ 'ਚ ਸੀ।
ਸਾਡੇ ਦੋਹਾਂ ਤੋਂ ਇਲਾਵਾ ਰਿਕਸ਼ੇ ਵਾਲੇ ਤੋਂ
ਵੀ ਪੁੱਛਗਿੱਛ ਹੋ ਰਹੀ ਸੀ।ਅਫਸਰ ਨੇ ਉਸਦੇ ਦੋ
ਪੋਲੀਆਂ-ਪੋਲੀਆਂ ਡਾਂਗਾਂ ਵੀ ਜੜ ਦਿੱਤੀਆਂ ਸਨ। ਸੂਚਨਾ ਦਾ ਇਹ ਤੀਸਰਾ ਸਰੋਤ ਸਾਡੇ ਅਗਾਊਂ ਘੜੇ ਹੋਏ ਅਤੇ ਤੁਰਤ-ਫੁਰਤ ਘੜੇ ਜਾ
ਰਹੇ ਜਵਾਬਾਂ ਨੂੰ ਮੁੜ-ਮੁੜ ਸ਼ੱਕੀ ਬਣਾਈ ਜਾ ਰਿਹਾ
ਸੀ।ਅਸੀਂ ਸੀ.ਟੀ.ਆਈ. ਦੇ ਵਿਦਿਆਰਥੀ ਹੋਣ ਦਾ ਨਕਲੀ ਦਾਅਵਾ ਕੀਤਾ ਸੀ ਅਤੇ ਦੱਸਿਆ ਸੀ ਕਿ ਅਸੀਂ ਜਨਤਾ ਨਗਰ ਤੋਂ ਰਿਕਸ਼ਾ ਲੈ
ਕੇ ਚੱਲੇ ਹਾਂ। ਪਰ ਇਹ ਗੱਲ
ਲਗਭਗ ਨਸ਼ਰ ਹੋ ਗਈ ਕਿ ਅਸੀ ਇੰਜੀਨੀਅਰਿੰਗ ਕਾਲਜ ਨੇੜਿਓਂ ਲੰਘਦੀ ਨਹਿਰ ਕੋਲੋਂ ਰਿਕਸ਼ਾ ਲਿਆ ਸੀ।ਪੁਲਸ ਅਫਸਰ ਨੂੰ ਦਾਲ 'ਚ ਕਾਲਾ ਕਾਲਾ ਦਿਖਾਈ ਦਿੱਤਾ ਸੀ ਕਿਉਂਕਿ ਅਸੀਂ ਆਮ ਨਾਲੋਂ ਕਾਫੀ ਮਹਿੰਗੇ ਭਾਅ ਰਿਕਸ਼ਾ ਲਿਆ ਸੀ।ਰਿਕਸ਼ੇ ਵਾਲੇ ਨੇ ਇਹ ਵੀ ਦੱਸ ਦਿੱਤਾ ਸੀ ਕਿ ਅਸੀਂ ਉਸਨੂੰ ਤੇਜੀ ਨਾਲ ਰਿਕਸ਼ਾ
ਚਲਾਉਣ ਲਈ ਕਹਿੰਦੇ ਆਏ ਸਾਂ ਅਤੇ "ਇੱਧਰੋਂ ਨਹੀਂ ੳੁਧਰੋਂਂ ਚੱਲ" ਵਰਗੀਆਂ ਹਦਾਇਤਾਂ ਕਰਦੇ ਆਏ ਸਾਂ। ਪੁਲਸ ਅਫਸਰ ਦੇ
ਸ਼ੱਕ ਦੀ ਸੂਈ ਇਸ ਗੱਲ 'ਤੇ ਅਟਕੀ ਹੋਈ ਸੀ ਕਿ ਅਸੀਂ ਕਿਸੇ ਵਜ੍ਹਾ ਕਰਕੇ ਤਟ ਫਟ ਰਿਕਸ਼ਾ ਲੈ ਕੇ ਖਿਸਕਣ ਦੀ ਕੋਸ਼ਿਸ਼ ਕੀਤੀ ਹੈ।ਉਹ ਇਸ ਵਜ੍ਹਾ ਬਾਰੇ
ਕਿਆਫੇ ਲਾਈ ਜਾ ਰਿਹਾ ਸੀ।ਸ਼ਾਇਦ ਕੁੜੀਆਂ ਨਾਲ ਮੌਜ ਮੇਲੇ ਜਾਂ ਪਰੇਸ਼ਾਨ ਕਰਨ ਦਾ ਕੋਈ ਮਾਮਲਾ ਹੈ, ਕਿਸੇ ਨਾਲ ਕੋਈ ਝਗੜਾ ਹੋਇਆ ਹੈ ਜਾਂ ਕਿਸੇ ਹੋਰ ਵਰਜਤ ਕਾਰਵਾਈ'ਚ ਸਾਡੀ
ਹਿੱਸੇਦਾਰੀ ਹੈ।"ਕੱਪੜਿਆਂ ਦੀ ਤਲਾਸ਼ੀ ਲਓ, ਕੋਈ ਚਾਕੂ ਵਗੈਰਾ ਨਾ ਰੱਖਿਆ ਹੋਵੇ"; ਉਸਨੇ ਸਿਪਾਹੀਆਂ ਨੂੰ ਹਦਾਇਤ ਕੀਤੀ। ਹਰਮਿੰਦਰ ਨੇ ਕੁਝ ਇਸ਼ਤਿਹਾਰ ਤਹਿਆਂ ਲਾ ਕੇ ਪਹਿਨੇ ਹੋਏ ਕੱਪੜਿਆਂ
ਦੇ ਅੰਦਰ ਵੀ ਚੰਗੀ ਤਰ੍ਹਾਂ ਛਿਪਾਏ ਹੋਏ ਸਨ।
ਦਿਲਾਂ ਨੇ ਧੱਕ ਧੱਕ ਕੀਤੀ, ਪਰ ਇਸ ਤਲਾਸ਼ੀ 'ਚੋਂ ਵੀ ਪੁਲਸੀਆਂ ਦੇ ਕੁਝ ਹੱਥ ਨਾ ਆਇਆ।ਕੁਝ ਹਰਮਿੰਦਰ ਦੀ ਚੌਕਸੀ ਅਤੇ
ਹੁਸ਼ਿਆਰੀ ਕਰਕੇ,ਕੁਝ ਇਸ ਵਜ੍ਹਾ ਕਰਕੇ ਕਿ ਪੁਲਸੀਆਂ ਦਾ ਧਿਆਨ ਚਾਕੂ ਜਾਂ ਕਿਸੇ ਹੋਰ
ਹਥਿਆਰ ਦੀ ਟੋਹ ਲਾਉਣ 'ਤੇ ਕੇਂਦਰਤ ਰਿਹਾ।
ਪੁੱਛਗਿੱਛ ਉਤਰਾਵਾਂ ਚੜ੍ਹਾਵਾਂ ਭਰੀ ਸੀ।ਪੁਲਸ
ਅਫਸਰ ਦੇ ਸ਼ੱਕ ਕਦੇ ਗੂੜ੍ਹੇ ਹੋ ਜਾਂਦੇ, ਕਦੇ ਮੱਧਮ ਪੈਣ
