Friday, July 3, 2020

ਖਾੜਕੂ ਨੌਜਵਾਨ ਰਿਆਜ਼ ਨਾਇਕੂ ਦੀ ਮੌਤ : ਦੱਬਿਆ ਲੋਕ ਰੋਹ ਮੁੜ ਫੁੱਟਿਆ


ਕਸ਼ਮੀਰ:

ਖਾੜਕੂ ਨੌਜਵਾਨ ਰਿਆਜ਼ ਨਾਇਕੂ ਦੀ ਮੌਤ :    ਦੱਬਿਆ ਲੋਕ ਰੋਹ ਮੁੜ ਫੁੱਟਿਆ

ਕਸ਼ਮੀਰ ਦਾ   ਧੁਖਦਾ ਰੋਹ ਇੱਕ ਵਾਰ ਫਿਰ ਮੱਚ ਉੱਠਿਆ ਹੈ।ਇਹਨਾਂ ਭਾਂਬੜਾਂ ਨੂੰ ਹਵਾ ਹਿਜ਼ਬੁਲ ਆਗੂ ਰਿਆਜ਼ ਨਾਇਕੂ ਦੇ ਭਾਰਤੀ ਸੁਰੱਖਿਆ ਬਲਾਂ ਵੱਲੋਂ ਕੀਤੇ ਕਤਲ ਨੇ ਦਿੱਤੀ ਹੈ । 5 ਅਗਸਤ ਤੋਂ ਬਾਅਦ ਵਾਦੀ ਵਿੱਚ ਵਰਤਾਈ ਸੁੰਨ ਅਤੇ ਕਰੋਨਾ ਵਾਇਰਸ ਦੀਆਂ  ਪਾਬੰਦੀਆਂ  ਲੋਕਾਂ ਨੂੰ ਵਹੀਰਾਂ ਘੱਤ ਕੇ ਉਸ ਜਗਾ ਜਾਣੋਂ ਰੋਕ ਨਹੀਂ ਸਕੀਆਂ  , ਜਿੱਥੇ ਭਾਰਤੀ ਸੁਰੱਖਿਆ ਦਸਤੇ ਘੇਰਾਬੰਦੀ ਕਰਕੇ ਰਿਆਜ਼ ਨਾਇਕੂ ਅਤੇ ਉਸਦੇ ਸਾਥੀ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ । ਕਈ ਘੰਟੇ ਚੱਲੇ ਇਸ ਅਣਸਾਵੇਂ ਮੁਕਾਬਲੇ ਦੌਰਾਨ ਜਦੋਂ ਸੈਂਕੜਿਆਂ  ਦੀ ਗਿਣਤੀ ਵਿੱਚ ਭਾਰਤੀ ਫੌਜ, ਸੀ ਆਰ ਪੀ, ਕਸ਼ਮੀਰੀ ਪੁਲਸ,ਬਖ਼ਤਰਬੰਦ ਗੱਡੀਆਂ , ਕਰੇਨਾਂ, ਧਰਤੀ ਪੁੱਟਣ ਵਾਲੀਆਂ  ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਸੀ, ਆਲੇ-ਦੁਆਲੇ ਦੇ ਸਭ ਰਾਹ ਪੂਰੀ ਤਰਾਂ ਬੰਦ ਕਰ ਦਿੱਤੇ ਗਏ ਸਨ, ਇੰਟਰਨੈੱਟ ਤੇ ਫੋਨ ਕੱਟ ਦਿੱਤੇ ਗਏ ਸਨ ਅਤੇ ਦੋਨਾਂ ਖਾੜਕੂਆਂ  ਦਾ ਮਰਨਾ ਲਗਭਗ ਤੈਅ ਸੀ ਤਾਂ ਜਿੱਥੇ ਵੀ ਇਸ ਚੱਲ ਰਹੇ ਮੁਕਾਬਲੇ ਦੀ ਖ਼ਬਰ ਪਹੁੰਚੀ, ਲੋਕ ਸਭ ਕੁੱਝ ਛੱਡ ਛਡਾ ਕੇ ਘਟਨਾ ਸਥਾਨ ਵੱਲ ਭੱਜ ਤੁਰੇ ਅਤੇ ਖਾੜਕੂ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ ਕਰਨ ਲੱਗੇ । ਸੁਰੱਖਿਆ ਬਲਾਂ ਵੱਲੋਂ ਵਾਰੀ ਵਾਰੀ ਖਦੇੜੇ ਜਾਣ ਦੇ ਬਾਵਜੂਦ ਉਹ ਪੱਥਰ ਵਰਾਉਂਦੇ ਰਹੇ। ਪਰ ਮੁਕਾਬਲਾ ਬੇਹੱਦ ਅਣਸਾਵਾਂ ਸੀ ਅਤੇ ਨਾਇਕੂ ਤੇ ਦੂਸਰਾ ਖਾੜਕੂ ਨੌਜਵਾਨ ਮਾਰੇ ਗਏ। 
ਇਹ ਖਾੜਕੂ ਨੌਜਵਾਨ ਕਸ਼ਮੀਰੀ ਲੋਕਾਂ ਚ ਹਰਮਨ ਪਿਆਰੇ ਹਨ, ਬਿਨਾਂ ਵਖਰੇਂਵੇਂ ਦੇ ਕਿ ਉਹ ਕਿਸ ਜਥੇਬੰਦੀ   ਨਾਲ ਸੰਬੰਧਿਤ ਹਨ । ਰਿਆਜ਼ ਨਾਇਕੂ ਬੁਰਹਾਨ ਵਾਨੀ ਤੋਂ ਬਾਅਦ ਹਿਜ਼ਬੁਲ ਮੁਜਾਹੁਦੀਨ ਦਾ ਕਮਾਂਡਰ ਸੀ ਜੋ ਕਿ ਇੱਕ ਗਣਿਤ ਅਧਿਆਪਕ ਵਜੋਂ ਆਪਣੇ ਕਿੱਤੇ ਨੂੰ ਤਿਆਗ ਕੇ ਇਸ ਰਾਹੇ ਤੁਰਿਆ ਸੀ ਜਿਸ ਰਾਹ ਉੱਪਰ ਦੇਰ ਸਵੇਰ ਮੌਤ ਅਟੱਲ ਸੀ। ਪਹੁੰਚ ਪਖੋਂ ਰਿਆਜ਼ ਨਾਇਕੂ ਵੱਲੋਂ ਕਸ਼ਮੀਰੀ ਪੰਡਿਤਾਂ ਦੇ ਵਾਦੀ ਅੰਦਰ ਪਰਤਣ ਦੇ ਹੱਕ ਵਿੱਚ ਬਿਆਨ ਦਿੱਤੇ ਜਾਂਦੇ ਰਹੇ ਸਨ ਅਤੇ ਬਹੁਤ ਮੌਕਿਆਂ  ਤੇ ਕਸ਼ਮੀਰੀਆਂ  ਨੂੰ ਇਸਲਾਮਿਕ ਤਾਕਤਾਂ ਹੱਥੋਂ ਵਰਤੇ ਜਾਣ ਤੋਂ ਚੌਕਸ ਵੀ ਕੀਤਾ ਗਿਆ ਸੀ।
5 ਅਗਸਤ ਨੂੰ ਕਸ਼ਮੀਰ ਅੰਦਰ ਧਾਰਾ 370 ਦਾ ਖਾਤਮਾ ਕਰਕੇ ਤੇ ਇਸਨੂੰ ਤੋੜ ਕੇ, ਅੰਨੀਂ ਫੌਜ ਝੋਕ ਕੇ ਅਤੇ ਮਹੀਨਿਆਂ  ਬੱਧੀ ਬੇਥਾਹ ਪਾਬੰਦੀਆਂ  ਮੜ ਕੇ, ਅੰਨੇਂਵਾਹ ਗਿ੍ਰਫਤਾਰੀਆਂ  ਕਰਕੇ ਭਾਰਤ ਦੀ ਮੋਦੀ ਹਕੂਮਤ ਕਸ਼ਮੀਰ ਦੀ ਕੌਮੀ ਲਹਿਰ ਦਾ ਗਲ ਘੁੱਟਣ ਦਾ ਭਰਮ ਪਾਲ ਰਹੀ ਸੀ । ਇਹਨਾਂ ਮਹੀਨਿਆਂ  ਦੌਰਾਨ ਕਸ਼ਮੀਰੀ ਲੋਕ ਸੜਕਾਂ ਤੇ   ਨਹੀਂ, ਸਗੋਂ ਘਰਾਂ ਅੰਦਰ ਰਹਿ ਕੇ ਤੇ ਸਿਵਲ ਕਰਫਿਊ ਲਾ ਕੇ ਵਿਰੋਧ ਕਰ ਰਹੇ ਸਨ । ਧਾਰਾ 370 ਦੇ ਖਾਤਮੇ ਨਾਲ ਉਹਨਾਂ ਦੇ ਸਵੈ-ਮਾਣ ਨੂੰ ਵੱਜੀ ਸੱਟ ਭਾਵੇਂ ਰੋਸ ਨੂੰ ਜ਼ਰਬਾਂ ਦੇ ਰਹੀ ਸੀ ਪਰ ਇਹ ਰੋਹ ਅੰਦਰੇ ਅੰਦਰ ਲਾਵੇ ਵਾਂਗ ਖੌਲ ਰਿਹਾ ਸੀ। ਪਿਛਲੇ ਮਹੀਨਿਆਂ  ਅੰਦਰ ਵਾਦੀ ਵਿੱਚ ਪੱਸਰੀ ਰਹੀ ਚੁੱਪ ਹੁਣ ਰਿਆਜ਼ ਨਾਇਕੂ ਦੀ ਮੌਤ ਨਾਲ ਇੱਕ ਵਾਰ ਤਾਂ ਭੰਗ ਹੋ ਗਈ ਹੈ। ਕਰੋਨਾ ਵਾਇਰਸ ਲੌਕ ਡਾਊਨ ਦੇ ਨਾਂ ਹੇਠ ਭਾਰਤੀ ਸੁਰੱਖਿਆ ਬਲਾਂ ਨੇ ਕਸ਼ਮੀਰ ਅੰਦਰ ਆਪਣੇ ਜਬਰ ਦੇ ਤਰੀਕੇ ਹੋਰ ਚੰਡੇ ਹਨ। ਪਿਛਲੇ ਦਿਨਾਂ ਦੌਰਾਨ ਫੌਜ ਹੱਥੋਂ ਮਾਰੇ ਗਏ ਖਾੜਕੂਆਂ  ਅਤੇ ਆਮ ਨਾਗਰਿਕਾਂ ਦੀਆਂ  ਲਾਸ਼ਾਂ ਉਹਨਾਂ ਦੇ ਪਰਿਵਾਰਾਂ ਨੂੰ ਦੇਣੋਂ ਇਨਕਾਰ ਕੀਤਾ ਗਿਆ ਹੈ ਅਤੇ ਉਹਨਾਂ ਦੇ ਜੱਦੀ ਪਿੰਡਾਂ ਤੋਂ ਦੂਰ ਦਫਨਾਉਣ ਦਾ ਤੋਰਾ ਤੋਰਿਆ ਗਿਆ ਹੈ । ਪਿਛਲੇ ਦਿਨੀਂ ਸੁਰੱਖਿਅਾ ਬਲਾਂ ਹੱਥੋਂ ਮਾਰੇ ਗਏ 13 ਸਾਲਾਂ ਬੱਚੇ ਨੂੰ ਵੀ ਪਰਿਵਾਰ ਨੂੰ ਨਹੀਂ ਸੌਂਪਿਆ ਗਿਆ। ਹੁਣ ਰਿਆਜ਼ ਨਾਇਕੂ, ਉਸਦੇ ਸਾਥੀ ਆਦਿਲ ਤੇ ਉਸੇ ਦਿਨ ਇੱਕ ਹੋਰ ਮੁਕਾਬਲੇ ਵਿੱਚ ਮਾਰ ਮੁਕਾਏ ਗਏ ਦੋ ਹੋਰ ਖਾੜਕੂ ਨੌਜਵਾਨਾਂ ਨੂੰ ਉਹਨਾਂ ਦੇ ਜੱਦੀ ਪਿੰਡਾਂ ਤੋਂ ਦੂਰ ਗੰਦਰਬਲ ਵਿਖੇ ਦਫ਼ਨਾਇਆ ਗਿਆ ਤਾਂ ਜੋ ਉਹਨਾਂ ਦੇ ਜਨਾਜੇ ਦੌਰਾਨ ਲੋਕਾਂ ਦਾ ਵਿਰੋਧ ਪ੍ਰਦਰਸ਼ਨ ਰੋਕਿਆ ਜਾ ਸਕੇ । ਪਰ ਮੁਕਾਬਲੇ ਤੋਂ ਬਾਅਦ ਥਾਂ-ਥਾਂ ਲੋਕ ਸੜਕਾਂ ਤੇ   ਨਿੱਤਰ ਆਏ । ਥਾਂ-ਥਾਂ ਲੋਕ ਹੱਥੀਂ ਪੱਥਰ ਲੈ ਕੇ ਸੁਰੱਖਿਆ ਬਲਾਂ ਨਾਲ ਭਿੜੇ । ਪੁਲਵਾਮਾ ਜਿਲੇ ਅੰਦਰ ਉਸਦੇ ਪਿੰਡ ਬੇਗਪੋਰਾ ਵਿੱਚ ਲੋਕਾਂ ਦੇ ਮੁਜਾਹਰੇ ਤੇ   ਪੁਲਸ ਨੇ ਗੋਲੀਆਂ  ਚਲਾਈਆਂ  ਤੇ ਪੈਲਟ ਗੰਨਾਂ ਤੇ ਅੱਥਰੂ ਗੈਸ ਦੇ ਗੋਲੇ ਦਾਗੇ । ਪਰਿਵਾਰ ਨਾਲ ਇੱਕਮੁੱਠਤਾ ਦਾ ਇਜ਼ਹਾਰ ਕਰਨ ਤੋਂ ਰੋਕਣ ਲਈ ਸੁਰੱਖਿਆ ਬਲਾਂ ਨੇ ਉਸ ਦੇ ਪਿੰਡ ਨੂੰ ਪੂਰੀ ਤਰਾਂ ਸੀਲ ਕਰ ਦਿੱਤਾ ਅਤੇ ਪਿੰਡ ਵੱਲ ਜਾਂਦੇ ਸਾਰੇ ਰਸਤਿਆਂ  ਉੱਤੇ ਕੰਡਿਆਲੀਆਂ  ਤਾਰਾਂ ਤੇ ਬੈਰੀਕੇਡ ਲਾ ਦਿੱਤੇ। ਇੱਥੋਂ ਤੱਕ ਕਿ ਆਲੇ ਦੁਆਲੇ ਦੇ ਝੋਨੇ ਦੇ ਖੇਤਾਂ ਅਤੇ ਰੇਲਵੇ ਲਾਈਨਾਂ ਉੱਤੇ ਵੀ ਭਾਰੀ ਗਿਣਤੀ ਵਿੱਚ ਫੋਰਸ ਲਾਈ ਗਈ ਕਿਉਂਕਿ ਲੋਕ ਉੱਥੇ ਪਹੁੰਚਣ ਦੀਆਂ  ਬਹੁਤ ਜ਼ੋਰਦਾਰ ਕੋਸ਼ਿਸ਼ਾਂ ਕਰ ਰਹੇ ਸਨ।
ਜਰਮਨ ਬਰਾਡਕਾਸਟ ਸਰਵਿਸ   ਡੀ. ਡਬਲਿਯੂ. ਨਿਊਜ਼ ਵੱਲੋਂ ਜਾਰੀ ਕਲਿਪ ਅੰਦਰ ਮਰਦ ਔਰਤਾਂ ਦਾ ਵੱਡਾ ਇਕੱਠ ਘਟਨਾ ਸਥਾਨ ਤੇ   ਵਿਰੋਧ ਜਤਾ ਰਿਹਾ ਹੈ । ਇਸ ਚੈਨਲ ਦੀ ਕਲਿਪ ਦਿਖਾ ਰਹੀ ਹੈ ਕਿ ਪੁਲਸ ਅਤੇ ਲੋਕਾਂ ਵਿੱਚ ਹਿੰਸਕ ਝੜੱਪਾਂ ਹੋਈਆਂ  ਹਨ । ਇਹਨਾਂ ਘਟਨਾਵਾਂ ਵਿੱਚ ਉਥਮੁਲਾ ਪਿੰਡ ਦਾ ਵਸਨੀਕ 32 ਸਾਲ ਦਾ ਜਹਾਂਗੀਰ ਯੂਸਫ਼ ਵਾਨੀ ਮਾਰਿਆ ਗਿਆ ਹੈ । ਉਸਦੀ ਹਿੱਕ ਵਿੱਚ ਸਿੱਧੀ ਗੋਲ਼ੀ ਮਾਰੀ ਗਈ ਹੈ । 19 ਹੋਰ ਵਿਅਕਤੀ ਜਖ਼ਮੀ ਹੋਏ ਹਨ ਅਤੇ ਸਥਾਨਕ ਹਸਪਤਾਲ ਦੇ ਸੂਤਰਾਂ ਮੁਤਾਬਿਕ ਘੱਟੋ-ਘੱਟ ਚਾਰ ਜਣਿਆਂ  ਦੇ ਗੋਲੀਆਂ  ਦੇ ਜਖ਼ਮ ਹਨ । ਬਾਕੀ ਪੈਲਟ ਛਰਿਆਂ  ਦਾ ਸ਼ਿਕਾਰ ਬਣੇ ਹਨ ।
