Sunday, July 5, 2020

ਰੇਟਿੰਗ ਏਜੰਸੀਆਂ ਰਾਹੀਂ ਬਾਂਹ ਨੂੰ ਮਰੋੜਾ


ਰੇਟਿੰਗ ਏਜੰਸੀਆਂ ਰਾਹੀਂ ਬਾਂਹ ਨੂੰ ਮਰੋੜਾ

ਬੀਤੇ ਦਿਨੀਂ ਮੂਡੀਜ਼ ਨਾਂ ਦੀ ਰੇਟਿੰਗ ਏਜੰਸੀ ਨੇ ਭਾਰਤ ਦੀ ਰੈਂਕਿੰਗ ਇੱਕ ਦਰਜਾ ਘਟਾ ਕੇ ਜੰਕ ਰੇਟਿੰਗ ਤੋਂ ਸਿਰਫ਼ ਇੱਕ ਦਰਜਾ ਉੱਪਰ ਤੱਕ ਲੈ ਆਂਦੀ ਹੈ।ਮੁਲਕ ਵਿੱਚ ਹੁੰਦੇ ਸਾਮਰਾਜੀ ਪੂੰਜੀ ਦੇ ਨਿਵੇਸ਼ ਦੇ ਨੁਕਤਾ ਨਜ਼ਰ ਤੋਂ ਇਹ ਸਭ ਤੋਂ ਹੇਠਲੀ ਰੇਟਿੰਗ ਹੈ। ਹਾਕਮ ਜਮਾਤਾਂ ਅੰਦਰ ਇਹ ਗੰਭੀਰ ਚਰਚਾ ਅਤੇ ਸਰੋਕਾਰ ਦਾ ਵਿਸ਼ਾ ਹੈ।।ਇਸ ਤੋਂ ਪਹਿਲਾਂ ਸਟੈਂਡਰਡ ਐਂਡ ਪੂਅਰ, ਕਿ੍ਰਸਿਲ ਅਤੇ ਫਿੱਚ ਵਰਗੀਆਂ ਰੇਟਿੰਗ ਏਜੰਸੀਆਂ ਮੌਜੂਦਾ ਵਿੱਤੀ ਵਰੇ ਅੰਦਰ ਭਾਰਤੀ ਅਰਥਚਾਰੇ ਦੇ ਪੰਜ ਫੀਸਦੀ ਤੱਕ ਸੁੰਗੜਨ ਦੀ ਪੇਸ਼ੀਨਗੋਈ ਕਰ ਚੁੱਕੀਆਂ ਹਨ ਅਤੇ ਇਸ ਉੱਪਰ ਆਪਣੀ ਨਾਖੁਸ਼ੀ ਜਾਹਰ ਕਰ ਚੁੱਕੀਆਂ ਹਨ। ਇਸ ਰੈਂਕਿੰਗ ਦੇ ਘਟਣ ਦਾ ਇੱਕ ਅਰਥ ਇਹ ਬਣਦਾ ਹੈ ਕਿ ਭਾਰਤ ਹੁਣ ਸਾਮਰਾਜੀ ਪੂੰਜੀ ਲਈ ਪਹਿਲਾਂ ਜਿੰਨੀਂ ਲੁਭਾਉਣੀ ਥਾਂ ਨਹੀਂ ਰਿਹਾ। ਮੁਲਕ ਦੀ ਕੁੱਲ ਆਰਥਕਤਾ ਨੂੰ ਸਾਮਰਾਜੀ ਪੂੰਜੀ ਦੁਆਲੇ ਘੁਮਾਉਣ ਵਿੱਚ ਜੁਟੀ ਭਾਰਤੀ ਹਾਕਮ ਜਮਾਤ ਲਈ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ।। ਹਕੀਕਤ ਵਿੱਚ ਇਹ ਰੈਂਕਿੰਗ ਹੋਰ ਵੱਡੇ ਆਰਥਕ ਸੁਧਾਰ ਕਰਨ ਲਈ ਸਾਮਰਾਜੀਆਂ ਵੱਲੋਂ ਭਾਰਤੀ ਹਾਕਮਾਂ ਦੀ ਬਾਂਹ ਨੂੰ ਦਿੱਤਾ ਮਰੋੜਾ ਹੈ।। ਸਮੇਂ ਸਮੇਂ ਆਰਥਿਕ ਸੁਧਾਰਾਂ ਦੇ ਨਾਂ ਹੇਠ ਭਾਰਤੀ ਅਰਥਚਾਰੇ ਨੂੰ ਸਾਮਰਾਜੀ ਲੋੜਾਂ ਮੁਤਾਬਕ ਢਾਲਣ ਲਈ ਅਜੇਹੇ ਮਰੋੜੇ ਦਿੱਤੇ ਜਾਂਦੇ ਰਹੇ ਹਨ, ਜਿਹਨਾਂ ਦੀ ਅਸਰਕਾਰੀ ਜੱਗ ਜ਼ਾਹਿਰ ਹੈ।
  .... ਇਹ ਵਿਦੇਸ਼ੀ ਪੂੰਜੀ ਨਿਵੇਸ਼ ਨਿਰੋਲ ਸਾਮਰਾਜੀਆਂ ਲਈ ਲਾਹੇਵੰਦੀਆਂ ਹਾਲਤਾਂ ਤੇ ਟਿਕਿਆ ਨਿਵੇਸ਼ ਹੈ ਅਤੇ ਇਸ ਦਾ ਭਾਰਤੀ ਆਰਥਕਤਾ ਦੇ ਵਿਕਾਸ ਲਈ ਲੋੜੀਂਦੀਆਂ ਸਰਗਰਮੀਆਂ ਨਾਲ ਕੋਈ ਸਰੋਕਾਰ ਨਹੀਂ ਹੈ।। ਇਸ ਦੀ ਇੱਕ ਉਦਾਹਰਨ ਇਹ ਹੈ ਕਿ ਇਹਨੀਂ ਦਿਨੀਂ ਕਰੋਨਾ ਵਾਇਰਸ ਦੇ ਦੌਰ ਦੌਰਾਨ ਜਦੋਂ ਮੁਲਕ ਦੀ ਆਰਥਕ ਸਰਗਰਮੀ ਵੱਡੇ ਪੱਧਰ ਤੇ ਠੱਪ ਪਈ ਸੀ ਤੇ ਉਸ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਪੂੰਜੀ ਦੀ ਵੱਡੇ ਪੱਧਰ ਤੇ ਲੋੜ ਸੀ, ਉਸੇ   ਸਮੇਂ ਦੌਰਾਨ ਵਿਦੇਸ਼ੀ ਫਰਮਾਂ ਨੇ ਭਾਰਤ ਵਿੱਚੋਂ 1.3 ਲੱਖ ਕਰੋੜ ਦੇ ਲਗਭਗ ਪੂੰਜੀ ਵਾਪਸ ਖਿੱਚ ਲਈ ਹੈ ਅਤੇ ਅਜਿਹਾ ਅਨੇਕਾਂ ਮੌਕਿਆਂ ਤੇ ਵਾਪਰਦਾ ਆਇਆ ਹੈ। ਹੁਣ ਵੀ ਇਸ ਦਰਜਾ ਘਟਾਈ ਦਾ ਮੁਲਕ ਦੇ ਕਿਰਤੀ ਲੋਕਾਂ ਲਈ ਅਰਥ ਇਹ ਬਣਨਾ ਹੈ ਕਿ ਆਉਂਦੇ ਸਮੇਂ ਦੌਰਾਨ ਭਾਰਤੀ ਹਾਕਮਾਂ ਨੇ ਇਸ ਰੇਟਿੰਗ ਵਿੱਚ ਸੁਧਾਰ ਕਰਨ ਖਾਤਰ ਮੁਲਕ ਨੂੰ ਹੋਰ ਵਧੇਰੇ ਤੇਜ਼ੀ ਨਾਲ ਸਰਵਨਾਸ਼ ਦੀਆਂ ਲੀਹਾਂ ਤੇ ਧੱਕਣਾ ਹੈ, ਇੱਥੋਂ ਦੇ ਰਹਿੰਦੇ ਸੋਮਿਆਂ ਨੂੰ ਹੋਰ ਵਧੇਰੇ ਸਾਮਰਾਜੀ ਲੁੱਟ-ਚੂੰਢ ਅੱਗੇ ਸੁੱਟ ਦਿੱਤਾ ਜਾਣਾ ਹੈ, ਰਹਿੰਦੇ-ਖੂੰਹਦੇ ਕਾਨੂੰਨਾਂ ਦੀ ਸਫ ਵਲੇਟੀ ਜਾਣੀ ਹੈ ਤੇ ਲੋਕਾਂ ਦੀ ਕਿਰਤ ਸ਼ਕਤੀ ਦੀ ਲੁੱਟ ਹੋਰ ਤੇਜ਼ ਕੀਤੀ ਜਾਣੀ ਹੈ। ਭਾਰਤ ਦੇ ਕਿਰਤੀ ਲੋਕਾਂ ਦੇ ਨੁਕਤਾ-ਨਜ਼ਰ ਤੋਂ ਇਹ ਰੇਟਿੰਗਾਂ ਕੂੜੇ ਦੀ ਟੋਕਰੀ ਵਿੱਚ ਸੁੱਟ ਪਾਉਣ ਵਾਲੀਆਂ ਹਨ, ਕਿਉਂਕਿ ਭਾਰਤੀ ਆਰਥਕਤਾ ਨੂੰ ਲੀਹ ਤੇ ਲਿਆਉਣ ਲਈ ਸਾਮਰਾਜੀਆਂ ਦੀ ਨਜ਼ਰ ਵਿੱਚ ਪ੍ਰਵਾਨ ਚੜਨ, ਉਹਨਾਂ ਦੀ ਨਜ਼ਰ ਵਿੱਚ ਬਿਹਤਰ ਦਰਜਾਬੰਦੀ ਹਾਸਲ ਕਰਨ ਅਤੇ ਇਸ ਸਾਮਰਾਜੀ ਪੂੰਜੀ ਦੇ ਜੋਰ ਮੁਲਕ ਤੇ ਮੜੀ ਜਾਂਦੀ ਅਧੀਨਗੀ ਨੂੰ ਸਵੀਕਾਰ ਕਰਨ ਤੋਂ ਬਿਲਕੁਲ ਉਲਟ, ਇਹਨਾਂ ਸਾਮਰਾਜੀਆਂ ਦੀ ਪੂੰਜੀ ਜਬਤ ਕਰਨ ਅਤੇ ਉਹਨੂੰ ਕੌਮੀ ਕਲਿਆਣ ਲਈ ਵਰਤੇ ਜਾਣ ਦੀ ਅਤੇ ਹਰ ਪ੍ਰਕਾਰ ਦੀ ਸਾਮਰਾਜੀ ਅਧੀਨਗੀ ਤੋਂ ਮੁਕਤ ਖੁਦਮੁਖਤਿਆਰ ਅਰਥਚਾਰੇ ਦਾ ਵਿਕਾਸ ਕਰਨ ਦੀ ਲੋੜ ਹੈ।

No comments:

Post a Comment