ਲੱਗ ਜਾਂਦੇ। ਅਸੀਂ ਦੋਵੇਂ ਇੱਕ ਦੂਜੇ ਨਾਲ ਸੁਰ ਮੇਲਕੇ ਚੱਲਣ ਦੀ ਔਖੀ ਕੋਸ਼ਿਸ਼ ਕਰ ਰਹੇ ਸਾਂ, ਰਿਕਸ਼ੇ ਵਾਲੇ ਦੇ ਬਿਆਨਾਂ ਨੂੰ ਬੋਚਣ ਦੀ ਕੋਸ਼ਿਸ਼ ਕਰ ਰਹੇ ਸਾਂ ਅਤੇ ਇੱਕ ਦੂਜੇ ਨੂੰ ਸੁਝਾਊ ਇਸ਼ਾਰੇ ਦੇ ਰਹੇ ਸਾਂ।
ਲਾਹੇਵੰਦੀ ਗੱਲ ਇਹ ਸੀ ਕਿ ਅਜੇ ਤੱਕ ਪੁੱਛਗਿੱਛ ਸਾਥੋਂ ਇੱਕਠਿਆਂ ਤੋਂ ਹੋ ਰਹੀ ਸੀ।ਅਸੀਂ ਆਪਸੀ ਸੁਰ ਮੇਲਣ 'ਚ ਕਾਫੀ ਹੱਦ ਤੱਕ ਸਫਲ ਹੋ ਰਹੇ ਸਾਂ।ਸਾਡੀ ਨਕਲੀ ਕਹਾਣੀ ਨਾਲੋ ਨਾਲ ਉੱਸਰਦੀ ਜਾ ਰਹੀ ਸੀ ਅਤੇ ਪੱਕੇ
ਨਕਲੀ ਵੇਰਵੇ ਦੋਹਾਂ ਲਈ ਸਾਂਝੇ ਤੌਰ'ਤੇ ਨਿਸਚਿਤ ਹੋਈ ਜਾ ਰਹੇ ਸਨ।ਸਾਨੂੰ ਲੱਗਣ ਲੱਗ ਪਿਆ ਸੀ ਕਿ ਜੇ ਇਸ਼ਤਿਹਾਰਾਂ ਦਾ ਭੇਤ ਨਹੀਂ ਖੁਲ੍ਹਦਾ
ਤਾ ਵੱਖ ਵੱਖ ਪੁੱਛਗਿੱਛ ਵੀ ਏਨੀ ਚਿੰਤਾ ਦਾ ਮਾਮਲਾ ਨਹੀਂ ਹੈ।ਤਸੱਲੀ ਕਰਾਕੇ ਬਚ ਨਿਕਲਣ ਦੀ ਕੋਸ਼ਿਸ਼ ਜਾਰੀ ਸੀ ਅਤੇ ਉਮੀਦ ਕਾਇਮ
ਸੀ।
ਕੁਝ ਫਾਇਦਾ ਰਿਕਸ਼ੇ ਵਾਲੇ ਦੇ ਹਿੰਦੀ ਭਾਸ਼ੀ
ਹੋਣ ਅਤੇ ਘਬਰਾਹਟ 'ਚ ਅੱਲ ਪਟੱਲ ਗੱਲਾਂ ਕਰਨ ਦਾ ਵੀ ਹੋਇਆ।ਅਸੀਂ ਜ਼ੋਰ ਦੇਣ ਲੱਗ ਪਏ ਕਿ
ਉਸਦੇ ਸਾਡੇ ਨਾਲੋਂ ਪਾਟਵੇਂ ਬਿਆਨਾਂ ਦੀ ਵਜ੍ਹਾ ਭਾਸ਼ਾ ਕਰਕੇ ਗੱਲ ਸਮਝਣ ਦੀ ਦਿੱਕਤ ਹੈ, ਨਵਾਂ ਨਵਾਂ ਪੰਜਾਬ ਆਇਆ ਹੈ, ਸ਼ਹਿਰ ਦਾ ਭੇਤੀ ਨਹੀਂ ਹੈ, ਘਬਰਾਕੇ ਫਜ਼ੂਲ ਭਕਾਈ ਮਾਰੀ ਜਾ ਰਿਹਾ ਹੈ।ਕਦੇ ਸੰਗੀਤ ਸਿਨਮੇ ਦਾ, ਕਦੇ ਨਹਿਰ ਦਾ ਨਾਂ ਲੈਂਦਾ ਹੈ। ਅਸਲ 'ਚ ਇਹ ਸੰਗੀਤ ਸਿਨਮੇਂ ਕੋਲੋਂ ਆ ਕੇ ਗਿੱਲ ਰੋਡ ਚੜ੍ਹ ਕੇ ਨਹਿਰ ਵੱਲ ਜਾ ਰਿਹਾ ਸੀ, ਜਿੱਥੇ ਰਿਕਸ਼ੇ ਖੜ੍ਹਦੇ ਹਨ। ਸਾਨੂੰ ਇਹ ਜਨਤਾ ਨਗਰ ਕੋਲ ਹੀ ਟੱਕਰਿਆ ਹੈ। ਪੁੱਛੋ ਤਾਂ, ਇਹਨੂੰ ਪਤਾ ਹੀ ਨਹੀਂ ਕਿ ਇਸ ਸੜਕ 'ਤੇ ਕੋਈ ਜਨਤਾ ਨਗਰ ਜਾਂ ਸੀ.ਟੀ.ਆਈ. ਵੀ ਹੈ। ਇਹਦੀ ਗੱਲ ਨਾਲ ਐਵੇਂ ਘਚੋਲਾ ਪਈ ਜਾ ਰਿਹਾ ਹੈ।
ਅਸੀਂ ਗੰਭੀਰ ਅਤੇ ਪੜ੍ਹਾਕੂ ਵਿਦਿਆਰਥੀ ਹੋਣ ਦਾ ਜ਼ੋਰਦਾਰ ਦਾਅਵਾ ਕੀਤਾ ਅਤੇ ਬੇਨਤੀ ਕੀਤੀ ਕਿ
ਸਾਡੀ ਸ਼ਨਾਖਤ ਦੀ ਪੁਸ਼ਟੀ ਲਈ ਸੀ.ਟੀ.ਆਈ. ਦੇ
ਪ੍ਰਿੰਸੀਪਲ ਨਾਲ ਸੰਪਰਕ ਕੀਤਾ ਜਾਵੇ। ਅਸੀਂ ਆਪਣੇ ਇਸ ਬਿਆਨ 'ਤੇ ਪੱਕੇ ਰਹੇ ਕਿ ਅਸੀਂ ਹਰਮਿੰਦਰ ਦੀ ਮਾਸੀ