ਸਿਵਲੀਅਨਾਂ ਨੂੰ ਗੋਲੀ ਰਾਹੀਂ ਫੁੰਡਣਾ ਇਰਾਦਾ ਕਤਲ ਦਾ ਮਾਮਲਾ ਬਣਦਾ ਹੈ । ਪਰ ਕਸ਼ਮੀਰ ਅੰਦਰ ਅਜਿਹੇ ਅਣਗਿਣਤ ਮਾਮਲਿਆਂ  ਦੇ ਬਾਵਜੂਦ ਇਹ ਕਦੇ ਭਾਰਤੀ ਸਿਆਸਤ ਅੰਦਰ ਮੁੱਦਾ ਨਹੀਂ ਰਿਹਾ । ਪਿਛਲੇ ਸਮੇਂ ਅੰਦਰ ਅਜਿਹੇ ਮੁਕਾਬਲਿਆਂ  ਦੌਰਾਨ ਥਾਂ-ਥਾਂ ਸਿਵਲੀਅਨ ਮਾਰੇ ਜਾਂਦੇ ਰਹੇ ਹਨ , ਪਰ ਕਦੇ ਕਿਸੇ ਅਧਿਕਾਰੀ ਦੀ ਜਵਾਬਦੇਹੀ ਤਹਿ ਨਹੀਂ ਹੋਈ । ਮਿਲੀਟੈਂਟਾਂ ਨਾਲ ਮੁਕਾਬਲੇ ਦੌਰਾਨ ਵੀ ਉਹਨਾਂ ਨੂੰ ਮਾਰ ਮੁਕਾਉਣਾ ਹੀ ਸੁਰੱਖਿਆ ਬਲਾਂ ਦਾ ਇੱਕੋ ਇੱਕ ਨਿਸ਼ਾਨਾ ਹੁੰਦਾ ਹੈ ਜਦੋਂ ਕਿ ਅਣਸਾਵੇਂ ਮੁਕਾਬਲੇ ਤੇ ਘੇਰਾਬੰਦੀ ਦੌਰਾਨ ਉਹਨਾਂ ਨੂੰ ਗਿ੍ਰਫਤਾਰ ਕਰਨਾ ਕੋਈ ਔਖਾ ਕੰਮ ਨਹੀਂ । ਰਿਆਜ਼ ਨਾਇਕੂ ਦੇ ਮਾਮਲੇ ਵਿੱਚ ਵੀ ਉਹਨਾਂ ਨੂੰ ਗਿ੍ਰਫਤਾਰ ਕਰਨ ਦੀ ਕੋਸ਼ਿਸ਼ ਕਰਨ ਦੀ ਥਾਵੇਂ ਮਾਰ ਮੁਕਾਉਣ ਲਈ ਟਿੱਲ ਲਾਇਆ ਗਿਆ ਹੈ ।
ਰਿਆਜ਼ ਨਾਇਕੂ ਦੀ ਮੌਤ ਨੇ ਕਸ਼ਮੀਰੀਆਂ  ਦੀ ਆਤਮਾ ਮੁੜ ਤੋਂ ਵਲੂੰਧਰ ਦਿੱਤੀ ਹੈ । ਪਿਛਲੇ ਦਹਾਕਿਆਂ  ਦੌਰਾਨ ਕਸ਼ਮੀਰੀ ਨੌਜਵਾਨਾਂ ਦੇ ਪੂਰਾਂ ਦੇ ਪੂਰ ਕਸ਼ਮੀਰੀ ਸੰਕਟ ਦੀ ਭੇਂਟ ਚੜ ਰਹੇ ਹਨ । ਸਵੈਮਾਣ ਭਰਪੂਰ ਤੇ ਜਲਾਲਤ ਮੁਕਤ ਜ਼ਿੰਦਗੀ ਦੀ ਤਾਂਘ ਉਹਨਾਂ ਦੇ ਹੱਥਾਂ ਚ ਹਥਿਆਰ ਦਿੰਦੀ ਆਈ ਹੈ । ਇਹਨਾਂ ਮੁਕਾਬਲਿਆਂ  ਰਾਹੀਂ ਨੌਜਵਾਨਾਂ ਨੂੰ ਮੌਤ ਦੇ ਰਾਹੇ ਤੋਰ ਕੇ ਅਤੇ ਕਸ਼ਮੀਰ ਦੀ ਰੂਹ ਹੋਰ ਪੱਛ ਕੇ ਭਾਰਤੀ ਰਿਆਸਤ ਕਸ਼ਮੀਰ ਅੰਦਰ ਜੇਤੂ ਰਹਿਣ ਦਾ ਭਰਮ ਪਾਲਦੀ ਆ ਰਹੀ ਹੈ ਪਰ ਦਹਾਕਿਆਂ  ਦੀ ਹਕੀਕਤ ਕੁਝ ਹੋਰ ਹੈ।

No comments:

Post a Comment