ਦੇ ਘਰ ਜਾ ਰਹੇ ਹਾਂ। ਉਸਨੇ ਹਰਮਿੰਦਰ ਦੀ ਭੈਣ ਦੇ ਵਿਆਹ ਲਈ ਕੱਪੜੇ 'ਤੇ ਹੋਰ ਵਸਤਾਂ ਖਰੀਦ ਕੇ ਰੱਖੀਆਂ ਹੋਈਆਂ ਹਨ। ਉਹ ਲੈ ਕੇ ਸੁਵਖਤੇ ਹਰਮਿੰਦਰ ਦੇ ਪਿੰਡ ਨੂੰ ਚੱਲਣਾ ਹੈ। ਦਿਨ ਦੇ ਦਿਨ ਵਾਪਸ ਮੁੜ
ਕੇ ਆਉਣਾ ਹੈ। ਅਗਲੇ ਦਿਨ ਟੈਸਟ ਦੇਣਾ ਹੈ। ਹੁਣ
ਅੱਧੀ ਰਾਤ ਤੋਂ ਪਿੱਛੋਂ ਤੁਰਨ ਦੀ ਵਜ੍ਹਾ ਵੀ ਇਹੋ ਹੈ ਕਿ ਟੈਸਟ ਦੀ ਤਿਆਰੀ ਹੋਸਟਲ ਦੇ ਕਮਰੇ'ਚ ਹੀ ਮੁਕਾ ਕੇ ਤੁਰਿਆ ਜਾਵੇ ਕਿਉਂਕਿ ਪਿੱਛੋਂ ਤਾਂ ਸਮਾਂ ਮਿਲਣਾ ਹੀ ਨਹੀਂ।
ਨਕਲੀ ਮਾਸੀ ਦੇ ਘਰ ਦਾ ਨਕਲੀ ਪਤਾ ਅਸੀਂ ਵਾਰ ਵਾਰ ਦੁਹਰਾਉਂਦੇ ਰਹੇ। ਹਰਮਿੰਦਰ ਨੇ ਸ਼ੁਰੂ 'ਚ ਹੀ ਪੈਂਦੀ ਸੱਟੇ ਜਵਾਬ ਦਿੱਤਾ ਸੀ, "ਕੋਠੀ ਨੰ. 419"। ਮਗਰੋਂ ਮੈਂ ਹਰਮਿੰਦਰ ਨੂੰ ਪੁੱਛਿਆ, "ਤੈਨੂੰ 419 ਹੀ ਕਿਉਂ ਔੜਿਆ?" "ਅਸੀਂ ਪੁਲਸੀਆਂ ਨਾਲ ਚਾਰ ਸੌ ਵੀਹ ਦੇ ਅਜੇ ਪੂਰੇ ਖਿਡਾਰੀ ਨਹੀਂ ਬਣੇ, ਇਸ ਕਰਕੇ ਇਕ ਅੰਕ ਘਟਾ ਦਿੱਤਾ"।ਉਹ ਮਜ਼ਾਕ ਦਾ ਲੁਤਫ ਲੈ ਰਿਹਾ ਸੀ। ਫਿਰ ਗੰਭੀਰ ਹੋ ਕੇ ਬੋਲਿਆ,
"ਤੁਰਤ ਫੁਰਤ ਜੋ ਤੁੱਕਾ ਲਾਇਆ ਗਿਆ, ਲਾ ਦਿੱਤਾ"।
ਅਸੀਂ ਮੁੜ ਮੁੜ ਕਹਿਣ ਲੱਗ ਪਏ ਕਿ ਸਾਡੇ ਨਾਲ ਚੱਲ ਕੇ "ਮਾਸੀ ਦੇ ਘਰ"
ਬਾਰੇ ਸਾਡਾ ਦਾਅਵਾ ਪਰਖ ਲਿਆ ਜਾਵੇ। ਪਿੱਛੋਂ ਹਰਮਿੰਦਰ ਨੇ ਆਪਣੇ ਮਨ ਦੀ ਗੱਲ ਦੱਸੀ, "ਮੈਂ ਸੋਚਿਆ, ਨਾਕਾ ਛੱਡ ਕੇ ਸਾਰੇ ਤਾਂ ਆਪਣੇ ਨਾਲ ਜਾਣੋ
ਰਹੇ, ਦੋ-ਤਿੰਨ ਸਿਪਾਹੀਆਂ ਦੀ ਆਪਾਂ ਕੀ ਪਰਵਾਹ
ਕਰਦੇ ਹਾਂ, ਮੌਕਾ ਵੇਖ ਕੇ ਪੱਤੇ-ਲੀਹ ਹੋ ਜਾਵਾਂਗੇ, ਜਾਂ ਕੋਈ ਸੌਦੇਬਾਜੀ ਕਰਨ ਦੀ ਕੋਸ਼ਿਸ਼ ਕਰਾਂਗੇ"।
ਪੁਲਸ ਅਫਸਰ ਵੱਲੋਂ ਸਾਡੀ "ਬੇਨਤੀ" ਦਾ ਜਵਾਬ ਕੁਝ ਧਰਵਾਸ ਦੇਣ ਵਾਲਾ ਸੀ, "ਤੁਹਾਡੇ ਪਿਓ ਦੇ ਨੌਕਰ ਨਹੀਂ ਕਿ ਨਾਲ ਨਾਲ ਘਰਾਂ ਤੱਕ ਤੁਰੇ ਫਿਰੀਏ"। ਇਹ ਸੰਕੇਤ ਸੀ ਕਿ ਕੁਝ 'ਖਤਰਨਾਕ' ਨਜ਼ਰ ਨਾ ਆਉਣ ਕਰਕੇ ਅਸਲ ਗੱਲ ਦਾ ਪਤਾ ਲਾਉਣ 'ਚ ਉਸਦੀ ਦਿਲਚਸਪੀ ਮੱਧਮ ਪੈ ਰਹੀ ਹੈ ਅਤੇ ਪੁੱਛਗਿਛ ਦਾ ਅਕੇਵਾਂ ਚੜ੍ਹਨਾ ਸ਼ੁਰੂ ਹੋ ਚੁੱਕਿਆ ਹੈ। ਮੈਨੂੰ ਲੱਗਿਆ
ਉਸਦੇ ਸ਼ਬਦ ਸਰਕਾਰ ਨੂੰ ਸੰਬੋਧਤ ਹਨ, ਜਿਵੇਂ ਕਹਿ ਰਿਹਾ ਹੋਵੇ "ਸਾਥੋਂ ਰਾਤਾਂ
ਨੂੰ ਇਹੋ ਜਿਹੀਆਂ ਫਜੂਲ ਪੜਤਾਲਾਂ ਦੀ ਖੇਚਲ ਨਹੀਂ ਕੀਤੀ ਜਾਂਦੀ"! ਐਵੇਂ ਰੂੰਘੇ 'ਚ ਪੁਲਸੀਆਂ ਹੱਥ ਆਏ 'ਸ਼ਿਕਾਰ' ਦੇ ਬਚ ਨਿਕਲਣ ਦੀ ਸੰਭਾਵਨਾ ਰੌਸ਼ਨ ਹੁੰਦੀ ਨਜ਼ਰ ਆ ਰਹੀ ਸੀ। ਅਸੀਂ ਹੌਂਸਲੇ 'ਚ ਹੋ ਕੇ "419 ਨੰਬਰ" ਦੇ
ਤੁੱਕੇ ਨੂੰ ਤੀਰ ਬਣਾਉਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ।"ਨਹੀਂ
ਸਰ! ਤੁਸੀਂ ਪੜਤਾਲ ਜਰੂਰ ਕਰੋ, ਜੇ ਸਾਨੂੰ ਨਹੀਂ ਲੈ ਕੇ ਜਾਣਾ, ਘੱਟੋ ਘੱਟ ਇੱਕ ਸਿਪਾਹੀ ਸਾਡੀ ਮਾਸੀ ਦੇ ਘਰ ਭੇਜ ਦਿਓ"।
ਇਹ 'ਜਾਇਜ਼ਾ' ਬਣ ਜਾਣ 'ਤੇ ਕਿ ਅਸੀਂ ਕੋਈ ਵਾਰਦਾਤੀਏ ਨਹੀਂ ਹਾਂ, ਪੁਲਸ ਅਫਸਰ ਨੇ ਸਾਨੂੰ ਰਿਕਸ਼ੇ ਸਮੇਤ "ਮਾਸੀ ਦੇ ਘਰ" ਵੱਲ ਤੋਰ ਦਿੱਤਾ! ਕੁਝ ਦੂਰ
ਜਾ ਕੇ ਅਸੀਂ ਪੈਸੇ ਦੇ ਕੇ ਰਿਕਸ਼ੇ ਵਾਲੇ ਤੋਂ ਅਲੱਗ ਹੋ ਗਏ। ਇਸ਼ਤਿਹਾਰ ਲਾਉਣ ਵਾਲੀਆਂ ਥਾਵਾਂ ਵੱਲ ਨੂੰ ਜਾਂਦਾ ਕੋਈ ਹਟਵਾਂ ਰਸਤਾ ਤਲਾਸ਼ਦਿਆਂ ਅਸੀਂ
ਉਲਝ ਗਏ ਅਤੇ ਹਰਮਿੰਦਰ ਨੇ "ਜਿੰਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ" ਦੀ ਸੁਰ ਛੇੜ ਦਿੱਤੀ।
ਇਸ਼ਤਿਹਾਰ ਲਾਉਣ ਲਈ ਮਿਥਿਆ ਸਮਾਂ ਉਲਝਣਾਂ ਦੇ ਲੇਖੇ ਲੱਗ ਗਿਆ ਸੀ।ਸਮਾਂ ਲੰਘ
ਜਾਣ 'ਤੇ ਇਸ਼ਤਿਹਾਰ ਲਾਉਣਾ ਤਹਿ ਹੋਏ ਨੇਮ ਦੀ ਉਲੰਘਣਾ ਹੋਣੀ ਸੀ।ਮੇਰੀ ਬੋਲ-ਚਾਲ ਅਤੇ ਉਚਾਰਣ
ਦੀ ਨਕਲ ਲਾਹੁੰਦਿਆਂ ਹਰਮਿੰਦਰ ਨੇ ਮਜ਼ਾਕ ਰੰਗਿਆ ਸੁਝਾਅ ਪੇਸ਼ ਕੀਤਾ "ਜਸਪਾਲ! ਹੁਣ ਐਂ ਕਰੀਏ, ਬੈਗ 'ਚੋਂ ਲੇਵੀ ਕੱਢੀਏ, ਕੱਪੜਿਆਂ ਆਲ਼ੇ ਤਾਂ ਏਥੀ ਆਲ਼ੇ-ਦਾਲ਼ੇ ਜੜ ਦਿੰਨੇ ਆਂ,ਬਾਕੀ ਕਲ੍ਹ ਦੇਖਾਂਗੇ "।ਉਹ ਮੈਨੂੰ ਛੇੜਨ ਲਈ "ਐਂ", "ਏਥੀ", "ਆਲ਼ੇ", "ਆਲ਼ੇ-ਦਾਲ਼ੇ", "ਦੇਖਾਂਗੇ" ਵਰਗੇ ਸ਼ਬਦਾਂ 'ਤੇ ਜਾਣ ਬੁੱਝਕੇ ਬਲ ਦੇ ਕੇ ਬੋਲਿਆ ਸੀ।
ਵਾਪਸ ਪਰਤਣ 'ਤੇ ਉਸਨੇ ਦੱਸਿਆ, "ਮੈਂ ਸੋਚਦਾ ਰਿਹਾ
ਭੇਤ ਖੁੱਲ੍ਹੇ ਤੋਂ ਜਸਪਾਲ ਦਾ ਬਚਾਅ ਕਿਵੇਂ ਹੋਵੇ,
ਸਾਰੀ ਗੱਲ ਆਪਣੇ ਸਿਰ ਕਿਵੇਂ ਲਵਾਂ,ਤੈਨੂੰ ਤੱਤੀ ਵਾਅ ਕਿਉਂ ਲੱਗੇ ਮਿੱਤਰਾ! "।
ਕੁਝ ਦਿਨ ਬਾਅਦ ਖਬਰ ਮਿਲੀ ਸੀ ਕਿ ਮਾਝੇ 'ਚ ਦੋ ਜਣੇ ਉਹੀ ਐਮਰਜੈਂਸੀ ਵਿਰੋਧੀ ਇਸ਼ਤਿਹਾਰ ਲਾਉਂਦਿਆਂ ਫੜੇ ਗਏ ਸਨ ਜਿਹੜਾ
ਇਸ਼ਤਿਹਾਰ ਅਸੀਂ ਲਾਉਣ ਨਿਕਲੇ ਸਾਂ।
ਉਹਨਾਂ ਨੂੰ ਅਮ੍ਰਿਤਸਰ (ਇੰਟੈਰੋਗੇਸ਼ਨ ਸੈਂਟਰ) ਭੇਜਿਆ ਗਿਆ ਸੀ। ਹਰਮਿੰਦਰ ਦਾ ਪ੍ਰਤੀਕਰਮ ਸੀ, " ਆਪਾਂ ਨੂੰ ਤਾਂ ਟਿਕਟ ਮਿਲਦੀ ਮਿਲਦੀ ਰਹਿਗੀ। ਚਲੋ, ਕਦੇ ਫੇਰ ਵਾਰੀ ਮਿਲੂ"।
ਕਈ ਦਿਨ ਅਸੀਂ ਪੁਲਸ ਅਫਸਰ ਦੀ ਦੁਚਿੱਤੀ ਦੀਆਂ
ਝਲਕਾਂ ਚਿਤਾਰਕੇ ਹਸਦੇ ਰਹੇ।
ਹਰਮਿੰਦਰ ਉਸੇ ਦੇ ਅੰਦਾਜ 'ਚ ਦੁਹਰਾਉਂਦਾ, " ਬੇਵਕਤੇ ਉੱਠਕੇ ਤੁਰ ਪੈਂਦੇ ਨੇ, ਕੋਲੋਂ ਕੁਝ ਨਿਕਲਦਾ ਨੀਂ। ਗਲਤ ਬਿਆਨੀਆਂ 'ਚ ਉਲਝ ਜਾਂਦੇ ਨੇ। ਨਾ ਅੰਦਰ ਕਰਨ ਜੋਗੇ ਨਾ ਛੱਡਣ ਜੋਗੇ"।ਉਸਦੀ ਟਿੱਪਣੀ ਸੀ, "ਇਸ ਬੰਦੇ ਨੂੰ ਅਜੇ ਪੂਰਾ ਪੁਲਸੀ ਰੰਗ ਨਹੀਂ ਚੜ੍ਹਿਆ ਲਗਦਾ। ਇਹਦੀ ਜ਼ਮੀਰ ਗੋਤੇ ਖਾਂਦੀ ਐ।ਬੇਇਨਸਾਫੀ ਨਹੀਂ ਸੀ ਕਰਨਾ ਚਾਹੁੰਦਾ।
ਨਹੀਂ ਤਾਂ ਤੌਣੀ ਲਵਾਉਂਦਾ, ਥਾਣੇ ਡੱਕ ਦਿੰਦਾ, ਵਾਰਸਾਂ ਨੂੰ ਸੱਦ ਕੇ ਮੋਟੀ ਵਸੂਲੀ ਕਰਨ ਬਾਰੇ ਸੋਚਦਾ।ਗਾਲਾਂ ਵੀ ਕੱਢ ਰਿਹਾ ਸੀ,ਧਮਕੀਆਂ ਵੀ ਦੇਈ ਜਾਂਦਾ ਸੀ ਤਾਂ ਵੀ ਇਉਂ ਗੱਲ 'ਚ ਪੈ ਗਿਆ ਜਿਵੇਂ ਕਿਸੇ ਡੈਪੂਟੇਸ਼ਨ ਨਾਲ ਗੱਲ ਕਰਦਾ ਹੋਵੇ"।
………………………………………………………………………
ਐਮਰਜੈਂਸੀ ਵਿਰੋਧੀ ਜਨਤਕ ਟਾਕਰਾ ਮੁਹਿੰਮ ਦੇ
ਪਹਿਲੇ ਗੇੜ ਮਗਰੋਂ ਪੀ.ਐਸ.ਯੂ. ਨੇ ਫੈਸਲਾ ਕਰ ਲਿਆ ਸੀ ਕਿ ਵਰੰਟਡ ਆਗੂ ਤੇ ਵਰਕਰ ਅਦਾਲਤੀ ਕੇਸਾਂ ਦੀਆਂ ਪੇਸ਼ੀਆਂ ਤੋਂ ਗੈਰ
ਹਾਜ਼ਰ ਨਹੀਂ ਹੋਣਗੇ ਅਤੇ ਗ੍ਰਿਫਤਾਰੀਆਂ, ਤਸ਼ੱਦਦ ਅਤੇ ਜੇਲ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ
ਕੇ ਤਰੀਕਾਂ ਤੇ ਜਾਣਗੇ।ਪਿਰਥੀਪਾਲ ਰੰਧਾਵਾ ਨੂੰ
ਗ੍ਰਿਫਤਾਰੀ ਪਿੱਛੋਂ ਅੰਮ੍ਰਿਤਸਰ ਤਸੀਹਾ ਕੇਂਦਰ 'ਚ ਲਿਜਾ ਕੇ ਤਸ਼ੱਦਦ ਕੀਤਾ ਗਿਆ ਸੀ। ਉਸਨੂੰ
ਮੀਸਾ ਅਧੀਨ ਨਜ਼ਰਬੰਦ ਕਰ ਦਿੱਤਾ ਗਿਆ। ਪਹਿਲਾਂ ਪੀ.ਐਸ.ਯੂ. ਦੇ ਸੂਬਾ ਕਮੇਟੀ ਮੈਂਬਰ ਵਜੋਂ ਅਤੇ ਫੇਰ ਐਕਟਿੰਗ ਜਨਰਲ
ਸਕੱਤਰ ਵਜੋਂ ਜੁੰਮੇਵਾਰੀ ਨਿਭਾਉਂਦਿਆਂ ਮੈਨੂੰ ਪਿਰਥੀ
ਨਾਲ ਰਾਬਤੇ ਅਤੇ ਰਾਇ-ਮਸ਼ਵਰੇ ਦੀ ਜਰੂਰਤ ਰਹਿੰਦੀ ਸੀ।
ਜਿਹੜੀ ਪੁਲਸ ਗਾਰਦ ਪਿਰਥੀ ਨੂੰ ਜੇਲ੍ਹ ਤੋਂ
ਅਦਾਲਤ ਤੱਕ ਪੇਸ਼ੀ ’ਤੇ ਲੈ ਕੇ ਆਉਂਦੀ ਸੀ, ਉਸਦੇ ਸਿਪਾਹੀ ਅਤੇ ਅਫਸਰ ਪਿਰਥੀ ਦੀ ਸਖਸ਼ੀਅਤ
ਤੋਂ ਕਾਫੀ ਪ੍ਰਭਾਵਤ ਸਨ।ਪਿਰਥੀ ਨੇ ਮੇਰੇ ਨਾਲ ਮੁਲਾਕਾਤਾਂ ਲਈ ਜਿਵੇਂ ਕਿਵੇਂ ਉਹਨਾਂ ਦਾ ਸਹਿਯੋਗ ਹਾਸਲ
ਕਰ ਲਿਆ।ਲੁਧਿਆਣੇ ਅਦਾਲਤੀ ਪੇਸ਼ੀ ਭੁਗਤਣ ਮਗਰੋਂ
ਪਿਰਥੀ ਨੂੰ ਵਾਪਸ ਹੁਸ਼ਿਆਰਪੁਰ ਜੇਲ੍ਹ ਵੱਲ ਲੰਮੇ ਸਫਰ 'ਤੇ ਲਿਜਾ ਰਹੀ ਗੱਡੀ ਰਸਤੇ 'ਚ ਸਾਡੀ ਮੁਲਾਕਾਤੀ ਟੋਲੀ ਕੋਲ ਆ ਕੇ ਰੁਕ ਜਾਂਦੀ।ਪਿਰਥੀ ਹੱਥਕੜੀਆਂ ਸਮੇਤ ਗੱਡੀ ਤੋਂ ਉੱਤਰ ਕੇ ਨੇੜੇ ਆਉਂਦਾ, ਅਧਿਕਾਰੀ ਹਲਕਾ ਜਿਹਾ ਮੁਸਕਰਾਉਂਦੇ , ਹੱਥਕੜੀ ਫੜਕੇ ਖੜ੍ਹੇ ਸਿਪਾਹੀ ਵੱਧ ਤੋਂ ਵੱਧ
ਲਾਂਭੇ ਰਹਿਣ ਦਾ ਯਤਨ ਕਰਦੇ ਅਤੇ ਅਸੀਂ ਸੰਖੇਪ ਜ਼ਰੂਰੀ ਗੱਲਬਾਤ ਕਰ ਲੈਂਦੇ। ਇੱਕ ਮੁਲਾਕਾਤ ਸਮੇਂ
ਹਰਮਿੰਦਰ ਵੀ ਨਾਲ ਸੀ। ਮਗਰੋਂ
ਉਹ ਆਪਣੇ ਰੰਗ ਵਿੱਚ ਆ ਕੇ ਬੋਲਿਆ, "ਲਗਦੈ ਪ੍ਰਧਾਨ
ਗੱਡੀ ''ਚ ਜਾਂਦਾ ਆਉਂਦਾ, ਇਨ੍ਹਾਂ ਨੂੰ ਪੀ.ਐਸ.ਯੂ. ਦਾ ਐਲਾਨਨਾਮਾ
ਪੜ੍ਹਾਉਂਦੈ, ਜਸਪਾਲ ਦਾ ਫਰਜ ਬਣਦੈ, ਉਹਨੂੰ ਕਹੇ "ਤੂੰ ਐਂ ਦੱਸ, ਲੀਡਰ ਪਾੜ੍ਹਿਆਂ ਦੈਂ ਜਾਂ ਜੇਲ੍ਹ "ਆਲ਼ਿਆਂ ਦਾ"।ਉਹਦਾ ਮਿੱਠਾ ਮਜ਼ਾਕ ਕਲਪਨਾ ਦੇ ਖੰਭਾਂ 'ਤੇ ਅੱਗੇ ਤੁਰਦਾ ਗਿਆ "ਜੇ ਪਿਰਥੀ ਨੂੰ ਜੇਲ੍ਹ ਨੂੰ ਹੀ ਬੇਸ ਏਰੀਆ ਬਣਾਉਣ ਦਾ ਲਾਲਚ ਪੈ ਗਿਆ, ਉਹਨੇ ਐਮਰਜੈਂਸੀ ਹਟੀ ਤੋਂ ਵੀ ਬਾਹਰ ਨੀਂ ਆਉਣਾ। ਉਹ
ਤਾਂ ਸਰਾਭੇ ਤੋਂ ਅੱਗੇ ਲੰਘਣ ਨੂੰ ਫਿਰਦੈ, ਸਰਾਭਾ ਜੇਲ੍ਹਾਂ ਨੂੰ ਕਾਲਜ ਕਹਿੰਦਾ ਸੀ!"।
ਫੇਰ ਗੰਭੀਰ ਹੋ ਕੇ ਬੋਲਿਆ, "ਹੋਰ ਗੱਲਾਂ ਦੀਆਂ ਗੱਲਾਂ, ਆਪਣਾ ਪਿਰਥੀ ਤਾਂ
ਜਾਦੂਗਰ ਐ, ਦਲੇਰੀ, ਸਿਆਣਪ, ਸਲੀਕੇ ਦੀ ਮੂਰਤ , ਇਹੋ ਜਿਹੇ ਲੀਡਰ ਨਹੀਂ ਮਿਲਦੇ, ਠਾਹ-ਸੋਟਾ ਤਾਂ ਬਥੇਰੇ ਤੁਰੇ ਫਿਰਦੇ ਨੇ……ਵਰਗੇ"।
…………………………………………………………………………
ਪਹਿਲਾਂ ਪਿਰਥੀ ਅਤੇ ਫੇਰ ਪਾਸ਼ ਦੀ ਸ਼ਹਾਦਤ ਸ਼ਾਇਦ ਸਾਡੇ ਦੋਹਾਂ ਲਈ ਸਭ ਤੋਂ ਵੱਡੇ ਨਿੱਜੀ
ਝੰਜੋੜੇ ਸਨ। ਪਾਸ਼ ਦੀ ਸ਼ਹਾਦਤ ਮਗਰੋਂ ਜਦੋਂ ਉਹ ਭਾਰਤ
ਆਇਆ ਅਸੀਂ ਉਹਦੇ ਪਿੰਡ ਸ਼ੰਕਰ 'ਚ ਮਿਲੇ ਸਾਂ।ਪਾਸ਼ ਬਾਰੇ ਸਾਡੀਆਂ ਗੱਲਾਂ ਮੁੱਕਣ ਦਾ ਨਾਂ ਨਹੀਂ ਸਨ ਲੈ ਰਹੀਆਂ। ਪਾਸ਼ ਦੀ
ਪਿਰਥੀ ਬਾਰੇ ਲਿਖੀ ਕਵਿਤਾ "ਜਿੱਦਣ ਤੂੰ ਪਿਰਥੀ
ਨੂੰ ਜੰਮਿਆ" ਅਸੀਂ ਦੋ ਵਾਰ ਪੜ੍ਹੀ। "ਪਿਰਥੀ ਕਰ ਗਿਆ ਧਰਤੀਆਂ ਅੰਬਰ ਸਾਰੇ ਤੇਰੇ ਨਾਂ" – ਇਸ ਸਤਰ ਦੇ ਹਵਾਲੇ ਨਾਲ ਇਨਕਲਾਬੀ ਜਨਤਕ ਲੀਹ ਦੇ ਸਵਾਲ ਬਾਰੇ ਚਰਚਾ ਸ਼ੁਰੂ ਹੋ ਗਈ। ਹਰਮਿੰਦਰ ਲਈ ਹੁਣ ਵੀ ਉਹੀ ਸੇਧ ਮਹੱਤਵਪੂਰਣ
ਸੀ, ਜਿਸ ਸੇਧ ਨੂੰ ਲਾਗੂ ਕਰਦਿਆਂ ਪੀ.ਐਸ.ਯੂ. ਦੀਆਂ
ਕਰੂੰਬਲਾਂ ਫੁੱਟੀਆਂ ਅਤੇ ਮੌਲ਼ੀਆਂ ਸਨ। ਅਸੀਂ ਸੱਤਰਵਿਆਂ ਦੀ ਪੰਜਾਬ ਦੀ ਇਨਕਲਾਬੀ ਜਨਤਕ ਲਹਿਰ ਦੀ ਚੜ੍ਹਤ ਦੇ ਰਲਕੇ ਮਾਣੇ ਹੁਲਾਰਿਆਂ ਨੂੰ ਯਾਦ ਕਰਦੇ ਰਹੇ।
ਪਾਸ਼ ਬਾਰੇ ਮੇਰੀ ਕਵਿਤਾ ਸੁਣਦਿਆਂ ਉਹ ਇਕ ਸਤਰ
'ਤੇ ਆ ਕੇ ਕਾਫੀ ਭਾਵਕ ਹੋ ਗਿਆ, "ਪਾਸ਼ ਦਾ ਬੁਝਦਾ ਸਿਵਾ ਪੌਣ ਤੋਂ ਪੁੱਛਦਾ ਰਿਹਾ, ਦੱਸ ਮਹਾਂਨਗਰਾਂ 'ਚ ਮਿੱਤਰ ਅੱਜ ਕੀ ਕਰਦੇ ਰਹੇ"।ਉਹਦੇ
ਦਿਲ 'ਚ ਸਾਂਭੇ ਗਿਲੇ ਸੱਜਰੇ ਹੋ ਉੱਠੇ।ਪਾਸ਼ ਨਾਲ ਸਾਂਝੀ ਮਿੱਤਰ ਮੰਡਲੀ 'ਚੋਂ ਇਕ ਨਾਂ ਲੈ ਕੇ ਉਹ ਬੋਲਿਆ, "ਉਹਦੀ ਗੈਰਹਾਜ਼ਰੀ ਤੇ ਚੁੱਪ ਬਹੁਤ ਚੁਭੀ,ਉਹ ਤਾਂ ਜਿੱਦਾਂ ਪਾਸ਼ ਦਾ ਨਾਂ ਵੀ ਭੁੱਲ ਗਿਆ। ੳੁਸਨੂੰ ੳੁਹਨਾ ਤੇ ਸ਼ਿਕਾੲਿਤ ਸੀ ਜਿਹਨਾਂ ਦਾ ਪਾਸ਼ ਨਾਲ
"ਦੋਸਤੀ ਦਾ ਪੰਧ" ੳੁਸਦੀ ਸ਼ਹਾਦਤ ਤੇ ਅਾ ਕੇ ਖਤਮ ਹੋ ਗਿਅਾ।ਜੱਸੀ ਵੀਰਿਆ,ਤੇਰਾ ਦਿਨ ਰਾਤ ਦਾ ਡੇਰਾ ਪਾਸ਼ ਦੇ ਘਰ ਸੀ।ਆਪਣੇ ਜ਼ਫਰਨਾਮੇਂ ਲਈ ਉਹਨੇ ਆਪਣਾ ਘਰ ਅਤੇ ਨਿੱਜੀ ਸੇਵਾਵਾਂ ਅਰਪਣ ਕੀਤੀਆਂ।ਆਪਣੇ ਸੁਭਾਅ
ਦੀਆਂ ਹੱਦਾਂ ਟੱਪਕੇ ਖੇਚਲਾਂ ਕੀਤੀਆਂ।ਤੈਂ ਸੁਚੇਤ
ਕਿਉਂ ਨਾ ਕੀਤਾ?ਆਪਣੇ ਆੜੀ ਦਾ ਘੱਟੋ ਘੱਟ ਕੁਝ "ਯਾਰਾਂ ਨਾਲ ਸੰਵਾਦ" ਇੱਕਤਰਫਾ ਸੀ।ਇਸ ਸੰਵਾਦ ਨੂੰ ਉਹਨਾਂ ਖਾਸ ਯਾਰਾਂ 'ਚੋਂ ਕੀਹਨੇ ਦਿਲੋਂ ਹੁੰਗ੍ਹਾਰਾ ਦਿੱਤਾ? ਜੋ ਆਪਾਂ ਵੇਖ ਰਹੇ ਹਾਂ, ਜੇ ਪਾਸ਼ ਵੇਖਦਾ
ਉਹਦੇ ਦਿਲ 'ਤੇ ਕੀ ਗੁਜ਼ਰਦੀ?"
ਹਰਮਿੰਦਰ ਮੈਗਜ਼ੀਨ ਲਈ ਕਾਫੀ ਸਹਾਇਤਾ ਇਕੱਠੀ
ਕਰਕੇ ਲਿਆਇਆ ਸੀ।"ਜੱਸੀ!
ਕੈਨੇਡਾ 'ਚ ਫੇਰੀ ਲਈ ਆ, ਅਸੀਂ ਸਪਾਂਸਰਸ਼ਿਪ ਭੇਜਾਂਗੇ, ਚੱਪੇ-ਚੱਪੇ 'ਤੇ ਪੀ.ਐਸ.ਯੂ. ਦੇ ਸਾਬਕਾ ਕਾਰਕੁਨ ਬੈਠੇ ਨੇ, ਕੋਈ ਨਾ ਕੋਈ ਹਿੱਸਾ ਪਾਉਣਾ ਚਾਹੁੰਦੇ ਨੇ, ਅੱਜ ਦੀ ਹਾਲਤ ਸਮਝਣਾ ਚਾਹੁੰਦੇ ਨੇ"।ਉਸਨੇ ਆਪਣੀ ਇੱਛਾ ਜ਼ੋਰ ਨਾਲ ਪ੍ਰਗਟ
ਕੀਤੀ । ਮੈਂ ਉਸਨੂੰ ਦੱਸਿਆ ਕਿ
ਲਗਾਤਾਰ ਏਥੇ ਹਾਜ਼ਰੀ ਮੰਗਦੀਆਂ ਸਰਗਰਮੀਆਂ ਅਜਿਹੀ ਫੇਰੀ ਲਈ ਗੁੰਜਾਇਸ਼ ਨਹੀਂ ਦਿੰਦੀਆਂ ।"ਠੀਕ ਐ, ਤੂੰ ਏਥੀ ਡਟਿਆ ਰਹਿ, ਅਸੀਂ ਓਥੋਂ ਹੱਥ ਵਟਾਵਾਂਗੇ "। ਇਸ ਵਾਰ ਵੀ ਉਹ ਸ਼ਬਦ "ਏਥੀ" ਤੇ ਸ਼ਰਾਰਤੀ
ਜ਼ੋਰ ਪਾਉਣ ਤੋਂ ਨਾ ਉੱਕਿਆ।
ਹਰਮਿੰਦਰ ਸਾਰੀ ਜ਼ਿੰਦਗੀ ਇਨਕਲਾਬੀ ਲਹਿਰ ਨਾਲ ਆਪਣੀ ਸਾਂਝ ਨੂੰ ਸੀਨੇ ਨਾਲ ਲਾਕੇ ਤੁਰਦਾ ਰਿਹਾ।
ਝੰਜੋੜੇ ਸਮੇਂ-ਸਮੇਂ ਇਸ ਸਾਂਝ ਦੀ ਖਾਮੋਸ਼ ਧੜਕਣ ਨੂੰ
ਚਸ਼ਮੇ ਵਾਂਗ ਫੁੱਟ ਪੈਣ ਲਈ ਵਾਜ ਮਾਰ ਲੈਂਦੇ ਅਤੇ ਇੰਜੀਨੀਅਰਿੰਗ ਕਾਲਜ ਵੇਲਿਆਂ ਦੇ ਸਾਵੇਂ ਹਰਮਿੰਦਰ ਦੀ ਰੂਹ ਖਿੜਕੇ ਸਾਹਮਣੇ ਆ ਜਾਂਦੀ।
ਹਰਮਿੰਦਰ ਦੇ ਤੁਰ ਜਾਣ ਪਿੱਛੋਂ ਉਸਦੀ ਜੀਵਨ
ਸਾਥਣ ਕੁਲਜਿੰਦਰ ਨਾਲ ਫੋਨ ਗੱਲਬਾਤ ਕੁਝ ਵਕਫੇ ਨਾਲੇ ਹੋਈ । ਇਹ ਫੈਸਲਾ ਮੈਂ ਦਵਿੰਦਰ ਦੇ ਸੁਝਾਅ 'ਤੇ ਕੀਤਾ ਸੀ ਤਾਂ ਜੋ ਫੌਰੀ ਝੰਜੋੜੇ ਦਾ ਦੌਰ ਲੰਘ ਜਾਵੇ ਅਤੇ ਭਾਵਨਾਵਾਂ ਦਾ ਸਹਿਜ ਵਟਾਂਦਰਾ ਹੋ
ਸਕੇ।ਜਦੋਂ ਮੈਂ ਇਸ ਸੋਚੀ
ਸਮਝੀ ਦੇਰੀ ਲਈ ਮਾਫੀ ਮੰਗੀ ਤਾਂ ਕੁਲਜਿੰਦਰ ਦਾ ਜਵਾਬ ਸੀ, "ਨਹੀਂ ਭਾ ਜੀ ਜ਼ਿੰਦਗੀ ਦਾ ਸਾਹਮਣਾ ਕਰਨ 'ਚ ਮੈਂ ਤਕੜੀ ਆਂ।
ਉਸ ਬਾਰੇ ਗੱਲ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਹੈ"।ਕੁਲਜਿੰਦਰ ਦੇ ਮੋਹ ਅਤੇ ਯਾਦਾਂ ਦੀਆਂ ਕਣੀਆਂ ਹਰਮਿੰਦਰ ਦੇ
ਸੀਨੇ 'ਚ ਵਸੀਆਂ ਨਰੋਈਆਂ ਅਗਾਂਹਵਧੂ ਸਮਾਜਕ ਕਦਰਾਂ ਕੀਮਤਾਂ ਦੀ ਗਵਾਹੀ ਭਰ ਰਹੀਆਂ ਸਨ।ਕੁਲਜਿੰਦਰ
ਦਾ ਫਖਰ ਡੁਲ੍ਹ-ਡੁਲ੍ਹ ਪੈ ਰਿਹਾ ਸੀ। ਬਰਾਬਰੀ ਅਤੇ
ਅਪਣੱਤ ਭਰੇ ਗਰਜ ਰਹਿਤ ਰਿਸ਼ਤੇ ਪਾਲ਼ਦੀ ਰੂਹ ਦੇ ਅੰਗ-ਸੰਗ ਜਿਉਣ ਦਾ ਫਖਰ! ਪਿਆਰ ਅਤੇ ਸਤਿਕਾਰ ਦੇ ਰੰਗ 'ਚ ਰੰਗੇ ਆਪਸੀ ਰਿਸ਼ਤੇ ਦਾ ਇਸ਼ਤਿਹਾਰ। ਨਿੱਜੀ ਪਰਿਵਾਰਕ ਰਿਸ਼ਤਿਆਂ 'ਤੇ ਕਿਸੇ ਦੀ ਅਜਿਹੀ ਮੋਹਰ ਛਾਪ ਇਨਕਲਾਬੀ ਲਹਿਰ ਦੇ ਘੇਰੇ ਅੰਦਰ ਵੀ ਆਮ ਨਹੀਂ ਹੈ।
ਹਰਮਿੰਦਰ ਦਾ ਆਖਰੀ ਫੋਨ ਇੱਕ ਵਾਰ ਫਿਰ
ਜਿੰਦਗੀ ਨੂੰ ਧਾਅ ਕੇ ਮਿਲਣ ਦੀ ਜਿਉਂਦੀ ਜਾਗਦੀ ਸੱਧਰ
ਦਾ ਪੈਗਾਮ ਲੈ ਕੇ ਆਇਆ ਸੀ।ਉਸਦੀ ਗੱਲਬਾਤ 'ਚ ਪਾਸ਼ ਦੇ ਬੋਲ਼ਾਂ
ਦੀ ਸੁਗੰਧ ਘੁਲੀ ਲਗਦੀ ਸੀ,"ਮੈਂ ਜ਼ਿੰਦਗੀ 'ਚ ਗਲੇ ਤੀਕ ਡੁੱਬ ਜਾਣਾ ਚਾਹੁੰਦਾ ਸਾਂ"।
ਪਰ ਉਸਦੇ ਅਗਲੇ ਪੈਗਾਮ ਦਾ ਚਿੱਤ-ਚੇਤਾ ਵੀ ਨਹੀਂ ਸੀ:
"ਅਭੀ ਤਿਸ਼ਨਗੀ ਜਵਾਂ ਥੀ
ਮਹਿਫਿਲ ਸੇ ਉਠ ਗਯਾ ਹੂੰ
ਛਲਕਾ ਕਰੂੰਗਾ ਅਕਸਰ
ਕਭੀ ਜਸ਼ਨ ਮੇਂ, ਕਭੀ ਚਸ਼ਮ ਮੇਂ"।
"ਮੇਰੇ ਵੀ ਹਿੱਸੇ ਦਾ ਜੀ ਲੈਣਾ ਮੇਰੀ
ਦੋਸਤ"! ਪਾਸ਼ ਦੀ ਇਹ ਸਤਰ ਵੀ ਹਰਮਿੰਦਰ ਨੂੰ ਬਹੁਤ ਟੁੰਬਦੀ ਸੀ।
ਆਪਣੇ ਹਿੱਸੇ ਦਾ ਜਿਉਣ ਵੀ ਸਾਡੇ ਨਾਂ ਕਰਕੇ
ਉਸਨੇ ਸਦਾ ਲਈ ਵਿਦਾਇਗੀ ਲੈ ਲਈ ਹੈ।ਹਰਮਿੰਦਰ ਦੇ ਹਮਖਿਆਲ ਸਨੇਹੀਆਂ ਨੇ ਹੁਣ ਉਹਦੇ ਹਿੱਸੇ ਦਾ ਜਿਉਣ ਵੀ ਸਾਕਾਰ
ਕਰਨਾ ਹੈ।
No comments:
Post a Comment